Monday, April 9, 2012

ਕਿਤੇ ਤੁਹਾਡੀ ਬੇਟੀ ਨਾਲ ਯੋਨ ਹਿੰਸਾ ਤਾਂ ਨਹੀਂ ਹੋ ਰਹੀ? - ਨੀਲਮ ਅਰੋੜਾ

ਤੁਹਾਡੀ 12 ਸਾਲ ਦੀ ਬੇਟੀ ਜੇਕਰ ਤੁਹਾਨੂੰ ਘਰ ਆ ਕੇ ਦੱਸਦੀ ਹੈ ਕਿ ਜਮਾਤ ਵਿਚ ਸਾਰੇ ਬੱਚੇ ਜਾ ਚੁੱਕੇ ਸਨ ਅਤੇ ਉਹ ਇਕੱਲੀ ਬੈਠੀ ਸੀ। ਇਸ ਦੌਰਾਨ ਗਣਿਤ ਪੜ੍ਹਾਉਣ ਵਾਲਾ ਅਧਿਆਪਕ ਇਕਦਮ ਆਪਣੀ ਸੀਟ ਤੋਂ ਉੱਠ ਕੇ ਉਸ ਕੋਲ ਆ ਜਾਂਦਾ ਹੈ ਅਤੇ ਉਸ ਦੀ ਕਿਤਾਬ ਦੇਖਣ ਬਹਾਨੇ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੀ ਤੁਸੀਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋ ਜਾਂ ਉਸ ਦੀ ਗੱਲ ਅਣਸੁਣੀ ਕਰ ਦਿੰਦੇ ਹੋ? ਕਿਸੇ ਵੀ ਮਾਂ ਨਾਲ ਦੋਵੇਂ ਸਥਿਤੀਆਂ ਹੋ ਸਕਦੀਆਂ ਹਨ। ਉਹ ਸਥਿਤੀ ਨੂੰ ਜ਼ਿਆਦਾ ਗੰਭੀਰ ਨਾ ਸਮਝਦੇ ਹੋਏ, ਬੇਟੀ ਨੂੰ ਇਹ ਗੱਲ ਭੁੱਲਣ ਲਈ ਵੀ ਕਹਿ ਸਕਦੀ ਹੈ ਜਾਂ ਇਸ ਗੱਲ ਲਈ ਉਹ ਪ੍ਰਿੰਸੀਪਲ ਕੋਲ ਸ਼ਿਕਾਇਤ ਵੀ ਕਰ ਸਕਦੀ ਹੈ।

ਆਮ ਤੌਰ 'ਤੇ ਇਹ ਹੁੰਦਾ ਹੈ ਕਿ ਜ਼ਿਆਦਾ ਮਾਪੇ ਇਸ ਪ੍ਰਕਾਰ ਦੀਆਂ ਗੱਲਾਂ ਨੂੰ ਉਜਾਗਰ ਕਰਨ ਵਿਚ ਆਪਣੀ ਤੇ ਆਪਣੀ ਬੇਟੀ ਦੀ ਬੇਇੱਜ਼ਤੀ ਸਮਝਦੇ ਹਨ, ਜਿਸ ਕਾਰਨ ਭਾਰਤ ਵਰਗੇ ਦੇਸ਼ ਵਿਚ ਛੋਟੀਆਂ ਬੱਚੀਆਂ ਅਤੇ ਔਰਤਾਂ ਨਾਲ ਹੋਣ ਵਾਲੀ ਛੇੜਖਾਨੀ ਨੂੰ ਚੁੱਪਚਾਪ ਸਹਿਣ ਦੀ ਨਸੀਹਤ ਜ਼ਿਆਦਾਤਰ ਮਾਵਾਂ ਆਪਣੀਆਂ ਬੇਟੀਆਂ ਨੂੰ ਦਿੰਦੀਆਂ ਹਨ। ਸਕੂਲ ਵਿਚ ਜਾਂ ਆਪਣੇ ਇਰਦ-ਗਿਰਦ ਦੇ ਲੋਕਾਂ ਨਾਲ ਇਸ ਤਰ੍ਹਾਂ ਦੀ ਕੀਤੀ ਜਾਣ ਵਾਲੀ ਛੇੜਖਾਨੀ ਅਤੇ ਯੋਨ ਸ਼ੋਸ਼ਣ ਦੀ ਆਮ ਤੌਰ 'ਤੇ ਅਣਦੇਖੀ ਕੀਤੀ ਜਾਂਦੀ ਹੈ।

ਜੇਕਰ ਤੁਹਾਡਾ ਬੱਚਾ ਆਪਣੇ ਨਾਲ ਹੋਈ ਕਿਸੇ ਜ਼ਿਆਦਤੀ ਬਾਰੇ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ ਤਾਂ ਉਸ ਨੂੰ ਪੂਰੇ ਵਿਸ਼ਵਾਸ ਵਿਚ ਲੈ ਕੇ ਖੁੱਲ੍ਹ ਕੇ ਦੱਸਣ ਲਈ ਪ੍ਰੇਰਿਤ ਕਰੋ ਅਤੇ ਉਸ 'ਤੇ ਪੂਰਾ ਵਿਸ਼ਵਾਸ ਕਰੋ। ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਇਸ ਲਈ ਆਪਣੀ ਬੇਟੀ ਨੂੰ ਦੋਸ਼ ਨਾ ਦੇਣ ਅਤੇ ਉਸ ਨੂੰ ਪੂਰੀ ਸੁਰੱਖਿਆ ਦੇਣ। ਆਪਣੇ ਬੱਚਿਆਂ 'ਤੇ ਪੂਰਾ ਵਿਸ਼ਵਾਸ ਜਤਾਓ। ਤੁਹਾਡੀ ਬੱਚੀ ਜੇਕਰ ਤੁਹਾਨੂੰ ਦੱਸਦੀ ਹੈ ਕਿ ਉਸ ਨਾਲ ਕਿਸੇ ਨੇ ਮਹੀਨਿਆਂ ਤੱਕ ਅਜਿਹਾ ਵਿਵਹਾਰ ਕੀਤਾ ਜਾਂ ਉਹ ਕਿਸੇ ਦੀ ਬਲੈਕਮੇਲਿੰਗ ਕਾਰਨ ਸਾਲਾਂ ਤੱਕ ਕਿਸੇ ਯੋਨ ਹਿੰਸਾ ਦਾ ਸ਼ਿਕਾਰ ਰਹੀ ਹੈ ਤਾਂ ਇਸ ਦਾ ਮਤਲਬ ਇਹ ਨਾ ਸਮਝੋ ਕਿ ਉਹ ਕੋਈ ਕਹਾਣੀ ਬਣਾ ਕੇ ਤੁਹਾਨੂੰ ਦੱਸ ਰਹੀ ਹੈ। ਇਹ ਇਕ ਸਚਾਈ ਹੈ ਕਿ ਬੱਚੇ ਕਈ ਵਾਰ ਕਈ ਦਿਨਾਂ, ਮਹੀਨਿਆਂ, ਸਾਲਾਂ ਤੱਕ ਯੋਨ ਹਿੰਸਾ ਖਿਲਾਫ਼ ਆਪਣੇ ਮਾਤਾ-ਪਿਤਾ ਨੂੰ ਕੁਝ ਵੀ ਨਹੀਂ ਕਹਿ ਪਾਉਂਦੇ। ਇਸ ਲਈ ਬੱਚਿਆਂ ਨੂੰ ਕਹੋ ਕਿ ਉਹ ਆਪਣੇ ਨਾਲ ਹੋਈ ਕਿਸੇ ਵੀ ਜ਼ਿਆਦਤੀ ਬਾਰੇ ਤੁਹਾਨੂੰ ਤੁਰੰਤ ਦੱਸਣ।

ਯੋਨ ਹਿੰਸਾ ਨਾਲ ਸ਼ਿਕਾਰ ਬੱਚਿਆਂ ਵਿਚ ਕਈ ਤਰ੍ਹਾਂ ਦੀਆਂ ਭਾਵਨਾਤਮਿਕ ਤੇ ਵਿਵਹਾਰ ਨਾਲ ਸੰਬੰਧਿਤ ਸਮੱਸਿਆਵਾਂ ਦੇਖਣ ਵਿਚ ਆਉਂਦੀਆਂ ਹਨ। ਮਾਤਾ-ਪਿਤਾ ਨੂੰ ਬੱਚੇ ਦੇ ਵਿਵਹਾਰ ਵਿਚ ਆਏ ਬਦਲਾਅ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਭੁੱਖ ਘੱਟ ਲੱਗਣਾ, ਭੋਜਨ ਨਾ ਖਾਣਾ, ਨੀਂਦ ਨਾ ਆਉਣਾ, ਹਰ ਸਮੇਂ ਡਰੇ ਰਹਿਣਾ, ਸਕੂਲ ਜਾਣ ਤੋਂ ਮਨ੍ਹਾ ਕਰਨਾ, ਇਹ ਸਾਰੀਆਂ ਗੱਲਾਂ ਅਜਿਹੀਆਂ ਹਨ ਜੋ ਕੁੜੀਆਂ ਨਾਲ ਹੋਣ ਵਾਲੀ ਯੋਨ ਹਿੰਸਾ ਦਾ ਸੰਕੇਤ ਦਿੰਦੀਆਂ ਹਨ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੇ ਵਿਵਹਾਰ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਰੱਖਣ। ਉਹ ਬੱਚਿਆਂ ਨੂੰ ਗੁਪਤ ਅੰਗਾਂ 'ਤੇ ਉਨ੍ਹਾਂ ਨਾਲ ਹੋਣ ਵਾਲੀ ਛੇੜਛਾੜ ਬਾਰੇ ਜਾਗਰੂਕ ਬਣਾਉਣ। ਹਰ ਸਕੂਲ ਜਾਣ ਵਾਲੀ ਲੜਕੀ ਨੂੰ ਆਪਣੇ ਸਰੀਰਕ ਅੰਗਾਂ ਬਾਰੇ ਦੱਸੋ ਕਿ ਜੇਕਰ ਕੋਈ ਉਸ ਨੂੰ ਬੇਲੋੜਾ ਛੂਹਣ ਦੀ ਕੋਸ਼ਿਸ਼ ਕਰੇ ਤਾਂ ਉਹ ਇਸ ਦੀ ਸੂਚਨਾ ਆਪਣੇ ਮਾਤਾ-ਪਿਤਾ ਨੂੰ ਦੇਵੇ। ਇਸ ਤੋਂ ਇਲਾਵਾ ਛੋਟੀਆਂ ਬੱਚੀਆਂ ਨੂੰ ਸਪਰਸ਼ ਦਾ ਗਿਆਨ ਕਰਵਾਉ ਅਤੇ ਉਨ੍ਹਾਂ ਨੂੰ ਦੱਸੋ ਕਿ ਜੇਕਰ ਕੋਈ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਛੂਹਣ ਦੀ ਕੋਸ਼ਿਸ਼ ਕਰੇ ਤਾਂ ਉਹ ਇਸ ਦਾ ਵਿਰੋਧ ਕਰਨ।

ਜੇਕਰ ਬੱਚੇ ਦੇ ਵਿਵਹਾਰ ਵਿਚ ਮਾਤਾ-ਪਿਤਾ ਨੂੰ ਅਚਾਨਕ ਕੋਈ ਪਰਿਵਰਤਨ ਨਜ਼ਰ ਆਉਣ ਲੱਗਦਾ ਹੈ ਤਾਂ ਉਹ ਇਸ ਵੱਲ ਪੂਰਾ ਧਿਆਨ ਦੇਣ। ਲੜਕੀ ਦੇ ਪੇਟ ਵਿਚ ਦਰਦ, ਭੁੱਖ ਨਾ ਲੱਗਣਾ, ਸਕੂਲ ਜਾਣ ਤੋਂ ਮਨ੍ਹਾ ਕਰਨਾ, ਗੁੱਸੇ ਹੋਣਾ, ਚਿੜਚਿੜਾਪਣ, ਬਿਸਤਰ ਗਿੱਲਾ ਕਰਨਾ, ਰਾਤ ਵਿਚ ਬੁਰਾ ਸੁਪਨਾ ਦੇਖ ਕੇ ਉੱਠ ਕੇ ਬੈਠ ਜਾਣਾ ਇਹ ਸਾਰੇ ਅਜਿਹੇ ਲੱਛਣ ਹਨ ਜੋ ਕਿਸੇ ਬੱਚੇ ਦੇ ਯੋਨ ਸੋਸ਼ਿਤ ਹੋਣ ਦੇ ਸੂਚਕ ਹੋ ਸਕਦੇ ਹਨ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.04.2011









Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms