ਜੀ ਆਇਆਂ ਨੂੰ

ਜੱਟਸਾਈਟ ਦੇ ਬਲੋਗ ਤੇ ਤੁਹਾਡਾ ਸੁਆਗਤ ਹੈ।

ਇਸ ਬਲੋਗ ਤੇ ਆਮ ਜੀਵਨ ਨਾਲ ਸੰਬੰਧਿਤ ਲੇਖ ਇਧਰੋਂ-ਉਧਰੋਂ ਕਾਪੀ ਕਰ ਕੇ ਲਾਏ ਜਾਣਗੇ। ਬਲੋਗ ਦਾ ਮਕਸਦ ਗਿਆਨ, ਜਾਣਕਾਰੀ ਅਤੇ ਵਿਚਾਰਾਂ ਦੀ ਸਾਂਝ ਹੈ।

ਇਹ ਬਲੋਗ ੩੦ ਜਨਵਰੀ ੨੦੧੧ ਨੂੰ ਸ਼ੁਰੂ ਕੀਤਾ ਗਿਆ।

Showing posts with label ਧੀਆਂ ਕੁੜੀਆਂ. Show all posts
Showing posts with label ਧੀਆਂ ਕੁੜੀਆਂ. Show all posts

Sunday, August 24, 2014

ਕੁੜੀਆਂ ਬਦਮਾਸ਼ਾਂ ਤੋਂ ਬਚਣ, ਮਾਪੇ ਵੀ ਹੋਣ ਸੁਚੇਤ - ਮਲਕੀਤ ਸਿੰਘ, ਲੈਸਟਰ

ਬਦਮਾਸ਼ ਕਿਸਮ ਦੇ ਅਨਸਰਾਂ ਵੱਲੋਂ ਕਰੀਬ 10-12 ਸਾਲ ਤੋਂ ਲੈ ਕੇ 28-30 ਸਾਲ ਦੀ ਉਮਰ ਤੱਕ ਦੀਆਂ ਕੁੜੀਆਂ ਆਮ ਕਰਕੇ ਸ਼ਿਕਾਰ ਬਣਾਈਆਂ ਜਾਂਦੀਆਂ ਹਨ। ਕਈ ਵਾਰ ਏਦੋਂ ਘੱਟ ਜਾਂ ਵੱਧ ਉਮਰ ਦੀਆਂ ਵੀ। ਜਿੰਨੀ ਭੋਲੀ, ਮਾਸੂਮ ਜਾਂ ਘੱਟ ਉਮਰ ਦੀ ਬੱਚੀ ਹੁੰਦੀ ਹੈ, ਉਹ ਉਨੀ ਹੀ ਜਲਦੀ ਬਦਮਾਸ਼ਾਂ ਦੇ ਪੰਜੇ ਵਿਚ ਫਸ ਜਾਂਦੀ ਹੈ। 

ਇਹ ਬਦਮਾਸ਼ ਕਿਸਮ ਦੇ ਅਨਸਰ ਸਾਰੇ ਧਰਮਾਂ, ਕੌਮਾਂ ਤੇ ਨਸਲਾਂ ਵਿਚ ਹੁੰਦੇ ਹਨ। ਬਦਮਾਸ਼ ਇਕੱਲੇ ਇਕਹਿਰੇ ਤੌਰ 'ਤੇ ਜਾਂ ਫਿਰ ਗੈਂਗਾਂ ਦੇ ਰੂਪ ਵਿਚ ਹੀ ਕੁੜੀਆਂ ਦਾ ਸ਼ਿਕਾਰ ਕਰਦੇ ਹਨ। ਇਹ ਮਾਰ ਕਰਨ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਇਰਦ-ਗਿਰਦ ਘੁੰਮਦੇ ਰਹਿੰਦੇ ਹਨ। ਹੋਰ ਵੀ ਇਹ ਨਾਈਟ ਕਲੱਬਾਂ, ਮੇਲਿਆਂ, ਧਾਰਮਿਕ ਸਮਾਗਮਾਂ ਜਾਂ ਹੋਰ ਸਮਾਗਮਾਂ ਦੌਰਾਨ ਵੀ ਆਪਣੇ ਸ਼ਿਕਾਰ ਦੀ ਭਾਲ 'ਚ ਮੰਡਰਾਉਂਦੇ ਰਹਿੰਦੇ ਹਨ। ਇਨ੍ਹਾਂ ਦਾ ਧੰਦਾ ਨਸ਼ੇ ਵੇਚਣਾ ਤੇ ਮਾਸੂਮ ਤੇ ਭੋਲੀਆਂ ਕੁੜੀਆਂ ਨੂੰ ਆਪਣੇ ਜਾਲ ਵਿਚ ਫਸਾਉਣਾ ਹੁੰਦਾ ਹੈ। ਹੋਰ ਵੀ ਬਹੁਤ ਸਾਰੇ ਤਰੀਕਿਆਂ ਫੋਨਾਂ, ਇੰਟਰਨੈੱਟ ਆਦਿ ਰਾਹੀਂ ਮੈਸਿਜ, ਗੱਲਬਾਤ ਰਾਹੀਂ ਮਾਸੂਮ ਬੱਚੀਆਂ ਨੂੰ ਭਰਮਾ ਲੈਂਦੇ ਹਨ। 

ਤਰ੍ਹਾਂ-ਤਰ੍ਹਾਂ ਦੀਆਂ ਲੂੰਬੜਚਾਲਾਂ ਚਲਦੇ, ਪਿਆਰ ਦਾ ਦਿਖਾਵਾ ਕਰਨ ਲਈ ਮਾਸੂਮ ਕੁੜੀਆਂ ਨੂੰ ਸੋਹਣੇ-ਸੋਹਣੇ ਗਿਫਟ ਭੇਟ ਕਰਦੇ ਹਨ। ਪੀਣ ਨੂੰ ਕੋਈ ਡਰਿੰਕ ਜਾਂ ਖਾਣ ਨੂੰ ਸਵਾਦੀ ਚੀਜ਼ਾਂ ਵੀ ਦਿੰਦੇ ਹਨ। ਇਹ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਮਾਸੂਮ ਗੁਟਾਰਾਂ ਦੀ ਤਰ੍ਹਾਂ ਭੋਲੀਆਂ ਕੁੜੀਆਂ ਨੂੰ ਪਤਾ ਵੀ ਨਹੀਂ ਲਗਦਾ ਕਿ ਨਸ਼ੀਲੀ ਚੀਜ਼ ਡਰਿੰਕ 'ਚ ਮਿਲਾ ਕੇ ਪਿਲਾ ਦਿੰਦੇ ਹਨ ਤੇ ਫੇਰ ਕੁੜੀ ਦੀ ਇੱਜ਼ਤ ਲੁੱਟ ਲੈਂਦੇ ਹਨ। ਇਹ ਪੂਰਾ ਵਿਉਂਤਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸੇ ਦੌਰਾਨ ਕੁੜੀ ਦੀਆਂ ਫੋਟੋਆਂ ਵੀ ਖਿੱਚ ਲੈਂਦੇ ਹਨ। ਹੋਸ਼ ਆਉਣ 'ਤੇ ਜਾਂ ਸਮਝ ਪੈਣ 'ਤੇ ਲੜਕੀ ਜਦੋਂ ਵਿਰੋਧ ਕਰਦੀ ਹੈ ਤਾਂ ਬਦਮਾਸ਼ ਅਨਸਰ ਉਹੀ ਫੋਟੋਆਂ ਲੜਕੀ ਨੂੰ ਦਿਖਾ ਕੇ ਧਮਕਾ ਕੇ ਬਲੈਕਮੇਲ ਕਰਦੇ ਹਨ 'ਕਿ ਇਹ ਫੋਟੋ ਤੇਰੇ ਘਰਦਿਆਂ ਨੂੰ ਦਿਖਾ ਦਿਆਂਗੇ ਅਤੇ ਫੋਨਾਂ ਜਾਂ ਇੰਟਰਨੈੱਟ ਆਦਿ ਰਾਹੀਂ ਸਾਰੀ ਦੁਨੀਆ ਨੂੰ ਦਿਖਾਵਾਂਗੇ। ਲੜਕੀ ਇਹ ਸਭ ਕੁਝ ਦੇਖ ਕੇ ਠਠੰਬਰ ਜਾਂਦੀ ਹੈ। ਇਹ ਕਿ ਲੜਕੀ ਪਿਆਰ ਦੇ ਭੰਵਰ ਜਾਲ 'ਚ ਫਸ ਕੇ ਆਪਣੇ ਤੇ ਆਪਣੇ ਪਰਿਵਾਰ ਦੇ ਬਹੁਤ ਸਾਰੇ ਅੰਦਰੂਨੀ ਭੇਦ ਵੀ ਦੱਸ ਚੁੱਕੀ ਹੁੰਦੀ ਹੈ। 

ਸੋ, ਬਦਮਾਸ਼ ਇਨ੍ਹਾਂ ਕਮਜ਼ੋਰੀਆਂ ਦਾ ਪੂਰਾ ਫਾਇਦਾ ਉਠਾਉਂਦੇ ਹਨ। ਉਹ ਲੜਕੀ ਨੂੰ ਕੁੱਟਣ, ਮਾਰਨ ਤੋਂ ਇਲਾਵਾ ਉਹਨੂੰ ਜਾਨੋਂ ਮਾਰਨ ਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਖਤਮ ਕਰਨ ਦੀਆਂ ਧਮਕੀਆਂ ਵੀ ਦਿੰਦੇ ਹਨ। ਲੜਕੀ ਬਦਮਾਸ਼ਾਂ ਦੇ ਮਕੜ ਜਾਲ 'ਚ ਪੂਰੀ ਤਰ੍ਹਾਂ ਫਸ ਚੁੱਕੀ ਹੁੰਦੀ ਹੈ। ਉਹ ਬੇਵੱਸ ਹੋ ਕੇ ਸਹਿਮ ਜਾਂਦੀ ਹੈ। ਇਹ ਵੀ ਦੱਸ ਦੇਈਏ ਕਿ ਸਿਰਫ਼ ਲੜਕੀਆਂ ਹੀ ਨਹੀਂ ਬਹੁਤ ਵਾਰੀ ਲੜਕੇ ਵੀ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਹਨ। ਇਸ ਤਰ੍ਹਾਂ ਬਦਮਾਸ਼ ਟੋਲੇ ਕੁੜੀਆਂ ਨੂੰ ਨਸ਼ੇ ਦੀ ਚਾਟ 'ਤੇ ਲਾ ਕੇ ਉਨ੍ਹਾਂ ਦੀ ਇੱਜ਼ਤ ਲੁੱਟਣ ਦੇ ਨਾਲ-ਨਾਲ ਉਨ੍ਹਾਂ ਤੋਂ ਵੇਸਵਾਗਮਨੀ ਦਾ ਨਰਕੀ ਧੰਦਾ ਵੀ ਜਬਰਨ ਕਰਵਾਉਂਦੇ ਹਨ। ਇਸ ਤਰ੍ਹਾਂ ਬਦਮਾਸ਼ ਆਪਣੀਆਂ ਜੇਬ੍ਹਾਂ ਨੋਟਾਂ ਨਾਲ ਭਰਦੇ ਹਨ।

ਅਜਿਹੇ ਜੁਰਮਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਥੇ ਇਹ ਇਕ ਸਮਾਜਿਕ ਮਾਮਲਾ ਹੈ, ਇਹ ਬੜਾ ਹੀ ਨਾਜ਼ੁਕ ਅਤੇ ਜਜ਼ਬਾਤੀ ਵੀ ਹੈ। ਮਾਫ਼ੀ ਚਾਹਾਂਗਾ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ, ਮੈਨੂੰ ਪੀੜਤ ਪਰਿਵਾਰਾਂ ਨਾਲ ਡੂੰਘੀ ਦਿਲੀ ਹਮਦਰਦੀ ਹੈ। ਜੋ ਉਨ੍ਹਾਂ ਪਰਿਵਾਰਾਂ ਨਾਲ ਬੀਤਦੀ ਹੈ, ਉਸ ਦਾ ਦਰਦ ਉਹੀ ਜਾਣਦੇ ਹਨ। ਇਹ ਆਪਾਂ ਸਭ ਲਈ ਬੜੀ ਧੀਰਜ ਤੇ ਠਰੰਮੇ ਨਾਲ ਵਿਚਾਰਨ ਵਾਲਾ ਵੀ ਹੈ। ਇਹਦੇ ਵਿਚ ਹੀ ਸਭ ਦਾ ਭਲਾ ਹੈ। ਇਹ ਇਕੱਲਾ ਇਕ ਦੇਸ਼ ਹੀ ਨਹੀਂ, ਦੁਨੀਆ ਦੇ ਪੂਰੇ ਦੇਸ਼ਾਂ 'ਚ ਚਲ ਰਿਹਾ ਹੈ। ਨਾ ਹੀ ਇਹ ਸਿਰਫ਼ ਪੰਜਾਬੀ, ਭਾਈਚਾਰੇ ਦਾ ਮਸਲਾ ਹੈ। ਇਹ ਤਾਂ ਸਾਰੇ ਭਾਈਚਾਰਿਆਂ, ਧਰਮਾਂ, ਕੌਮਾਂ, ਨਸਲਾਂ ਦਾ ਮਸਲਾ ਹੈ। ਨਾ ਹੀ ਇਹ ਇਕ ਧਰਮ ਵੱਲੋਂ ਦੂਸਰੇ ਧਰਮ ਤੇ ਵਿਢਿਆ ਹਮਲਾ ਹੈ। ਇਸ ਨੂੰ ਸਮਝਣ ਦੀ ਲੋੜ ਹੈ। ਇਹ ਦੋ ਧਰਮਾਂ ਦੇ ਵਿਚਕਾਰਲਾ ਮਸਲਾ ਨਾ ਹੋ ਕੇ ਇਹ ਤਾਂ ਸੈਕਸ ਅਤੇ ਨਸ਼ਿਆਂ ਨਾਲ ਸਬੰਧਤ ਮਸਲਾ ਹੈ ਜਿਸ ਨੂੰ ਸੈਕਸ ਅਤੇ ਨਸ਼ਿਆਂ ਨਾਲ ਸਬੰਧਤ ਬਦਮਾਸ਼ ਗੈਂਗਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ।

ਕਈ ਵਾਰੀ ਬਦਮਾਸ਼ ਅਨਸਰ ਗਲੀ-ਗੁਆਂਢ, ਮੁਹੱਲੇ, ਰਿਸ਼ਤੇਦਾਰਾਂ ਜਾਂ ਮਿੱਤਰਾਂ-ਦੋਸਤਾਂ ਦੇ ਘੇਰੇ 'ਚੋਂ ਵੀ ਹੁੰਦੇ ਹਨ। ਉਹ ਬੜੀਆਂ ਕਪਟੀ ਚਾਲਾਂ ਚਲਦੇ ਹਨ। ਉਹ ਇਕੱਲੇ ਤੌਰ 'ਤੇ ਹੀ ਬੱਚਿਆਂ ਨੂੰ ਭੁਚਲਾ ਕੇ ਆਪਣੀ ਜਕੜ ਵਿਚ ਲੈ ਲੈਂਦੇ ਹਨ। ਏਹੋ ਜਿਹੇ ਗੰਦੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਵੀ ਹੈ। ਪਰ ਉਹ ਗੈਂਗ ਜੋ ਸੈਕਸ ਅਤੇ ਨਸ਼ਿਆਂ ਨਾਲ ਹੀ ਸਬੰਧਤ ਹਨ, ਬਹੁਤ ਖਤਰਨਾਕ ਹੁੰਦੇ ਹਨ। ਉਹ ਬੜੇ ਸ਼ਾਤਿਰ ਹੁੰਦੇ ਹਨ, ਆਪਣੇ ਹੀ ਧਰਮ, ਕੌਮ ਦੀ ਕੁੜੀ ਨੂੰ ਪੱਟਣ ਤੋਂ ਬਾਅਦ, ਜਦੋਂ ਕੁੜੀ ਨੂੰ ਹੋਸ਼ ਜਾਂ ਸਮਝ ਪੈਂਦੀ ਹੈ ਕਿ ਮੈਂ ਤਾਂ ਲੁੱਟੀ ਗਈ ਤਾਂ ਉਹ ਸਵਾਲ ਕਰਦੀ ਹੈ, 'ਇੱਜ਼ਤ ਲੁੱਟਣਾ ਆਪਣੇ ਧਰਮ 'ਚ ਮਨ੍ਹਾਂ ਹੈ ਤੂੰ ਕਿਉਂ ਧੋਖਾ ਕੀਤਾ ਹੈ?' ਤਾਂ ਉਹ ਮੱਕਾਰੀ ਭਰਿਆ ਝੂਠ ਮਾਰਦੇ ਹਨ ਕਿ ਮੈਂ ਤਾਂ ਦੂਸਰੇ ਧਰਮ, ਕੌਮ ਦਾ ਹਾਂ। ਤਾਂ ਕਿ ਕੁੜੀ ਜਾਂ ਉਹਦੇ ਮਾਪੇ ਆਪਣੇ ਹੀ ਧਰਮ/ਕੌਮ ਵਿਚ ਖੋਜ ਨਾ ਕਰ ਸਕਣ। ਇਸ ਤਰ੍ਹਾਂ ਉਹ ਮੱਕਾਰ ਆਪਣੀ ਪਛਾਣ ਲਕੋਣ ਦੀ ਕੋਸ਼ਿਸ਼ ਕਰਦੇ ਹਨ। ਬਹੁਤ ਵਾਰੀ ਉਹ ਕਾਮਯਾਬ ਵੀ ਹੋ ਜਾਂਦੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲਗਦਾ। 

ਪਰ ਇਕ ਦੂਸਰੀ ਕਿਸਮ ਵੀ ਹੈ, ਉਹ ਆਪਣੇ ਹੀ ਧਰਮ ਜਾਂ ਕੌਮ/ਨਸਲ ਦੀਆਂ ਕੁੜੀਆਂ ਨੂੰ ਵਰਗਲਾਉਣ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੇ ਫੜੇ ਜਾਣ ਦਾ ਵਧੇਰੇ ਖ਼ਤਰਾ ਹੁੰਦਾ ਹੈ। ਇਸੇ ਲਈ ਉਹ ਦੂਸਰੇ ਧਰਮ/ਕੌਮ ਦੀਆਂ ਕੁੜੀਆਂ ਨੂੰ ਵਰਗਲਾਉਂਦੇ ਹਨ। ਇਹ ਬਦਮਾਸ਼ ਅਨਸਰ ਇੰਨੇ ਸ਼ਾਤਰ ਹੁੰਦੇ ਹਨ ਕਿ ਆਪਣੀ ਪਛਾਣ, ਆਪਣਾ ਸਹੀ ਨਾਂਅ ਜਾਂ ਪਤਾ ਵਗੈਰਾ ਨਹੀਂ ਦੱਸਦੇ। ਉਹ ਇਸ ਸਭ ਕਾਸੇ ਬਾਰੇ ਕੋਰਾ ਝੂਠ ਬੋਲਦੇ ਹਨ। ਉਹ ਕੁੜੀਆਂ ਨੂੰ ਫੁਸਲਾਉਣ ਲਈ ਆਪਣਾ ਪਹਿਰਾਵਾ/ਭੇਸ ਵੀ ਬਦਲ ਲੈਂਦੇ ਹਨ। ਕੁੜੀ ਦੇ ਧਰਮ/ਕੌਮ ਵਾਲਾ ਹੀ ਪਹਿਰਾਵਾ/ਭੇਸ ਧਾਰਨ ਕਰ ਲੈਂਦੇ ਹਨ ਤਾਂ ਜੋ ਕੁੜੀ ਨੂੰ ਆਸਾਨੀ ਨਾਲ ਪੱਟਿਆ ਜਾ ਸਕੇ, ਕੁੜੀ ਸਮਝੇ ਕਿ ਇਹ ਤਾਂ ਮੇਰੇ ਹੀ ਧਰਮ/ਕੌਮ ਦਾ ਹੈ। ਪਰ ਜਦੋਂ ਹੋਸ਼ ਜਾਂ ਸਮਝ ਆਉਣ 'ਤੇ ਸਵਾਲ ਕਰਦੀ ਹੈ ਕਿ ਇਹ ਜੋ ਤੂੰ ਮੇਰੇ ਨਾਲ ਧੋਖੇ ਨਾਲ ਕੀਤਾ, ਆਪਣਾ ਧਰਮ ਜਾਂ ਸੱਭਿਆਚਾਰ ਤਾਂ ਇਹਦੀ ਆਗਿਆ ਨਹੀਂ ਦਿੰਦਾ, ਇਹ ਤਾਂ ਤੂੰ ਮੇਰੇ ਨਾਲ ਪਾਪ ਕੀਤਾ। ਉਹ ਉਨ੍ਹਾਂ ਦੀ ਪਛਾਣ ਤੇ ਥਹੁ-ਪਤਾ ਪੁਛਦੀ ਹੈ। ਉਹ ਕੋਰਾ ਝੂਠ ਬੋਲਦੇ ਹਨ। ਕੋਈ ਲੜ ਸਿਰਾ ਨਹੀਂ ਫੜਾਉਂਦੇ।

ਇਸ ਤਰ੍ਹਾਂ ਬਦਮਾਸ਼ ਅਕਸਰ ਲੜਕੀਆਂ ਦੇ ਭੋਲੇਪਣ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ। ਮਾਸੂਮ ਤੇ ਭੋਲੀਆਂ ਲੜਕੀਆਂ ਨੂੰ ਪਤਾ ਵੀ ਨਹੀਂ ਲਗਦਾ ਕਿ ਉਹ ਕਦੋਂ ਲੁੱਟੀਆਂ ਤੇ ਠੱਗੀਆਂ ਗਈਆਂ। ਸ਼ੁਰੂ ਵਿਚ ਲੜਕੀਆਂ ਵੀ ਭੋਲੀਆਂ ਹੋਣ ਕਾਰਨ ਉਨ੍ਹਾਂ ਓਪਰੇ ਬੰਦਿਆਂ ਦੀ ਕੋਈ ਜਾਣ-ਪਛਾਣ ਨਹੀਂ ਕਰਦੀਆਂ। ਉਨ੍ਹਾਂ ਦਾ ਨਾਂਅ ਜਾਂ ਥਾਂ-ਟਿਕਾਣਾ ਨਹੀਂ ਪੁਛਦੀਆਂ। ਬਦਮਾਸ਼ ਲੜਕੀ ਨੂੰ ਐਸਾ ਮੱਕੜ ਜਾਲ ਵਿਚ ਫਸਾਉਂਦੇ ਹਨ ਕਿ ਉਹ ਵਿਚਾਰੀ ਮਜਬੂਰ ਹੋ ਜਾਂਦੀ ਹੈ। ਲੜਕੀ ਲਈ ਸਾਰੇ ਰਸਤੇ ਬੰਦ ਹੋ ਜਾਂਦੇ ਹਨ। ਫਿਰ ਸ਼ੁਰੂ ਹੁੰਦਾ ਹੈ ਮੁਸੀਬਤਾਂ ਦਾ ਦੌਰ। ਇਕ ਵਾਰ ਕੁੜੀ ਲਫੰਗਿਆਂ ਦੇ ਚੱਕਰ ਵਿਚ ਫਸ ਗਈ ਤਾਂ ਉਸ ਦਾ ਸੁਖਾਵੀਆਂ ਹਾਲਤਾਂ ਵਿਚ ਵਾਪਸ ਘਰ ਪਰਤਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਇਕ ਤਾਂ ਬਦਮਾਸ਼ਾਂ ਦੀ ਕੁੱਟਮਾਰ, ਲੜਕੀ ਅਤੇ ਉਹਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਦੂਸਰਾ ਲੜਕੀ ਨੂੰ ਬਲੈਕਮੇਲ ਕਰਕੇ ਧਮਕਾਉਣਾ। ਇਸ ਤੋਂ ਵੀ ਅੱਗੇ ਦੂਸਰੇ ਪਾਸੇ ਘਰਦਿਆਂ ਵੱਲੋਂ ਵੀ ਕੁੜੀ ਦੀ ਕੁੱਟਮਾਰ। ਇਥੋਂ ਤੱਕ ਕਿ ਘਰਦਿਆਂ ਵੱਲੋਂ ਵੀ ਜਾਨੋਂ ਮਾਰ ਦੇਣ ਦਾ ਡਰ। ਕਿਉਂਕਿ ਬਹੁਤ ਵਾਰੀ ਪੀੜਤ ਪਰਿਵਾਰ ਦੁਖੀ ਹੋ ਕੇ ਕੁੜੀਆਂ ਨੂੰ ਮਾਰ ਵੀ ਦਿੰਦੇ ਹਨ ਅਤੇ ਹਰ ਵੇਲੇ ਘਰਦਿਆਂ, ਰਿਸ਼ਤੇਦਾਰਾਂ, ਪਰਿਵਾਰਕ ਦੋਸਤਾਂ ਤੇ ਭਾਈਚਾਰੇ ਦੇ ਲੋਕਾਂ ਵੱਲੋਂ ਫਿਟਕਾਰਾਂ। ਸਾਰੇ ਪਾਸਿਆਂ ਤੋਂ ਕੁੜੀ ਨੂੰ ਦੁਰਕਾਰਿਆ ਜਾਂਦਾ ਹੈ। 

ਸੋ, ਇਕ ਕਿਸਮ ਦਾ ਬੱਚੇ ਦਾ ਬਾਈਕਾਟ ਹੀ ਹੋ ਜਾਂਦਾ ਹੈ। ਉਹਦੇ ਲਈ ਮਾਹੌਲ ਸੁਖਾਵਾਂ ਨਹੀਂ ਰਹਿੰਦਾ। ਬੱਚੇ ਦੀ ਛਵੀ ਖਰਾਬ ਹੋ ਜਾਂਦੀ ਹੈ, ਪਹਿਚਾਣ ਖਤਮ ਹੋ ਜਾਂਦੀ ਹੈ। ਉਸ ਦੀ ਪਹਿਚਾਣ ਹੋਰ ਹੀ ਬਣ ਜਾਂਦੀ ਹੈ, ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਉਸ ਨੂੰ ਗੰਦੇ-ਮੰਦੇ ਵਿਸ਼ੇਸ਼ਣਾਂ ਨਾਲ ਪੁਕਾਰਿਆ ਜਾਂਦਾ ਹੈ, ਅਜਿਹੇ ਵਿਚ ਲੜਕੀ ਲਈ 'ਨਾ ਇਧਰ ਦੀ ਨਾ ਉਧਰ ਦੀ' ਵਾਲੀ ਹਾਲਤ ਹੋ ਜਾਂਦੀ ਹੈ। ਇਕ ਪਾਸੇ ਬਦਮਾਸ਼ਾਂ ਦਾ ਕਹਿਰ, ਦੂਸਰੇ ਪਾਸੇ ਘਰਦਿਆਂ ਵਾਲੀ ਧਿਰ ਵੱਲੋਂ ਵੀ ਦੁਰਕਾਰਿਆ ਜਾਣਾ। ਸੋ, ਬੱਚਾ ਅਜੀਬ ਮਾਨਸਿਕ ਸਥਿਤੀ ਵਿਚ ਉਲਝ ਕੇ ਰਹਿ ਜਾਂਦਾ ਹੈ। ਅਜਿਹੇ ਸਮੇਂ ਬੱਚੇ ਨੂੰ ਸੁਹਿਰਦ ਸਾਥ ਦੀ ਲੋੜ ਹੁੰਦੀ ਹੈ। ਉਸ ਦਾ ਕੋਈ ਕਸੂਰ ਨਹੀਂ ਹੁੰਦਾ, ਉਹ ਬੇਕਸੂਰ ਮਾਸੂਮ ਹੈ, ਉਹਨੂੰ ਸਹੀ ਸੁਝਾਵਾਂ ਦੀ ਤੇ ਸਹੀ ਪਿਆਰ ਦੀ ਲੋੜ ਹੁੰਦੀ ਹੈ। ਮਾਪਿਆਂ ਨੇ ਵੀ ਤਾਂ ਪਹਿਲਾਂ ਬੱਚੇ ਨੂੰ ਓਪਰੇ ਬੰਦਿਆਂ ਤੇ ਚੌਕੰਨੇ ਰਹਿਣ ਦੀ ਸਿੱਖਿਆ ਨਹੀਂ ਦਿੱਤੀ ਹੁੰਦੀ। ਇਹਦੇ ਵਿਚ ਬੱਚੇ ਦਾ ਕੀ ਕਸੂਰ। ਪਰ ਜਦੋਂ ਹੁੰਦਾ ਉਲਟ ਹੈ ਕਿ ਉਸ ਨਾਲ ਹੋਰ ਵੀ ਮਾੜਾ ਸਲੂਕ ਹੁੰਦਾ ਹੈ ਤਾਂ ਬੱਚੇ ਨੂੰ ਦੂਸਰਾ ਰਸਤਾ ਨਜ਼ਰ ਨਹੀਂ ਆਉਂਦਾ।

ਉਹ ਗੁੰਮਰਾਹ ਹੋਇਆ, ਭਟਕਿਆ ਹੋਇਆ ਤੇ ਲੁੱਟਿਆ ਹੋਇਆ ਮਹਿਸੂਸ ਕਰਦਾ ਹੈ। ਬੱਚਾ ਬੇਹੱਦ ਉਦਾਸ ਰਹਿਣ ਲੱਗ ਪੈਂਦਾ ਹੈ। ਬਹੁਤ ਬੱਚਿਆਂ ਨਾਲ ਏਸ ਤਰ੍ਹਾਂ ਵੀ ਵਾਪਰਦਾ ਕਿ ਬੱਚਾ ਮਾਨਸਿਕ ਤੌਰ 'ਤੇ ਬਿਮਾਰ ਰਹਿਣ ਲਗਦਾ ਹੈ। ਬੱਚੇ ਨੂੰ ਬਦਮਾਸ਼ਾਂ ਵਾਲੇ ਪਾਸੇ ਵੀ ਤੇ ਘਰ ਵਾਲੇ ਪਾਸੇ ਵੀ ਖ਼ਤਰਾ ਹੀ ਖ਼ਤਰਾ ਦਿਖਾਈ ਦਿੰਦਾ ਹੈ। ਜਦੋਂ ਕੋਈ ਹੱਲ ਨਜ਼ਰ ਨਹੀਂ ਆਉਂਦਾ ਤਾਂ ਬਹੁਤੇ ਬੱਚੇ ਖ਼ੁਦਕੁਸ਼ੀ ਵੀ ਕਰ ਲੈਂਦੇ ਹਨ।

ਇਸੇ ਤਰ੍ਹਾਂ ਜਿਹੜੇ ਪੀੜਤ ਪਰਿਵਾਰ ਇਹੋ ਜਿਹੀ ਭਿਆਨਕ ਸਥਿਤੀ 'ਚੋਂ ਗੁਜ਼ਰਦੇ ਹਨ, ਉਨ੍ਹਾਂ ਲਈ ਵੀ ਇਹ ਸਮਾਂ ਬੜਾ ਭਿਅੰਕਰ ਹੁੰਦਾ ਹੈ। ਉਹ ਲੁੱਟੇ ਹੋਏ ਮਹਿਸੂਸ ਕਰਦੇ ਹਨ। ਭਾਈਚਾਰੇ/ਸਮਾਜ ਵਿਚ ਉਨ੍ਹਾਂ ਦੀ ਇੱਜ਼ਤ ਤੇ ਪਰਖਚੇ ਉਡ ਜਾਂਦੇ ਹਨ। ਕਈ ਵਾਰੀ ਏਹੋ ਜਿਹੀਆਂ ਹਾਲਤਾਂ ਵਿਚ ਪੀੜਤ ਪਰਿਵਾਰ ਦੇ ਮੈਂਬਰ ਵੀ ਜਿਵੇਂ ਮਾਂ-ਬਾਪ, ਬਾਬਾ-ਦਾਦੀ ਜਾਂ ਭੈਣ-ਭਰਾ ਖ਼ੁਦਕੁਸ਼ੀ ਕਰਨ ਦੇ ਰਾਹ ਤੁਰ ਪੈਂਦੇ ਹਨ। ਇਹ ਹਾਲਤ ਬੜੀ ਹੀ ਨਾਜ਼ੁਕ ਹੁੰਦੀ ਹੈ। ਲੋਕਾਂ ਦੇ ਮਿਹਣੇ ਬੰਦੇ ਨੂੰ ਜਿਊਣ ਜੋਗਾ ਨਹੀਂ ਛੱਡਦੇ। ਇਹ ਬੜਾ ਨਾਜ਼ੁਕ ਤੇ ਜਜ਼ਬਾਤਾਂ ਨਾਲ ਜੁੜਿਆ ਮਾਮਲਾ ਹੁੰਦਾ ਹੈ। ਇਨ੍ਹਾਂ ਹਾਲਤਾਂ ਵਿਚ ਸੰਭਲਣਾ ਬੜਾ ਮੁਸ਼ਕਿਲ ਹੁੰਦਾ ਹੈ। ਇਹ ਪੀੜਤ ਪਰਿਵਾਰ ਤੇ ਘੋਰ ਸੰਕਟ ਦਾ ਸਮਾਂ ਹੁੰਦਾ ਹੈ। ਅਜਿਹੇ ਵਿਚ ਅੱਛੇ ਰਿਸ਼ਤੇਦਾਰ ਤੇ ਦੋਸਤਾਂ ਦੀ ਸਖਤ ਜ਼ਰੂਰਤ ਹੁੰਦੀ ਹੈ।

ਉਹ ਮਾਪੇ ਜਿਹੜੇ ਖੁਦ ਗ਼ਲਤ ਹੁੰਦੇ ਹਨ, ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਦੇਖਦੇ ਹਨ ਜਿਸ ਦਾ ਬੱਚਿਆਂ ਦੇ ਦਿਮਾਗਾਂ 'ਤੇ ਬਹੁਤ ਹੀ ਭੈੜਾ ਅਸਰ ਪੈਂਦਾ ਹੈ। ਉਨ੍ਹਾਂ ਬੱਚਿਆਂ ਦੀ ਵਿਗੜਨ ਦੀ ਬਹੁਤ ਹੀ ਜ਼ਿਆਦਾ ਸੰਭਾਵਨਾ ਵਧ ਜਾਂਦੀ ਹੈ। ਜੇਕਰ ਘਰ 'ਚ ਮਾਹੌਲ ਲੜਾਈ-ਝਗੜੇ ਦਾ ਰਹਿੰਦਾ ਹੈ। ਅਜਿਹੀ ਹਾਲਤ ਵਿਚ ਬੱਚੇ ਨੂੰ ਪਿਆਰ ਦੀ ਜਗ੍ਹਾ ਉਲਟਾ ਦਬਕੇ ਝਿੜਕੇ ਜਾਂ ਹਰ ਗੱਲ 'ਤੇ ਘੂਰ ਘੱਪ ਹੁੰਦੀ ਹੈ। ਬੱਚੇ ਨੂੰ ਏਹੋ ਜਿਹੇ ਮਾਹੌਲ ਵਿਚ ਮਾਤਾ-ਪਿਤਾ ਜਾਂ ਪਰਿਵਾਰਕ ਮੈਂਬਰਾਂ ਵਜੋਂ ਪੂਰਾ ਪਿਆਰ ਨਹੀਂ ਮਿਲਦਾ, ਜਿਸ ਦੀ ਬਚਪਨ ਵਿਚ ਅਤਿਅੰਤ ਜ਼ਰੂਰਤ ਹੁੰਦੀ ਹੈ। ਇਨਸਾਨ ਦੇ ਜਿਊਣ ਲਈ ਓਨਾ ਹੀ ਪਿਆਰ ਜ਼ਰੂਰੀ ਹੁੰਦਾ ਹੈ, ਜਿੰਨਾ ਖੁਰਾਕ ਜਾਂ ਹੋਰ ਚੀਜ਼ਾਂ। ਬੱਚਾ ਪਿਆਰ/ਹਮਦਰਦੀ ਦੇ ਦੋ ਬੋਲਾਂ ਲਈ ਤਰਸ ਜਾਂਦਾ ਹੈ। ਮਾਨਸਿਕ ਤੌਰ 'ਤੇ ਪ੍ਰੇਸ਼ਾਨ ਤੇ ਡਾਵਾਂਡੋਲਤਾ ਦੀ ਹਾਲਤ ਵਿਚ ਬੱਚਾ ਪਹੁੰਚ ਜਾਂਦਾ ਹੈ। ਬੱਚੇ ਦੀ ਜ਼ਿੰਦਗੀ ਵਿਚ ਖਲਾਅ ਪੈਦਾ ਹੋ ਜਾਂਦਾ ਹੈ। ਬੱਚੇ ਦੇ ਮਨ ਵਿਚ ਪਿਆਰ ਦੀ ਘਾਟ/ਭੁੱਖ ਪੈਦਾ ਹੋ ਜਾਂਦੀ ਹੈ ਜਿਸ ਦਾ ਫਾਇਦਾ ਬਦਮਾਸ਼ ਅਨਸਰ ਉਠਾ ਜਾਂਦੇ ਹਨ। ਅਜਿਹੇ ਵਿਚ ਉਹ ਬੱਚੇ ਨੂੰ ਵਰਗਲਾ ਕੇ ਆਪਣੇ ਫਰੇਬੀ ਜਾਲ ਵਿਚ ਫਸਾ ਲੈਂਦੇ ਹਨ। ਇਹਦੇ ਵਿਚ ਉਸ ਮਾਸੂਮ ਦਾ ਕੀ ਕਸੂਰ, ਉਹ ਤਾਂ ਦੁਨੀਆ ਤੋਂ ਅਨਜਾਣ, ਅਣਭੋਲ ਵਿਚਾਰਾ ਫਸ ਜਾਂਦਾ ਹੈ ਜਦੋਂ ਕਿ ਪਰਿਵਾਰ ਅਤੇ ਪੂਰੀ ਦੁਨੀਆ ਵੱਲੋਂ ਕਸੂਰਵਾਰ ਉਸ ਬੱਚੇ ਨੂੰ ਹੀ ਠਹਿਰਾਇਆ ਜਾਂਦਾ ਹੈ।

ਜਿਹੜੇ ਮਾਪੇ ਜਾਂ ਪਰਿਵਾਰਕ ਮੈਂਬਰ ਨਸ਼ੇ ਦੇ ਆਦੀ ਹੁੰਦੇ ਹਨ, ਉਹਦਾ ਵੀ ਬੱਚਿਆਂ 'ਤੇ ਮਾੜਾ ਅਸਰ ਪੈਂਦਾ ਹੈ। ਖਲਾਅ ਪੈਦਾ ਹੋਣ ਦੀ ਸੂਰਤ ਵਿਚ ਕਈ ਵਾਰੀ ਬੱਚੇ ਨਸ਼ੇ ਦੀ ਲਤ ਲਾ ਬੈਠਦੇ ਹਨ। ਮਾਪਿਆਂ ਤੋਂ ਚੋਰੀ ਸ਼ਰਾਬ, ਸਿਗਰਟ ਜਾਂ ਹੋਰ ਨਸ਼ਿਆਂ ਦਾ ਸੇਵਨ ਕਰਦੇ ਹਨ। ਅਜਿਹੇ ਬੱਚੇ ਬਦਮਾਸ਼ਾਂ ਦੇ ਪੰਜੇ ਵਿਚ ਬਹੁਤ ਜਲਦੀ ਫਸਦੇ ਹਨ।

ਮੌਜੂਦਾ ਹਾਲਤਾਂ ਵਿਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ। ਉਨ੍ਹਾਂ ਦੀਆਂ ਗੱਲਾਂ ਪਿਆਰ ਤੇ ਧਿਆਨ ਨਾਲ ਸੁਣਨ। ਬੱਚੇ ਨਾਲ ਦੋਸਤੀ ਵਾਲਾ ਰਿਸ਼ਤਾ ਕਾਇਮ ਕਰਨ ਤਾਂ ਜੋ ਬੱਚਾ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਕੋਈ ਸਵਾਲ ਜਾਂ ਸਮੱਸਿਆ ਹੈ ਤਾਂ ਮਾਤਾ-ਪਿਤਾ ਜਾਂ ਪਰਿਵਾਰ ਦੇ ਵੱਡੇ ਮੈਂਬਰਾਂ ਨਾਲ ਸਾਂਝੀ ਕਰੇ। ਬੱਚੇ ਨੂੰ ਗ਼ਲਤ ਤੇ ਸਹੀ ਗੱਲਾਂ, ਕੰਮਾਂ ਦਾ ਅੰਤਰ ਦੱਸਿਆ ਜਾਵੇ। ਗ਼ਲਤ ਗੱਲਾਂ/ਕੰਮਾਂ ਦੇ ਨੁਕਸਾਨ ਅਤੇ ਚੰਗੇ ਕੰਮਾਂ/ਗੱਲਾਂ ਦੇ ਫਾਇਦੇ ਦੱਸੇ ਜਾਣ। ਬੱਚੇ ਨੂੰ ਅਜਨਬੀ ਬੰਦਿਆਂ ਨਾਲ ਚੰਗੇ/ਮਾੜੇ ਸਬੰਧਾਂ ਤੇ ਅਸਰਾਂ ਤੋਂ ਜਾਣੂ ਕਰਵਾਇਆ ਜਾਵੇ। ਅਜਨਬੀ ਬੰਦੇ ਦੀ ਸਭ ਤੋਂ ਪਹਿਲਾਂ ਪਹਿਚਾਣ ਜ਼ਰੂਰੀ ਹੈ। ਇੰਟਰਨੈੱਟ ਆਦਿ ਦੀ ਵਰਤੋਂ ਕਰਨ ਸਮੇਂ, ਬੱਚੇ ਦੀ ਨਜ਼ਰਸਾਨੀ ਕੀਤੀ ਜਾਵੇ ਕਿ ਕਿਤੇ ਕੋਈ ਬੱਚੇ ਨੂੰ ਭਟਕਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਉਸ ਨੂੰ ਇੰਟਰਨੈੱਟ ਦੇ ਫਾਇਦੇ ਅਤੇ ਨੁਕਸਾਨਾਂ ਤੋਂ ਵੀ ਸੁਚੇਤ ਕਰਨਾ ਚਾਹੀਦਾ ਹੈ। ਬੱਚੇ ਦੀ ਪੜ੍ਹਾਈ, ਦੋਸਤਾਂ, ਖੇਡਾਂ ਅਤੇ ਮਨੋਰੰਜਨ ਆਦਿ ਲਈ ਪੂਰਾ ਸਮਾਂ ਤੇ ਧਿਆਨ ਦਿੱਤਾ ਜਾਵੇ। ਬੱਚੇ ਨੂੰ ਗੰਦੀਆਂ ਫ਼ਿਲਮਾਂ, ਗੇਮਾਂ, ਟੀ. ਵੀ. ਸ਼ੋਆਂ, ਗੰਦੇ ਗਾਣੇ, ਗੰਦਾ ਸਾਹਿਤ ਅਤੇ ਨਸ਼ਿਆਂ ਦੇ ਸਰੀਰਕ ਤੇ ਮਾਨਸਿਕ ਵਿਗਾੜਾਂ ਬਾਰੇ ਜਾਣੂ ਕਰਵਾਇਆ ਜਾਵੇ। ਮਾਪਿਆਂ ਨੂੰ ਵੀ ਆਪਣੇ ਜੀਵਨ ਵਿਚ ਸੁਧਾਰ ਲਿਆਉਣ ਦੀ ਲੋੜ ਹੈ ਤਾਂ ਜੋ ਬੱਚਿਆਂ 'ਤੇ ਚੰਗਾ ਅਸਰ ਪਵੇ। ਬੱਚਿਆਂ ਦਾ ਵੱਧ ਤੋਂ ਵੱਧ ਜ਼ਿੰਮੇਵਾਰੀ ਨਾਲ ਧਿਆਨ ਰੱਖਣ ਦੀ ਲੋੜ ਹੈ।

ਪਰ ਮੌਜੂਦਾ ਹਾਲਤਾਂ ਵਿਚ ਦੁਨੀਆ ਦੇ ਸਾਰੇ ਦੇਸ਼ ਆਰਥਿਕ ਸੰਕਟ ਵਿਚ ਘਿਰੇ ਹੋਏ ਹਨ ਤਾਂ ਇਹਦੀ ਸਭ ਤੋਂ ਵੱਧ ਮਾਰ ਕਿਰਤ ਕਰਨ ਵਾਲੇ ਲੋਕਾਂ 'ਤੇ ਪੈ ਰਹੀ ਹੈ। ਆਏ ਦਿਨ ਜ਼ਿੰਦਗੀ ਜਿਊਣੀ ਦੁੱਭਰ ਹੁੰਦੀ ਜਾ ਰਹੀ ਹੈ। ਸਖ਼ਤ ਮਿਹਨਤ ਅਤੇ ਰੋਜ਼ਮਰ੍ਹਾ ਦੀ ਨੱਠ-ਭੱਜ ਬਹੁਤ ਕਰਨੀ ਪੈਂਦੀ ਹੈ। ਸਮੇਂ ਦੇ ਨਾਲ ਕਦਮ ਮਿਲਾ ਕੇ ਚੱਲਣਾ, ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਕਿਰਤੀ ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੋਈ ਜਾ ਰਿਹਾ ਹੈ। ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਕੱਢਿਆ ਹੋਇਆ ਹੈ। ਬੇਰੁਜ਼ਗਾਰੀ ਫੈਲਦੀ ਜਾ ਰਹੀ ਹੈ। ਜੁਲਮ ਵਧ ਰਹੇ ਹਨ, ਦਿਮਾਗੀ ਤਣਾਓ ਤੇ ਬਿਮਾਰੀਆਂ 'ਚ ਵਾਧਾ ਹੋਈ ਜਾ ਰਿਹਾ ਹੈ। ਅਜਿਹੀਆਂ ਹਾਲਤਾਂ ਵਿਚ ਪਰਿਵਾਰ ਜਾਂ ਬੱਚਿਆਂ ਲਈ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜਿਹਦਾ ਅਸਰ ਪਰਿਵਾਰ ਤੇ ਬੱਚਿਆਂ ਦੀ ਜ਼ਿੰਦਗੀ 'ਤੇ ਪੈਂਦਾ ਹੈ। ਇਹ ਨੁਕਸਾਨ ਸਮੁੱਚੇ ਕਿਰਤੀ ਵਰਗ ਨੂੰ ਝੱਲਣਾ ਪੈਂ ਰਿਹਾ ਹੈ। ਇਸ ਸਭ ਕਾਸੇ ਦੇ ਜ਼ਿੰਮੇਵਾਰ, ਵੱਡੇ-ਵੱਡੇ ਬੈਂਕਰ, ਕਾਰਪੋਰੇਟ ਘਰਾਣੇ, ਵੱਡੇ ਵਪਾਰੀ ਤੇ ਸਰਮਾਏਦਾਰ ਤਬਕਾ ਤੇ ਸਿਆਸਤਦਾਨ ਹਨ। ਗ਼ਲਤ ਸਮਾਜਿਕ ਕਦਰਾਂ-ਕੀਮਤਾਂ, ਗ਼ਲਤ ਸਮਾਜਿਕ ਪ੍ਰਬੰਧ ਜ਼ਿੰਮੇਵਾਰ ਹੈ, ਇਸ ਨੂੰ ਬਦਲਣ ਦੀ ਲੋੜ ਹੈ। ਇਸੇ ਵਿਚ ਸਮੁੱਚੀ ਮਨੁੱਖਤਾ ਤੇ ਸਾਡੇ ਬੱਚਿਆਂ ਦਾ ਭਲਾ ਹੈ।
ਫੋਨ : 07574136642.

ਧੰਨਵਾਦ ਸਾਹਿਤ ਅਜੀਤ ਜਲੰਧਰ 24.08.2014 'ਚੋਂ

Monday, April 9, 2012

ਕਿਤੇ ਤੁਹਾਡੀ ਬੇਟੀ ਨਾਲ ਯੋਨ ਹਿੰਸਾ ਤਾਂ ਨਹੀਂ ਹੋ ਰਹੀ? - ਨੀਲਮ ਅਰੋੜਾ

ਤੁਹਾਡੀ 12 ਸਾਲ ਦੀ ਬੇਟੀ ਜੇਕਰ ਤੁਹਾਨੂੰ ਘਰ ਆ ਕੇ ਦੱਸਦੀ ਹੈ ਕਿ ਜਮਾਤ ਵਿਚ ਸਾਰੇ ਬੱਚੇ ਜਾ ਚੁੱਕੇ ਸਨ ਅਤੇ ਉਹ ਇਕੱਲੀ ਬੈਠੀ ਸੀ। ਇਸ ਦੌਰਾਨ ਗਣਿਤ ਪੜ੍ਹਾਉਣ ਵਾਲਾ ਅਧਿਆਪਕ ਇਕਦਮ ਆਪਣੀ ਸੀਟ ਤੋਂ ਉੱਠ ਕੇ ਉਸ ਕੋਲ ਆ ਜਾਂਦਾ ਹੈ ਅਤੇ ਉਸ ਦੀ ਕਿਤਾਬ ਦੇਖਣ ਬਹਾਨੇ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੀ ਤੁਸੀਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋ ਜਾਂ ਉਸ ਦੀ ਗੱਲ ਅਣਸੁਣੀ ਕਰ ਦਿੰਦੇ ਹੋ? ਕਿਸੇ ਵੀ ਮਾਂ ਨਾਲ ਦੋਵੇਂ ਸਥਿਤੀਆਂ ਹੋ ਸਕਦੀਆਂ ਹਨ। ਉਹ ਸਥਿਤੀ ਨੂੰ ਜ਼ਿਆਦਾ ਗੰਭੀਰ ਨਾ ਸਮਝਦੇ ਹੋਏ, ਬੇਟੀ ਨੂੰ ਇਹ ਗੱਲ ਭੁੱਲਣ ਲਈ ਵੀ ਕਹਿ ਸਕਦੀ ਹੈ ਜਾਂ ਇਸ ਗੱਲ ਲਈ ਉਹ ਪ੍ਰਿੰਸੀਪਲ ਕੋਲ ਸ਼ਿਕਾਇਤ ਵੀ ਕਰ ਸਕਦੀ ਹੈ।

ਆਮ ਤੌਰ 'ਤੇ ਇਹ ਹੁੰਦਾ ਹੈ ਕਿ ਜ਼ਿਆਦਾ ਮਾਪੇ ਇਸ ਪ੍ਰਕਾਰ ਦੀਆਂ ਗੱਲਾਂ ਨੂੰ ਉਜਾਗਰ ਕਰਨ ਵਿਚ ਆਪਣੀ ਤੇ ਆਪਣੀ ਬੇਟੀ ਦੀ ਬੇਇੱਜ਼ਤੀ ਸਮਝਦੇ ਹਨ, ਜਿਸ ਕਾਰਨ ਭਾਰਤ ਵਰਗੇ ਦੇਸ਼ ਵਿਚ ਛੋਟੀਆਂ ਬੱਚੀਆਂ ਅਤੇ ਔਰਤਾਂ ਨਾਲ ਹੋਣ ਵਾਲੀ ਛੇੜਖਾਨੀ ਨੂੰ ਚੁੱਪਚਾਪ ਸਹਿਣ ਦੀ ਨਸੀਹਤ ਜ਼ਿਆਦਾਤਰ ਮਾਵਾਂ ਆਪਣੀਆਂ ਬੇਟੀਆਂ ਨੂੰ ਦਿੰਦੀਆਂ ਹਨ। ਸਕੂਲ ਵਿਚ ਜਾਂ ਆਪਣੇ ਇਰਦ-ਗਿਰਦ ਦੇ ਲੋਕਾਂ ਨਾਲ ਇਸ ਤਰ੍ਹਾਂ ਦੀ ਕੀਤੀ ਜਾਣ ਵਾਲੀ ਛੇੜਖਾਨੀ ਅਤੇ ਯੋਨ ਸ਼ੋਸ਼ਣ ਦੀ ਆਮ ਤੌਰ 'ਤੇ ਅਣਦੇਖੀ ਕੀਤੀ ਜਾਂਦੀ ਹੈ।

ਜੇਕਰ ਤੁਹਾਡਾ ਬੱਚਾ ਆਪਣੇ ਨਾਲ ਹੋਈ ਕਿਸੇ ਜ਼ਿਆਦਤੀ ਬਾਰੇ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ ਤਾਂ ਉਸ ਨੂੰ ਪੂਰੇ ਵਿਸ਼ਵਾਸ ਵਿਚ ਲੈ ਕੇ ਖੁੱਲ੍ਹ ਕੇ ਦੱਸਣ ਲਈ ਪ੍ਰੇਰਿਤ ਕਰੋ ਅਤੇ ਉਸ 'ਤੇ ਪੂਰਾ ਵਿਸ਼ਵਾਸ ਕਰੋ। ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਇਸ ਲਈ ਆਪਣੀ ਬੇਟੀ ਨੂੰ ਦੋਸ਼ ਨਾ ਦੇਣ ਅਤੇ ਉਸ ਨੂੰ ਪੂਰੀ ਸੁਰੱਖਿਆ ਦੇਣ। ਆਪਣੇ ਬੱਚਿਆਂ 'ਤੇ ਪੂਰਾ ਵਿਸ਼ਵਾਸ ਜਤਾਓ। ਤੁਹਾਡੀ ਬੱਚੀ ਜੇਕਰ ਤੁਹਾਨੂੰ ਦੱਸਦੀ ਹੈ ਕਿ ਉਸ ਨਾਲ ਕਿਸੇ ਨੇ ਮਹੀਨਿਆਂ ਤੱਕ ਅਜਿਹਾ ਵਿਵਹਾਰ ਕੀਤਾ ਜਾਂ ਉਹ ਕਿਸੇ ਦੀ ਬਲੈਕਮੇਲਿੰਗ ਕਾਰਨ ਸਾਲਾਂ ਤੱਕ ਕਿਸੇ ਯੋਨ ਹਿੰਸਾ ਦਾ ਸ਼ਿਕਾਰ ਰਹੀ ਹੈ ਤਾਂ ਇਸ ਦਾ ਮਤਲਬ ਇਹ ਨਾ ਸਮਝੋ ਕਿ ਉਹ ਕੋਈ ਕਹਾਣੀ ਬਣਾ ਕੇ ਤੁਹਾਨੂੰ ਦੱਸ ਰਹੀ ਹੈ। ਇਹ ਇਕ ਸਚਾਈ ਹੈ ਕਿ ਬੱਚੇ ਕਈ ਵਾਰ ਕਈ ਦਿਨਾਂ, ਮਹੀਨਿਆਂ, ਸਾਲਾਂ ਤੱਕ ਯੋਨ ਹਿੰਸਾ ਖਿਲਾਫ਼ ਆਪਣੇ ਮਾਤਾ-ਪਿਤਾ ਨੂੰ ਕੁਝ ਵੀ ਨਹੀਂ ਕਹਿ ਪਾਉਂਦੇ। ਇਸ ਲਈ ਬੱਚਿਆਂ ਨੂੰ ਕਹੋ ਕਿ ਉਹ ਆਪਣੇ ਨਾਲ ਹੋਈ ਕਿਸੇ ਵੀ ਜ਼ਿਆਦਤੀ ਬਾਰੇ ਤੁਹਾਨੂੰ ਤੁਰੰਤ ਦੱਸਣ।

ਯੋਨ ਹਿੰਸਾ ਨਾਲ ਸ਼ਿਕਾਰ ਬੱਚਿਆਂ ਵਿਚ ਕਈ ਤਰ੍ਹਾਂ ਦੀਆਂ ਭਾਵਨਾਤਮਿਕ ਤੇ ਵਿਵਹਾਰ ਨਾਲ ਸੰਬੰਧਿਤ ਸਮੱਸਿਆਵਾਂ ਦੇਖਣ ਵਿਚ ਆਉਂਦੀਆਂ ਹਨ। ਮਾਤਾ-ਪਿਤਾ ਨੂੰ ਬੱਚੇ ਦੇ ਵਿਵਹਾਰ ਵਿਚ ਆਏ ਬਦਲਾਅ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਭੁੱਖ ਘੱਟ ਲੱਗਣਾ, ਭੋਜਨ ਨਾ ਖਾਣਾ, ਨੀਂਦ ਨਾ ਆਉਣਾ, ਹਰ ਸਮੇਂ ਡਰੇ ਰਹਿਣਾ, ਸਕੂਲ ਜਾਣ ਤੋਂ ਮਨ੍ਹਾ ਕਰਨਾ, ਇਹ ਸਾਰੀਆਂ ਗੱਲਾਂ ਅਜਿਹੀਆਂ ਹਨ ਜੋ ਕੁੜੀਆਂ ਨਾਲ ਹੋਣ ਵਾਲੀ ਯੋਨ ਹਿੰਸਾ ਦਾ ਸੰਕੇਤ ਦਿੰਦੀਆਂ ਹਨ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੇ ਵਿਵਹਾਰ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਰੱਖਣ। ਉਹ ਬੱਚਿਆਂ ਨੂੰ ਗੁਪਤ ਅੰਗਾਂ 'ਤੇ ਉਨ੍ਹਾਂ ਨਾਲ ਹੋਣ ਵਾਲੀ ਛੇੜਛਾੜ ਬਾਰੇ ਜਾਗਰੂਕ ਬਣਾਉਣ। ਹਰ ਸਕੂਲ ਜਾਣ ਵਾਲੀ ਲੜਕੀ ਨੂੰ ਆਪਣੇ ਸਰੀਰਕ ਅੰਗਾਂ ਬਾਰੇ ਦੱਸੋ ਕਿ ਜੇਕਰ ਕੋਈ ਉਸ ਨੂੰ ਬੇਲੋੜਾ ਛੂਹਣ ਦੀ ਕੋਸ਼ਿਸ਼ ਕਰੇ ਤਾਂ ਉਹ ਇਸ ਦੀ ਸੂਚਨਾ ਆਪਣੇ ਮਾਤਾ-ਪਿਤਾ ਨੂੰ ਦੇਵੇ। ਇਸ ਤੋਂ ਇਲਾਵਾ ਛੋਟੀਆਂ ਬੱਚੀਆਂ ਨੂੰ ਸਪਰਸ਼ ਦਾ ਗਿਆਨ ਕਰਵਾਉ ਅਤੇ ਉਨ੍ਹਾਂ ਨੂੰ ਦੱਸੋ ਕਿ ਜੇਕਰ ਕੋਈ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਛੂਹਣ ਦੀ ਕੋਸ਼ਿਸ਼ ਕਰੇ ਤਾਂ ਉਹ ਇਸ ਦਾ ਵਿਰੋਧ ਕਰਨ।

ਜੇਕਰ ਬੱਚੇ ਦੇ ਵਿਵਹਾਰ ਵਿਚ ਮਾਤਾ-ਪਿਤਾ ਨੂੰ ਅਚਾਨਕ ਕੋਈ ਪਰਿਵਰਤਨ ਨਜ਼ਰ ਆਉਣ ਲੱਗਦਾ ਹੈ ਤਾਂ ਉਹ ਇਸ ਵੱਲ ਪੂਰਾ ਧਿਆਨ ਦੇਣ। ਲੜਕੀ ਦੇ ਪੇਟ ਵਿਚ ਦਰਦ, ਭੁੱਖ ਨਾ ਲੱਗਣਾ, ਸਕੂਲ ਜਾਣ ਤੋਂ ਮਨ੍ਹਾ ਕਰਨਾ, ਗੁੱਸੇ ਹੋਣਾ, ਚਿੜਚਿੜਾਪਣ, ਬਿਸਤਰ ਗਿੱਲਾ ਕਰਨਾ, ਰਾਤ ਵਿਚ ਬੁਰਾ ਸੁਪਨਾ ਦੇਖ ਕੇ ਉੱਠ ਕੇ ਬੈਠ ਜਾਣਾ ਇਹ ਸਾਰੇ ਅਜਿਹੇ ਲੱਛਣ ਹਨ ਜੋ ਕਿਸੇ ਬੱਚੇ ਦੇ ਯੋਨ ਸੋਸ਼ਿਤ ਹੋਣ ਦੇ ਸੂਚਕ ਹੋ ਸਕਦੇ ਹਨ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.04.2011









Sunday, February 19, 2012

ਜਦੋਂ ਧੀ ਅਲ੍ਹੜ ਉਮਰ 'ਚ ਪੈਰ ਰੱਖੇ... - ਸੁਖਵਿੰਦਰ ਸਿੰਘ

ਭਾਰਤ ਵਿਚ 10 ਸਾਲ ਤੋਂ ਲੈ ਕੇ 17 ਸਾਲ ਤੱਕ ਦੇ ਬੱਚੇ ਕਿਸ਼ੋਰ ਅਵਸਥਾ ਵਿਚ ਗਿਣੇ ਜਾਂਦੇ ਹਨ। ਇਹ ਭਾਰਤ ਦੀ ਆਬਾਦੀ ਦਾ ਲਗਭਗ 22 ਫੀਸਦੀ ਬਣਦਾ ਹੈ। ਇਸ ਉਮਰ ਨੂੰ ਤੂਫਾਨਾਂ ਦੀ ਉਮਰ ਵੀ ਕਿਹਾ ਜਾਂਦਾ ਹੈ, ਕਿਉਂਕਿ ਬੱਚੇ ਅੰਦਰ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ ਤਬਦੀਲੀਆਂ ਕਾਰਨ ਬੱਚੇ ਨੂੰ ਆਪਣੇ ਮਾਤਾ-ਪਿਤਾ ਦੇ ਸਹਿਯੋਗ ਦੀ ਬੜੀ ਜ਼ਰੂਰਤ ਪੈਂਦੀ ਹੈ। ਪਿਤਾ ਦੇ ਆਰਥਿਕ ਰੁਝੇਵਿਆਂ ਕਾਰਨ ਮਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।

ਕਿਸ਼ੋਰ ਅਵਸਥਾ ਵਿਚ ਜਦ ਤੇਜ਼ੀ ਨਾਲ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ ਤਾਂ ਉਥੇ ਮਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚੇ ਨੂੰ ਸੰਤੁਲਿਤ ਖੁਰਾਕ ਤਿਆਰ ਕਰਕੇ ਦੇਵੇ ਤਾਂ ਕਿ ਉਸ ਦਾ ਸਰੀਰ ਤੰਦਰੁਸਤ ਅਤੇ ਤਾਕਤਵਰ ਬਣ ਸਕੇ। ਸਰੀਰਕ ਵਿਕਾਸ ਦੇ ਨਾਲ-ਨਾਲ ਜਦ ਬੱਚੇ ਦਾ ਮਾਨਸਿਕ ਅਤੇ ਭਾਵਨਾਤਮਿਕ ਵਿਕਾਸ ਹੁੰਦਾ ਹੈ ਤਾਂ ਉਸ ਅੰਦਰ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਬੜੀ ਵਧ ਜਾਂਦੀ ਹੈ। ਇਥੇ ਫਿਰ ਮਾਂ ਦਾ ਫਰਜ਼ ਬਣਦਾ ਹੈ ਕਿ ਬੱਚੇ ਨੂੰ ਉਸ ਦੀ ਉਮਰ ਅਤੇ ਲੋੜ ਅਨੁਸਾਰ ਉਸ ਦੀ ਜਾਣਕਾਰੀ ਵਿਚ ਵਾਧਾ ਕਰੇ। ਇਸ ਉਮਰ ਵਿਚ ਬੱਚੇ ਦੀ ਆਵਾਜ਼ ਭਾਰੀ ਹੁੰਦੀ ਹੈ। ਉਸ ਦੀ ਆਵਾਜ਼ ਵਿਚ ਰੁੱਖਾਪਣ ਆਉਂਦਾ ਹੈ, ਉਸ ਅੰਦਰ ਅਹੰਕਾਰ ਪੈਦਾ ਹੁੰਦਾ ਹੈ, ਉਸ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਜਿਸ ਨਾਲ ਮਾਤਾ-ਪਿਤਾ ਸੋਚਦੇ ਹਨ ਕਿ ਉਨ੍ਹਾਂ ਦਾ ਬੱਚਾ ਕਹਿਣਾ ਨਹੀਂ ਮੰਨ ਰਿਹਾ, ਉਹ ਬੜੇ ਰੁੱਖੇ-ਰੁੱਖੇ ਸ਼ਬਦ ਬੋਲਦਾ ਹੈ। ਅਜਿਹੇ ਹਾਲਾਤ ਵਿਚ ਮਾਤਾ-ਪਿਤਾ ਉਸ ਬੱਚੇ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੰਦੇ ਹਨ ਅਤੇ ਬੱਚਾ ਸੋਚਣ ਲਗਦਾ ਹੈ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਠੀਕ ਪਿਆਰ ਨਹੀਂ ਕਰ ਰਹੇ। ਬੱਚਾ ਹੀਣਤਾ ਦਾ ਸ਼ਿਕਾਰ ਹੋ ਕੇ ਕਈ ਵਾਰ ਗ਼ਲਤ ਪਾਸੇ ਤੁਰ ਪੈਂਦਾ ਹੈ।

ਕਿਸ਼ੋਰ ਅਵਸਥਾ ਵਿਚ ਮਾਂ ਨੂੰ ਚਾਹੀਦਾ ਹੈ ਕਿ ਉਹ ਲੜਕੇ ਜਾਂ ਲੜਕੀ ਦੀ ਮਾਂ ਨਾ ਬਣ ਕੇ ਉਸ ਦੀ ਦੋਸਤ ਬਣ ਜਾਵੇ ਤਾਂ ਕਿ ਲੜਕਾ ਜਾਂ ਲੜਕੀ ਘਰ ਤੋਂ ਕਾਲਜ ਅਤੇ ਕਾਲਜ ਤੋਂ ਘਰ ਤੱਕ ਦੀਆਂ ਸਾਰੀਆਂ ਸਮੱਸਿਆਵਾਂ ਉਸ ਨਾਲ ਸਾਂਝੀਆਂ ਕਰੇ। ਕਈ ਵਾਰ ਮਾਵਾਂ ਬੱਚਿਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੀਆਂ ਜਾਂ ਫਿਰ ਉਨ੍ਹਾਂ ਕੋਲ ਸਮਾਂ ਨਹੀਂ ਹੁੰਦਾ। ਇਸ ਕਰਕੇ ਉਹ ਆਪਣੀਆਂ ਸਮੱਸਿਆਵਾਂ ਆਪਣੇ ਤੋਂ ਵੱਡੇ ਦੋਸਤਾਂ ਕੋਲ ਸਾਂਝੀਆਂ ਕਰਦੇ ਹਨ। ਉਹ ਵੱਡੀ ਉਮਰ ਦੇ ਦੋਸਤ ਉਨ੍ਹਾਂ ਨੂੰ ਗ਼ਲਤ ਰਸਤੇ 'ਤੇ ਵੀ ਤੋਰ ਸਕਦੇ ਹਨ। ਇਹ ਉਮਰ ਬੜੀ ਗੁੰਝਲਦਾਰ ਹੁੰਦੀ ਹੈ। ਬੱਚਾ ਕਈ ਵਾਰ ਗ਼ਲਤੀ ਵੀ ਕਰ ਬੈਠਦਾ ਹੈ, ਕਿਉਂਕਿ ਉਹ ਚੰਗੇ-ਬੁਰੇ ਵਿਚ ਫਰਕ ਨਹੀਂ ਜਾਣਦਾ। ਮਾਂ ਦਾ ਫਰਜ਼ ਬਣਦਾ ਹੈ ਕਿ ਮਾਂ ਬੱਚੇ ਨੂੰ ਡਾਂਟਣ ਦੀ ਬਜਾਏ ਉਸ ਨੂੰ ਪਿਆਰ ਨਾਲ ਉਸ ਦੀ ਕੀਤੀ ਗ਼ਲਤੀ ਬਾਰੇ ਦੱਸੇ ਅਤੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਦੁਹਰਾਉਣ ਬਾਰੇ ਕਹੇ।

ਇਸ ਉਮਰ ਦੇ ਬੱਚਿਆਂ ਨੂੰ ਕਦੇ ਵੀ ਉਨ੍ਹਾਂ ਦੇ ਦੋਸਤਾਂ ਕੋਲ ਨਾ ਡਾਂਟਿਆ ਜਾਵੇ ਪਰ ਉਸ ਦੇ ਦੋਸਤਾਂ 'ਤੇ ਵੀ ਪੂਰੀ ਨਿਗਰਾਨੀ ਰੱਖੀ ਜਾਵੇ। ਕਿਸ਼ੋਰ ਅਵਸਥਾ ਵਿਚ ਇਨ੍ਹਾਂ ਬੱਚਿਆਂ ਪ੍ਰਤੀ ਕਦੀ ਸ਼ੱਕੀ ਨਾ ਬਣੋ ਪਰ ਉਨ੍ਹਾਂ ਦੇ ਹਰ ਕਦਮ ਦੀ ਪੂਰੀ ਜਾਣਕਾਰੀ ਰੱਖੋ। ਇਸ ਉਮਰ ਵਿਚ ਜੇਕਰ ਮਾਂ ਆਪਣੀ ਪੂਰਨ ਜ਼ਿੰਮੇਵਾਰੀ ਨਿਭਾਉਂਦੀ ਹੈ ਤਾਂ ਬੱਚਾ ਨਸ਼ਾਖੋਰੀ, ਹੁੱਲੜਬਾਜ਼ੀ ਅਤੇ ਏਡਜ਼ ਵਰਗੀਆਂ ਮਾਰੂ ਹਰਕਤਾਂ ਤੋਂ ਬਚ ਸਕਦਾ ਹੈ।
ਅੱਕੂ ਮਸਤੇ ਕੇ
ਨੋਡਲ ਅਫਸਰ, ਕਿਸ਼ੋਰ ਸਿੱਖਿਆ ਸ: ਹਾ: ਸਕੂਲ, ਚੁਗੱਤੇ ਵਾਲਾ (ਫਿਰੋਜ਼ਪੁਰ)।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 17.02.2012

Sunday, September 25, 2011

੧) ਜਵਾਨ ਬੇਟੀ ਦੀਆਂ ਸਮੱਸਿਆਵਾਂ ਤੋਂ ਬੇਖ਼ਬਰ ਨਾ ਰਹੋ ੨) ਬੇਟੀ ਦੀ ਨੇੜਤਾ ਲਈ ਉਸ ਦੇ ਰੰਗ ਵਿਚ ਰੰਗ ਜਾਵੋ

ਜਵਾਨ ਬੇਟੀ ਦੀਆਂ ਸਮੱਸਿਆਵਾਂ ਤੋਂ ਬੇਖ਼ਬਰ ਨਾ ਰਹੋ - ਸੰਜੀਵ ਕੁਮਾਰ ਕਸ਼ਅਪ


ਬਚਪਨ ਦੀ ਦਹਿਲੀਜ਼ ਪਾਰ ਕਰਕੇ ਜਦੋਂ ਕੋਈ ਲੜਕੀ ਜਵਾਨੀ ਵਿਚ ਪੈਰ ਧਰਦੀ ਹੈ ਤਾਂ ਉਸ ਵਿਚ ਕੁਦਰਤੀ ਤੌਰ 'ਤੇ ਸਰੀਰਕ ਅਤੇ ਮਾਨਸਿਕ ਬਦਲਾਅ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਉਹ ਹੋਰ ਵੱਡੀ ਹੁੰਦੀ ਹੈ ਤਾਂ ਉਸ ਦੇ ਦਿਲੋ-ਦਿਮਾਗ 'ਤੇ ਹੋਰਨਾਂ ਪ੍ਰਤੀ ਇਕ ਸੁਭਾਵਿਕ ਖਿੱਚ ਪੈਦਾ ਹੋਣ ਲਗਦੀ ਹੈ, ਜਿਸ ਨੂੰ ਉਹ ਪਿਆਰ ਸਮਝਣ ਦੀ ਭੁੱਲ ਕਰ ਬਹਿੰਦੀ ਹੈ ਅਤੇ ਕਈ ਵਾਰ ਉਸ ਨੂੰ ਆਪਣੀ ਭੁੱਲ ਦਾ ਪਛਤਾਵਾ ਵੀ ਹੁੰਦਾ ਹੈ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਲੜਕੀਆਂ ਨੂੰ ਇਸ ਉਮਰੇ ਸਾਂਭਣ ਦੀ ਜ਼ਿੰਮੇਵਾਰੀ ਉਨ੍ਹਾਂ ਦੀਆਂ ਮਾਵਾਂ ਦੀ ਹੁੰਦੀ ਹੈ। ਇਕ ਸਮਝਦਾਰ ਮਾਂ ਨੂੰ ਚਾਹੀਦਾ ਹੈ ਕਿ ਉਹ ਬੇਟੀ ਦਾ ਉਚਿਤ ਮਾਰਗ-ਦਰਸ਼ਨ ਕਰੇ ਅਤੇ ਉਸ ਨੂੰ ਸਹੀ-ਗ਼ਲਤ ਦਾ ਫਰਕ ਸਮਝਾਵੇ ਤਾਂ ਕਿ ਜਵਾਨ ਬੇਟੀ ਰਾਹ ਤੋਂ ਭਟਕਣ ਦੀ ਥਾਂ ਆਪਣਾ ਧਿਆਨ ਪੜ੍ਹਾਈ-ਲਿਖਾਈ ਅਤੇ ਕੈਰੀਅਰ ਬਣਾਉਣ ਵੱਲ ਰੱਖੇ।

ਜਵਾਨ ਲੜਕੀਆਂ ਨੂੰ ਏਨੀ ਆਜ਼ਾਦੀ ਨਾ ਦਿੱਤੀ ਜਾਵੇ ਕਿ ਉਹ ਕਹਿਣਾ ਹੀ ਨਾ ਮੰਨਣ। ਕਈ ਵਾਰ ਜ਼ਿਆਦਾ ਦਿੱਤੀ ਆਜ਼ਾਦੀ ਦੇ ਨਤੀਜੇ ਘਾਤਕ ਹੋ ਸਕਦੇ ਹਨ ਜਾਂ ਉਹ ਖੁਦ ਵੀ ਬਹਿਕ ਸਕਦੀ ਹੈ। ਆਪਣੀ ਬੇਟੀ ਦੀ ਕਿਸੇ ਲੜਕੇ ਨਾਲ ਦੋਸਤੀ ਨੂੰ ਗੰਭੀਰਤਾ ਨਾਲ ਲਵੋ। ਕਿਤੇ ਅਜਿਹਾ ਨਾ ਹੋਵੇ ਕਿ ਉਨ੍ਹਾਂ ਦੋਵਾਂ ਦੀ ਦੋਸਤੀ ਕਿਸੇ ਰਿਸ਼ਤੇ ਵਿਚ ਬਦਲ ਜਾਵੇ। ਇਸ ਉਮਰ ਵਿਚ ਲੜਕੀਆਂ ਭਾਵਨਾਵਾਂ 'ਚ ਵਗਦੀ ਨਦੀ ਵਾਂਗ ਵਹਿ ਜਾਂਦੀਆਂ ਹਨ। ਉਨ੍ਹਾਂ ਨੂੰ ਪ੍ਰੇਮ-ਪਿਆਰ ਦਾ ਅਸਲ ਅਰਥ ਪਤਾ ਨਹੀਂ ਹੁੰਦਾ ਅਤੇ ਉਹ ਆਸਾਨੀ ਨਾਲ ਚੱਕਰ 'ਚ ਆ ਸਕਦੀਆਂ ਹਨ। ਜੇਕਰ ਇਸ ਉਮਰੇ ਲੜਕੀਆਂ ਆਪਣੇ ਜਮਾਤੀਆਂ ਨਾਲ ਕਿਸੇ ਟੂਰ 'ਤੇ ਜਾਣਾ ਚਾਹੁੰਦੀਆਂ ਹਨ ਤਾਂ ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਕੋਈ ਅਧਿਆਪਕ ਜਾਂ ਅਧਿਆਪਕਾ ਜਾ ਰਹੇ ਹਨ ਜਾਂ ਨਹੀਂ। ਜੇਕਰ ਕੋਈ ਅਧਿਆਪਕ ਨਾਲ ਨਾ ਹੋਵੇ ਤਾਂ ਆਪਣੀ ਬੇਟੀ ਨੂੰ ਟੂਰ 'ਤੇ ਨਾ ਭੇਜਣ 'ਚ ਹੀ ਭਲਾ ਹੈ। ਆਪਣੇ ਘਰ ਦੇ ਆਲੇ-ਦੁਆਲੇ ਗਲੀ-ਮੁਹੱਲੇ ਦਾ ਮਾਹੌਲ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਧਰ-ਉਧਰ ਜਾਣ ਦੀ ਖੁੱਲ੍ਹ ਦਿਉ।

ਬੇਟੀ ਨੂੰ ਦਬਾ ਕੇ ਜਾਂ ਡਰਾ ਕੇ ਘਰ ਵਿਚ ਬਿਠਾਉਣ ਵਿਚ ਕੋਈ ਸਮਝਦਾਰੀ ਨਹੀਂ ਹੋਵੇਗੀ ਪਰ ਹਰ ਚੀਜ਼ ਦੀ ਬਹੁਤਾਤ ਮਾੜੀ ਹੁੰਦੀ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੇਟੀ ਨੂੰ ਹਰ ਗੱਲ ਦਾ ਘਾਟਾ-ਵਾਧਾ ਸਮਝਾ ਦੇਣ। ਉਨ੍ਹਾਂ ਨੂੰ ਸਰੀਰਕ ਸਬੰਧਾਂ ਬਾਰੇ ਉਚਿਤ ਢੰਗ ਨਾਲ ਸਮਝਾਉਣ ਤਾਂ ਕਿ ਕੋਈ ਉਨ੍ਹਾਂ ਦੀ ਨਾਸਮਝੀ ਦਾ ਨਾਜਾਇਜ਼ ਫਾਇਦਾ ਨਾ ਲੈ ਸਕੇ।

ਇਸ ਉਮਰ ਦੀਆਂ ਲੜਕੀਆਂ ਨੂੰ ਕੋਈ ਵੀ ਗੱਲ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਕੇ ਬੜੇ ਧੀਰਜ ਅਤੇ ਪਿਆਰ ਨਾਲ ਕਹੋ। ਉਨ੍ਹਾਂ ਨੂੰ ਮਾਰਨਾ-ਕੁੱਟਣਾ ਠੀਕ ਨਹੀਂ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਜ਼ਿੱਦੀ ਹੋ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਮਾਂ-ਬੇਟੀ ਵਿਚ ਦੋਸਤਾਨਾ ਰਿਸ਼ਤਾ ਕਾਇਮ ਹੋਵੇ ਤਾਂ ਕਿ ਬੇਟੀ ਖੁੱਲ੍ਹੇ ਮਨ ਨਾਲ ਕਿਸੇ ਵੀ ਵਿਸ਼ੇ 'ਤੇ ਚਰਚਾ ਕਰ ਸਕੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 09.04.2009



ਬੇਟੀ ਦੀ ਨੇੜਤਾ ਲਈ ਉਸ ਦੇ ਰੰਗ ਵਿਚ ਰੰਗ ਜਾਵੋ - ਭਾਸ਼ਣਾ ਬਾਂਸਲ

ਅਜਿਹੀਆਂ ਕਈ ਬੇਟੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਬੇਹੱਦ ਚਾਹੁੰਦੀਆਂ ਹਨ ਪਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦੀਆਂ। ਨਤੀਜਾ ਉਹੀ ਹੁੰਦਾ ਹੈ, ਜਾਂ ਤਾਂ ਬੇਟੀ ਦੇ ਕਦਮ ਹਨੇਰ ਭਰੇ ਰਾਹਾਂ ਵੱਲ ਭਟਕ ਜਾਂਦੇ ਹਨ ਜਾਂ ਫਿਰ ਉਸ ਨੂੰ 'ਮਾਂ' ਸ਼ਬਦ ਤੋਂ ਈਰਖਾ ਹੋਣ ਲਗਦੀ ਹੈ।

ਸ਼ਾਸਕ ਨਹੀਂ, ਸਹੇਲੀ ਬਣੋ : ਜੇ ਬੇਟੀ ਵਿਚ ਕੁਝ ਅਜਿਹੀਆਂ ਕਮੀਆਂ ਹਨ, ਜਿਨ੍ਹਾਂ ਨਾਲ ਉਸ ਦਾ ਭਵਿੱਖ ਦੁਖਦਾਈ ਹੋ ਸਕਦਾ ਹੈ ਤਾਂ ਹਰ ਸਮੇਂ ਉਸ ਦੀਆਂ ਉਨ੍ਹਾਂ ਕਮੀਆਂ ਲਈ ਉਸ ਨੂੰ ਝਿੜਕਣ ਦੀ ਬਜਾਏ ਪਿਆਰ ਨਾਲ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਪਲ-ਪਲ ਦਾ ਵਿਵਹਾਰ ਅਜਿਹਾ ਹੋਣਾ ਚਾਹੀਦਾ ਹੈ ਕਿ ਬੇਟੀ ਨੂੰ ਲੱਗੇ ਕਿ ਤੁਸੀਂ ਸੱਚਮੁੱਚ ਉਸ ਦੀ ਦੋਸਤ ਹੋ ਅਤੇ ਉਹ ਆਪਣੀ ਹਰ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਦੀ ਹੈ।

ਜੇ ਬੇਟੀ ਕੋਈ ਗ਼ਲਤੀ ਕਰਨ ਤੋਂ ਬਾਅਦ ਤੁਹਾਨੂੰ ਦੱਸ ਦੇਵੇ ਤਾਂ ਉਸ ਨਾਲ ਨਾਰਾਜ਼ ਹੋਣ ਦੀ ਬਜਾਏ ਉਸ ਨੂੰ ਸਪੱਸ਼ਟ ਸ਼ਬਦਾਂ ਵਿਚ ਉਸ ਗ਼ਲਤੀ ਨਾਲ ਹੋਣ ਵਾਲੀਆਂ ਹਾਨੀਆਂ ਤੋਂ ਜਾਣੂ ਕਰਵਾਓ। ਵਾਰ-ਵਾਰ ਇਹ ਰਾਗ ਨਾ ਅਲਾਪੋ ਕਿ ਉਸ ਨੂੰ ਜ਼ਿੰਦਗੀ ਦੀ ਸਮਝ ਨਹੀਂ ਹੈ ਬਲਕਿ ਉਸ ਨੂੰ ਗ਼ਲਤੀ ਦਾ ਅਹਿਸਾਸ ਕਰਵਾਉਂਦੇ ਹੋਏ ਇਹ ਸਮਝਾਓ ਕਿ ਏਨੀ ਸਮਝਦਾਰ ਹੁੰਦੇ ਹੋਏ ਅਜਿਹੀ ਗ਼ਲਤੀ ਉਸ ਤੋਂ ਕਿਵੇਂ ਹੋ ਗਈ?

ਉਲਝਣਾਂ ਦੂਰ ਕਰਨ ਵਿਚ ਸਹਿਯੋਗ ਦਿਓ : ਜੇ ਉਹ ਕਿਸੇ ਅਜਿਹੀ ਉਲਝਣ ਦਾ ਸ਼ਿਕਾਰ ਹੈ, ਜਿਸ ਦਾ ਹੱਲ ਤੁਹਾਡੇ ਕੋਲ ਹੈ ਤਾਂ ਉਸ ਦੀ ਉਲਝਣ ਨੂੰ ਦੂਰ ਕਰੋ। ਉਸ ਨੂੰ ਏਨੇ ਹਲਕੇ ਅੰਦਾਜ਼ ਨਾਲ ਇਹ ਦੱਸੋ ਕਿ ਉਸ ਨੂੰ ਲੱਗੇ ਹੀ ਨਾ ਕਿ ਉਹ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ। ਸਮੇਂ-ਸਮੇਂ 'ਤੇ ਉਸ ਤੋਂ ਉਸ ਦੀਆਂ ਸਮੱਸਿਆਵਾਂ ਬਾਰੇ ਪੁੱਛਦੇ ਰਹੋ। ਜੇ ਉਸ ਦਾ ਆਪਣੀ ਸਹੇਲੀ ਨਾਲ ਝਗੜਾ ਹੋਇਆ ਹੈ ਤਾਂ ਉਸ ਤੋਂ ਇਸ ਦਾ ਕਾਰਨ ਪੁੱਛੋ। ਜੇ ਦੋਸ਼ ਤੁਹਾਡੀ ਬੇਟੀ ਦਾ ਹੈ ਤਾਂ ਉਸ ਨੂੰ ਸਮਝਾਓ ਕਿ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪਰ ਸਹੇਲੀ ਦੇ ਦੋਸ਼ੀ ਹੋਣ 'ਤੇ ਸਹੇਲੀ ਨੂੰ ਕੁਝ ਬੁਰਾ-ਭਲਾ ਕਹਿਣ ਦੀ ਬਜਾਏ ਬੇਟੀ ਨੂੰ ਕਹੋ ਕਿ ਉਹ ਖੁਦ ਹੀ ਆਪਸੀ ਗੱਲਬਾਤ ਨਾਲ ਗ਼ਲਤ-ਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ।

ਬੇਟੀ ਤੋਂ ਕੋਈ ਗ਼ਲਤੀ ਹੋਣ 'ਤੇ ਉਸ ਨੂੰ ਘਰ ਵਿਚ ਬੈਠ ਕੇ ਹੀ ਸਮਝਾਓ। ਇਹ ਨਹੀਂ ਕਿ ਗੁਆਂਢੀਆਂ ਸਾਹਮਣੇ ਉਸ ਦੀ ਸਾਰੀ ਦਾਸਤਾਨ ਬਿਆਨ ਕਰ ਦਿੱਤੀ ਜਾਵੇ। ਜੇ ਤੁਸੀਂ ਨੌਕਰੀਪੇਸ਼ਾ ਹੋ ਅਤੇ ਬੇਟੀ ਨਾਲ ਘੱਟ ਸਮਾਂ ਬਤੀਤ ਕਰਦੇ ਹੋ ਤਾਂ ਵੀ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੋ ਕਿ ਉਹ ਤੁਹਾਨੂੰ ਮਹੱਤਵ ਦੇਵੇ। ਇਹ ਧਿਆਨ ਰੱਖੋ ਕਿ ਤੁਹਾਡੀ ਗ਼ੈਰ-ਮੌਜੂਦਗੀ ਵਿਚ ਬੇਟੀ ਕਿਸ ਕੋਲ ਜ਼ਿਆਦਾ ਰਹਿੰਦੀ ਹੈ। ਜੇ ਉਹ ਕਿਸੇ ਅਜਿਹੀ ਗੁਆਂਢਣ ਕੋਲ ਜਾਂਦੀ ਹੈ ਜੋ ਖੁਦ ਗ਼ਲਤ ਰਾਹ 'ਤੇ ਪਈ ਹੋਵੇ ਤਾਂ ਬੇਟੀ ਨੂੰ ਰੋਕਣ ਦੀ ਬਜਾਏ ਉਸ ਦੇ ਸਾਹਮਣੇ ਉਸ ਗੁਆਂਢਣ ਦੀ ਅਸਲੀਅਤ ਪ੍ਰਗਟ ਕਰਨ ਦੀ ਕੋਸ਼ਿਸ਼ ਕਰੋ। ਇਸ ਨਾਲ ਬੇਟੀ ਆਪਣੇ-ਆਪ ਸਮਝ ਜਾਵੇਗੀ ਕਿ ਉਸ ਗੁਆਂਢਣ ਦਾ ਸਾਥ ਉਸ ਲਈ ਠੀਕ ਨਹੀਂ ਹੈ। ਜੇ ਤੁਸੀਂ ਉਸ ਨੂੰ ਉਸ ਗੁਆਂਢਣ ਨੂੰ ਮਿਲਣ ਤੋਂ ਮਨ੍ਹਾ ਕਰੋਗੇ ਤਾਂ ਉਹ ਤੁਹਾਡੇ ਨਾਲ ਬਗਾਵਤ ਕਰ ਸਕਦੀ ਹੈ। ਇਸ ਲਈ ਅਜਿਹੇ ਮਾਮਲਿਆਂ ਵਿਚ ਸੂਝ-ਬੂਝ ਦੀ ਲੋੜ ਹੈ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 23.06.2011

ਬੇਟੀ ਨੂੰ ਸਮਝਾਓ ਰਿਸ਼ਤਿਆਂ ਦੀ ਪਾਕੀਜ਼ਗੀ - ਭਾਸ਼ਣਾ ਬਾਂਸਲ ਗੁਪਤਾ

ਪਰਿਵਾਰ ਜਿਸ ਨੂੰ ਸੁਰੱਖਿਆ ਦਾ ਮਜ਼ਬੂਤ ਸਤੰਭ ਮੰਨਿਆ ਜਾਂਦਾ ਹੈ, ਉਸ ਦੀ ਸੁਰੱਖਿਆ 'ਤੇ ਪ੍ਰਸ਼ਨ-ਚਿੰਨ੍ਹ ਨਾ ਲੱਗੇ, ਇਸ ਲਈ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਯਤਨ ਕਰਨੇ ਹੋਣਗੇ। ਸਾਡੇ ਸਮਾਜ ਵਿਚ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਔਰਤਾਂ ਦੇ ਲਈ ਅਜਿਹੀਆਂ ਘਟਨਾਵਾਂ ਉਸ ਸਮੇਂ ਹੋਰ ਵੀ ਦੁਖਦਾਈ ਹੋ ਜਾਂਦੀਆਂ ਹਨ ਜਦੋਂ ਉਨ੍ਹਾਂ ਨੂੰ ਕੁਚਲਣ ਵਾਲੇ ਵੀ ਉਹ ਹੱਥ ਹੋਣ, ਜਿਨ੍ਹਾਂ ਦੇ ਹੱਥਾਂ ਵਿਚ ਬੇਹੱਦ ਸੁਰੱਖਿਅਤ ਮਹਿਸੂਸ ਕਰਦੀ ਹੈ। ਤਾਂ ਫਿਰ ਅਜਿਹੀ ਹਾਲਤ ਵਿਚ ਸੁਰੱਖਿਆ ਲਈ ਕਿਸ ਨੂੰ ਪੁਕਾਰ ਕੀਤੀ ਜਾਵੇ?

ਜ਼ਿੰਮੇਵਾਰੀ ਕਿਸ ਦੀ?

ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ ਅਤੇ ਸਿੱਧੇ ਤੌਰ 'ਤੇ ਪਰਿਵਾਰ ਨਾਲ ਜੁੜਿਆ ਹੋਇਆ ਹੈ ਤਾਂ ਇਸ ਨੂੰ ਰੋਕਣ ਲਈ ਯਤਨਾਂ ਵਿਚ ਪਹਿਲ ਤਾਂ ਪਰਿਵਾਰਕ ਮੈਂਬਰਾਂ ਨੂੰ ਹੀ ਕਰਨੀ ਹੋਵੇਗੀ।

ਪਰ ਅਫਸੋਸ, ਬਹੁਤੇ ਭਾਰਤੀ ਪਰਿਵਾਰਾਂ ਵਿਚ ਇਸ ਗੱਲ ਦਾ ਖਿਆਲ ਨਹੀਂ ਰੱਖਿਆ ਜਾਂਦਾ। ਜਦੋਂ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਤਾਂ ਕੁਝ ਲੋਕ ਇਸ ਨੂੰ ਦਬਾਉਣ ਦਾ ਯਤਨ ਕਰਦੇ ਹਨ ਤਾਂ ਕਿ ਘਰ ਦੀ ਗੱਲ ਘਰ ਤੋਂ ਬਾਹਰ ਨਾ ਜਾਵੇ। ਕੌੜੀ ਜ਼ਰੂਰ ਹੈ ਪਰ ਇਹ ਹੀ ਭਾਰਤੀ ਸਮਾਜ ਦੀ ਸਚਾਈ ਹੈ।

ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਕਿ ਦੂਰ-ਦਰਾਜ ਪਿੰਡਾਂ ਵਿਚ ਰਿਸ਼ਤੇ ਵਿਚ ਚਾਚੇ ਦੀ ਲੜਕੀ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮਹਾਂਨਗਰ ਲਿਆਂਦਾ ਅਤੇ ਫਿਰ ਉਸ ਨੂੰ ਵੇਚ ਦਿੱਤਾ ਜਾਂ ਉਸ ਨਾਲ ਕੁਕਰਮ ਕੀਤਾ। ਇਨ੍ਹਾਂ ਖ਼ਬਰਾਂ ਦੇ ਬਾਵਜੂਦ ਆਪਣਿਆਂ ਤੋਂ ਲੜਕੀ ਦੀ ਸੁਰੱਖਿਆ 'ਤੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ।

• ਲੜਕੀ ਲਈ ਸਭ ਤੋਂ ਚੰਗੀ ਮਾਰਗ-ਦਰਸ਼ਕ ਉਸ ਦੀ ਮਾਂ ਹੁੰਦੀ ਹੈ। ਉਹ ਆਪਣੀ ਬੱਚੀ ਨੂੰ ਦੋਸਤ, ਗਾਈਡ ਸਭ ਕੁਝ ਬਣਾ ਸਕਦੀ ਹੈ। ਆਪਣਿਆਂ ਵੱਲੋਂ ਹੀ ਬੱਚੀ ਦੀ ਇੱਜ਼ਤ ਨਿਲਾਮ ਹੋਣ ਦੀ ਦਰ ਭਾਰਤੀ ਸਮਾਜ ਵਿਚ ਨਾ ਵਧੇ, ਇਸ ਦੇ ਲਈ ਯਤਨ ਘਰ ਤੋਂ ਹੀ ਕਰਨੇ ਹੋਣਗੇ। ਬੱਚੀਆਂ ਨੂੰ ਸਿੱਖਿਆ ਦੇਣ ਦਾ ਕੰਮ ਜਿੰਨਾ ਬਿਹਤਰ ਢੰਗ ਨਾਲ ਮਾਂ ਕਰ ਸਕਦੀ ਹੈ, ਓਨਾ ਹੋਰ ਕੋਈ ਨਹੀਂ।

• ਮਾਂ ਨੂੰ ਚਾਹੀਦਾ ਹੈ ਕਿ ਬੇਟੀ ਨੂੰ ਸਰੀਰਕ ਅੰਗਾਂ ਦੇ ਵਿਕਾਸ ਬਾਰੇ ਦੱਸੇ।

• ਪਿਤਾ, ਭਰਾ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਉਹ ਕਿਸ ਤਰ੍ਹਾਂ ਸਰੀਰਕ ਦੂਰੀ ਬਣਾ ਕੇ ਰੱਖੇ, ਇਸ ਸਬੰਧੀ ਸਿੱਖਿਆ ਉਸ ਨੂੰ ਦੇਵੇ।

• ਉਸ ਨੂੰ ਸਮਝਾਓ ਕਿ ਘਰ ਦੇ ਪੁਰਸ਼ਾਂ ਦੇ ਸਾਹਮਣੇ ਉਹ ਅਜਿਹੀ ਕੋਈ ਗੱਲ ਨਾ ਕਰੇ, ਜੋ ਸਿੱਧੀ ਔਰਤਾਂ ਨਾਲ ਜੁੜੀ ਹੋਵੇ ਜਿਵੇਂ ਮਾਸਕ ਧਰਮ ਜਾਂ ਅੰਦਰੂਨੀ ਕੱਪੜਿਆਂ ਬਾਰੇ।

• ਜੇਕਰ ਬੇਟੀ ਦੇ ਸੁਭਾਅ ਵਿਚ ਖੁੱਲ੍ਹਾਪਣ ਹੋਵੇ ਅਤੇ ਉਹ ਕਾਲਜ ਦੀ ਹਰ ਗੱਲ ਘਰ ਦੇ ਪੁਰਸ਼ਾਂ ਨਾਲ ਸਾਂਝੀ ਕਰਦੀ ਹੈ ਤਾਂ ਪ੍ਰੇਮ ਨਾਲ ਉਸ ਨੂੰ ਦੱਸੋ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਉਹ ਆਪਣੇ ਪਿਤਾ, ਭਰਾ ਜਾਂ ਅੰਕਲ ਨਾਲ ਸ਼ੇਅਰ ਕਰ ਸਕਦੀ ਹੈ ਪਰ ਉਸ ਨੂੰ ਰੋਕੋ ਨਹੀਂ, ਕਿਉਂਕਿ ਇਸ ਨੂੰ ਪਾਬੰਦੀ ਮੰਨ ਲਵੇਗੀ ਅਤੇ ਭਵਿੱਖ ਵਿਚ ਕਦੇ ਵੀ ਤੁਹਾਡੀ ਗੱਲ ਨਹੀਂ ਸੁਣੇਗੀ।

• ਘਰ ਵਿਚ ਜਗ੍ਹਾ ਦੀ ਕਮੀ ਹੋਵੇ ਤਾਂ ਸੌਣ ਦੇ ਪ੍ਰਬੰਧ ਨੂੰ ਸੁਧਾਰੋ। ਬੇਟੀ ਦੇ ਸਾਹਮਣੇ ਪਤੀ-ਪਤਨੀ ਇਕੱਠੇ ਨਾ ਸੌਣ ਅਤੇ ਨਾ ਹੀ ਉਸ ਨੂੰ ਪਿਤਾ ਦੇ ਨਾਲ ਸੌਣ ਦਿਉ।

• ਹਮਉਮਰ ਭਰਾ-ਭੈਣਾਂ ਨੂੰ ਇਕੱਲਾ ਨਾ ਛੱਡੋ, ਟੀ. ਵੀ. ਜਾਂ ਇੰਟਰਨੈੱਟ ਦੇ ਸਾਹਮਣੇ ਤਾਂ ਬਿਲਕੁਲ ਹੀ ਨਹੀਂ। ਉਨ੍ਹਾਂ 'ਤੇ ਸਦਾ ਨਜ਼ਰ ਰੱਖੋ ਪਰ ਧਿਆਨ ਰੱਖੋ ਕਿ ਬੇਟੀ ਨੂੰ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸ ਦੀ ਜਸੂਸੀ ਕਰ ਰਹੇ ਹੋ।

• ਤੁਹਾਡੇ ਪਤੀ ਸ਼ਰਾਬ ਜਾਂ ਹੋਰ ਕਿਸੇ ਪ੍ਰਕਾਰ ਦੇ ਨਸ਼ੇ ਦੇ ਆਦੀ ਹਨ ਤਾਂ ਬੇਟੀ ਨੂੰ ਉਨ੍ਹਾਂ ਦੇ ਕੋਲ ਕਦੇ ਵੀ ਇਕੱਲਾ ਨਾ ਰਹਿਣ ਦਿਓ, ਚਾਹੇ ਦਿਨ ਹੋਵੇ ਜਾਂ ਰਾਤ।

• ਤੁਹਾਨੂੰ ਬੇਟੀ ਦੇ ਪ੍ਰਤੀ ਕਿਸੇ ਸਬੰਧੀ ਦੀਆਂ ਨਜ਼ਰਾਂ ਸਹੀ ਨਾ ਲੱਗਣ ਤਾਂ ਉਸ ਤੋਂ ਬੇਟੀ ਨੂੰ ਦੂਰ ਰੱਖੋ।

• ਬੇਟੀ ਨੂੰ ਪੁਰਸ਼ਾਂ ਦੇ ਖਿਲਾਫ ਭੜਕਾਉਣਾ ਨਹੀਂ ਚਾਹੀਦਾ, ਸਗੋਂ ਆਤਮ-ਸੁਰੱਖਿਆ ਦੀ ਸਿੱਖਿਆ ਹੀ ਦੇਣੀ ਚਾਹੀਦੀ ਹੈ। ਕਿਤੇ ਇਹ ਨਾ ਹੋਵੇ ਕਿ ਉਸ ਨੂੰ ਮੇਲ-ਫੋਬੀਆ ਹੀ ਹੋ ਜਾਵੇ ਅਤੇ ਭਵਿੱਖ ਵਿਚ ਉਹ ਕਿਸੇ ਵੀ ਪੁਰਸ਼ ਦੇ ਨਾਲ ਰਿਸ਼ਤਾ ਵੀ ਨਾ ਬਣਾ ਸਕੇ।

• ਉਸ ਨੂੰ ਸਵੈ-ਬਚਾਓ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 30.04.2009

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms