ਜੀ ਆਇਆਂ ਨੂੰ

ਜੱਟਸਾਈਟ ਦੇ ਬਲੋਗ ਤੇ ਤੁਹਾਡਾ ਸੁਆਗਤ ਹੈ।

ਇਸ ਬਲੋਗ ਤੇ ਆਮ ਜੀਵਨ ਨਾਲ ਸੰਬੰਧਿਤ ਲੇਖ ਇਧਰੋਂ-ਉਧਰੋਂ ਕਾਪੀ ਕਰ ਕੇ ਲਾਏ ਜਾਣਗੇ। ਬਲੋਗ ਦਾ ਮਕਸਦ ਗਿਆਨ, ਜਾਣਕਾਰੀ ਅਤੇ ਵਿਚਾਰਾਂ ਦੀ ਸਾਂਝ ਹੈ।

ਇਹ ਬਲੋਗ ੩੦ ਜਨਵਰੀ ੨੦੧੧ ਨੂੰ ਸ਼ੁਰੂ ਕੀਤਾ ਗਿਆ।

Showing posts with label ਬੱਚੇ ਬਚਪਨ. Show all posts
Showing posts with label ਬੱਚੇ ਬਚਪਨ. Show all posts

Monday, April 9, 2012

ਹੋ ਜਾਓ ਸਾਵਧਾਨ! ਵਧ ਰਿਹਾ ਹੈ ਬੱਚਿਆਂ ਦਾ ਯੌਨ ਸ਼ੋਸ਼ਣ - ਊਸ਼ਾ ਜੈਨ ਸ਼ੀਰੀ

ਅੱਜਕਲ੍ਹ ਸਭ ਮਾਂ-ਬਾਪ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਰਹਿਣ ਲੱਗੇ ਹਨ। ਸੁਰੱਖਿਆ ਦੀ ਦ੍ਰਿਸ਼ਟੀ ਤੋਂ ਉਨ੍ਹਾਂ ਨੂੰ 24 ਘੰਟੇ ਆਪਣੀ ਨਜ਼ਰ ਦੇ ਸਾਹਮਣੇ ਤਾਂ ਨਹੀਂ ਰੱਖਿਆ ਜਾ ਸਕਦਾ। ਉਹ ਬਾਹਰ ਖੇਡਣ ਵੀ ਜਾਣਗੇ, ਪੜ੍ਹਨ ਵੇਲੇ ਸਕੂਲ ਵੀ ਜਾਣਗੇ। ਇਹ ਅੱਜ ਦੇ ਯੁੱਗ ਦੀ ਤ੍ਰਾਸਦੀ ਹੈ ਕਿ ਸੁਰੱਖਿਆ ਨੂੰ ਲੈ ਕੇ ਸਾਨੂੰ ਬੱਚਿਆਂ ਦੇ ਮਨ ਵਿਚ ਬਚਪਨ ਤੋਂ ਹੀ ਨਫਰਤ ਦੇ ਬੀਜ ਬੀਜਣੇ ਪੈਂਦੇ ਹਨ। ਬੱਚੇ ਨੂੰ ਵਿਸ਼ਵਾਸ ਵਿਚ ਲੈ ਕੇ ਪਿਆਰ ਨਾਲ ਸੱਚੀ ਘਟਨਾ ਦੀ ਉਦਾਹਰਨ ਦੇ ਕੇ ਜੇਕਰ ਪਰਾਏ ਲੋਕਾਂ ਤੋਂ ਸਾਵਧਾਨੀ ਵਰਤਣ ਲਈ ਕਿਹਾ ਜਾਵੇ ਤਾਂ ਇਸ ਦਾ ਪ੍ਰਭਾਵ ਸਾਕਾਰਾਤਮਿਕ ਹੋਵੇਗਾ।

ਬੱਚੇ ਬਹੁਤ ਨਟਖਟ ਅਤੇ ਚੰਚਲ ਹੁੰਦੇ ਹਨ। ਉਹ ਹਰ ਕਿਸੇ ਨਾਲ ਮਿੰਟਾਂ ਵਿਚ ਹੀ ਦੋਸਤੀ ਕਰ ਲੈਂਦੇ ਹਨ ਅਤੇ ਘਰ ਦੀ ਰਿਪੋਰਟ ਦੇਣ ਲਗਦੇ ਹਨ। ਮਾਂ-ਬਾਪ ਦੇ ਸਮਝਾਉਣ ਦੇ ਬਾਵਜੂਦ ਕਿ ਅਨਜਾਣ ਵਿਅਕਤੀ ਕਦੇ-ਕਦੇ ਬਹੁਤ ਖਤਰਨਾਕ ਹੁੰਦੇ ਹਨ, ਉਹ ਬੱਚਿਆਂ ਨੂੰ ਬਹਿਲਾ-ਫੁਸਲਾ ਕੇ ਲੈ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਨਾਲ ਗ਼ਲਤ ਕੰਮ ਕਰਕੇ ਉਨ੍ਹਾਂ ਨੂੰ ਮਾਰ ਕੇ ਸੁੱਟ ਦਿੰਦੇ ਹਨ, ਇਸ ਲਈ ਨਾ ਪਰਾਏ ਲੋਕਾਂ ਦੇ ਨੇੜੇ ਜਾਣਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਘਰ ਵਾਲਿਆਂ ਸਬੰਧੀ ਕੁਝ ਦੱਸਣਾ ਚਾਹੀਦਾ ਹੈ। ਉਨ੍ਹਾਂ ਤੋਂ ਕੋਈ ਵੀ ਚੀਜ਼ ਨਹੀਂ ਲੈਣੀ ਚਾਹੀਦੀ। ਖਾਣੇ ਵਿਚ ਕੁਝ ਵੀ ਮਿਲਾ ਸਕਦੇ ਹਨ, ਕੁਝ ਸੁੰਘਾ ਕੇ ਬੇਹੋਸ਼ ਕਰ ਸਕਦੇ ਹਨ। ਉਨ੍ਹਾਂ ਦੇ ਨਾਲ ਕਦੇ ਵੀ ਘੁੰਮਣ ਵੀ ਨਹੀਂ ਜਾਣਾ ਚਾਹੀਦਾ। ਜਿਥੇ ਉਹ ਲਿਜਾਣਗੇ, ਉਥੇ ਬਚਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ।

ਸਮਾਜ ਵਿਚ ਘਟੀਆ ਲੋਕਾਂ ਦੀ ਕਮੀ ਨਹੀਂ। ਬਸ ਫਰਕ ਉਨ੍ਹਾਂ ਦੇ ਅਪਰਾਧ ਦੇ ਛੋਟੇ-ਵੱਡੇ ਹੋਣ ਦਾ ਹੈ। ਬੱਚਿਆਂ ਦਾ ਯੌਨ ਸ਼ੋਸ਼ਣ ਕਰਨਾ ਇਕ ਮਾਨਸਿਕ ਬਿਮਾਰੀ ਹੈ, ਜਿਸ ਨੂੰ ਪੀਡੋਫੀਲੀਆ ਕਹਿੰਦੇ ਹਨ। ਅਜਿਹੇ ਲੋਕਾਂ ਨੂੰ ਜਿਊਂਦਾ ਰਹਿਣ ਦਾ ਕੋਈ ਹੱਕ ਨਹੀਂ। ਕੋਈ ਸਜ਼ਾ ਉਨ੍ਹਾਂ ਲਈ ਕਾਫੀ ਨਹੀਂ ਹੈ।

ਸਮਾਜ ਵਿਚ ਫੈਲੇ ਇਸ ਭਿਆਨਕ ਮਾਨਸਿਕ ਰੋਗ ਨੂੰ ਜੜ੍ਹ ਤੋਂ ਖਤਮ ਕਰ ਸਕਣਾ ਆਸਾਨ ਨਹੀਂ ਹੈ। ਇਸ ਲਈ ਬੱਚਿਆਂ ਨੂੰ ਸੁਰੱਖਿਆ ਦੀ ਸਿੱਖਿਆ ਦੇਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਕਿਸ ਨਾਲ ਗੱਲਬਾਤ ਕੀਤੀ ਜਾਵੇ ਅਤੇ ਕਿਸ ਨਾਲ ਨਹੀਂ ਭਾਵ ਉਨ੍ਹਾਂ ਨੂੰ ਗ਼ਲਤ-ਸਹੀ ਦਾ ਫਰਕ ਸਮਝਾਉਣਾ ਚਾਹੀਦਾ ਹੈ। ਬਚਾਓ ਲਈ ਗਾਰਡ, ਪੁਲਿਸ, ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਭੀੜ ਅਤੇ ਕਿਸੇ ਆਪਣੇ ਤੱਕ ਪਹੁੰਚ ਲਈ ਜ਼ਰੂਰੀ ਫੋਨ ਨੰਬਰ, ਸੰਪਰਕ ਆਦਿ ਦੱਸਣੇ ਚਾਹੀਦੇ ਹਨ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 05.04.2012

ਵੀਡੀਓ: ਪੁਲਿਸ ਵਾਲੇ ਦੇ ਬੇਟੇ ਨੇ ਕੀਤਾ ਪੁਲਸ ਵਾਲੇ ਦੇ ਬੇਟੇ ਦਾ ਸਰੀਰਕ ਸ਼ੋਸ਼ਣ

Sunday, February 19, 2012

ਬੱਚਿਆਂ ਨੂੰ ਘਰ ਵਿਚ ਹਾਦਸਿਆਂ ਤੋਂ ਕਿਵੇਂ ਬਚਾਇਆ ਜਾਵੇ? - ਸੁਖਮੰਦਰ ਸਿੰਘ ਤੂਰ

ਛੋਟੇ ਬੱਚੇ ਆਪਣੇ ਤਜਰਬੇ ਦੇ ਨਾਲ ਹੀ ਆਪਣੇ ਆਲੇ-ਦੁਆਲੇ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਕੁਦਰਤੀ ਤੌਰ 'ਤੇ ਜੋਸ਼ੀਲੇ, ਤਾਕਤਵਰ ਅਤੇ ਖੋਜੀ ਸੁਭਾਅ ਦੇ ਹੁੰਦੇ ਹਨ। ਉਨ੍ਹਾਂ ਵਿਚ ਹਰ ਇਕ ਚੀਜ਼ ਨੂੰ ਹੱਥ ਲਗਾਉਣ ਦੀ, ਉਸ ਨੂੰ ਸੁੰਘ ਕੇ ਦੇਖਣ ਦੀ ਅਤੇ ਉਸ ਨੂੰ ਮੂੰਹ ਵਿਚ ਪਾ ਕੇ ਉਸ ਦਾ ਸੁਆਦ ਜਾਨਣ ਦੀ ਤੀਬਰ ਇੱਛਾ ਹੁੰਦੀ ਹੈ। ਬੱਚੇ ਦੀ ਇਹ ਇੱਛਾ ਉਸ ਨੂੰ ਘਰ ਦੇ ਅੰਦਰ ਅਤੇ ਬਾਹਰ ਫਰੋਲਾ-ਫਰਾਲੀ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਫਰੋਲਾ-ਫਰਾਲੀ ਦੇ ਦੌਰਾਨ ਹੀ ਬੱਚੇ ਕਈ ਛੋਟੇ-ਵੱਡੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਬੱਚਿਆਂ ਵਿਚ ਏਨੀ ਸਮਝ ਨਹੀਂ ਹੁੰਦੀ ਕਿ ਉਹ ਜਾਣ ਸਕਣ ਕਿ ਘਰ ਵਿਚ ਉਨ੍ਹਾਂ ਵਾਸਤੇ ਕਿਹੜੀ ਚੀਜ਼ ਖਤਰਨਾਕ ਹੈ ਅਤੇ ਕਿਹੜੀ ਜਗ੍ਹਾ ਸੁਰੱਖਿਅਤ ਹੈ। ਇਸ ਕਰਕੇ ਮਾਂ-ਪਿਓ ਦਾ ਹੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਦੀ ਸੁਰੱਖਿਆ ਵੱਲ ਧਿਆਨ ਦੇਣ, ਨਹੀਂ ਤਾਂ ਕਈ ਵਾਰੀ ਮਾੜੀ ਜਿਹੀ ਲਾਪ੍ਰਵਾਹੀ ਵੀ ਬੱਚੇ ਦੀ ਜਾਨ ਲਈ ਖਤਰਾ ਬਣ ਸਕਦੀ ਹੈ। ਬੱਚਿਆਂ ਨੂੰ ਇਨ੍ਹਾਂ ਹਾਦਸਿਆਂ ਤੋਂ ਬਚਾਉਣ ਲਈ ਮਾਪਿਆਂ ਨੂੰ ਹੇਠ ਦਿੱਤੇ ਉਪਾਅ ਕਰਨੇ ਚਾਹੀਦੇ ਹਨ -

• ਬੱਚੇ ਨੂੰ ਪੌੜੀਆਂ, ਬਾਲਕੋਨੀ ਆਦਿ ਵਿਚ ਇਕੱਲੇ ਨਾ ਛੱਡੋ, ਖਾਸ ਕਰਕੇ ਜੇ ਬਨੇਰਾ ਨਾ ਹੋਵੇ, ਰੇਲਿੰਗ ਨੀਵੀਂ ਹੋਵੇ ਜਾਂ ਪਾਈਪਾਂ ਦੇ ਵਿਚਕਾਰ ਦੂਰੀ ਜ਼ਿਆਦਾ ਹੋਵੇ।

• ਬੱਚੇ ਨੂੰ ਕਦੇ ਵੀ ਉੱਚੀ ਮੰਜੀ, ਕੁਰਸੀ, ਸੋਫੇ ਆਦਿ 'ਤੇ ਬਿਠਾ ਕੇ ਆਪ ਕੰਮ 'ਚ ਨਾ ਲੱਗ ਜਾਓ। ਉਸ ਨੂੰ ਇਕੱਲਾ ਛੱਡਣਾ ਹੈ ਤਾਂ ਥੱਲੇ ਫਰਸ਼ 'ਤੇ ਬਿਠਾ ਦਿਓ।

• ਬਲੇਡ, ਚਾਕੂ, ਕਿੱਲ, ਸੂਈ ਅਤੇ ਹੋਰ ਨੋਕ ਵਾਲੀਆਂ ਵਸਤਾਂ ਜ਼ਮੀਨ 'ਤੇ ਨਾ ਸੁੱਟੋ। ਇਨ੍ਹਾਂ ਨੂੰ ਦਰਾਜ ਆਦਿ ਵਿਚ ਹਿਫਾਜ਼ਤ ਨਾਲ ਰੱਖੋ। ਬੱਚਾ ਇਨ੍ਹਾਂ ਨੂੰ ਸਹਿਜ-ਭਾਅ ਚੁੱਕ ਕੇ ਖੇਡਣਾ ਜਾਂ ਮੂੰਹ ਵਿਚ ਪਾ ਸਕਦਾ ਹੈ।

• ਘਰ ਵਿਚ ਵਿਹੜੇ ਦਾ ਫਰਸ਼ ਬਹੁਤ ਤਿਲਕਵਾਂ ਹੋਵੇ ਤਾਂ ਬੱਚੇ ਨੂੰ ਫਿਸਲਣ ਵਾਲੇ ਬੂਟ ਜਾਂ ਚੱਪਲਾਂ ਆਦਿ ਪਾ ਕੇ ਉਥੇ ਭੱਜ-ਦੌੜ ਵਾਲੀ ਖੇਡ ਨਾ ਖੇਡਣ ਦਿਓ। ਫਰਸ਼ 'ਤੇ ਸਬਜ਼ੀ, ਵਾਸ਼ਿੰਗ ਪਾਊਡਰ, ਤੇਲ ਆਦਿ ਡੁੱਲ੍ਹ ਜਾਵੇ ਤਾਂ ਉਸੇ ਵੇਲੇ ਸਾਫ ਕਰ ਦਿਓ। ਭੱਜਦੇ ਹੋਏ ਬੱਚੇ ਤਿਲਕ ਕੇ ਡਿਗ ਸਕਦੇ ਹਨ।

• ਗੁਸਲਖਾਨੇ ਆਦਿ ਵਿਚ ਕੱਚ ਦਾ ਗਿਲਾਸ, ਬੋਤਲ ਜਾਂ ਕੱਚ ਦਾ ਕੋਈ ਹੋਰ ਸਮਾਨ ਨਾ ਰੱਖੋ। ਬੱਚਾ ਨਹਾਉਂਦਿਆਂ ਹੋਇਆਂ ਫੜ ਕੇ ਇਨ੍ਹਾਂ ਨੂੰ ਹੇਠਾਂ ਸੁੱਟ ਸਕਦਾ ਹੈ, ਜਿਹੜਾ ਦੁਰਘਟਨਾ ਨੂੰ ਸਿੱਧਾ ਸੱਦਾ ਹੈ।

• ਧਿਆਨ ਰੱਖੋ ਕਿ ਕਿਤੇ ਬੱਚਾ ਘਰ ਵਿਚ ਪਏ ਹੋਏ ਟਰੰਕ, ਕੱਪ ਬੋਰਡ, ਅਲਮਾਰੀ ਆਦਿ ਖੋਲ੍ਹ ਕੇ ਉਸ ਦੇ ਅੰਦਰ ਬੰਦ ਹੀ ਨਾ ਹੋ ਜਾਵੇ ਤੇ ਕਿਸੇ ਨੂੰ ਪਤਾ ਹੀ ਨਾ ਚੱਲੇ। ਇਸ ਤਰ੍ਹਾਂ ਬੱਚਾ ਜਾਨ ਤੋਂ ਹੱਥ ਧੋ ਸਕਦਾ ਹੈ।

• ਘਰ ਵਿਚ ਦਾਤਰੀ, ਰੰਬਾ, ਚਾਕੂ ਆਦਿ ਬੱਚੇ ਦੀ ਪਹੁੰਚ ਤੋਂ ਹਮੇਸ਼ਾ ਦੂਰ ਰੱਖਣੇ ਚਾਹੀਦੇ ਹਨ। ਇਨ੍ਹਾਂ ਚੀਜ਼ਾਂ ਦੇ ਲੱਗਣ ਨਾਲ ਬੱਚੇ ਦੇ ਸਰੀਰ ਦਾ ਕੋਈ ਵੀ ਅੰਗ ਕੱਟਿਆ-ਵੱਢਿਆ ਜਾ ਸਕਦਾ ਹੈ ਅਤੇ ਖੂਨ ਵੀ ਨਿਕਲ ਸਕਦਾ ਹੈ।

• ਘਰ ਵਿਚ ਲਮਕਦੀਆਂ ਬਿਜਲੀ ਦੀਆਂ ਤਾਰਾਂ ਠੀਕ ਕਰਵਾ ਲਓ। ਇਸ ਨਾਲ ਹਾਦਸਾ ਵਾਪਰ ਸਕਦਾ ਹੈ। ਬੱਚੇ ਨੂੰ ਸਵਿੱਚ, ਸਾਕਟ, ਪਲੱਗ ਆਦਿ ਨੂੰ ਕਦੇ ਵੀ ਛੂਹਣ ਨਾ ਦਿਓ।

• ਘਰ ਵਿਚ ਸਫਾਈ ਕਰਦੇ ਹੋਏ ਉੱਚਾ ਸਟੂਲ, ਪੌੜੀ ਆਦਿ ਵਰਤਦਿਆਂ ਹੀ ਇਨ੍ਹਾਂ ਨੂੰ ਹਟਾ ਦਿਓ, ਕਿਉਂਕਿ ਵੱਡਿਆਂ ਦੀ ਦੇਖਾ-ਦੇਖੀ ਬੱਚਾ ਵੀ ਇਨ੍ਹਾਂ 'ਤੇ ਚੜ੍ਹਨ ਦੀ ਕੋਸ਼ਿਸ਼ ਵਿਚ ਡਿੱਗ ਸਕਦਾ ਹੈ।

• ਜੇਕਰ ਕੋਈ ਜ਼ਰੂਰੀ ਕੰਮ ਪੈ ਜਾਵੇ, ਜਿਵੇਂ ਕਿ ਕੋਈ ਆ ਜਾਵੇ ਜਾਂ ਕੋਈ ਫੋਨ ਆ ਜਾਵੇ ਜਾਂ ਛੋਟੇ ਬੱਚੇ ਨੂੰ ਨਹਾਉਂਦੇ ਹੋਏ ਤੁਸੀਂ ਕੱਪੜੇ ਵਗੈਰਾ ਲੈਣ ਲਈ ਕਮਰੇ 'ਚ ਜਾਣਾ ਹੋਵੇ ਤਾਂ ਵੀ ਬੱਚੇ ਨੂੰ ਟੱਬ ਆਦਿ ਵਿਚ ਨਹਾਉਂਦਿਆਂ ਛੱਡ ਕੇ ਨਾ ਜਾਓ। ਚੰਗਾ ਇਹ ਹੋਵੇਗਾ ਕਿ ਬੱਚੇ ਨੂੰ ਪਾਣੀ ਵਿਚੋਂ ਬਾਹਰ ਕੱਢ ਦਿੱਤਾ ਜਾਵੇ। ਤੁਹਾਡੀ ਥੋੜ੍ਹੀ ਜਿੰਨੀ ਅਣਗਹਿਲੀ ਵੱਡਾ ਨੁਕਸਾਨ ਕਰ ਸਕਦੀ ਹੈ।

• ਛੋਟੇ ਬੱਚੇ ਅਕਸਰ ਘਰ ਵਿਚ ਖਾਲੀ ਲਿਫਾਫੇ ਸਿਰ 'ਤੇ ਟੋਪੀ ਵਾਂਗ ਪਾ ਲੈਂਦੇ ਹਨ, ਜੋ ਠੀਕ ਨਹੀਂ ਹੈ। ਪੋਲੀਥੀਨ ਦੀ ਥੈਲੀ ਸਿਰ ਅਤੇ ਮੂੰਹ 'ਤੇ ਪਾਉਣ ਨਾਲ ਸਾਹ ਘੁੱਟ ਸਕਦਾ ਹੈ। ਇਸ ਕਰਕੇ ਅਜਿਹੇ ਲਿਫਾਫੇ ਜਾਂ ਤਾਂ ਬਾਹਰ ਸੁੱਟ ਦਿਓ ਜਾਂ ਫਿਰ ਲੁਕਾ ਕੇ ਰੱਖੋ।

• ਘਰ ਵਿਚ ਰੱਖੇ ਜਾਨਵਰਾਂ ਕੁੱਤੇ, ਬਿੱਲੀ ਆਦਿ ਵਿਚ ਬੱਚੇ ਨੂੰ ਇਕੱਲੇ ਨਾ ਛੱਡੋ। ਤੁਹਾਡੀ ਗ਼ੈਰ-ਹਾਜ਼ਰੀ ਵਿਚ ਇਹ ਬੱਚੇ ਨੂੰ ਵੱਢ ਸਕਦੇ ਹਨ।
ਬੱਚੇ ਨੂੰ ਘਰ ਵਿਚ ਹੋਣ ਵਾਲੇ ਹਾਦਸਿਆਂ ਬਾਰੇ ਤੇ ਉਨ੍ਹਾਂ ਦੇ ਬਚਾਅ ਬਾਰੇ ਜ਼ਰੂਰ ਦੱਸੋ।
ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 10.02.2012

Wednesday, January 11, 2012

ਬੱਚਿਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਬਣਾਓ ਯਾਦਗਾਰੀ

ਬੱਚਿਆਂ ਨੂੰ ਵਿਹਲੇਪਣ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਮੁਸੀਬਤਾਂ ਤੋਂ ਦੂਰ ਰੱਖਣ ਲਈ ਇਥੇ ਕੁਝ ਨੁਕਤੇ ਪੇਸ਼ ਹਨ-

• ਰੰਗਦਾਰ ਪੈਨਸਿਲਾਂ, ਮਾਰਕਰ, ਮੋਮੀ ਕਾਗਜ਼ਾਂ ਦਾ ਉਨ੍ਹਾਂ ਕੋਲ ਭੰਡਾਰ ਹੋਵੇ। ਇਸ ਦੇ ਨਾਲ ਹੀ ਕਾਫੀ ਮਾਤਰਾ ਵਿਚ ਉਨ੍ਹਾਂ ਕੋਲ ਚਿੱਤਰ ਬਣਾਉਣ ਵਾਲਾ ਕਾਗਜ਼ ਹੋਣਾ ਚਾਹੀਦਾ ਹੈ। ਰੰਗਦਾਰ ਇਸ਼ਤਿਹਾਰ 'ਤੇ ਲਪੇਟਣ ਵਾਲੇ ਕਾਗਜ਼ ਨੂੰ ਦੁਬਾਰਾ ਵਰਤਣਾ ਨਾ ਸਿਰਫ ਕੀਮਤ ਪੱਖੋਂ ਕਾਰਗਰ ਸਿੱਧ ਹੁੰਦਾ ਹੈ, ਸਗੋਂ ਵਾਤਾਵਰਨ ਲਈ ਵੀ ਠੀਕ ਹੁੰਦਾ ਹੈ।

• ਬੱਚੇ ਰਸੋਈ ਦੇ ਕੰਮਾਂ ਵਿਚ ਹੱਥ ਵਟਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਕੇਕ ਆਦਿ ਬਣਾਉਣ ਦਾ ਉਨ੍ਹਾਂ ਨੂੰ ਕੰਮ ਦਿਓ ਅਤੇ ਉਨ੍ਹਾਂ ਦੀ ਮਦਦ ਕਰੋ। ਅਜਿਹੀਆਂ ਚੀਜ਼ਾਂ ਉਨ੍ਹਾਂ ਨੂੰ ਆਪਣੇ-ਆਪ ਸਜਾਉਣ ਦਿਓ। ਪਰ ਇਹ ਧਿਆਨ ਰੱਖੋ ਕਿ ਅਜਿਹਾ ਕੰਮ ਕਰਦਿਆਂ ਕੋਈ ਦੁਰਘਟਨਾ ਨਾ ਵਾਪਰ ਜਾਵੇ ਜਾਂ ਉਹ ਕਿਸੇ ਛਿਲਕੇ ਤੋਂ ਨਾ ਤਿਲਕ ਜਾਣ।

• ਇਕ 'ਗਤੀਵਿਧੀ ਸਟੇਸ਼ਨ' ਬਣਾਓ, ਜਿਥੇ ਬੋਰਡ ਖੇਡਾਂ, ਰੰਗਦਾਰ ਕਿਤਾਬਾਂ, ਖਿਡੌਣੇ, ਕਿਤਾਬਾਂ ਆਦਿ ਹੋਣ ਅਤੇ ਜਿਥੇ ਬੱਚੇ ਜਦੋਂ ਚਾਹੁਣ ਜਾ ਕੇ ਇਨ੍ਹਾਂ ਨੂੰ ਇਸਤੇਮਾਲ ਕਰ ਸਕਣ।

• ਬੱਚਿਆਂ 'ਤੇ ਨਿਗਰਾਨੀ ਰੱਖਣ ਲਈ ਹੋਰ ਮਾਪਿਆਂ ਨਾਲ ਮਿਲ ਕੇ ਵਾਰੀ ਨਿਸ਼ਚਿਤ ਕਰੋ ਅਤੇ ਆਪਣੇ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਆਸਾਨ ਬਣਾਓ। ਅਜਿਹਾ ਕਰਨ ਨਾਲ ਤੁਸੀਂ ਸੌਂਪੇ ਗਏ ਕੰਮਾਂ ਨੂੰ ਅੰਜ਼ਾਮ ਦੇ ਸਕਦੇ ਹੋ।

• ਤੁਸੀਂ ਅਜਿਹਾ ਸਿਹਤਮੰਦ ਭੋਜਨ ਤਿਆਰ ਕਰਕੇ ਰੱਖੋ ਕਿ ਜਦੋਂ ਬੱਚਿਆਂ ਨੂੰ ਭੁੱਖ ਲੱਗੇ ਤਾਂ ਉਹ ਬਣਿਆ ਹੋਇਆ ਭੋਜਨ ਖਾ ਸਕਣ।

• ਤੁਸੀਂ ਬੱਚਿਆਂ ਦੀਆਂ ਗਤੀਵਿਧੀਆਂ ਨੂੰ ਆਪਣੀ ਨਜ਼ਰ ਦੀ ਪਹੁੰਚ ਵਿਚ ਰੱਖਣਾ ਚਾਹੁੰਦੇ ਹੋ ਤਾਂ ਨਵੀਆਂ ਤੇ ਵਧੀਆ ਫ਼ਿਲਮਾਂ ਕਿਰਾਏ 'ਤੇ ਲਿਆਓ ਅਤੇ ਬੱਚਿਆਂ ਦੀ ਪਸੰਦ ਅਨੁਸਾਰ ਗਰਮ-ਗਰਮ ਭੋਜਨ ਪੇਸ਼ ਕਰਕੇ ਬੱਚਿਆਂ ਨੂੰ ਕੁਝ ਘੰਟਿਆਂ ਲਈ ਆਪਣੀ ਪਹੁੰਚ ਵਿਚ ਰੱਖੋ।

• ਸਥਾਨਕ ਪੱਧਰ 'ਤੇ ਹੋਣ ਵਾਲੇ ਪ੍ਰੋਗਰਾਮਾਂ ਤੇ ਗਤੀਵਿਧੀਆਂ ਦੀ ਜਾਣਕਾਰੀ ਰੱਖੋ। ਅਕਸਰ ਹੀ ਲਾਇਬ੍ਰੇਰੀਆਂ, ਵੱਖ-ਵੱਖ ਕੇਂਦਰ ਤੇ ਅਜਾਇਬ ਘਰ ਮਹੀਨਾਵਾਰ ਤੇ ਮੌਸਮ ਅਨੁਸਾਰ ਖਾਸ ਪ੍ਰੋਗਰਾਮ ਆਯੋਜਿਤ ਕਰਦੇ ਰਹਿੰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਆਪਣੇ ਬੱਚਿਆਂ ਨੂੰ ਵੀ ਹਿੱਸਾ ਦਿਵਾਓ।

• ਜੇ ਮੌਸਮ ਖੁਸ਼ਗਵਾਰ ਹੋਵੇ ਤਾਂ ਬੱਚਿਆਂ ਨੂੰ 20 ਜਾਂ 30 ਮਿੰਟਾਂ ਲਈ ਬਾਹਰ ਲੈ ਜਾਓ। ਉਨ੍ਹਾਂ ਨੂੰ ਬਾਸਕਟਬਾਲ ਵਰਗੀਆਂ ਖੇਡਾਂ ਖੇਡਣ ਲਈ ਕਹੋ ਜਾਂ ਇਨਡੋਰ ਅਤੇ ਆਊਟਡੋਰ ਦੋਵੇਂ ਤਰ੍ਹਾਂ ਖੇਡੀਆਂ ਜਾ ਸਕਦੀਆਂ ਹਨ। ਬੱਚੇ ਸਰਦੀਆਂ ਦੇ ਕੈਂਪ ਵਿਚ ਵੀ ਭਾਗ ਲੈ ਸਕਦੇ ਹਨ, ਜਿਥੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਤੇ ਸਿਖਾਈਆਂ ਜਾਂਦੀਆਂ ਹਨ।

• ਮਾਪੇ ਨਵੇਂ ਸਾਲ ਤੇ ਕ੍ਰਿਸਮਿਸ ਦੇ ਤਿਉਹਾਰਾਂ ਲਈ ਤੋਹਫ਼ਿਆਂ ਨੂੰ ਬਣਾਉਣ ਵਿਚ ਬੱਚਿਆਂ ਦੀ ਮਦਦ ਵੀ ਕਰ ਸਕਦੇ ਹਨ। ਬਾਜ਼ਾਰੋਂ ਮਹਿੰਗੇ ਤੋਹਫ਼ੇ ਖਰੀਦਣ ਨਾਲੋਂ ਬੱਚਿਆਂ ਨੂੰ ਘਰ ਤੋਹਫ਼ੇ ਬਣਾਉਣ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਘਰ ਵਿਚ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਤੋਹਫ਼ੇ ਬਣਾਏ ਜਾ ਸਕਦੇ ਹਨ।

• ਛੁੱਟੀਆਂ ਦਾ ਸਹੀ ਅਰਥ ਲੱਭਣ ਵਿਚ ਬੱਚਿਆਂ ਦੀ ਮਦਦ ਕਰੋ। ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਹਨ, ਉਨ੍ਹਾਂ ਨੂੰ ਗਤੀਵਿਧੀਆਂ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਉਦਾਹਰਨ ਦੇ ਤੌਰ 'ਤੇ ਚੈਰੀਟੇਬਲ ਸੰਸਥਾ ਦਾ ਦੌਰਾ ਉਨ੍ਹਾਂ ਨੂੰ ਕਈ ਗੱਲਾਂ ਸਿਖਾ ਸਕਦਾ ਹੈ।

ਛੁੱਟੀਆਂ ਦੌਰਾਨ ਬੱਚਿਆਂ ਨੂੰ ਰੁੱਝਿਆ ਰੱਖਣਾ ਆਸਾਨ ਨਹੀਂ ਹੁੰਦਾ ਪਰ ਕੁਝ ਕਲਾਤਮਿਕਤਾ ਤੇ ਧੀਰਜ ਨਾਲ ਤੁਸੀਂ ਅਜਿਹਾ ਕਰ ਸਕਦੇ ਹੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 22.11.2011

ਬੱਚਿਆਂ ਨੂੰ ਅੱਜਕਲ੍ਹ ਦੇ ਹਾਲਾਤ ਅਨੁਸਾਰ ਬਣਾਓ ਤੇਜ਼ - ਸੰਜੈ ਸੁਖੀਜਾ 'ਬਾਗੀ'

ਅਜੋਕੇ ਮਹਿੰਗਾਈ ਦੇ ਯੁੱਗ ਵਿਚ ਪਤੀ-ਪਤਨੀ ਦੋਵਾਂ ਦਾ ਕੰਮ ਕਰਨਾ ਕੋਈ ਹੈਰਾਨੀ ਵਾਲੀ ਜਾਂ ਨਵੀਂ ਗੱਲ ਨਹੀਂ ਰਹੀ ਹੈ। ਪਰਿਵਾਰ ਦੇ ਵਧੀਆ ਪਾਲਣ-ਪੋਸ਼ਣ ਅਤੇ ਚੰਗੀ ਸਿੱਖਿਆ ਲਈ ਪਤੀ-ਪਤਨੀ ਦੋਵਾਂ ਦਾ ਕੰਮ ਕਰਨਾ ਲਗਭਗ ਜ਼ਰੂਰੀ ਹੋ ਗਿਆ ਹੈ। ਇਸ ਲਈ ਇਹ ਗੱਲ ਬੇਹੱਦ ਜ਼ਰੂਰੀ ਬਣ ਜਾਂਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿਚ ਨਾ ਹੋਣ ਦੀ ਸਥਿਤੀ ਵਿਚ ਮਹਿਮਾਨਾਂ ਤੇ ਗੁਆਂਢੀਆਂ ਨਾਲ ਢੁਕਵਾਂ ਵਿਹਾਰ, ਸੜਕ ਦੇ ਨਿਯਮਾਂ ਦੀ ਜਾਣਕਾਰੀ ਅਤੇ ਅਣਜਾਣ ਲੋਕਾਂ ਨਾਲ ਕਿਵੇਂ ਵਿਹਾਰ ਕੀਤਾ ਜਾਵੇ, ਦੀ ਸੰਪੂਰਨ ਜਾਣਕਾਰੀ ਦਿਓ।

ਤੁਹਾਡੇ ਘਰ ਵਿਚ ਨਾ ਹੋਣ ਦੀ ਸਥਿਤੀ ਵਿਚ ਆਪਣੇ ਬੱਚਿਆਂ ਨੂੰ ਸਿਖਾਓ ਕਿ ਮਹਿਮਾਨਾਂ ਅਤੇ ਗੁਆਂਢੀਆਂ ਦੇ ਘਰ ਆਉਣ 'ਤੇ ਉਨ੍ਹਾਂ ਨਾਲ ਕਿਵੇਂ ਵਿਹਾਰ ਕਰਨਾ ਹੈ ਅਤੇ ਕਿਸੇ ਅਣਜਾਣ ਵਿਅਕਤੀ ਦੇ ਘਰ ਵਿਚ ਘੁਸ ਜਾਣ 'ਤੇ ਕੀ ਕਦਮ ਉਠਾਉਣੇ ਹਨ। ਇਸ ਲਈ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ-

• ਬੱਚਿਆਂ ਨੂੰ ਦੱਸੋ ਕਿ ਉਹ ਕਿਸੇ ਮਹਿਮਾਨ ਜਾਂ ਗੁਆਂਢੀ ਦੇ ਘਰ ਆਉਣ 'ਤੇ ਉਨ੍ਹਾਂ ਨੂੰ 'ਸਤਿ ਸ੍ਰੀ ਅਕਾਲ' ਜ਼ਰੂਰ ਕਰਨ, ਤਾਂ ਜੋ ਬੱਚੇ ਉਨ੍ਹਾਂ ਨੂੰ ਪੂਰਨ ਰੂਪ ਵਿਚ ਸੱਭਿਅਕ ਲੱਗਣ।

• ਮਹਿਮਾਨ ਗੁਆਂਢੀ ਜੇਕਰ ਤੁਹਾਡੇ ਘਰ ਵਿਚ ਬੈਠ ਜਾਣ ਤਾਂ ਉਹ ਉਨ੍ਹਾਂ ਨੂੰ ਤੁਹਾਡੇ ਆਉਣ ਦਾ ਇੰਤਜ਼ਾਰ ਕਰਨ ਲਈ ਕਹਿਣ, ਜੇਕਰ ਉਹ ਇੰਤਜ਼ਾਰ ਕਰਨਾ ਚਾਹੁਣ।

• ਜੇਕਰ ਉਹ ਇੰਤਜ਼ਾਰ ਕਰਦੇ ਹਨ ਤਾਂ ਤੁਹਾਡੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਪਾਣੀ ਪਿਲਾਉਣ, ਉਨ੍ਹਾਂ ਕੋਲ ਬੈਠਣ ਅਤੇ ਉਨ੍ਹਾਂ ਦੇ ਹਰੇਕ ਸਵਾਲ ਦਾ ਜਵਾਬ ਦੇਣ।

• ਕਿਸੇ ਅਜਨਬੀ ਦੇ ਘਰ ਵਿਚ ਘੁਸ ਜਾਣ 'ਤੇ ਉਸ ਨੂੰ ਢੁੱਕਵਾਂ ਜਵਾਬ ਦੇਣ ਤੋਂ ਬਾਅਦ ਦੁਬਾਰਾ ਆਉਣ ਲਈ ਕਹੋ। ਕੁਝ ਅਸ਼ੁੱਭ ਮਹਿਸੂਸ ਹੋਣ 'ਤੇ ਨੇੜਲੇ ਗੁਆਂਢੀ ਨੂੰ ਸੂਚਿਤ ਕਰੋ।

• ਹਮੇਸ਼ਾ ਸੜਕ ਦੇ ਖੱਬੇ ਪਾਸੇ ਫੁਟਪਾਥ 'ਤੇ ਹੀ ਚੱਲਣ ਲਈ ਕਹੋ।

• ਕਿਸੇ ਵਾਹਨ ਨੂੰ ਤੇਜ਼ੀ ਨਾਲ ਦੌੜ ਕੇ ਉਹ ਪਾਰ ਨਾ ਕਰਨ।

• ਸੜਕ 'ਤੇ ਭੀੜ ਦੇਖ ਕੇ ਦੂਰ ਹਟ ਜਾਣ, ਨਾ ਕਿ ਭੀੜ ਦਾ ਹਿੱਸਾ ਬਣ ਜਾਣ।

• ਸੜਕ ਪਾਰ ਕਰਦੇ ਸਮੇਂ ਸੱਜੇ, ਖੱਬੇ ਤੇ ਸਾਹਮਣੇ, ਪਿੱਛੇ ਦੇਖ ਕੇ ਹੀ ਸੜਕ ਪਾਰ ਕਰਨ।

• ਕਿਸੇ ਵਾਹਨ ਨਾਲ ਦੌੜਨ ਅਤੇ ਫੜਨ ਦੀ ਕੋਸ਼ਿਸ਼ ਨਾ ਕਰਨ।

• ਬੱਚਿਆਂ ਨੂੰ ਕਦੇ ਸੜਕ 'ਤੇ ਨਾ ਖੇਡਣ ਦਿਓ।

• ਅੱਜਕਲ੍ਹ ਅਗਵਾ ਵਰਗੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਾਨੂੰ ਖੁਦ ਵਿਚ ਜਲਦ ਢੁੱਕਵਾਂ ਫੈਸਲਾ ਕਰਨ ਦੀ ਸਮਰੱਥਾ ਵਿਕਸਿਤ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਜਦੋਂ ਅਣਜਾਣ ਵਿਅਕਤੀ ਤੁਹਾਡੇ ਵੱਲ ਜ਼ਿਆਦਾ ਆਕਰਸ਼ਤ ਹੋਣ ਲੱਗੇ ਤਾਂ ਉਸ ਸਮੇਂ ਕੀ ਕਰਨਾ ਹੈ ਤਾਂ ਕਿ ਇਕ ਵੱਡੀ ਦੁਰਘਟਨਾ ਨੂੰ ਟਾਲਿਆ ਜਾ ਸਕੇ।

• ਕਿਸੇ ਅਣਜਾਣ ਵਿਅਕਤੀ ਤੋਂ ਕੋਈ ਚੀਜ਼ ਨਾ ਲੈਣ ਦੀ ਜਾਣਕਾਰੀ ਦਿਓ।

• ਅਜਿਹੀ ਸਥਿਤੀ 'ਚ ਤੁਰੰਤ ਸਕੂਲ ਦੇ ਅਧਿਆਪਕ ਨੂੰ ਸੂਚਿਤ ਕਰਨ ਲਈ ਕਹੋ।

• ਤੁਸੀਂ ਆਪਣੇ ਬੱਚਿਆਂ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਦਿਵਾਓ।

ਜੇਕਰ ਤੁਸੀਂ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰੋਗੇ ਤਾਂ ਤੁਸੀਂ ਸਫਲ ਮਾਤਾ-ਪਿਤਾ ਅਤੇ ਤੁਹਾਡੀ ਸੰਤਾਨ ਵੀ ਸਫਲ ਸੰਤਾਨ ਮੰਨੀ ਜਾਵੇਗੀ। ਤੁਸੀਂ ਤੇ ਤੁਹਾਡੇ ਬੱਚੇ ਤੁਹਾਡੇ ਜਾਨਣ ਵਾਲਿਆਂ ਵਿਚ ਮਿਸਾਲ ਦੇ ਰੂਪ ਵਿਚ ਜਾਣੇ ਜਾਣਗੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 08.12.2011

ਇਸ ਤੋਂ ਪਹਿਲਾਂ ਕਿ ਬੱਚਿਆਂ ਨੂੰ ਠੰਢ ਲੱਗ ਜਾਵੇ!

ਸਰਦੀਆਂ ਦੇ ਮਹੀਨੇ ਮੌਸਮ ਵਿਚ ਤਬਦੀਲੀ ਲਿਆਉਂਦੇ ਹਨ ਅਤੇ ਇਸ ਤਬਦੀਲੀ ਦੇ ਨਾਲ ਹੋਰ ਵਾਇਰਲ ਇਨਫੈਕਸ਼ਨਾਂ ਸਮੇਤ ਜ਼ੁਕਾਮ, ਫਲੂ ਤੇ ਹੋਰ ਰੋਗਾਂ ਵਿਚ ਵਾਧਾ ਹੁੰਦਾ ਹੈ।

• ਹਮੇਸ਼ਾ ਆਪਣੇ ਹੱਥ ਧੋਵੋ, ਇਸ ਦੇ ਨਾਲ ਹੀ ਆਪਣੇ ਛੋਟੇ ਬੱਚਿਆਂ ਦੇ ਹੱਥ ਅਤੇ ਆਪਣੇ ਛੋਟੇ ਬੱਚਿਆਂ ਦੁਆਲੇ ਰਹਿਣ ਵਾਲੇ ਹੋਰ ਬੱਚਿਆਂ ਦੇ ਹੱਥ ਸਾਫ ਰੱਖੋ। ਇਨਫੈਕਸ਼ਨ ਤੇ ਰੋਗਾਂ ਤੋਂ ਬਚਾਅ ਦਾ ਸਭ ਤੋਂ ਉੱਤਮ ਤਰੀਕਾ ਹੱਥ ਸਾਫ ਰੱਖਣਾ ਹੈ।

• ਜਦੋਂ ਹੋਰ ਬੱਚੇ ਤੇ ਬਾਲਗ ਬਿਮਾਰ ਹੋਣ ਤਾਂ ਆਪਣੇ ਬੱਚੇ ਦੇ ਚਿਹਰੇ ਨੂੰ ਉਨ੍ਹਾਂ ਤੋਂ ਦੂਰ ਰੱਖੋ। ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਚਿਹਰਿਆਂ ਦਾ ਆਪਸੀ ਸੰਪਰਕ ਫਲੂ ਤੇ ਹੋਰ ਇਨਫੈਕਸ਼ਨਾਂ ਨੂੰ ਵਧਾਉਂਦਾ ਹੈ। ਇਸ ਲਈ ਬਿਹਤਰ ਇਹੀ ਹੋਵੇਗਾ ਕਿ ਆਪਣੇ ਚਿਹਰੇ ਨੂੰ ਬਿਮਾਰ ਹੋਣ ਦੀ ਹਾਲਤ ਵਿਚ ਛੋਟੇ ਬੱਚੇ ਤੋਂ ਦੂਰ ਰੱਖੋ।

• ਆਪਣੇ ਬੱਚੇ ਨੂੰ ਸਿਹਤਮੰਦ ਭੋਜਨ ਜਿਵੇਂ ਫਲ ਤੇ ਸਬਜ਼ੀਆਂ ਹੀ ਖਵਾਓ।

• ਜਦੋਂ ਠੰਢ ਦੌਰਾਨ ਬਾਹਰ ਜਾਣਾ ਹੋਵੇ ਤਾਂ ਇਕ ਆਮ ਨਿਯਮ ਮੁਤਾਬਿਕ ਬੱਚਿਆਂ ਨੂੰ ਤਹਿਆਂ ਵਿਚ ਕੱਪੜੇ ਪਵਾਓ ਅਤੇ ਉਨ੍ਹਾਂ ਦੇ ਸਿਰ ਨੂੰ ਗਰਮ ਟੋਪੀ ਨਾਲ ਜ਼ਰੂਰ ਢਕੋ।

• ਗਰਮ ਜੈਕਟ ਨਾਲੋਂ ਤਹਿਆਂ ਵਿਚ ਪਾਏ ਹੋਏ ਕੱਪੜੇ ਠੰਢ ਤੋਂ ਜ਼ਿਆਦਾ ਬਚਾਅ ਕਰਦੇ ਹਨ।

ਸਰਦੀਆਂ ਵਿਚ ਬੱਚਿਆਂ ਦੀ ਦੇਖਭਾਲ

• ਆਪਣੇ ਛੋਟੇ ਬੱਚੇ ਨੂੰ ਰੋਜ਼ਾਨਾ ਨਾ ਨਹਾਓ, ਕਿਉਂਕਿ ਹਵਾ ਵਿਚ ਘੱਟ ਨਮੀ ਹੁੰਦੀ ਹੈ ਅਤੇ ਰੋਜ਼ਾਨਾ ਨਹਾਉਣ ਨਾਲ ਚਮੜੀ ਸੁੱਕੀ ਤੇ ਖੁਰਦੁਰੀ ਹੋ ਸਕਦੀ ਹੈ। ਜੇ ਤੁਸੀਂ ਰੋਜ਼ ਨਹਾਉਣਾ ਹੀ ਹੈ ਤਾਂ ਸਿਰਫ ਦੋ ਜਾਂ ਤਿੰਨ ਮਿੰਟ ਲਈ ਹੀ ਬੱਚੇ ਨੂੰ ਨਹਾਓ।

• ਨਹਾਉਣ ਤੋਂ ਇਕਦਮ ਬਾਅਦ ਬੱਚੇ ਦੇ ਸਰੀਰ 'ਤੇ ਗਰੀਸਯੁਕਤ ਲੋਸ਼ਨ ਜ਼ਰੂਰ ਲਾਓ ਅਤੇ ਉਸ ਸਮੇਂ ਕਮਰੇ ਦਾ ਤਾਪਮਾਨ ਬਿਲਕੁਲ ਠੀਕ ਰੱਖੋ।

• ਆਪਣੇ ਛੋਟੇ ਬੱਚੇ ਨੂੰ ਉੱਨ ਦੇ ਜ਼ਿਆਦਾ ਕੱਪੜੇ ਨਾ ਪਹਿਨਾਓ, ਕਿਉਂਕਿ ਉਸ ਨੂੰ ਅੰਦਰੂਨੀ ਤੌਰ 'ਤੇ ਪਸੀਨਾ ਆਉਣਾ ਹੁੰਦਾ ਹੈ ਤੇ ਉੱਨੀ ਕੱਪੜੇ ਸਰੀਰ ਦੀ ਚਮੜੀ ਦੇ ਰੋਮ ਬੰਦ ਕਰ ਦਿੰਦੇ ਹਨ, ਜਿਸ ਨਾਲ ਉਹ ਜਗ੍ਹਾ ਲਾਲ ਹੋ ਜਾਂਦੀ ਹੈ ਅਤੇ ਖਾਰਸ਼ ਸ਼ੁਰੂ ਹੋ ਜਾਂਦੀ ਹੈ। ਉਸ ਨੂੰ ਸਿਰਫ ਨਰਮ ਫਰ ਦੇ ਕੱਪੜਿਆਂ ਵਿਚ ਲਪੇਟੋ।

• ਸਰਦੀਆਂ ਦੇ ਮੌਸਮ ਵਿਚ ਬੱਚਿਆਂ ਨੂੰ ਦਸਤਾਨੇ ਤੇ ਟੋਪੀਆਂ ਜ਼ਰੂਰ ਪਹਿਨਾਓ। ਇਹ ਸਿਰਫ ਹੱਥਾਂ ਤੇ ਚਿਹਰੇ ਦੀ ਕੋਮਲ ਚਮੜੀ ਨੂੰ ਠੰਢ ਦੇ ਪ੍ਰਭਾਵਾਂ ਤੋਂ ਬਚਾਉਂਦੇ ਹਨ।

• ਆਪਣੇ ਬੱਚੇ ਦੇ ਡਾਈਪਰ ਵਿਚ ਪਾਊਡਰ ਦੀ ਜਗ੍ਹਾ ਕ੍ਰੀਮ ਦੀ ਵਰਤੋਂ ਕਰੋ। ਕ੍ਰੀਮ ਖਾਰਸ਼, ਨਮੀ ਤੇ ਅਸੁਵਿਧਾ ਤੋਂ ਰਾਹਤ ਦਿਵਾਉਂਦੀ ਹੈ।

• ਛੋਟੇ ਬੱਚੇ ਦੇ ਨੱਕ ਵਿਚ ਥੋੜ੍ਹੀ ਜਿਹੀ ਪੈਟਰੋਲੀਅਮ ਜੈਲੀ ਜ਼ਰੂਰ ਲਾਓ, ਕਿਉਂਕਿ ਠੰਢ ਵਿਚ ਰੁੱਖਾਪਣ ਸਾਹ ਰਾਹੀਂ ਅੰਦਰ ਵੜਦਾ ਹੈ, ਜਿਸ ਕਾਰਨ ਕਈ ਵਾਰ ਖੂਨ ਨਿਕਲ ਸਕਦਾ ਹੈ। ਇਹ ਧਿਆਨ ਰੱਖੋ ਕਿ ਤੁਹਾਡਾ ਬੱਚਾ ਆਪਣਾ ਨੱਕ ਰਗੜੇ ਨਾ।

• ਬੱਚੇ ਦੀ ਚਮੜੀ ਨੂੰ ਹਾਈਡ੍ਰੇਟ ਰੱਖਣ ਲਈ ਇਹ ਯਕੀਨੀ ਬਣਾਓ ਕਿ ਉਹ ਰੋਜ਼ਾਨਾ ਸਹੀ ਮਾਤਰਾ ਵਿਚ ਕੋਸਾ ਪਾਣੀ ਪੀਵੇ।

ਤਹਿਆਂ ਵਿਚ ਕੱਪੜੇ ਪਾਓ

• ਕੱਪੜਿਆਂ ਦੀ ਪਹਿਲੀ ਤਹਿ ਦੇ ਤੌਰ 'ਤੇ ਡਾਈਪਰ ਤੇ ਸੂਤੀ ਕੱਪੜੇ ਦੀ ਇਕ ਬਨੈਣ ਪਾਉਣੀ ਬਹੁਤ ਮਹੱਤਵਪੂਰਨ ਹੈ ਅਤੇ ਉਸ ਨੂੰ ਸੁੱਕਾ ਰੱਖਣਾ ਵੀ ਬਹੁਤ ਜ਼ਰੂਰੀ ਹੈ।

• ਛੋਟੇ ਬੱਚਿਆਂ ਲਈ ਉਨ੍ਹਾਂ ਨੂੰ ਅਜਿਹੀ ਸੂਤੀ ਜਰਸੀ ਪਹਿਨਾਓ, ਜਿਸ ਨਾਲ ਪੈਰ ਵੀ ਗਰਮ ਰੱਖੇ ਜਾ ਸਕਣ ਅਤੇ ਜੋ ਡਾਈਪਰ ਬਦਲਣ ਲਈ ਵੀ ਢੁਕਵੀਂ ਹੋਵੇ।

• ਬਹੁਤ ਛੋਟੇ ਬੱਚਿਆਂ ਨੂੰ ਅਜਿਹਾ ਗਾਊਨ ਪਹਿਨਾਓ, ਜੋ ਲੰਬਾ ਹੋਵੇ ਤੇ ਜਿਸ ਨਾਲ ਪੈਰ ਵੀ ਗਰਮ ਰਹਿਣ ਅਤੇ ਡਾਈਪਰ ਬਦਲਣ ਲਈ ਵੀ ਢੁਕਵਾਂ ਹੋਵੇ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਸ ਨੂੰ ਅਜਿਹੇ ਗਰਮ ਕੱਪੜੇ ਪਹਿਨਾਓ, ਜੋ ਉਸ ਲਈ ਵੀ ਸਹਿਜ ਹੋਣ ਤੇ ਜਿਨ੍ਹਾਂ ਨੂੰ ਲਾਹਿਆ ਵੀ ਆਸਾਨੀ ਨਾਲ ਜਾ ਸਕਦਾ ਹੋਵੇ।

• ਜੇ ਤੁਸੀਂ ਬੱਚੇ ਨੂੰ ਸਰਦੀਆਂ ਦੇ ਮੌਸਮ ਵਿਚ ਬਾਹਰ ਲਿਜਾਣਾ ਹੈ ਤਾਂ ਉਸ ਲਈ ਇਕ ਟੋਪੀ, ਸਵੈਟਰ ਤੇ ਕੰਬਲ ਬਹੁਤ ਲੋੜੀਂਦਾ ਹੈ। ਛੋਟੇ ਬੱਚਿਆਂ ਨੂੰ ਨਰਮ ਕੰਬਲ ਵਿਚ ਜ਼ਰੂਰ ਲਪੇਟੋ। ਬੱਚੇ ਦੇ ਚਿਹਰੇ ਨੂੰ ਠੰਢੀਆਂ ਹਵਾਵਾਂ ਤੋਂ ਬਚਾਉਣਾ ਨਾ ਭੁੱਲੋ। ਇਹ ਧਿਆਨ ਰੱਖੋ ਕਿ ਜਿਹੜੇ ਕੰਬਲ ਵਿਚ ਬੱਚੇ ਨੂੰ ਲਪੇਟਿਆ ਜਾਵੇ, ਉਹ ਬਿਲਕੁਲ ਸਾਫ ਹੋਵੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 24.11.2011

ਪੜ੍ਹਾਈ ਤੋਂ ਇਲਾਵਾ ਪਾਓ ਬੱਚਿਆਂ ਨੂੰ ਪੜ੍ਹਨ ਦਾ ਸ਼ੌਕ - ਬਲਜਿੰਦਰ ਮਾਨ

ਜਿਵੇਂ-ਜਿਵੇਂ ਬੱਚਾ ਹੋਸ਼ ਸੰਭਾਲਦਾ ਹੈ, ਤਿਵੇਂ ਹੀ ਉਹ ਆਪਣੇ ਆਲੇ-ਦੁਆਲੇ ਨੂੰ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ। ਉਹ ਬੋਲਣ ਦੇ ਕਾਬਲ ਨਾ ਹੋਣ ਕਰਕੇ ਜੋ ਪੜ੍ਹਦਾ ਹੈ, ਉਸ ਬਾਰੇ ਦੱਸ ਨਹੀਂ ਸਕਦਾ ਪਰ ਜਦੋਂ ਉਹ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਹੈ ਤਾਂ ਉਹ ਆਪਣੇ ਅਨੁਭਵਾਂ ਨੂੰ ਰੋ ਕੇ, ਹੱਸ ਕੇ ਜਾਂ ਰੁੱਸ ਕੇ ਜ਼ਾਹਿਰ ਕਰਦਾ ਹੈ। ਜਦੋਂ ਬੱਚਾ ਇਹ ਕਾਰਵਾਈ ਸ਼ੁਰੂ ਕਰਦਾ ਹੈ ਤਾਂ ਪੜ੍ਹਾਈ ਦਾ ਪਹਿਲਾ ਪਾਠ ਆਰੰਭਿਆ ਜਾਂਦਾ ਹੈ। ਹੁਣ ਗੱਲ ਚਲਦੀ ਹੈ ਬੋਲਣ ਵਾਲੇ ਬੱਚਿਆਂ ਦੀ, ਜੋ ਆਪਣੇ ਮਾਪਿਆਂ ਅਤੇ ਆਪਣੇ ਸੰਗੀ-ਸਾਥੀਆਂ ਨਾਲ ਤੋਤਲੀ ਆਵਾਜ਼ ਵਿਚ ਗੱਲ ਕਰਦਾ ਹੈ। ਉਨ੍ਹਾਂ ਵਿਚ ਹੋਰ ਜਾਣਨ ਦੀ ਇੱਛਾ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ, ਜੋ ਹਰ ਸਮੇਂ ਲਗਾਈ ਰੱਖਦੇ ਹਨ। ਉਹ ਹਰ ਗੱਲ ਬਾਰੇ ਪੁੱਛਦੇ ਰਹਿੰਦੇ ਹਨ, ਇਹ ਕੀ ਹੈ, ਉਹ ਕੀ ਹੈ, ਕੌਣ ਹੈ, ਕਿਉਂ ਹੈ? ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਮਾਪਿਆਂ ਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਉਨ੍ਹਾਂ ਦੀਆਂ ਗੱਲਾਂ ਦੇ ਹੁੰਗਾਰੇ ਨਹੀਂ ਭਰਦੇ ਤਾਂ ਉਨ੍ਹਾਂ ਦੀ ਜਗਿਆਸਾ ਸ਼ਾਂਤ ਨਹੀਂ ਹੁੰਦੀ।

ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਦੀ ਇਹ ਸਮੱਸਿਆ ਹੈ ਕਿ ਉਨ੍ਹਾਂ ਵਿਚੋਂ ਕਰੀਬ ਅੱਧੇ ਬੱਚੇ ਸਹੀ ਢੰਗ ਨਾਲ ਪੰਜਾਬੀ ਪੜ੍ਹਨ ਦੇ ਯੋਗ ਨਹੀਂ ਹੁੰਦੇ। ਜੇਕਰ ਉਹ ਸਹੀ ਢੰਗ ਨਾਲ ਨਹੀਂ ਪੜ੍ਹ ਪਾਉਂਦੇ ਤਾਂ ਉਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਰਸ ਕਿਵੇਂ ਨਸੀਬ ਹੋ ਸਕਦਾ ਹੈ? ਜਿਹੜੇ ਪੰਜਾਬੀ ਪੜ੍ਹ ਸਕਦੇ ਹਨ, ਉਨ੍ਹਾਂ ਅੱਗੇ ਅਸੀਂ ਉਨ੍ਹਾਂ ਦੇ ਹਾਣ ਦੀਆਂ ਪੁਸਤਕਾਂ ਅਤੇ ਰਸਾਲੇ ਨਹੀਂ ਪ੍ਰੋਸਦੇ। ਪ੍ਰਾਇਮਰੀ ਪੱਧਰ ਦੀ ਤਾਂ ਗੱਲ ਹੀ ਛੱਡੋ, ਸੈਕੰਡਰੀ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੁਖੀ ਬਾਲ ਸਾਹਿਤ ਤੋਂ ਕੋਰੇ ਹਨ। 'ਨਿੱਕੀਆਂ ਕਰੂੰਬਲਾਂ' ਰਸਾਲੇ ਦਾ ਸੰਪਾਦਨ ਅਤੇ ਸੰਚਾਲਨ ਪਿਛਲੇ ਡੇਢ ਦਹਾਕੇ ਤੋਂ ਕਰਦਾ ਹੋਣ ਕਰਕੇ ਬੜੇ ਕੌੜੇ-ਮਿੱਠੇ ਤਜਰਬੇ ਸਾਂਝੇ ਕੀਤੇ ਜਾ ਸਕਦੇ ਹਨ। ਮੇਰੇ ਖਿਆਲ ਨਾਲ ਬੱਚੇ ਦੀ ਸੱਚੀ-ਸੁੱਚੀ ਅਤੇ ਮਜ਼ਬੂਤ ਬੁਨਿਆਦ ਬੰਨ੍ਹਣ ਲਈ 'ਬਾਲ ਸਾਹਿਤ' ਸੰਤੁਲਿਤ ਭੋਜਨ ਵਾਂਗ ਹੀ ਲੋੜੀਂਦਾ ਹੈ। ਇਸ ਲਈ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਪ੍ਰਾਇਮਰੀ ਪੱਧਰ ਤੋਂ ਹੀ ਬਾਲ ਸਾਹਿਤ ਨਾਲ ਜੋੜਨਾ ਚਾਹੀਦਾ ਹੈ। ਰੌਚਿਕ ਕਹਾਣੀਆਂ ਜਿਥੇ ਉਸ ਅੰਦਰ ਆਦਰਸ਼ ਇਨਸਾਨ ਪੈਦਾ ਕਰਨਗੀਆਂ, ਉਥੇ ਉਸ ਅੰਦਰ ਮੁਕਾਬਲੇ ਦੇ ਯੁੱਗ ਦਾ ਹਾਣੀ ਬਣਨ ਦੀ ਕਲਾ ਵੀ ਉਪਜਾਉਣਗੀਆਂ।

ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨ ਵਿਚ ਅਧਿਆਪਕ ਅਤੇ ਮਾਪੇ ਅਹਿਮ ਭੂਮਿਕਾ ਅਦਾ ਕਰਦੇ ਹਨ। ਜੇਕਰ ਅਸੀਂ ਆਪਣੇ ਘਰੇਲੂ ਬਜਟ ਵਿਚ ਬਾਲ ਪੁਸਤਕਾਂ ਲਈ ਥਾਂ ਰੱਖੀਏ ਤਾਂ ਬੱਚੇ ਘਰ ਵਿਚ ਹੀ ਇਨ੍ਹਾਂ ਨਾਲ ਜੁੜ ਸਕਦੇ ਹਨ। ਜਦੋਂ ਸਕੂਲ ਦੀ ਲਾਇਬ੍ਰੇਰੀ ਦੇ ਦਰਵਾਜ਼ੇ ਬੰਦ ਦਿਖਾਈ ਦਿੰਦੇ ਹਨ ਤਾਂ ਇਹ ਰੁਚੀ ਕਿਵੇਂ ਪੈਦਾ ਹੋ ਸਕੇਗੀ? ਪੰਜਾਬ ਦੇ ਸੈਕੰਡਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵੀ ਨਹੀਂ ਖੁੱਲ੍ਹਦੀਆਂ। ਜੇਕਰ ਥੋੜ੍ਹੇ-ਬਹੁਤ ਸਕੂਲਾਂ ਦੀਆਂ ਲਾਇਬ੍ਰੇਰੀਆਂ ਖੁੱਲ੍ਹਦੀਆਂ ਵੀ ਹਨ ਤਾਂ ਉਨ੍ਹਾਂ ਵਿਚ ਬਾਲ ਰਸਾਲਿਆਂ ਦੀ ਘਾਟ ਰੜਕਦੀ ਰਹਿੰਦੀ ਹੈ। ਪਾਠਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿਚੋਂ ਸਿਰਫ ਤਿੰਨ ਬਾਲ ਰਸਾਲੇ ਛਪਦੇ ਹਨ। ਸਕੂਲ ਮੁਖੀਆਂ ਨੇ ਸਕੂਲ ਦੀ ਲਾਇਬ੍ਰੇਰੀ ਵਿਚ ਇਹ ਘਾਟ ਮਹਿਸੂਸ ਨਹੀਂ ਕੀਤੀ, ਕਿਉਂਕਿ ਉਹ ਇਸ ਦੇ ਮੁੱਲ ਤੋਂ ਜਾਣੂ ਨਹੀਂ।

ਤਜਰਬੇ ਦੱਸਦੇ ਹਨ ਕਿ ਜਿਹੜੇ ਬੱਚੇ ਬਾਲ ਸਾਹਿਤ ਪੜ੍ਹਦੇ ਹਨ, ਉਨ੍ਹਾਂ ਦੀ ਸੋਚਣ ਸ਼ਕਤੀ ਬਾਕੀਆਂ ਨਾਲੋਂ ਕਿਤੇ ਅੱਗੇ ਨਿਕਲ ਜਾਂਦੀ ਹੈ। ਉਹ ਨੈਤਿਕ ਕਦਰਾਂ-ਕੀਮਤਾਂ ਨਾਲ ਆਪਣੀ ਸ਼ਖ਼ਸੀਅਤ ਦਾ ਏਨਾ ਵਿਕਾਸ ਕਰ ਜਾਂਦੇ ਹਨ ਕਿ ਉਹ ਹਰ ਖੇਤਰ ਵਿਚ ਡੂੰਘੀਆਂ ਪੈੜਾਂ ਪਾਉਂਦੇ ਹਨ। ਹੁਣ ਵਿਚਾਰਨਾ ਹੋਵੇਗਾ ਬਾਲ ਸਾਹਿਤ ਦੀਆਂ ਪੁਸਤਕਾਂ ਨੂੰ। ਕਈ ਸਾਹਿਤਕਾਰ ਬਾਲ ਸਾਹਿਤ ਦੀ ਰਚਨਾ ਨੂੰ ਸੌਖਾ ਕਾਰਜ ਮੰਨ ਕੇ ਇਸ ਖੇਤਰ ਵਿਚ ਪ੍ਰਦੂਸ਼ਣ ਫੈਲਾਅ ਦਿੰਦੇ ਹਨ, ਜਿਸ ਕਰਕੇ ਆਮ ਪਾਠਕ ਲਈ ਚੋਣ ਦੀ ਸਮੱਸਿਆ ਬਣ ਜਾਂਦੀ ਹੈ। ਦੂਜਾ ਬਾਲ ਸਾਹਿਤ ਦੀਆਂ ਮਹਿੰਗੀਆਂ ਪੁਸਤਕਾਂ ਪਾਠਕਾਂ ਦੀ ਪਹੁੰਚ ਤੋਂ ਦੂਰ ਰਹਿ ਜਾਂਦੀਆਂ ਹਨ।

ਪੰਜਾਬ ਵਿਚੋਂ ਛਪਦੇ ਪੰਜਾਬੀ ਬਾਲ ਰਸਾਲੇ ਹਰ ਸਕੂਲ ਵਿਚ ਪਹੁੰਚਣ, ਇਸ ਕਾਰਜ ਲਈ ਸਰਬ ਸਿੱਖਿਆ ਅਭਿਆਨ ਦਾ ਯੋਗਦਾਨ ਲਿਆ ਜਾ ਸਕਦਾ ਹੈ। ਹਰ ਸਕੂਲ ਵਿਚ ਲਾਇਬ੍ਰੇਰੀਅਨ ਲਗਾ ਕੇ ਬੱਚਿਆਂ ਲਈ ਪੁਸਤਕ ਭੰਡਾਰ ਖੋਲ੍ਹੇ ਜਾਣ। ਬੱਚਿਆਂ ਨੂੰ ਘਰ ਰੱਖਣ ਵਾਸਤੇ ਸਸਤੇ ਮੁੱਲ 'ਤੇ ਪੁਸਤਕਾਂ ਦਿੱਤੀਆਂ ਜਾਣ। ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਇਕ ਚਲਦੀ-ਫਿਰਦੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇ, ਜੋ ਹਰ ਸਕੂਲ, ਮੁਹੱਲੇ ਅਤੇ ਪਿੰਡ ਵਿਚ ਜਾ ਕੇ ਬਾਲ ਪੁਸਤਕਾਂ ਦਾ ਪ੍ਰਚਾਰ ਤੇ ਵਿਕਰੀ ਕਰੇ। ਇਸ ਨਾਲ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਤਾਂ ਪੈਦਾ ਹੋਵੇਗੀ ਹੀ, ਨਾਲ-ਨਾਲ ਪੰਜਾਬ ਅੰਦਰ ਪੁਸਤਕ ਸੱਭਿਆਚਾਰ ਵੀ ਸ਼ੁਰੂ ਹੋ ਜਾਵੇਗਾ। ਬਿਜਲਈ ਮੀਡੀਏ ਦੇ ਮਾਰੂ ਪ੍ਰਭਾਵ ਤੋਂ ਅਸੀਂ ਨਰੋਏ ਬਾਲ ਸਾਹਿਤ ਨਾਲ ਹੀ ਆਪਣੀ ਨਵੀਂ ਪਨੀਰੀ ਨੂੰ ਬਚਾ ਸਕਦੇ ਹਾਂ। ਸੋ, ਹਰ ਜ਼ਿਲ੍ਹੇ ਦੀ ਮੋਬਾਈਲ ਲਾਇਬ੍ਰੇਰੀ ਵੀ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਨੂੰ ਵਿਕਸਿਤ ਕਰਨ ਵਿਚ ਹਿੱਸਾ ਪਾ ਸਕਦੀ ਹੈ। ਅਧਿਆਪਕ ਅਤੇ ਮਾਪੇ ਵੀ ਇਸ ਪ੍ਰਤੀ ਸੁਚੇਤ ਹੋਣ ਤਾਂ ਸਫਲਤਾ ਦੇ ਰਾਹੇ ਪਿਆ ਜਾ ਸਕਦਾ ਹੈ। ਸੋ ਆਓ, ਆਪਾਂ ਸਾਰੇ ਰਲ ਕੇ ਬੱਚਿਆਂ ਅੰਦਰ ਪੜ੍ਹਨ ਦੀਆਂ ਰੁਚੀਆਂ ਪੈਦਾ ਕਰਨ ਵਿਚ ਯੋਗਦਾਨ ਪਾਈਏ।

ਕਰੂੰਬਲਾਂ ਭਵਨ, ਮਾਹਿਲਪੁਰ (ਹੁਸ਼ਿਆਰਪੁਰ)।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 05.11.2011

Sunday, September 25, 2011

ਤਲਾਕਸ਼ੁਦਾ ਮਾਪਿਆਂ ਦੇ ਬੱਚਿਆਂ ਦੀ ਮਾਨਸਿਕ ਸਥਿਤੀ ... - ਹਰਬੀਰ ਸਿੰਘ ਭੰਵਰ

ਪਤੀ ਪਤਨੀ ਦਾ ਰਿਸ਼ਤਾ ਅਤਿ ਹੀ ਨਾਜ਼ਕ ਰਿਸ਼ਤਾ ਹੁੰਦਾ ਹੈ ਜੋ ਆਪਸੀ ਪਿਆਰ ਅਤੇ ਵਿਸ਼ਵਾਸ ਉੱਤੇ ਖੜ੍ਹਾ ਹੁੰਦਾ ਹੈ। ਇਹ ਦੋ ਰੂਹਾਂ ਦਾ ਆਪਸੀ ਪਹਿਚਾਣ ਦਾ ਰਿਸ਼ਤਾ ਹੁੰਦਾ ਹੈ। ਜਿੰਨਾ ਆਪਸੀ ਪਿਆਰ ਅਤੇ ਵਿਸ਼ਵਾਸ ਹੁੰਦਾ ਹੋਏਗਾ, ਉਤਨਾ ਹੀ ਇਹ ਰਿਸ਼ਤਾ ਮਜ਼ਬੂਤ ਹੋਏਗਾ ਅਤੇ ਪਤੀ ਪਤਨੀ ਸਹੀ ਅਰਥਾਂ ਵਿਚ ''ਇਕ ਜੋਤ ਦੋਇ ਮੂਤਰੀ'' ਹੋਣਗੇ ਅਤੇ ਉਨ੍ਹਾਂ ਦੀ ਜ਼ਿੰਦਗੀ ਵਧੇਰੇ ਖੁਸ਼ੀਆਂ ਭਰੀ ਹੋਏਗੀ। ਜੇ ਦੋਨੋਂ ਇਕ ਦੂਜੇ ਦੀ ਆਤਮਾ ਨੂੰ ਪਹਿਚਾਣਦੇ ਹਨ ਅਤੇ ਸੱਚਾ ਪਿਆਰ ਕਰਦੇ ਹਨ ਤਾਂ ''ਯਾਰ ਦੀ ਕੁੱਲੀ'' ਵੀ ਮਹਿਲਾਂ ਨਾਲੋਂ ਚੰਗੀ ਲਗਦੀ ਹੈ ਪਰ ਜੇ ਆਪਸੀ ਪਿਆਰ ਅਤੇ ਵਿਸ਼ਵਾਸ ਨਹੀਂ ਤਾਂ ''ਮਹਿਲ ਮਾੜੀਆਂ'' ਵੀ ਵੱਢਣ ਨੂੰ ਪੈਂਦੇ ਹਨ।

'ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ' --- ਕਹਿੰਦੇ ਹਨ ਕਿ ਸੰਜੋਗ ਤਾਂ ਧੁਰੋਂ ਹੀ ਲਿਖੇ ਹੁੰਦੇ ਹਨ। ਕਿਸੇ ਨੂੰ ਚੰਗਾ ਜੀਵਨ ਸਾਰੀ ਮਿਲ ਜਾਏ ਤਾਂ ਉਸ ਵਰਗਾ ਖੁਸ਼ਕਿਸਮਤ ਕੋਈ ਨਹੀਂ। ਕਹਿੰਦੇ ਹਨ ਕਿ ਚੰਗੀ ਨੌਕਰੀ ਅਤੇ ਚੰਗਾ ਜੀਵਨ ਸਾਥੀ ਕਿਸਮਤ ਨਾਲ ਹੀ ਨਸੀਬ ਹੁੰਦੇ ਹਨ। ਜੀਵਨ ਸਾਥੀ ਚੰਗਾ ਹੈ ਤਾਂ ਔਖ ਸੌਖ ਵੀ ਮਿਲ ਕੇ ਕੱਟੀ ਜਾਂਦੀ ਹੈ। ਜੇਕਰ ਜੀਵਨ ਸਾਥੀ ਮਾੜਾ ਹੈ ਤਾਂ ਚੰਗੀ ਭਲੀ ਜ਼ਿੰਦਗੀ ਨਰਕ ਬਣ ਜਾਂਦੀ ਹੈ।

ਪਹਿਲੇ ਸਮਿਆਂ ਵਿਚ ਵਿਆਹ ਛੋਟੀ ਉਮਰੇ ਕਰ ਦਿੰਦੇ ਸਨ ਅਤੇ ਵਧੇਰੇ ਕਰ ਕੇ ਕੁੜੀ ਮੁੰਡੇ ਦਾ ਵਿਆਹ 18-20 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਹੋ ਜਾਂਦਾ ਸੀ। ਇਸ ਦਾ ਸ਼ਾਇਦ ਕੇਵਲ ਇੱਕੋ ਇੱਕ ਫਾਇਦਾ ਇਹ ਹੁੰਦਾ ਸੀ ਕਿ ਕੁੜੀ ਮੁੰਡਾ ਇਕ ਦੂਜੇ ਦੀਆਂ ਆਦਤਾਂ ਨਾਲ ਆਪਣੇ ਆਪ ਨੂੰ ਐਡਜੈਸਟ ਕਰ ਲੈਂਦੇ ਸਨ। ਅੱਜ ਕੱਲ੍ਹ ਵਿਆਹ ਅਕਸਰ ਪੜ੍ਹਾਈ ਮੁਕੰਮਲ ਹੋਣ ਅਤੇ ਕਿਸੇ ਨੌਕਰੀ 'ਤੇ ਲੱਗਣ ਪਿੱਛੋਂ ਹੀ ਹੁੰਦੇ ਹਨ ਜਦੋਂ ਉਮਰ ਕੁਝ ਵੱਡੀ ਹੋ ਜਾਂਦੀ ਹੈ ਅਤੇ ਆਦਤਾਂ ਪੱਕ ਜਾਂਦੀਆਂ ਹਨ ਅਤੇ ਕਈ ਵਾਰੀ ਸਹਿਣਸ਼ੀਲਤਾ ਵੀ ਘਟ ਜਾਂਦੀ ਹੈ ਜਿਸ ਕਾਰਨ ਘਰ ਵਿਚ ਅਕਸਰ ਛੋਟੀ ਛੋਟੀ ਗੱਲ ਤੋਂ ਗੁੱਸੇ ਗਿਲੇ ਅਤੇ ਲੜਾਈ ਝਗੜੇ ਹੋਣ ਲਗਦੇ ਹਨ। ਪੜ੍ਹਨ ਲਿਖਣ ਨਾਲ ਸ਼ਾਇਦ ਸਮਾਜਿਕ ਸ਼ਿਸ਼ਟਾਚਾਰ ਅਤੇ ਚੱਜ ਵਿਹਾਰ ਤਾਂ ਆ ਜਾਂਦਾ ਹੈ ਪਰ ਲਚਕੀਲਾਪਣ ਘਟ ਜਾਂਦਾ ਹੈ ਅਤੇ ਹਰ ਕੋਈ ਦੂਜੇ ਤੋਂ ਆਪਣੀ ਗੱਲ ਹੀ ਮਨਵਾਉਣਾ ਚਾਹੁੰਦਾ ਹੈ। ਦਰਅਸਲ ਇਹ ਆਪਸੀ ਹਉਮੈ ਦੀ ਲੜਾਈ ਹੁੰਦੀ ਹੈ। ਕਈ ਵਾਰੀ ਸ਼ਖਸੀਅਤਾਂ ਦਾ ਟਕਰਾਓ ਵੀ ਹੋ ਜਾਂਦਾ ਹੈ।

ਅੱਜਕੱਲ੍ਹ ਪਹਿਲੇ ਸਮਿਆਂ ਨਾਲੋਂ ਮੀਆਂ ਬੀਵੀ ਦੇ ਝਗੜੇ ਵਧ ਰਹੇ ਹਨ ਅਤੇ ਅਦਾਲਤਾਂ ਤਲਾਕਾਂ ਦੇ ਮੁਕੱਦਮੇ ਨਾਲ ਭਰੀਆਂ ਪਈਆਂ ਹਨ। ਇਹ ਮੁਕੱਦਮੇ ਕਈ ਵਾਰੀ ਕਈ ਕਈ ਸਾਲ ਚਲਦੇ ਰਹਿੰਦੇ ਹਨ ਅਤੇ ਕੋਈ ਨਿਬੇੜਾ ਨਹੀਂ ਹੁੰਦਾ, ਭਾਵੇਂ ਕਿ ਜੱਜ ਸਾਹਿਬ ਦੋਨਾਂ ਨੂੰ ਸਮਝਾਉਣ ਦਾ ਯਤਨ ਵੀ ਕਰਦੇ ਹਨ। ਹਾਂ, ਤਲਾਕ ਲਈ ਦੋਨਾਂ ਦੀ ਆਪਸੀ ਸਹਿਮਤੀ ਹੋ ਜਾਏ, ਤਾਂ ਫੈਸਲਾ ਛੇਤੀ ਹੋ ਜਾਂਦਾ ਹੈ।

ਮੀਆਂ ਬੀਵੀ ਦਾ ਰਿਸ਼ਤਾ ਇਤਨਾ ਨਾਜ਼ੁਕ ਹੁੰਦਾ ਹੈ ਕਿ ਜ਼ਰਾ ਕੁ ਕਿਸੇ ਵਲੋਂ ਦਖਲ ਅੰਦਾਜ਼ੀ ਹੋਈ ਨਹੀਂ ਤੇ ਇਹ ਰਿਸ਼ਤਾ ਤਿੜਕਿਆਂ ਨਹੀਂ। ਇਹ ਮੁਦਾਲਖਤ ਭਾਵੇਂ ਮੁੰਡੇ ਦੇ ਮਾਪਿਆਂ ਵਲੋਂ ਹੋਵੇ ਅਤੇ ਭਾਵੇਂ ਕੁੜੀ ਦੇ ਮਾਪਿਆਂ ਵਲੋਂ ਜਾਂ ਕਿਸੇ 'ਉਹ' ਜਾਂ ਤੀਜੀ ਧਿਰ ਵਲੋਂ । ਜਦੋਂ ਵੀ ਦੋਨਾਂ ਵਿਚੋਂ ਕਿਸੇ ਦੀ ਦਖਲ ਅੰਦਾਜ਼ੀ ਕਬੂਲ ਕਰ ਲਈ, ਦੂਜਾ ਨਿਰਾਸ਼ ਹੋਵੇਗਾ ਅਤੇ ਪਾੜਾ ਵਧੇਗਾ।

ਤਲਾਕ ਤਕ ਦੀ ਨੌਬਤ ਪਹੁੰਚਣ ਤੋਂ ਪਹਿਲਾਂ ਪਤੀ ਪਤਨੀ ਦਾ ਆਪਸੀ ਪਿਆਰ ਅਤੇ ਵਿਸ਼ਵਾਸ ਤਿੜਕਦਾ ਹੈ ਅਤੇ ਜੇਕਰ ਕੋਈ ਗਿਲਾ ਸ਼ਿਕਵਾ ਜਾਂ ਸ਼ੰਕਾ ਛੇਤੀ ਦੂਰ ਨਾ ਕੀਤਾ ਜਾਏ ਤਾਂ ਪਾੜਾ ਵਧਦਾ ਹੀ ਜਾਂਦਾ ਹੈ। ਤਲਾਕ ਕਿਸੇ ਆਦਮੀ ਅਤੇ ਔਰਤ ਦੀ ਜ਼ਿੰਦਗੀ ਵਿਚ ਬੜਾ ਵੱਡਾ ਮੋੜ ਹੁੰਦਾ ਹੈ। ਦੇਖਣ ਨੂੰ ਇਹ ਕਿਸੇ ਨਾਖੁਸ਼ ਜ਼ਿੰਦਗੀ ਤੋਂ ਛੁਟਕਾਰੇ ਲਈ ਲਿਆ ਗਿਆ ਕਦਮ ਹੁੰਦਾ ਹੈ ਪਰ ਕਈ ਵਾਰੀ ਹਾਲ ਬਿਲਕੁਲ ਹੀ ਉਲਟ ਵੀ ਹੋ ਜਾਂਦਾ ਹੈ। ਇਹ ਤਾਂ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਦੂਜੀ ਸ਼ਾਦੀ ਕਾਮਯਾਬ ਹੋਏਗੀ। ਅਜੇਹੀ ਹਾਲਤ ਵਿਚ ਪਤੀ ਸੋਚਦਾ ਹੈ ਕਿ ਪਹਿਲੀ ਪਤਨੀ ਚੰਗੀ ਸੀ ਤੇ ਪਤਨੀ ਨੂੰ ਜਾਪਦਾ ਹੈ ਕਿ ਪਹਿਲਾ ਪਤੀ ਇਸ ਨਾਲੋਂ ਚੰਗਾ ਸੀ। ਕਈ ਵਾਰੀ ਨਵੇਂ ਸਿਰੇ ਤੋਂ ਜ਼ਿੰਦਗੀ ਖੁਸ਼ੀ ਭਰਪੂਰ ਵੀ ਹੋ ਜਾਂਦੀ ਹੈ।

ਤਲਾਕ ਦਾ ਅਸਰ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਕਈ ਪੱਖਾਂ, ਜਿਵੇਂ ਕਿ ਜਜ਼ਬਾਤਾਂ, ਨੌਕਰੀ, ਪੈਸੇ, ਬੱਚਿਆਂ, ਘਰ, ਸਮਾਜਿਕ ਅਤੇ ਲਿੰਗਕ ਲੋੜਾਂ 'ਤੇ ਵੀ ਪੈਂਦਾ ਹੈ। ਬਹੁਤੇ ਲੋਕ ਤਲਾਕ ਤੋਂ ਪੈਣ ਵਾਲੇ ਪ੍ਰਭਾਵਾਂ ਨੂੰ ਅਗਾਊਂ ਨਹੀਂ ਦੇਖ ਸਕਦੇ ਅਤੇ ਨਾ ਹੀ ਅੰਦਾਜ਼ਾ ਲਗਾ ਸਕਦੇ ਹਨ।

ਕਈ ਵਿਅਕਤੀਆਂ ਲਈ ਤਲਾਕ ਪਿੱਛੋਂ ਜ਼ਿੰਦਗੀ ਬੜੀ ਹੀ ਤਣਾਓ ਭਰੀ ਤੇ ਦੋਜ਼ਖ ਬਣ ਜਾਂਦੀ ਹੈ। ਉਨ੍ਹਾਂ ਪਰਿਵਾਰਾਂ ਲਈ ਜਿਸ ਵਿਚ ਬੱਚੇ ਹੋਣ ਇਹ ਬਹੁਤ ਹੀ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਦਿੰਦੀ ਹੈ। ਬੱਚਿਆਂ ਲਈ ਤਾਂ ਮਾਤਾ ਪਿਤਾ ਦੇ ਤਲਾਕ ਪਿੱਛੋਂ ਦੀ ਜ਼ਿੰਦਗੀ ਬੜੀ ਹੀ ਖੌਫ਼ਨਾਕ ਬਣ ਜਾਂਦੀ ਹੈ ਅਤੇ ਕਈ ਬੱਚੇ ਤਾਂ ਇਸ ਨਾਲੋਂ ਮਰ ਜਾਣ ਨੂੰ ਤਰਜੀਹ ਦਿੰਦੇ ਹਨ। ਉਹ ਗੁੱਸੇ ਅਤੇ ਨਿਰਾਸ਼ਾ ਨਾਲ ਭਰ ਜਾਂਦੇ ਹਨ। ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜਿਆਂ ਹੋਣ ਤਕ ਮਾਤਾ ਪਿਤਾ ਦੋਨਾਂ ਦੇ ਪਿਆਰ ਅਤੇ ਅਗਵਾਈ ਦੀ ਬਹੁਤ ਲੋੜ ਹੁੰਦੀ ਹੈ। ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਮਾਤਾ ਪਿਤਾ ਦੋਨਾਂ ਦੇ ਪਿਆਰ ਅਤੇ ਸਰਪ੍ਰਸਤੀ ਦੀ ਲੋੜ ਹੁੰਦੀ ਹੈ। ਤਲਾਕ ਪਿੱਛੋਂ ਬੱਚੇ ਇਹ ਮਹਿਸੂਸ ਕਰਦੇ ਹਨ ਕਿ ਮਾਤਾ ਪਿਤਾ ਜਾਂ ਦੋਨਾਂ 'ਚੋਂ ਇਕ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ। ਮਾਤਾ ਜਾਂ ਪਿਤਾ ਦੇ ਪਿਆਰ, ਅਗਵਾਈ ਅਤੇ ਕਈ ਵਾਰੀ ਆਰਥਕ ਮਦਦ ਤੋਂ ਤਾਂ ਉਹ ਵਾਂਝੇ ਹੋ ਹੀ ਜਾਂਦੇ ਹਨ। ਉਨ੍ਹਾਂ ਲਈ ਇਹ ਜਜ਼ਬਾਤੀ, ਮਾਨਸਿਕ, ਪਰਿਵਾਰਕ, ਸਮਾਜਿਕ ਅਤੇ ਆਰਥਕ ਸੰਕਟ ਖੜ੍ਹਾ ਹੋ ਜਾਂਦਾ ਹੈ ਜਿਸ ਲਈ ਉਹ ਹਾਲੇ ਤਿਆਰ ਵੀ ਨਹੀਂ ਹੋਏ ਹੁੰਦੇ। ਮੌਤ, ਬਿਮਾਰੀ ਜਾਂ ਕੁਦਰਤੀ ਆਫ਼ਤ ਦੀ ਹਾਲਤ ਵਿਚ ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ, ਗੁਆਂਢੀ ਆਦਿ ਬਿਪਤਾ ਦੇ ਸ਼ਿਕਾਰ ਵਿਅਕਤੀ ਜਾਂ ਬੱਚੇ ਨਾਲ ਹਮਦਰਦੀ ਪ੍ਰਗਟ ਕਰਦੇ ਹਨ, ਪਰ ਤਲਾਕ ਦੀ ਸੂਰਤ ਵਿਚ ਕੋਈ ਕਿਸੇ ਨਾਲ ਹਮਦਰਦੀ ਨਹੀਂ ਕਰਦਾ।

ਤਲਾਕ ਭਾਵੇਂ ਪਤੀ-ਪਤਨੀ ਦੀ ਆਪਸੀ ਸਹਿਮਤੀ ਨਾਲ ਹੀ ਹੋਇਆ ਹੋਏ, ਫਿਰ ਵੀ ਇਹ ਇਕ ਪਾਸੜ ਹੈ ਕਿਉਂਕਿ ਇਹ ਬੱਚਿਆਂ 'ਤੇ ਠੋਸਿਆ ਜਾਂਦਾ ਹੈ। ਇਸੇ ਕਰ ਕੇ ਕਈ ਵਾਰੀ ਬੱਚਿਆਂ ਵਿਚ ਇਹ ਭਾਵਨਾ ਆ ਜਾਂਦੀ ਹੈ ਕਿ ਉਹ ਘਰ ਵਿਚ ਬੇਲੋੜੇ ਹਨ ਜਾਂ ਮਾਤਾ ਪਿਤਾ ਵਿੱਚੋਂ ਇਕ ਉਨ੍ਹਾਂ ਨੂੰ ''ਰੀਜੈਕਟ'' ਕਰ ਰਿਹਾ ਹੈ। ਬੱਚੇ ਲਈ ਇਹ ਫੈਸਲਾ ਕਰਨਾ ਬੜਾ ਔਖਾ ਹੁੰਦਾ ਹੈ ਕਿ ਉਹ ਮਾਂ ਜਾਂ ਪਿਉ ਕਿਸ ਨਾਲ ਰਹੇ। ਅਜਿਹੇ ਮਾਨਸਿਕ ਤਣਾਓ ਵਿਚ ਕਈ ਵਾਰੀ ਉਹ ਮਾਤਾ ਪਿਤਾ ਦੋਨਾਂ ਨੂੰ ਹੀ ਨਫ਼ਰਤ ਕਰਨ ਲਗ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਬੱਚਾ ਪਤੀ ਅਤੇ ਪਤਨੀ ਵਿਚਕਾਰ ਇਕ ਪੁਲ ਹੁੰਦਾ ਹੈ। ਕਈ ਵਾਰੀਂ ਘਰ ਵਿਚ ਪਤੀ ਪਤਨੀ ਕਿਸੇ ਗੱਲੋਂ ਲੜ ਝਗੜ ਪੈਣ ਤਾਂ ਬੱਚਿਆਂ ਰਾਹੀਂ ਹੀ ਇਕ ਦੂਜੇ ਨੂੰ ਕੁਝ ਕਹਿੰਦੇ ਹਨ ਜਾਂ ਪੁੱਛਦੇ ਹਨ। ਤਲਾਕ ਹੋਣ ਸਮੇਂ ਕਈ ਵਾਰੀ ਪਤੀ ਪਤਨੀ ਦੋਵੇਂ ਹੀ ਬੱਚੇ ਨੂੰ ਢਾਲ ਬਣਾ ਕੇ ਵਰਤਦੇ ਹਨ ਅਤੇ ਬੱਚੇ ਨੂੰ ਆਪਣੇ ਆਪਣੇ ਪਾਸ ਰੱਖਣ ਦੀ ਗੱਲ ਕਰਦੇ ਹਨ। ਪਤੀ ਪਤਨੀ ਦੇ ਤਲਾਕ ਤਕ ਦੇ ਝਗੜੇ ਵਿਚ ਬੱਚੇ ਮਾਪਿਆਂ ਨੂੰ ਇਕੱਠਿਆਂ ਰੱਖਣ ਵਿਚ ਬੇਵਸ ਹੋਇਆ ਮਹਿਸੂਸ ਕਰਦੇ ਹਨ। ਤਲਾਕ ਸਮੇਂ ਮਾਪੇ ਬੱਚੇ ਦੀਆਂ ਖਾਹਸ਼ਾਂ ਅਤੇ ਲੋੜਾਂ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੰਦੇ ਹਨ।

ਮਾਪਿਆਂ ਦੇ ਤਲਾਕ ਹੋ ਜਾਣ ਪਿੱਛੋਂ ਬੱਚੇ ਅਕਸਰ ਇਕੱਲ ਅਤੇ ਸੁੰਨਾਪਣ ਮਹਿਸੂਸ ਕਰਦੇ ਹਨ। ਅਜਿਹੀ ਮਾਨਸਿਕ ਸਥਿਤੀ ਵਿਚ ਉਨ੍ਹਾਂ ਨੂੰ ਆਪਣੇ ਮਾਤਾ ਪਿਤਾ ਦੋਹਾਂ ਉੱਤੇ ਬੜਾ ਗੁੱਸਾ ਆਉਂਦਾ ਹੈ ਕਿਉਂਕਿ ਉਹ ਇਹ ਤ੍ਰਾਸਦੀ ਜਾਂ ਦੁਖਾਂਤ ਝੱਲਣ ਦੇ ਅਸਮਰਥ ਹੁੰਦੇ ਹਨ। ਇਕ ਸਹਿਮ ਉਨ੍ਹਾਂ ਅੰਦਰ ਬੈਠ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਅਸਲ ਵਿਚ ਮਾਪਿਆਂ ਦੇ ਤਲਾਕ ਦੀ ਕੀਮਤ ਬੱਚਿਆਂ ਨੂੰ ਤਾਰਨੀ ਪੈਂਦੀ ਹੈ ਅਤੇ ਮਾਤਾ ਪਿਤਾ ਦੀਆਂ ਬੇਵਕੂਫੀਆਂ ਅਤੇ ਲੜਾਈ ਦੀ ਸਜ਼ਾ ਵੀ ਉਨ੍ਹਾਂ ਨੂੰ ਹੀ ਭੁਗਤਣੀ ਪੈਂਦੀ ਹੈ। ਮਾਪੇ ਤਲਾਕ ਲੈਣ ਤੋਂ ਪਹਿਲਾਂ ਅਕਸਰ ਬੱਚਿਆਂ ਨੂੰ ਹੋਸ਼ ਆ ਚੁੱਕੀ ਹੈ। ਬੱਚਿਆਂ ਨੂੰ ਕਦੀ ਵੀ ਬੱਚੇ ਨਹੀਂ ਸਮਝਣਾ ਚਾਹੀਦਾ, ਦਰਅਸਲ ਉਨ੍ਹਾਂ ਨੂੰ ਮਾਪਿਆਂ ਦੀ ਹਰ ਗੱਲ ਦਾ ਪਤਾ ਹੁੰਦਾ ਹੈ, ਭਾਵੇਂ ਉਨ੍ਹਾਂ ਨੂੰ ਇਹ ਪ੍ਰਗਟ ਕਰਨ ਦੀ ਸਮਰੱਥਾ ਹਾਲੇ ਨਾ ਹੋਵੇ। ਇਸ ਲਈ ਪਤੀ ਪਤਨੀ ਨੂੰ ਤਲਾਕ ਲੈਣ ਤੋਂ ਪਹਿਲਾਂ ਬੱਚਿਆ ਨਾਲ ਹਰ ਗੱਲ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਕਿ ਬੱਚੇ ਪਰਿਵਾਰ ਟੁੱਟਣ ਤੋਂ ਬਚਾ ਲੈਣ। ਘੱਟੋ ਘੱਟ ਉਹ ਇਸ ਦੁਖਦਾਈ ਸਥਿਤੀ ਲਈ ਸ਼ਾਇਦ ਕਿਸ ਹੱਦ ਤਕ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਤਿਆਰ ਕਰ ਲੈਣ ਅਤੇ ਤਲਾਕ ਹੋਣ ਦੀ ਸੂਰਤ ਵਿਚ ਮਾਤਾ ਜਾਂ ਪਿਤਾ (ਜਿਸ ਤੋਂ ਬੱਚੇ ਨੂੰ ਦੂਰ ਰਹਿਣਾ ਪਏ) ਬਹੁਤੀ ਨਫ਼ਰਤ ਨਾ ਕਰੇ ਅਤੇ ਹੋ ਸਕਦਾ ਹੈ ਕਿ ਤਲਾਕ ਪਿੱਛੋਂ ਵੀ ਉਨ੍ਹਾਂ ਨੂੰ ਇਕੱਠਿਆਂ, ਘੱਟੋ ਘੱਟ ਬੱਚੇ ਸਬੰਧੀ ਕਿਸੇ ਮਹੱਤਪੂਰਨ ਮੌਕੇ ਸਮੇਂ ਇਕੱਠਿਆਂ ਕਰ ਸਕੇ।

ਤਲਾਕਸ਼ੁਦਾ ਮਾਪਿਆਂ ਦੇ ਬੱਚਿਆਂ ਬਾਰੇ ਖੋਜ ਭਰਪੂਰ ਪੁਸ਼ਤਕ 'ਸੈਕੰਡ ਚਾਂਸ' ਦੇ ਦੋ ਵਿਦਵਾਨ ਲੇਖਕਾਂ Wallerstein and Blakeslee ਨੇ ਲਿਖਿਆ ਹੈ ਕਿ ਕੋਈ ਵੀ ਵਿਅਕਤੀ ਤਲਾਕ ਦਾ ਬੱਚਿਆ 'ਤੇ ਪੈਣ ਵਾਲੇ ਪ੍ਰਭਾਵ ਨੂੰ ਅਗਾਊਂ ਨਹੀਂ ਵੇਖ ਸਕਦਾ ਅਤੇ ਅੰਦਾਜ਼ਾ ਵੀ ਨਹੀਂ ਲਗਾ ਸਕਦਾ (ਜਿਹੜੇ ਪਤੀ ਪਤਨੀ ਤਲਾਕ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ)। ਇਹ ਪ੍ਰਭਾਵ ਉਨ੍ਹਾਂ ਨੇ 10 ਤੋਂ 20 ਵਰ੍ਹਿਆਂ ਦੇ 131 ਬੱਚਿਆਂ ਉਤੇ ਤਲਾਕ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਖੋਜ ਕਰ ਕੇ ਸਿੱਟਾ ਕੱਢਿਆ ਹੈ। ਇਨ੍ਹਾਂ ਸਾਰੇ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਤਲਾਕ ਹੋਣ ਤੋਂ ਪਹਿਲਾਂ ਅਤੇ ਪਿੱਛੋਂ ਦੀਆਂ ਸਾਰੀਆਂ ਦੁਖਦਾਈ ਗੱਲਾਂ ਕਦੀ ਨਹੀਂ ਭੁਲਦੀਆਂ, ਇੱਥੋਂ ਤਕ ਕਿ ਕਈ ਦਹਾਕਿਆਂ ਪਿੱਛੋਂ ਵੀ ਨਹੀਂ। ਮਾਤਾ ਪਿਤਾ ਦਾ ਤਲਾਕ ਉਨ੍ਹਾਂ ਦੇ ਜੀਵਨ ਉੱਤੇ ਨਾ ਮਿੱਟ ਸਕਣ ਵਾਲਾ ਪ੍ਰਭਾਵ ਛੱਡ ਗਿਆ। ਕਈ ਬੱਚੇ ਮਹਿਸੂਸ ਕਰਦੇ ਹਨ ਕਿ ਉਹ ਕਿਸੇ ਵੱਡੀ ਟ੍ਰੈਜਡੀ ਦੀ ਉਪਜ ਹਨ। ਇਕ ਨੌਜਵਾਨ ਲੜਕੀ ਨੇ ਆਪਣੇ ਮਾਪਿਆਂ ਦੇ ਤਲਾਕ ਦੇ 15 ਵਰ੍ਹੇ ਪਿੱਛੋਂ ਵੀ ਕਿਹਾ ਕਿ ਉਹ ਆਪਣੀ ਸ਼ਾਦੀ ਦੇਰ ਨਾਲ ਅਤੇ ਬੜੀ ਸੋਚ ਵਿਚਾਰ ਪਿੱਛੋਂ ਹੀ ਕਰੇਗੀ ਅਤੇ ਵਿਆਹ ਹੋ ਜਾਣ ਪਿੱਛੋਂ ਵੀ ਉਤਨੀ ਦੇਰ ਕਿਸੇ ਬੱਚੇ ਨੂੰ ਜਨਮ ਨਹੀਂ ਦੇਵੇਗੀ ਜਦੋਂ ਤਕ ਉਹ ਆਪਣੇ ਵਿਆਹੁਤਾ ਜੀਵਨ ਵਿਚ ਪੂਰੀ ਤਰ੍ਹਾਂ ਸਥਾਪਤ ਨਹੀਂ ਹੋ ਜਾਂਦੀ। ਉਸ ਦਾ ਕਹਿਣਾ ਸੀ, ''ਤੁਸੀਂ ਵਿਆਹ ਤੋੜ ਸਕਦੇ ਹੋ ਪਰ ਤੁਸੀਂ ਇਕ ਪਰਿਵਾਰ ਨਹੀਂ ਤੋੜ ਸਕਦੇ।'' ਪਰਿਵਾਰ ਸਹੀ ਅਰਥਾਂ ਵਿਚ ਬੱਚਿਆਂ ਨਾਲ ਹੀ ਬਣਦਾ ਹੈ।

ਕਈ ਬੱਚੇ ਆਪਣੇ ਮਾਪਿਆਂ ਦੇ ਤਲਾਕ ਦੇ 10-15 ਵਰ੍ਹਿਆਂ ਪਿੱਛੋਂ ਵੀ ਸੁੱਤੇ ਸੁੱਤੇ ਪਏ ਡਰ ਕੇ ਉੱਠ ਖੜੋਂਦੇ ਹਨ। ਉਨ੍ਹਾਂ ਨੂੰ ਮਾਤਾ ਪਿਤਾ ਦੀ ਲੜਾਈ ਝਗੜੇ ਦੀਆਂ ਗੱਲਾਂ ਅਤੇ ਘਰ ਵਿਚ ਪਏ ਕਲੇਸ਼ ਤੇ ਚੀਕ ਚਿਹਾੜੇ ਦੀਆਂ ਯਾਦਾਂ ਸਤਾਂਦੀਆਂ ਹਨ। ਕਈ ਬੱਚੇ ਆਪਣੇ ਅੱਲ੍ਹੜਪਨ ਜਾਂ ਜਵਾਨੀ ਦੀ ਉਮਰ ਵਿਚ ਦਾਖਲ ਹੋਣ ਪਿੱਛੋਂ ਵੀ ਆਪਣੇ ਮਾਪਿਆਂ ਪ੍ਰਤੀ ਗੁੱਸੇ ਅਤੇ ਨਫ਼ਰਤ ਨੂੰ ਨਹੀਂ ਘਟਾ ਸਕੇ। ਇਕ ਮਸਫੁੱਟ ਮੁੰਡੇ ਨੇ ਕਿਹਾ, ''ਮੇਰਾ ਡੈਡੀ ਬੜਾ ਹੀ ਗੈਰ-ਜ਼ਿੰਮੇਵਾਰ ਸੀ। ਮੈਨੂੰ ਅਜੇਹੀ ਗੈਰ-ਜ਼ਿਮੇਦਾਰੀ ਕਿਸੇ ਵੀ ਮਨੁੱਖ ਵਿਚ ਚੰਗੀ ਨਹੀਂ ਲਗਦੀ।'' ਕਈ ਬੱਚੇ ਆਪਣੇ ਮਾਤਾ ਪਿਤਾ ਦੋਨਾਂ ਨਾਲ ਨਾਰਾਜ਼ ਸਨ।

ਕਈ ਬੱਚੇ ਮਨੋਵਿਗਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਗਏ। ਉਹ ਆਪਣੇ ਮਾਤਾ ਪਿਤਾ ਦੋਨਾਂ ਨੂੰ ਕਦੀ ਵੀ ਮੁਆਫ਼ ਨਹੀਂ ਕਰ ਸਕੇ। ਅਜਿਹੀ ਸਥਿਤੀ ਵਿਚ ਬੱਚੇ ਆਵਾਰਾਗਰਦ, ਝਗੜਾਲੂ ਜਾਂ ਛੋਟੀ ਮੋਟੀ ਚੋਰੀ ਕਰਨ ਦਾ ਅਪਰਾਧ ਕਰਨ ਲੱਗ ਜਾਂਦੇ ਹਨ। ਕਈ ਬੱਚੇ ਵਿਆਹ ਨੂੰ ਵੀ ਨਫਰਤ ਕਰਨ ਲੱਗੇ।

ਤਲਾਕ ਪਿੱਛੋਂ ਕਈ ਬੱਚਿਆਂ ਉਤੇ ਬਾਕੀ ਪਰਿਵਾਰ (ਮਾਤਾ ਜਾਂ ਛੋਟੇ ਭੈਣ ਭਰਾ) ਦਾ ਭਾਰ ਆ ਪਿਆ ਤੇ ਬਚਪਨ ਵਿਚ ਹੀ ਉਨ੍ਹਾਂ ਨੂੰ ਵਡੇਰਿਆਂ ਦੀਆਂ ਜ਼ਿੰਮੇਵਾਰੀਆਂ ਆ ਪਈਆਂ ਜਿਸ ਕਾਰਨ ਉਨ੍ਹਾਂ ਨੂੰ ਪੈਸੇ ਕਮਾਉਣ ਲਈ ਦੂਜਿਆਂ ਦੇ ਘਰਾਂ ਵਿਚ ਬਰਤਨ ਮਾਂਜਣ, ਖਾਣਾ ਪਕਾਉਣ, ਸਫਾਈ ਕਰਨ ਜਾਂ ਘਰੇਲੂ ਨੌਕਰ ਆਦਿ ਦਾ ਕੰਮ ਕਰਨਾ ਪਿਆ। ਬੱਚਿਆਂ ਨੇ ਇਸ ਆ ਪਈ ਮੁਸੀਬਤ ਨੂੰ ਪਸੰਦ ਨਹੀਂ ਕੀਤਾ। ਕਈ ਬੱਚਿਆਂ ਨੂੰ ਆਪਣੀ ਪੜ੍ਹਾਈ ਅਧੂਰੀ ਛੱਡਣੀ ਪਈ। ਜ਼ਿੰਦਗੀ ਉਨ੍ਹਾਂ ਲਈ ਮੁਸੀਬਤ ਬਣ ਗਈ।

ਇਨ੍ਹਾਂ ਵਿਦਵਾਨ ਲੇਖਕਾਂ ਅਨੁਸਾਰ ਕੁਝ ਬੱਚੇ ਮਾਪਿਆਂ ਦੇ ਤਲਾਕ ਜਾਂ ਵੱਖ ਹੋ ਜਾਣ ਦੇ ਬਾਵਜੂਦ ਬੜੇ ਹੌਸਲੇ ਵਾਲੇ ਵੀ ਨਿਕਲੇ (ਉਨ੍ਹਾਂ ਨੇ ਜ਼ਿੰਦਗੀ ਦੇ ਚੈਲੰਜ ਨੂੰ ਕਬੂਲ ਕੀਤਾ) ਅਤੇ ਬੜੇ ਕਾਬਲ ਬਣੇ। ਉਨ੍ਹਾਂ ਸਾਰੇ ਧਿਆਨ ਨਾਲ ਆਪਣੀ ਪਾਲਣਾ ਪੋਸ਼ਣਾ ਖੁਦ ਹੀ ਕੀਤੀ। ਸਮਾਜ ਵਿਚ ਆਪਣੀ ਥਾਂ ਬਣਾਈ।

ਆਮ ਤੌਰ 'ਤੇ ਤਲਾਕ ਪਿੱਛੋਂ ਮੁੰਡਿਆਂ ਨੂੰ ਬਹੁਤੀਆਂ ਮੁਸ਼ਕਲਾਂ ਸਹਿਣੀਆਂ ਪਈਆਂ। ਅਕਸਰ ਬੱਚੇ ਮਾਤਾ ਪਿਤਾ ਦੇ ਤੋੜ-ਵਿਛੋੜੇ ਪਿੱਛੋਂ ਆਪਣੀ ਮਾਂ ਪਾਸ ਰਹਿੰਦੇ ਹਨ। ਪਿਤਾ ਦੀ ਗੈਰ ਹਾਜ਼ਰੀ ਮੁੰਡਿਆਂ ਨੂੰ ਰਹਿਨੁਮਾਈ ਅਤੇ ਇਕ ਸਾਥੀ ਦੀ ਘਾਟ ਹਮੇਸ਼ਾ ਖਟਕਦੀ ਰਹਿੰਦੀ ਹੈ। ਦੋਨਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਤਲਾਕਸ਼ੁਦਾ ਮਾਪਿਆਂ ਦੇ ਬੱਚਿਆਂ ਦੇ ਦੁੱਖ-ਦਰਦ ਨੂੰ ਦੂਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਕੁਝ ਘਟਾਇਆ ਜਾ ਸਕਦਾ ਹੈ। ਤਲਾਕ ਲੈਣ ਤੋਂ ਪਹਿਲਾਂ ਬੱਚਿਆਂ ਨੂੰ ਸਾਰੀ ਗੱਲ ਸਮਝਾ ਦੇਣੀ ਚਾਹੀਦੀ ਹੈ ਕਿ ਉਹ ਇਕੱਠੇ ਨਹੀਂ ਰਹਿ ਸਕਦੇ। ਚੰਗਾ ਇਹ ਹੋਏ ਕਿ ਬੱਚਿਆਂ ਨੂੰ ਇਕੱਠਿਆਂ ਕਰ ਕੇ ਇਹ ਦੁਖਦਾਈ ਖਬਰ (ਤਲਾਕ) ਦੱਸੀ ਜਾਏ। ਬੱਚਿਆਂ ਦੀ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਜਾਏ। ਬੱਚਿਆਂ ਨੂੰ ਇਹ ਵਿਸ਼ਵਾਸ ਦੁਆਇਆ ਜਾਏ ਕਿ ਵੱਖ ਵੱਖ ਹੋ ਕੇ ਵੀ ਮਾਤਾ-ਪਿਤਾ ਉਨ੍ਹਾਂ ਦੀ ਹਰ ਜ਼ਰੂਰਤ ਦਾ ਪੂਰਾ ਪੂਰਾ ਖਿਆਲ ਰੱਖਣਗੇ ਅਤੇ ਤਲਾਕ ਦੇ ਮਤਲਬ ਉਨ੍ਹਾਂ ਨੂੰ ਦੁੱਖੀ ਕਰਨਾ ਨਹੀਂ, ਸਗੋਂ ਹਾਲਾਤ ਦੀ ਮਜਬੂਰੀ ਹੈ। ਆਪਣੇ ਇਸ ਪਰਿਵਾਰ ਦੇ ਟੁੱਟਣ ਉਤੇ ਮਾਪਿਆਂ ਨੂੰ ਵੀ ਬੱਚਿਆਂ ਦੇ ਦੁੱਖ ਵਿਚ ਸ਼ਾਮਲ ਹੋਣਾ ਚਾਹੀਦਾ ਹੈ।

ਭਾਵੇਂ ਬੱਚਿਆਂ ਉੱਤੇ ਤਲਾਕ ਕਾਰਨ ਮਾਨਸਿਕ, ਆਰਥਕ, ਸਮਾਜਿਕ ਅਤੇ ਹੋਰ ਕਈ ਪ੍ਰਭਾਵ ਪੈਣੇ ਕੁਦਰਤੀ ਹਨ, ਬੱਚਿਆਂ ਨੂੰ ਬਹਾਦਰ ਬਣ ਕੇ ਹਾਲਾਤ ਦਾ ਸਾਹਮਣਾ ਕਰਨ ਲਈ ਪ੍ਰੇਰਿਆ ਜਾਏ। ਬੱਚਿਆਂ ਦੀ ਸਲਾਹ ਨਾਲ ਮਾਪੇ ਬੱਚੇ ਨੂੰ ਇਹ ਵੀ ਯਕੀਨ ਦੁਆਉਣ ਕਿ ਤਲਾਕ ਦਾ ਮਤਲਬ ਬੱਚਿਆਂ ਨਾਲ ਰਿਸ਼ਤਾ ਖਤਮ ਕਰਨਾ ਨਹੀਂ, (ਸਗੋਂ ਕੇਵਲ ਪਤੀ ਪਤਨੀ ਦਾ ਰਿਸ਼ਤਾ ਟੁੱਟਣਾ ਹੈ) ਅਤੇ ਉਹ ਬੱਚੇ ਨਾਲ ਆਪਣਾ ਆਪਣਾ ਰਿਸ਼ਤਾ ਅਤੇ ਪਿਆਰ ਕਾਇਮ ਰੱਖਣਗੇ। ਪਤੀ ਪਤਨੀ ਇਕ ਦੂਜੇ ਤੋਂ ਤਲਾਕ ਨਹੀਂ ਦੇ ਰਹੇ। ਇਸ ਤਰ੍ਹਾਂ ਬੱਚਿਆਂ ਦਾ ਦੁੱਖ-ਦਰਦ ਕੁਝ ਘੱਟ ਕੀਤਾ ਜਾ ਸਕਦਾ ਹੈ। ਭਾਰਤ ਵਿਚ ਜਿੱਥੇ ਬੱਚਿਆਂ ਨੂੰ ਆਪਣੇ ਦਾਦਾ-ਦਾਦੀ, ਨਾਨਾ ਨਾਨੀ ਜਾਂ ਚਾਚੇ-ਤਾਇਆਂ ਤੋਂ ਮਦਦ ਮਿਲਦੀ ਨੂੰ ਜ਼ਰਾ ਸੌਖ ਨਾਲ ਬਰਦਾਸ਼ਤ ਕਰ ਲੈਂਦੇ ਹਨ ਪਰ ਮਾਨਸਿਕ ਅਤੇ ਜਜ਼ਬਾਤੀ ਨੁਕਸਾਨ ਦੀ ਪੂਰਤੀ ਫਿਰ ਵੀ ਔਖੀ ਹੁੰਦੀ ਹੈ।

ਇਸ ਤਰ੍ਹਾਂ ਦੇ ਅਨੇਕਾਂ ਟੁੱਟੇ ਹੋਏ ਪਰਿਵਾਰ ਸਾਡੇ ਆਸ ਪਾਸ ਹਨ ਜਿੱਥੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਲੜਾਈ ਅਤੇ ਤਲਾਕ ਦੀ ਕਰੜੀ ਸਜ਼ਾ ਭੁਗਤਣੀ ਪੈ ਰਹੀ ਹੈ। ਇਨ੍ਹਾਂ ਬੱਚਿਆਂ ਦਾ ਕਈ ਵਾਰੀ ਮਾਨਸਿਕ ਤਣਾਅ ਕਾਰਨ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਪੂਰੀ ਤਰ੍ਹਾਂ ਨਹੀਂ ਹੁੰਦਾ।

ਤਲਾਕ ਜ਼ਿੰਦਗੀ ਦਾ ਬੜਾ ਹੀ ਅਸੁਖਾਵਾਂ ਕਦਮ ਹੈ। ਜਿੱਥੋਂ ਤਕ ਹੋ ਸਕੇ ਪਤੀ-ਪਤਨੀ ਨੂੰ ਆਪਣੇ ਬੱਚਿਆਂ ਦੀ ਖਾਤਰ ਆਪਣੇ ਮਤਭੇਦ ਦੂਰ ਕਰਨੇ ਚਾਹੀਦੇ ਹਨ। ਮਾਪਿਆਂ ਨੂੰ ਵੀ ਆਪਣੇ ਜਵਾਨ ਬੱਚਿਆਂ ਦੀ ਸ਼ਾਦੀ ਕਰਨ ਸਮੇਂ ਬੱਚਿਆਂ ਦੀ ਪੂਰੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਆਖਰ ਆਪਣੇ ਬਣਨ ਵਾਲੇ ਜੀਵਨ ਸਾਥੀ ਨਾਲ ਜ਼ਿੰਦਗੀ ਤਾਂ ਉਨ੍ਹਾਂ ਹੀ ਕੱਟਣੀ ਹੈ। ਪਤੀ-ਪਤਨੀ ਵਿਚ ਮੱਤਭੇਦ ਉੱਭਰਦੇ ਹਨ ਤਾਂ ਪਹਿਲੀ ਸਟੇਜ 'ਤੇ ਹੀ ਉਨ੍ਹਾਂ ਦੋਨਾਂ ਦੇ ਮਾਪਿਆਂ ਅਤੇ ਭੈਣ ਭਰਾਵਾਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇਹ ਦੂਰ ਕਰਾਉਣੇ ਚਾਹੀਦੇ ਹਨ।
# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ।
ਮੋ: 98762-95829
ਧੰਨਵਾਦ ਸਾਹਿਤ likhari.org 'ਚੋਂ 13 ਸਤੰਬਰ 2011

ਬੱਚੇ ਨੂੰ ਵੱਡਾ ਕਰੋ ਨਿਮਰਤਾ ਤੇ ਪਿਆਰ ਨਾਲ - ਤੇਜਪ੍ਰੀਤ ਕੌਰ ਕੰਗ

'ਪਿਆਰ' ਬੱਚੇ ਦੀ ਬੁਨਿਆਦੀ ਤੇ ਸਭ ਤੋਂ ਮਹੱਤਵਪੂਰਨ ਲੋੜ ਹੈ। ਬੱਚੇ ਦੇ ਚੰਗੇ ਵਿਕਾਸ ਵਿਚ ਮਾਪਿਆਂ ਦੇ ਪਿਆਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਨਾਲ ਬੱਚੇ ਵਿਚ ਆਤਮਵਿਸ਼ਵਾਸ, ਜ਼ਿੰਮੇਵਾਰੀ, ਪ੍ਰਭੱਲਤਾ, ਮਿੱਤਰਤਾ, ਕੰਮ ਵਿਚ ਦਿਲਚਸਪੀ ਅਤੇ ਦੂਜਿਆਂ 'ਤੇ ਭਰੋਸਾ ਕਰਨ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ।


ਬੱਚੇ ਦੀਆਂ ਭਾਵਨਾਵਾਂ ਨੂੰ ਮਾਂ-ਬਾਪ ਵੱਲੋਂ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ, ਜਿਸ ਤੋਂ ਭਾਵ ਹੈ ਬੱਚੇ ਨਾਲ ਗਹਿਰਾ ਲਗਾਓ ਅਤੇ ਨਿਰਸੁਆਰਥ ਪਿਆਰ ਕਰਨਾ। ਬੱਚੇ ਦੇ ਜਜ਼ਬਿਆਂ ਅਤੇ ਹੱਕਾਂ ਨੂੰ ਸਮਝਣਾ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਮਹੱਤਤਾ ਰੱਖਦਾ ਹੈ। ਇਹ ਵਿਹਾਰ ਬੱਚੇ ਨੂੰ ਆਪਣੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਪ੍ਰਗਟਾਉਣ ਵਿਚ ਸਹਾਈ ਹੁੰਦਾ ਹੈ। ਇਹ ਸਭ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੇ ਮਾਂ-ਬਾਪ ਬੱਚੇ ਦੀ ਹਰ ਇਕ ਖੁਸ਼ੀ ਤੇ ਉਦਾਸੀ ਵਿਚ ਸ਼ਾਮਿਲ ਹੁੰਦੇ ਹਨ, ਉਸ ਦੀਆਂ ਸਫਲਤਾਵਾਂ ਅਤੇ ਨਾਕਾਮਯਾਬੀਆਂ ਵਿਚ ਮਦਦਗਾਰ ਬਣਦੇ ਹਨ ਅਤੇ ਕਿਸੇ ਮੁਨਾਫੇ ਜਾਂ ਲਾਭ ਦੀ ਲਾਲਸਾ ਕੀਤੇ ਬਿਨਾਂ ਪਿਆਰ ਦਰਸਾਉਂਦੇ ਹਨ। ਇਹ ਮਾਂ-ਬਾਪ ਬੱਚੇ ਨੂੰ ਘਰ ਵਿਚ ਮਹੱਤਵਪੂਰਨ ਥਾਂ ਦਿੰਦੇ ਹਨ ਅਤੇ ਉਸ ਨਾਲ ਡੂੰਘਾ ਜਜ਼ਬਾਤੀ ਸਬੰਧ ਰੱਖਦੇ ਹਨ। ਆਮ ਤੌਰ 'ਤੇ ਇਸ ਤਰ੍ਹਾਂ ਦੇ ਸਵੀਕਾਰਤ ਬੱਚੇ ਮੇਲ-ਮਿਲਾਪ ਵਾਲੇ, ਸਹਿਯੋਗੀ, ਵਫਾਦਾਰ ਅਤੇ ਮਾਨਸਿਕ ਤੌਰ 'ਤੇ ਸੰਤੁਲਿਤ ਹੁੰਦੇ ਹਨ।

ਬੱਚੇ ਦੇ ਜੀਵਨ ਦੇ ਮੁਢਲੇ ਸਾਲਾਂ ਵਿਚ ਸਨੇਹ ਅਤੇ ਪ੍ਰੇਮ ਅਤਿਅੰਤ ਮਹੱਤਤਾ ਰੱਖਦੇ ਹਨ। ਮਾਤਾ-ਪਿਤਾ ਦੇ ਫਰਜ਼ਾਂ ਵਿਚੋਂ ਸਭ ਤੋਂ ਵੱਡਾ ਫਰਜ਼ ਇਹ ਹੈ ਕਿ ਉਹ ਪਿਆਰ ਅਤੇ ਆਪਸੀ ਸਬੰਧਾਂ ਦੀ ਸੁੱਚੀ ਤੇ ਸੱਚੀ ਭਾਵਨਾ ਨੂੰ ਬੱਚੇ ਤੱਕ ਪਹੁੰਚਾਉਣ। ਜਦੋਂ ਬੱਚੇ ਨੂੰ ਪਿਆਰ ਮਿਲਦਾ ਹੈ ਤਾਂ ਉਸ ਨੂੰ ਮੁਢਲੀ ਸੁਰੱਖਿਆ ਮਿਲਦੀ ਹੈ। ਇਸ ਨਾਲ ਉਸ ਦੇ ਵਿਚ ਆਪਣੇ-ਆਪ ਨੂੰ ਅਤੇ ਹੋਰਾਂ ਨੂੰ ਸਵੀਕਾਰ ਕਰਨ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ। ਬੱਚੇ ਦੇ ਇਸ ਪਿਆਰ ਦਾ ਪ੍ਰਗਟਾਵਾ ਉਸ ਦੀ ਖੁਸ਼ੀ, ਸੰਤੁਸ਼ਟਤਾ ਤੇ ਸਨੇਹਮਈ ਤਰੰਗਾਂ ਵਿਚ ਹੁੰਦਾ ਹੈ। ਘਰ ਵਿਚ ਪਿਆਰ ਦਾ ਵਾਤਾਵਰਨ ਬੱਚੇ ਵਿਚ ਸਵੈਸਵੀਕਾਰਤਾ ਦਾ ਅਹਿਸਾਸ ਪੈਦਾ ਕਰਦਾ ਹੈ। ਇਸ ਕਰਕੇ ਮਾਤਾ-ਪਿਤਾ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਇਕ ਖਾਸ ਰੋਲ ਅਦਾ ਕਰਦੇ ਹਨ। ਇਹ ਸਿਹਤਮੰਦ ਮਾਪਿਆਂ ਜਾਂ ਵਾਤਾਵਰਨ ਬੱਚੇ ਦੀ ਸ਼ਖ਼ਸੀਅਤ ਤੇ ਗੁਣਾਂ ਨੂੰ ਪੂਰੇ ਤੌਰ 'ਤੇ ਵਿਕਸਿਤ ਹੋਣ ਤੇ ਨਿਖਾਰਨ ਵਿਚ ਸਹਾਈ ਹੁੰਦਾ ਹੈ। ਇਸ ਤਰ੍ਹਾਂ ਉਹ ਇਕ ਚੰਗਾ, ਜ਼ਿੰਮੇਵਾਰ ਤੇ ਗੁਣਵਾਨ ਨਾਗਰਿਕ ਬਣਦਾ ਹੈ।

ਹਰ ਇਕ ਬੱਚੇ ਦੀ ਇਹ ਬੁਨਿਆਦੀ ਲੋੜ ਹੈ ਕਿ ਉਹ ਸਰੀਰਕ ਅਤੇ ਜਜ਼ਬਾਤੀ ਤੌਰ 'ਤੇ ਆਪਣੇ-ਆਪ ਨੂੰ ਸੁਰੱਖਿਅਤ ਸਮਝੇ। ਮਾਪਿਆਂ ਦਾ ਪਿਆਰ ਅਤੇ ਨਿੱਘ ਬੱਚੇ ਲਈ ਇਕ ਬਹੁਮੁੱਲਾ ਆਸਰਾ ਹੈ। ਕਈ ਮਾਪੇ ਇਹ ਸਮਝਦੇ ਹਨ ਕਿ ਬੱਚੇ ਦੀ ਜ਼ਰੂਰਤ ਸਿਰਫ ਉਸ ਨੂੰ ਲਾਡ-ਪਿਆਰ ਦੇਣ ਨਾਲ ਹੀ ਪੂਰੀ ਹੋ ਜਾਂਦੀ ਹੈ ਪਰ ਇਹ ਬੱਚੇ ਦੇ ਪਿਆਰ ਦੀ ਲੋੜ ਦਾ ਇਕ ਮਾਤਰ ਹਿੱਸਾ ਹੀ ਹੈ। ਪਿਆਰ ਦੇਣ ਦੇ ਨਾਲ-ਨਾਲ ਉਸ ਦੀਆਂ ਮਨਚਾਹੀਆਂ ਵਸਤੂਆਂ ਪ੍ਰਤੀ ਵੀ ਆਪਣਾ ਪਿਆਰ ਪ੍ਰਗਟਾਉਣਾ ਜ਼ਰੂਰੀ ਹੈ। ਇਸ ਨਾਲ ਬੱਚੇ ਨੂੰ ਵੀ ਮਹਿਸੂਸ ਹੁੰਦਾ ਹੈ ਕਿ ਪਰਿਵਾਰ ਵਿਚ ਉਸ ਦੀ ਪੁੱਛ ਅਤੇ ਲੋੜ ਹੈ। ਇਹ ਸਭ ਕੁਝ ਬਾਰੇ ਉਸ ਨੂੰ ਸੰਤੁਸ਼ਟੀ ਉਸ ਦੀ ਰਾਏ ਸੁਣ ਕੇ, ਉਸ ਦੇ ਨਿਰਣੇ ਲੈ ਕੇ ਅਤੇ ਉਸ ਦੀਆਂ ਕਾਮਯਾਬੀਆਂ ਦੀ ਸ਼ਲਾਘਾ ਕਰਕੇ ਹੀ ਦਿੱਤੀ ਜਾ ਸਕਦੀ ਹੈ।

ਮਾਤਾ-ਪਿਤਾ ਦੇ ਵਤੀਰੇ ਵਿਚ ਇਕਸਾਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਤਰ੍ਹਾਂ ਨਾ ਹੋਣ ਨਾਲ ਬੱਚੇ ਵਿਚ ਮਾਪਿਆਂ ਪ੍ਰਤੀ ਵਿਸ਼ਵਾਸ ਘਟ ਜਾਂਦਾ ਹੈ ਜੋ ਬੱਚਿਆਂ ਦੀ ਸੁਚੱਜੀ ਸ਼ਖ਼ਸੀਅਤ ਦੇ ਵਿਕਾਸ ਵਿਚ ਰੁਕਾਵਟ ਬਣਦੀ ਹੈ। ਇਸ ਦੇ ਨਾਲ ਬੱਚੇ ਦੇ ਦਿਮਾਗ ਵਿਚ ਉਲਝਣ ਪੈਦਾ ਹੋ ਜਾਂਦੀ ਹੈ। ਉਸ ਲਈ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਸ ਨੇ ਕੀ ਕਰਨਾ ਹੈ ਅਤੇ ਉਸ ਤੋਂ ਕੀ ਉਮੀਦ ਰੱਖੀ ਜਾਂਦੀ ਹੈ। ਇਕਸਾਰਤਾ ਜਾਂ ਤਾਲਮੇਲ ਨਾ ਹੋਣ ਕਰਕੇ ਬੱਚੇ ਦੇ ਸਮਾਜ ਵਿਰੋਧੀ ਬਣਨ ਜਾਂ ਬੁਰੀ ਸੰਗਤ ਵਿਚ ਪੈਣ ਦਾ ਡਰ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਉਹ ਕਦੀ ਆਪਣੀ ਜ਼ਿੰਦਗੀ ਵਿਚ ਕਾਮਯਾਬ ਤੇ ਖੁਸ਼ਹਾਲ ਨਹੀਂ ਹੋ ਸਕਦਾ। ਉਸ ਵਿਚ ਡਰ ਤੇ ਗੁੱਸੇ ਦੀ ਭਾਵਨਾ ਵਧ ਸਕਦੀ ਹੈ ਅਤੇ ਉਸ 'ਤੇ ਅਪਣੱਤ ਦੀ ਪਕੜ ਢਿੱਲੀ ਪੈ ਸਕਦੀ ਹੈ। ਜਦੋਂ ਤੱਕ ਬੱਚੇ ਨੂੰ ਪਤਾ ਨਹੀਂ ਲਗਦਾ ਕਿ ਉਸ ਨੇ 'ਕੀ ਕਰਨਾ ਹੈ' ਤੇ 'ਕੀ ਨਹੀਂ ਕਰਨਾ', ਉਦੋਂ ਤੱਕ ਉਹ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਉਸ ਦਾ ਆਤਮਵਿਸ਼ਵਾਸ ਘਟਦਾ ਹੈ ਤੇ ਉਸ ਨੂੰ ਮਾਯੂਸੀ ਹੁੰਦੀ ਹੈ। ਮਾਪਿਆਂ ਦਾ ਲੋੜ ਤੋਂ ਵੱਧ ਡਰ ਬੱਚੇ ਦੇ ਦਿਮਾਗ ਦੇ ਵਿਕਾਸ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਉਹ ਚੋਰੀਆਂ ਕਰਨਾ ਤੇ ਝੂਠ ਬੋਲਣਾ ਵੀ ਸਿੱਖ ਜਾਂਦਾ ਹੈ। ਇਹ ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਿਹੜੇ ਬੱਚਿਆਂ ਨੂੰ ਪਿਆਰ, ਸੁਰੱਖਿਆ, ਆਪਣਾਪਨ ਅਤੇ ਆਪਣੇ ਜਜ਼ਬਾਤਾਂ ਨੂੰ ਪ੍ਰਗਟ ਕਰਨ ਦੇ ਸਹੀ ਮੌਕੇ ਮਿਲਦੇ ਹਨ, ਉਹ ਬੱਚੇ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਸਫਲ ਰਹਿੰਦੇ ਹਨ ਤੇ ਜੀਵਨ ਦੀ ਹਰ ਔਕੜ ਦਾ ਮੁਕਾਬਲਾ ਹੌਸਲੇ ਨਾਲ ਕਰਦੇ ਹਨ।
-ਸਹਿਯੋਗੀ ਪ੍ਰੋਫੈਸਰ, ਹੋਮ ਸਾਇੰਸ ਕਾਲਜ, ਪੀ. ਏ. ਯੂ., ਲੁਧਿਆਣਾ
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 22.09.2011

Saturday, August 13, 2011

ਬੱਚੇ ਦਾ ਬਿਸਤਰਾ ਗਿੱਲਾ ਕਰਨਾ ਇਕ ਬੀਮਾਰੀ - ਭਾਸ਼ਣਾ ਬਾਂਸਲ

ਕਿਸੇ ਵੀ 6-7 ਸਾਲ ਦੇ ਬੱਚੇ ਦਾ ਬਿਸਤਰੇ ‘ਤੇ ਪਿਸ਼ਾਬ ਕਰਨਾ ਮਾਤਾ-ਪਿਤਾ ਲਈ ਸ਼ਰਮਨਾਕ ਸਥਿਤੀ ਹੁੰਦੀ ਹੈ ਅਤੇ ਉਹ ਇਸ ਨੂੰ ਦੂਜਿਆਂ ਤੋਂ ਲੁਕਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਅਕਸਰ ਮਾਤਾ-ਪਿਤਾ ਬੱਚੇ ਨੂੰ ਇਸ ਦੇ ਲਈ ਝਿੜਕਾਂ ਮਾਰਦੇ ਅਤੇ ਫਿਟਕਾਰਦੇ ਹਨ, ਇਥੋਂ ਤਕ ਕਿ ਉਸ ਦਾ ਕੁਟਾਪਾ ਵੀ ਚਾੜ੍ਹ ਦਿੰਦੇ ਹਨ। ਦੂਜਿਆਂ ਤੋਂ ਲੁਕਾਉਣ ਦੀ ਇਸ ਪ੍ਰਕਿਰਿਆ ਕਾਰਨ ਉਨ੍ਹਾਂ ਦਾ ਧਿਆਨ ਕਦੇ ਬੱਚੇ ਦੇ ਇਲਾਜ ‘ਤੇ ਨਹੀਂ ਜਾਂਦਾ ਅਤੇ ਬੱਚਾ ਕਈ ਸਾਲਾਂ ਤਕ ਮਾਤਾ-ਪਿਤਾ ਵਲੋਂ ਸ਼ੋਸ਼ਿਤ ਹੁੰਦਾ ਰਹਿੰਦਾ ਹੈ।
ਇਕ ਅਧਿਐਨ ਮੁਤਾਬਿਕ 5 ਸਾਲ ਤਕ ਦੀ ਉਮਰ ਦੇ ਲੱਗਭਗ 20 ਫੀਸਦੀ ਬੱਚੇ ਆਪਣਾ ਬਿਸਤਰਾ ਗਿੱਲਾ ਕਰਦੇ ਹਨ ਅਤੇ 6 ਸਾਲ ਦੀ ਉਮਰ ਦੇ ਲੱਗਭਗ 10 ਫੀਸਦੀ ਬੱਚਿਆਂ ‘ਚ ਇਹ ਸਮੱਸਿਆ ਦੇਖੀ ਜਾਂਦੀ ਹੈ।

ਬੱਚਾ ਜਦੋਂ ਵੱਡਾ ਹੋ ਜਾਂਦਾ ਹੈ ਤਾਂ ਇਹ ਉਸ ਲਈ ਇਕ ਸਮੱਸਿਆ ਬਣ ਜਾਂਦੀ ਹੈ। ਰਿਸ਼ਤੇਦਾਰਾਂ ਦੇ ਘਰ ਜਾਣ ‘ਤੇ, ਸਕੂਲ ਦੇ ਕੈਂਪ ‘ਚ, ਟੂਰ ਜਾਂ ਹੋਰ ਮੌਕਿਆਂ ‘ਤੇ, ਜਿਥੇ ਉਸ ਨੂੰ ਰਾਤ ਰੁਕਣਾ ਪਏ, ਉਸ ਲਈ ਪ੍ਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ ਅਤੇ ਉਥੇ ਉਸ ਨੂੰ ਬੇਹੱਦ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜਿਹੇ ਮਾਤਾ-ਪਿਤਾ ਨੂੰ, ਜੋ ਇਸ ਨੂੰ ਪੂਰੀ ਤਰ੍ਹਾਂ ਬੱਚੇ ਦੀ ਨਾਸਮਝੀ ਜਾਂ ਗਲਤ ਆਦਤ ਮੰਨਦੇ ਹਨ, ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦੈ ਕਿ ਬੱਚੇ ਦਾ ਬਿਸਤਰਾ ਗਿੱਲਾ ਕਰਨਾ ਉਸ ਦੀ ਗੰਦੀ ਆਦਤ ਦਾ ਨਤੀਜਾ ਨਹੀਂ, ਸਗੋਂ ਇਹ ਇਕ ਰੋਗ ਹੈ, ਜਿਸਦਾ ਇਲਾਜ ਕਰਵਾਉਣਾ ਜ਼ਰੂਰੀ ਹੈ।

ਕਾਰਨ

ਬੱਚੇ ਦਾ ਬਿਸਤਰੇ ‘ਤੇ ਪਿਸ਼ਾਬ ਕਰਨਾ ਬੀਮਾਰੀਆਂ ਦਾ ਕਾਰਨ ਹੋ ਸਕਦਾ ਹੈ, ਜਿਸ ਨੂੰ ਸ਼ੂਗਰ, ਪੇਟ ‘ਚ ਕੀੜੇ ਹੋਣਾ, ਨਰਵਸ ਸਿਸਟਮ ‘ਚ ਵਿਕਾਰ ਹੋਣਾ, ਪਿੱਠ ਜਾਂ ਰੀੜ੍ਹ ਦੀ ਹੱਡੀ ‘ਚ ਨੁਕਸ ਹੋਣਾ ਆਦਿ। ਉਸ ਦੀ ਮੂਤਰ ਪ੍ਰਣਾਲੀ ਅੰਦਰ ਪਿਸ਼ਾਬ ਨੂੰ ਰੋਕਣ ਦੀ ਤਾਕਤ ਘੱਟ ਹੁੰਦੀ ਹੈ। ਉਸ ਦੇ ਦਿਮਾਗ ‘ਚ ਚੇਤਨਾ ਜਾਗ੍ਰਿਤ ਨਹੀਂ ਹੁੰਦੀ, ਇਸ ਲਈ ਉਸ ਦਾ ਦਿਮਾਗ ਉਸ ਨੂੰ ਨਹੀਂ ਦੱਸ ਸਕਦਾ ਕਿ ਉਸ ਨੂੰ ਪਿਸ਼ਾਬ ਕਰਨ ਲਈ ਜਾਣਾ ਚਾਹੀਦੈ। ਨਾਲ ਹੀ ਉਸ ਦਾ ਨਾੜੀ ਤੰਤਰ ਵੀ ਕਮਜ਼ੋਰ ਹੁੰਦਾ ਹੈ, ਜਿਸ ਕਾਰਨ ਉਸ ਨੂੰ ਪਤਾ ਨਹੀਂ ਲੱਗਦਾ ਕਿ ਇਸ ਦੇ ਇਲਾਵਾ ਉਸ ਦੀ ਪਾਚਣ ਸ਼ਕਤੀ ‘ਚ ਖਰਾਬੀ ਵੀ ਇਸ ਦਾ ਕਾਰਨ ਹੋ ਸਕਦੀ ਹੈ।

ਜੇਕਰ ਵੱਡੀ ਉਮਰ ਦੇ ਬੱਚੇ ਬਿਸਤਰੇ ‘ਤੇ ਪਿਸ਼ਾਬ ਕਰਦੇ ਹਨ ਤਾਂ ਇਸ ਦਾ ਮੁੱਖ ਕਾਰਨ ਹੈ ਉਨ੍ਹਾਂ ਦੀਆਂ ਮਾਸਪੇਸ਼ੀਆਂ ‘ਚ ਕਮਜ਼ੋਰੀ ਅਤੇ ਸਰੀਰਕ ਕਮਜ਼ੋਰੀ। ਇਸ ਤੋਂ ਇਲਾਵਾ ਕੁਝ ਮਾਨਸਿਕ ਕਾਰਨ ਵੀ ਹੋ ਸਕਦੇ ਹਨ, ਜਿਵੇਂ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ‘ਤੇ ਉਸ ਦੇ ਦਿਲ-ਦਿਮਾਗ ‘ਤੇ ਇਸ ਦਾ ਡੂੰਘਾ ਅਸਰ ਪੈਣਾ, ਛੋਟੀ ਉਮਰ ‘ਚ ਮਾਤਾ-ਪਿਤਾ ਵਲੋਂ ਸਕੂਲ ਭੇਜਣ ‘ਤੇ ਮਾਂ ਤੋਂ ਦੂਰ ਰਹਿਣ ਕਾਰਨ ਉਸ ਦਾ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨਾ ਆਦਿ।

ਸਭ ਤੋਂ ਪਹਿਲਾਂ ਜਾਂਚ ਕਰਵਾ ਲੈਣੀ ਚਾਹੀਦੀ ਹੈ ਕਿ ਬੱਚਾ ਬਿਸਤਰੇ ‘ਤੇ ਪਿਸ਼ਾਬ ਕਿਉਂ ਕਰਦਾ ਹੈ? ਇਸ ਦਾ ਅਸਲ ਕਾਰਨ ਕੀ ਹੈ, ਇਹ ਜਾਣਨ ਪਿੱਛੋਂ ਉਸ ਦਾ ਇਲਾਜ ਕਰਨਾ ਚਾਹੀਦੈ।

ਜਿਹੜੇ ਬੱਚਿਆਂ ਨੂੰ ਬਿਸਤਰੇ ‘ਤੇ ਭਾਵ ਸੌਂਦੇ ਸਮੇਂ ਪਿਸ਼ਾਬ ਕਰਨ ਦੀ ਸਮੱਸਿਆ ਹੁੰਦੀ ਹੈ, ਉਹ ਅਕਸਰ ਗੂੜ੍ਹੀ ਨੀਂਦ ਸੌਂਦੇ ਹਨ। ਅਜਿਹੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਕਸਰ ਉਨ੍ਹਾਂ ਬਾਰੇ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਮੁਸ਼ਕਿਲ ਨਾਲ ਉੱਠਦੇ ਹਨ ਅਤੇ ਜਦੋਂ ਜਾਗਦੇ ਹਨ ਤਾਂ ਆਮ ਤੌਰ ‘ਤੇ ਬਹੁਤ ਬੇਚੈਨ ਹੁੰਦੇ ਹਨ, ਜਿਸ ਨਾਲ ਮੂਤਰ ਪ੍ਰਣਾਲੀ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਮਾਨਸਿਕ ਦਬਾਅ ਵੀ ਇਸ ਦਾ ਕਾਰਨ ਹੋ ਸਕਦਾ ਹੈ। ਆਮ ਤੌਰ ‘ਤੇ ਜਨਮ ਦੇ ਸਮੇਂ ਤੋਂ ਬਿਸਤਰੇ ‘ਤੇ ਪਿਸ਼ਾਬ ਕਰਨ ਵਾਲੇ ਬੱਚਿਆਂ ਲਈ ਇਹ ਕਾਰਨ ਅਹਿਮ ਨਹੀਂ ਹੈ। ਜੇਕਰ ਬੱਚੇ ਨੇ ਇਸ ਸਥਿਤੀ ‘ਤੇ ਕੰਟਰੋਲ ਕਰ ਲਿਆ ਹੋਵੇ ਅਤੇ ਉਸ ਨੂੰ ਦੁਬਾਰਾ ਇਸ ਸਮੱਸਿਆ ਨਾਲ ਜੂਝਣਾ ਪਏ ਤਾਂ ਮਾਨਸਿਕ ਦਬਾਅ ਜਾਂ ਸਰੀਰਕ ਕਮਜ਼ੋਰੀ ਵਰਗੇ ਕਾਰਨ ਇਸ ਦੇ ਲਈ ਜ਼ਿੰਮੇਵਾਰ ਹੋ ਸਕਦੇ ਹਨ।

ਕਿਹੋ ਜਿਹਾ ਹੋਵੇ ਮਾਤਾ-ਪਿਤਾ ਦਾ ਰਵੱਈਆ?

* ਜੇਕਰ ਤੁਹਾਡਾ ਬੱਚਾ ਬਿਸਤਰੇ ‘ਤੇ ਪਿਸ਼ਾਬ ਕਰਦਾ ਹੈ ਤਾਂ ਇਸ ਦੇ ਲਈ ਉਸ ਨੂੰ ਕੁੱਟਣਾ-ਮਾਰਨਾ ਜਾਂ ਝਿੜਕਣਾ ਨਹੀਂ ਚਾਹੀਦਾ।

* ਬੱਚੇ ਦੇ ਸਾਹਮਣੇ ਹੀ ਬਾਕੀ ਲੋਕਾਂ ਨਾਲ ਉਸ ਦੀ ਇਸ ਸਮੱਸਿਆ ਦਾ ਜ਼ਿਕਰ ਨਾ ਕਰੋ।

* ਇਸ ਡਰ ਨਾਲ ਕਿ ਬੱਚਾ ਰਾਤ ਨੂੰ ਬਿਸਤਰੇ ‘ਤੇ ਪਿਸ਼ਾਬ ਨਾ ਕਰੇ, ਉਸ ਨੂੰ ਸਾਰਾ ਦਿਨ ਪਿਆਸਾ ਨਾ ਰੱਖੋ। ਹਾਂ, ਸ਼ਾਮ ਨੂੰ ਪੰਜ ਵਜੇ ਤੋਂ ਉਸ ਨੂੰ ਤਰਲ ਪਦਾਰਥ, ਜਿਵੇਂ ਚਾਹ, ਕੌਫੀ ਆਦਿ ਨਾ ਦਿਓ ਕਿਉਂਕਿ ਅਜਿਹੇ ਤਰਲ ਪਦਾਰਥ ਮੂਤਰ ‘ਚ ਬਹੁਤ ਵਾਧਾ ਕਰਦੇ ਹਨ।

* ਕਦੇ ਵੀ ਉਸ ਦਾ ਮਜ਼ਾਕ ਨਾ ਉਡਾਓ ਅਤੇ ਨਾ ਹੀ ਦੂਜਿਆਂ ਨੂੰ ਅਜਿਹਾ ਕਰਨ ਦਿਓ।

* ਬੱਚੇ ਨੂੰ ਦੱਸੋ ਕਿ ਜਦੋਂ ਪਿਸ਼ਾਬ ਆਇਆ ਹੋਵੇ ਤਾਂ ਉਹ ਉੱਠੇ ਅਤੇ ਬਾਥਰੂਮ ਜਾ ਕੇ ਪਿਸ਼ਾਬ ਕਰਕੇ ਆਏ।

* ਉਸ ਨੂੰ ਦੱਸੋ ਕਿ ਜੇਕਰ ਉਹ ਰਾਤ ਤੋਂ ਲੈ ਕੇ ਸਵੇਰ ਤਕ ਦੌਰਾਨ ਪਿਸ਼ਾਬ ਨਹੀਂ ਕਰੇਗਾ, ਉਦੋਂ ਤਕ ਇਹ ਸਮੱਸਿਆ ਸੁਲਝ ਨਹੀਂ ਸਕਦੀ।

* ਇਸ ਦੇ ਲਈ ਰਾਤ ਨੂੰ ਨਾਈਟ ਬੱਲਬ ਜਗਾ ਕੇ ਰੱਖੋ।

* ਬਿਸਤਰੇ ‘ਤੇ ਬੱਚੇ ਦੇ ਜਾਣ ਤੋਂ ਪਹਿਲਾਂ ਉਸ ਨੂੰ ਪਿਸ਼ਾਬ ਜ਼ਰੂਰ ਕਰਵਾਓ। ਨਾਲ ਹੀ ਉਸ ਨੂੰ ਨੀਂਦ ਤੋਂ ਜਗਾ ਕੇ ਪਿਸ਼ਾਬ ਕਰਵਾਉਣ ਦਾ ਨਿਯਮ ਬਣਾ ਲਓ।

* ਜੇਕਰ ਬੱਚਾ ਮੁਸ਼ਕਿਲ ਨਾਲ ਜਾਂ ਫਿਰ ਬੇਚੈਨੀ ‘ਚ ਜਾਗਦਾ ਹੈ ਤਾਂ ਵੀ ਉਸ ਨੂੰ ਹਰ ਅੱਧੇ ਘੰਟੇ ਪਿੱਛੋਂ ਜਗਾਓ। ਹੌਲੀ-ਹੌਲੀ ਉਸ ਨੂੰ ਖੁਦ ਹੀ ਇਸ ਦੀ ਆਦਤ ਪੈ ਜਾਏਗੀ।

* ਦਿਮਾਗ ‘ਚ ਚੇਤਨਾ ਪੈਦਾ ਕਰਨ ਲਈ ਉਸ ਦੇ ਪਾਸਾ ਪਰਤਦਿਆਂ ਹੀ ਉਸ ਨੂੰ ਪਿਸ਼ਾਬ ਕਰਵਾਓ।

* ਇਸ ਦੇ ਲਈ ਅਲਾਰਮ ਘੜੀ ਦੀ ਵਰਤੋਂ ਕਰੋ। ਇਹ ਇਕ ਕਾਰਗਰ ਨੁਸਖਾ ਹੈ। ਰਾਤ ਨੂੰ ਬੱਚੇ ਦੇ ਸੌਣ ਦੇ ਸਮੇਂ ਦੇ ਤਿੰਨ ਘੰਟੇ ਬਾਅਦ ਦਾ ਅਲਾਰਮ ਲਗਾਓ। ਅਲਾਰਮ ਵੱਜਣ ‘ਤੇ ਬੱਚੇ ਦਾ ਬਿਸਤਰਾ ਚੈੱਕ ਕਰੋ। ਜੇਕਰ ਬੱਚਾ ਉੱਪਰ ਹੀ ਪਿਸ਼ਾਬ ਕਰ ਚੁੱਕਾ ਹੈ ਤਾਂ ਅਗਲੀ ਰਾਤ ਨੂੰ ਇਹ ਸਮਾਂ 15 ਮਿੰਟ ਘੱਟ ਕਰ ਦਿਓ। ਇਸ ਸਮੇਂ ਦੌਰਾਨ ਜੇਕਰ ਬਿਸਤਰਾ ਸੁੱਕਾ ਹੈ ਤਾਂ ਉਸ ਨੂੰ ਜਗਾ ਕੇ ਪੁੱਛੋ ਕਿ ਕੀ ਉਸ ਨੂੰ ਪਿਸ਼ਾਬ ਆਇਆ ਹੈ। ਹੌਲੀ-ਹੌਲੀ ਬੱਚਾ ਅਲਾਰਮ ਵੱਜਦਿਆਂ ਹੀ ਖੁਦ ਉੱਠ ਕੇ ਬਾਥਰੂਮ ਜਾਣ ਲੱਗੇਗਾ।

ਇਹ ਨੁਸਖਾ 2 ਤੋਂ 4 ਮਹੀਨਿਆਂ ਤਕ ਦੇ ਸਮੇਂ ‘ਚ ਹੀ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ, ਬਸ਼ਰਤੇ ਕਿ ਮਾਤਾ-ਪਿਤਾ ਬੱਚੇ ਦਾ ਪੂਰਾ ਸਾਥ ਦੇਣ ਅਤੇ ਉਸ ਨਾਲ ਪਿਆਰ ਨਾਲ ਪੇਸ਼ ਆਉਣ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 12.08.2011

Tuesday, August 2, 2011

ਬੱਚਿਆਂ ਨੂੰ ਦਿਓ ਚੰਗੇ ਸੰਸਕਾਰ - ਸੋਨੂੰ ਮਲਹੋਤਰਾ

ਕਈ ਵਾਰ ਦੇਖਣ 'ਚ ਆਇਆ ਹੈ ਕਿ ਮਾਤਾ-ਪਿਤਾ ਵਲੋਂ ਬੱਚਿਆਂ ਦੀ ਦੇਖਭਾਲ ਕਰਨ ਦੇ ਬਾਵਜੂਦ ਉਹ ਵਿਗੜ ਜਾਂਦੇ ਹਨ ਅਤੇ ਖ਼ਾਸ ਕਰਕੇ ਮਾਂ ਨੂੰ ਲੱਗਦਾ ਹੈ ਕਿ ਉਸ ਵਲੋਂ ਪਾਲਣ-ਪੋਸ਼ਣ 'ਚ ਕਿਤੇ ਕਮੀ ਰਹਿ ਗਈ ਹੈ। ਨੀਤੂ ਦੇ ਇਕ ਪੁੱਤਰ ਅਤੇ ਇਕ ਧੀ ਹਨ, ਜੋ ਵਧੀਆ ਪਬਲਿਕ ਸਕੂਲ ਵਿਚ ਪੜ੍ਹਦੇ ਹਨ, ਪਰ ਜਦੋਂ ਦੇਖੋ ਦੋਵੇਂ ਲੜਦੇ ਹੀ ਰਹਿੰਦੇ ਹਨ, ਜਿਵੇਂ ਕਿ ਇਕ-ਦੂਜੇ ਦੇ ਕੱਟੜ੍ਹ ਦੁਸ਼ਮਣ ਹੋਣ। ਲੜਾਈ 'ਚ ਉਹ ਇੰਨਾ ਸਮਾਂ ਬਿਤਾ ਦਿੰਦੇ ਹਨ ਕਿ ਪੜ੍ਹਨ ਵਿਚ ਵੀ ਉਨ੍ਹਾਂ ਦੀ ਦਿਲਚਸਪੀ ਖ਼ਤਮ ਹੁੰਦੀ ਜਾ ਰਹੀ ਹੈ।

ਨੀਤੂ ਦੀ ਹਰ ਵੇਲੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਦੋਵਾਂ ਵਿਚਾਲੇ ਪਿਆਰ ਅਤੇ ਸ਼ਾਂਤੀ ਕਾਇਮ ਰੱਖ ਸਕੇ। ਉਸ ਨੇ ਤਾਂ ਇਹ ਸੋਚ ਕੇ ਕਿ ਕਿਤੇ ਉਸ ਦੇ ਬੱਚਿਆਂ ਨੂੰ ਇੰਝ ਨਾ ਲੱਗੇ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਵੱਲ ਪੂਰਾ ਧਿਆਨ ਨਹੀਂ ਦਿੰਦੀ, ਉਸ ਨੇ ਨੌਕਰੀ ਛੱਡ ਦਿੱਤੀ। ਆਪਣਾ ਸਾਰਾ ਧਿਆਨ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਵਿਚ ਲਗਾਇਆ, ਪਰ ਅੱਜ ਉਹ ਸਿਰਫ਼ ਇਹ ਸੋਚਦੀ ਰਹਿੰਦੀ ਹੈ ਕਿ ਉਸ ਕੋਲੋਂ ਕਿੱਥੇ ਗਲਤੀ ਹੋ ਗਈ। ਕੀ ਤੁਸੀਂ ਵੀ ਅਜਿਹਾ ਮਹਿਸੂਸ ਕਰ ਰਹੇ ਹੋ। ਜੇਕਰ ਹਾਂ ਤਾਂ ਕੁਝ ਟਿੱਪਸ ਤੁਹਾਡੇ ਲਈ ਦਿੱਤੇ ਗਏ ਹਨ :

੦ ਬੱਚੇ ਨੂੰ ਹਰ ਵੇਲੇ ਆਰਡਰ ਦੇਣ ਦੀ ਕੋਸ਼ਿਸ਼ ਨਾ ਕਰੋ, ਜਿਵੇਂ ਕਿ ਜ਼ਿਆਦਾਤਰ ਮਾਵਾਂ ਕਰਦੀਆਂ ਨਜ਼ਰ ਆਉਂਦੀਆਂ ਹਨ, 'ਇੰਝ ਨਾ ਕਰ', 'ਠੀਕ ਤਰ੍ਹਾਂ ਬੈਠ', 'ਉਸ ਨਾਲ ਗੱਲ ਨਾ ਕਰ', 'ਜ਼ਿੱਦ ਨਾ ਕਰ' ਅਤੇ 'ਪੜ੍ਹ ਕਿਉਂ ਨਹੀਂ ਰਿਹਾ'। ਤੁਹਾਡੇ ਨਿਰਦੇਸ਼ਾਂ ਦੀ ਲਿਸਟ ਜਿੰਨੀ ਘੱਟ ਹੋਵੇ, ਓਨਾ ਹੀ ਚੰਗਾ ਹੈ, ਨਹੀਂ ਤਾਂ ਬੱਚਾ ਠੀਕ ਮਹਿਸੂਸ ਨਹੀਂ ਕਰੇਗਾ।

੦ ਬੱਚੇ ਨੂੰ ਚੰਗੀਆਂ ਗੱਲਾਂ ਸਮਝਾਉਣੀਆਂ ਜ਼ਰੂਰੀ ਹਨ, ਇਸ ਲਈ ਅਜਿਹਾ ਮੌਕਾ ਲੱਭੋ ਜਦੋਂ ਬੱਚਾ ਚੰਗੇ ਮੂਡ ਵਿਚ ਹੋਵੇ ਅਤੇ ਚੰਗੇ ਮੂਡ ਲਈ ਉਸ ਨੂੰ ਕਿਤੇ ਘੁੰਮਾਉਣ ਲਈ ਲੈ ਜਾਓ ਅਤੇ ਰਸਤੇ 'ਚ ਪਿਆਰ ਨਾਲ ਸਮਝਾਓ ਕਿ ਜੇਕਰ ਉਹ ਚੰਗੀਆਂ ਗੱਲਾਂ ਸਿੱਖੇਗਾ ਤਾਂ ਸਭ ਉਸ ਨੂੰ ਪਿਆਰ ਕਰਨਗੇ।

੦ ਆਪਣੇ ਬੱਚੇ ਦੀ ਬੁਰਾਈ ਕਦੇ ਵੀ ਉਸ ਦੇ ਦੋਸਤਾਂ ਸਾਹਮਣੇ ਨਾ ਕਰੋ, ਨਹੀਂ ਤਾਂ ਉਸ ਦੇ ਦੋਸਤ ਉਸ ਦਾ ਮਜ਼ਾਕ ਉਡਾਉਣਗੇ ਅਤੇ ਉਹ ਬੁਰਾ ਮਹਿਸੂਸ ਕਰੇਗਾ। ਇਸ ਤਰ੍ਹਾਂ ਉਹ ਤੁਹਾਡੇ 'ਤੇ ਆਪਣਾ ਗੁੱਸਾ ਵੀ ਕੱਢ ਸਕਦਾ ਹੈ।

੦ ਜੇਕਰ ਤੁਸੀਂ ਬੱਚੇ ਦੀ ਪੜ੍ਹਾਈ ਪ੍ਰਤੀ ਗੰਭੀਰ ਹੋ ਤਾਂ ਉਸ ਦੇ ਮਨੋਰੰਜਨ ਦਾ ਵੀ ਧਿਆਨ ਰੱਖੋ, ਉਸ ਨਾਲ ਕੋਈ ਗੇਮ ਖੇਡੋ। ਉਸ ਨੂੰ ਹਫ਼ਤੇ ਵਿਚ ਇਕ ਵਾਰ ਘੁੰਮਾਉਣ ਲਈ ਲੈ ਕੇ ਜਾਓ।

੦ ਜ਼ਿਆਦਾਤਰ ਬੱਚੇ ਉਠਣ ਵਿਚ ਪ੍ਰੇਸ਼ਾਨ ਕਰਦੇ ਹਨ ਅਤੇ ਤੁਸੀਂ ਵੀ ਖਿੱਝ ਕੇ ਉਨ੍ਹਾਂ ਨੂੰ ਕੀ-ਕੁਝ ਨਹੀਂ ਆਖ ਦਿੰਦੇ। ਸਵੇਰ ਵੇਲੇ ਬੱਚੇ ਨੂੰ ਪਿਆਰ ਨਾਲ ਉਠਾਉਣ ਦੀ ਕੋਸ਼ਿਸ਼ ਕਰੋ। ਸਵੇਰ ਦੀ ਸ਼ੁਰੂਆਤ ਹੀ ਜੇਕਰ ਤੁਸੀਂ ਝਿੜਕਾਂ ਨਾਲ ਕਰੋਗੇ ਤਾਂ ਬੱਚਾ ਵੀ ਖਿੱਝ ਜਾਵੇਗਾ।

੦ ਬੱਚੇ ਨਾਲ ਬਹੁਤ ਦੇਰ ਤੱਕ ਨਾਰਾਜ਼ ਨਾ ਰਹੋ ਅਤੇ ਇਕ ਦਿਨ ਦੀ ਨਾਰਾਜ਼ਗੀ ਨੂੰ ਅਗਲੇ ਦਿਨ ਤੱਕ ਖਿੱਚਣ ਦੀ ਕੋਸ਼ਿਸ਼ ਨਾ ਕਰੋ।

੦ ਬੱਚਿਆਂ ਵਿਚਾਲੇ ਵਿਤਕਰਾ ਬਿਲਕੁਲ ਨਾ ਕਰੋ। ਅਜਿਹਾ ਨਾ ਕਰੋ ਕਿ ਬੇਟੇ ਨੂੰ ਵਧੇਰੇ ਪਿਆਰ ਅਤੇ ਧੀ ਨੂੰ ਕੋਈ ਮਹੱਤਵ ਹੀ ਨਾ ਦਿੱਤਾ ਜਾਵੇ। ਇਸ ਤਰ੍ਹਾਂ ਉਨ੍ਹਾਂ ਦੇ ਆਪਸੀ ਰਿਸ਼ਤੇ 'ਚ ਕਟਵਾਹਟ ਪੈਦਾ ਹੋ ਜਾਵੇਗੀ, ਕਿਉਂਕਿ ਇਕ ਬੱਚੇ ਨੂੰ ਲੱਗੇਗਾ
ਕਿ ਤੁਸੀਂ ਬੱਚੇ ਕਾਰਨ ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਹੋ।

੦ ਕਦੇ ਵੀ ਇਕ ਬੱਚੇ ਦਾ ਗੁੱਸਾ ਦੂਜੇ 'ਤੇ ਨਾ ਕੱਢੋ।

੦ ਬੱਚਿਆਂ ਪ੍ਰਤੀ ਤੁਹਾਡਾ ਰਵੱਈਆ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਉਹ ਤੁਹਾਡੇ ਕੋਲੋਂ ਡਰਨ ਅਤੇ ਸਹਿਮੇ ਰਹਿਣ। ਅਜਿਹੇ ਡਰੇ-ਸਹਿਮੇ ਬੱਚਿਆਂ ਦਾ ਭਵਿੱਖ ਵੀ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਜਾਂ ਤਾਂ ਉਹ ਬਾਗੀ ਹੋ ਜਾਂਦੇ ਹਨ ਜਾਂ ਡਰਪੋਕ।

੦ ਮਾਤਾ-ਪਿਤਾ ਹਮੇਸ਼ਾ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਬੱਚਾ ਘੱਟ ਪੜ੍ਹਦਾ ਹੈ ਅਤੇ ਦੂਜਿਆਂ ਦੇ ਬੱਚੇ ਜ਼ਿਆਦਾ ਪੜ੍ਹਦੇ ਹਨ ਅਤੇ ਕੋਈ ਵੀ ਗੱਲ ਹੋਣ 'ਤੇ ਝੱਟ ਆਪਣੇ ਬੱਚੇ ਦੀ ਤੁਲਨਾ ਦੂਜਿਆਂ ਦੇ ਬੱਚਿਆਂ ਨਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਅਜਿਹਾ ਕਰਕੇ ਉਹ ਬੱਚਿਆਂ 'ਚ ਹੀਣਭਾਵਨਾ ਨੂੰ ਜਨਮ ਦਿੰਦੇ ਹਨ।

੦ ਬੱਚੇ ਸਕੂਲੋਂ ਘਰ ਪਹੁੰਚੇ ਨਹੀਂ ਕਿ ਟਿਊਸ਼ਨ ਟੀਚਰ ਉਨ੍ਹਾਂ ਨੂੰ ਉਡੀਕ ਕਰਦੀ ਨਜ਼ਰ ਆਉਂਦੀ ਹੈ। ਅਜਿਹਾ ਬਿਲਕੁਲ ਵੀ ਠੀਕ ਨਹੀਂ ਹੈ।

੦ ਬੱਚੇ ਨੂੰ ਆਰਾਮ ਲਈ ਥੋੜ੍ਹਾ ਸਮਾਂ ਜ਼ਰੂਰ ਦਿਓ ਅਤੇ ਲੋੜ ਪੈਣ 'ਤੇ ਹੀ ਉਸ 'ਤੇ ਟਿਊਸ਼ਨ ਦਾ ਬੋਝ ਪਾਓ।

੦ ਬੱਚਿਆਂ ਨੂੰ ਮਾਰ-ਧਾੜ ਵਾਲੀਆਂ ਫ਼ਿਲਮਾਂ ਘੱਟ ਦੇਖਣ ਦਿਓ, ਕਿਉਂਕਿ ਇਸ ਨਾਲ ਬੱਚਿਆਂ ਦੇ ਦਿਮਾਗ਼ 'ਤੇ ਬੁਰਾ ਅਸਰ ਪੈਂਦਾ ਹੈ। ਉਨ੍ਹਾਂ 'ਚ ਹਿੰਸਕ ਪ੍ਰਵਿਰਤੀ ਵੀ ਜਨਮ ਲੈ ਸਕਦੀ ਹੈ। ਉਨ੍ਹਾਂ ਨੂੰ ਸਿੱਖਿਆਦਾਇਕ ਕਾਮੇਡੀ ਜਾਂ ਕਾਰਟੂਨ ਫ਼ਿਲਮਾਂ ਦੇਖਣ ਲਈ ਪ੍ਰੇਰਿਤ ਕਰੋ।

੦ ਸ਼ੁਰੂ ਤੋਂ ਹੀ ਬੱਚਿਆਂ 'ਚ ਕਿਤਾਬਾਂ ਪੜ੍ਹਨ ਪ੍ਰਤੀ ਦਿਲਚਸਪੀ ਪੈਦਾ ਕਰੋ। ਉਨ੍ਹਾਂ ਨੂੰ ਚੰਗੀਆਂ-ਚੰਗੀਆਂ ਕਿਤਾਬਾਂ ਲਿਆ ਕੇ ਦਿਓ ਜੋ ਗਿਆਨ ਵਧਾਊ ਅਤੇ ਦਿਲਚਸਪ ਹੋਣ। ਇਸ ਤਰ੍ਹਾਂ ਉਨ੍ਹਾਂ ਦਾ ਮਨੋਰੰਜਨ ਵੀ ਹੋਵੇਗਾ ਅਤੇ ਗਿਆਨ ਵੀ ਵਧੇਗਾ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 25.03.2011

Thursday, July 28, 2011

ਬੱਚਿਆਂ ਨਾਲ ਵਕਤ ਗੁਜ਼ਾਰਨਾ ਹੈ ਸਮੇਂ ਦੀ ਮੰਗ - ਅਵਨੀਤ ਕੌਰ ਮਾਂਹਪੁਰ (ਪਤਨੀ ਹਰਪ੍ਰੀਤ ਮਾਂਹਪੁਰ)

ਜਿਥੇ ਅੱਜ ਅਸੀਂ ਆਪਣੀ ਭੱਜ-ਦੌੜ ਦੀ ਜ਼ਿੰਦਗੀ ਦੇ ਕੰਮਾਂ-ਕਾਰਾਂ ਵਿਚ ਰੁੱਝਦੇ ਜਾ ਰਹੇ ਹਾਂ, ਉਥੇ ਹੀ ਆਪਣੇ ਬੱਚਿਆਂ ਪ੍ਰਤੀ ਅਣਗਹਿਲੀ ਵਰਤਦੇ ਹੋਏ ਉਨ੍ਹਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬੱਚੇ ਜੋ ਭਵਿੱਖ ਦੇ ਵਾਰਸ ਹਨ, ਉਨ੍ਹਾਂ ਵੱਲ ਬਹੁਤ ਹੀ ਧਿਆਨ ਦੇਣ ਦੀ ਲੋੜ ਹੈ। ਸਾਨੂੰ ਆਪਣੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਮਾਤਾ-ਪਿਤਾ ਦੋਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਲਈ ਕੁਝ ਸਮਾਂ ਜ਼ਰੂਰ ਕੱਢਣ। ਬੱਚੇ ਨੂੰ ਏਨਾ ਲਾਪ੍ਰਵਾਹ ਵੀ ਨਾ ਬਣਾਓ ਕਿ ਉਹ ਤੁਹਾਡੀ ਇੱਜ਼ਤ ਕਰਨਾ ਹੀ ਭੁੱਲ ਜਾਵੇ। ਉਨ੍ਹਾਂ ਨੂੰ ਆਪਣੇ ਤੋਂ ਅਲੱਗ ਕਮਰੇ ਵਿਚ ਨਾ ਸੌਣ ਦਿਓ। ਉਨ੍ਹਾਂ ਦੀ ਹਰ ਇਕ ਆਦਤ ਵੱਲ ਧਿਆਨ ਦਿਓ ਕਿ ਕਿਤੇ ਤੁਹਾਡਾ ਬੱਚਾ ਬੁਰੀ ਸੰਗਤ ਵਿਚ ਤਾਂ ਨਹੀਂ ਪੈ ਰਿਹਾ। ਉਨ੍ਹਾਂ ਦੀ ਪੜ੍ਹਾਈ ਵੱਲ ਖਾਸ ਖਿਆਲ ਰੱਖੋ। ਉਨ੍ਹਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਟਾਈਮ ਟੇਬਲ ਬਣਾ ਲਓ ਤਾਂ ਕਿ ਤੁਹਾਡਾ ਬੱਚਾ ਕਿਸੇ ਵੀ ਗੱਲੋਂ ਅਣਗਹਿਲੀ ਨਾ ਵਰਤ ਜਾਵੇ। ਤੁਹਾਡਾ ਬੱਚਾ ਅਗਰ ਜਿੱਦੀ ਸੁਭਾਅ ਦਾ ਹੈ ਤਾਂ ਉਸ ਦਾ ਇਹ ਸੁਭਾਅ ਪਿਆਰ ਨਾਲ ਬਦਲ ਦਿਓ। ਉਸ ਦੀ ਹਰ ਇਕ ਇੱਛਾ ਪੂਰੀ ਨਾ ਕਰੋ, ਕਿਉਂਕਿ ਹਰ ਇਕ ਇੱਛਾ ਪੂਰੀ ਕਰਨ ਨਾਲ ਉਸ ਦਾ ਜਿੱਦੀਪਨ ਸੁਭਾਅ ਹੋਰ ਵੀ ਵਧ ਜਾਂਦਾ ਹੈ, ਜਿਸ ਦੇ ਨਤੀਜੇ ਬਹੁਤ ਹੀ ਘਾਤਕ ਸਿੱਧ ਹੋ ਸਕਦੇ ਹਨ।

ਬੱਚੇ ਦਾ ਜ਼ਿਆਦਾ ਧਿਆਨ ਪੜ੍ਹਾਈ ਵੱਲ, ਚੰਗੀਆਂ ਕਿਤਾਬਾਂ ਪੜ੍ਹਨ ਵੱਲ, ਚੰਗੀ ਸਿਹਤ ਤੇ ਚੰਗੀ ਸੰਗਤ ਕਰਨ ਵੱਲ ਲਗਾਓ। ਉਸ ਨੂੰ ਜ਼ਿਆਦਾ ਦੇਰ ਤੱਕ ਟੀ. ਵੀ. ਨਾ ਦੇਖਣ ਦਿਓ। ਹਰ ਰੋਜ਼ ਉਸ ਦਾ ਸਕੂਲ ਬੈਗ ਚੈੱਕ ਕਰਦੇ ਰਹੋ। ਉਸ ਨੂੰ ਹਰ ਰੋਜ਼ ਖਾਣ ਵਾਲੀ ਚੀਜ਼ ਨਾ ਲਿਆ ਕੇ ਦਿਓ। ਇਸ ਤਰ੍ਹਾਂ ਕਰਨ ਨਾਲ ਉਸ ਦੀ ਆਦਤ ਵਿਗੜ ਜਾਵੇਗੀ। ਜਿਸ ਦਿਨ ਤੋਂ ਉਸ ਨੂੰ ਚੀਜ਼ ਲਿਆਉਣੀ ਬੰਦ ਕਰ ਦਿਓਗੇ ਤਾਂ ਉਹ ਚੋਰੀ ਦੀ ਆਦਤ ਵੀ ਪਾ ਸਕਦਾ ਹੈ। ਬੱਚੇ ਨੂੰ ਜ਼ਿਆਦਾ ਮਾਰਨਾ ਜਾਂ ਘੂਰਨਾ ਨਹੀਂ ਚਾਹੀਦਾ। ਇਸ ਤਰ੍ਹਾਂ ਉਸ ਦਾ ਸੁਭਾਅ ਚਿੜਚਿੜਾ ਤੇ ਜਿੱਦੀ ਬਣ ਜਾਂਦਾ ਹੈ। ਉਸ ਦੇ ਮਨ ਵਿਚ ਤੁਹਾਡੇ ਪ੍ਰਤੀ ਪਿਆਰ ਦੀ ਭਾਵਨਾ ਘਟ ਜਾਂਦੀ ਹੈ, ਉਸ ਨੂੰ ਪਿਆਰ ਨਾਲ ਸਮਝਾਓ। ਬੱਚੇ ਨੂੰ ਕਿਸੇ ਚੀਜ਼ ਤੋਂ ਡਰਾਉਣਾ ਨਹੀਂ ਚਾਹੀਦਾ, ਉਸ ਨੂੰ ਨਿਡਰ ਤੇ ਦਲੇਰ ਬਣਾਉਣਾ ਚਾਹੀਦਾ ਹੈ। ਤੁਹਾਡੇ ਘਰ ਅਗਰ ਦੋ ਬੱਚੇ ਹਨ ਤਾਂ ਉਨ੍ਹਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਬੱਚੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੇ ਰਹੋ, ਜਿਨ੍ਹਾਂ ਨਾਲ ਉਨ੍ਹਾਂ ਨੂੰ ਚੰਗੇ ਬਣਨ ਦੀ ਪ੍ਰੇਰਨਾ ਮਿਲਦੀ ਰਹੇ।

ਉਨ੍ਹਾਂ ਨੂੰ ਪਿਕਨਿਕ 'ਤੇ ਲੈ ਕੇ ਜਾਂਦੇ ਰਹੋ। ਹਰ ਇਕ ਤਿਉਹਾਰ ਦੇ ਪੁਰਾਤਨ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹੋ। ਕਈ ਬੱਚੇ ਅਕਸਰ ਦੂਜਿਆਂ ਨੂੰ ਮਿਲਣ ਸਮੇਂ ਸ਼ਰਮਾਉਂਦੇ ਹਨ। ਉਨ੍ਹਾਂ ਦੀ ਇਹ ਸ਼ਰਮਾਉਣ ਦੀ ਆਦਤ ਨੂੰ ਪਿਆਰ ਨਾਲ ਦੂਰ ਕਰ ਦਿਓ। ਬੱਚਿਆਂ ਨੂੰ ਵੱਡਿਆਂ ਦਾ ਆਦਰ ਅਤੇ ਛੋਟਿਆਂ ਨਾਲ ਪਿਆਰ ਕਰਨਾ ਸਿਖਾਓ। ਅਗਰ ਤੁਹਾਡੇ ਦੋ ਜੌੜੇ ਬੱਚੇ ਹਨ ਤਾਂ ਇਕ ਬੱਚੇ ਦਾ ਪਾਲਣ-ਪੋਸ਼ਣ ਕਰਨ ਲਈ ਉਸ ਨੂੰ ਰਿਸ਼ਤੇਦਾਰੀ ਵਿਚ ਨਾ ਛੱਡੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਬੱਚੇ ਦੇ ਪਿਆਰ ਤੋਂ ਅਧੂਰੇ ਤਾਂ ਰਹੋਗੇ ਹੀ, ਨਾਲ ਹੀ ਬੱਚੇ ਦੇ ਮਨ ਵਿਚ ਡਰ, ਟੈਨਸ਼ਨ ਤੇ ਵਿਤਕਰੇ ਦੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ।

ਬੱਚੇ ਨੂੰ ਸਵੇਰੇ-ਸ਼ਾਮ ਗੁਰਬਾਣੀ ਨਾਲ ਵੀ ਜੋੜਦੇ ਰਹੋ। ਬੱਚੇ ਤੋਂ ਉਸ ਦੀ ਉਮਰ ਦੇ ਹਿਸਾਬ ਨਾਲ ਥੋੜ੍ਹਾ ਕੰਮ ਵੀ ਕਰਵਾਉਂਦੇ ਰਹੋ। ਬੱਚੇ ਦੇ ਮਨ ਵਿਚ ਆਤਮ-ਵਿਸ਼ਵਾਸ ਦੀਆਂ ਭਾਵਨਾਵਾਂ ਨੂੰ ਕੁੱਟ-ਕੁੱਟ ਕੇ ਭਰ ਦਿਓ। ਸਾਡੀ ਥੋੜ੍ਹੀ ਜਿਹੀ ਅਣਗਹਿਲੀ ਸਾਡੇ ਭਵਿੱਖ ਨੂੰ ਵਿਗਾੜ ਵੀ ਸਕਦੀ ਹੈ ਤੇ ਸਾਡੀ ਜ਼ਿੰਮੇਵਾਰੀ ਸਾਡੇ ਭਵਿੱਖ ਨੂੰ ਉੱਚੀਆਂ ਬੁਲੰਦੀਆਂ 'ਤੇ ਪਹੁੰਚਾ ਸਕਦੀ ਹੈ। ਇਹ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨਵੀਂ ਪੀੜ੍ਹੀ ਨੂੰ ਕਿਸ ਰਸਤੇ ਪਹੁੰਚਾਉਣ ਦੀ ਸਿੱਖਿਆ ਦੇਣੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਬੱਚਿਆਂ ਦਾ ਪੋਲਣ-ਪੋਸ਼ਣ ਇਸ ਤਰ੍ਹਾਂ ਕਰੀਏ ਕਿ ਇਹ ਸਾਡਾ ਨਾਂਅ ਰਹਿੰਦੀ ਦੁਨੀਆ ਤੱਕ ਰੁਸ਼ਨਾ ਸਕਣ। ਅਗਰ ਅਸੀਂ ਆਪਣੀ ਭੱਜ-ਨੱਠ ਭਰੀ ਜ਼ਿੰਦਗੀ ਵਿਚੋਂ ਥੋੜ੍ਹਾ ਸਮਾਂ ਆਪਣੇ ਬੱਚਿਆਂ ਲਈ ਕੱਢ ਕੇ ਇਨ੍ਹਾਂ ਸਭ ਗੱਲਾਂ 'ਤੇ ਗੌਰ ਕਰੀਏ ਤਾਂ 'ਅੱਜ ਦੇ ਬੱਚੇ, ਕੱਲ੍ਹ ਦੇ ਨੇਤਾ' ਅਨੁਸਾਰ ਅਸੀਂ ਆਪਣੇ ਹੱਥੀਂ ਲਾਏ ਬੂਟੇ ਦੀ ਛਾਂ ਮਾਣ ਸਕਾਂਗੇ, ਅਰਥਾਤ ਸਾਡਾ ਬੁਢਾਪਾ ਸੁਖੀ ਅਤੇ ਸੁਰੱਖਿਅਤ ਹੋਵੇਗਾ।
ਪਿੰਡ ਮਾਂਹਪੁਰ (ਜੌੜੇਪੁਲ),
ਡਾਕ: ਜਰਗ, ਤਹਿ: ਪਾਇਲ (ਲੁਧਿਆਣਾ)-141415
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 15.07.2011

Sunday, July 24, 2011

ਬੱਚਿਆਂ ਦੀਆਂ ਬੀਮਾਰੀਆਂ ‘ਚ ਹੌਸਲਾ ਨਾ ਛੱਡੋ - ਡਾ. ਪ੍ਰਵੀਨ ਗੁਪਤਾ

ਬੱਚੇ ਪ੍ਰਮਾਤਮਾ ਦੀਆਂ ਸਭ ਤੋਂ ਖੂਬਸੂਰਤ ਰਚਨਾਵਾਂ ‘ਚੋਂ ਇਕ ਹੁੰਦੇ ਹਨ। ਇਹ ਜਿੰਨੇ ਪਿਆਰੇ ਹੁੰਦੇ ਹਨ, ਓਨੇ ਹੀ ਨਾਜ਼ੁਕ ਵੀ ਹੁੰਦੇ ਹਨ। ਇਸ ਲਈ ਬੱਚਿਆਂ ਦੇ ਬੀਮਾਰ ਹੁੰਦਿਆਂ ਹੀ ਮਾਤਾ-ਪਿਤਾ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉਡ ਜਾਂਦੀ ਹੈ। ਜਦੋਂ ਬੱਚੇ ਬੀਮਾਰ ਹੁੰਦੇ ਹਨ ਤਾਂ ਮਾਤਾ-ਪਿਤਾ ਹੌਸਲਾ ਛੱਡ ਦਿੰਦੇ ਹਨ ਅਤੇ ਜਾਣੇ-ਅਣਜਾਣੇ ਕਈ ਇਲਾਜ ਕਰਨ ਲੱਗਦੇ ਹਨ ਪਰ ਤੁਸੀਂ ਉਨ੍ਹਾਂ ਦੀ ਬੀਮਾਰੀ ‘ਚ ਹੌਸਲਾ ਨਾ ਛੱਡੋ ਸਗੋਂ ਸਮਝ ਨਾਲ ਕੰਮ ਲਓ ਅਤੇ ਆਪਣੇ ਨੰਨ੍ਹੇ-ਮੁੰਨੇ ਦੀ ਪਿਆਰ ਨਾਲ ਦੇਖਭਾਲ ਕਰੋ ਤਾਂ ਉਹ ਛੇਤੀ ਹੀ ਤੰਦਰੁਸਤ ਹੋ ਕੇ ਚਹਿਕਣ ਲੱਗੇਗਾ। ਆਓ ਜਾਣੀਏ ਬੱਚਿਆਂ ਦੀਆਂ ਕੁਝ ਸਾਧਾਰਨ ਬੀਮਾਰੀਆਂ ‘ਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਬੁਖਾਰ ਅਤੇ ਝਟਕੇ ਆਉਣਾ
ਕਈ ਵਾਰ ਤੇਜ਼ ਬੁਖਾਰ ‘ਚ ਬੱਚੇ ਨੂੰ ਝਟਕੇ ਆਉਣੇ ਸ਼ੁਰੂ ਹੋ ਜਾਂਦੇ ਹਨ। ਉਸ ਦੇ ਚਿਹਰੇ ‘ਤੇ ਨੀਲਾਪਣ ਆ ਜਾਂਦਾ ਹੈ, ਅੱਖਾਂ ਘੁੰਮਣ ਲੱਗਦੀਆਂ ਹਨ ਅਤੇ ਹੱਥ-ਪੈਰ ਜ਼ੋਰ-ਜ਼ੋਰ ਨਾਲ ਕੰਬਣ ਲੱਗਦੇ ਹਨ। ਇਕ ਸਾਲ ਤੋਂ ਵਧੇਰੀ ਉਮਰ ਦੇ ਅਤੇ ਖਾਸਕਰ ਦੋ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ‘ਚ ਇਹ ਵਧੇਰੇ ਦੇਖਿਆ ਜਾਂਦਾ ਹੈ। ਇਸ ਦਾ ਕਾਰਨ ਹੈ ਕਿ ਇਸ ਉਮਰ ‘ਚ ਬੱਚਿਆਂ ਦਾ ਦਿਮਾਗ ਵਧੇ ਹੋਏ ਤਾਪਮਾਨ ਨੂੰ ਸਹਿਣ ਨਹੀਂ ਕਰਦਾ।

ਗਲਾ, ਕੰਨ, ਛਾਤੀ ਜਾਂ ਮੂਤਰ-ਮਾਰਗ ਦੀ ਇਨਫੈਕਸ਼ਨ ਤੇਜ਼ ਬੁਖਾਰ ਅਤੇ ਝਟਕਿਆਂ ਲਈ ਮੁੱਖ ਰੂਪ ‘ਚ ਜ਼ਿੰਮੇਵਾਰ ਹੁੰਦੀ ਹੈ ਪਰ ਇਨ੍ਹਾਂ ਝਟਕਿਆਂ ਦਾ ਇਹ ਅਰਥ ਨਹੀਂ ਹੈ ਕਿ ਅਗਾਂਹ ਚੱਲ ਕੇ ਬੱਚੇ ਨੂੰ ਮਿਰਗੀ ਜਾਂ ਫਿਟ ਦੀ ਬੀਮਾਰੀ ਹੋ ਜਾਵੇਗੀ। ਬੱਚੇ ਨੂੰ ਝਟਕੇ ਆਉਣ ‘ਤੇ ਆਪਣਾ ਮਾਨਸਿਕ ਸੰਤੁਲਨ ਨਾ ਗੁਆਓ। ਬਹੁਤ ਜ਼ਿਆਦਾ ਘਬਰਾ ਜਾਣ ਜਾਂ ਹੜਬੜੀ ਕਰਨ ਨਾਲ ਫਾਇਦਾ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਬੱਚੇ ਦੇ ਆਲੇ-ਦੁਆਲਿਓਂ ਤਿੱਖੀਆਂ ਚੀਜ਼ਾਂ ਪਾਸੇ ਕਰ ਦਿਓ ਤਾਂ ਕਿ ਬੱਚੇ ਨੂੰ ਉਨ੍ਹਾਂ ਤੋਂ ਨੁਕਸਾਨ ਨਾ ਹੋਵੇ।

ਬੱਚੇ ਦੇ ਮੂੰਹ ਅੰਦਰ ਕੁਝ ਵੀ ਪਾਉਣ ਦੀ ਕੋਸ਼ਿਸ਼ ਨਾ ਕਰੋ। ਝਟਕੇ ਘਟਣ ਪਿੱਛੋਂ ਉਸ ਨੂੰ ਇਕ ਪਾਸੇ ਗਰਦਨ ਪਰਨੇ ਲੇਟਣ ਦਿਓ। ਜਿਵੇਂ ਹੀ ਝਟਕੇ ਘੱਟ ਜਾਣ, ਬੱਚੇ ਨੂੰ ਕੋਲ ਲਿਆ ਕੇ ਉਸ ਨੂੰ ਹੌਸਲਾ ਦਿਓ ਕਿਉਂਕਿ ਬੱਚਾ ਡਰ ਅਤੇ ਸਹਿਮ ਜਾਂਦਾ ਹੈ। ਉਸ ਦਾ ਤਾਪਮਾਨ ਨੋਟ ਕਰੋ। ਉਸ ਪਿੱਛੋਂ ਉਸ ਦੇ ਸਰੀਰ ਨੂੰ ਠੰਡਕ ਪਹੁੰਚਾਉਣ ਦੇ ਉਪਾਅ ਕਰੋ। ਉਸ ਦੇ ਕੱਪੜੇ ਢਿੱਲੇ ਕਰ ਦਿਓ, ਕਮਰੇ ਦੀਆਂ ਖਿੜਕੀਆਂ ਖੋਲ੍ਹ ਦਿਓ। ਪੱਖਾ ਚਲਾ ਦਿਓ ਅਤੇ ਉਸ ਨੂੰ ਪੀਣ ਲਈ ਕੋਈ ਠੰਡੀ ਚੀਜ਼ ਦਿਓ। ਜੇਕਰ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਹੋਵੇ ਤਾਂ ਉਸ ਨੂੰ ਠੰਡੇ ਪਾਣੀ ਦੇ ਨਾਲ ਹੇਠਾਂ ਖੜ੍ਹਾ ਕਰਕੇ ਉਸ ਦੇ ਸਰੀਰ ਨੂੰ ਪੂੰਝਦੇ ਰਹੋ। ਜਦੋਂ ਬੱਚਾ ਖੁਦ ਨੂੰ ਤੰਦਰੁਸਤ ਮਹਿਸੂਸ ਕਰਨ ਲੱਗੇ ਤਾਂ ਡਾਕਟਰ ਦੀ ਸਲਾਹ ਲਓ, ਉਸ ਨੂੰ ਬੱਚੇ ਦੇ ਤਾਪਮਾਨ ਦੀ ਸੂਚਨਾ ਦਿਓ। ਜੇਕਰ ਡਾਕਟਰ ਨੂੰ ਆਉਣ ‘ਚ ਦੇਰ ਹੋ ਜਾਵੇ ਤਾਂ ਉਸ ਨੂੰ ਕਰੋਸਿਨ ਜਾਂ ਕਾਲਪੋਲ ਦੀ ਅੱਧੀ ਗੋਲੀ ਦੇ ਦਿਓ।

ਜਦੋਂ ਵੀ ਬੱਚੇ ਨੂੰ ਬੁਖਾਰ ਹੋਵੇ ਤਾਂ ਇਹੀ ਕੋਸ਼ਿਸ਼ ਕਰੋ ਕਿ ਬੱਚੇ ਦੇ ਸਰੀਰ ਅਤੇ ਆਲੇ-ਦੁਆਲੇ ਦਾ ਤਾਪਮਾਨ ਘੱਟ ਕੀਤਾ ਜਾ ਸਕੇ। ਜੇਕਰ ਕੂਲਰ ਹੋਵੇ ਤਾਂ ਉਸ ਨੂੰ ਚਲਾ ਕੇ ਬੱਚੇ ਨੂੰ ਉਸ ਅੱਗੇ ਲਿਟਾਉਣਾ ਚਾਹੀਦਾ ਹੈ ਪਰ ਉਸ ਉੱਪਰ ਕੋਈ ਕੱਪੜਾ ਨਹੀਂ ਦੇਣਾ ਚਾਹੀਦਾ। ਯਾਦ ਰੱਖੋ ਕਿ ਅਜਿਹੀ ਸਥਿਤੀ ਦੇਖਣ ‘ਚ ਬੜੀ ਗੰਭੀਰ ਲੱਗਦੀ ਹੈ ਪਰ ਜੇਕਰ ਸ਼ਾਂਤ ਦਿਮਾਗ ਤੋਂ ਕੰਮ ਲਿਆ ਜਾਵੇ ਤਾਂ ਇਸ ਨਾਲ ਆਸਾਨੀ ਨਾਲ ਨਜਿੱਠਿਆ ਜਾ ਸਕਦਾ ਹੈ।

ਗੈਸਟ੍ਰੋ
ਅਸਲ ‘ਚ ਇਹ ਪਾਚਨ ਤੰਤਰ ‘ਚ ਇਨਫੈਕਸ਼ਨ ਹੋਣ ਕਾਰਨ ਹੁੰਦੀ ਹੈ। ਇਸ ਦੇ ਲੱਛਣ ਅਚਾਨਕ ਨਜ਼ਰ ਆਉਂਦੇ ਹਨ ਜਦੋਂ ਬੱਚੇ ਨੂੰ ਉਲਟੀ, ਦਸਤ ਅਤੇ ਪੇਟ ਦਰਦ ਹੋਣ ਲੱਗਦਾ ਹੈ। ਅਜਿਹੇ ‘ਚ ਅਕਸਰ ਹਲਕਾ ਬੁਖਾਰ ਹੋ ਜਾਣਾ ਵੀ ਆਮ ਗੱਲ ਹੈ।

ਅਜਿਹੀ ਸਥਿਤੀ ‘ਚ ਬੱਚੇ ਦੇ ਸਰੀਰ ‘ਚੋਂ ਪਾਣੀ ਅਤੇ ਲੋੜੀਂਦੇ ਤੱਤਾਂ ਦੀ ਬੇਹੱਦ ਕਮੀ ਹੋ ਸਕਦੀ ਹੈ ਜੋ ਘਾਤਕ ਸਿੱਧ ਹੋ ਸਕਦੀ ਹੈ। ਇਸ ਲਈ ਆਪਣੇ ਡਾਕਟਰ ਨਾਲ ਤੁਰੰਤ ਸੰਪਰਕ ਕਰੋ। ਇਸ ਦੌਰਾਨ ਬੱਚੇ ਨੂੰ ਨਮਕ ਵਾਲਾ ਨਿੰਬੂ ਦਾ ਸ਼ਰਬਤ ਜਾਂ ਸਿਰਫ ਨਮਕ ਜਾਂ ਖੰਡ ਮਿਲਾ ਕੇ ਪਿਲਾਉਂਦੇ ਰਹੋ।

ਪਾਚਨ ਤੰਤਰ ਨੂੰ 24 ਤੋਂ 48 ਘੰਟਿਆਂ ਦਾ ਆਰਾਮ ਦੇਣਾ ਹੀ ਇਲਾਜ ਦਾ ਮੁੱਖ ਟੀਚਾ ਹੈ। ਇਸ ਦੇ ਲਈ ਉਸ ਨੂੰ ਸਿਰਫ ਤਰਲ ਪਦਾਰਥ ਦੇਣਾ ਚਾਹੀਦਾ ਹੈ। ਜੇਕਰ ਬੱਚਾ ਉਲਟੀ ਕਾਰਨ ਇਹ ਸਭ ਲੈਣ ਤੋਂ ਸਮਰੱਥ ਨਾ ਹੋਵੇ ਤਾਂ ਸਲਾਈਨ ਰਾਹੀਂ ਸਿੱਧਾ ਖੂਨ ‘ਚ ਲੋੜੀਂਦੇ ਤਰਲ ਪਦਾਰਥਾਂ ਦੀ ਪੂਰਤੀ ਕਰਨੀ ਪੈਂਦੀ ਹੈ। ਅਜਿਹੇ ਲੱਛਣ ਘੱਟ ਹੁੰਦਿਆਂ ਹੀ ਉਸ ਨੂੰ ਸਾਦਾ ਖਾਣਾ ਦੇਣਾ ਸ਼ੁਰੂ ਕਰੋ।

ਬੱਚੇ ਦਾ ਸਰੀਰ ਠੰਡਾ ਪੈਣਾ
ਇਹ ਇਕ ਗੰਭੀਰ ਸਥਿਤੀ ਹੁੰਦੀ ਹੈ ਜਦੋਂ ਬੱਚੇ ਦੇ ਸਰੀਰ ਦਾ ਤਾਪਮਾਨ ਅਚਾਨਕ ਘੱਟ ਜਾਂਦਾ ਹੈ। ਸਾਧਾਰਨ ਤਾਪਮਾ 98.4 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ। ਛੇ ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਰੀਰ ‘ਚ ਤਾਪਮਾਨ ਨੂੰ ਕੰਟੋਰਲ ਕਰਨ ਵਾਲੀ ਤੰਤਰ ਪ੍ਰਣਾਲੀ ਵਿਕਸਿਤ ਨਹੀਂ ਹੁੰਦੀ, ਇਸ ਲਈ ਉਹ ਜ਼ਰਾ ਵੀ ਠੰਡ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਛੋਟੇ ਬੱਚਿਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ।

ਇਸ ‘ਚ ਬੱਚਿਆਂ ਦੀ ਚਮੜੀ ਗੁਲਾਬੀ ਜਾਂ ਹਲਕੀ ਨੀਲੀ ਪੈ ਜਾਂਦੀ ਹੈ, ਸਰੀਰ ਦਾ ਹਰ ਹਿੱਸਾ ਠੰਡਾ ਜਾਪਦਾ ਹੈ, ਬੱਚਾ ਚੁੱਪ ਅਤੇ ਹਲਕੀ ਖੁਮਾਰੀ ਜਾਂ ਨਸ਼ੇ ਦੀ ਸਥਿਤੀ ‘ਚ ਨਜ਼ਰ ਆਉਂਦਾ ਹੈ। ਉਸ ਦੇ ਸਰੀਰ ਦਾ ਤਾਪਮਾਨ 95 ਡਿਗਰੀ ਫਾਰਨਹੀਟ ਤੋਂ ਘੱਟ ਜਾਂਦਾ ਹੈ।

ਇਸ ਸਥਿਤੀ ‘ਚ ਤੁਰੰਤ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ। ਉਦੋਂ ਤਕ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤੋ। ਜਿਸ ਕਮਰੇ ‘ਚ ਬੱਚਾ ਹੋਵੇ, ਉਸ ਦਾ ਤਾਪਮਾਨ ਵਧਾਉਣ ਦੀ ਕੋਸ਼ਿਸ਼ ਕਰੋ, ਰੂਮ ਹੀਟਰ ਜਾਂ ਅੰਗੀਠੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੱਚੇ ਨੂੰ ਕੋਈ ਗਰਮ ਚੀਜ਼ ਪਿਲਾਓ, ਉਸ ਨੂੰ ਆਪਣੇ ਸਰੀਰ ਨਾਲ ਲਗਾ ਕੇ ਗਰਮਾਹਟ ਦੇਣ ਦੀ ਕੋਸ਼ਿਸ਼ ਕਰੋ।

ਬੱਚੇ ਨੂੰ ਕੰਬਲ ਜਾਂ ਰਜਾਈ ‘ਚ ਢਕਣ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਸਰੀਰ ਦੇ ਅੰਦਰੋਂ ਠੰਡ ਬਾਹਰ ਨਹੀਂ ਨਿਕਲ ਸਕੇਗੀ। ਨਾ ਹੀ ਉਸ ਨੂੰ ਗਰਮ ਪਾਣੀ ਜਾਂ ਥੈਲੀ ਜਾਂ ਬੋਤਲ ਨਾਲ ਸੇਕ ਦਿਓ। ਇਸ ਨਾਲ ਉਸ ਦੀ ਨਾਜ਼ੁਕ ਚਮੜੀ ਸੜ ਵੀ ਸਕਦੀ ਹੈ। ਬੱਚੇ ਦੇ ਹੱਥਾਂ-ਪੈਰਾਂ ਦੀਆਂ ਤਲੀਆਂ ਨੂੰ ਪੋਲੀ-ਪੋਲੀ ਮਾਲਿਸ਼ ਕਰੋ।

ਸੁੱਕਾ ਰੋਗ ਜਾਂ ਰਿਕੇਟਸ
ਇਸ ਬੀਮਾਰੀ ‘ਚ ਹੱਡੀਆਂ ਦਾ ਸਾਧਾਰਨ ਵਿਕਾਸ ਨਹੀਂ ਹੁੰਦਾ ਅਤੇ ਉਹ ਕਮਜ਼ੋਰ ਹੋ ਜਾਂਦੀਆਂ ਹਨ। ਇਸ ਦਾ ਮੁੱਖ ਕਾਰਨ ਸਰੀਰ ‘ਚ ਵਿਟਾਮਿਨ-ਡੀ ਦੀ ਕਮੀ ਹੋਣਾ ਹੈ। ਬੱਚਾ ਚਿੜਚਿੜਾ ਹੋ ਜਾਂਦਾ ਹੈ ਅਤੇ ਉਸ ਦਾ ਸਰੀਰਕ ਵਿਕਾਸ ਨਹੀਂ ਹੁੰਦਾ। ਖੁਰਾਕ ‘ਚ ਪੂਰੀ ਮਾਤਰਾ ‘ਚ ਵਿਟਾਮਿਨ-ਡੀ ਦਾ ਹੋਣਾ ਇਸ ਬੀਮਾਰੀ ਦੀ ਪੂਰੀ ਤਰ੍ਹਾਂ ਰੋਕਥਾਮ ਕਰ ਸਕਦਾ ਹੈ। ਇਹ ਭੋਜਨ ਅਤੇ ਸੂਰਜ ਦੀ ਰੋਸ਼ਨੀ ਤੋਂ ਮਿਲ ਸਕਦਾ ਹੈ। ਮਾਂ ਦੇ ਦੁੱਧ ‘ਚ ਵੀ ਭਰਪੂਰ ਮਾਤਰਾ ‘ਚ ਵਿਟਾਮਿਨ-ਡੀ ਨਹੀਂ ਹੁੰਦਾ, ਇਸ ਲਈ ਜੋ ਬੱਚੇ ਪੂਰੀ ਤਰ੍ਹਾਂ ਮਾਂ ਦੇ ਦੁੱਧ ‘ਤੇ ਹੀ ਨਿਰਭਰ ਹੋਣ, ਉਨ੍ਹਾਂ ਨੂੰ ਵਿਟਾਮਿਨ-ਡੀ ਯੁਕਤ ਦਵਾਈ ਦੀਆਂ ਕੁਝ ਬੂੰਦਾਂ ਰੋਜ਼ਾਨਾ ਦੇਣੀਆਂ ਚਾਹੀਦੀਆਂ ਹਨ। ਜੋ ਬੱਚੇ ਠੋਸ ਖੁਰਾਕ ਲੈਂਦੇ ਹੋਣ, ਉਨ੍ਹਾਂ ਨੂੰ ਮੱਖਣ, ਆਂਡੇ ਅਤੇ ਮੱਛੀ ਤੋਂ ਬਣੇ ਪਦਾਰਥ ਦੇਣੇ ਚਾਹੀਦੇ ਹਨ, ਜਿਸ ‘ਚ ਇਹ ਭਰਪੂਰ ਮਾਤਰਾ ‘ਚ ਹੁੰਦਾ ਹੈ।

ਧੁੱਪ ਦੀਆਂ ਕਿਰਨਾਂ ਨਾਲ ਸਰੀਰ ਦੇ ਅੰਦਰ ਵਿਟਾਮਿਨ-ਡੀ ਬਣਨ ‘ਚ ਮਦਦ ਮਿਲਦੀ ਹੈ ਇਸ ਲਈ ਬੱਚਿਆਂ ਨੂੰ ਹਲਕੀ ਧੁੱਪ ‘ਚ ਅੱਧਾ ਘੰਟਾ ਬਿਠਾਉਣਾ ਲਾਭਦਾਇਕ ਹੁੰਦਾ ਹੈ।

ਬੱਚਿਆਂ ‘ਚ ਭੈਂਗਾਪਣ ਜਾਂ ਟੇਢਾ ਦੇਖਣਾ
ਹਰ ਨਵਜੰਮਿਆ ਬੱਚਾ ਭੈਂਗਾ ਦੇਖਦਾ ਹੈ। ਇਹ ਸਥਿਤੀ ਲੱਗਭਗ ਤਿੰਨ ਮਹੀਨਿਆਂ ਤਕ ਬਣੀ ਰਹਿੰਦੀ ਹੈ ਇਸ ਲਈ ਛੇ ਮਹੀਨੇ ਦੀ ਉਮਰ ਪਿੱਛੋਂ ਵੀ ਬੱਚੇ ਦੀਆਂ ਅੱਖਾਂ ਦਾ ਟੇਢਾਪਣ ਬਣਿਆ ਰਹੇ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਅੱਖਾਂ ਦੀ ਹਲਚਲ ਨੂੰ ਕੰਟਰੋਲ ਕਰਨ ਵਾਲੀਆਂ ਮਾਸਪੇਸ਼ੀਆਂ ਵਿਚਾਲੇ ਤਾਲਮੇਲ ਦੀ ਘਾਟ ਕਾਰਨ ਪੈਦਾ ਹੋਈ ਸਥਿਤੀ ਹੁੰਦੀ ਹੈ। ਦੂਜਾ ਕਾਰਨ ਦੂਰ ਜਾਂ ਕੋਲ ਦੀਆਂ ਚੀਜ਼ਾਂ ਪ੍ਰਤੀ ਪੈਦਾ ਹੋਈ ਨਜ਼ਰ ਦੀ ਕਮਜ਼ੋਰੀ ਵੀ ਹੋ ਸਕਦੀ ਹੈ।

ਭੈਂਗੇਪਣ ਦਾ ਇਲਾਜ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਹੈ, ਇਸ ਲਈ ਜ਼ਰੂਰੀ ਹੈ ਕਿ ਵਿਕਾਸ ਵੇਲੇ ਜੇਕਰ ਬੱਚੇ ਦਾ ਦਿਮਾਗ ਇਕੋ ਚੀਜ਼ ਦੇ ਦੋ ਅਕਸ ਦੇਖਦਾ ਹੈ ਤਾਂ ਅਗਾਂਹ ਚੱਲ ਕੇ ਇਹ ਸਥਿਤੀ ਉਸ ‘ਚ ਭੁਲੇਖਾਪਾਊ ਕਲਪਨਾਵਾਂ ਪੈਦਾ ਕਰਵਾ ਸਕਦੀ ਹੈ। ਇਸ ਬੀਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ। ਜੇਕਰ ਰੋਗ ਸ਼ੁਰੂਆਤੀ ਪੜਾਅ ‘ਚ ਹੋਵੇ ਤਾਂ ਸਰਜਰੀ ਦੀ ਲੋੜ ਪੈ ਸਕਦੀ ਹੈ।

ਸਰੀਰ ‘ਤੇ ਲਾਲ ਰੰਗ ਦੇ ਦਾਣੇ ਹੋਣਾ
ਇਹ ਸਥਿਤੀ ਬੱਚੇ ਦੇ ਜਨਮ ਤੋਂ ਕੁਝ ਹਫਤਿਆਂ ਪਿੱਛੋਂ ਨਜ਼ਰ ਆਉਂਦੀ ਹੈ। ਇਸ ‘ਚ ਸਰੀਰ ਦੇ ਵੱਖ-ਵੱਖ ਅੰਗਾਂ ‘ਤੇ ਲਾਲ ਰੰਗ ਦੇ ਉਭਰੇ ਹੋਏ ਦਾਣੇ ਨਜ਼ਰ ਆਉਂਦੇ ਹਨ। ਇਨ੍ਹਾਂ ਦੇ ਆਕਾਰ ‘ਚ ਹੌਲੀ-ਹੌਲੀ ਵਾਧਾ ਹੁੰਦਾ ਹੈ ਅਤੇ 6 ਤੋਂ 9 ਮਹੀਨਿਆਂ ਦੀ ਉਮਰ ਤਕ ਇਹ ਕਾਫੀ ਵੱਡੇ ਨਜ਼ਰ ਆਉਣ ਲੱਗਦੇ ਹਨ। ਇਨ੍ਹਾਂ ਲਈ ਕਿਸੇ ਇਲਾਜ ਦੀ ਲੋੜ ਨਹੀਂ ਹੈ। ਬੱਚੇ ਦੀ ਸਕੂਲ ਜਾਣ ਦੀ ਉਮਰ ਤਕ ਇਹ ਧੱਬੇ ਆਪਣੇ ਆਪ ਹਲਕੇ ਹੋਣ ਲੱਗਦੇ ਹਨ ਅਤੇ ਪੂਰੀ ਤਰ੍ਹਾਂ ਗਾਇਬ ਹੋ ਜਾਂਦੇ ਹਨ। ਸਿਰਫ ਉਨ੍ਹਾਂ ਬੱਚਿਆਂ ‘ਚ, ਜਿਨ੍ਹਾਂ ‘ਚ ਉਮਰ ਦੇ ਸੱਤ-ਅੱਠ ਸਾਲਾਂ ਪਿੱਛੋਂ ਵੀ ਇਹ ਦਾਗ ਰਹਿੰਦੇ ਹਨ, ਇਲਾਜ ਦੀ ਲੋੜ ਪੈਂਦੀ ਹੈ।

ਬੱਚਿਆਂ ਦੇ ਪੈਰ ਦਾ ਟੇਢਾ ਹੋਣਾ
ਜਨਮ ਵੇਲੇ ਬੱਚੇ ਦੇ ਪੈਰ ਅੰਦਰ ਵੱਲ ਮੁੜੇ ਹੋਏ ਨਜ਼ਰ ਆਉਂਦੇ ਹਨ। ਬੱਚੇ ਦੇ ਪੈਰ ਨੂੰ ਦਿਨ ‘ਚ ਤਿੰਨ-ਚਾਰ ਵਾਰ ਗੋਲਾਈ ‘ਚ ਘੁਮਾਓ, ਪੈਰਾਂ ਦੀ ਹਲਕੀ ਮਾਲਸ਼ ਨਾਲ ਵੀ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਤਾਂ ਕਿ ਜੇਕਰ ਕਿਸੇ ਹੋਰ ਪ੍ਰਕਿਰਿਆ ਦੀ ਲੋੜ ਹੋਵੇ ਤਾਂ ਉਹ ਕੀਤੀ ਜਾ ਸਕੇ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 06.05.2011

Friday, July 22, 2011

ਬੱਚਿਆਂ ‘ਚ ਜਮਾਂਦਰੂ ਦਿਲ ਦੇ ਰੋਗ ਦਾ ਖਤਰਾ - ਡਾ. ਸੀਤੇਸ਼ ਕੁਮਾਰ ਦਿਵੇਦੀ

ਬਚਪਨ ਖਤਰੇ ‘ਚ ਹੈ। ਭਾਰਤ ‘ਚ ਦੁਨੀਆ ਦੇ 60 ਫੀਸਦੀ ਦਿਲ ਦੇ ਮਰੀਜ਼ ਹਨ। ਅਜਿਹੇ ‘ਚ ਆਉਣ ਵਾਲੀ ਪੀੜ੍ਹੀ ਨੂੰ ਦਿਲ ਦੇ ਰੋਗਾਂ ਤੋਂ ਬਚਾਉਣਾ ਇਕ ਵੱਡੀ ਚੁਣੌਤੀ ਹੈ। ਇਥੇ ਹਰ ਸੌ ‘ਚੋਂ ਇਕ ਬੱਚਾ ਜਨਮ ਤੋਂ ਹੀ ਦਿਲ ਦੇ ਰੋਗ ਤੋਂ ਪੀੜਤ ਹੁੰਦਾ ਹੈ, ਜਿਸ ਕਾਰਨ 25 ਹਜ਼ਾਰ ਬੱਚਿਆਂ ਦੀ ਪਹਿਲੇ ਸਾਲ ਦੌਰਾਨ ਹੀ ਬਿਨਾਂ ਇਲਾਜ ਦੇ ਮੌਤ ਹੋ ਜਾਂਦੀ ਹੈ। ਜਨਮ ਤੋਂ ਹੀ ਦਿਲ ਦੀ ਖਰਾਬੀ, ਨੁਕਸ ਜਾਂ ਕਮੀ ਨੂੰ ਦਿਲ ਦਾ ਜਮਾਂਦਰੂ ਰੋਗ ਕਿਹਾ ਜਾਂਦਾ ਹੈ। ਇਨ੍ਹਾਂ ‘ਚੋਂ ਕੁਝ ਬੱਚਿਆਂ ਦੇ ਦਿਲ ‘ਚ ਛੇਕ ਹੁੰਦਾ ਹੈ। ਕੁਝ ਦੇ ਦਿਲ ਦੇ ਵਾਲਵ ‘ਚ ਸਮੱਸਿਆ ਹੁੰਦੀ ਹੈ। ਉਥੇ ਹੀ ਕੁਝ ਦੇ ਦਿਲ ਦੀਆਂ ਦੋਹਾਂ ਆਰਟਰੀ ਵਿਚਾਲੇ ਦੀਵਾਰ ਨਹੀਂ ਹੁੰਦੀ। ਕੁਝ ਬੱਚਿਆਂ ਦੀਆਂ ਧਮਨੀਆਂ ‘ਚ ਸਮੱਸਿਆ ਹੁੰਦੀ ਹੈ, ਜਿਸ ਨਾਲ ਇਨ੍ਹਾਂ ਬੱਚਿਆਂ ਦਾ ਸਰੀਰ ਨੀਲਾ ਹੋ ਜਾਂਦਾ ਹੈ। ਕਈ ਵਾਰ ਤਾਂ ਇਹ ਨੁਕਸ ਇੰਨੇ ਛੋਟੇ ਹੁੰਦੇ ਹਨ ਕਿ ਬੱਚਾ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬਿਨਾਂ ਪ੍ਰੇਸ਼ਾਨੀ ਦੇ ਕੱਢ ਲੈਂਦਾ ਹੈ, ਨਹੀਂ ਤਾਂ ਕੁਝ ਜਨਮ ਤੋਂ ਹੀ ਦਿਲ ਰੋਗ ਇੰਨੇ ਗੰਭੀਰ ਹੁੰਦੇ ਹਨ ਕਿ ਬੱਚੇ ਦੀ ਜ਼ਿੰਦਗੀ ਜਨਮ ਲੈਂਦਿਆਂ ਹੀ ਖਤਰੇ ‘ਚ ਪੈ ਜਾਂਦੀ ਹੈ।

ਇਥੇ ਜਨਮ ਤੋਂ ਹੀ ਦਿਲ ਦੇ ਨੁਕਸ ਵਾਲੇ ਬੱਚਿਆਂ ‘ਚੋਂ 30 ਹਜ਼ਾਰ ਬੱਚਿਆਂ ਨੂੰ ਆਪਣੀ ਉਮਰ ਦੇ ਪਹਿਲੇ ਸਾਲ ਦੌਰਾਨ ਹੀ ਸਰਜਰੀ ਦੀ ਲੋੜ ਪੈਂਦੀ ਹੈ। ਇਹ ਗਿਣਤੀ ਸਾਲਾਨਾ ਹੁੰਦੀ ਹੈ, ਜਿਨ੍ਹਾਂ ‘ਚੋਂ ਸਿਰਫ 5 ਹਜ਼ਾਰ ਬੱਚਿਆਂ ਦਾ ਹੀ ਇਲਾਜ ਹੁੰਦਾ ਹੈ, ਜਦਕਿ ਬਾਕੀ ਦੇ 25 ਹਜ਼ਾਰ ਬੱਚਿਆਂ ਨੂੰ ਇਲਾਜ ਨਾ ਮਿਲ ਸਕਣ ਕਾਰਨ ਬਚਾਇਆ ਨਹੀਂ ਜਾ ਸਕਦਾ। ਇਥੇ ਹਰ ਸਾਲ ਪੰਜ ਲੱਖ ਅਜਿਹੇ ਬੱਚੇ ਪੈਦਾ ਹੁੰਦੇ ਹਨ ਜੋ ਬਲੱਡ ਸਰਕੂਲੇਸ਼ਨ ਦੀ ਖਰਾਬੀ, ਸਪਾਇਨ ਅਤੇ ਸਿਰ ਦੀ ਖਰਾਬੀ, ਦਿਲ ਦੀ ਬੀਮਾਰੀ, ਸਕਿੱਲ ਸੈੱਲ ਡਿਜ਼ੀਜ਼ ਅਤੇ ਮੈਟਾਬੋਲਿਕ ਡਿਸਆਰਡਰ ਤੋਂ ਪੀੜਤ ਹੁੰਦੇ ਹਨ, ਜੋ ਜਨਮ ਪਿੱਛੋਂ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਸਕਦੇ ਭਾਵ ਅਪਾਹਜਪਣ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਨਹੀਂ ਹੋ ਸਕਦਾ। ਇਹ ਖਾਨਦਾਨੀ ਰੋਗ ਅਖਵਾਉਂਦੇ ਹਨ। ਜਮਾਂਦਰੂ ਹੋਣ ਵਾਲੇ ਰੋਗਾਂ ‘ਚ ਨਿਊਰਲ ਟਿਊਬ ਡਿਫੈਕਟ, ਡਾਊਨ ਸਿੰਡ੍ਰੋਮ, ਥੈਲੇਸੀਮੀਆ, ਦਿਲ ਰੋਗ, ਕਲੈਪਟ ਲਿਪਸ ਅਤੇ ਪਲੇਟ ਹੁੰਦੇ ਹਨ। ਇਨ੍ਹਾਂ ‘ਚੋਂ ਜਨਮ ਤੋਂ ਹੀ ਦਿਲ ਦੇ ਰੋਗ ਤੋਂ ਪੀੜਤ ਹੋਣ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਵਧੇਰੇ ਹੁੰਦੀ ਹੈ।

ਦਿਲ ਦੇ ਜਮਾਂਦਰੂ ਰੋਗਾਂ ਦੇ ਕਾਰਨ
ਦਿਲ ਦਾ ਵਿਕਾਸ ਗਰਭ ਵਿਚਲੇ ਬੱਚੇ ਅੰਦਰ ਗਰਭਧਾਰਨ ਦੇ 22 ਦਿਨ ਭਾਵ ਤਿੰਨ ਹਫਤਿਆਂ ਪਿੱਛੋਂ ਹੋਣ ਲੱਗਦਾ ਹੈ। ਪਹਿਲਾਂ ਇਹ ਇਕ ਟਿਊਬ ਵਰਗੇ ਆਕਾਰ ਦਾ ਹੁੰਦਾ ਹੈ। 22 ਤੋਂ 28 ਦਿਨਾਂ ‘ਚ ਇਹ ਨਲੀ ਵਰਗੀ ਟਿਊਬ ਦਿਲ ਵਰਗਾ ਆਕਾਰ ਲੈਣ ਲੱਗਦੀ ਹੈ। ਦਿਲ ਦੇ ਵਿਕਾਸ ਦੀ ਇਸ ਅਵਸਥਾ ‘ਚ ਉਸ ਦੀ ਸੰਰਚਨਾ ‘ਚ ਕਿਤੇ ਕਮੀ ਰਹਿ ਜਾਂਦੀ ਹੈ। ਇਹੀ ਕਮੀ ਜਾਂ ਵਿਕਾਰ ਦਿਲ ਦਾ ਰੋਗ ਅਖਵਾਉਂਦਾ ਹੈ।

ਦਿਲ ਚਾਰ ਹਿੱਸਿਆਂ ‘ਚ ਵੰਡਿਆ ਹੁੰਦਾ ਹੈ। ਇਸ ਦੇ ਅੰਦਰ ਚਾਰ ਵਾਲਵ ਹੁੰਦੇ ਹਨ, ਜੋ ਆਪਸ ਵਿਚ ਜੁੜ ਹੁੰਦੇ ਹਨ। ਇਹ ਲਗਾਤਾਰ ਗਤੀਸ਼ੀਲ ਰਹਿੰਦੇ ਹਨ। ਲੈਅਬੱਧ ਧੜਕਦੇ ਰਹਿੰਦੇ ਹਨ। ਸਰੀਰ ਦੇ ਖਰਾਬ ਖੂਨ ਨੂੰ ਇਕੱਠਾ ਕਰਕੇ ਸਾਫ ਕਰਕੇ ਅਤੇ ਆਕਸੀਜਨ ਮਿਲਾ ਕੇ ਇਹ ਦੁਬਾਰਾ ਸਰੀਰ ਨੂੰ ਭੇਜਦੇ ਹਨ। ਜਨਮ ਤੋਂ ਹੀ ਦਿਲ ਦੇ ਰੋਗ ਦੀ ਸਥਿਤੀ ‘ਚ ਇਹੀ ਕੰਮ ਠੀਕ ਨਹੀਂ ਹੁੰਦਾ ਅਤੇ ਬੱਚੇ ਦਾ ਜੀਵਨ ਜੋਖਿਮ ‘ਚ ਪੈ ਜਾਂਦਾ ਹੈ। ਦਿਲ ਦੇ ਨਿਰਮਾਣ ਦੌਰਾਨ ਹੀ ਗਰਭ ਅੰਦਰ ਇਹ ਖਰਾਬੀ ਆ ਜਾਂਦੀ ਹੈ। ਇਸ ਦਾ ਸਪੱਸ਼ਟ ਕਾਰਨ ਅਜੇ ਤਕ ਪਤਾ ਨਹੀਂ ਲੱਗ ਸਕਿਆ।

* ਮੁੱਖ ਰੂਪ ’ਚ ਇਹ ਜੈਨੇਟਿਕ ਕਾਰਨਾਂ ਕਰਕੇ ਖਾਨਦਾਨੀ ਹੁੰਦਾ ਹੈ।

* ਗਰਭ ਅਵਸਥਾ ਦੌਰਾਨ ਮਾਤਾ ਨੂੰ ਰੂਬੇਲਾ ਜਰਮਨ ਖਸਰਾ ਨਾਮੀ ਬੀਮਾਰੀ ਹੋਣ ‘ਤੇ ਇਹ ਹੋ ਸਕਦਾ ਹੈ।

* ਗਰਭ ਅਵਸਥਾ ਦੌਰਾਨ ਸ਼ਰਾਬ, ਸਿਗਰਟ ਆਦਿ ਨਸ਼ੇ ਦੇ ਸੇਵਨ ਨਾਲ ਇਹ ਹੋ ਸਕਦਾ ਹੈ।

* ਗਰਭ ਅਵਸਥਾ ‘ਚ ਖਸਰੇ ਜਾਂ ਅਲਟਰਾਸਾਊਂਡ ਕਰਵਾਉਣ ਨਾਲ ਇਹ ਹੋ ਸਕਦਾ ਹੈ।

* ਗਰਭ ਅਵਸਥਾ ਦੇ ਤੀਜੇ ਮਹੀਨੇ ਕੁਝ ਦਵਾਈਆਂ ਦੇ ਬੁਰੇ ਅਸਰ ਨਾਲ ਇਹ ਹੋ ਸਕਦਾ ਹੈ।

* ਗਰਭਵਤੀ ਨੂੰ ਸ਼ੂਗਰ, ਥਾਇਰਾਈਡ ਹੋਣ ‘ਤੇ ਇਹ ਹੋ ਸਕਦਾ ਹੈ।

* ਗਰਭਵਤੀ ਦਾ ਬਹੁਤ ਭਾਰੀ ਜਾਂ ਮੋਟੀ ਹੋਣਾ ਵੀ ਇਸ ਦਾ ਕਾਰਨ ਬਣ ਸਕਦਾ ਹੈ।

ਦਿਲ ਦੇ ਜਮਾਂਦਰੂ ਰੋਗ ਦੇ ਲੱਛਣ
ਖੂਨ ਦਾ ਰੰਗ ਨੀਲਾ ਪੈ ਜਾਂਦਾ ਹੈ। ਜੀਭ, ਨਹੁੰ, ਬੁੱਲ੍ਰ, ਸਰੀਰ ਆਦਿ ਨੀਲਾ ਦਿਸਦਾ ਹੈ। ਕਾਹਲੀ-ਕਾਹਲੀ ਸਾਹ ਲੈਂਦਾ ਹੈ। ਭੁੱਖ ‘ਚ ਕਮੀ ਰਹਿੰਦੀ ਹੈ। ਭਾਰ ਨਹੀਂ ਵਧਦਾ, ਦੁੱਧ ਪੀਣ ਵੇਲੇ ਪਸੀਨਾ ਆਉਂਦਾ ਹੈ, ਦਿਲ ਦੀ ਧੜਕਨ ਅਸਾਧਾਰਨ ਰਹਿੰਦੀ ਹੈ। ਵਾਰ-ਵਾਰ ਸਾਹ ‘ਚ ਇਨਫੈਕਸ਼ਨ ਹੁੰਦੀ ਹੈ। ਬੱਚਾ ਥੱਕਿਆ-ਥੱਕਿਆ ਜਿਹਾ ਅਤੇ ਸੁਸਤ ਰਹਿੰਦਾ ਹੈ। ਬੇਹੋਸ਼ ਹੋ ਜਾਂਦਾ ਹੈ।

ਦਿਲ ਦੇ ਜਮਾਂਦਰੂ ਰੋਗ ਤੋਂ ਬਚਾਅ
ਗਰਭਵਤੀ ਔਰਤ ਦਾ ਭਾਰ, ਮੋਟਾਪਾ, ਸ਼ੂਗਰ, ਥਾਇਰਾਇਡ ਕੰਟਰੋਲ ‘ਚ ਹੋਵੇ। ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਾ ਕਰੇ। ਗਰਭਵਤੀ ਸਮੇਂ-ਸਮੇਂ ‘ਤੇ ਜਾਂਚ ਕਰਵਾਏ। ਗਰਭ ਅਵਸਥਾ ‘ਚ ਕੋਈ ਵੀ ਦਵਾਈ ਡਾਕਟਰ ਦੀ ਸਲਾਹ ‘ਤੇ ਹੀ ਲਓ। ਪਤੀ-ਪਤਨੀ ਗਰਭਧਾਰਨ ਦੌਰਾਨ ਮੈਡੀਕਲ ਚੈੱਕਅੱਪ ਜ਼ਰੂਰ ਕਰਵਾਉਣ। ਸਹੀ ਉਮਰ ‘ਚ ਗਰਭਧਾਰਨ ਕਰਕੇ ਪ੍ਰਸੂਤ ਪਿੱਛੋਂ ਬੱਚੇ ਦੀ ਪੂਰੀ ਜਾਂਚ ਕਰਾਓ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 22.07.2011

ਬੱਚਿਆਂ ਦੇ ਦੰਦਾਂ ਸੰਬੰਧੀ ਜਾਣਕਾਰੀ - ਡਾ. ਹਰਸ਼ਿੰਦਰ ਕੌਰ

ਬੱਚਾ ਮਾਂ ਦੇ ਢਿੱਡੋਂ ਬਾਹਰ ਆਉਣ ਲਈ 9 ਮਹੀਨੇ ਦਾ ਵਕਤ ਲੈਂਦਾ ਹੈ ਪਰ ਇਕ ਨਿੱਕਾ ਜਿਹਾ ਦੰਦ ਮਸੂੜ੍ਹਿਆਂ ਤੋਂ ਬਾਹਰ ਆਉਣ ਲਈ ਇਸ ਤੋਂ ਵੀ ਵੱਧ ਵਕਤ ਲੈ ਲੈਂਦਾ ਹੈ। ਤੁਸੀਂ ਹੈਰਾਨ ਜ਼ਰੂਰ ਹੋਵੋਗੇ, ਜੇ ਮੈਂ ਇਹ ਦੱਸਾਂ ਕਿ ਜਦੋਂ ਬੱਚਾ 8 ਮਹੀਨਿਆਂ ਦਾ ਹੋ ਕੇ ਕੋਈ ਨਿੱਕੀ ਜਿਹੀ ਦੰਦੀ ਕੱਢਦਾ ਹੈ ਤਾਂ ਲੋਕ ਖੁਸ਼ੀ ਮਨਾਉਣ ਲਈ ਖੋਪਾ ਤੋੜਦੇ ਹਨ ਪਰ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਮਾਂ ਦੇ ਢਿੱਡ ਵਿਚ ਜਦੋਂ ਉਹ ਤਿੰਨਾਂ ਮਹੀਨਿਆਂ ਦਾ ਸੀ ਤਾਂ ਇਹ ਦੰਦੀ ਬਣਨੀ ਸ਼ੁਰੂ ਹੋ ਗਈ ਸੀ। ਇਸੇ ਤਰ੍ਹਾਂ ਪਹਿਲੀ ਪੱਕੀ ਦੰਦੀ, ਜੋ 8 ਸਾਲਾਂ ਦੀ ਉਮਰ ਵਿਚ ਮਸੂੜ੍ਹੇ ਤੋਂ ਬਾਹਰ ਨਿਕਲ ਕੇ ਆਪਣਾ ਪਿਆਰਾ ਦਰਸ਼ਨ ਦੇਂਦੀ ਹੈ,ਉਹ ਬੱਚੇ ਦੇ ਮਸੂੜ੍ਹੇ ਅੰਦਰ ਉਦੋਂ ਬਣਨੀ ਸ਼ੁਰੂ ਹੋ ਜਾਂਦੀ ਹੈ, ਜਦੋਂ ਉਹ ਅਜੇ ਚਾਰ ਮਹੀਨਿਆਂ ਦਾ ਹੁੰਦਾ ਹੈ। ਕੁਦਰਤ ਬੱਚੇ ਦੇ ਦੰਦ ਏਨੀ ਮਿਹਨਤ ਤੇ ਕਾਰੀਗਰੀ ਨਾਲ ਘੜਦੀ ਹੈ ਕਿ ਉਸ ਦੇ ਮਰਨ ਤੋਂ ਹਜ਼ਾਰਾਂ ਸਾਲ ਬਾਅਦ ਵੀ ਮਿੱਟੀ ਵਿਚ ਦੱਬੀ ਇਹ ਦੰਦੀ ਸਾਬਤ-ਸਬੂਤ ਮਿਲ ਜਾਂਦੀ ਹੈ।

ਤੁਸੀਂ ਕਹੋਗੇ ਕਿ ਜੇ ਇਹ ਦੰਦ ਏਨੇ ਪੱਕੇ ਹੁੰਦੇ ਹਨ ਤਾਂ ਬੱਚਿਆਂ ਦੇ ਦੰਦ ਖਾਧੇ ਕਿਵੇਂ ਜਾਂਦੇ ਹਨ? ਉਨ੍ਹਾਂ ਵਿਚ ਮੋਰੀਆਂ ਕਿਵੇਂ ਹੋ ਜਾਂਦੀਆਂ ਹਨ? ਜਦੋਂ ਕੁਝ ਖਾ-ਪੀ ਕੇ ਚੂਲੀ ਨਾ ਕੀਤੀ ਜਾਵੇ ਤਾਂ ਖਾਣੇ ਦੀ ਦੰਦਾਂ ਦੇ ਵਿਚਕਾਰ ਫਸੀ ਰਹਿੰਦ-ਖੂੰਹਦ ਨੂੰ ਮੂੰਹ ਅੰਦਰ ਵਸਦੇ ਕੀਟਾਣੂ ਟੁੱਟ ਕੇ ਪੈ ਜਾਂਦੇ ਹਨ ਤੇ ਆਪਣਾ ਢਿੱਡ ਭਰ ਕੇ ਜੋ ਰਸ ਉਹ ਪੈਦਾ ਕਰਦੇ ਹਨ, ਉਸ ਨਾਲ ਦੰਦਾਂ ਦੀ ਬਾਹਰਲੀ ਪੱਕੀ ਪਰਤ ਗਲਣ ਲੱਗ ਪੈਂਦੀ ਹੈ ਤੇ ਹੌਲੀ-ਹੌਲੀ ਦੰਦ ਖੁਰ ਜਾਂਦਾ ਹੈ। ਜਿਹੜਿਆਂ ਦੰਦਾਂ ਨੂੰ ਹਜ਼ਾਰਾਂ ਸਾਲਾਂ ਵਿਚ ਮਿੱਟੀ ਨਹੀਂ ਖਾ ਸਕਦੀ, ਉਨ੍ਹਾਂ ਨੂੰ ਅੱਖਾਂ ਨਾਲ ਨਾ ਦਿਸਣ ਵਾਲੇ ਕੀਟਾਣੂ ਖੋਰ ਕੇ ਰੱਖ ਦਿੰਦੇ ਹਨ। ਸਪੱਸ਼ਟ ਹੈ ਕਿ ਮੋਤੀਆਂ ਵਰਗੇ ਦੰਦਾਂ ਨੂੰ ਬਚਾਉਣਾ ਹੋਵੇ ਤਾਂ ਬੱਚੇ ਨੂੰ ਹਰ ਖੁਰਾਕ ਤੋਂ ਬਾਅਦ ਚੂਲੀ ਕਰਨ ਤੇ ਜੇ ਹੋ ਸਕੇ ਤਾਂ ਫਲੋਰਾਈਡ ਵਾਲੀ ਪੇਸਟ ਨਾਲ ਬਰੱਸ਼ ਕਰਨ ਦੀ ਚੰਗੀ ਆਦਤ ਪਾ ਸਕਦੇ ਹੋ। ਕੱਚੇ ਦੰਦ ਸਿਰਫ਼ 20 ਹੁੰਦੇ ਹਨ 10 ਉਪਰਲੇ ਜਬਾੜੇ ਦੇ ਤੇ 10 ਹੇਠਲੇ ਜਬਾੜੇ ਦੇ। ਪੱਕੇ ਦੰਦਾਂ ਦੀ ਗਿਣਤੀ 32 ਹੁੰਦੀ ਹੈ : 16 ਉਪਰ ਤੇ 16 ਹੇਠਾਂ। ਜਿਸ ਵੇਲੇ ਦੰਦ ਬਣ ਰਹੇ ਹੁੰਦੇ ਹਨ, ਜੇ ਕਿਸੇ ਦੰਦ ਦੇ ਵਿਕਾਸ ਵਿਚ ਕੋਈ ਨੁਕਸ ਜਾਂ ਵਿਘਨ ਪੈ ਜਾਵੇ ਤਾਂ ਉਹ ਦੰਦ ਬਾਅਦ ਵਿਚ ਠੀਕ ਨਹੀਂ ਹੋ ਸਕਦਾ।

ਇਹ ਨੁਕਸ ਜਾਂ ਵਿਘਨ ਪੈ ਜਾਂਦੇ ਹਨ ਕੁਝ ਬੀਮਾਰੀਆਂ ਕਰ ਕੇ, ਜਿਵੇਂ :

1) ਗੁਰਦੇ ਫੇਲ ਹੋਣ ਨਾਲ ਦੰਦ ਦੀ ਬਾਹਰਲੀ ਪਰਤ ਉਤੇ ਧੱਬੇ ਪੈ ਸਕਦੇ ਹਨ।

2) ਜੇ ਨਵੇਂ ਜੰਮੇ ਬੱਚੇ ਦਾ ਜਬਾੜਾ ਪੂਰਾ ਨਾ ਬਣਿਆ ਹੋਵੇ ਤਾਂ ਉਸ ਬਚੇ ਹੋਏ ਹਿੱਸੇ ਵਿਚ ਦੰਦ ਉੱਗਦੇ ਨਹੀਂ।

3) ਜੇ ਬੱਚਾ ਕੁੱਖ ‘ਚੋਂ ਆਤਸ਼ਕ ਦੀ ਬੀਮਾਰੀ ਲੈ ਕੇ ਪੈਦਾ ਹੋਇਆ ਹੋਵੇ ਤਾਂ ਦੰਦ ਬੇਢੰਗੇ ਹੋ ਜਾਂਦੇ ਹਨ।

4) ਦਿਮਾਗੀ ਰੋਗ ਕਾਰਨ, ਜਿਸ ਵਿਚ ਬੱਚਾ ਵਾਰ-ਵਾਰ ਡਿੱਗਦਾ ਹੈ ਤੇ ਆਪਣੇ-ਆਪ ਨੂੰ ਸੰਭਾਲ ਨਹੀਂ ਸਕਦਾ ਜਾਂ ਸੱਟ ਲੱਗਣ ਦੇ ਕਾਰਨ ਬਣ ਰਹੇ ਦੰਦ ਦੀ ਜੜ੍ਹ ਪੱਕੇ ਤੌਰ ‘ਤੇ ਖਰਾਬ ਹੋ ਸਕਦੀ ਹੈ।

5) ਲੰਬੀ ਬੀਮਾਰੀ ਕੋਈ ਵੀ ਹੋਵੇ, ਉਹ ਦੰਦ ਦੇ ਬਾਹਰਲੇ ਖੋਲ ਨੂੰ ਪੱਕਾ ਨਹੀਂ ਹੋਣ ਦਿੰਦੀ।

6) ਵਿਟਾਮਿਨ-ਡੀ ਦੀ ਕਮੀ ਵੀ ਦੰਦਾਂ ਦੀ ਬਾਹਰਲੀ ਪਰਤ ਨੂੰ ਕਮਜ਼ੋਰ ਬਣਾ ਦਿੰਦੀ ਹੈ।

7) ਬਹੁਤ ਕਮਜ਼ੋਰ ਪੈਦਾ ਹੋਇਆ ਬੱਚਾ, ਜਿਸ ਦੇ ਮੂੰਹ ਵਿਚ ਕਾਫੀ ਦੇਰ ਟਿਊਬਾਂ ਨਾਲ ਖੁਰਾਕ ਦੇਣੀ ਹੋਵੇ, ਬੇਢੰਗੇ ਦੰਦਾਂ ਵਾਲਾ ਬਣ ਜਾਂਦਾ ਹੈ।

ਦੋ ਹਜ਼ਾਰ ਨਵੇਂ ਜੰਮੇ ਬੱਚਿਆਂ ‘ਚੋਂ ਇਕ ਅਜਿਹਾ ਬੱਚਾ ਵੀ ਜੰਮ ਪੈਂਦਾ ਹੈ, ਜਿਸ ਦੇ ਦੰਦ ਜਮਾਂਦਰੂ ਹੁੰਦੇ ਹਨ ਤੇ ਕੋਈ ਨਾ ਕੋਈ ਬੱਚਾ ਇਕ ਮਹੀਨੇ ਦੀ ਉਮਰ ਵਿਚ ਦੰਦੀਆਂ ਕੱਢ ਲੈਣ ਵਾਲਾ ਵੀ ਵੇਖਿਆ ਜਾ ਸਕਦਾ ਹੈ। ਇਹੋ ਜਿਹੇ ਦੰਦਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਤੇ ਜਬਾੜੇ ਦੀ ਹੱਡੀ ਤੋਂ ਬਾਹਰ ਮਾਸ ਵਿਚ ਹੀ ਲਟਕਦੇ ਹੁੰਦੇ ਹਨ ਤੇ ਆਸਾਨੀ ਨਾਲ ਕੱਢੇ ਜਾ ਸਕਦੇ ਹਨ। ਜੇ ਇਹ ਦੰਦ ਬੱਚੇ ਦੇ ਦੁੱਧ ਪੀਣ ਵਿਚ ਤਕਲੀਫ਼ ਦਿੰਦੇ ਹੋਣ ਤਾਂ ਇਨ੍ਹਾਂ ਨੂੰ ਕਢਵਾ ਲੈਣਾ ਚਾਹੀਦਾ ਹੈ।

ਕੁਝ ਮਾਪੇ ਇਹ ਵਹਿਮ ਕਰਦੇ ਹਨ ਕਿ ਇਹ ਜਮਾਂਦਰੂ ਦੰਦ ਬਹੁਤ ਮਾੜੇ ਹੁੰਦੇ ਹਨ, ਜੇ ਹੇਠਲੇ ਮਸੂੜ੍ਹੇ ਤੋਂ ਪਹਿਲਾਂ ਉਪਰਲੇ ਮਸੂੜ੍ਹੇ ਉਤੇ ਕੋਈ ਦੰਦੀ ਨਿਕਲ ਪਵੇ ਤਾਂ ਬੱਚਾ ਨਾਨਕਿਆਂ ਉਤੇ ਭਾਰੂ ਹੁੰਦਾ ਹੈ ਪਰ ਇਹ ਸਭ ਗਪੌੜੇ ਹਨ।

ਇਸੇ ਤਰ੍ਹਾਂ ਕਈ ਹੋਰ ਜਮਾਂਦਰੂ ਨੁਕਸ ਵੀ ਹੁੰਦੇ ਹਨ ਜਿਵੇਂ ਕਿ :

• ਦੰਦ ਦੀਆਂ ਜੜ੍ਹਾਂ ਦਾ ਨਾ ਹੋਣਾ।

• ਦੰਦ ਦਾ ਗਲਤ ਪਾਸੇ ਵਲੋਂ ਨਿਕਲਣਾ ਜਾਂ ਟੇਢੀ ਦੰਦੀ ਦਾ ਨਿਕਲ ਆਉਣਾ।

• ਇਕੋ ਥਾਂ ਤੋਂ ਕਈ ਦੰਦ ਨਿਕਲ ਆਉਣੇ।

• ਜੌੜੇ ਦੰਦਾਂ ਦਾ ਉੱਗਣਾ, ਜੋ ਕਿਸੇ ਪੁਰਾਣੀ ਸੱਟ ਜਾਂ ਦੰਦਾਂ ਵਿਚਕਾਰ ਥੋੜ੍ਹੀ ਵਿਰਲ ਹੋਣ ਕਰਕੇ ਜੁੜ ਜਾਂਦੇ ਹਨ।

• ਤੀਰ ਵਾਂਗ ਤਿੱਖੇ ਦੰਦ ਉੱਗਣੇ ਜਾਂ ਬਹੁਤ ਵੱਡਾ ਦੰਦ ਉੱਗ ਪੈਣਾ ਜਾਂ ਕਿਸੇ ਇਕ ਦੰਦ ਦਾ ਬਹੁਤ ਛੋਟਾ ਰਹਿ ਜਾਣਾ।

• ਕਿਸੇ ਬੀਮਾਰੀ ਦੇ ਕਾਰਨ ਜਾਂ ਖੁਰਾਕ ਦੀ ਕਮੀ ਹੋਣ ਕਰਕੇ ਦੰਦਾਂ ਦੇ ਬਾਹਰਲੇ ਸਖ਼ਤ ਖੋਲ ਦਾ ਨਰਮ ਰਹਿ ਜਾਣਾ। ਇਸ ਨਾਲ ਦੰਦਾਂ ਨੂੰ ਠੰਡਾ, ਤੱਤਾ ਲੱਗਣ ਲੱਗ ਜਾਂਦਾ ਹੈ।

• ਦੰਦਾਂ ਵਿਚ ਚਿੱਟੇ ਧੱਬੇ ਜਾਂ ਚਿੱਟੀਆਂ ਧਾਰੀਆਂ ਪੈ ਜਾਣੀਆਂ। ਇਨ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਜਦੋਂ ਦੰਦ ਬਣ ਰਹੇ ਸਨ, ਉਦੋਂ ਬੱਚਾ ਬੀਮਾਰ ਸੀ।

• ਦੰਦਾਂ ਉਤੇ ਭੂਰੇ ਧੱਬੇ ਪੈ ਜਾਣ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਸਰੀਰ ਵਿਚ ਫਲੋਰਾਈਡ ਦੀ ਮਾਤਰਾ ਵਧ ਹੋ ਗਈ ਹੈ, ਜੋ ਨਹੀਂ ਵਧਣੀ ਚਾਹੀਦੀ।

• ਜਦੋਂ ਦੰਦ ਬਣ ਰਹੇ ਹੁੰਦੇ ਹਨ, ਉਸ ਵੇਲੇ ਜੇ ਬੱਚੇ ਨੂੰ ਨੀਮ ਹਕੀਮ ਟੈਟਰਾਸਾਈਕਲੀਨ ਦੇ ਟੀਕੇ ਜਾਂ ਕੈਪਸੂਲ ਖੁਆ ਦੇਣ ਜਾਂ ਪੀਲੀਆ ਕਾਫੀ ਵਧ ਹੋ ਜਾਏ ਤਾਂ ਦੰਦ ਵੀ ਪੀਲੇ ਹੋ ਜਾਂਦੇ ਹਨ।

• ਕੱਚੇ ਦੰਦਾਂ ਦੇ ਟੁੱਟਣ ਤੋਂ ਪਹਿਲਾਂ ਹੀ ਪੱਕੇ ਦੰਦਾਂ ਦਾ ਨਿਕਲ ਆਉਣਾ। ਇਸ ਹਾਲਤ ਵਿਚ ਕੱਚੇ ਦੰਦ ਨੂੰ ਡਾਕਟਰ ਕੋਲੋਂ ਕਢਵਾ ਲੈਣਾ ਚਾਹੀਦਾ ਹੈ ਤਾਂ ਕਿ ਪੱਕਾ ਦੰਦ ਸਿੱਧਾ ਤੇ ਸਹੀ ਥਾਂ ‘ਤੇ ਨਿਕਲ ਸਕੇ।
ਐੱਮ. ਡੀ., ਬੱਚਿਆਂ ਦੀ ਮਾਹਿਰ
ਧੰਨਵਾਦ ਸਾਹਿਤ ਜਗ ਬਾਣੀ 'ਚੋਂ 22.07.2011

Sunday, July 17, 2011

ਜਨਮ ਪਿੱਛੋਂ ਛੋਟੇ ਬੱਚੇ ਦੀਆਂ ਪ੍ਰਤੀਕਿਰਿਆਵਾਂ ਅਤੇ ਧਿਆਨ ਦੇਣ ਯੋਗ ਗੱਲਾਂ

ਇਕ ਛੋਟਾ ਬੱਚਾ ਜਨਮ ਪਿੱਛੋਂ ਹੀ ਇਸ ਸੰਸਾਰ ‘ਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦਾ ਹੈ। ਉਹ ਉਨ੍ਹਾਂ ਸਭ ਆਵਾਜ਼ਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੈ, ਜੋ ਉਸਨੇ ਮਾਂ ਦੇ ਗਰਭ ‘ਚ ਸੁਣੀਆਂ ਹੁੰਦੀਆਂ ਹਨ। ਉਸ ਦੇ ਲਈ ਹਸਪਤਾਲ ਦਾ ਕਮਰਾ, ਮਾਂ ਦੀ ਗੋਦ ਹੀ ਇਕ ਨਵਾਂ ਸੰਸਾਰ ਹੁੰਦਾ ਹੈ। ਉਹ ਮਾਂ ਦੀ ਗੰਧ ਮਹਿਸੂਸ ਕਰਦਾ ਹੈ, ਸਪਰਸ਼ ਨੂੰ ਪਛਾਣਦਾ ਹੈ। ਪਿਤਾ, ਦਾਦਾ-ਦਾਦੀ, ਭਰਾ-ਭੈਣ ਦੀਆਂ ਆਵਾਜ਼ਾਂ ‘ਤੇ ਪ੍ਰਤੀਕਿਰਿਆ ਕਰਦਾ ਹੈ। ਅਸੀਂ ਇਹੀ ਜਾਣਦੇ ਹਾਂ ਕਿ ਚਾਰ-ਪੰਜ ਮਹੀਨਿਆਂ ਦਾ ਬੱਚਾ ਹੀ ਆਲੇ-ਦੁਆਲੇ ਦੇ ਚਿਹਰਿਆਂ ਤੇ ਆਵਾਜ਼ਾਂ ਨੂੰ ਮਹਿਸੂਸ ਕਰ ਸਕਦਾ ਹੈ, ਦੇਖ ਸਕਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਨਵਜੰਮਿਆ ਬੱਚਾ ਵੀ ਜਨਮ ਪਿੱਛੋਂ ਹੀ ਅੱਠ-ਦਸ ਇੰਚ ਤਕ ਦੀ ਦੂਰੀ ਤਕ ਦੇਖ ਸਕਦਾ ਹੈ। ਨੰਨ੍ਹਾ-ਮੁੰਨਾ ਅਕਸਰ ਮਾਂ ਦੀ ਗੋਦੀ ‘ਚ ਆ ਕੇ ਚੁੱਪ ਹੋ ਜਾਂਦਾ ਹੈ, ਗੰਧ, ਸਪਰਸ਼ ਦੇ ਨਾਲ-ਨਾਲ ਉਸ ਨੂੰ ਮਾਂ ਦਾ ਚਿਹਰਾ ਵੀ ਦਿਸਣ ਲੱਗਦਾ ਹੈ। ਜਨਮ ਤੋਂ ਕੁਝ ਹਫ਼ਤਿਆਂ ਪਿੱਛੋਂ ਬੱਚੇ ਨੂੰ ਸਪੱਸ਼ਟ ਨਜ਼ਰ ਆਉਣ ਲੱਗਦਾ ਹੈ, ਨਾਲ ਹੀ ਬਹੁਤੀ ਦੂਰ ਤਕ ਬਹੁਤਾ ਸਪੱਸ਼ਟ ਦੇਖਣ ਦੀ ਸਮਰੱਥਾ ਵੀ ਵਧ ਜਾਂਦੀ ਹੈ। ਉਦੋਂ ਉਹ ਹਿੱਲਦਾ ਹੋਇਆ ਪੱਖਾ, ਤੁਰਦੇ-ਫਿਰਦੇ ਲੋਕਾਂ ਨੂੰ ਦੇਖ ਕੇ ਪ੍ਰਤੀਕਿਰਿਆ ਕਰਦਾ ਹੈ ਅਤੇ ਆਵਾਜ਼ਾਂ ਕੱਢਦਾ ਹੈ।

ਬੱਚਿਆਂ ਨੂੰ ਦਿਓ ਸੌਫਟ ਖਿਡੌਣੇ
ਬੱਚਿਆਂ ਦੀ ਨਜ਼ਰ ਸਥਿਰ ਤੇ ਸਪੱਸ਼ਟ ਕਰਨ ਲਈ ਆਮ ਤੌਰ ‘ਤੇ ਲੋਕ ਭੜਕੀਲੇ ਰੰਗਾਂ ਦੇ ਖਿਡੌਣੇ ਟੰਗ ਦਿੰਦੇ ਹਨ। ਤੇਜ਼ੀ ਨਾਲ ਘੁੰਮਣ ਵਾਲੇ ਝੂਮਰ ਲਟਕਾ ਦਿੰਦੇ ਹਾਂ, ਜੋ ਕਿ ਠੀਕ ਨਹੀਂ ਹੈ। ਭੜਕੀਲੇ ਰੰਗ ਬੱਚੇ ਦੀਆਂ ਅੱਖਾਂ ‘ਤੇ ਚੰਗਾ ਪ੍ਰਭਾਵ ਨਹੀਂ ਪਾਉਂਦੇ। ਤੇਜ਼ ਰਫ਼ਤਾਰ ਨਾਲ ਘੁੰਮਦੇ, ਕੰਨ-ਪਾੜਵੀਆਂ ਆਵਾਜ਼ਾਂ ਕੱਢਦੇ ਝੂਮਰ ਬੱਚੇ ਨੂੰ ਚਿੜਚਿੜਾ ਬਣਾਉਂਦੇ ਹਨ। ਇਸਦੇ ਲਈ ਸੱਭਿਅਕ ਰੰਗਾਂ ਦੇ ਪਿਆਰੇ ਚਿਹਰਿਆਂ ਵਾਲੀ ਚੰਗੀ ਮੁਸਕਾਨ ਅਤੇ ਸੁੰਦਰ ਅੱਖਾਂ ਵਾਲੀ ਸੌਫਟ ਗੁੱਡੀ ਜਾਂ ਦੂਜਾ ਕੋਈ ਸੌਫਟ ਖਿਡੌਣਾ ਲਟਕਾਓ, ਜਿਸਦਾ ਹੱਸਦਾ ਚਿਹਰਾ ਹੋਵੇ। ਬਸ ਇੰਨਾ ਹੀ ਨਹੀਂ, ਨਵਜੰਮਿਆ ਬੱਚਾ ਪਰਿਵਾਰ ਦੇ ਵਿਅਕਤੀਆਂ ਦੇ ਚਿਹਰਿਆਂ ਦੇ ਬਦਲਦੇ ਹਾਵ-ਭਾਵ ਵੱਲ ਵਧੇਰੇ ਆਕਰਸ਼ਿਤ ਹੁੰਦਾ ਹੈ।

ਬੱਚੇ ਨਾਲ ਕਰੋ ਗੱਲਾਂ
ਮਾਂ ਨੂੰ ਚਾਹੀਦੈ ਕਿ ਜਦੋਂ ਵੀ ਆਰਾਮ ਦੇ ਪਲਾਂ ‘ਚ ਉਹ ਬੱਚੇ ਨਾਲ ਗੱਲਾਂ ਕਰੇ ਤਾਂ ਬਹੁਤ ਸਾਰੇ ਭਾਵਾਂ ਨੂੰ ਚਿਹਰੇ ਰਾਹੀਂ ਪ੍ਰਗਟ ਕਰੇ। ਇਸ ਨਾਲ ਉਸਦੀ ਨਜ਼ਰ ਵੀ ਛੇਤੀ ਹੀ ਸਪੱਸ਼ਟ ਹੋ ਜਾਂਦੀ ਹੈ ਅਤੇ ਬੱਚੇ ਬਾਹਰੀ ਸੰਸਾਰ ਪ੍ਰਤੀ ਜੁੜਿਆ ਮਹਿਸੂਸ ਕਰਦੇ ਹਨ ਅਤੇ ਖ਼ੁਦ ਆਵਾਜ਼ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਮਾਂ ਹੀ ਨਹੀਂ, ਪਿਤਾ ਨੂੰ ਵੀ ਅਜਿਹਾ ਕਰਨਾ ਚਾਹੀਦਾ ਅਤੇ ਘਰ ਦੇ ਬਾਕੀ ਮੈਂਬਰਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਖ਼ਾਸ ਤੌਰ ‘ਤੇ ਭਰਾ ਜਾਂ ਭੈਣ ਆਦਿ ਇਸ ਤੋਂ ਵੱਡੇ ਬੱਚੇ ਦੇ ਮਨ ‘ਚੋਂ ਨਵਜੰਮੇ ਬੱਚੇ ਪ੍ਰਤੀ ਈਰਖਾ ਦੀ ਭਾਵਨਾ ਵੀ ਮਿਟੇਗੀ ਤੇ ਇਕ ਭਾਵਨਾਤਮਕ ਜੁੜਾਅ ਪੈਦਾ ਹੋਵੇਗਾ। ਕਦੇ-ਕਦੇ ਰੋਂਦਾ ਬੱਚਾ ਮੋਢੇ ਲਾ ਕੇ ਘੁੰਮਣ ਨਾਲ ਛੇਤੀ ਚੁੱਪ ਹੋ ਜਾਂਦਾ ਹੈ, ਇਸ ਦਾ ਕਾਰਨ ਇਹ ਹੈ ਕਿ ਉਹ ਇਕ ਹੀ ਸਥਿਤੀ ‘ਚ, ਇਕੋ ਜਿਹੇ ਦ੍ਰਿਸ਼ ਦੇਖ ਕੇ ਅੱਕ ਜਾਂਦਾ ਹੈ। ਅਜਿਹੇ ‘ਚ ਮੋਢੇ ਨਾਲ ਲੱਗ ਕੇ ਬਦਲਦੇ ਦ੍ਰਿਸ਼, ਰਫ਼ਤਾਰ, ਆਉਂਦੇ-ਜਾਂਦੇ ਲੋਕ ਉਸਨੂੰ ਚੰਗੇ ਲੱਗਦੇ ਹਨ। ਉਸਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਵੀ ਸੰਸਾਰ ਦੀ ਚਹਿਲ-ਪਹਿਲ ‘ਚ ਸ਼ਾਮਲ ਹਾਂ।

ਪ੍ਰਤੀਕਿਰਿਆਵਾਂ ਪ੍ਰਗਟਾਉਂਦਾ ਹੈ ਬੱਚਾ
ਨਵਜੰਮੇ ਬੱਚੇ ਜਨਮ ਤੋਂ ਕੁਝ ਦਿਨਾਂ ਪਿੱਛੋਂ ਹੀ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਪਛਾਣਨ ਲੱਗਦੇ ਹਨ। ਵੱਖ-ਵੱਖ ਤਰ੍ਹਾਂ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹਨ। ਜਿਵੇਂ ਮਾਂ ਨੂੰ ਦੇਖ ਕੇ ਬੁਲਾਉਣ ਵਰਗੀ ਆਵਾਜ਼ ਕੱਢਣਾ, ਪਿਤਾ ਨੂੰ ਦੇਖ ਕੇ ਮੁਸਕਰਾਉਣਾ ਅਤੇ ਊਂ-ਊਂ-ਊਂ ਆਦਿ ਕਰਨਾ ਅਤੇ ਘਰ ਦੇ ਬੱਚਿਆਂ ਨੂੰ ਦੇਖ ਕੇ ਉਤੇਜਿਤ ਹੋ ਕੇ ਹੱਥ-ਪੈਰ ਮਾਰਨਾ। ਨਵਜੰਮੇ ਬੱਚੇ ਬਿਨਾਂ ਗੱਲ ਦੇ ਖਾਲੀਪਨ ‘ਚ ਦੇਖ ਕੇ ਮੁਸਕਰਾਉਂਦੇ ਵੀ ਹਨ। ਇਸਦਾ ਅਰਥ ਹੈ ਕਿ ਉਹ ਰੋਸ਼ਨੀ ਅਤੇ ਪਛਾਣੀਆਂ ਆਵਾਜ਼ਾਂ ਤੋਂ ਜਾਣੂ ਹੋ ਰਹੇ ਹੁੰਦੇ ਹਨ ਅਤੇ ਖੁਸ਼ ਹੁੰਦੇ ਹਨ। ਰੋਣ ਲਈ ਬੁੱਲ੍ਹ ਟੇਰ ਕੇ ਮੂੰਹ ਬਣਾਉਣਾ ਉਨ੍ਹਾਂ ਦੇ ਇਕੱਲੇਪਣ, ਭੁੱਖ ਜਾਂ ਹੋਰ ਕਿਸੇ ਲੋੜ ਨੂੰ ਪ੍ਰਗਟਾਉਂਦਾ ਹੈ।

ਸਮੇਂ ਦੀ ਰਫ਼ਤਾਰ ਪਛਾਣਦਾ ਹੈ ਬੱਚਾ
ਕਈ ਵਾਰ ਨਵਜੰਮੇ ਬੱਚੇ ਰੁੱਸ ਵੀ ਜਾਂਦੇ ਹਨ। ਮਾਂ ਨੂੰ ਦੇਖ ਕੇ ਮੂੰਹ ਜਾਂ ਨਜ਼ਰ ਫੇਰ ਲੈਂਦੇ ਹਨ। ਬੁੱਲ੍ਹ ਟੇਰ ਕੇ ਮੂੰਹ ਬਣਾਉਂਦੇ ਹਨ। ਅਜਿਹਾ ਦੁੱਧ ਮਿਲਣ ‘ਚ ਦੇਰੀ ਉਤੇ ਉਹ ਪ੍ਰਗਟ ਕਰਦੇ ਹਨ। ਰੁੱਝੀ ਹੋਈ ਮਾਂ ਜਦੋਂ ਘਰ ਦੇ ਕੰਮਾਂ ਤੋਂ ਵਿਹਲੀ ਹੋ ਕੇ ਬੱਚੇ ਨੂੰ ਦੁੱਧ ਪਿਲਾਉਣ ਬੈਠਦੀ ਹੈ ਤਾਂ ਉਹ ਮੂੰਹ ਨਹੀਂ ਖੋਲ੍ਹਦੇ ਅਤੇ ਰੋ-ਰੋ ਕੇ ਬੁਰਾ ਹਾਲ ਕਰ ਲੈਂਦੇ ਹਨ। ਸਮੇਂ ਦੀ ਰਫ਼ਤਾਰ ਨੂੰ ਪਛਾਣਦੇ ਹਨ। ਜਨਮ ਪਿੱਛੋਂ ਹੀ ਉਨ੍ਹਾਂ ਦਾ ਬਾਇਓਲਾਜੀਕਲ ਕਲਾਕ ਕੰਮ ਕਰਨ ਲੱਗਦਾ ਹੈ ਅਤੇ ਉਨ੍ਹਾਂ ਨੂੰ ਸਮੇਂ ‘ਤੇ ਸਭ ਕੁਝ ਚਾਹੀਦਾ ਹੁੰਦਾ ਹੈ। ਮਿਸਾਲ ਵਜੋਂ ਮਾਲਿਸ਼, ਦੁੱਧ, ਨਹਾਉਣਾ, ਫਿਰ ਸ਼ਾਮ ਹੁੰਦੇ ਹੀ ਸੈਰ ਜਾਂ ਪਿਤਾ ਦੇ ਮੋਢਿਆਂ ‘ਤੇ ਬੈਠ ਕੇ ਪੂਰੇ ਘਰ ‘ਚ ਘੁੰਮਣਾ ਅਤੇ ਸੌਣਾ ਆਦਿ। ਅਜਿਹਾ ਸਮੇਂ ‘ਤੇ ਨਾ ਹੋਣ ਨਾਲ ਉਨ੍ਹਾਂ ਦਾ ਸਬਰ ਟੁੱਟਣ ਲੱਗਦਾ ਹੈ ਅਤੇ ਉਹ ਚਿੜ ਵੀ ਜਾਂਦੇ ਹਨ।

ਰਹੋ ਬੱਚੇ ਦੇ ਆਲੇ-ਦੁਆਲੇ
ਕਈ ਵਾਰ ਮਾਂ ਬੱਚੇ ਨੂੰ ਇਕੱਲਾ ਖਿਡੌਣਿਆਂ ਨਾਲ ਪੰਘੂੜੇ ‘ਚ ਛੱਡ ਕੇ ਕੰਮ ‘ਚ ਲੱਗੀ ਰਹਿੰਦੀ ਹੈ ਪਰ ਜ਼ਿਆਦਾਤਰ ਬੱਚੇ ਬੇਜਾਨ ਖਿਡੌਣਿਆਂ ਤੋਂ ਵੱਧ ਕਿਸੇ ਨਾ ਕਿਸੇ ਵਿਅਕਤੀ ਦਾ ਹੋਣਾ ਪਸੰਦ ਕਰਦੇ ਹਨ, ਜੋ ਉਸ ਦੀਆਂ ਮਾਸੂਮ ਅੱਖਾਂ ‘ਚ ਅੱਖਾਂ ਪਾ ਕੇ ਗੱਲਾਂ ਕਰੇ ਅਤੇ ਉਸ ਨਾਲ ਖੇਡੇ। ਬੱਚੇ ਆਪਣੇ ਕਿਸੇ ਵੀ ਕਿਰਿਆ-ਕਲਾਪ ‘ਤੇ ਤੁਹਾਡੀ ਸਹਿਮਤੀ ਚਾਹੁੰਦੇ ਹਨ। ਉਨ੍ਹਾਂ ਦੀਆਂ ਆਵਾਜ਼ਾਂ, ਮਾਸੂਮ ਹਰਕਤਾਂ ‘ਤੇ ਮੁਸਕਰਾ ਕੇ ਉਨ੍ਹਾਂ ਨੂੰ ਹੋਰ ਪ੍ਰੇਰਿਤ ਕਰੋ। ਬਹੁਤ ਚੰਗਾ, ਬਹੁਤ ਮਜ਼ੇਦਾਰ, ਬਹੁਤ ਸਮਝਦਾਰ ਹੈ ਮੇਰਾ ਮੁੰਨਾ ਆਦਿ ਵਾਕ ਬੋਲੋ। ਬੱਚੇ ਵੱਡਿਆਂ ਦੇ ਹਰੇਕ ਭਾਵਾਂ ਨੂੰ ਸਮਝਦੇ ਹਨ। ਬੇਹਤਰ ਤਾਂ ਇਹੀ ਹੈ ਕਿ ਬੱਚੇ ਤੋਂ ਬਹੁਤੀ ਦੇਰ ਲਈ ਦੂਰ ਨਾ ਜਾਓ। ਕੋਈ ਨਾ ਕੋਈ ਘਰ ਦਾ ਬੇਹੱਦ ਆਪਣਾ ਜਿਹਾ ਬੱਚੇ ਦਾ ਜਾਣਿਆ-ਪਛਾਣਿਆ ਚਿਹਰਾ ਹਰ ਵੇਲੇ ਉਸਦੇ ਆਲੇ-ਦੁਆਲੇ ਰਹੇ ਤਾਂ ਬੱਚੇ ਦਾ ਵਿਕਾਸ ਇਕ ਸੰਤੁਲਿਤ ਸਮਾਜਿਕ ਵਿਅਕਤੀ ਦੇ ਰੂਪ ‘ਚ ਹੋਵੇਗਾ। ਹਰੇਕ ਮਾਤਾ-ਪਿਤਾ ਦੇ ਹੱਥ ਹੁੰਦਾ ਹੈ ਆਪਣੇ ਛੋਟੇ ਬੱਚੇ ਦਾ ਵਿਕਸਿਤ ਹੋਣ ਵਾਲਾ ਸਾਂਚਾ। ਉਹ ਪਹਿਲੇ ਹੀ ਦਿਨ ਤੋਂ ਆਪਣੇ ਬੱਚੇ ਨੂੰ ਸਕਾਰਾਤਮਕ ਸੋਚ ਦੇ ਸਕਦੇ ਹਨ। ਇਕ ਹੱਸਦੇ-ਮੁਸਕਰਾਉਂਦੇ, ਆਤਮ-ਵਿਸ਼ਵਾਸੀ ਵਿਅਕਤੀ ਦੇ ਰੂਪ ‘ਚ ਢਾਲ ਸਕਦੇ ਹਨ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 15.07.2011

Thursday, July 7, 2011

ਮੌਨਸੂਨ ਦੌਰਾਨ ਬੱਚਿਆਂ ਦੀ ਦੇਖਭਾਲ

• ਹਮੇਸ਼ਾ ਆਪਣੇ ਆਸ-ਪਾਸ ਦੇ ਚੌਗਿਰਦੇ ਨੂੰ ਸਾਫ ਤੇ ਖੁਸ਼ਕ ਰੱਖੋ ਅਤੇ ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ।

• ਬੱਚਿਆਂ ਦੇ ਸਰੀਰ ਨੂੰ ਗਰਮ ਰੱਖੋ, ਕਿਉਂਕਿ ਵਿਸ਼ਾਣੂ ਉਦੋਂ ਹਮਲੇ ਕਰਦੇ ਹਨ ਜਦੋਂ ਸਰੀਰ ਦਾ ਤਾਪਮਾਨ ਥੱਲੇ ਡਿੱਗ ਜਾਂਦਾ ਹੈ।

• ਜਦੋਂ ਵੀ ਬੱਚੇ ਗਿੱਲੇ ਹੋ ਜਾਣ ਤਾਂ ਉਨ੍ਹਾਂ ਦੇ ਪੈਰਾਂ ਨੂੰ ਨਰਮ ਤੇ ਸੁੱਕੇ ਕੱਪੜੇ ਨਾਲ ਪੂੰਝ ਕੇ ਸੁਕਾ ਦਿਓ।

• ਇਹ ਧਿਆਨ ਰੱਖੋ ਕਿ ਬੱਚੇ ਅੱਧ-ਪੱਕਿਆ ਭੋਜਨ ਤੇ ਸਲਾਦ ਨਾ ਖਾਣ।

• ਇਹ ਯਕੀਨੀ ਬਣਾਓ ਕਿ ਬੱਚੇ ਆਪਣੇ ਸਰੀਰ ਦੀ ਊਰਜਾ ਨੂੰ ਕਾਇਮ ਰੱਖਣ ਲਈ ਜ਼ਿਆਦਾ ਮਾਤਰਾ ਵਿਚ ਪਾਣੀ ਪੀਣ।

• ਬੱਚਿਆਂ ਨੂੰ ਖੜ੍ਹੇ ਤੇ ਦੂਸ਼ਿਤ ਪਾਣੀ ਵਿਚ ਖੇਡਣ ਦੀ ਇਜਾਜ਼ਤ ਨਾ ਦਿਓ, ਕਿਉਂਕਿ ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ।

• ਆਪਣੇ ਬੱਚਿਆਂ ਨੂੰ ਨਹੁੰ ਖਾਣ ਤੋਂ ਰੋਕੋ, ਕਿਉਂਕਿ ਨਹੁੰਆਂ ਜ਼ਰੀਏ ਵਿਸ਼ਾਣੂ ਸਰੀਰ ਅੰਦਰ ਜਾ ਸਕਦੇ ਹਨ।

• ਮੌਨਸੂਨ ਦੌਰਾਨ ਅੰਤੜੀਆਂ ਤੇ ਪਾਚਣ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ, ਇਸ ਲਈ ਹਮੇਸ਼ਾ ਆਪਣੇ ਬੱਚਿਆਂ ਨੂੰ ਹਲਕਾ ਭੋਜਨ ਦਿਓ ਅਤੇ ਜਿਥੋਂ ਤੱਕ ਸੰਭਵ ਹੋਵੇ, ਮਸਾਲੇਦਾਰ ਭੋਜਨ ਤੇ ਫਰਾਈ ਭੋਜਨ ਤੋਂ ਦੂਰ ਰੱਖੋ।

• ਮੌਨਸੂਨ ਦੇ ਮੌਸਮ ਦੌਰਾਨ ਜ਼ਿਆਦਾਤਰ ਇਨਫੈਕਸ਼ਨ ਪਾਣੀ ਨਾਲ ਹੁੰਦੀ ਹੈ। ਇਸ ਲਈ ਬੱਚਿਆਂ ਨੂੰ ਅਜਿਹਾ ਪਾਣੀ ਨਾ ਦਿਓ, ਜੋ ਚੰਗੀ ਤਰ੍ਹਾਂ ਉਬਾਲਿਆ ਨਾ ਹੋਵੇ। ਭੋਜਨ ਨਾਲ ਕੋਸਾ ਪਾਣੀ ਪੀਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।

• ਗੰਦੇ ਪਾਣੀ ਵਿਚ ਤੁਰਨ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ, ਕਿਉਂਕਿ ਪੈਰਾਂ ਦਾ ਸਿੱਧਾ ਸਬੰਧ ਗੰਦੇ ਪਾਣੀ ਨਾਲ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਮੌਨਸੂਨ ਦੇ ਮੌਸਮ ਦੌਰਾਨ ਬੱਚਿਆਂ ਨੂੰ ਢੁਕਵੇਂ ਕੱਪੜੇ ਪਹਿਨਾਏ ਜਾਣ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਇਸ ਮੌਸਮ ਵਿਚ ਰਬੜ ਦੇ ਬੂਟ ਪਹਿਨਣ ਤਾਂ ਜੋ ਉਨ੍ਹਾਂ ਦੇ ਪੈਰ ਸਾਫ਼ ਤੇ ਸੁੱਕੇ ਰਹਿਣ। ਉਨ੍ਹਾਂ ਦੇ ਟੋਪੀ ਵਾਲਾ ਰੇਨਕੋਟ ਵੀ ਪਾਉਣਾ ਚਾਹੀਦਾ ਹੈ ਅਤੇ ਛੱਤਰੀ ਵੀ ਆਪਣੇ ਕੋਲ ਰੱਖਣੀ ਚਾਹੀਦੀ ਹੈ।

• ਮਾਤਾ-ਪਿਤਾ ਹੋਣ ਨਾਤੇ ਤੁਹਾਨੂੰ ਮੀਂਹ ਵਿਚ ਖੇਡਣ ਤੋਂ ਬੱਚਿਆਂ ਨੂੰ ਨਹੀਂ ਰੋਕਣਾ ਚਾਹੀਦਾ ਪਰ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਗਟਰਾਂ ਤੇ ਵੱਡੇ ਨਾਲਿਆਂ ਦੁਆਲੇ ਨਾ ਖੇਡਣ। ਇਹ ਵੀ ਧਿਆਨ ਰੱਖੋ ਕਿ ਉਹ ਆਪਣੇ ਗਿੱਲੇ ਕੱਪੜੇ ਘਰ ਪਰਤਣ ਤੋਂ ਬਾਅਦ ਜਲਦ ਹੀ ਬਦਲ ਲੈਣ। ਜੇ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਕੋਈ ਗਰਮ ਚੀਜ਼ ਖਵਾਓ। ਇਸ ਨਾਲ ਬੁਖਾਰ ਤੇ ਜ਼ੁਕਮ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਣਪੱਕਿਆ ਭੋਜਨ ਤੇ ਬਾਹਰਲਾ ਭੋਜਨ ਕਦੇ ਨਹੀਂ ਖਾਣ ਦੇਣਾ ਚਾਹੀਦਾ।

• ਘਰਾਂ ਵਿਚ ਮੱਛਰ ਭਜਾਉਣ ਵਾਲੀ ਦਵਾਈ ਦੀ ਵਰਤੋਂ ਕਰੋ। ਇਕ ਛੋਟਾ ਜਿਹਾ ਮੱਛਰ ਦੁਨੀਆ ਵਿਚ ਸਭ ਤੋਂ ਖਤਰਨਾਕ ਬਿਮਾਰੀ ਦਾ ਵਾਹਕ ਮੰਨਿਆ ਜਾਂਦਾ ਹੈ। ਮਲੇਰੀਆ ਤੇ ਡੇਂਗੂ ਅਜਿਹੀਆਂ ਖਤਰਨਾਕ ਬਿਮਾਰੀਆਂ ਹਨ, ਜੋ ਮੌਨਸੂਨ ਦੌਰਾਨ ਮੱਛਰਾਂ ਕਾਰਨ ਫੈਲਦੀਆਂ ਹਨ।

• ਮੀਂਹ ਪੈਣ ਨਾਲ ਤਾਪਮਾਨ ਥੱਲੇ ਆ ਜਾਂਦਾ ਹੈ, ਇਸ ਲਈ ਇਸ ਤਰ੍ਹਾਂ ਦੇ ਮੌਸਮ ਵਿਚ ਰਾਤ ਨੂੰ ਗਰਮ ਸੂਪ ਤੇ ਕੋਸੀਆਂ ਚੀਜ਼ਾਂ ਪੀਣੀਆਂ ਚਾਹੀਦੀਆਂ ਹਨ। ਲਸਣ ਤੇ ਅਦਰਕ ਤੋਂ ਤਿਆਰ ਕੀਤਾ ਗਿਆ ਗਰਮ ਸੂਪ ਮੀਂਹ ਦੇ ਮੌਸਮ ਦੌਰਾਨ ਪੀਣਾ ਚਾਹੀਦਾ ਹੈ, ਜੋ ਛੋਟੀਆਂ-ਛੋਟੀਆਂ ਅਲਾਮਤਾਂ ਜਿਵੇਂ ਜੁਕਾਮ, ਨਜ਼ਲਾ, ਨੱਕ ਵਗਣਾ, ਕਫ ਤੇ ਬੁਖਾਰ ਤੋਂ ਰਾਹਤ ਦਿਵਾਉਂਦਾ ਹੈ।

ਇਨ੍ਹਾਂ ਗੱਲਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਿਲ ਕਰਕੇ ਤੁਸੀਂ ਅਤੇ ਤੁਹਾਡਾ ਪਰਿਵਾਰ ਮੌਨਸੂਨ ਦੇ ਮੌਸਮ ਦਾ ਭਰਪੂਰ ਆਨੰਦ ਲੈ ਸਕਦੇ ਹੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.07.2011

Monday, July 4, 2011

ਬਾਲ-ਮਨਾਂ ਵਿਚ ਡਰ ਦੀ ਭਾਵਨਾ - ਪ੍ਰੋ: ਕੁਲਜੀਤ ਕੌਰ

ਡਰ ਇਕ ਕੁਦਰਤੀ ਭਾਵਨਾ ਹੈ। ਆਦਿ ਕਾਲ ਤੋਂ ਹੀ ਮਨੁੱਖ ਕਿਸੇ ਨਾ ਕਿਸੇ ਅਦਿੱਖ ਸ਼ਕਤੀ, ਆਵਾਜ਼ ਜਾਂ ਕਿਸੇ ਤਰ੍ਹਾਂ ਦੇ ਭੈਅ ਤੋਂ ਚਿੰਤਤ ਰਿਹਾ ਹੈ। ਬਚਪਨ ਤੋਂ ਹੀ ਕਈ ਤਰ੍ਹਾਂ ਦੇ ਡਰ ਸਾਡੇ ਮਨਾਂ ਵਿਚ ਬੈਠ ਜਾਂਦੇ ਹਨ। ਬੱਚਿਆਂ ਦੇ ਮਨ ਵਿਚਲੇ ਡਰ ਉੱਪਰ ਕਿਵੇਂ ਕਾਬੂ ਪਾਇਆ ਜਾਵੇ, ਇਹ ਮਾਪਿਆਂ ਲਈ ਇਕ ਬਹੁਤ ਵੱਡੀ ਸਮੱਸਿਆ ਹੈ। ਜੇਕਰ ਸ਼ੁਰੂ ਤੋਂ ਹੀ ਮਾਪੇ ਸੁਚਾਰੂ ਯਤਨ ਕਰਨ ਤਾਂ ਬੱਚਿਆਂ ਦੇ ਡਰ ਉੱਪਰ ਕਾਬੂ ਪਾਇਆ ਜਾ ਸਕਦਾ ਹੈ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਬੱਚੇ ਕਿਹੜੀ ਗੱਲ ਤੋਂ ਜ਼ਿਆਦਾ ਡਰਦੇ ਹਨ। ਆਮ ਤੌਰ 'ਤੇ ਬੱਚੇ ਤੇਜ਼ ਆਵਾਜ਼, ਹਨੇਰਾ, ਡੂੰਘੇ ਪਾਣੀ, ਅਜੀਬ ਤਰ੍ਹਾਂ ਦੇ ਪ੍ਰਛਾਵੇਂ, ਉੱਚੀ ਜਗ੍ਹਾ ਆਦਿ ਤੋਂ ਵਧੇਰੇ ਡਰਦੇ ਹਨ। ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਡਰਨ ਨਾਲ ਬਹੁਤ ਰੁਕਾਵਟ ਪੈਂਦੀ ਹੈ। ਸ਼ੁਰੂ-ਸ਼ੁਰੂ ਵਿਚ ਬੱਚੇ ਸਕੂਲ ਜਾਣ ਤੋਂ ਵੀ ਡਰਦੇ ਹਨ। ਜੇ ਬੱਚਾ ਸਕੂਲ ਜਾਣ ਤੋਂ ਡਰਦਾ ਹੈ ਤਾਂ ਮਾਂ-ਬਾਪ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਡਰ ਉਸ ਲਈ ਨਾਕਾਰਾਤਮਿਕ ਭਾਵਨਾਵਾਂ ਪੈਦਾ ਕਰੇਗਾ। ਸਕੂਲ ਜਾਣ ਦੇ ਡਰ ਨੂੰ ਹਟਾਉਣ ਲਈ ਮਾਪਿਆਂ ਨੂੰ ਖੁਦ ਬੱਚੇ ਦੇ ਸਕੂਲ ਥੋੜ੍ਹਾ ਚਿਰ ਜਾਣਾ ਪਵੇਗਾ। ਛੋਟੀ ਉਮਰ ਤੋਂ ਹੀ ਬੱਚੇ ਦੇ ਵਿਹਾਰ ਅਤੇ ਗਤੀਵਿਧੀਆਂ ਉੱਪਰ ਨਜ਼ਰ ਰੱਖਣੀ ਜ਼ਰੂਰੀ ਹੈ। ਜੇਕਰ ਸਹੀ ਸਮੇਂ 'ਤੇ ਬੱਚਾ ਡਰਨ ਤੋਂ ਨਹੀਂ ਹਟਦਾ ਤਾਂ ਆਉਣ ਵਾਲੇ ਸਮੇਂ ਵਿਚ ਇਹ ਡਰ ਉਸ ਵਾਸਤੇ ਗੰਭੀਰ ਮਾਨਸਿਕ ਬਿਮਾਰੀਆਂ ਪੈਦਾ ਕਰ ਦੇਵੇਗਾ।

ਆਓ, ਕੁਝ ਨੁਕਤੇ ਜਾਣੀਏ, ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਬੱਚਿਆਂ ਨੂੰ ਡਰ ਤੋਂ ਬਚਾਅ ਸਕਦੇ ਹਾਂ।

• ਮਾਂ-ਬਾਪ ਨੂੰ ਖੁਦ ਬੱਚਿਆਂ ਸਾਹਮਣੇ ਸਾਹਸੀ ਜਾਂ ਬਹਾਦਰ ਹੋਣ ਦਾ ਪ੍ਰਭਾਵ ਦੇਣਾ ਪਵੇਗਾ। ਕਈ ਵਾਰ ਘਰ ਵਿਚ ਕਿਸੇ ਨੂੰ ਡਰਦਾ ਦੇਖ ਕੇ ਬੱਚੇ ਡਰਨਾ ਸਿੱਖ ਜਾਂਦੇ ਹਨ, ਇਸ ਲਈ ਜੇਕਰ ਡਰਨ ਦੀ ਸਥਿਤੀ ਆ ਜਾਵੇ, ਬੱਚੇ ਦੇ ਸਾਹਮਣੇ ਆਪਣਾ ਵਿਹਾਰ ਸੰਜਮ ਭਰਪੂਰ ਰੱਖੋ, ਕਿਉਂਕਿ ਰੱਬ ਤੋਂ ਬਾਅਦ ਮਾਪੇ ਹੀ ਬੱਚੇ ਨੂੰ ਸਭ ਤੋਂ ਵੱਡਾ ਆਸਰਾ ਜਾਪਦੇ ਹਨ।

• ਬੱਚਿਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਹੋ ਸਕਦਾ ਹੈ ਜਿਸ ਗੱਲ ਨੂੰ ਅਸੀਂ ਹਲਕਾ ਸਮਝਦੇ ਹਾਂ, ਬੱਚਿਆਂ ਲਈ ਉਹ ਬਹੁਤ ਵੱਡੀ ਹੋਵੇ।

• ਬੱਚੇ ਨਾਲ ਗੱਲਬਾਤ ਕਰਕੇ ਉਸ ਦੇ ਮਨ ਵਿਚ ਛੁਪੇ ਡਰ ਨੂੰ ਦੂਰ ਕੀਤਾ ਜਾ ਸਕਦਾ ਹੈ।

• ਬੱਚੇ ਨੂੰ ਖਾਣਾ ਖਵਾਉਣ ਜਾਂ ਸਵਾਉਣ ਲਈ ਕਦੇ ਵੀ ਕਿਸੇ ਖਾਸ ਚੀਜ਼ ਦਾ ਨਾਂਅ ਲੈ ਕੇ ਨਾ ਡਰਾਓ। ਇਹ ਢੰਗ ਕੋਈ ਸਮਝਦਾਰੀ ਦਾ ਪੈਮਾਨਾ ਨਹੀਂ ਹੈ। ਇਸ ਨਾਲ ਬੱਚੇ ਨੂੰ ਹੌਲੀ-ਹੌਲੀ ਸਮਝ ਆ ਜਾਵੇਗੀ ਕਿ ਉਸ ਨੂੰ ਐਵੇਂ ਹੀ ਡਰਾਇਆ ਜਾ ਰਿਹਾ ਹੈ। ਜੇਕਰ ਉਹ ਡਰ ਜਾਵੇ ਤਾਂ ਇਹ ਡਰ ਪੱਕੇ ਤੌਰ 'ਤੇ ਉਸ ਦੇ ਮਨ ਵਿਚ ਆ ਜਾਵੇਗਾ, ਜਿਸ ਕਾਰਨ ਅੱਗੇ ਚੱਲ ਕੇ ਉਸ ਦੇ ਵਿਅਕਤੀਤਵ ਵਿਚ ਰੁਕਾਵਟ ਪਵੇਗੀ।

• ਜੇਕਰ ਬੱਚਾ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਤੋਂ ਡਰਦਾ ਹੈ ਤਾਂ ਇਸ ਦਾ ਚਰਚਾ ਆਮ ਲੋਕਾਂ ਵਿਚ ਬੱਚੇ ਦੇ ਸਾਹਮਣੇ ਨਾ ਕਰੋ, ਬੱਚਾ ਹੀਣ ਭਾਵਨਾ ਮਹਿਸੂਸ ਕਰੇਗਾ।

• ਬਹੁਤ ਛੋਟੇ ਬੱਚੇ ਨੂੰ ਇਕੱਲੇ ਨੂੰ ਟੀ. ਵੀ. ਜਾਂ ਫਿਲਮਾਂ ਨਾ ਦੇਖਣ ਦਿਓ, ਕਿਸੇ ਨਾ ਕਿਸੇ ਵੱਡੇ ਮੈਂਬਰ ਦੇ ਸਾਹਮਣੇ ਹੀ ਬੱਚਾ ਪ੍ਰੋਗਰਾਮ ਦੇਖੇ, ਉਸ ਨੂੰ ਡਰਾਉਣੀਆਂ ਫਿਲਮਾਂ ਅਤੇ ਜਾਦੂਈ ਸੀਰੀਅਲਾਂ ਤੋਂ ਦੂਰ ਹੀ ਰੱਖਿਆ ਜਾਵੇ।

ਇਹ ਸਮਝਣਾ ਜ਼ਰੂਰੀ ਹੈ ਕਿ ਮੁਢਲੇ ਯਤਨਾਂ ਨਾਲ ਹੀ ਇਕ ਪਲ ਵਿਚ ਬੱਚੇ ਦਾ ਡਰ ਦੂਰ ਨਹੀਂ ਹੋ ਸਕਦਾ, ਇਸ ਵਾਸਤੇ ਸਬਰ-ਸੰਤੋਖ ਦੀ ਜ਼ਰੂਰਤ ਹੁੰਦੀ ਹੈ। ਲੋੜ ਹੈ ਬੱਚਿਆਂ ਦੀ ਮਾਨਸਿਕ ਅਵਸਥਾ ਨੂੰ ਸਮਝਣ ਦੀ, ਉਨ੍ਹਾਂ ਅੰਦਰੋਂ ਡਰ ਦੀ ਭਾਵਨਾ ਕੱਢਣਾ ਵੱਡਿਆਂ ਦਾ ਹੀ ਫਰਜ਼ ਹੈ, ਉਨ੍ਹਾਂ ਨੂੰ ਬਹਾਦਰ ਲੋਕਾਂ ਦੀਆਂ ਕਥਾਵਾਂ ਵਿਖਾਈਆਂ ਅਤੇ ਸੁਣਾਈਆਂ ਜਾ ਸਕਦੀਆਂ ਹਨ। ਆਓ, ਇਕ ਬਹਾਦਰ ਅਤੇ ਸਾਹਸੀ ਪੀੜ੍ਹੀ ਦੇ ਨਿਰਮਾਣ ਲਈ ਡਰ ਦੀ ਭਾਵਨਾ ਨੂੰ ਬੱਚਿਆਂ ਤੋਂ ਦੂਰ ਰੱਖੀਏ ਅਤੇ ਨਵੀਆਂ ਲੀਹਾਂ 'ਤੇ ਚੱਲਣਾ ਸਿਖਾਈਏ।
-ਐਚ. ਐਮ. ਵੀ., ਜਲੰਧਰ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 09.06.2011

Thursday, May 26, 2011

ਜਦੋਂ ਬੱਚੇ ਦੇ ਗਲੇ ’ਚ ਕੁਝ ਫਸ ਜਾਏ - ਮਧੂ ਗੁਪਤਾ

ਛੋਟੇ ਬੱਚੇ ਅਕਸਰ ਜਿਸ ਚੀਜ਼ ਨੂੰ ਵੀ ਹੱਥ ‘ਚ ਲੈਂਦੇ ਹਨ, ਸਭ ਤੋਂ ਪਹਿਲਾਂ ਉਸ ਨੂੰ ਆਪਣੇ ਮੂੰਹ ‘ਚ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਕੋਸ਼ਿਸ਼ ‘ਚ ਕੋਈ ਚੀਜ਼ ਉਨ੍ਹਾਂ ਦੇ ਮੂੰਹ ਦੇ ਅੰਦਰ ਚਲੀ ਜਾਂਦੀ ਹੈ ਅਤੇ ਗਲੇ ‘ਚ ਅੜ ਜਾਂਦੀ ਹੈ, ਜਿਸ ਨਾਲ ਬੱਚੇ ਨੂੰ ਤਕਲੀਫ ਹੁੰਦੀ ਹੈ ਅਤੇ ਉਹ ਰੋਣ ਲੱਗਦਾ ਹੈ।

ਅਜਿਹੀ ਸਥਿਤੀ ‘ਚ ਕਈ ਮਾਤਾ-ਪਿਤਾ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਕੀ ਕਰਨ। ਆਓ ਜਾਣੀਏ ਕਿ ਇਸ ਮੁਸ਼ਕਲ ਸਥਿਤੀ ਨਾਲ ਤੁਸੀਂ ਕਿਵੇਂ ਨਜਿੱਠ ਸਕਦੇ ਹੋ।

ਅਜਿਹੀ ਸਥਿਤੀ ‘ਚ ਰੋਣ, ਚੀਕਣ ਜਾਂ ਘਬਰਾਉਣ ਨਾਲ ਕੁਝ ਹਾਸਲ ਨਹੀਂ ਹੋਵੇਗਾ, ਉਲਟਾ ਜੇਕਰ ਇਸ ਦਾ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਤੁਰੰਤ ਗਲੇ ‘ਚ ਫਸੀ ਚੀਜ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਬੱਚੇ ਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਹੋ ਸਕਦੀ ਹੈ।

• ਬੱਚੇ ਨੂੰ ਤੁਰੰਤ ਆਪਣੀ ਗੋਦ ‘ਚ ਲੈ ਲਓ ਅਤੇ ਉਸ ਦਾ ਸਿਰ ਹੇਠਾਂ ਵੱਲ ਕਰਕੇ ਠੋਡੀ ਨੂੰ ਹੱਥ ‘ਚ ਫੜ ਲਓ। ਉਸ ਦੇ ਲੱਕ ਨੂੰ ਹੌਲੀ-ਹੌਲੀ ਪਲੋਸੋ। ਜੇਕਰ ਫਿਰ ਵੀ ਗਲੇ ‘ਚ ਫਸੀ ਚੀਜ਼ ਬਾਹਰ ਨਾ ਆਏ ਤਾਂ ਉਸ ਦੀ ਪਿੱਠ ਨੂੰ ਥੋੜ੍ਹਾ ਤੇਜ਼-ਤੇਜ਼ ਥਪਥਪਾਓ।

• ਉਸ ਦੇ ਮੂੰਹ ‘ਚ ਉਂਗਲੀ ਪਾਓ ਤੇ ਉਲਟੀ ਕਰਵਾਉਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ‘ਤੇ ਵੀ ਉਸ ਦੇ ਗਲੇ ‘ਚੋਂ ਚੀਜ਼ ਬਾਹਰ ਨਾਲ ਨਿਕਲੇ ਤਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਾਕਟਰ ਨਾਲ ਸੰਪਰਕ ਕਰੋ।

• ਬੱਚੇ ਨੂੰ ਕੇਲਾ ਖਿਲਾਓ। ਇਸ ਨਾਲ ਗਲੇ ‘ਚ ਫਸੀ ਚੀਜ਼ ਪਖਾਨੇ ਰਾਹੀਂ ਬਾਹਰ ਆ ਜਾਵੇਗੀ।

ਜੇਕਰ ਅਜਿਹੀ ਸਥਿਤੀ ‘ਚ ਬੱਚਾ ਕੋਈ ਆਵਾਜ਼ ਬਾਹਰ ਨਾ ਕੱਢੇ ਅਤੇ ਉਸ ਦੀ ਚਮੜੀ ਅਤੇ ਬੁੱਲ੍ਹਾਂ ਦਾ ਰੰਗ ਨੀਲਾ ਪੈ ਜਾਏ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਸਾਵਧਾਨੀਆਂ : ਟੌਫੀ, ਮੂੰਗਫਲੀ, ਬਾਦਾਮ ਅਤੇ ਪੌਪਕੌਰਨ ਆਦਿ ਨੂੰ ਛੋਟੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ। ਜੇਕਰ ਉਹ ਇਨ੍ਹਾਂ ਨੂੰ ਚੁੱਕੇਗਾ ਤਾਂ ਮੂੰਹ ‘ਚ ਪਾਏਗਾ ਹੀ। ਚਿੱਥਣ ‘ਚ ਉਸ ਦੇ ਸਮਰੱਥ ਨਾ ਹੋਣ ਕਾਰਨ ਇਹ ਪਦਾਰਥ ਆਸਾਨੀ ਨਾਲ ਉਸ ਦੇ ਗਲੇ ‘ਚ ਫਸ ਜਾਂਦੇ ਹਨ।

• ਉਸ ਦੇ ਖੇਡਣ ਲਈ ਕੋਮਲ ਅਤੇ ਨਰਮ ਖਿਡੌਣੇ ਖਰੀਦੋ। ਅਜਿਹੇ ਖਿਡੌਣੇ ਉਸ ਨੂੰ ਬਿਲਕੁਲ ਨਾ ਦਿਓ ਜੋ ਪਲਾਸਟਿਕ ਦੇ ਹੋਣ ਅਤੇ ਛੇਤੀ ਟੁੱਟਣ ਵਾਲੇ ਹੋਣ। ਅਜਿਹੇ ਖਿਡੌਣੇ ਜੇਕਰ ਕਿਤੋਂ ਵੀ ਥੋੜ੍ਹੇ ਜਿਹੇ ਟੁੱਟ ਜਾਣ ਤਾਂ ਬੱਚਾ ਇਨ੍ਹਾਂ ਨੂੰ ਹੋਰ ਤੋੜ-ਤੋੜ ਕੇ ਮੂੰਹ ‘ਚ ਪਾ ਲੈਂਦਾ ਹੈ, ਇਸ ਲਈ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ।

• ਕੂੜੇਦਾਨ ਨੂੰ ਬੱਚੇ ਦੀ ਪਹੁੰਚ ਤੋਂ ਦੂਰ ਰੱਖੋ।

• ਸੇਫਟੀਪਿਨ, ਆਲਪਿਨ, ਕਿੱਲਾਂ ਆਦਿ ਨੂੰ ਇਧਰ-ਉਧਰ ਨਾ ਰੱਖ ਕੇ ਇਕ ਤੈਅ ਜਗ੍ਹਾ ‘ਤੇ ਰੱਖੋ, ਜਿਥੇ ਬੱਚਿਆਂ ਦਾ ਹੱਥ ਨਾ ਪਹੁੰਚ ਸਕੇ।

• ਬੋਤਲਾਂ ਅਤੇ ਪੈੱਨਾਂ ਦੇ ਢੱਕਣ ਅਤੇ ਸਿੱਕੇ ਆਦਿ ਵੀ ਉਸ ਤੋਂ ਦੂਰ ਰੱਖੋ।

• ਮੇਕਅਪ ਦਾ ਸਾਮਾਨ ਵੀ ਬੱਚੇ ਤੋਂ ਦੂਰ ਹੀ ਰੱਖੋ।

• ਕਿਸੇ ਵੀ ਕਿਸਮ ਦੀ ਦਵਾਈ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।

• ਉਸ ਨੂੰ ਕੁਝ ਵੀ ਖੁਆਉਣਾ ਹੋਵੇ ਤਾਂ ਖੁਦ ਖੁਆਓ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 20.05.2011

Sunday, May 15, 2011

ਬੱਚਿਆਂ ਨੂੰ ਦਿਓ ਚੰਗੇ ਸੰਸਕਾਰ - ਸੋਨੂੰ ਮਲਹੋਤਰਾ

ਕਈ ਵਾਰ ਵੇਖਣ ‘ਚ ਆਇਆ ਹੈ ਕਿ ਮਾਤਾ-ਪਿਤਾ ਵਲੋਂ ਬੱਚਿਆਂ ਦੀ ਦੇਖਭਾਲ ਕਰਨ ਦੇ ਬਾਵਜੂਦ ਉਹ ਵਿਗੜ ਜਾਂਦੇ ਹਨ ਅਤੇ ਖਾਸ ਕਰਕੇ ਮਾਂ ਨੂੰ ਲੱਗਦਾ ਹੈ ਕਿ ਉਸ ਵਲੋਂ ਪਾਲਣ-ਪੋਸ਼ਣ ‘ਚ ਕਿਤੇ ਗਲਤੀ ਰਹਿ ਗਈ ਹੈ।

ਨੀਤੂ ਦੇ ਇਕ ਬੇਟਾ ਅਤੇ ਇਕ ਬੇਟੀ ਹਨ ਜੋ ਵਧੀਆ ਪਬਲਿਕ ਸਕੂਲ ਵਿਚ ਪੜ੍ਹਦੇ ਹਨ ਪਰ ਜਦੋਂ ਦੇਖੋ ਦੋਵੇਂ ਲੜਦੇ ਹੀ ਰਹਿੰਦੇ ਹਨ ਜਿਵੇਂ ਕਿ ਇਕ-ਦੂਜੇ ਦੇ ਕੱਟੜ ਦੁਸ਼ਮਣ ਹੋਣ। ਲੜਾਈ ‘ਚ ਉਹ ਇੰਨਾ ਸਮਾਂ ਬਿਤਾ ਦਿੰਦੇ ਹਨ ਕਿ ਪੜ੍ਹਨ ਵਿਚ ਵੀ ਉਨ੍ਹਾਂ ਦੀ ਦਿਲਚਸਪੀ ਖਤਮ ਹੁੰਦੀ ਜਾ ਰਹੀ ਹੈ।

ਨੀਤੂ ਦੀ ਹਰ ਵੇਲੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਦੋਵਾਂ ਵਿਚਾਲੇ ਪਿਆਰ ਅਤੇ ਸ਼ਾਂਤੀ ਕਾਇਮ ਰੱਖ ਸਕੇ। ਉਸ ਨੇ ਤਾਂ ਇਹ ਸੋਚ ਕੇ ਕਿ ਕਿਤੇ ਉਸ ਦੇ ਬੱਚਿਆਂ ਨੂੰ ਇੰਝ ਨਾ ਲੱਗੇ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਵੱਲ ਪੂਰਾ ਧਿਆਨ ਨਹੀਂ ਦਿੰਦੀ, ਉਸ ਨੇ ਨੌਕਰੀ ਛੱਡ ਦਿੱਤੀ। ਆਪਣਾ ਸਾਰਾ ਧਿਆਨ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਵਿਚ ਲਗਾਇਆ ਪਰ ਅੱਜ ਉਹ ਸਿਰਫ ਇਹ ਸੋਚਦੀ ਰਹਿੰਦੀ ਹੈ ਕਿ ਉਸ ਕੋਲੋਂ ਕਿਥੇ ਗਲਤੀ ਹੋ ਗਈ ਹੈ।

ਕੀ ਤੁਸੀਂ ਵੀ ਅਜਿਹਾ ਮਹਿਸੂਸ ਕਰਦੇ ਹੋ। ਜੇਕਰ ਹਾਂ ਤਾਂ ਕੁਝ ਟਿਪਸ ਤੁਹਾਡੇ ਲਈ ਦਿੱਤੇ ਗਏ ਹਨ:

• ਬੱਚੇ ਨੂੰ ਹਰ ਵੇਲੇ ਆਰਡਰ ਦੇਣ ਦੀ ਕੋਸ਼ਿਸ਼ ਨਾ ਕਰੋ, ਜਿਵੇਂ ਕਿ ਜ਼ਿਆਦਾਤਰ ਮਾਵਾਂ ਕਰਦੀਆਂ ਨਜ਼ਰ ਆਉਂਦੀਆਂ ਹਨ, ‘ਇੰਝ ਨਾ ਕਰ’, ‘ਠੀਕ ਤਰ੍ਹਾਂ ਬੈਠ’, ‘ਉਸ ਨਾਲ ਗੱਲ ਨਾ ਕਰ’, ‘ਜ਼ਿੱਦ ਨਾ ਕਰ’ ਅਤੇ ‘ਪੜ੍ਹ ਕਿਉਂ ਨਹੀਂ ਰਿਹਾ’। ਤੁਹਾਡੇ ਨਿਰਦੇਸ਼ਾਂ ਦੀ ਲਿਸਟ ਜਿੰਨੀ ਘੱਟ ਹੋਵੇ, ਓਨਾ ਹੀ ਚੰਗਾ ਹੈ, ਨਹੀਂ ਤਾਂ ਬੱਚਾ ਠੀਕ ਮਹਿਸੂਸ ਨਹੀਂ ਕਰੇਗਾ।

• ਬੱਚੇ ਨੂੰ ਚੰਗੀਆਂ ਗੱਲਾਂ ਸਮਝਾਉਣੀਆਂ ਜ਼ਰੂਰੀ ਹਨ, ਇਸ ਲਈ ਅਜਿਹਾ ਮੌਕਾ ਲੱਭੋ ਜਦੋਂ ਬੱਚਾ ਚੰਗੇ ਮੂਡ ਵਿਚ ਹੋਵੇ ਅਤੇ ਚੰਗੇ ਮੂਡ ਲਈ ਉਸ ਨੂੰ ਕਿਤੇ ਘੁਮਾਉਣ ਲਈ ਲੈ ਜਾਓ ਅਤੇ ਰਸਤੇ ‘ਚ ਪਿਆਰ ਨਾਲ ਸਮਝਾਓ ਕਿ ਜੇਕਰ ਉਹ ਚੰਗੀਆਂ ਗੱਲਾਂ ਸਿੱਖੇਗਾ ਤਾਂ ਸਭ ਉਸ ਨੂੰ ਪਿਆਰ ਕਰਨਗੇ।

• ਆਪਣੇ ਬੱਚੇ ਦੀ ਬੁਰਾਈ ਕਦੇ ਵੀ ਉਸ ਦੇ ਦੋਸਤਾਂ ਸਾਹਮਣੇ ਨਾ ਕਰੋ, ਨਹੀਂ ਤਾਂ ਉਸ ਦੇ ਦੋਸਤ ਉਸ ਦਾ ਮਜ਼ਾਕ ਉਡਾਉਣਗੇ ਅਤੇ ਉਹ ਬੁਰਾ ਮਹਿਸੂਸ ਕਰੇਗਾ। ਇਸ ਤਰ੍ਹਾਂ ਉਹ ਤੁਹਾਡੇ ‘ਤੇ ਆਪਣਾ ਗੁੱਸਾ ਵੀ ਕੱਢ ਸਕਦਾ ਹੈ।

• ਜੇਕਰ ਤੁਸੀਂ ਬੱਚੇ ਦੀ ਪੜ੍ਹਾਈ ਪ੍ਰਤੀ ਗੰਭੀਰ ਹੋ ਤਾਂ ਉਸ ਦੇ ਮਨੋਰੰਜਨ ਦਾ ਵੀ ਧਿਆਨ ਰੱਖੋ, ਉਸ ਨਾਲ ਕੋਈ ਗੇਮ ਖੇਡੋ। ਉਸ ਨੂੰ ਹਫਤੇ ਵਿਚ ਇਕ ਵਾਰ ਘੁਮਾਉਣ ਲਈ ਲੈ ਜਾਓ।

• ਜ਼ਿਆਦਾਤਰ ਬੱਚੇ ਉਠਣ ਵਿਚ ਪ੍ਰੇਸ਼ਾਨ ਕਰਦੇ ਹਨ ਅਤੇ ਤੁਸੀਂ ਵੀ ਖਿਝ ਕੇ ਉਨ੍ਹਾਂ ਨੂੰ ਕੀ-ਕੁਝ ਨਹੀਂ ਆਖ ਦਿੰਦੇ। ਸਵੇਰ ਵੇਲੇ ਬੱਚੇ ਨੂੰ ਪਿਆਰ ਨਾਲ ਉਠਾਉਣ ਦੀ ਕੋਸ਼ਿਸ਼ ਕਰੋ। ਸਵੇਰ ਦੀ ਸ਼ੁਰੂਆਤ ਹੀ ਜੇਕਰ ਤੁਸੀਂ ਝਿੜਕਾਂ ਨਾਲ ਕਰੋਗੇ ਤਾਂ ਬੱਚਾ ਵੀ ਖਿਝ ਜਾਵੇਗਾ।

• ਬੱਚੇ ਨਾਲ ਬਹੁਤੀ ਦੇਰ ਤਕ ਨਾਰਾਜ਼ ਨਾ ਰਹੋ ਅਤੇ ਇਕ ਦਿਨ ਦੀ ਨਾਰਾਜ਼ਗੀ ਨੂੰ ਅਗਲੇ ਦਿਨ ਤਕ ਖਿੱਚਣ ਦੀ ਕੋਸ਼ਿਸ਼ ਨਾ ਕਰੋ।

ਬੱਚਿਆਂ ਵਿਚਾਲੇ ਵਿਤਕਰਾ ਬਿਲਕੁਲ ਨਾ ਕਰੋ। ਅਜਿਹਾ ਨਾ ਕਰੋ ਕਿ ਬੇਟੇ ਨੂੰ ਵਧੇਰੇ ਪਿਆਰ ਅਤੇ ਬੇਟੀ ਨੂੰ ਕੋਈ ਮਹੱਤਵ ਹੀ ਨਾ ਦਿੱਤਾ ਜਾਵੇ। ਇਸ ਨਾਲ ਉਨ੍ਹਾਂ ਦੇ ਆਪਸੀ ਰਿਸ਼ਤੇ ‘ਚ ਕੜਵਾਹਟ ਪੈਦਾ ਹੋ ਜਾਵੇਗੀ ਕਿਉਂਕਿ ਇਕ ਬੱਚੇ ਨੂੰ ਲੱਗੇਗਾ ਕਿ ਤੁਸੀਂ ਬੱਚੇ ਕਾਰਨ ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਹੋ।

• ਕਦੇ ਵੀ ਇਕ ਬੱਚੇ ਦਾ ਗੁੱਸਾ ਦੂਜੇ ‘ਤੇ ਨਾ ਕੱਢੋ।

• ਬੱਚਿਆਂ ਪ੍ਰਤੀ ਤੁਹਾਡਾ ਰਵੱਈਆ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਉਹ ਤੁਹਾਡੇ ਕੋਲੋਂ ਡਰਨ ਅਤੇ ਸਹਿਮੇ ਰਹਿਣ। ਅਜਿਹੇ ਡਰੇ-ਸਹਿਮੇ ਬੱਚਿਆਂ ਦਾ ਭਵਿੱਖ ਵੀ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਜਾਂ ਤਾਂ ਉਹ ਬਾਗੀ ਹੋ ਜਾਂਦੇ ਹਨ ਜਾਂ ਡਰਪੋਕ।

• ਮਾਤਾ-ਪਿਤਾ ਹਮੇਸ਼ਾ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਬੱਚਾ ਘੱਟ ਪੜ੍ਹਦਾ ਹੈ ਅਤੇ ਦੂਜਿਆਂ ਦੇ ਬੱਚੇ ਜ਼ਿਆਦਾ ਪੜ੍ਹਦੇ ਹਨ ਅਤੇ ਕੋਈ ਵੀ ਗੱਲ ਹੋਣ ‘ਤੇ ਝੱਟ ਆਪਣੇ ਬੱਚੇ ਦੀ ਤੁਲਨਾ ਦੂਜਿਆਂ ਦੇ ਬੱਚਿਆਂ ਨਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਅਜਿਹਾ ਕਰਕੇ ਉਹ ਬੱਚਿਆਂ ‘ਚ ਹੀਣ ਭਾਵਨਾ ਨੂੰ ਜਨਮ ਦਿੰਦੇ ਹਨ।

• ਬੱਚੇ ਸਕੂਲੋਂ ਘਰ ਪਹੁੰਚੇ ਨਹੀਂ ਕਿ ਟਿਊਸ਼ਨ ਟੀਚਰ ਉਨ੍ਹਾਂ ਦੀ ਉਡੀਕ ਕਰਦੀ ਨਜ਼ਰ ਆਉਂਦੀ ਹੈ। ਅਜਿਹਾ ਬਿਲਕੁਲ ਵੀ ਠੀਕ ਨਹੀਂ।

• ਬੱਚੇ ਨੂੰ ਆਰਾਮ ਲਈ ਥੋੜ੍ਹਾ ਸਮਾਂ ਜ਼ਰੂਰ ਦਿਓ ਅਤੇ ਲੋੜ ਪੈਣ ‘ਤੇ ਹੀ ਉਸ ‘ਤੇ ਟਿਊਸ਼ਨ ਦਾ ਬੋਝ ਪਾਓ।

• ਬੱਚਿਆਂ ਨੂੰ ਮਾਰ-ਧਾੜ ਵਾਲੀਆਂ ਫਿਲਮਾਂ ਘੱਟ ਦੇਖਣ ਦਿਓ ਕਿਉਂਕਿ ਇਸ ਨਾਲ ਬੱਚਿਆਂ ਦੇ ਦਿਮਾਗ ‘ਤੇ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ‘ਚ ਹਿੰਸਕ ਪ੍ਰਵਿਰਤੀ ਵੀ ਜਨਮ ਲੈ ਸਕਦੀ ਹੈ। ਉਨ੍ਹਾਂ ਨੂੰ ਸਿੱਖਿਆਦਾਇਕ ਕਾਮੇਡੀ ਜਾਂ ਕਾਰਟੂਨ ਫਿਲਮਾਂ ਦੇਖਣ ਲਈ ਪ੍ਰੇਰਿਤ ਕਰੋ।

ਸ਼ੁਰੂ ਤੋਂ ਹੀ ਬੱਚਿਆਂ ‘ਚ ਕਿਤਾਬਾਂ ਪੜ੍ਹਣ ਪ੍ਰਤੀ ਦਿਲਚਸਪੀ ਪੈਦਾ ਕਰੋ। ਉਨ੍ਹਾਂ ਨੂੰ ਚੰਗੀਆਂ-ਚੰਗੀਆਂ ਕਿਤਾਬਾਂ ਲਿਆ ਕੇ ਦਿਓ ਜੋ ਗਿਆਨ ਵਧਾਊ ਅਤੇ ਦਿਲਚਸਪ ਹੋਣ। ਇਸ ਤਰ੍ਹਾਂ ਉਨ੍ਹਾਂ ਦਾ ਮਨੋਰੰਜਨ ਵੀ ਹੋਵੇਗਾ ਅਤੇ ਗਿਆਨ ਵੀ ਵਧੇਗਾ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 25.03.2011

Thursday, February 24, 2011

ਤੁਹਾਡੇ ਬੱਚੇ ਕਰ ਰਹੇ ਹਨ ਪ੍ਰੀਖਿਆ ਦੀ ਤਿਆਰੀ?

ਪੜ੍ਹਾਈ ਕਰਨ ਲਈ ਸ਼ਾਂਤ ਅਤੇ ਸਥਿਰ ਦਿਮਾਗ ਤੋਂ ਇਲਾਵਾ ਉਚਿਤ ਮਾਹੌਲ ਜ਼ਰੂਰੀ ਹੈ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਨਾ ਹੋਵੇ ਅਤੇ ਬਿਨਾਂ ਕਿਸੇ ਸਮੱਸਿਆ ਤੋਂ ਬਿਹਤਰ ਪੜ੍ਹਾਈ ਹੋ ਸਕੇ। ਆਓ, ਜਾਣੀਏ ਕਿ ਵਿਦਿਆਰਥੀਆਂ ਨੂੰ ਪੜ੍ਹਾਈ, ਵਿਸ਼ੇਸ਼ ਤੌਰ 'ਤੇ ਪ੍ਰੀਖਿਆ ਦੀ ਤਿਆਰੀ ਲਈ ਕਿਹੋ ਜਿਹਾ ਮਾਹੌਲ ਚਾਹੀਦਾ ਹੈ-

• ਜੇਕਰ ਵਿਦਿਆਰਥੀ ਦਾ ਕਮਰਾ ਅਲੱਗ ਹੋਵੇ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਨਾ ਤਾਂ ਉਥੇ ਸੜਕੀ ਆਵਾਜਾਈ ਦਾ ਸ਼ੋਰ-ਸ਼ਰਾਬਾ ਪਹੁੰਚੇ ਅਤੇ ਨਾ ਹੀ ਉਥੋਂ ਬਾਹਰ ਦਾ ਨਜ਼ਾਰਾ ਦਿਸੇ। ਕਮਰੇ ਵਿਚ ਢੁਕਵੀਂ ਮਾਤਰਾ 'ਚ ਸ਼ੁੱਧ ਹਵਾ ਅਤੇ ਰੌਸ਼ਨੀ ਆਉਣੀ ਚਾਹੀਦੀ ਹੈ।

• ਇਸ ਗੱਲ ਦਾ ਧਿਆਨ ਰੱਖੋ ਕਿ ਘਰ ਪਰਿਵਾਰ ਦੇ ਰੋਜ਼ਾਨਾ ਕੰਮਾਂਕਾਰਾਂ ਅਤੇ ਗਤੀਵਿਧੀਆਂ ਨਾਲ ਵਿਦਿਆਰਥੀ ਨੂੰ ਕੋਈ ਸਮੱਸਿਆ ਨਾ ਆਵੇ ਅਤੇ ਨਾ ਹੀ ਵਾਰ-ਵਾਰ ਉਸ ਦੇ ਕਮਰੇ ਵਿਚ ਜਾ ਕੇ ਉਸ ਨੂੰ ਪ੍ਰੇਸ਼ਾਨ ਕਰਨਾ ਚਾਹੀਦਾ ਹੈ।

• ਇਕ ਵਿਦਿਆਰਥੀ ਨੂੰ ਹਮੇਸ਼ਾ ਕੁਰਸੀ 'ਤੇ ਬੈਠ ਕੇ ਹੀ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ। ਬੈਠਣ ਦੀ ਜਗ੍ਹਾ ਢੁਕਵੀਂ ਅਤੇ ਸਹੀ ਹੋਣੀ ਜ਼ਰੂਰੀ ਹੈ। ਬਿਸਤਰੇ ਦਾ ਪ੍ਰਯੋਗ ਸਿਰਫ ਸੌਣ ਲਈ ਹੀ ਕਰਨਾ ਚਾਹੀਦਾ ਹੈ। ਹਮੇਸ਼ਾ ਧਿਆਨ ਰੱਖੋ ਕਿ ਬਿਸਤਰੇ 'ਤੇ ਲੰਮੇ ਪੈ ਕੇ ਨਾ ਪੜ੍ਹੋ।

• ਜੇਕਰ ਇਕ ਹੀ ਕਮਰੇ ਦਾ ਪ੍ਰਯੋਗ ਦੋ ਵਿਦਿਆਰਥੀ ਕਰ ਰਹੇ ਹਨ ਤਾਂ ਵੀ ਉਨ੍ਹਾਂ ਦੇ ਮੇਜ਼ ਅਲੱਗ ਅਤੇ ਇਕ-ਦੂਜੇ ਤੋਂ ਦੂਰ ਹੋਣੇ ਚਾਹੀਦੇ ਹਨ ਤਾਂ ਕਿ ਉਹ ਆਪਸ ਵਿਚ ਇਕ-ਦੂਜੇ ਨੂੰ ਪ੍ਰੇਸ਼ਾਨ ਨਾ ਕਰ ਸਕਣ।

• ਵੱਧ ਤੋਂ ਵੱਧ 9 ਘੰਟੇ ਅਤੇ ਘੱਟ ਤੋਂ ਘੱਟ 6 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।

• ਜੇਕਰ ਅਧਿਐਨ ਦੌਰਾਨ ਥਕਾਵਟ ਮਹਿਸੂਸ ਹੋਵੇ ਤਾਂ ਮੌਸਮ ਜਾਂ ਰੁਚੀ ਅਨੁਸਾਰ ਚਾਹ, ਕੌਫੀ, ਫਲਾਂ ਦਾ ਰਸ ਜਾਂ ਗੁਲੂਕੋਜ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਕੋਸੇ ਦੁੱਧ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਦਿਮਾਗ ਦੀ ਸ਼ਕਤੀ ਵਧਦੀ ਹੈ। ਆਪਣੇ ਸਰੀਰ ਵਿਚ ਲਹੂ-ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਰੱਖੋ, ਨਹੀਂ ਤਾਂ ਤੁਹਾਡੀ ਯਾਦ ਰੱਖਣ ਦੀ ਸਮਰੱਥਾ ਘੱਟ ਹੋ ਸਕਦੀ ਹੈ।

• ਅਧਿਐਨ ਕਰਦੇ ਸਮੇਂ ਪੜ੍ਹੀਆਂ ਜਾ ਰਹੀਆਂ ਲਾਈਨਾਂ 'ਤੇ ਪੈੱਨ ਜਾਂ ਪੈਨਸਿਲ ਦਾ ਨਿਸ਼ਾਨ ਦੇ ਤੌਰ 'ਤੇ ਪ੍ਰਯੋਗ ਕਰਦੇ ਰਹੋ। ਇਸ ਨਾਲ ਧਿਆਨ ਇਧਰ-ਉਧਰ ਭਟਕਣ ਦੀ ਬਜਾਏ ਸ਼ਬਦਾਂ 'ਤੇ ਕੇਂਦਰਿਤ ਰਹਿੰਦਾ ਹੈ। ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਵਿਸ਼ਿਆਂ ਦਾ ਘੋਟਾ ਲਾਉਣ ਦੀ ਬਜਾਏ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੁਕਾਬਲਾ ਪ੍ਰੀਖਿਆਵਾਂ ਵਿਚ ਘੋਟਾ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਕਿਸੇ ਵੀ ਵਿਸ਼ੇ ਨੂੰ ਕਲਪਨਾ ਸ਼ਕਤੀ ਦੁਆਰਾ ਦਿਮਾਗ 'ਚ ਬਿਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

• ਪੜ੍ਹਦੇ ਸਮੇਂ ਧਿਆਨ ਕਿਤੇ ਹੋਰ ਨਹੀਂ ਹੋਣਾ ਚਾਹੀਦਾ। ਅਜਿਹਾ ਕਰਨ ਨਾਲ ਵਿਸ਼ੇ ਨਾਲ ਸੰਬੰਧਿਤ ਇਕਾਗਰਤਾ ਭੰਗ ਹੋਣ ਲਗਦੀ ਹੈ ਅਤੇ ਦਿਮਾਗ 'ਤੇ ਦਬਾਅ ਪੈਂਦਾ ਹੈ।

• ਪੜ੍ਹਾਈ ਦੌਰਾਨ ਅਭਿਆਸ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਵਾਰ-ਵਾਰ ਅਭਿਆਸ ਕਰਨ ਨਾਲ ਵਿਸ਼ੇ ਦੀ ਜਟਿਲਤਾ ਘੱਟ ਹੋ ਜਾਂਦੀ ਹੈ ਅਤੇ ਵਾਕ ਯਾਦ ਹੋਣ ਲਗਦੇ ਹਨ।

• ਆਪਣੇ ਦਿਨ ਦੀ ਸ਼ੁਰੂਆਤ ਇਕ ਨਿਸ਼ਚਿਤ ਸਮੇਂ ਕਰਨੀ ਚਾਹੀਦੀ ਹੈ ਭਾਵ ਸਵੇਰੇ ਉਠਣ ਅਤੇ ਰਾਤ ਨੂੰ ਸੌਣ ਦਾ ਸਮਾਂ ਨਿਸ਼ਚਿਤ ਰੱਖਣਾ ਚਾਹੀਦਾ ਹੈ। ਜ਼ਰੂਰਤ ਅਨੁਸਾਰ ਅਲਾਰਮ ਦੀ ਸਹਾਇਤਾ ਲਈ ਜਾ ਸਕਦੀ ਹੈ। ਪੜ੍ਹਨ ਲਈ ਸਵੇਰ ਦਾ ਸਮਾਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਸਾਡਾ ਦਿਮਾਗ ਸਵੇਰੇ ਸ਼ਾਂਤ ਅਤੇ ਇਕਾਗਰ ਅਵਸਥਾ ਵਿਚ ਰਹਿੰਦਾ ਹੈ।

• ਘਰ ਦੇ ਹੋਰ ਮੈਂਬਰ ਲੰਬੇ ਸਮੇਂ ਤੱਕ ਰੇਡੀਓ, ਟੀ. ਵੀ. ਆਦਿ ਦਾ ਉਪਯੋਗ ਨਾ ਕਰਨ। ਇਸ ਨਾਲ ਵਿਦਿਆਰਥੀ ਦਾ ਮਨ ਵੀ ਲਲਚਾ ਸਕਦਾ ਹੈ। ਅਧਿਐਨ ਸਮੇਂ ਜਿਥੋਂ ਤੱਕ ਸੰਭਵ ਹੋਵੇ, ਟੀ. ਵੀ., ਮੋਬਾਈਲ, ਫੋਨ ਅਤੇ ਰੁਕਾਵਟ ਪੈਦਾ ਕਰਨ ਵਾਲੀਆਂ ਵਸਤੂਆਂ ਤੋਂ ਦੂਰੀ ਬਣਾ ਕੇ ਰੱਖੋ, ਜਿਸ ਨਾਲ ਰੁਕਾਵਟ ਰਹਿਤ ਪੜ੍ਹਾਈ ਹੋ ਸਕੇ।

• ਪੜ੍ਹਾਈ ਕਰਦੇ ਦੌਰਾਨ ਵਿਦਿਆਰਥੀ ਦਾ ਹਾਲ-ਚਾਲ ਪੁੱਛਦੇ ਰਹੋ। ਉਸ ਦੀ ਮਿਹਨਤ ਦੀ ਪ੍ਰਸੰਸਾ ਕਰੋ। ਉਸ ਵਿਚ ਆਤਮਵਿਸ਼ਵਾਸ ਦਾ ਸੰਚਾਰ ਕਰੋ। ਤੁਹਾਡਾ ਇਹ ਵਿਵਹਾਰ ਵਿਦਿਆਰਥੀ ਦੀ ਹਿੰਮਤ ਵਧਾਏਗਾ।

• ਪ੍ਰਮੁੱਖ ਨਿਸ਼ਾਨੇ ਤੈਅ ਕਰੋ ਪਰ ਮਾਰਗ ਇਕ ਰੱਖੋ। ਹਮੇਸ਼ਾ ਸਪੱਸ਼ਟ ਨਿਸ਼ਾਨਾ ਰੱਖੋ। ਇਸ ਟੀਚੇ ਨੂੰ ਪੂਰਾ ਕਰਨ ਲਈ ਅਜਿਹੇ ਰਾਹ ਪੈਦਾ ਕਰੋ, ਜਿਨ੍ਹਾਂ ਦੇ ਛੋਟੇ-ਛੋਟੇ ਟੀਚੇ ਹੋਣ ਅਤੇ ਉਹ ਵੱਖ-ਵੱਖ ਦਿਸ਼ਾਵਾਂ ਵਿਚ ਜਾਂਦੇ ਹੋਣ। ਜਦੋਂ ਤੁਸੀਂ ਛੋਟੇ-ਛੋਟੇ ਟੀਚਿਆਂ ਨੂੰ ਪਾਉਣ ਵਿਚ ਸਫਲ ਹੋਣ ਦਾ ਗਿਆਨ ਪ੍ਰਾਪਤ ਕਰ ਲਵੋਗੇ ਤਾਂ ਵਿਸ਼ਾਲ ਟੀਚਿਆਂ ਨੂੰ ਪ੍ਰਾਪਤ ਕਰਨ ਵੱਲ ਪ੍ਰੇਰਿਤ ਹੋ ਜਾਵੋਗੇ।

• ਸਮਾਨ ਰੁਚੀ ਵਾਲੇ ਲੋਕਾਂ ਨਾਲ ਸੰਪਰਕ ਬਣਾਓ। ਆਪਸੀ ਸਹਾਇਤਾ ਪ੍ਰੇਰਣਾਦਾਇਕ ਹੁੰਦੀ ਹੈ। ਆਪਣੇ ਮਿੱਤਰਾਂ ਵਿਚ ਪਰਸਪਰ ਸਹਿਯੋਗ ਦਾ ਆਦਾਨ-ਪ੍ਰਦਾਨ ਕਰੋ।

• ਸਿੱਖਣ ਦਾ ਤਰੀਕਾ ਸਿੱਖੋ। ਗਿਆਨ ਪ੍ਰਾਪਤ ਕਰਨ ਲਈ ਦੂਜਿਆਂ 'ਤੇ ਨਿਰਭਰ ਰਹਿਣ ਨਾਲ ਟਾਲ-ਮਟੋਲ ਕਰਨ ਦੀ ਆਦਤ ਵਧਦੀ ਹੈ। ਮਨੁੱਖ ਵਿਚ ਬਿਨਾਂ ਸਿਖਲਾਈ ਤੋਂ ਗਿਆਨ ਹਾਸਲ ਕਰਨ ਦੀ ਸਮਰੱਥਾ ਹੁੰਦੀ ਹੈ।

ਜ਼ੋਖਮ ਉਠਾਓ। ਅਸਫਲਤਾ ਪ੍ਰੇਰਨਾ ਦਾ ਤੱਤ ਹੈ ਅਤੇ ਸਿੱਖਣ ਦਾ ਇਕ ਜ਼ਰੀਆ ਹੈ। ਕਿਸੇ ਨੇ ਵੀ ਬਿਨਾਂ ਅਸਫਲ ਹੋਏ ਕੁਝ ਪ੍ਰਾਪਤ ਨਹੀਂ ਕੀਤਾ ਹੈ। ਤੁਸੀਂ ਸਾਰੇ ਵਿਦਿਆਰਥੀ ਉੱਪਰ ਲਿਖੇ ਨੁਕਤਿਆਂ ਅਤੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਆਪਣੀ ਪੜ੍ਹਾਈ ਜਾਂ ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕਰੋ।

ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 24.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms