Sunday, September 25, 2011

ਬੇਟੀ ਨੂੰ ਸਮਝਾਓ ਰਿਸ਼ਤਿਆਂ ਦੀ ਪਾਕੀਜ਼ਗੀ - ਭਾਸ਼ਣਾ ਬਾਂਸਲ ਗੁਪਤਾ

ਪਰਿਵਾਰ ਜਿਸ ਨੂੰ ਸੁਰੱਖਿਆ ਦਾ ਮਜ਼ਬੂਤ ਸਤੰਭ ਮੰਨਿਆ ਜਾਂਦਾ ਹੈ, ਉਸ ਦੀ ਸੁਰੱਖਿਆ 'ਤੇ ਪ੍ਰਸ਼ਨ-ਚਿੰਨ੍ਹ ਨਾ ਲੱਗੇ, ਇਸ ਲਈ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਯਤਨ ਕਰਨੇ ਹੋਣਗੇ। ਸਾਡੇ ਸਮਾਜ ਵਿਚ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਔਰਤਾਂ ਦੇ ਲਈ ਅਜਿਹੀਆਂ ਘਟਨਾਵਾਂ ਉਸ ਸਮੇਂ ਹੋਰ ਵੀ ਦੁਖਦਾਈ ਹੋ ਜਾਂਦੀਆਂ ਹਨ ਜਦੋਂ ਉਨ੍ਹਾਂ ਨੂੰ ਕੁਚਲਣ ਵਾਲੇ ਵੀ ਉਹ ਹੱਥ ਹੋਣ, ਜਿਨ੍ਹਾਂ ਦੇ ਹੱਥਾਂ ਵਿਚ ਬੇਹੱਦ ਸੁਰੱਖਿਅਤ ਮਹਿਸੂਸ ਕਰਦੀ ਹੈ। ਤਾਂ ਫਿਰ ਅਜਿਹੀ ਹਾਲਤ ਵਿਚ ਸੁਰੱਖਿਆ ਲਈ ਕਿਸ ਨੂੰ ਪੁਕਾਰ ਕੀਤੀ ਜਾਵੇ?

ਜ਼ਿੰਮੇਵਾਰੀ ਕਿਸ ਦੀ?

ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ ਅਤੇ ਸਿੱਧੇ ਤੌਰ 'ਤੇ ਪਰਿਵਾਰ ਨਾਲ ਜੁੜਿਆ ਹੋਇਆ ਹੈ ਤਾਂ ਇਸ ਨੂੰ ਰੋਕਣ ਲਈ ਯਤਨਾਂ ਵਿਚ ਪਹਿਲ ਤਾਂ ਪਰਿਵਾਰਕ ਮੈਂਬਰਾਂ ਨੂੰ ਹੀ ਕਰਨੀ ਹੋਵੇਗੀ।

ਪਰ ਅਫਸੋਸ, ਬਹੁਤੇ ਭਾਰਤੀ ਪਰਿਵਾਰਾਂ ਵਿਚ ਇਸ ਗੱਲ ਦਾ ਖਿਆਲ ਨਹੀਂ ਰੱਖਿਆ ਜਾਂਦਾ। ਜਦੋਂ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਤਾਂ ਕੁਝ ਲੋਕ ਇਸ ਨੂੰ ਦਬਾਉਣ ਦਾ ਯਤਨ ਕਰਦੇ ਹਨ ਤਾਂ ਕਿ ਘਰ ਦੀ ਗੱਲ ਘਰ ਤੋਂ ਬਾਹਰ ਨਾ ਜਾਵੇ। ਕੌੜੀ ਜ਼ਰੂਰ ਹੈ ਪਰ ਇਹ ਹੀ ਭਾਰਤੀ ਸਮਾਜ ਦੀ ਸਚਾਈ ਹੈ।

ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਕਿ ਦੂਰ-ਦਰਾਜ ਪਿੰਡਾਂ ਵਿਚ ਰਿਸ਼ਤੇ ਵਿਚ ਚਾਚੇ ਦੀ ਲੜਕੀ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮਹਾਂਨਗਰ ਲਿਆਂਦਾ ਅਤੇ ਫਿਰ ਉਸ ਨੂੰ ਵੇਚ ਦਿੱਤਾ ਜਾਂ ਉਸ ਨਾਲ ਕੁਕਰਮ ਕੀਤਾ। ਇਨ੍ਹਾਂ ਖ਼ਬਰਾਂ ਦੇ ਬਾਵਜੂਦ ਆਪਣਿਆਂ ਤੋਂ ਲੜਕੀ ਦੀ ਸੁਰੱਖਿਆ 'ਤੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ।

• ਲੜਕੀ ਲਈ ਸਭ ਤੋਂ ਚੰਗੀ ਮਾਰਗ-ਦਰਸ਼ਕ ਉਸ ਦੀ ਮਾਂ ਹੁੰਦੀ ਹੈ। ਉਹ ਆਪਣੀ ਬੱਚੀ ਨੂੰ ਦੋਸਤ, ਗਾਈਡ ਸਭ ਕੁਝ ਬਣਾ ਸਕਦੀ ਹੈ। ਆਪਣਿਆਂ ਵੱਲੋਂ ਹੀ ਬੱਚੀ ਦੀ ਇੱਜ਼ਤ ਨਿਲਾਮ ਹੋਣ ਦੀ ਦਰ ਭਾਰਤੀ ਸਮਾਜ ਵਿਚ ਨਾ ਵਧੇ, ਇਸ ਦੇ ਲਈ ਯਤਨ ਘਰ ਤੋਂ ਹੀ ਕਰਨੇ ਹੋਣਗੇ। ਬੱਚੀਆਂ ਨੂੰ ਸਿੱਖਿਆ ਦੇਣ ਦਾ ਕੰਮ ਜਿੰਨਾ ਬਿਹਤਰ ਢੰਗ ਨਾਲ ਮਾਂ ਕਰ ਸਕਦੀ ਹੈ, ਓਨਾ ਹੋਰ ਕੋਈ ਨਹੀਂ।

• ਮਾਂ ਨੂੰ ਚਾਹੀਦਾ ਹੈ ਕਿ ਬੇਟੀ ਨੂੰ ਸਰੀਰਕ ਅੰਗਾਂ ਦੇ ਵਿਕਾਸ ਬਾਰੇ ਦੱਸੇ।

• ਪਿਤਾ, ਭਰਾ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਉਹ ਕਿਸ ਤਰ੍ਹਾਂ ਸਰੀਰਕ ਦੂਰੀ ਬਣਾ ਕੇ ਰੱਖੇ, ਇਸ ਸਬੰਧੀ ਸਿੱਖਿਆ ਉਸ ਨੂੰ ਦੇਵੇ।

• ਉਸ ਨੂੰ ਸਮਝਾਓ ਕਿ ਘਰ ਦੇ ਪੁਰਸ਼ਾਂ ਦੇ ਸਾਹਮਣੇ ਉਹ ਅਜਿਹੀ ਕੋਈ ਗੱਲ ਨਾ ਕਰੇ, ਜੋ ਸਿੱਧੀ ਔਰਤਾਂ ਨਾਲ ਜੁੜੀ ਹੋਵੇ ਜਿਵੇਂ ਮਾਸਕ ਧਰਮ ਜਾਂ ਅੰਦਰੂਨੀ ਕੱਪੜਿਆਂ ਬਾਰੇ।

• ਜੇਕਰ ਬੇਟੀ ਦੇ ਸੁਭਾਅ ਵਿਚ ਖੁੱਲ੍ਹਾਪਣ ਹੋਵੇ ਅਤੇ ਉਹ ਕਾਲਜ ਦੀ ਹਰ ਗੱਲ ਘਰ ਦੇ ਪੁਰਸ਼ਾਂ ਨਾਲ ਸਾਂਝੀ ਕਰਦੀ ਹੈ ਤਾਂ ਪ੍ਰੇਮ ਨਾਲ ਉਸ ਨੂੰ ਦੱਸੋ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਉਹ ਆਪਣੇ ਪਿਤਾ, ਭਰਾ ਜਾਂ ਅੰਕਲ ਨਾਲ ਸ਼ੇਅਰ ਕਰ ਸਕਦੀ ਹੈ ਪਰ ਉਸ ਨੂੰ ਰੋਕੋ ਨਹੀਂ, ਕਿਉਂਕਿ ਇਸ ਨੂੰ ਪਾਬੰਦੀ ਮੰਨ ਲਵੇਗੀ ਅਤੇ ਭਵਿੱਖ ਵਿਚ ਕਦੇ ਵੀ ਤੁਹਾਡੀ ਗੱਲ ਨਹੀਂ ਸੁਣੇਗੀ।

• ਘਰ ਵਿਚ ਜਗ੍ਹਾ ਦੀ ਕਮੀ ਹੋਵੇ ਤਾਂ ਸੌਣ ਦੇ ਪ੍ਰਬੰਧ ਨੂੰ ਸੁਧਾਰੋ। ਬੇਟੀ ਦੇ ਸਾਹਮਣੇ ਪਤੀ-ਪਤਨੀ ਇਕੱਠੇ ਨਾ ਸੌਣ ਅਤੇ ਨਾ ਹੀ ਉਸ ਨੂੰ ਪਿਤਾ ਦੇ ਨਾਲ ਸੌਣ ਦਿਉ।

• ਹਮਉਮਰ ਭਰਾ-ਭੈਣਾਂ ਨੂੰ ਇਕੱਲਾ ਨਾ ਛੱਡੋ, ਟੀ. ਵੀ. ਜਾਂ ਇੰਟਰਨੈੱਟ ਦੇ ਸਾਹਮਣੇ ਤਾਂ ਬਿਲਕੁਲ ਹੀ ਨਹੀਂ। ਉਨ੍ਹਾਂ 'ਤੇ ਸਦਾ ਨਜ਼ਰ ਰੱਖੋ ਪਰ ਧਿਆਨ ਰੱਖੋ ਕਿ ਬੇਟੀ ਨੂੰ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸ ਦੀ ਜਸੂਸੀ ਕਰ ਰਹੇ ਹੋ।

• ਤੁਹਾਡੇ ਪਤੀ ਸ਼ਰਾਬ ਜਾਂ ਹੋਰ ਕਿਸੇ ਪ੍ਰਕਾਰ ਦੇ ਨਸ਼ੇ ਦੇ ਆਦੀ ਹਨ ਤਾਂ ਬੇਟੀ ਨੂੰ ਉਨ੍ਹਾਂ ਦੇ ਕੋਲ ਕਦੇ ਵੀ ਇਕੱਲਾ ਨਾ ਰਹਿਣ ਦਿਓ, ਚਾਹੇ ਦਿਨ ਹੋਵੇ ਜਾਂ ਰਾਤ।

• ਤੁਹਾਨੂੰ ਬੇਟੀ ਦੇ ਪ੍ਰਤੀ ਕਿਸੇ ਸਬੰਧੀ ਦੀਆਂ ਨਜ਼ਰਾਂ ਸਹੀ ਨਾ ਲੱਗਣ ਤਾਂ ਉਸ ਤੋਂ ਬੇਟੀ ਨੂੰ ਦੂਰ ਰੱਖੋ।

• ਬੇਟੀ ਨੂੰ ਪੁਰਸ਼ਾਂ ਦੇ ਖਿਲਾਫ ਭੜਕਾਉਣਾ ਨਹੀਂ ਚਾਹੀਦਾ, ਸਗੋਂ ਆਤਮ-ਸੁਰੱਖਿਆ ਦੀ ਸਿੱਖਿਆ ਹੀ ਦੇਣੀ ਚਾਹੀਦੀ ਹੈ। ਕਿਤੇ ਇਹ ਨਾ ਹੋਵੇ ਕਿ ਉਸ ਨੂੰ ਮੇਲ-ਫੋਬੀਆ ਹੀ ਹੋ ਜਾਵੇ ਅਤੇ ਭਵਿੱਖ ਵਿਚ ਉਹ ਕਿਸੇ ਵੀ ਪੁਰਸ਼ ਦੇ ਨਾਲ ਰਿਸ਼ਤਾ ਵੀ ਨਾ ਬਣਾ ਸਕੇ।

• ਉਸ ਨੂੰ ਸਵੈ-ਬਚਾਓ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 30.04.2009

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms