ਜੀ ਆਇਆਂ ਨੂੰ

ਜੱਟ ਦੇ ਬਲੋਗ ਤੇ ਤੁਹਾਡਾ ਸੁਆਗਤ ਹੈ।

ਇਸ ਬਲੋਗ ਤੇ ਆਮ ਜੀਵਨ ਨਾਲ ਸੰਬੰਧਿਤ ਲੇਖ ਇਧਰੋਂ-ਉਧਰੋਂ ਕਾਪੀ ਕਰ ਕੇ ਲਾਏ ਜਾਣਗੇ। ਬਲੋਗ ਦਾ ਮਕਸਦ ਗਿਆਨ, ਜਾਣਕਾਰੀ ਅਤੇ ਵਿਚਾਰਾਂ ਦੀ ਸਾਂਝ ਹੈ।

ਇਹ ਬਲੋਗ ੩੦ ਜਨਵਰੀ ੨੦੧੧ ਨੂੰ ਸ਼ੁਰੂ ਕੀਤਾ ਗਿਆ।

Monday, April 9, 2012

ਕਿਤੇ ਤੁਹਾਡੀ ਬੇਟੀ ਨਾਲ ਯੋਨ ਹਿੰਸਾ ਤਾਂ ਨਹੀਂ ਹੋ ਰਹੀ? - ਨੀਲਮ ਅਰੋੜਾ

ਤੁਹਾਡੀ 12 ਸਾਲ ਦੀ ਬੇਟੀ ਜੇਕਰ ਤੁਹਾਨੂੰ ਘਰ ਆ ਕੇ ਦੱਸਦੀ ਹੈ ਕਿ ਜਮਾਤ ਵਿਚ ਸਾਰੇ ਬੱਚੇ ਜਾ ਚੁੱਕੇ ਸਨ ਅਤੇ ਉਹ ਇਕੱਲੀ ਬੈਠੀ ਸੀ। ਇਸ ਦੌਰਾਨ ਗਣਿਤ ਪੜ੍ਹਾਉਣ ਵਾਲਾ ਅਧਿਆਪਕ ਇਕਦਮ ਆਪਣੀ ਸੀਟ ਤੋਂ ਉੱਠ ਕੇ ਉਸ ਕੋਲ ਆ ਜਾਂਦਾ ਹੈ ਅਤੇ ਉਸ ਦੀ ਕਿਤਾਬ ਦੇਖਣ ਬਹਾਨੇ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੀ ਤੁਸੀਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋ ਜਾਂ ਉਸ ਦੀ ਗੱਲ ਅਣਸੁਣੀ ਕਰ ਦਿੰਦੇ ਹੋ? ਕਿਸੇ ਵੀ ਮਾਂ ਨਾਲ ਦੋਵੇਂ ਸਥਿਤੀਆਂ ਹੋ ਸਕਦੀਆਂ ਹਨ। ਉਹ ਸਥਿਤੀ ਨੂੰ ਜ਼ਿਆਦਾ ਗੰਭੀਰ ਨਾ ਸਮਝਦੇ ਹੋਏ, ਬੇਟੀ ਨੂੰ ਇਹ ਗੱਲ ਭੁੱਲਣ ਲਈ ਵੀ ਕਹਿ ਸਕਦੀ ਹੈ ਜਾਂ ਇਸ ਗੱਲ ਲਈ ਉਹ ਪ੍ਰਿੰਸੀਪਲ ਕੋਲ ਸ਼ਿਕਾਇਤ ਵੀ ਕਰ ਸਕਦੀ ਹੈ।

ਆਮ ਤੌਰ 'ਤੇ ਇਹ ਹੁੰਦਾ ਹੈ ਕਿ ਜ਼ਿਆਦਾ ਮਾਪੇ ਇਸ ਪ੍ਰਕਾਰ ਦੀਆਂ ਗੱਲਾਂ ਨੂੰ ਉਜਾਗਰ ਕਰਨ ਵਿਚ ਆਪਣੀ ਤੇ ਆਪਣੀ ਬੇਟੀ ਦੀ ਬੇਇੱਜ਼ਤੀ ਸਮਝਦੇ ਹਨ, ਜਿਸ ਕਾਰਨ ਭਾਰਤ ਵਰਗੇ ਦੇਸ਼ ਵਿਚ ਛੋਟੀਆਂ ਬੱਚੀਆਂ ਅਤੇ ਔਰਤਾਂ ਨਾਲ ਹੋਣ ਵਾਲੀ ਛੇੜਖਾਨੀ ਨੂੰ ਚੁੱਪਚਾਪ ਸਹਿਣ ਦੀ ਨਸੀਹਤ ਜ਼ਿਆਦਾਤਰ ਮਾਵਾਂ ਆਪਣੀਆਂ ਬੇਟੀਆਂ ਨੂੰ ਦਿੰਦੀਆਂ ਹਨ। ਸਕੂਲ ਵਿਚ ਜਾਂ ਆਪਣੇ ਇਰਦ-ਗਿਰਦ ਦੇ ਲੋਕਾਂ ਨਾਲ ਇਸ ਤਰ੍ਹਾਂ ਦੀ ਕੀਤੀ ਜਾਣ ਵਾਲੀ ਛੇੜਖਾਨੀ ਅਤੇ ਯੋਨ ਸ਼ੋਸ਼ਣ ਦੀ ਆਮ ਤੌਰ 'ਤੇ ਅਣਦੇਖੀ ਕੀਤੀ ਜਾਂਦੀ ਹੈ।

ਜੇਕਰ ਤੁਹਾਡਾ ਬੱਚਾ ਆਪਣੇ ਨਾਲ ਹੋਈ ਕਿਸੇ ਜ਼ਿਆਦਤੀ ਬਾਰੇ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ ਤਾਂ ਉਸ ਨੂੰ ਪੂਰੇ ਵਿਸ਼ਵਾਸ ਵਿਚ ਲੈ ਕੇ ਖੁੱਲ੍ਹ ਕੇ ਦੱਸਣ ਲਈ ਪ੍ਰੇਰਿਤ ਕਰੋ ਅਤੇ ਉਸ 'ਤੇ ਪੂਰਾ ਵਿਸ਼ਵਾਸ ਕਰੋ। ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਇਸ ਲਈ ਆਪਣੀ ਬੇਟੀ ਨੂੰ ਦੋਸ਼ ਨਾ ਦੇਣ ਅਤੇ ਉਸ ਨੂੰ ਪੂਰੀ ਸੁਰੱਖਿਆ ਦੇਣ। ਆਪਣੇ ਬੱਚਿਆਂ 'ਤੇ ਪੂਰਾ ਵਿਸ਼ਵਾਸ ਜਤਾਓ। ਤੁਹਾਡੀ ਬੱਚੀ ਜੇਕਰ ਤੁਹਾਨੂੰ ਦੱਸਦੀ ਹੈ ਕਿ ਉਸ ਨਾਲ ਕਿਸੇ ਨੇ ਮਹੀਨਿਆਂ ਤੱਕ ਅਜਿਹਾ ਵਿਵਹਾਰ ਕੀਤਾ ਜਾਂ ਉਹ ਕਿਸੇ ਦੀ ਬਲੈਕਮੇਲਿੰਗ ਕਾਰਨ ਸਾਲਾਂ ਤੱਕ ਕਿਸੇ ਯੋਨ ਹਿੰਸਾ ਦਾ ਸ਼ਿਕਾਰ ਰਹੀ ਹੈ ਤਾਂ ਇਸ ਦਾ ਮਤਲਬ ਇਹ ਨਾ ਸਮਝੋ ਕਿ ਉਹ ਕੋਈ ਕਹਾਣੀ ਬਣਾ ਕੇ ਤੁਹਾਨੂੰ ਦੱਸ ਰਹੀ ਹੈ। ਇਹ ਇਕ ਸਚਾਈ ਹੈ ਕਿ ਬੱਚੇ ਕਈ ਵਾਰ ਕਈ ਦਿਨਾਂ, ਮਹੀਨਿਆਂ, ਸਾਲਾਂ ਤੱਕ ਯੋਨ ਹਿੰਸਾ ਖਿਲਾਫ਼ ਆਪਣੇ ਮਾਤਾ-ਪਿਤਾ ਨੂੰ ਕੁਝ ਵੀ ਨਹੀਂ ਕਹਿ ਪਾਉਂਦੇ। ਇਸ ਲਈ ਬੱਚਿਆਂ ਨੂੰ ਕਹੋ ਕਿ ਉਹ ਆਪਣੇ ਨਾਲ ਹੋਈ ਕਿਸੇ ਵੀ ਜ਼ਿਆਦਤੀ ਬਾਰੇ ਤੁਹਾਨੂੰ ਤੁਰੰਤ ਦੱਸਣ।

ਯੋਨ ਹਿੰਸਾ ਨਾਲ ਸ਼ਿਕਾਰ ਬੱਚਿਆਂ ਵਿਚ ਕਈ ਤਰ੍ਹਾਂ ਦੀਆਂ ਭਾਵਨਾਤਮਿਕ ਤੇ ਵਿਵਹਾਰ ਨਾਲ ਸੰਬੰਧਿਤ ਸਮੱਸਿਆਵਾਂ ਦੇਖਣ ਵਿਚ ਆਉਂਦੀਆਂ ਹਨ। ਮਾਤਾ-ਪਿਤਾ ਨੂੰ ਬੱਚੇ ਦੇ ਵਿਵਹਾਰ ਵਿਚ ਆਏ ਬਦਲਾਅ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਭੁੱਖ ਘੱਟ ਲੱਗਣਾ, ਭੋਜਨ ਨਾ ਖਾਣਾ, ਨੀਂਦ ਨਾ ਆਉਣਾ, ਹਰ ਸਮੇਂ ਡਰੇ ਰਹਿਣਾ, ਸਕੂਲ ਜਾਣ ਤੋਂ ਮਨ੍ਹਾ ਕਰਨਾ, ਇਹ ਸਾਰੀਆਂ ਗੱਲਾਂ ਅਜਿਹੀਆਂ ਹਨ ਜੋ ਕੁੜੀਆਂ ਨਾਲ ਹੋਣ ਵਾਲੀ ਯੋਨ ਹਿੰਸਾ ਦਾ ਸੰਕੇਤ ਦਿੰਦੀਆਂ ਹਨ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੇ ਵਿਵਹਾਰ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਰੱਖਣ। ਉਹ ਬੱਚਿਆਂ ਨੂੰ ਗੁਪਤ ਅੰਗਾਂ 'ਤੇ ਉਨ੍ਹਾਂ ਨਾਲ ਹੋਣ ਵਾਲੀ ਛੇੜਛਾੜ ਬਾਰੇ ਜਾਗਰੂਕ ਬਣਾਉਣ। ਹਰ ਸਕੂਲ ਜਾਣ ਵਾਲੀ ਲੜਕੀ ਨੂੰ ਆਪਣੇ ਸਰੀਰਕ ਅੰਗਾਂ ਬਾਰੇ ਦੱਸੋ ਕਿ ਜੇਕਰ ਕੋਈ ਉਸ ਨੂੰ ਬੇਲੋੜਾ ਛੂਹਣ ਦੀ ਕੋਸ਼ਿਸ਼ ਕਰੇ ਤਾਂ ਉਹ ਇਸ ਦੀ ਸੂਚਨਾ ਆਪਣੇ ਮਾਤਾ-ਪਿਤਾ ਨੂੰ ਦੇਵੇ। ਇਸ ਤੋਂ ਇਲਾਵਾ ਛੋਟੀਆਂ ਬੱਚੀਆਂ ਨੂੰ ਸਪਰਸ਼ ਦਾ ਗਿਆਨ ਕਰਵਾਉ ਅਤੇ ਉਨ੍ਹਾਂ ਨੂੰ ਦੱਸੋ ਕਿ ਜੇਕਰ ਕੋਈ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਛੂਹਣ ਦੀ ਕੋਸ਼ਿਸ਼ ਕਰੇ ਤਾਂ ਉਹ ਇਸ ਦਾ ਵਿਰੋਧ ਕਰਨ।

ਜੇਕਰ ਬੱਚੇ ਦੇ ਵਿਵਹਾਰ ਵਿਚ ਮਾਤਾ-ਪਿਤਾ ਨੂੰ ਅਚਾਨਕ ਕੋਈ ਪਰਿਵਰਤਨ ਨਜ਼ਰ ਆਉਣ ਲੱਗਦਾ ਹੈ ਤਾਂ ਉਹ ਇਸ ਵੱਲ ਪੂਰਾ ਧਿਆਨ ਦੇਣ। ਲੜਕੀ ਦੇ ਪੇਟ ਵਿਚ ਦਰਦ, ਭੁੱਖ ਨਾ ਲੱਗਣਾ, ਸਕੂਲ ਜਾਣ ਤੋਂ ਮਨ੍ਹਾ ਕਰਨਾ, ਗੁੱਸੇ ਹੋਣਾ, ਚਿੜਚਿੜਾਪਣ, ਬਿਸਤਰ ਗਿੱਲਾ ਕਰਨਾ, ਰਾਤ ਵਿਚ ਬੁਰਾ ਸੁਪਨਾ ਦੇਖ ਕੇ ਉੱਠ ਕੇ ਬੈਠ ਜਾਣਾ ਇਹ ਸਾਰੇ ਅਜਿਹੇ ਲੱਛਣ ਹਨ ਜੋ ਕਿਸੇ ਬੱਚੇ ਦੇ ਯੋਨ ਸੋਸ਼ਿਤ ਹੋਣ ਦੇ ਸੂਚਕ ਹੋ ਸਕਦੇ ਹਨ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.04.2011









ਹੋ ਜਾਓ ਸਾਵਧਾਨ! ਵਧ ਰਿਹਾ ਹੈ ਬੱਚਿਆਂ ਦਾ ਯੌਨ ਸ਼ੋਸ਼ਣ - ਊਸ਼ਾ ਜੈਨ ਸ਼ੀਰੀ

ਅੱਜਕਲ੍ਹ ਸਭ ਮਾਂ-ਬਾਪ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਰਹਿਣ ਲੱਗੇ ਹਨ। ਸੁਰੱਖਿਆ ਦੀ ਦ੍ਰਿਸ਼ਟੀ ਤੋਂ ਉਨ੍ਹਾਂ ਨੂੰ 24 ਘੰਟੇ ਆਪਣੀ ਨਜ਼ਰ ਦੇ ਸਾਹਮਣੇ ਤਾਂ ਨਹੀਂ ਰੱਖਿਆ ਜਾ ਸਕਦਾ। ਉਹ ਬਾਹਰ ਖੇਡਣ ਵੀ ਜਾਣਗੇ, ਪੜ੍ਹਨ ਵੇਲੇ ਸਕੂਲ ਵੀ ਜਾਣਗੇ। ਇਹ ਅੱਜ ਦੇ ਯੁੱਗ ਦੀ ਤ੍ਰਾਸਦੀ ਹੈ ਕਿ ਸੁਰੱਖਿਆ ਨੂੰ ਲੈ ਕੇ ਸਾਨੂੰ ਬੱਚਿਆਂ ਦੇ ਮਨ ਵਿਚ ਬਚਪਨ ਤੋਂ ਹੀ ਨਫਰਤ ਦੇ ਬੀਜ ਬੀਜਣੇ ਪੈਂਦੇ ਹਨ। ਬੱਚੇ ਨੂੰ ਵਿਸ਼ਵਾਸ ਵਿਚ ਲੈ ਕੇ ਪਿਆਰ ਨਾਲ ਸੱਚੀ ਘਟਨਾ ਦੀ ਉਦਾਹਰਨ ਦੇ ਕੇ ਜੇਕਰ ਪਰਾਏ ਲੋਕਾਂ ਤੋਂ ਸਾਵਧਾਨੀ ਵਰਤਣ ਲਈ ਕਿਹਾ ਜਾਵੇ ਤਾਂ ਇਸ ਦਾ ਪ੍ਰਭਾਵ ਸਾਕਾਰਾਤਮਿਕ ਹੋਵੇਗਾ।

ਬੱਚੇ ਬਹੁਤ ਨਟਖਟ ਅਤੇ ਚੰਚਲ ਹੁੰਦੇ ਹਨ। ਉਹ ਹਰ ਕਿਸੇ ਨਾਲ ਮਿੰਟਾਂ ਵਿਚ ਹੀ ਦੋਸਤੀ ਕਰ ਲੈਂਦੇ ਹਨ ਅਤੇ ਘਰ ਦੀ ਰਿਪੋਰਟ ਦੇਣ ਲਗਦੇ ਹਨ। ਮਾਂ-ਬਾਪ ਦੇ ਸਮਝਾਉਣ ਦੇ ਬਾਵਜੂਦ ਕਿ ਅਨਜਾਣ ਵਿਅਕਤੀ ਕਦੇ-ਕਦੇ ਬਹੁਤ ਖਤਰਨਾਕ ਹੁੰਦੇ ਹਨ, ਉਹ ਬੱਚਿਆਂ ਨੂੰ ਬਹਿਲਾ-ਫੁਸਲਾ ਕੇ ਲੈ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਨਾਲ ਗ਼ਲਤ ਕੰਮ ਕਰਕੇ ਉਨ੍ਹਾਂ ਨੂੰ ਮਾਰ ਕੇ ਸੁੱਟ ਦਿੰਦੇ ਹਨ, ਇਸ ਲਈ ਨਾ ਪਰਾਏ ਲੋਕਾਂ ਦੇ ਨੇੜੇ ਜਾਣਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਘਰ ਵਾਲਿਆਂ ਸਬੰਧੀ ਕੁਝ ਦੱਸਣਾ ਚਾਹੀਦਾ ਹੈ। ਉਨ੍ਹਾਂ ਤੋਂ ਕੋਈ ਵੀ ਚੀਜ਼ ਨਹੀਂ ਲੈਣੀ ਚਾਹੀਦੀ। ਖਾਣੇ ਵਿਚ ਕੁਝ ਵੀ ਮਿਲਾ ਸਕਦੇ ਹਨ, ਕੁਝ ਸੁੰਘਾ ਕੇ ਬੇਹੋਸ਼ ਕਰ ਸਕਦੇ ਹਨ। ਉਨ੍ਹਾਂ ਦੇ ਨਾਲ ਕਦੇ ਵੀ ਘੁੰਮਣ ਵੀ ਨਹੀਂ ਜਾਣਾ ਚਾਹੀਦਾ। ਜਿਥੇ ਉਹ ਲਿਜਾਣਗੇ, ਉਥੇ ਬਚਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ।

ਸਮਾਜ ਵਿਚ ਘਟੀਆ ਲੋਕਾਂ ਦੀ ਕਮੀ ਨਹੀਂ। ਬਸ ਫਰਕ ਉਨ੍ਹਾਂ ਦੇ ਅਪਰਾਧ ਦੇ ਛੋਟੇ-ਵੱਡੇ ਹੋਣ ਦਾ ਹੈ। ਬੱਚਿਆਂ ਦਾ ਯੌਨ ਸ਼ੋਸ਼ਣ ਕਰਨਾ ਇਕ ਮਾਨਸਿਕ ਬਿਮਾਰੀ ਹੈ, ਜਿਸ ਨੂੰ ਪੀਡੋਫੀਲੀਆ ਕਹਿੰਦੇ ਹਨ। ਅਜਿਹੇ ਲੋਕਾਂ ਨੂੰ ਜਿਊਂਦਾ ਰਹਿਣ ਦਾ ਕੋਈ ਹੱਕ ਨਹੀਂ। ਕੋਈ ਸਜ਼ਾ ਉਨ੍ਹਾਂ ਲਈ ਕਾਫੀ ਨਹੀਂ ਹੈ।

ਸਮਾਜ ਵਿਚ ਫੈਲੇ ਇਸ ਭਿਆਨਕ ਮਾਨਸਿਕ ਰੋਗ ਨੂੰ ਜੜ੍ਹ ਤੋਂ ਖਤਮ ਕਰ ਸਕਣਾ ਆਸਾਨ ਨਹੀਂ ਹੈ। ਇਸ ਲਈ ਬੱਚਿਆਂ ਨੂੰ ਸੁਰੱਖਿਆ ਦੀ ਸਿੱਖਿਆ ਦੇਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਕਿਸ ਨਾਲ ਗੱਲਬਾਤ ਕੀਤੀ ਜਾਵੇ ਅਤੇ ਕਿਸ ਨਾਲ ਨਹੀਂ ਭਾਵ ਉਨ੍ਹਾਂ ਨੂੰ ਗ਼ਲਤ-ਸਹੀ ਦਾ ਫਰਕ ਸਮਝਾਉਣਾ ਚਾਹੀਦਾ ਹੈ। ਬਚਾਓ ਲਈ ਗਾਰਡ, ਪੁਲਿਸ, ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਭੀੜ ਅਤੇ ਕਿਸੇ ਆਪਣੇ ਤੱਕ ਪਹੁੰਚ ਲਈ ਜ਼ਰੂਰੀ ਫੋਨ ਨੰਬਰ, ਸੰਪਰਕ ਆਦਿ ਦੱਸਣੇ ਚਾਹੀਦੇ ਹਨ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 05.04.2012

ਵੀਡੀਓ: ਪੁਲਿਸ ਵਾਲੇ ਦੇ ਬੇਟੇ ਨੇ ਕੀਤਾ ਪੁਲਸ ਵਾਲੇ ਦੇ ਬੇਟੇ ਦਾ ਸਰੀਰਕ ਸ਼ੋਸ਼ਣ

Friday, March 2, 2012

ਕੀ ਨਵੀਂ ਪੀੜ੍ਹੀ ਦਾ ਵਿਆਹ ਤੋਂ ਮੂੰਹ ਮੋੜਨਾ ਜਾਇਜ਼ ਹੈ? - ਪ੍ਰੋ: ਕੁਲਜੀਤ ਕੌਰ

ਅੱਜ ਦੀ ਨਾਰੀ ਨੇ ਜਦ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਪੜ੍ਹ-ਲਿਖ ਕੇ ਆਪਣੇ ਚੰਗੇ-ਬੁਰੇ ਬਾਰੇ ਸੋਚਣ ਦੀ ਸਮਝ ਰੱਖ ਲਈ ਹੈ ਤਾਂ ਉਸ ਨੂੰ ਆਪਣੇ ਵਜੂਦ ਦਾ ਅਹਿਸਾਸ ਹੋਣ ਲੱਗਾ ਹੈ। ਹਰ ਵਕਤ ਮਰਦ ਦੇ ਸਾਹਮਣੇ ਛੋਟੇ-ਵੱਡੇ ਖਰਚਿਆਂ ਲਈ ਹੱਥ ਫੈਲਾਉਣ ਵਾਲੀ ਨਾਰੀ ਜਦ ਮਿਹਨਤ ਨਾਲ ਕਮਾ ਕੇ ਖਰਚ ਕਰਨ ਲੱਗੀ ਹੈ ਤਾਂ ਉਸ ਦਾ ਆਤਮਬਲ ਵਧਿਆ ਹੈ। ਇਸ ਕਰਕੇ ਉਹ ਵਿਆਹ ਨੂੰ ਜ਼ਿੰਦਗੀ ਦਾ ਅੰਤਿਮ ਉਦੇਸ਼ ਮੰਨਣ ਦੀ ਪ੍ਰੰਪਰਾ ਨੂੰ ਹੌਲੀ-ਹੌਲੀ ਨਕਾਰਨ ਲੱਗ ਪਈ ਹੈ। ਜੀਵਨ ਨੂੰ ਆਪਣੀਆਂ ਸ਼ਰਤਾਂ ਨਾਲ ਜਿਊਣ ਦੀ ਲਾਲਸਾ ਨੇ ਉਸ ਨੂੰ ਵਿਆਹ ਨਾ ਕਰਨ ਦੇ ਫੈਸਲੇ ਵੱਲ ਮੋੜ ਦਿੱਤਾ ਹੈ। ਇਸਤਰੀ ਨੂੰ ਬਚਪਨ ਵਿਚ ਪਿਤਾ, ਜਵਾਨੀ ਵਿਚ ਪਤੀ ਅਤੇ ਬੁਢਾਪੇ ਵਿਚ ਪੁੱਤਰਾਂ ਦੇ ਸਹਾਰੇ ਜਿਊਣ ਦਾ ਫੈਸਲਾ ਕਰਨ ਵਾਲੇ ਮਰਦ ਪ੍ਰਧਾਨ ਸਮਾਜ ਵਿਚ ਉਸ ਦੇ ਇਸ ਫੈਸਲੇ ਨੂੰ ਬਹੁਤ ਸਰਲਤਾ ਨਾਲ ਨਹੀਂ ਲਿਆ ਗਿਆ, ਜੋ ਕਿ ਸੁਭਾਵਿਕ ਵੀ ਹੈ। ਭਲਾ ਆਪਣੇ ਦੁਆਰਾ ਬਣਾਏ ਗਏ ਸਮਾਜ ਦੇ ਦਾਇਰੇ ਨੂੰ ਪੁਰਖ ਕਿਵੇਂ ਡਾਵਾਂਡੋਲ ਹੋਣ ਦੇਵੇਗਾ?

ਜ਼ਿੰਦਗੀ ਵਿਚ ਪਤੀ-ਪਤਨੀ ਦੇ ਰਿਸ਼ਤੇ ਦੇ ਮਹੱਤਵ ਨੂੰ ਨਕਾਰਿਆ ਵੀ ਨਹੀਂ ਜਾ ਸਕਦਾ। ਜ਼ਿੰਦਗੀ ਵਿਚ ਇਕ ਅਜਿਹਾ ਦੌਰ ਵੀ ਆਉਂਦਾ ਹੈ, ਜਦ ਧੀਆਂ-ਪੁੱਤਾਂ ਦੀ ਪੜ੍ਹਾਈ-ਲਿਖਾਈ ਪੂਰੀ ਹੋ ਜਾਂਦੀ ਹੈ। ਉਨ੍ਹਾਂ ਦੇ ਵਿਆਹ ਕਰਕੇ ਮਾਂ-ਬਾਪ ਇਕ-ਦੂਜੇ ਦੇ ਸੱਚੇ ਸਾਥੀ ਬਣ ਕੇ ਜ਼ਿੰਦਗੀ ਕੱਟਦੇ ਹਨ। ਨਜ਼ਰ ਮਾਰੀਏ ਤਾਂ ਵਿਆਹ ਨਾ ਕਰਨ ਦੀ ਕੋਈ ਇਕ ਵਜ੍ਹਾ ਨਹੀਂ ਹੁੰਦੀ, ਕਦੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਮਜਬੂਰੀਆਂ, ਕਦੀ ਕੈਰੀਅਰ ਦੀ ਚਿੰਤਾ ਅਤੇ ਕਦੇ ਸਮਾਜ ਵਿਚ ਵਿਆਹ ਦੇ ਬਾਅਦ ਘਰ ਟੁੱਟਣ ਦਾ ਡਰ, ਦਾਜ ਦੇ ਲੋਭੀਆਂ ਦੁਆਰਾ ਆਪਣੀਆਂ ਨੂੰਹਾਂ ਨੂੰ ਸਾੜਨ ਦਾ ਤੌਖਲਾ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਦੇਖ ਕੇ ਲੜਕੀਆਂ ਨੂੰ ਵਿਆਹ ਤੋਂ ਚਿੜ ਹੋ ਜਾਂਦੀ ਹੈ ਅਤੇ ਉਹ ਵਿਆਹ ਨਾ ਕਰਨ ਦਾ ਫੈਸਲਾ ਕਰਦੀਆਂ ਹਨ।

ਅੱਜ ਵੱਡੇ ਸ਼ਹਿਰਾਂ ਵਿਚ ਮੁਟਿਆਰਾਂ ਬਹੁਤ ਸਮਾਂ ਵਿਆਹ ਦਾ ਫੈਸਲਾ ਲੈਣ ਤੋਂ ਝਿਜਕਦੀਆਂ ਹਨ, ਜਿਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚੋਂ ਕੁਝ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ-

• ਅੱਜਕਲ੍ਹ ਦੀਆਂ ਬਹੁਤ ਸਾਰੀਆਂ ਅਜਿਹੀਆਂ ਲੜਕੀਆਂ ਹਨ, ਜੋ ਮਾਂ-ਬਾਪ ਉੱਪਰ ਬੋਝ ਨਹੀਂ, ਸਗੋਂ ਉਹ ਮਾਂ-ਬਾਪ ਦਾ ਸਹਾਰਾ ਬਣਦੀਆਂ ਹਨ। ਕਈ ਘਰਾਂ ਵਿਚ ਪੁੱਤਰ ਆਪਣੇ ਫਰਜ਼ ਭੁੱਲ ਜਾਂਦੇ ਹਨ ਤਾਂ ਲੜਕੀਆਂ ਅਣਵਿਆਹੁਤਾ ਰਹਿ ਕੇ ਮਾਂ-ਬਾਪ ਦਾ, ਛੋਟੇ ਭੈਣ-ਭਰਾਵਾਂ ਦਾ ਧਿਆਨ ਰੱਖਣ ਖਾਤਰ ਅਣਵਿਆਹੀਆਂ ਰਹਿ ਜਾਂਦੀਆਂ ਹਨ।

• ਬਹੁਤ ਸਾਰੀਆਂ ਲੜਕੀਆਂ ਦਾ ਜਿਊਣ ਦਾ ਆਪਣਾ ਢੰਗ-ਤਰੀਕਾ ਹੁੰਦਾ ਹੈ। ਉਹ ਕਿਸੇ ਕਿਸਮ ਦੇ ਬੰਧਨ ਜਾਂ ਨਿਯੰਤਰਣ ਨੂੰ ਸਵੀਕਾਰ ਨਹੀਂ ਕਰਦੀਆਂ, ਇਸ ਲਈ ਉਹ ਵਿਆਹ ਨਹੀਂ ਕਰਨਾ ਚਾਹੁੰਦੀਆਂ।

• ਅੱਜ ਦੀਆਂ ਵੱਡੇ ਸ਼ਹਿਰਾਂ ਵਿਚ ਰਹਿਣ ਵਾਲੀਆਂ ਕੰਮਕਾਜੀ ਲੜਕੀਆਂ ਘਰੇਲੂ ਔਰਤਾਂ ਬਣ ਕੇ ਰਹਿਣਾ ਪਸੰਦ ਨਹੀਂ ਕਰਦੀਆਂ। ਉਨ੍ਹਾਂ ਦੇ ਆਪਣੇ ਸੁਤੰਤਰ ਵਿਚਾਰ ਅਤੇ ਫੈਸਲੇ ਹੁੰਦੇ ਹਨ। ਉਹ ਦਕਿਆਨੂਸੀ ਜੀਵਨ ਸਾਥੀ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਨਾਲੋਂ ਇਕੱਲੇ ਰਹਿਣਾ ਵਧੇਰੇ ਪਸੰਦ ਕਰਦੀਆਂ ਹਨ।

• ਅੱਜ ਦੀਆਂ ਮੁਟਿਆਰਾਂ ਦੀਆਂ ਪ੍ਰਾਥਮਿਕਤਾਵਾਂ ਬਦਲ ਗਈਆਂ ਹਨ। ਉਹ ਇਨ੍ਹਾਂ ਪ੍ਰਾਥਮਿਕਤਾਵਾਂ ਨੂੰ ਵਿਆਹ ਨਾਲੋਂ ਮਹੱਤਵਪੂਰਨ ਮੰਨਦੀਆਂ ਹਨ।

• ਅੱਜ ਦੀਆਂ ਲੜਕੀਆਂ ਕਾਫੀ ਜਾਗਰੂਕ ਹਨ। ਉਹ ਨਾਰੀ/ਆਪਣੇ ਉੱਪਰ ਹੋਣ ਵਾਲੇ ਅੱਤਿਆਚਾਰਾਂ ਨੂੰ ਸਹਿਣ ਨਹੀਂ ਕਰ ਸਕਦੀਆਂ। ਉਹ ਵਿਆਹ ਤੋਂ ਇਸ ਤਰ੍ਹਾਂ ਡਰ ਜਾਂਦੀਆਂ ਹਨ ਕਿ ਉਹ ਇਸ ਦਾ ਵਿਚਾਰ ਬਦਲ ਦਿੰਦੀਆਂ ਹਨ।

• ਕਈ ਵਾਰ ਲੜਕੀਆਂ ਏਨਾ ਪੜ੍ਹ-ਲਿਖ ਜਾਂਦੀਆਂ ਹਨ ਅਤੇ ਏਨੇ ਉੱਚੇ ਅਹੁਦੇ ਉੱਪਰ ਪਹੁੰਚ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਕੋਈ ਯੋਗ ਵਰ ਨਹੀਂ ਮਿਲਦਾ ਅਤੇ ਘੱਟ ਪੜ੍ਹੇ ਜਾਂ ਛੋਟੇ ਅਹੁਦੇ ਉੱਪਰ ਕੰਮ ਕਰਨ ਵਾਲੇ ਲੜਕੇ ਨਾਲ ਉਹ ਵਿਆਹ ਨਹੀਂ ਕਰਨਾ ਚਾਹੁੰਦੀਆਂ। ਸਿੱਟੇ ਵਜੋਂ ਕੁਆਰੀਆਂ ਰਹਿਣਾ ਪਸੰਦ ਕਰਦੀਆਂ ਹਨ।

ਇਸ ਪ੍ਰਕਾਰ ਬਦਲਦੇ ਸਮਾਜਿਕ ਤਾਣੇ-ਬਾਣੇ ਵਿਚ ਵਿਆਹ ਨੂੰ ਪੜ੍ਹੀਆਂ-ਲਿਖੀਆਂ ਉੱਚ ਅਹੁਦੇ ਵਾਲੀਆਂ ਲੜਕੀਆਂ ਜਾਂ ਤਾਂ ਪਸੰਦ ਨਹੀਂ ਕਰਦੀਆਂ ਜਾਂ ਬਹੁਤ ਵੱਡੀਆਂ ਹੋ ਕੇ ਵਿਆਹ ਕਰਵਾਉਂਦੀਆਂ ਹਨ।
ਐਚ. ਐਮ. ਵੀ. ਕਾਲਜ, ਜਲੰਧਰ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 02.03.2012

Sunday, February 26, 2012

ਮਾਂ-ਬੋਲੀ ਤੇ ਪੰਜਾਬੀ ਹੋਣ ਦਾ ਮਾਣ... - ਮੁੰਬਈ ਤੋਂ ਆਤਿਸ਼

ਇੰਟਰਨੈੱਟ 'ਤੇ ਫੇਸਬੁੱਕ 'ਤੇ ਬੜਾ ਚੰਗਾ ਲਗਦੈ, ਇਹ ਵੇਖ ਕੇ ਪੰਜਾਬੀ, ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਆਮ ਰਿਵਾਜ ਦੇ ਉਲਟ ਅੰਗਰੇਜ਼ੀ ਦੀ ਥਾਂ ਪੰਜਾਬੀ ਵਿਚ ਤੇ ਬਹੁਤੇ ਤਾਂ ਗੁਰਮੁਖੀ ਲਿਪੀ ਵਿਚ ਇਕ ਦੂਜੇ ਨਾਲ 'ਚੈਟਿੰਗ' ਕਰਦੇ ਹਨ, ਇਕ ਨੇ ਤਾਂ ਕਈ ਪੰਜਾਬੀਆਂ ਦੇ ਇਸ ਪ੍ਰਵਰਵਿਤ ਸੁਭਾਅ ਤੇ ਇਕ ਗਿਲਾ ਵੀ ਕੀਤਾ ਕਿ ਜਦ ਪੰਜਾਬੀ ਐਨੀ ਮਿੱਠੜੀ ਤੇ ਸੁਹਜ ਭਰੀ ਜ਼ਬਾਨ ਹੈ ਤਾਂ ਉਹ ਪੰਜਾਬੀ ਦੀ ਥਾਂ ਅੰਗਰੇਜ਼ੀ ਜਾਂ ਹਿੰਦੀ ਵਿਚ ਗਿਟਰ-ਮਿਟਰ ਕਰਨ 'ਚ ਮਾਣ ਕਿਉਂ ਮਹਿਸੂਸ ਕਰਦੇ ਹਨ?

ਮੈਨੂੰ ਵੀ ਅੰਦਰੋਂ ਦੁੱਖ ਹੁੰਦਾ ਹੈ, ਉਪਰੋਂ ਉਪਰੋਂ ਹਾਸਾ ਆਉਂਦਾ ਹੈ ਜਦ ਮੈਂ ਆਪਣੇ ਜਾਣ-ਪਛਾਣ ਵਾਲਿਆਂ ਦੇ ਘਰਾਂ 'ਚ ਜਾਂਦਾ ਹਾਂ ਤਾਂ ਉਹ ਆਪਣੇ-ਆਪ ਨੂੰ 'ਬਹੁਤ ਮਾਡਰਨ' ਤੇ 'ਕਲਚਰਡ' ਹੋਣ ਦਾ ਝੂਠਾ ਮਕਰ ਕਰਦੇ ਹੋਏ ਆਪਣੇ ਬੱਚਿਆਂ ਨਾਲ ਇਉਂ ਸੰਬੋਧਿਤ ਹੁੰਦੇ ਹਨ: 'ਨੋ ਨੋ ਪੱਪੂ, ਡੌਂਟ ਡੂ ਦਿਸ-ਸੀ-ਹੂ ਹੈਜ਼ ਕੰਮ। ਸੇ ਹੈਲੋ ਟੂ ਅੰਕਲ।' ਜਾਂ ਫਿਰ ਉਸੇ ਹੀ ਭਰਮ 'ਚ ਗ੍ਰਸੇ ਹਿੰਦੀ 'ਚ ਆਖਣਗੇ, 'ਪੱਪੂ ਕਯਾ ਕਰ ਰਹੇ ਹੋ? ਐਸਾ ਨਹੀਂ ਕਰਤੇ... ਦੇਖੋ ਅੰਕਲ ਆਏ ਹੈਂ... ਕਯਾ ਕਹੇਂਗੇ?' ਸੱਚ ਪੁੱਛੋ ਤਾਂ ਅੰਕਲ 'ਕਯਾ ਕਹੇਂਗੇ?' ਉਹ ਪੰਜਾਬੀ ਦਾ ਇਕੋ ਹੀ ਵਾਕ ਹੈ, 'ਦੁਰ ਫਿੱਟੇ ਮੂੰਹ'

ਕਮਾਲ ਹੈ, ਜਿਨ੍ਹਾਂ ਦੀ ਮਾਂ-ਬੋਲੀ ਹਿੰਦੀ ਹੈ, ਜਿਨ੍ਹਾਂ ਦੀ ਮਾਤਰ ਭਾਸ਼ਾ ਪੰਜਾਬੀ ਨਹੀਂ ਹੈ, ਉਹ ਅੱਜਕਲ੍ਹ ਪੰਜਾਬੀ ਬੋਲਣ 'ਚ ਫ਼ਖ਼ਰ ਮਹਿਸੂਸ ਕਰ ਰਹੇ ਹਨ ਤੇ ਜਿਨ੍ਹਾਂ 'ਤੇ ਪ੍ਰਮਾਤਮਾ ਦੀ ਅਪਾਰ ਕਿਰਪਾ ਹੈ ਕਿ ਉਹ ਪੰਜਾਬੀ ਮਾਂ ਦੀ ਕੁੱਖ 'ਚੋਂ ਪੰਜਾਬੀ ਪਰਿਵਾਰਾਂ 'ਚ ਜੰਮੇ-ਪਲੇ ਉਹ ਪੰਜਾਬੀ ਦੀ ਥਾਂ ਨਕਲੀ ਤਲਫੁਜ਼ 'ਚ ਹਿੰਦੀ ਜਾਂ ਅੰਗਰੇਜ਼ੀ ਬੋਲਣ 'ਚ ਮਾਣ ਮਹਿਸੂਸ ਕਰ ਰਹੇ ਹਨ।

ਮੈਂ ਫਿਲਮ ਲਾਈਨ 'ਚ ਹਾਂ, ਅੱਜ ਤਾਂ ਸਭੇ ਅਖ਼ਬਾਰਾਂ ਵਿਚ 24 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਨਵੀਂ ਹਿੰਦੀ ਫਿਲਮ ਦਾ ਟਾਈਟਲ ਪੜ੍ਹ ਕੇ ਖਿੜਖਿੜ ਹੱਸ ਪਿਆ। ਟਾਈਟਲ ਹੈ 'ਤੇਰੇ ਨਾਲ ਲਵ ਹੋ ਗਿਆ' ਜਿੰਨੇ ਤੁਸੀਂ ਅਹਿ ਪੜ੍ਹ ਰਹੇ ਹੋ ਜਾਂ ਜਿੰਨੇ ਵੀ ਪੰਜਾਬੀ ਹੈਨ, ਦੁਨੀਆ ਦੇ ਹਰ ਖਿੱਤੇ ਵਿਚ ਵਸਦੇ, ਦੱਸੋ ਇਸ ਹਿੰਦੀ ਫਿਲਮ ਦੇ ਟਾਈਟਲ 'ਚ ਹਿੰਦੀ ਦਾ ਇਕ ਵੀ ਲਫ਼ਜ਼ ਹੈ?

'ਤੇਰੇ ਨਾਲ ਲਵ ਹੋ ਗਿਆ'

ਪੂਰੀ ਤਰ੍ਹਾਂ ਪੰਜਾਬੀ ਹੈ। ਮਜ਼ਾ ਇਹ ਹੈ ਕਿ ਨਾ ਤਾਂ ਇਸ ਫਿਲਮ ਦਾ ਪ੍ਰੋਡਿਊਸਰ ਪੰਜਾਬੀ ਹੈ ਤੇ ਨਾ ਹੀ ਹੀਰੋ-ਹੀਰੋਇਨ। ਹੀਰੋ ਮਰਾਠੀ ਹੈ ਤੇ ਹੀਰੋਇਨ ਐਂਗਲੋ ਇੰਡੀਅਨ। ਜ਼ਾਹਿਰ ਹੈ ਕਿ ਇਸ ਫਿਲਮ 'ਚ ਗਾਣੇ ਵੀ ਪੰਜਾਬੀ ਰੰਗ ਵਾਲੇ ਤੇ ਪੰਜਾਬੀ ਬੋਲੀ ਦੀ ਬਹੁਤਾਤ ਵਾਲੇ ਹੋਣਗੇ। ਹਿੰਦੀ ਫਿਲਮਾਂ ਦਾ ਇਤਿਹਾਸ ਵੇਖੋ ਤਾਂ ਇਨ੍ਹਾਂ ਵਿਚ 1940-60 ਵਿਚ ਪੰਜਾਬੀ ਭੰਗੜੇ ਦਾ ਰਿਵਾਜ਼ ਸ਼ੁਰੂ ਹੋਇਆ। ਅੱਜਕਲ੍ਹ ਜਿਵੇਂ ਹਰੇਕ ਫਿਲਮ ਵਿਚ ਆਈਟਮ ਨੰਬਰ ਦੇਣ ਦਾ ਰਿਵਾਜ਼ ਹੈ, ਉਦੋਂ ਕੋਈ ਇਕ ਵੀ ਹਿੰਦੀ ਫਿਲਮ ਅਜਿਹੀ ਨਹੀਂ ਹੁੰਦੀ ਸੀ, ਜਿਸ ਵਿਚ ਪੰਜਾਬੀ ਤਰਜ਼ ਦਾ ਭੰਗੜਾ ਨਾ ਹੋਵੇ। 'ਭੰਗੜੇ' ਦੀ ਰਿਦਮ 'ਚ ਉਛਾਲ ਹੈ, ਇਹਨੂੰ ਫਿਲਮੀ ਭਾਸ਼ਾ ਵਿਚ 'ਪੱਪੀ' ਵੀ ਆਖਿਆ ਜਾਂਦਾ ਹੈ। ਭੰਗੜਿਆਂ ਵਿਚ ਸ਼ੁਰੂ ਦੇ ਬੋਲ ਖ਼ਾਲਸ ਪੰਜਾਬੀ ਹੁੰਦੇ ਸਨ-ਫਿਰ ਵਿਚ-ਵਿਚਾਲੇ ਹਿੰਦੀ ਦਾ ਤੜਕਾ ਲੱਗਾ ਹੁੰਦਾ ਸੀ। ਹਾਂ ਰਾਜ ਕਪੂਰ ਨੇ ਆਪਣੀ ਫਿਲਮ 'ਜਾਗਤੇ ਰਹੋ' 'ਚ ਜਿਹੜਾ ਭੰਗੜਾ ਪੇਸ਼ ਕੀਤਾ, 'ਐਵੇਂ ਦੁਨੀਆ ਦੇਵੇ ਦੁਹਾਈ, ਝੂਠਾ ਪਾਉਂਦੀ ਸ਼ੋਰ ਆਪਣੇ ਦਿਲ 'ਚੋਂ ਪੁੱਛ ਕੇ ਵੇਖੋ ਕੌਣ ਨਹੀਂ ਜੇ ਚੋਰ...' ਪੂਰੇ ਦਾ ਪੂਰਾ ਪੰਜਾਬੀ ਵਿਚ ਪੇਸ਼ ਕੀਤਾ। ਇਹਦੇ ਵਿਚ 'ਕੀ ਮੈਂ ਝੂਠ ਬੋਲਿਆ?' ਨੇ ਵੀ ਆਪਣਾ ਰੰਗ ਬੰਨ੍ਹਿਆ ਸੀ। ਤੇ ਸਾਰੇ ਹਿੰਦੁਸਤਾਨ 'ਚ ਤੇ ਸਾਰੀ ਦੁਨੀਆ ਵਿਚ ਜਿਥੇ ਜਿਥੇ ਵੀ ਇਹ ਫਿਲਮ ਰਿਲੀਜ਼ ਹੋਈ, ਦਰਸ਼ਕਾਂ ਨੇ ਇਸ ਭੰਗੜੇ ਨੂੰ ਖਿੜੇ ਮੱਥੇ ਕਬੂਲਿਆ ਤੇ ਪੰਜਾਬੀ ਨਾ ਹੁੰਦਿਆਂ ਹੋਇਆਂ ਵੀ ਇਸ ਨੂੰ ਗਾਵਿਆ, ਇਹਦੇ ਬੋਲਾਂ 'ਤੇ ਨੱਚ-ਨੱਚ ਕੇ ਨਿਹਾਲ ਹੋ ਕੇ, ਮਜ਼ਾ ਲਿਆ।

ਅੱਜਕਲ੍ਹ, ਹਿੰਦੀ ਫਿਲਮਾਂ 'ਚ ਨਵਾਂ ਰੁਝਾਨ ਆਇਆ ਹੈ, ਪੰਜਾਬੀ ਗਾਣਾ ਜ਼ਰੂਰ ਹੋਣਾ ਚਾਹੀਦਾ ਹੈ। ਇਥੇ ਓਸ ਮਿਊਜ਼ਿਕ ਡਾਇਰੈਕਟਰ ਦੀ ਪੁੱਛ ਜਿਹਨੂੰ ਪੰਜਾਬੀ ਤਰਜ਼ਾਂ ਬਣਾਉਣੀਆਂ ਆਉਂਦੀਆਂ ਹਨ, ਗੀਤਕਾਰ ਉਹ ਹਿੱਟ, ਜਿਸਨੂੰ ਪੰਜਾਬੀ ਗਾਣਾ ਲਿਖਣਾ ਆਉਂਦਾ ਹੈ। ਕਿੰਨੇ ਹੀ ਗ਼ੈਰ-ਪੰਜਾਬੀ ਫਿਲਮੀ ਗੀਤਕਾਰ ਤਾਂ ਮੇਰੇ ਵੱਲ ਭੱਜੇ ਆਉਂਦੇ ਹਨ ਤੇ ਬੜੇ ਮਾਣ ਨਾਲ ਕਹਿੰਦੇ ਹਨ, ਦੇਖੀਏ ਆਤਿਸ਼ ਸਾਹਿਬ, ਮੈਂਨੇ ਏਕ ਪੰਜਾਬੀ ਗਾਨਾ ਲਿਖਾ ਹੈ, ਫਿਰ ਉਹ ਲਹਿਰਾ-ਲਹਿਰਾ ਕੇ ਜ਼ਬਰਦਸਤੀ ਮੈਨੂੰ ਆਪਣਾ ਲਿਖਿਆ ਗਾਣਾ ਸੁਣਾ ਕੇ ਹੀ ਮੇਰਾ ਪਿੱਛਾ ਛਡਦੇ ਹਨ, ਹਾਏ ਹਾਏ ਪਿੱਛਾ ਉਦੋਂ ਤਾਈਂ ਨਹੀਂ ਛੱਡਦੇ ਜਦ ਤਾਈਂ ਉਨ੍ਹਾਂ ਦੀ ਇਸ ਪੁੱਛ ਦਾ 'ਕੈਸਾ ਲਗਾ?' ਦਾ ਮੈਂ ਇਹ ਆਖ ਕੇ ਜਵਾਬ ਨਹੀਂ ਦਿੰਦਾ, 'ਬਹੁਤ ਬੜੀਆ' ਕਮਾਲ ਹੈ ਨਾ ਉਨ੍ਹਾਂ ਨੂੰ ਪੰਜਾਬੀ ਗਾਣਾ ਲਿਖ ਕੇ ਐਨੀ ਖੁਸ਼ੀ ਹੁੰਦੀ ਹੈ ਕਿ ਜਿਸ ਦਾ ਜਵਾਬ ਨਹੀਂ।

ਮੈਨੂੰ ਬੜਾ ਮਜ਼ਾ ਆਉਂਦਾ ਹੈ।

ਹਿੰਦੀ ਫਿਲਮਾਂ ਦਾ ਇਕ ਸਫ਼ਲ ਡਾਇਰੈਕਟਰ ਹੈ ਇਮਤਿਆਜ਼ ਅਲੀ, ਜਿਸ ਨੇ 'ਜਬ ਵੂਈ ਮੈਟ', 'ਲਵ ਆਜਕਲ੍ਹ' ਤੇ 'ਰਾਕ ਸਟਾਰ' ਜਿਹੀਆਂ ਸਫ਼ਲ ਹਿੰਦੀ ਫਿਲਮਾਂ 'ਚ ਪੰਜਾਬੀ ਗਾਣਿਆਂ ਦੇ ਹਰ ਹਾਲ 'ਚ ਹੋਣ ਦਾ ਕ੍ਰੈਡਿਟ ਇਸ ਨੂੰ ਵੀ ਜਾਂਦਾ ਹੈ ਕਿਉਂਕਿ ਉਸ ਦੀਆਂ ਫਿਲਮਾਂ 'ਚ ਪੰਜਾਬੀ ਮਾਹੌਲ, ਪੰਜਾਬੀ ਕਿਰਦਾਰ ਤੇ ਪੰਜਾਬੀ ਸੰਗੀਤ ਫਿਲਮਾਂ ਦੀ ਜਾਨ ਹੈ ਤੇ ਉਨ੍ਹਾਂ ਦੀ ਸਫ਼ਲਤਾ ਦਾ ਪ੍ਰਮਾਣ ਹਨ। ਇਹ ਇਮਤਿਆਜ਼ ਅਲੀ, ਮੂਲਤਨ ਪੰਜਾਬੀ ਨਹੀਂ ਹੈ, ਝਾਰਖੰਡ-ਰਾਂਚੀ ਦਾ ਜੰਮਪਲ ਹੈ ਪਰ ਚੰਡੀਗੜ੍ਹ ਨਾਲ ਪਿਆਰ ਹੋ ਗਿਆ ਤੇ ਇਸ ਨੇ ਆਪਣੀਆਂ ਫਿਲਮਾਂ 'ਚ ਪੰਜਾਬੀ ਦੀਆਂ ਮੌਜਾਂ ਹੀ ਮੌਜਾਂ ਲਾ ਦਿੱਤੀਆਂ, ਨਾਲੇ ਇਹਦੀਆਂ ਆਪਣੀਆਂ ਵੀ 'ਮੌਜਾਂ ਹੀ ਮੌਜਾਂ' ਲੱਗ ਗਈਆਂ।

ਇਹ ਸਮਾਂ ਐਸਾ ਹੈ ਕਿ ਹਿੰਦੀ ਫਿਲਮਾਂ ਦੀ ਲਾਗਤ ਕਰੋੜਾਂ ਰੁਪਏ ਹੈ, ਕਈਆਂ ਦਾ ਬਜਟ ਤਾਂ 150 ਕਰੋੜ ਰੁਪਏ ਵੀ ਹੈ। ਪੰਜਾਬੀ ਇਨ੍ਹਾਂ ਨਿਰਮਾਤਾਵਾਂ ਤੇ ਫਿਲਮਾਂ ਦਾ ਸਹਾਰਾ ਤੇ ਆਸਰਾ ਹੈ। ਗਾਣੇ ਤਾਂ ਪੰਜਾਬੀ ਦੇ ਹੈਨ ਹੀ, ਕਿੰਨੇ ਪਾਤਰ ਵੀ ਪੰਜਾਬੀ ਤੇ ਉਨ੍ਹਾਂ ਦੇ ਡਾਇਲਾਗ ਵੀ ਪੰਜਾਬੀ ਵਿਚ ਹੁੰਦੇ ਹਨ। ਦਰਸ਼ਕ ਪਸੰਦ ਕਰਦੇ ਹਨ, ਇਸ ਲਈ ਉਨ੍ਹਾਂ ਦਾ ਸਰਮਾਇਆ, ਨਫ਼ੇ ਦੇ ਨਾਲ ਵਾਪਸ ਆ ਜਾਂਦਾ ਹੈ। ਇਹ ਗੱਲ ਪੱਕੀ ਹੈ ਕਿ ਹਿੰਦੀ ਫਿਲਮਾਂ ਅਤੇ ਹਿੰਦੀ ਫਿਲਮਾਂ ਦੇ ਨਿਰਮਾਤਾਵਾਂ ਲਈ ਪੰਜਾਬੀ, ਗਰਮ ਮਸਾਲਾ ਹੈ।

ਇੰਟਰਨੈੱਟ 'ਤੇ ਇਕ ਪੰਜਾਬੀ ਪਿਆਰੇ ਨੇ ਆਪਣੀ ਨਿੱਤ ਦੀ ਜ਼ਿੰਦਗੀ ਵਿਚ। ਆਪਣੇ ਘਰਾਂ 'ਚ ਪੰਜਾਬੀ ਨਾ ਬੋਲਣ ਦੇ ਰੁਝਾਨ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਮਾਂ-ਬੋਲੀ ਦਾ ਤ੍ਰਿਸਕਾਰ ਗੁਨਾਹ ਹੈ ਪਰ ਨਾਲ ਹੀ ਉਹਨੇ ਬੜੇ ਅਦਬ ਨਾਲ ਪੂਰੀ ਨਿਮਰਤਾ ਨਾਲ ਇਹ ਵੀ ਲਿਖਿਆ ਕਿ ਉਹਦੇ ਮਨ ਦੀ ਵੇਦਨਾ ਹੈ, ਉਹਦੀ ਗੱਲ ਕਿਸੇ ਨੂੰ ਚੰਗੀ ਨਾ ਲੱਗੀ ਹੋਵੇ ਤਾਂ ਉਹ ਮਾਫ਼ੀ ਮੰਗਦਾ ਹੈ।

ਮਾਫ਼ੀ ਕਾਹਨੂੰ ਮੰਗਣੀ ਸੀ। ਇਹ ਤਾਂ ਸੱਚ ਹੈ, ਕਈ ਵਾਰੀ ਸਕੀਆਂ ਮਾਵਾਂ ਵੀ ਪਿਆਰੇ-ਦੁਲਾਰੇ ਨਿਆਣੇ ਦੇ ਵੀ ਚਪੇੜ ਜੜ੍ਹ ਦਿੰਦੀਆਂ ਹਨ ਜਦ ਉਹ ਕੋਈ ਗ਼ਲਤੀ ਕਰੇ।

ਇਹ ਤਾਂ ਹੋਈ ਆਪਣੀ ਬੋਲੀ, ਮਾਂ-ਬੋਲੀ, ਮਾਤ-ਭਾਸ਼ਾ ਦੀ ਗੱਲ, ਦੂਜੀ ਗੱਲ ਜਿਸਨੇ ਇੰਟਰਨੈੱਟ ਤੇ ਅੱਖਾਂ ਨੂੰ ਖਿੱਚ ਪਾਈ, ਦਿਮਾਗ ਨੂੰ ਟੁਣਕਾਇਆ, ਤੇ ਦਿਲ ਨੂੰ ਧੂਹਿਆ, ਉਹ ਹੈ ਸਿੱਖ ਨੌਜਵਾਨਾਂ ਦਾ ਸਿੱਖੀ ਸਰੂਪ ਤੋਂ ਬੇਮੁਖ ਹੋਣ ਦਾ। ਬਹੁਤ ਖੁਸ਼ੀ ਪ੍ਰਗਟਾਈ ਇੰਟਰਨੈੱਟ ਦੇ ਫੇਸ ਬੁੱਕ 'ਤੇ ਸਿੱਖੀ ਸਰੂਪ ਦੇ ਦੀਵਾਨੇ ਸਿੱਖ ਨੌਜਵਾਨਾਂ ਤੇ ਹਰ ਉਮਰ ਦੇ ਸਿੱਖਾਂ ਨੇ ਜਦ ਕੁਝ ਫੋਟੋਆਂ ਇਉਂ ਆਈਆਂ ਕਿ ਕਈ ਸਿੱਖ ਨੌਜਵਾਨ, ਦੇਸ਼-ਵਿਦੇਸ਼ਾਂ 'ਚ ਜਿਨ੍ਹਾਂ ਸਿੱਖੀ ਸਰੂਪ ਨੂੰ ਤਿਲਾਂਜਲੀ ਦਿੱਤੀ ਸੀ, ਉਨ੍ਹਾਂ ਮੁੜ ਸਿੱਖੀ ਸਰੂਪ ਧਾਰਨ ਕਰ ਲਿਆ ਹੈ। ਦੋਵੇਂ ਫੋਟੋ ਉਨ੍ਹਾਂ ਦੇ ਮੋਨੇ ਹੋਣ ਦੀਆਂ ਤੇ ਫਿਰ ਕੇਸਾਧਾਰੀ ਹੋਣ ਦੀਆਂ ਨਾਲੋ-ਨਾਲ ਛਪੀਆਂ ਹਨ। ਇਸ 'ਤੇ ਸਿੱਖਾਂ ਨੇ ਐਨੀ ਖੁਸ਼ੀ ਪ੍ਰਗਟਾਈ ਹੈ ਤੇ ਐਨੀਆਂ ਵਧਾਈਆਂ ਦਿੱਤੀਆਂ ਹਨ, ਮੁੜ ਸਿੱਖੀ ਸਰੂਪ ਧਾਰਨ ਕਰਨ 'ਤੇ ਇਸ ਫੇਸ ਬੁੱਕ 'ਤੇ ਕਿ ਮੈਂ ਹੈਰਾਨ ਰਹਿ ਗਿਆ ਹਾਂ। ਹਦ ਇਹ ਹੈ ਕਿ ਇਸ ਦੀ ਹਾਮੀ ਗ਼ੈਰ-ਸਿੱਖਾਂ ਨੇ ਵੀ ਭਰੀ ਹੈ।

ਜਿਹੜੇ ਘਰ ਮੁੜ ਆਏ, ਉਨ੍ਹਾਂ ਦੀ ਖੁਸ਼ੀ ਤਾਂ ਹੋਈ, ਪਰ ਜਿਹੜੇ ਨਿਤ-ਨਿਤ ਇਸ ਦਹਿਲੀਜ਼ ਤੋਂ ਬਾਹਰ ਜਾ ਕੇ, ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਰਹੇ ਹਨ, ਉਸ ਨਾਲ ਇਸ ਸਰੂਪ ਦੇ ਪਹਿਰੇਦਾਰਾਂ ਨੂੰ ਧੱਕਾ ਵੀ ਰਿਕਟਰ ਸਕੇਲ 'ਤੇ ਆਏ 9 ਦੇ ਭੁਚਾਲ ਦੇ ਝਟਕੇ ਵਾਂਗ ਲਗਦਾ ਹੈ ਸਿੱਖੀ ਦਾ ਮੰਬਾ-ਪੰਜਾਬ, ਸਿੱਖੀ ਸਰੂਪ ਦੀ ਗੰਗੋਤਰੀ ਪੰਜਾਬ... ਇਹ ਹਵਾ ਸਭ ਤੋਂ ਵਧੇਰੇ ਫੈਲੀ ਹੈ।

ਮੈਂ ਇਸ ਵਿਸ਼ੇ ਨੂੰ ਵੀ ਆਪਣੀ ਹਿੰਦੀ ਫਿਲਮ ਇੰਡਸਟਰੀ ਯਾਨਿ ਬਾਲੀਵੁੱਡ ਤੇ ਹਿੰਦੀ ਫਿਲਮਾਂ ਵੱਲ ਲੈ ਆਵਾਂਗਾ। ਸੰਪੂਰਨ ਸਿੱਖੀ ਸਰੂਪ ਵਾਲਾ ਸਾਡੀਆਂ ਫਿਲਮਾਂ 'ਚ ਸਿੱਖ ਮੁੱਖ ਰੋਲ 'ਚ ਭਾਵ ਹੀਰੋ ਬਣ ਕੇ ਕਦੇ ਨਹੀਂ ਸੀ ਆਇਆ। 1940 ਤੇ 1960 ਦੇ ਦੌਰ 'ਚ ਜੇਕਰ ਪੂਰਨ ਸਿੱਖੀ ਸਰੂਪ ਵਾਲਾ ਕੋਈ ਕਰੈਕਟਰ ਆਉਂਦਾ ਵੀ ਸੀ ਤਾਂ ਉਹ ਕੋਈ ਬਹੁਤ ਹੀ ਨੇਕੀ ਕਰਨ ਵਾਲਾ, ਕਿਸੇ ਡਾਢੇ ਦੁੱਖ 'ਚ ਫਸੀ ਹੀਰੋਇਨ ਨੂੰ ਸ਼ਰਨ ਦੇਣ ਵਾਲਾ ਜਾਂ ਫਿਰ ਹਾਸੇ ਮਖੌਲ ਦਾ ਪਾਤਰ, ਛੋਟੇ ਮੋਟੇ ਰੋਲ 'ਚ ਦਿਸ ਜਾਂਦਾ। ਪਰ ਅੱਜ...।

...ਹਿੰਦੀ ਫਿਲਮਾਂ 'ਚ ਦਾੜ੍ਹੀ, ਕੇਸਾਂ, ਪਗੜੀ ਵਾਲੇ ਹੀਰੋ ਬਣਨ ਦੀ ਸਾਡੇ ਸਭੇ ਪ੍ਰਮੁੱਖ ਹੀਰੋਆਂ 'ਚ ਰੀਸ ਲੱਗੀ ਹੋਈ ਹੈ। ਅਕਸ਼ੈ ਕੁਮਾਰ ਨੇ 'ਸਿੰਘ ਇਜ਼ ਕਿੰਗ' 'ਚ ਇਹ ਕਿਰਦਾਰ ਕੀ ਨਿਭਾਇਆ, ਹੁਣ ਸਭੇ ਹੀਰੋ 'ਸਰਦਾਰ' ਦਾ ਕਿਰਦਾਰ ਨਿਭਾਅ ਰਹੇ ਹਨ। ਸੰਨੀ ਦਿਓਲ, ਰਣਬੀਰ ਕਪੂਰ, ਸੈਫ਼ ਅਲੀ ਖਾਨ ਦੇ ਮਗਰੋਂ ਹੁਣ ਅਜੈ ਦੇਵਗਨ 'ਸਨ ਆਫ਼ ਸਰਦਾਰ' ਵਿਚ ਇਹ ਭੂਮਿਕਾ ਨਿਭਾਅ ਰਿਹਾ ਹੈ। 'ਸਨ ਆਫ਼ ਸਰਦਾਰ' ਦਾ ਟਾਈਟਲ ਅਕਸ਼ੈ ਕੁਮਾਰ ਦੇ ਨਾਂਅ ਰਜਿਸਟਰਡ ਸੀ, ਅਜੈ ਦੇਵਗਨ ਨੇ ਉਹਨੂੰ ਫੋਨ ਕਰਕੇ ਉਹਦੇ ਤੋਂ ਇਹ ਟਾਈਟਲ ਆਪਣੀ ਫਿਲਮ ਵਾਸਤੇ ਲਿਆ ਹੈ।

ਇਸ ਸਮੇਂ ਹਿੰਦੀ ਫਿਲਮਾਂ 'ਚ 'ਸਰਦਾਰ' ਦਾ ਰੋਲ ਹਿੰਦੀ ਫਿਲਮਾਂ ਲਈ ਹਿੱਟ ਦੀ ਕਸੌਟੀ ਹੈ ਤੇ ਹਿੰਦੀ ਫਿਲਮਾਂ ਦਾ 'ਗਰਮ ਮਸਾਲਾ' ਹੈ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 26.02.2012

Sunday, February 19, 2012

ਜਦੋਂ ਧੀ ਅਲ੍ਹੜ ਉਮਰ 'ਚ ਪੈਰ ਰੱਖੇ... - ਸੁਖਵਿੰਦਰ ਸਿੰਘ

ਭਾਰਤ ਵਿਚ 10 ਸਾਲ ਤੋਂ ਲੈ ਕੇ 17 ਸਾਲ ਤੱਕ ਦੇ ਬੱਚੇ ਕਿਸ਼ੋਰ ਅਵਸਥਾ ਵਿਚ ਗਿਣੇ ਜਾਂਦੇ ਹਨ। ਇਹ ਭਾਰਤ ਦੀ ਆਬਾਦੀ ਦਾ ਲਗਭਗ 22 ਫੀਸਦੀ ਬਣਦਾ ਹੈ। ਇਸ ਉਮਰ ਨੂੰ ਤੂਫਾਨਾਂ ਦੀ ਉਮਰ ਵੀ ਕਿਹਾ ਜਾਂਦਾ ਹੈ, ਕਿਉਂਕਿ ਬੱਚੇ ਅੰਦਰ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ ਤਬਦੀਲੀਆਂ ਕਾਰਨ ਬੱਚੇ ਨੂੰ ਆਪਣੇ ਮਾਤਾ-ਪਿਤਾ ਦੇ ਸਹਿਯੋਗ ਦੀ ਬੜੀ ਜ਼ਰੂਰਤ ਪੈਂਦੀ ਹੈ। ਪਿਤਾ ਦੇ ਆਰਥਿਕ ਰੁਝੇਵਿਆਂ ਕਾਰਨ ਮਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।

ਕਿਸ਼ੋਰ ਅਵਸਥਾ ਵਿਚ ਜਦ ਤੇਜ਼ੀ ਨਾਲ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ ਤਾਂ ਉਥੇ ਮਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚੇ ਨੂੰ ਸੰਤੁਲਿਤ ਖੁਰਾਕ ਤਿਆਰ ਕਰਕੇ ਦੇਵੇ ਤਾਂ ਕਿ ਉਸ ਦਾ ਸਰੀਰ ਤੰਦਰੁਸਤ ਅਤੇ ਤਾਕਤਵਰ ਬਣ ਸਕੇ। ਸਰੀਰਕ ਵਿਕਾਸ ਦੇ ਨਾਲ-ਨਾਲ ਜਦ ਬੱਚੇ ਦਾ ਮਾਨਸਿਕ ਅਤੇ ਭਾਵਨਾਤਮਿਕ ਵਿਕਾਸ ਹੁੰਦਾ ਹੈ ਤਾਂ ਉਸ ਅੰਦਰ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਬੜੀ ਵਧ ਜਾਂਦੀ ਹੈ। ਇਥੇ ਫਿਰ ਮਾਂ ਦਾ ਫਰਜ਼ ਬਣਦਾ ਹੈ ਕਿ ਬੱਚੇ ਨੂੰ ਉਸ ਦੀ ਉਮਰ ਅਤੇ ਲੋੜ ਅਨੁਸਾਰ ਉਸ ਦੀ ਜਾਣਕਾਰੀ ਵਿਚ ਵਾਧਾ ਕਰੇ। ਇਸ ਉਮਰ ਵਿਚ ਬੱਚੇ ਦੀ ਆਵਾਜ਼ ਭਾਰੀ ਹੁੰਦੀ ਹੈ। ਉਸ ਦੀ ਆਵਾਜ਼ ਵਿਚ ਰੁੱਖਾਪਣ ਆਉਂਦਾ ਹੈ, ਉਸ ਅੰਦਰ ਅਹੰਕਾਰ ਪੈਦਾ ਹੁੰਦਾ ਹੈ, ਉਸ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਜਿਸ ਨਾਲ ਮਾਤਾ-ਪਿਤਾ ਸੋਚਦੇ ਹਨ ਕਿ ਉਨ੍ਹਾਂ ਦਾ ਬੱਚਾ ਕਹਿਣਾ ਨਹੀਂ ਮੰਨ ਰਿਹਾ, ਉਹ ਬੜੇ ਰੁੱਖੇ-ਰੁੱਖੇ ਸ਼ਬਦ ਬੋਲਦਾ ਹੈ। ਅਜਿਹੇ ਹਾਲਾਤ ਵਿਚ ਮਾਤਾ-ਪਿਤਾ ਉਸ ਬੱਚੇ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੰਦੇ ਹਨ ਅਤੇ ਬੱਚਾ ਸੋਚਣ ਲਗਦਾ ਹੈ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਠੀਕ ਪਿਆਰ ਨਹੀਂ ਕਰ ਰਹੇ। ਬੱਚਾ ਹੀਣਤਾ ਦਾ ਸ਼ਿਕਾਰ ਹੋ ਕੇ ਕਈ ਵਾਰ ਗ਼ਲਤ ਪਾਸੇ ਤੁਰ ਪੈਂਦਾ ਹੈ।

ਕਿਸ਼ੋਰ ਅਵਸਥਾ ਵਿਚ ਮਾਂ ਨੂੰ ਚਾਹੀਦਾ ਹੈ ਕਿ ਉਹ ਲੜਕੇ ਜਾਂ ਲੜਕੀ ਦੀ ਮਾਂ ਨਾ ਬਣ ਕੇ ਉਸ ਦੀ ਦੋਸਤ ਬਣ ਜਾਵੇ ਤਾਂ ਕਿ ਲੜਕਾ ਜਾਂ ਲੜਕੀ ਘਰ ਤੋਂ ਕਾਲਜ ਅਤੇ ਕਾਲਜ ਤੋਂ ਘਰ ਤੱਕ ਦੀਆਂ ਸਾਰੀਆਂ ਸਮੱਸਿਆਵਾਂ ਉਸ ਨਾਲ ਸਾਂਝੀਆਂ ਕਰੇ। ਕਈ ਵਾਰ ਮਾਵਾਂ ਬੱਚਿਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੀਆਂ ਜਾਂ ਫਿਰ ਉਨ੍ਹਾਂ ਕੋਲ ਸਮਾਂ ਨਹੀਂ ਹੁੰਦਾ। ਇਸ ਕਰਕੇ ਉਹ ਆਪਣੀਆਂ ਸਮੱਸਿਆਵਾਂ ਆਪਣੇ ਤੋਂ ਵੱਡੇ ਦੋਸਤਾਂ ਕੋਲ ਸਾਂਝੀਆਂ ਕਰਦੇ ਹਨ। ਉਹ ਵੱਡੀ ਉਮਰ ਦੇ ਦੋਸਤ ਉਨ੍ਹਾਂ ਨੂੰ ਗ਼ਲਤ ਰਸਤੇ 'ਤੇ ਵੀ ਤੋਰ ਸਕਦੇ ਹਨ। ਇਹ ਉਮਰ ਬੜੀ ਗੁੰਝਲਦਾਰ ਹੁੰਦੀ ਹੈ। ਬੱਚਾ ਕਈ ਵਾਰ ਗ਼ਲਤੀ ਵੀ ਕਰ ਬੈਠਦਾ ਹੈ, ਕਿਉਂਕਿ ਉਹ ਚੰਗੇ-ਬੁਰੇ ਵਿਚ ਫਰਕ ਨਹੀਂ ਜਾਣਦਾ। ਮਾਂ ਦਾ ਫਰਜ਼ ਬਣਦਾ ਹੈ ਕਿ ਮਾਂ ਬੱਚੇ ਨੂੰ ਡਾਂਟਣ ਦੀ ਬਜਾਏ ਉਸ ਨੂੰ ਪਿਆਰ ਨਾਲ ਉਸ ਦੀ ਕੀਤੀ ਗ਼ਲਤੀ ਬਾਰੇ ਦੱਸੇ ਅਤੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਦੁਹਰਾਉਣ ਬਾਰੇ ਕਹੇ।

ਇਸ ਉਮਰ ਦੇ ਬੱਚਿਆਂ ਨੂੰ ਕਦੇ ਵੀ ਉਨ੍ਹਾਂ ਦੇ ਦੋਸਤਾਂ ਕੋਲ ਨਾ ਡਾਂਟਿਆ ਜਾਵੇ ਪਰ ਉਸ ਦੇ ਦੋਸਤਾਂ 'ਤੇ ਵੀ ਪੂਰੀ ਨਿਗਰਾਨੀ ਰੱਖੀ ਜਾਵੇ। ਕਿਸ਼ੋਰ ਅਵਸਥਾ ਵਿਚ ਇਨ੍ਹਾਂ ਬੱਚਿਆਂ ਪ੍ਰਤੀ ਕਦੀ ਸ਼ੱਕੀ ਨਾ ਬਣੋ ਪਰ ਉਨ੍ਹਾਂ ਦੇ ਹਰ ਕਦਮ ਦੀ ਪੂਰੀ ਜਾਣਕਾਰੀ ਰੱਖੋ। ਇਸ ਉਮਰ ਵਿਚ ਜੇਕਰ ਮਾਂ ਆਪਣੀ ਪੂਰਨ ਜ਼ਿੰਮੇਵਾਰੀ ਨਿਭਾਉਂਦੀ ਹੈ ਤਾਂ ਬੱਚਾ ਨਸ਼ਾਖੋਰੀ, ਹੁੱਲੜਬਾਜ਼ੀ ਅਤੇ ਏਡਜ਼ ਵਰਗੀਆਂ ਮਾਰੂ ਹਰਕਤਾਂ ਤੋਂ ਬਚ ਸਕਦਾ ਹੈ।
ਅੱਕੂ ਮਸਤੇ ਕੇ
ਨੋਡਲ ਅਫਸਰ, ਕਿਸ਼ੋਰ ਸਿੱਖਿਆ ਸ: ਹਾ: ਸਕੂਲ, ਚੁਗੱਤੇ ਵਾਲਾ (ਫਿਰੋਜ਼ਪੁਰ)।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 17.02.2012

ਬੜਾ ਅਜਬ ਰਿਸ਼ਤਾ ਹੈ ਭੈਣਾਂ ਦਾ - ਪ੍ਰੋ: ਕੁਲਜੀਤ ਕੌਰ

ਰਿਸ਼ਤੇ ਮਨੁੱਖੀ ਜੀਵਨ ਦੇ ਕੌੜੇ-ਮਿੱਠੇ ਅਹਿਸਾਸਾਂ ਨਾਲ ਭਰਪੂਰ ਹੁੰਦੇ ਹਨ। ਕੁਝ ਰਿਸ਼ਤੇ ਅਸੀਂ ਖੁਦ ਸਿਰਜਦੇ ਹਾਂ ਅਤੇ ਕੁਝ ਸਾਨੂੰ ਜਨਮ ਤੋਂ ਹੀ ਮਿਲਦੇ ਹਨ। ਅਜਿਹਾ ਹੀ ਇਕ ਰਿਸ਼ਤਾ ਹੈ ਭੈਣਾਂ ਦਾ। ਭੈਣਾਂ ਦਾ ਰਿਸ਼ਤਾ ਬੜਾ ਹੀ ਅਲੱਗ ਅਤੇ ਪਿਆਰ ਭਰਪੂਰ ਹੁੰਦਾ ਹੈ। ਬਚਪਨ ਤੋਂ ਜਵਾਨੀ ਤੱਕ ਇਕੱਠੇ ਤਹਿ ਕੀਤੇ ਇਸ ਰਿਸ਼ਤੇ ਦੇ ਸਫਰ ਵਿਚ ਵੱਡੀ ਭੈਣ ਛੋਟੀ ਭੈਣ ਲਈ ਕਈ ਕੁਰਬਾਨੀਆਂ ਕਰਦੀ ਹੈ ਤੇ ਛੋਟੀ ਭੈਣ ਵੱਡੀ ਭੈਣ ਤੋਂ ਕਈ ਉਮੀਦਾਂ ਰੱਖਦੀ ਹੈ। ਕਦੇ ਥੋੜ੍ਹਾ-ਥੋੜ੍ਹਾ ਲੜਾਈ-ਝਗੜਾ ਤੇ ਕਦੇ ਮੇਲ-ਮਿਲਾਪ ਵਿਚ ਭੈਣਾਂ ਦਾ ਆਪਸੀ ਰਿਸ਼ਤਾ ਬੜਾ ਮਧੁਰ ਬਣਿਆ ਰਹਿੰਦਾ ਹੈ।

ਭੈਣਾਂ ਦਾ ਰਿਸ਼ਤਾ ਕਈ ਪੜਾਵਾਂ ਵਿਚੋਂ ਗੁਜ਼ਰਦਾ ਹੈ। ਵਿਆਹ ਤੋਂ ਪਹਿਲਾਂ ਭੈਣਾਂ ਦਾ ਪਿਆਰ ਕਿਸੇ ਵੀ ਬੰਦਸ਼ ਦਾ ਮੁਥਾਜ ਨਹੀਂ ਹੁੰਦਾ ਪਰ ਵਿਆਹ ਤੋਂ ਬਾਅਦ ਭੈਣਾਂ ਦੇ ਰਿਸ਼ਤੇ ਵਿਚ ਕਾਫੀ ਬਦਲਾਅ ਆ ਜਾਂਦੇ ਹਨ। ਵਿਆਹ ਤੋਂ ਪਹਿਲਾਂ ਭੈਣਾਂ ਦਾ ਆਪਸੀ ਸਹਿਯੋਗ ਵਧੇਰੇ ਹੁੰਦਾ ਹੈ। ਇਕ-ਦੂਜੇ ਦੀ ਪੜ੍ਹਾਈ-ਲਿਖਾਈ ਵਿਚ ਮਦਦ ਕਰਨਾ, ਇਕ-ਦੂਜੇ ਦੀਆਂ ਕਈ ਮੁਸ਼ਕਿਲਾਂ ਨੂੰ ਹੱਲ ਕਰਨਾ, ਸਮੇਂ ਦਾ ਸਹੀ ਪ੍ਰਯੋਗ ਕਰਨਾ। ਵੱਡੀ ਭੈਣ ਛੋਟੀ ਭੈਣ ਦੀ ਮਾਰਗ ਦਰਸ਼ਕ ਸਾਬਤ ਹੋ ਸਕਦੀ ਹੈ। ਉਹ ਇਹ ਨਾ ਸੋਚੇ ਕਿ ਸਮੇਂ ਨਾਲ ਹੀ ਛੋਟੀ ਭੈਣ ਨੂੰ ਅਕਲ ਆਵੇਗੀ, ਸਗੋਂ ਉਸ ਨੂੰ ਸਹੀ ਦਿਸ਼ਾ ਦੇ ਕੇ ਅਗਵਾਈ ਕੀਤੀ ਜਾ ਸਕਦੀ ਹੈ। ਵੱਡੀ ਭੈਣ ਨਵੇਂ-ਨਵੇਂ ਵਿਸ਼ਿਆਂ ਬਾਰੇ ਛੋਟੀ ਭੈਣ ਨੂੰ ਜਾਣਕਾਰੀ ਦੇ ਸਕਦੀ ਹੈ। ਭੈਣਾਂ ਦਾ ਰਿਸ਼ਤਾ ਹੋਰ ਸੁਖਾਵਾਂ ਅਤੇ ਸਹਿਜ ਹੋ ਸਕਦਾ ਹੈ ਜਦ ਇਕ-ਦੂਜੇ ਦੀ ਸਫਲਤਾ ਉੱਪਰ ਵਧਾਈ ਦੇਣ ਦਾ ਵੀ ਨਿਯਮ ਅਪਣਾਉਣ।

ਵੱਡੀ ਭੈਣ ਸਹੀ ਅਰਥਾਂ ਵਿਚ ਵੱਡੀ ਹੋਣ ਦਾ ਫਰਜ਼ ਨਿਭਾਵੇ, ਉਹ ਛੋਟੀ ਭੈਣ ਦੀ ਸੁਰੱਖਿਆ ਦਾ ਫਰਜ਼ ਨਿਭਾਵੇ। ਉਸ ਨੂੰ ਸਹੀ ਅਤੇ ਗ਼ਲਤ ਦਾ ਅੰਤਰ ਦੱਸੇ, ਉਸ ਨੂੰ ਜ਼ਿੰਦਗੀ ਦੇ ਆਪਣੇ ਅਨੁਭਵਾਂ ਤੋਂ ਜਾਣੂ ਕਰਵਾ ਕੇ ਸਦਾ ਸਹੀ ਫੈਸਲੇ ਲੈਣ ਲਈ ਪ੍ਰੇਰਿਤ ਕਰੇ। ਉਸ ਦੀ ਸਰਬੋਤਮ ਸਹੇਲੀ ਬਣ ਕੇ ਉਸ ਦੇ ਦੁੱਖ-ਸੁੱਖ ਦੀ ਸਹਾਇਕ ਬਣੋ। ਭੈਣਾਂ ਦਾ ਰਿਸ਼ਤਾ ਹੋਰ ਵੀ ਰੌਚਿਕ ਬਣ ਜਾਂਦਾ ਹੈ ਜਦ ਉਹ ਇਕ-ਦੂਜੇ ਦੀ ਗੱਲ ਧਿਆਨ ਨਾਲ ਸੁਣਨ, ਹਰ ਸਮੱਸਿਆ ਉੱਪਰ ਗੌਰ ਕਰਨ। ਜੇਕਰ ਕਦੇ ਮਤਭੇਦ ਆ ਵੀ ਜਾਣ ਤਾਂ ਬੈਠ ਕੇ ਦ੍ਰਿੜ੍ਹਤਾ ਨਾਲ ਰਿਸ਼ਤੇ ਦੀ ਡੋਰ ਨੂੰ ਸੁਲਝਾਇਆ ਜਾ ਸਕਦਾ ਹੈ। ਜੇਕਰ ਕਿਧਰੇ ਅਜਿਹਾ ਲੱਗੇ ਕਿ ਰਿਸ਼ਤੇ ਵਿਚ ਕਿਧਰੇ ਕੋਈ ਖੜੋਤ ਆ ਰਹੀ ਹੈ ਤਾਂ ਤਾਜ਼ਗੀ ਭਰਨ ਲਈ ਕਿਧਰੇ ਘੁੰਮਣ ਜਾਇਆ ਜਾ ਸਕਦਾ ਹੈ। ਜਨਮ ਦਿਨ 'ਤੇ ਸ੍ਰਪਰਾਈਜ਼ ਪਾਰਟੀ ਦਿੱਤੀ ਜਾ ਸਕਦੀ ਹੈ।

ਇਹ ਠੀਕ ਹੈ ਕਿ ਜ਼ਿੰਦਗੀ ਦੇ ਬਦਲਦੇ ਪੜਾਵਾਂ ਨਾਲ ਰਿਸ਼ਤੇ ਵੀ ਬਦਲਦੇ ਰਹਿੰਦੇ ਹਨ। ਵਿਆਹ ਤੋਂ ਬਾਅਦ ਭੈਣਾਂ ਦੇ ਰਿਸ਼ਤੇ ਵਿਚ ਵੀ ਕੋਈ ਤਬਦੀਲੀ ਆ ਜਾਂਦੀ ਹੈ। ਮਜਬੂਰੀਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਮੇਲ-ਮਿਲਾਪ ਘਟ ਸਕਦਾ ਹੈ। ਫਿਰ ਵੀ ਫੋਨ ਦੇ ਜ਼ਰੀਏ ਜਾਂ ਖਾਸ ਦਿਨਾਂ ਵਿਚ ਇਕ-ਦੂਜੇ ਨੂੰ ਮਿਲ ਕੇ ਰਿਸ਼ਤੇ ਨੂੰ ਪੁਨਰਤਾਜ਼ਾ ਕੀਤਾ ਜਾ ਸਕਦਾ ਹੈ।

ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਅਤੇ ਉਲਝਣਾਂ ਨੂੰ ਭੈਣ ਨਾਲ ਸਾਂਝਾ ਕਰਕੇ ਦੁੱਖ ਹਲਕਾ ਕੀਤਾ ਜਾ ਸਕਦਾ ਹੈ। ਅਲੱਗ-ਅਲੱਗ ਪਰਿਵਾਰਾਂ ਵਿਚ ਵਿਆਹੀਆਂ ਭੈਣਾਂ ਇਕ-ਦੂਜੇ ਤੋਂ ਅਲੱਗ ਤਾਂ ਹੋ ਹੀ ਜਾਂਦੀਆਂ ਹਨ, ਉਹ ਇਕ-ਦੂਜੇ ਤੋਂ ਬਦਲਿਆ-ਬਦਲਿਆ ਮਹਿਸੂਸ ਕਰਦੀਆਂ ਹਨ ਪਰ ਇਸ ਬਦਲਾਓ ਵਿਚੋਂ ਵੀ ਰਿਸ਼ਤਿਆਂ ਦੀ ਮਹਿਕ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਕਈ ਵਾਰ ਪ੍ਰਸਥਿਤੀਆਂ ਅਜਿਹੀਆਂ ਬਣ ਜਾਂਦੀਆਂ ਹਨ ਕਿ ਸਕੀਆਂ ਭੈਣਾਂ ਵਿਚ ਵੀ ਦੂਰੀ ਵਧ ਜਾਂਦੀ ਹੈ ਪਰ ਆਪਸੀ ਤਾਲਮੇਲ ਅਤੇ ਸਮਝਦਾਰੀ ਨਾਲ ਇਸ ਦੂਰੀ ਨੂੰ ਘਟਾਇਆ ਜਾ ਸਕਦਾ ਹੈ। ਜੇਕਰ ਵੱਡੀ ਭੈਣ ਜਾਂ ਛੋਟੀ ਭੈਣ ਵਿਚੋਂ ਕੋਈ ਇਕ-ਦੂਜੇ ਦੀ ਅਣਦੇਖੀ ਕਰ ਰਹੀ ਹੈ ਤਾਂ ਇਸ ਨਾਲ ਰਿਸ਼ਤੇ ਦੀ ਮਿਠਾਸ ਘਟੇਗੀ। ਕੋਸ਼ਿਸ਼ ਕੀਤੀ ਜਾਵੇ ਕਿ ਰਿਸ਼ਤੇ ਨੂੰ ਵਿਆਹ ਤੋਂ ਬਾਅਦ ਵੀ ਪਹਿਲਾਂ ਵਾਂਗ ਹੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਹਾਇਕ ਬਣਿਆ ਜਾਵੇ। ਨਵੇਂ ਰਿਸ਼ਤੇ ਬਣਾਉਣ ਵਿਚ ਕੋਈ ਹਰਜ ਨਹੀਂ ਪਰ ਪੁਰਾਣਿਆਂ ਨੂੰ ਨਿਭਾਉਣਾ ਵੀ ਇਕ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਭੈਣਾਂ ਦਾ ਰਿਸ਼ਤਾ ਬੜਾ ਮਨਮੋਹਕ ਹੈ। ਲੋੜ ਹੈ ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ।
ਐਚ. ਐਮ. ਵੀ., ਜਲੰਧਰ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 16.02.2012

ਬੱਚਿਆਂ ਨੂੰ ਘਰ ਵਿਚ ਹਾਦਸਿਆਂ ਤੋਂ ਕਿਵੇਂ ਬਚਾਇਆ ਜਾਵੇ? - ਸੁਖਮੰਦਰ ਸਿੰਘ ਤੂਰ

ਛੋਟੇ ਬੱਚੇ ਆਪਣੇ ਤਜਰਬੇ ਦੇ ਨਾਲ ਹੀ ਆਪਣੇ ਆਲੇ-ਦੁਆਲੇ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਕੁਦਰਤੀ ਤੌਰ 'ਤੇ ਜੋਸ਼ੀਲੇ, ਤਾਕਤਵਰ ਅਤੇ ਖੋਜੀ ਸੁਭਾਅ ਦੇ ਹੁੰਦੇ ਹਨ। ਉਨ੍ਹਾਂ ਵਿਚ ਹਰ ਇਕ ਚੀਜ਼ ਨੂੰ ਹੱਥ ਲਗਾਉਣ ਦੀ, ਉਸ ਨੂੰ ਸੁੰਘ ਕੇ ਦੇਖਣ ਦੀ ਅਤੇ ਉਸ ਨੂੰ ਮੂੰਹ ਵਿਚ ਪਾ ਕੇ ਉਸ ਦਾ ਸੁਆਦ ਜਾਨਣ ਦੀ ਤੀਬਰ ਇੱਛਾ ਹੁੰਦੀ ਹੈ। ਬੱਚੇ ਦੀ ਇਹ ਇੱਛਾ ਉਸ ਨੂੰ ਘਰ ਦੇ ਅੰਦਰ ਅਤੇ ਬਾਹਰ ਫਰੋਲਾ-ਫਰਾਲੀ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਫਰੋਲਾ-ਫਰਾਲੀ ਦੇ ਦੌਰਾਨ ਹੀ ਬੱਚੇ ਕਈ ਛੋਟੇ-ਵੱਡੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਬੱਚਿਆਂ ਵਿਚ ਏਨੀ ਸਮਝ ਨਹੀਂ ਹੁੰਦੀ ਕਿ ਉਹ ਜਾਣ ਸਕਣ ਕਿ ਘਰ ਵਿਚ ਉਨ੍ਹਾਂ ਵਾਸਤੇ ਕਿਹੜੀ ਚੀਜ਼ ਖਤਰਨਾਕ ਹੈ ਅਤੇ ਕਿਹੜੀ ਜਗ੍ਹਾ ਸੁਰੱਖਿਅਤ ਹੈ। ਇਸ ਕਰਕੇ ਮਾਂ-ਪਿਓ ਦਾ ਹੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਦੀ ਸੁਰੱਖਿਆ ਵੱਲ ਧਿਆਨ ਦੇਣ, ਨਹੀਂ ਤਾਂ ਕਈ ਵਾਰੀ ਮਾੜੀ ਜਿਹੀ ਲਾਪ੍ਰਵਾਹੀ ਵੀ ਬੱਚੇ ਦੀ ਜਾਨ ਲਈ ਖਤਰਾ ਬਣ ਸਕਦੀ ਹੈ। ਬੱਚਿਆਂ ਨੂੰ ਇਨ੍ਹਾਂ ਹਾਦਸਿਆਂ ਤੋਂ ਬਚਾਉਣ ਲਈ ਮਾਪਿਆਂ ਨੂੰ ਹੇਠ ਦਿੱਤੇ ਉਪਾਅ ਕਰਨੇ ਚਾਹੀਦੇ ਹਨ -

• ਬੱਚੇ ਨੂੰ ਪੌੜੀਆਂ, ਬਾਲਕੋਨੀ ਆਦਿ ਵਿਚ ਇਕੱਲੇ ਨਾ ਛੱਡੋ, ਖਾਸ ਕਰਕੇ ਜੇ ਬਨੇਰਾ ਨਾ ਹੋਵੇ, ਰੇਲਿੰਗ ਨੀਵੀਂ ਹੋਵੇ ਜਾਂ ਪਾਈਪਾਂ ਦੇ ਵਿਚਕਾਰ ਦੂਰੀ ਜ਼ਿਆਦਾ ਹੋਵੇ।

• ਬੱਚੇ ਨੂੰ ਕਦੇ ਵੀ ਉੱਚੀ ਮੰਜੀ, ਕੁਰਸੀ, ਸੋਫੇ ਆਦਿ 'ਤੇ ਬਿਠਾ ਕੇ ਆਪ ਕੰਮ 'ਚ ਨਾ ਲੱਗ ਜਾਓ। ਉਸ ਨੂੰ ਇਕੱਲਾ ਛੱਡਣਾ ਹੈ ਤਾਂ ਥੱਲੇ ਫਰਸ਼ 'ਤੇ ਬਿਠਾ ਦਿਓ।

• ਬਲੇਡ, ਚਾਕੂ, ਕਿੱਲ, ਸੂਈ ਅਤੇ ਹੋਰ ਨੋਕ ਵਾਲੀਆਂ ਵਸਤਾਂ ਜ਼ਮੀਨ 'ਤੇ ਨਾ ਸੁੱਟੋ। ਇਨ੍ਹਾਂ ਨੂੰ ਦਰਾਜ ਆਦਿ ਵਿਚ ਹਿਫਾਜ਼ਤ ਨਾਲ ਰੱਖੋ। ਬੱਚਾ ਇਨ੍ਹਾਂ ਨੂੰ ਸਹਿਜ-ਭਾਅ ਚੁੱਕ ਕੇ ਖੇਡਣਾ ਜਾਂ ਮੂੰਹ ਵਿਚ ਪਾ ਸਕਦਾ ਹੈ।

• ਘਰ ਵਿਚ ਵਿਹੜੇ ਦਾ ਫਰਸ਼ ਬਹੁਤ ਤਿਲਕਵਾਂ ਹੋਵੇ ਤਾਂ ਬੱਚੇ ਨੂੰ ਫਿਸਲਣ ਵਾਲੇ ਬੂਟ ਜਾਂ ਚੱਪਲਾਂ ਆਦਿ ਪਾ ਕੇ ਉਥੇ ਭੱਜ-ਦੌੜ ਵਾਲੀ ਖੇਡ ਨਾ ਖੇਡਣ ਦਿਓ। ਫਰਸ਼ 'ਤੇ ਸਬਜ਼ੀ, ਵਾਸ਼ਿੰਗ ਪਾਊਡਰ, ਤੇਲ ਆਦਿ ਡੁੱਲ੍ਹ ਜਾਵੇ ਤਾਂ ਉਸੇ ਵੇਲੇ ਸਾਫ ਕਰ ਦਿਓ। ਭੱਜਦੇ ਹੋਏ ਬੱਚੇ ਤਿਲਕ ਕੇ ਡਿਗ ਸਕਦੇ ਹਨ।

• ਗੁਸਲਖਾਨੇ ਆਦਿ ਵਿਚ ਕੱਚ ਦਾ ਗਿਲਾਸ, ਬੋਤਲ ਜਾਂ ਕੱਚ ਦਾ ਕੋਈ ਹੋਰ ਸਮਾਨ ਨਾ ਰੱਖੋ। ਬੱਚਾ ਨਹਾਉਂਦਿਆਂ ਹੋਇਆਂ ਫੜ ਕੇ ਇਨ੍ਹਾਂ ਨੂੰ ਹੇਠਾਂ ਸੁੱਟ ਸਕਦਾ ਹੈ, ਜਿਹੜਾ ਦੁਰਘਟਨਾ ਨੂੰ ਸਿੱਧਾ ਸੱਦਾ ਹੈ।

• ਧਿਆਨ ਰੱਖੋ ਕਿ ਕਿਤੇ ਬੱਚਾ ਘਰ ਵਿਚ ਪਏ ਹੋਏ ਟਰੰਕ, ਕੱਪ ਬੋਰਡ, ਅਲਮਾਰੀ ਆਦਿ ਖੋਲ੍ਹ ਕੇ ਉਸ ਦੇ ਅੰਦਰ ਬੰਦ ਹੀ ਨਾ ਹੋ ਜਾਵੇ ਤੇ ਕਿਸੇ ਨੂੰ ਪਤਾ ਹੀ ਨਾ ਚੱਲੇ। ਇਸ ਤਰ੍ਹਾਂ ਬੱਚਾ ਜਾਨ ਤੋਂ ਹੱਥ ਧੋ ਸਕਦਾ ਹੈ।

• ਘਰ ਵਿਚ ਦਾਤਰੀ, ਰੰਬਾ, ਚਾਕੂ ਆਦਿ ਬੱਚੇ ਦੀ ਪਹੁੰਚ ਤੋਂ ਹਮੇਸ਼ਾ ਦੂਰ ਰੱਖਣੇ ਚਾਹੀਦੇ ਹਨ। ਇਨ੍ਹਾਂ ਚੀਜ਼ਾਂ ਦੇ ਲੱਗਣ ਨਾਲ ਬੱਚੇ ਦੇ ਸਰੀਰ ਦਾ ਕੋਈ ਵੀ ਅੰਗ ਕੱਟਿਆ-ਵੱਢਿਆ ਜਾ ਸਕਦਾ ਹੈ ਅਤੇ ਖੂਨ ਵੀ ਨਿਕਲ ਸਕਦਾ ਹੈ।

• ਘਰ ਵਿਚ ਲਮਕਦੀਆਂ ਬਿਜਲੀ ਦੀਆਂ ਤਾਰਾਂ ਠੀਕ ਕਰਵਾ ਲਓ। ਇਸ ਨਾਲ ਹਾਦਸਾ ਵਾਪਰ ਸਕਦਾ ਹੈ। ਬੱਚੇ ਨੂੰ ਸਵਿੱਚ, ਸਾਕਟ, ਪਲੱਗ ਆਦਿ ਨੂੰ ਕਦੇ ਵੀ ਛੂਹਣ ਨਾ ਦਿਓ।

• ਘਰ ਵਿਚ ਸਫਾਈ ਕਰਦੇ ਹੋਏ ਉੱਚਾ ਸਟੂਲ, ਪੌੜੀ ਆਦਿ ਵਰਤਦਿਆਂ ਹੀ ਇਨ੍ਹਾਂ ਨੂੰ ਹਟਾ ਦਿਓ, ਕਿਉਂਕਿ ਵੱਡਿਆਂ ਦੀ ਦੇਖਾ-ਦੇਖੀ ਬੱਚਾ ਵੀ ਇਨ੍ਹਾਂ 'ਤੇ ਚੜ੍ਹਨ ਦੀ ਕੋਸ਼ਿਸ਼ ਵਿਚ ਡਿੱਗ ਸਕਦਾ ਹੈ।

• ਜੇਕਰ ਕੋਈ ਜ਼ਰੂਰੀ ਕੰਮ ਪੈ ਜਾਵੇ, ਜਿਵੇਂ ਕਿ ਕੋਈ ਆ ਜਾਵੇ ਜਾਂ ਕੋਈ ਫੋਨ ਆ ਜਾਵੇ ਜਾਂ ਛੋਟੇ ਬੱਚੇ ਨੂੰ ਨਹਾਉਂਦੇ ਹੋਏ ਤੁਸੀਂ ਕੱਪੜੇ ਵਗੈਰਾ ਲੈਣ ਲਈ ਕਮਰੇ 'ਚ ਜਾਣਾ ਹੋਵੇ ਤਾਂ ਵੀ ਬੱਚੇ ਨੂੰ ਟੱਬ ਆਦਿ ਵਿਚ ਨਹਾਉਂਦਿਆਂ ਛੱਡ ਕੇ ਨਾ ਜਾਓ। ਚੰਗਾ ਇਹ ਹੋਵੇਗਾ ਕਿ ਬੱਚੇ ਨੂੰ ਪਾਣੀ ਵਿਚੋਂ ਬਾਹਰ ਕੱਢ ਦਿੱਤਾ ਜਾਵੇ। ਤੁਹਾਡੀ ਥੋੜ੍ਹੀ ਜਿੰਨੀ ਅਣਗਹਿਲੀ ਵੱਡਾ ਨੁਕਸਾਨ ਕਰ ਸਕਦੀ ਹੈ।

• ਛੋਟੇ ਬੱਚੇ ਅਕਸਰ ਘਰ ਵਿਚ ਖਾਲੀ ਲਿਫਾਫੇ ਸਿਰ 'ਤੇ ਟੋਪੀ ਵਾਂਗ ਪਾ ਲੈਂਦੇ ਹਨ, ਜੋ ਠੀਕ ਨਹੀਂ ਹੈ। ਪੋਲੀਥੀਨ ਦੀ ਥੈਲੀ ਸਿਰ ਅਤੇ ਮੂੰਹ 'ਤੇ ਪਾਉਣ ਨਾਲ ਸਾਹ ਘੁੱਟ ਸਕਦਾ ਹੈ। ਇਸ ਕਰਕੇ ਅਜਿਹੇ ਲਿਫਾਫੇ ਜਾਂ ਤਾਂ ਬਾਹਰ ਸੁੱਟ ਦਿਓ ਜਾਂ ਫਿਰ ਲੁਕਾ ਕੇ ਰੱਖੋ।

• ਘਰ ਵਿਚ ਰੱਖੇ ਜਾਨਵਰਾਂ ਕੁੱਤੇ, ਬਿੱਲੀ ਆਦਿ ਵਿਚ ਬੱਚੇ ਨੂੰ ਇਕੱਲੇ ਨਾ ਛੱਡੋ। ਤੁਹਾਡੀ ਗ਼ੈਰ-ਹਾਜ਼ਰੀ ਵਿਚ ਇਹ ਬੱਚੇ ਨੂੰ ਵੱਢ ਸਕਦੇ ਹਨ।
ਬੱਚੇ ਨੂੰ ਘਰ ਵਿਚ ਹੋਣ ਵਾਲੇ ਹਾਦਸਿਆਂ ਬਾਰੇ ਤੇ ਉਨ੍ਹਾਂ ਦੇ ਬਚਾਅ ਬਾਰੇ ਜ਼ਰੂਰ ਦੱਸੋ।
ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 10.02.2012

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms