Wednesday, January 11, 2012

ਪੜ੍ਹਾਈ ਤੋਂ ਇਲਾਵਾ ਪਾਓ ਬੱਚਿਆਂ ਨੂੰ ਪੜ੍ਹਨ ਦਾ ਸ਼ੌਕ - ਬਲਜਿੰਦਰ ਮਾਨ

ਜਿਵੇਂ-ਜਿਵੇਂ ਬੱਚਾ ਹੋਸ਼ ਸੰਭਾਲਦਾ ਹੈ, ਤਿਵੇਂ ਹੀ ਉਹ ਆਪਣੇ ਆਲੇ-ਦੁਆਲੇ ਨੂੰ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ। ਉਹ ਬੋਲਣ ਦੇ ਕਾਬਲ ਨਾ ਹੋਣ ਕਰਕੇ ਜੋ ਪੜ੍ਹਦਾ ਹੈ, ਉਸ ਬਾਰੇ ਦੱਸ ਨਹੀਂ ਸਕਦਾ ਪਰ ਜਦੋਂ ਉਹ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਹੈ ਤਾਂ ਉਹ ਆਪਣੇ ਅਨੁਭਵਾਂ ਨੂੰ ਰੋ ਕੇ, ਹੱਸ ਕੇ ਜਾਂ ਰੁੱਸ ਕੇ ਜ਼ਾਹਿਰ ਕਰਦਾ ਹੈ। ਜਦੋਂ ਬੱਚਾ ਇਹ ਕਾਰਵਾਈ ਸ਼ੁਰੂ ਕਰਦਾ ਹੈ ਤਾਂ ਪੜ੍ਹਾਈ ਦਾ ਪਹਿਲਾ ਪਾਠ ਆਰੰਭਿਆ ਜਾਂਦਾ ਹੈ। ਹੁਣ ਗੱਲ ਚਲਦੀ ਹੈ ਬੋਲਣ ਵਾਲੇ ਬੱਚਿਆਂ ਦੀ, ਜੋ ਆਪਣੇ ਮਾਪਿਆਂ ਅਤੇ ਆਪਣੇ ਸੰਗੀ-ਸਾਥੀਆਂ ਨਾਲ ਤੋਤਲੀ ਆਵਾਜ਼ ਵਿਚ ਗੱਲ ਕਰਦਾ ਹੈ। ਉਨ੍ਹਾਂ ਵਿਚ ਹੋਰ ਜਾਣਨ ਦੀ ਇੱਛਾ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ, ਜੋ ਹਰ ਸਮੇਂ ਲਗਾਈ ਰੱਖਦੇ ਹਨ। ਉਹ ਹਰ ਗੱਲ ਬਾਰੇ ਪੁੱਛਦੇ ਰਹਿੰਦੇ ਹਨ, ਇਹ ਕੀ ਹੈ, ਉਹ ਕੀ ਹੈ, ਕੌਣ ਹੈ, ਕਿਉਂ ਹੈ? ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਮਾਪਿਆਂ ਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਉਨ੍ਹਾਂ ਦੀਆਂ ਗੱਲਾਂ ਦੇ ਹੁੰਗਾਰੇ ਨਹੀਂ ਭਰਦੇ ਤਾਂ ਉਨ੍ਹਾਂ ਦੀ ਜਗਿਆਸਾ ਸ਼ਾਂਤ ਨਹੀਂ ਹੁੰਦੀ।

ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਦੀ ਇਹ ਸਮੱਸਿਆ ਹੈ ਕਿ ਉਨ੍ਹਾਂ ਵਿਚੋਂ ਕਰੀਬ ਅੱਧੇ ਬੱਚੇ ਸਹੀ ਢੰਗ ਨਾਲ ਪੰਜਾਬੀ ਪੜ੍ਹਨ ਦੇ ਯੋਗ ਨਹੀਂ ਹੁੰਦੇ। ਜੇਕਰ ਉਹ ਸਹੀ ਢੰਗ ਨਾਲ ਨਹੀਂ ਪੜ੍ਹ ਪਾਉਂਦੇ ਤਾਂ ਉਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਰਸ ਕਿਵੇਂ ਨਸੀਬ ਹੋ ਸਕਦਾ ਹੈ? ਜਿਹੜੇ ਪੰਜਾਬੀ ਪੜ੍ਹ ਸਕਦੇ ਹਨ, ਉਨ੍ਹਾਂ ਅੱਗੇ ਅਸੀਂ ਉਨ੍ਹਾਂ ਦੇ ਹਾਣ ਦੀਆਂ ਪੁਸਤਕਾਂ ਅਤੇ ਰਸਾਲੇ ਨਹੀਂ ਪ੍ਰੋਸਦੇ। ਪ੍ਰਾਇਮਰੀ ਪੱਧਰ ਦੀ ਤਾਂ ਗੱਲ ਹੀ ਛੱਡੋ, ਸੈਕੰਡਰੀ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੁਖੀ ਬਾਲ ਸਾਹਿਤ ਤੋਂ ਕੋਰੇ ਹਨ। 'ਨਿੱਕੀਆਂ ਕਰੂੰਬਲਾਂ' ਰਸਾਲੇ ਦਾ ਸੰਪਾਦਨ ਅਤੇ ਸੰਚਾਲਨ ਪਿਛਲੇ ਡੇਢ ਦਹਾਕੇ ਤੋਂ ਕਰਦਾ ਹੋਣ ਕਰਕੇ ਬੜੇ ਕੌੜੇ-ਮਿੱਠੇ ਤਜਰਬੇ ਸਾਂਝੇ ਕੀਤੇ ਜਾ ਸਕਦੇ ਹਨ। ਮੇਰੇ ਖਿਆਲ ਨਾਲ ਬੱਚੇ ਦੀ ਸੱਚੀ-ਸੁੱਚੀ ਅਤੇ ਮਜ਼ਬੂਤ ਬੁਨਿਆਦ ਬੰਨ੍ਹਣ ਲਈ 'ਬਾਲ ਸਾਹਿਤ' ਸੰਤੁਲਿਤ ਭੋਜਨ ਵਾਂਗ ਹੀ ਲੋੜੀਂਦਾ ਹੈ। ਇਸ ਲਈ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਪ੍ਰਾਇਮਰੀ ਪੱਧਰ ਤੋਂ ਹੀ ਬਾਲ ਸਾਹਿਤ ਨਾਲ ਜੋੜਨਾ ਚਾਹੀਦਾ ਹੈ। ਰੌਚਿਕ ਕਹਾਣੀਆਂ ਜਿਥੇ ਉਸ ਅੰਦਰ ਆਦਰਸ਼ ਇਨਸਾਨ ਪੈਦਾ ਕਰਨਗੀਆਂ, ਉਥੇ ਉਸ ਅੰਦਰ ਮੁਕਾਬਲੇ ਦੇ ਯੁੱਗ ਦਾ ਹਾਣੀ ਬਣਨ ਦੀ ਕਲਾ ਵੀ ਉਪਜਾਉਣਗੀਆਂ।

ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨ ਵਿਚ ਅਧਿਆਪਕ ਅਤੇ ਮਾਪੇ ਅਹਿਮ ਭੂਮਿਕਾ ਅਦਾ ਕਰਦੇ ਹਨ। ਜੇਕਰ ਅਸੀਂ ਆਪਣੇ ਘਰੇਲੂ ਬਜਟ ਵਿਚ ਬਾਲ ਪੁਸਤਕਾਂ ਲਈ ਥਾਂ ਰੱਖੀਏ ਤਾਂ ਬੱਚੇ ਘਰ ਵਿਚ ਹੀ ਇਨ੍ਹਾਂ ਨਾਲ ਜੁੜ ਸਕਦੇ ਹਨ। ਜਦੋਂ ਸਕੂਲ ਦੀ ਲਾਇਬ੍ਰੇਰੀ ਦੇ ਦਰਵਾਜ਼ੇ ਬੰਦ ਦਿਖਾਈ ਦਿੰਦੇ ਹਨ ਤਾਂ ਇਹ ਰੁਚੀ ਕਿਵੇਂ ਪੈਦਾ ਹੋ ਸਕੇਗੀ? ਪੰਜਾਬ ਦੇ ਸੈਕੰਡਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵੀ ਨਹੀਂ ਖੁੱਲ੍ਹਦੀਆਂ। ਜੇਕਰ ਥੋੜ੍ਹੇ-ਬਹੁਤ ਸਕੂਲਾਂ ਦੀਆਂ ਲਾਇਬ੍ਰੇਰੀਆਂ ਖੁੱਲ੍ਹਦੀਆਂ ਵੀ ਹਨ ਤਾਂ ਉਨ੍ਹਾਂ ਵਿਚ ਬਾਲ ਰਸਾਲਿਆਂ ਦੀ ਘਾਟ ਰੜਕਦੀ ਰਹਿੰਦੀ ਹੈ। ਪਾਠਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿਚੋਂ ਸਿਰਫ ਤਿੰਨ ਬਾਲ ਰਸਾਲੇ ਛਪਦੇ ਹਨ। ਸਕੂਲ ਮੁਖੀਆਂ ਨੇ ਸਕੂਲ ਦੀ ਲਾਇਬ੍ਰੇਰੀ ਵਿਚ ਇਹ ਘਾਟ ਮਹਿਸੂਸ ਨਹੀਂ ਕੀਤੀ, ਕਿਉਂਕਿ ਉਹ ਇਸ ਦੇ ਮੁੱਲ ਤੋਂ ਜਾਣੂ ਨਹੀਂ।

ਤਜਰਬੇ ਦੱਸਦੇ ਹਨ ਕਿ ਜਿਹੜੇ ਬੱਚੇ ਬਾਲ ਸਾਹਿਤ ਪੜ੍ਹਦੇ ਹਨ, ਉਨ੍ਹਾਂ ਦੀ ਸੋਚਣ ਸ਼ਕਤੀ ਬਾਕੀਆਂ ਨਾਲੋਂ ਕਿਤੇ ਅੱਗੇ ਨਿਕਲ ਜਾਂਦੀ ਹੈ। ਉਹ ਨੈਤਿਕ ਕਦਰਾਂ-ਕੀਮਤਾਂ ਨਾਲ ਆਪਣੀ ਸ਼ਖ਼ਸੀਅਤ ਦਾ ਏਨਾ ਵਿਕਾਸ ਕਰ ਜਾਂਦੇ ਹਨ ਕਿ ਉਹ ਹਰ ਖੇਤਰ ਵਿਚ ਡੂੰਘੀਆਂ ਪੈੜਾਂ ਪਾਉਂਦੇ ਹਨ। ਹੁਣ ਵਿਚਾਰਨਾ ਹੋਵੇਗਾ ਬਾਲ ਸਾਹਿਤ ਦੀਆਂ ਪੁਸਤਕਾਂ ਨੂੰ। ਕਈ ਸਾਹਿਤਕਾਰ ਬਾਲ ਸਾਹਿਤ ਦੀ ਰਚਨਾ ਨੂੰ ਸੌਖਾ ਕਾਰਜ ਮੰਨ ਕੇ ਇਸ ਖੇਤਰ ਵਿਚ ਪ੍ਰਦੂਸ਼ਣ ਫੈਲਾਅ ਦਿੰਦੇ ਹਨ, ਜਿਸ ਕਰਕੇ ਆਮ ਪਾਠਕ ਲਈ ਚੋਣ ਦੀ ਸਮੱਸਿਆ ਬਣ ਜਾਂਦੀ ਹੈ। ਦੂਜਾ ਬਾਲ ਸਾਹਿਤ ਦੀਆਂ ਮਹਿੰਗੀਆਂ ਪੁਸਤਕਾਂ ਪਾਠਕਾਂ ਦੀ ਪਹੁੰਚ ਤੋਂ ਦੂਰ ਰਹਿ ਜਾਂਦੀਆਂ ਹਨ।

ਪੰਜਾਬ ਵਿਚੋਂ ਛਪਦੇ ਪੰਜਾਬੀ ਬਾਲ ਰਸਾਲੇ ਹਰ ਸਕੂਲ ਵਿਚ ਪਹੁੰਚਣ, ਇਸ ਕਾਰਜ ਲਈ ਸਰਬ ਸਿੱਖਿਆ ਅਭਿਆਨ ਦਾ ਯੋਗਦਾਨ ਲਿਆ ਜਾ ਸਕਦਾ ਹੈ। ਹਰ ਸਕੂਲ ਵਿਚ ਲਾਇਬ੍ਰੇਰੀਅਨ ਲਗਾ ਕੇ ਬੱਚਿਆਂ ਲਈ ਪੁਸਤਕ ਭੰਡਾਰ ਖੋਲ੍ਹੇ ਜਾਣ। ਬੱਚਿਆਂ ਨੂੰ ਘਰ ਰੱਖਣ ਵਾਸਤੇ ਸਸਤੇ ਮੁੱਲ 'ਤੇ ਪੁਸਤਕਾਂ ਦਿੱਤੀਆਂ ਜਾਣ। ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਇਕ ਚਲਦੀ-ਫਿਰਦੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇ, ਜੋ ਹਰ ਸਕੂਲ, ਮੁਹੱਲੇ ਅਤੇ ਪਿੰਡ ਵਿਚ ਜਾ ਕੇ ਬਾਲ ਪੁਸਤਕਾਂ ਦਾ ਪ੍ਰਚਾਰ ਤੇ ਵਿਕਰੀ ਕਰੇ। ਇਸ ਨਾਲ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਤਾਂ ਪੈਦਾ ਹੋਵੇਗੀ ਹੀ, ਨਾਲ-ਨਾਲ ਪੰਜਾਬ ਅੰਦਰ ਪੁਸਤਕ ਸੱਭਿਆਚਾਰ ਵੀ ਸ਼ੁਰੂ ਹੋ ਜਾਵੇਗਾ। ਬਿਜਲਈ ਮੀਡੀਏ ਦੇ ਮਾਰੂ ਪ੍ਰਭਾਵ ਤੋਂ ਅਸੀਂ ਨਰੋਏ ਬਾਲ ਸਾਹਿਤ ਨਾਲ ਹੀ ਆਪਣੀ ਨਵੀਂ ਪਨੀਰੀ ਨੂੰ ਬਚਾ ਸਕਦੇ ਹਾਂ। ਸੋ, ਹਰ ਜ਼ਿਲ੍ਹੇ ਦੀ ਮੋਬਾਈਲ ਲਾਇਬ੍ਰੇਰੀ ਵੀ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਨੂੰ ਵਿਕਸਿਤ ਕਰਨ ਵਿਚ ਹਿੱਸਾ ਪਾ ਸਕਦੀ ਹੈ। ਅਧਿਆਪਕ ਅਤੇ ਮਾਪੇ ਵੀ ਇਸ ਪ੍ਰਤੀ ਸੁਚੇਤ ਹੋਣ ਤਾਂ ਸਫਲਤਾ ਦੇ ਰਾਹੇ ਪਿਆ ਜਾ ਸਕਦਾ ਹੈ। ਸੋ ਆਓ, ਆਪਾਂ ਸਾਰੇ ਰਲ ਕੇ ਬੱਚਿਆਂ ਅੰਦਰ ਪੜ੍ਹਨ ਦੀਆਂ ਰੁਚੀਆਂ ਪੈਦਾ ਕਰਨ ਵਿਚ ਯੋਗਦਾਨ ਪਾਈਏ।

ਕਰੂੰਬਲਾਂ ਭਵਨ, ਮਾਹਿਲਪੁਰ (ਹੁਸ਼ਿਆਰਪੁਰ)।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 05.11.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms