Sunday, September 25, 2011

੧) ਜਵਾਨ ਬੇਟੀ ਦੀਆਂ ਸਮੱਸਿਆਵਾਂ ਤੋਂ ਬੇਖ਼ਬਰ ਨਾ ਰਹੋ ੨) ਬੇਟੀ ਦੀ ਨੇੜਤਾ ਲਈ ਉਸ ਦੇ ਰੰਗ ਵਿਚ ਰੰਗ ਜਾਵੋ

ਜਵਾਨ ਬੇਟੀ ਦੀਆਂ ਸਮੱਸਿਆਵਾਂ ਤੋਂ ਬੇਖ਼ਬਰ ਨਾ ਰਹੋ - ਸੰਜੀਵ ਕੁਮਾਰ ਕਸ਼ਅਪ


ਬਚਪਨ ਦੀ ਦਹਿਲੀਜ਼ ਪਾਰ ਕਰਕੇ ਜਦੋਂ ਕੋਈ ਲੜਕੀ ਜਵਾਨੀ ਵਿਚ ਪੈਰ ਧਰਦੀ ਹੈ ਤਾਂ ਉਸ ਵਿਚ ਕੁਦਰਤੀ ਤੌਰ 'ਤੇ ਸਰੀਰਕ ਅਤੇ ਮਾਨਸਿਕ ਬਦਲਾਅ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਉਹ ਹੋਰ ਵੱਡੀ ਹੁੰਦੀ ਹੈ ਤਾਂ ਉਸ ਦੇ ਦਿਲੋ-ਦਿਮਾਗ 'ਤੇ ਹੋਰਨਾਂ ਪ੍ਰਤੀ ਇਕ ਸੁਭਾਵਿਕ ਖਿੱਚ ਪੈਦਾ ਹੋਣ ਲਗਦੀ ਹੈ, ਜਿਸ ਨੂੰ ਉਹ ਪਿਆਰ ਸਮਝਣ ਦੀ ਭੁੱਲ ਕਰ ਬਹਿੰਦੀ ਹੈ ਅਤੇ ਕਈ ਵਾਰ ਉਸ ਨੂੰ ਆਪਣੀ ਭੁੱਲ ਦਾ ਪਛਤਾਵਾ ਵੀ ਹੁੰਦਾ ਹੈ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਲੜਕੀਆਂ ਨੂੰ ਇਸ ਉਮਰੇ ਸਾਂਭਣ ਦੀ ਜ਼ਿੰਮੇਵਾਰੀ ਉਨ੍ਹਾਂ ਦੀਆਂ ਮਾਵਾਂ ਦੀ ਹੁੰਦੀ ਹੈ। ਇਕ ਸਮਝਦਾਰ ਮਾਂ ਨੂੰ ਚਾਹੀਦਾ ਹੈ ਕਿ ਉਹ ਬੇਟੀ ਦਾ ਉਚਿਤ ਮਾਰਗ-ਦਰਸ਼ਨ ਕਰੇ ਅਤੇ ਉਸ ਨੂੰ ਸਹੀ-ਗ਼ਲਤ ਦਾ ਫਰਕ ਸਮਝਾਵੇ ਤਾਂ ਕਿ ਜਵਾਨ ਬੇਟੀ ਰਾਹ ਤੋਂ ਭਟਕਣ ਦੀ ਥਾਂ ਆਪਣਾ ਧਿਆਨ ਪੜ੍ਹਾਈ-ਲਿਖਾਈ ਅਤੇ ਕੈਰੀਅਰ ਬਣਾਉਣ ਵੱਲ ਰੱਖੇ।

ਜਵਾਨ ਲੜਕੀਆਂ ਨੂੰ ਏਨੀ ਆਜ਼ਾਦੀ ਨਾ ਦਿੱਤੀ ਜਾਵੇ ਕਿ ਉਹ ਕਹਿਣਾ ਹੀ ਨਾ ਮੰਨਣ। ਕਈ ਵਾਰ ਜ਼ਿਆਦਾ ਦਿੱਤੀ ਆਜ਼ਾਦੀ ਦੇ ਨਤੀਜੇ ਘਾਤਕ ਹੋ ਸਕਦੇ ਹਨ ਜਾਂ ਉਹ ਖੁਦ ਵੀ ਬਹਿਕ ਸਕਦੀ ਹੈ। ਆਪਣੀ ਬੇਟੀ ਦੀ ਕਿਸੇ ਲੜਕੇ ਨਾਲ ਦੋਸਤੀ ਨੂੰ ਗੰਭੀਰਤਾ ਨਾਲ ਲਵੋ। ਕਿਤੇ ਅਜਿਹਾ ਨਾ ਹੋਵੇ ਕਿ ਉਨ੍ਹਾਂ ਦੋਵਾਂ ਦੀ ਦੋਸਤੀ ਕਿਸੇ ਰਿਸ਼ਤੇ ਵਿਚ ਬਦਲ ਜਾਵੇ। ਇਸ ਉਮਰ ਵਿਚ ਲੜਕੀਆਂ ਭਾਵਨਾਵਾਂ 'ਚ ਵਗਦੀ ਨਦੀ ਵਾਂਗ ਵਹਿ ਜਾਂਦੀਆਂ ਹਨ। ਉਨ੍ਹਾਂ ਨੂੰ ਪ੍ਰੇਮ-ਪਿਆਰ ਦਾ ਅਸਲ ਅਰਥ ਪਤਾ ਨਹੀਂ ਹੁੰਦਾ ਅਤੇ ਉਹ ਆਸਾਨੀ ਨਾਲ ਚੱਕਰ 'ਚ ਆ ਸਕਦੀਆਂ ਹਨ। ਜੇਕਰ ਇਸ ਉਮਰੇ ਲੜਕੀਆਂ ਆਪਣੇ ਜਮਾਤੀਆਂ ਨਾਲ ਕਿਸੇ ਟੂਰ 'ਤੇ ਜਾਣਾ ਚਾਹੁੰਦੀਆਂ ਹਨ ਤਾਂ ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਕੋਈ ਅਧਿਆਪਕ ਜਾਂ ਅਧਿਆਪਕਾ ਜਾ ਰਹੇ ਹਨ ਜਾਂ ਨਹੀਂ। ਜੇਕਰ ਕੋਈ ਅਧਿਆਪਕ ਨਾਲ ਨਾ ਹੋਵੇ ਤਾਂ ਆਪਣੀ ਬੇਟੀ ਨੂੰ ਟੂਰ 'ਤੇ ਨਾ ਭੇਜਣ 'ਚ ਹੀ ਭਲਾ ਹੈ। ਆਪਣੇ ਘਰ ਦੇ ਆਲੇ-ਦੁਆਲੇ ਗਲੀ-ਮੁਹੱਲੇ ਦਾ ਮਾਹੌਲ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਧਰ-ਉਧਰ ਜਾਣ ਦੀ ਖੁੱਲ੍ਹ ਦਿਉ।

ਬੇਟੀ ਨੂੰ ਦਬਾ ਕੇ ਜਾਂ ਡਰਾ ਕੇ ਘਰ ਵਿਚ ਬਿਠਾਉਣ ਵਿਚ ਕੋਈ ਸਮਝਦਾਰੀ ਨਹੀਂ ਹੋਵੇਗੀ ਪਰ ਹਰ ਚੀਜ਼ ਦੀ ਬਹੁਤਾਤ ਮਾੜੀ ਹੁੰਦੀ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੇਟੀ ਨੂੰ ਹਰ ਗੱਲ ਦਾ ਘਾਟਾ-ਵਾਧਾ ਸਮਝਾ ਦੇਣ। ਉਨ੍ਹਾਂ ਨੂੰ ਸਰੀਰਕ ਸਬੰਧਾਂ ਬਾਰੇ ਉਚਿਤ ਢੰਗ ਨਾਲ ਸਮਝਾਉਣ ਤਾਂ ਕਿ ਕੋਈ ਉਨ੍ਹਾਂ ਦੀ ਨਾਸਮਝੀ ਦਾ ਨਾਜਾਇਜ਼ ਫਾਇਦਾ ਨਾ ਲੈ ਸਕੇ।

ਇਸ ਉਮਰ ਦੀਆਂ ਲੜਕੀਆਂ ਨੂੰ ਕੋਈ ਵੀ ਗੱਲ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਕੇ ਬੜੇ ਧੀਰਜ ਅਤੇ ਪਿਆਰ ਨਾਲ ਕਹੋ। ਉਨ੍ਹਾਂ ਨੂੰ ਮਾਰਨਾ-ਕੁੱਟਣਾ ਠੀਕ ਨਹੀਂ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਜ਼ਿੱਦੀ ਹੋ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਮਾਂ-ਬੇਟੀ ਵਿਚ ਦੋਸਤਾਨਾ ਰਿਸ਼ਤਾ ਕਾਇਮ ਹੋਵੇ ਤਾਂ ਕਿ ਬੇਟੀ ਖੁੱਲ੍ਹੇ ਮਨ ਨਾਲ ਕਿਸੇ ਵੀ ਵਿਸ਼ੇ 'ਤੇ ਚਰਚਾ ਕਰ ਸਕੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 09.04.2009



ਬੇਟੀ ਦੀ ਨੇੜਤਾ ਲਈ ਉਸ ਦੇ ਰੰਗ ਵਿਚ ਰੰਗ ਜਾਵੋ - ਭਾਸ਼ਣਾ ਬਾਂਸਲ

ਅਜਿਹੀਆਂ ਕਈ ਬੇਟੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਬੇਹੱਦ ਚਾਹੁੰਦੀਆਂ ਹਨ ਪਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦੀਆਂ। ਨਤੀਜਾ ਉਹੀ ਹੁੰਦਾ ਹੈ, ਜਾਂ ਤਾਂ ਬੇਟੀ ਦੇ ਕਦਮ ਹਨੇਰ ਭਰੇ ਰਾਹਾਂ ਵੱਲ ਭਟਕ ਜਾਂਦੇ ਹਨ ਜਾਂ ਫਿਰ ਉਸ ਨੂੰ 'ਮਾਂ' ਸ਼ਬਦ ਤੋਂ ਈਰਖਾ ਹੋਣ ਲਗਦੀ ਹੈ।

ਸ਼ਾਸਕ ਨਹੀਂ, ਸਹੇਲੀ ਬਣੋ : ਜੇ ਬੇਟੀ ਵਿਚ ਕੁਝ ਅਜਿਹੀਆਂ ਕਮੀਆਂ ਹਨ, ਜਿਨ੍ਹਾਂ ਨਾਲ ਉਸ ਦਾ ਭਵਿੱਖ ਦੁਖਦਾਈ ਹੋ ਸਕਦਾ ਹੈ ਤਾਂ ਹਰ ਸਮੇਂ ਉਸ ਦੀਆਂ ਉਨ੍ਹਾਂ ਕਮੀਆਂ ਲਈ ਉਸ ਨੂੰ ਝਿੜਕਣ ਦੀ ਬਜਾਏ ਪਿਆਰ ਨਾਲ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਪਲ-ਪਲ ਦਾ ਵਿਵਹਾਰ ਅਜਿਹਾ ਹੋਣਾ ਚਾਹੀਦਾ ਹੈ ਕਿ ਬੇਟੀ ਨੂੰ ਲੱਗੇ ਕਿ ਤੁਸੀਂ ਸੱਚਮੁੱਚ ਉਸ ਦੀ ਦੋਸਤ ਹੋ ਅਤੇ ਉਹ ਆਪਣੀ ਹਰ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਦੀ ਹੈ।

ਜੇ ਬੇਟੀ ਕੋਈ ਗ਼ਲਤੀ ਕਰਨ ਤੋਂ ਬਾਅਦ ਤੁਹਾਨੂੰ ਦੱਸ ਦੇਵੇ ਤਾਂ ਉਸ ਨਾਲ ਨਾਰਾਜ਼ ਹੋਣ ਦੀ ਬਜਾਏ ਉਸ ਨੂੰ ਸਪੱਸ਼ਟ ਸ਼ਬਦਾਂ ਵਿਚ ਉਸ ਗ਼ਲਤੀ ਨਾਲ ਹੋਣ ਵਾਲੀਆਂ ਹਾਨੀਆਂ ਤੋਂ ਜਾਣੂ ਕਰਵਾਓ। ਵਾਰ-ਵਾਰ ਇਹ ਰਾਗ ਨਾ ਅਲਾਪੋ ਕਿ ਉਸ ਨੂੰ ਜ਼ਿੰਦਗੀ ਦੀ ਸਮਝ ਨਹੀਂ ਹੈ ਬਲਕਿ ਉਸ ਨੂੰ ਗ਼ਲਤੀ ਦਾ ਅਹਿਸਾਸ ਕਰਵਾਉਂਦੇ ਹੋਏ ਇਹ ਸਮਝਾਓ ਕਿ ਏਨੀ ਸਮਝਦਾਰ ਹੁੰਦੇ ਹੋਏ ਅਜਿਹੀ ਗ਼ਲਤੀ ਉਸ ਤੋਂ ਕਿਵੇਂ ਹੋ ਗਈ?

ਉਲਝਣਾਂ ਦੂਰ ਕਰਨ ਵਿਚ ਸਹਿਯੋਗ ਦਿਓ : ਜੇ ਉਹ ਕਿਸੇ ਅਜਿਹੀ ਉਲਝਣ ਦਾ ਸ਼ਿਕਾਰ ਹੈ, ਜਿਸ ਦਾ ਹੱਲ ਤੁਹਾਡੇ ਕੋਲ ਹੈ ਤਾਂ ਉਸ ਦੀ ਉਲਝਣ ਨੂੰ ਦੂਰ ਕਰੋ। ਉਸ ਨੂੰ ਏਨੇ ਹਲਕੇ ਅੰਦਾਜ਼ ਨਾਲ ਇਹ ਦੱਸੋ ਕਿ ਉਸ ਨੂੰ ਲੱਗੇ ਹੀ ਨਾ ਕਿ ਉਹ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ। ਸਮੇਂ-ਸਮੇਂ 'ਤੇ ਉਸ ਤੋਂ ਉਸ ਦੀਆਂ ਸਮੱਸਿਆਵਾਂ ਬਾਰੇ ਪੁੱਛਦੇ ਰਹੋ। ਜੇ ਉਸ ਦਾ ਆਪਣੀ ਸਹੇਲੀ ਨਾਲ ਝਗੜਾ ਹੋਇਆ ਹੈ ਤਾਂ ਉਸ ਤੋਂ ਇਸ ਦਾ ਕਾਰਨ ਪੁੱਛੋ। ਜੇ ਦੋਸ਼ ਤੁਹਾਡੀ ਬੇਟੀ ਦਾ ਹੈ ਤਾਂ ਉਸ ਨੂੰ ਸਮਝਾਓ ਕਿ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪਰ ਸਹੇਲੀ ਦੇ ਦੋਸ਼ੀ ਹੋਣ 'ਤੇ ਸਹੇਲੀ ਨੂੰ ਕੁਝ ਬੁਰਾ-ਭਲਾ ਕਹਿਣ ਦੀ ਬਜਾਏ ਬੇਟੀ ਨੂੰ ਕਹੋ ਕਿ ਉਹ ਖੁਦ ਹੀ ਆਪਸੀ ਗੱਲਬਾਤ ਨਾਲ ਗ਼ਲਤ-ਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ।

ਬੇਟੀ ਤੋਂ ਕੋਈ ਗ਼ਲਤੀ ਹੋਣ 'ਤੇ ਉਸ ਨੂੰ ਘਰ ਵਿਚ ਬੈਠ ਕੇ ਹੀ ਸਮਝਾਓ। ਇਹ ਨਹੀਂ ਕਿ ਗੁਆਂਢੀਆਂ ਸਾਹਮਣੇ ਉਸ ਦੀ ਸਾਰੀ ਦਾਸਤਾਨ ਬਿਆਨ ਕਰ ਦਿੱਤੀ ਜਾਵੇ। ਜੇ ਤੁਸੀਂ ਨੌਕਰੀਪੇਸ਼ਾ ਹੋ ਅਤੇ ਬੇਟੀ ਨਾਲ ਘੱਟ ਸਮਾਂ ਬਤੀਤ ਕਰਦੇ ਹੋ ਤਾਂ ਵੀ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੋ ਕਿ ਉਹ ਤੁਹਾਨੂੰ ਮਹੱਤਵ ਦੇਵੇ। ਇਹ ਧਿਆਨ ਰੱਖੋ ਕਿ ਤੁਹਾਡੀ ਗ਼ੈਰ-ਮੌਜੂਦਗੀ ਵਿਚ ਬੇਟੀ ਕਿਸ ਕੋਲ ਜ਼ਿਆਦਾ ਰਹਿੰਦੀ ਹੈ। ਜੇ ਉਹ ਕਿਸੇ ਅਜਿਹੀ ਗੁਆਂਢਣ ਕੋਲ ਜਾਂਦੀ ਹੈ ਜੋ ਖੁਦ ਗ਼ਲਤ ਰਾਹ 'ਤੇ ਪਈ ਹੋਵੇ ਤਾਂ ਬੇਟੀ ਨੂੰ ਰੋਕਣ ਦੀ ਬਜਾਏ ਉਸ ਦੇ ਸਾਹਮਣੇ ਉਸ ਗੁਆਂਢਣ ਦੀ ਅਸਲੀਅਤ ਪ੍ਰਗਟ ਕਰਨ ਦੀ ਕੋਸ਼ਿਸ਼ ਕਰੋ। ਇਸ ਨਾਲ ਬੇਟੀ ਆਪਣੇ-ਆਪ ਸਮਝ ਜਾਵੇਗੀ ਕਿ ਉਸ ਗੁਆਂਢਣ ਦਾ ਸਾਥ ਉਸ ਲਈ ਠੀਕ ਨਹੀਂ ਹੈ। ਜੇ ਤੁਸੀਂ ਉਸ ਨੂੰ ਉਸ ਗੁਆਂਢਣ ਨੂੰ ਮਿਲਣ ਤੋਂ ਮਨ੍ਹਾ ਕਰੋਗੇ ਤਾਂ ਉਹ ਤੁਹਾਡੇ ਨਾਲ ਬਗਾਵਤ ਕਰ ਸਕਦੀ ਹੈ। ਇਸ ਲਈ ਅਜਿਹੇ ਮਾਮਲਿਆਂ ਵਿਚ ਸੂਝ-ਬੂਝ ਦੀ ਲੋੜ ਹੈ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 23.06.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms