ਬਦਮਾਸ਼ ਕਿਸਮ ਦੇ ਅਨਸਰਾਂ ਵੱਲੋਂ ਕਰੀਬ 10-12 ਸਾਲ ਤੋਂ ਲੈ ਕੇ 28-30 ਸਾਲ ਦੀ ਉਮਰ ਤੱਕ ਦੀਆਂ ਕੁੜੀਆਂ ਆਮ
ਕਰਕੇ ਸ਼ਿਕਾਰ ਬਣਾਈਆਂ ਜਾਂਦੀਆਂ ਹਨ। ਕਈ
ਵਾਰ ਏਦੋਂ ਘੱਟ ਜਾਂ ਵੱਧ ਉਮਰ ਦੀਆਂ ਵੀ। ਜਿੰਨੀ
ਭੋਲੀ,
ਮਾਸੂਮ ਜਾਂ ਘੱਟ ਉਮਰ ਦੀ ਬੱਚੀ ਹੁੰਦੀ ਹੈ, ਉਹ ਉਨੀ
ਹੀ ਜਲਦੀ ਬਦਮਾਸ਼ਾਂ ਦੇ ਪੰਜੇ ਵਿਚ ਫਸ ਜਾਂਦੀ ਹੈ।
ਇਹ
ਬਦਮਾਸ਼ ਕਿਸਮ ਦੇ ਅਨਸਰ ਸਾਰੇ ਧਰਮਾਂ, ਕੌਮਾਂ ਤੇ ਨਸਲਾਂ ਵਿਚ ਹੁੰਦੇ
ਹਨ। ਬਦਮਾਸ਼
ਇਕੱਲੇ ਇਕਹਿਰੇ ਤੌਰ 'ਤੇ ਜਾਂ ਫਿਰ ਗੈਂਗਾਂ ਦੇ ਰੂਪ ਵਿਚ
ਹੀ ਕੁੜੀਆਂ ਦਾ ਸ਼ਿਕਾਰ ਕਰਦੇ ਹਨ। ਇਹ
ਮਾਰ ਕਰਨ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ
ਇਰਦ-ਗਿਰਦ ਘੁੰਮਦੇ ਰਹਿੰਦੇ ਹਨ। ਹੋਰ
ਵੀ ਇਹ ਨਾਈਟ ਕਲੱਬਾਂ, ਮੇਲਿਆਂ, ਧਾਰਮਿਕ
ਸਮਾਗਮਾਂ ਜਾਂ ਹੋਰ ਸਮਾਗਮਾਂ ਦੌਰਾਨ ਵੀ ਆਪਣੇ ਸ਼ਿਕਾਰ ਦੀ ਭਾਲ 'ਚ
ਮੰਡਰਾਉਂਦੇ ਰਹਿੰਦੇ ਹਨ। ਇਨ੍ਹਾਂ
ਦਾ ਧੰਦਾ ਨਸ਼ੇ ਵੇਚਣਾ ਤੇ ਮਾਸੂਮ ਤੇ ਭੋਲੀਆਂ ਕੁੜੀਆਂ ਨੂੰ ਆਪਣੇ ਜਾਲ ਵਿਚ ਫਸਾਉਣਾ ਹੁੰਦਾ ਹੈ।
ਹੋਰ
ਵੀ ਬਹੁਤ ਸਾਰੇ ਤਰੀਕਿਆਂ ਫੋਨਾਂ, ਇੰਟਰਨੈੱਟ ਆਦਿ ਰਾਹੀਂ ਮੈਸਿਜ,
ਗੱਲਬਾਤ ਰਾਹੀਂ ਮਾਸੂਮ ਬੱਚੀਆਂ ਨੂੰ ਭਰਮਾ ਲੈਂਦੇ ਹਨ।
ਤਰ੍ਹਾਂ-ਤਰ੍ਹਾਂ
ਦੀਆਂ ਲੂੰਬੜਚਾਲਾਂ ਚਲਦੇ, ਪਿਆਰ ਦਾ ਦਿਖਾਵਾ ਕਰਨ ਲਈ ਮਾਸੂਮ
ਕੁੜੀਆਂ ਨੂੰ ਸੋਹਣੇ-ਸੋਹਣੇ ਗਿਫਟ ਭੇਟ ਕਰਦੇ ਹਨ।
ਪੀਣ
ਨੂੰ ਕੋਈ ਡਰਿੰਕ ਜਾਂ ਖਾਣ ਨੂੰ ਸਵਾਦੀ ਚੀਜ਼ਾਂ ਵੀ ਦਿੰਦੇ ਹਨ।
ਇਹ
ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਮਾਸੂਮ
ਗੁਟਾਰਾਂ ਦੀ ਤਰ੍ਹਾਂ ਭੋਲੀਆਂ ਕੁੜੀਆਂ ਨੂੰ ਪਤਾ ਵੀ ਨਹੀਂ ਲਗਦਾ ਕਿ ਨਸ਼ੀਲੀ ਚੀਜ਼ ਡਰਿੰਕ 'ਚ ਮਿਲਾ ਕੇ ਪਿਲਾ ਦਿੰਦੇ ਹਨ ਤੇ ਫੇਰ ਕੁੜੀ ਦੀ ਇੱਜ਼ਤ ਲੁੱਟ ਲੈਂਦੇ ਹਨ।
ਇਹ
ਪੂਰਾ ਵਿਉਂਤਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸੇ
ਦੌਰਾਨ ਕੁੜੀ ਦੀਆਂ ਫੋਟੋਆਂ ਵੀ ਖਿੱਚ ਲੈਂਦੇ ਹਨ। ਹੋਸ਼
ਆਉਣ 'ਤੇ ਜਾਂ ਸਮਝ ਪੈਣ 'ਤੇ ਲੜਕੀ ਜਦੋਂ ਵਿਰੋਧ ਕਰਦੀ ਹੈ ਤਾਂ ਬਦਮਾਸ਼
ਅਨਸਰ ਉਹੀ ਫੋਟੋਆਂ ਲੜਕੀ ਨੂੰ ਦਿਖਾ ਕੇ ਧਮਕਾ ਕੇ ਬਲੈਕਮੇਲ ਕਰਦੇ ਹਨ 'ਕਿ
ਇਹ ਫੋਟੋ ਤੇਰੇ ਘਰਦਿਆਂ ਨੂੰ ਦਿਖਾ ਦਿਆਂਗੇ ਅਤੇ ਫੋਨਾਂ ਜਾਂ ਇੰਟਰਨੈੱਟ ਆਦਿ ਰਾਹੀਂ ਸਾਰੀ ਦੁਨੀਆ
ਨੂੰ ਦਿਖਾਵਾਂਗੇ। ਲੜਕੀ
ਇਹ ਸਭ ਕੁਝ ਦੇਖ ਕੇ ਠਠੰਬਰ ਜਾਂਦੀ ਹੈ। ਇਹ
ਕਿ ਲੜਕੀ ਪਿਆਰ ਦੇ ਭੰਵਰ ਜਾਲ 'ਚ ਫਸ ਕੇ ਆਪਣੇ ਤੇ ਆਪਣੇ ਪਰਿਵਾਰ ਦੇ
ਬਹੁਤ ਸਾਰੇ ਅੰਦਰੂਨੀ ਭੇਦ ਵੀ ਦੱਸ ਚੁੱਕੀ ਹੁੰਦੀ ਹੈ।
ਸੋ, ਬਦਮਾਸ਼ ਇਨ੍ਹਾਂ ਕਮਜ਼ੋਰੀਆਂ ਦਾ ਪੂਰਾ ਫਾਇਦਾ ਉਠਾਉਂਦੇ ਹਨ।
ਉਹ
ਲੜਕੀ ਨੂੰ ਕੁੱਟਣ, ਮਾਰਨ ਤੋਂ ਇਲਾਵਾ ਉਹਨੂੰ ਜਾਨੋਂ ਮਾਰਨ ਤੇ ਉਹਦੇ
ਪਰਿਵਾਰਕ ਮੈਂਬਰਾਂ ਨੂੰ ਜਾਨੋਂ ਖਤਮ ਕਰਨ ਦੀਆਂ ਧਮਕੀਆਂ ਵੀ ਦਿੰਦੇ ਹਨ।
ਲੜਕੀ
ਬਦਮਾਸ਼ਾਂ ਦੇ ਮਕੜ ਜਾਲ 'ਚ ਪੂਰੀ ਤਰ੍ਹਾਂ ਫਸ ਚੁੱਕੀ ਹੁੰਦੀ
ਹੈ। ਉਹ
ਬੇਵੱਸ ਹੋ ਕੇ ਸਹਿਮ ਜਾਂਦੀ ਹੈ। ਇਹ
ਵੀ ਦੱਸ ਦੇਈਏ ਕਿ ਸਿਰਫ਼ ਲੜਕੀਆਂ ਹੀ ਨਹੀਂ ਬਹੁਤ ਵਾਰੀ ਲੜਕੇ ਵੀ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੇ
ਹਨ। ਇਸ ਤਰ੍ਹਾਂ ਬਦਮਾਸ਼ ਟੋਲੇ
ਕੁੜੀਆਂ ਨੂੰ ਨਸ਼ੇ ਦੀ ਚਾਟ 'ਤੇ ਲਾ ਕੇ ਉਨ੍ਹਾਂ ਦੀ ਇੱਜ਼ਤ ਲੁੱਟਣ
ਦੇ ਨਾਲ-ਨਾਲ ਉਨ੍ਹਾਂ ਤੋਂ ਵੇਸਵਾਗਮਨੀ ਦਾ ਨਰਕੀ ਧੰਦਾ ਵੀ ਜਬਰਨ ਕਰਵਾਉਂਦੇ ਹਨ।
ਇਸ
ਤਰ੍ਹਾਂ ਬਦਮਾਸ਼ ਆਪਣੀਆਂ ਜੇਬ੍ਹਾਂ ਨੋਟਾਂ ਨਾਲ ਭਰਦੇ ਹਨ।
ਅਜਿਹੇ ਜੁਰਮਾਂ 'ਚ
ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਥੇ
ਇਹ ਇਕ ਸਮਾਜਿਕ ਮਾਮਲਾ ਹੈ, ਇਹ ਬੜਾ ਹੀ ਨਾਜ਼ੁਕ ਅਤੇ ਜਜ਼ਬਾਤੀ
ਵੀ ਹੈ। ਮਾਫ਼ੀ
ਚਾਹਾਂਗਾ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ, ਮੈਨੂੰ ਪੀੜਤ
ਪਰਿਵਾਰਾਂ ਨਾਲ ਡੂੰਘੀ ਦਿਲੀ ਹਮਦਰਦੀ ਹੈ। ਜੋ
ਉਨ੍ਹਾਂ ਪਰਿਵਾਰਾਂ ਨਾਲ ਬੀਤਦੀ ਹੈ, ਉਸ ਦਾ ਦਰਦ ਉਹੀ ਜਾਣਦੇ ਹਨ।
ਇਹ
ਆਪਾਂ ਸਭ ਲਈ ਬੜੀ ਧੀਰਜ ਤੇ ਠਰੰਮੇ ਨਾਲ ਵਿਚਾਰਨ ਵਾਲਾ ਵੀ ਹੈ।
ਇਹਦੇ
ਵਿਚ ਹੀ ਸਭ ਦਾ ਭਲਾ ਹੈ। ਇਹ
ਇਕੱਲਾ ਇਕ ਦੇਸ਼ ਹੀ ਨਹੀਂ, ਦੁਨੀਆ ਦੇ ਪੂਰੇ ਦੇਸ਼ਾਂ 'ਚ ਚਲ ਰਿਹਾ ਹੈ। ਨਾ
ਹੀ ਇਹ ਸਿਰਫ਼ ਪੰਜਾਬੀ, ਭਾਈਚਾਰੇ ਦਾ ਮਸਲਾ ਹੈ।
ਇਹ
ਤਾਂ ਸਾਰੇ ਭਾਈਚਾਰਿਆਂ, ਧਰਮਾਂ, ਕੌਮਾਂ,
ਨਸਲਾਂ ਦਾ ਮਸਲਾ ਹੈ। ਨਾ
ਹੀ ਇਹ ਇਕ ਧਰਮ ਵੱਲੋਂ ਦੂਸਰੇ ਧਰਮ ਤੇ ਵਿਢਿਆ ਹਮਲਾ ਹੈ।
ਇਸ
ਨੂੰ ਸਮਝਣ ਦੀ ਲੋੜ ਹੈ। ਇਹ
ਦੋ ਧਰਮਾਂ ਦੇ ਵਿਚਕਾਰਲਾ ਮਸਲਾ ਨਾ ਹੋ ਕੇ ਇਹ ਤਾਂ ਸੈਕਸ ਅਤੇ ਨਸ਼ਿਆਂ ਨਾਲ ਸਬੰਧਤ ਮਸਲਾ ਹੈ ਜਿਸ
ਨੂੰ ਸੈਕਸ ਅਤੇ ਨਸ਼ਿਆਂ ਨਾਲ ਸਬੰਧਤ ਬਦਮਾਸ਼ ਗੈਂਗਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ।
ਕਈ ਵਾਰੀ ਬਦਮਾਸ਼ ਅਨਸਰ ਗਲੀ-ਗੁਆਂਢ, ਮੁਹੱਲੇ, ਰਿਸ਼ਤੇਦਾਰਾਂ ਜਾਂ ਮਿੱਤਰਾਂ-ਦੋਸਤਾਂ ਦੇ ਘੇਰੇ 'ਚੋਂ ਵੀ ਹੁੰਦੇ ਹਨ। ਉਹ
ਬੜੀਆਂ ਕਪਟੀ ਚਾਲਾਂ ਚਲਦੇ ਹਨ। ਉਹ
ਇਕੱਲੇ ਤੌਰ 'ਤੇ ਹੀ ਬੱਚਿਆਂ ਨੂੰ ਭੁਚਲਾ ਕੇ ਆਪਣੀ ਜਕੜ ਵਿਚ ਲੈ
ਲੈਂਦੇ ਹਨ। ਏਹੋ
ਜਿਹੇ ਗੰਦੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਵੀ ਹੈ।
ਪਰ
ਉਹ ਗੈਂਗ ਜੋ ਸੈਕਸ ਅਤੇ ਨਸ਼ਿਆਂ ਨਾਲ ਹੀ ਸਬੰਧਤ ਹਨ, ਬਹੁਤ ਖਤਰਨਾਕ
ਹੁੰਦੇ ਹਨ। ਉਹ
ਬੜੇ ਸ਼ਾਤਿਰ ਹੁੰਦੇ ਹਨ, ਆਪਣੇ ਹੀ ਧਰਮ, ਕੌਮ ਦੀ ਕੁੜੀ ਨੂੰ ਪੱਟਣ ਤੋਂ ਬਾਅਦ, ਜਦੋਂ ਕੁੜੀ ਨੂੰ ਹੋਸ਼
ਜਾਂ ਸਮਝ ਪੈਂਦੀ ਹੈ ਕਿ ਮੈਂ ਤਾਂ ਲੁੱਟੀ ਗਈ ਤਾਂ ਉਹ ਸਵਾਲ ਕਰਦੀ ਹੈ, 'ਇੱਜ਼ਤ ਲੁੱਟਣਾ ਆਪਣੇ ਧਰਮ 'ਚ ਮਨ੍ਹਾਂ ਹੈ ਤੂੰ ਕਿਉਂ ਧੋਖਾ
ਕੀਤਾ ਹੈ?' ਤਾਂ ਉਹ ਮੱਕਾਰੀ ਭਰਿਆ ਝੂਠ ਮਾਰਦੇ ਹਨ ਕਿ ਮੈਂ ਤਾਂ ਦੂਸਰੇ
ਧਰਮ, ਕੌਮ ਦਾ ਹਾਂ।
ਤਾਂ
ਕਿ ਕੁੜੀ ਜਾਂ ਉਹਦੇ ਮਾਪੇ ਆਪਣੇ ਹੀ ਧਰਮ/ਕੌਮ ਵਿਚ ਖੋਜ ਨਾ ਕਰ ਸਕਣ।
ਇਸ
ਤਰ੍ਹਾਂ ਉਹ ਮੱਕਾਰ ਆਪਣੀ ਪਛਾਣ ਲਕੋਣ ਦੀ ਕੋਸ਼ਿਸ਼ ਕਰਦੇ ਹਨ।
ਬਹੁਤ
ਵਾਰੀ ਉਹ ਕਾਮਯਾਬ ਵੀ ਹੋ ਜਾਂਦੇ ਹਨ। ਇਸ
ਤਰ੍ਹਾਂ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲਗਦਾ।
ਪਰ
ਇਕ ਦੂਸਰੀ ਕਿਸਮ ਵੀ ਹੈ, ਉਹ ਆਪਣੇ ਹੀ ਧਰਮ ਜਾਂ ਕੌਮ/ਨਸਲ
ਦੀਆਂ ਕੁੜੀਆਂ ਨੂੰ ਵਰਗਲਾਉਣ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੇ ਫੜੇ ਜਾਣ
ਦਾ ਵਧੇਰੇ ਖ਼ਤਰਾ ਹੁੰਦਾ ਹੈ। ਇਸੇ
ਲਈ ਉਹ ਦੂਸਰੇ ਧਰਮ/ਕੌਮ ਦੀਆਂ ਕੁੜੀਆਂ ਨੂੰ ਵਰਗਲਾਉਂਦੇ ਹਨ।
ਇਹ
ਬਦਮਾਸ਼ ਅਨਸਰ ਇੰਨੇ ਸ਼ਾਤਰ ਹੁੰਦੇ ਹਨ ਕਿ ਆਪਣੀ ਪਛਾਣ, ਆਪਣਾ ਸਹੀ
ਨਾਂਅ ਜਾਂ ਪਤਾ ਵਗੈਰਾ ਨਹੀਂ ਦੱਸਦੇ। ਉਹ
ਇਸ ਸਭ ਕਾਸੇ ਬਾਰੇ ਕੋਰਾ ਝੂਠ ਬੋਲਦੇ ਹਨ। ਉਹ
ਕੁੜੀਆਂ ਨੂੰ ਫੁਸਲਾਉਣ ਲਈ ਆਪਣਾ ਪਹਿਰਾਵਾ/ਭੇਸ ਵੀ ਬਦਲ ਲੈਂਦੇ ਹਨ।
ਕੁੜੀ
ਦੇ ਧਰਮ/ਕੌਮ ਵਾਲਾ ਹੀ ਪਹਿਰਾਵਾ/ਭੇਸ ਧਾਰਨ ਕਰ ਲੈਂਦੇ ਹਨ ਤਾਂ ਜੋ ਕੁੜੀ ਨੂੰ ਆਸਾਨੀ ਨਾਲ ਪੱਟਿਆ
ਜਾ ਸਕੇ,
ਕੁੜੀ ਸਮਝੇ ਕਿ ਇਹ ਤਾਂ ਮੇਰੇ ਹੀ ਧਰਮ/ਕੌਮ ਦਾ ਹੈ।
ਪਰ
ਜਦੋਂ ਹੋਸ਼ ਜਾਂ ਸਮਝ ਆਉਣ 'ਤੇ ਸਵਾਲ ਕਰਦੀ ਹੈ ਕਿ ਇਹ ਜੋ ਤੂੰ
ਮੇਰੇ ਨਾਲ ਧੋਖੇ ਨਾਲ ਕੀਤਾ, ਆਪਣਾ ਧਰਮ ਜਾਂ ਸੱਭਿਆਚਾਰ ਤਾਂ ਇਹਦੀ
ਆਗਿਆ ਨਹੀਂ ਦਿੰਦਾ, ਇਹ ਤਾਂ ਤੂੰ ਮੇਰੇ ਨਾਲ ਪਾਪ ਕੀਤਾ।
ਉਹ
ਉਨ੍ਹਾਂ ਦੀ ਪਛਾਣ ਤੇ ਥਹੁ-ਪਤਾ ਪੁਛਦੀ ਹੈ। ਉਹ
ਕੋਰਾ ਝੂਠ ਬੋਲਦੇ ਹਨ। ਕੋਈ
ਲੜ ਸਿਰਾ ਨਹੀਂ ਫੜਾਉਂਦੇ।
ਸੋ, ਇਕ ਕਿਸਮ ਦਾ ਬੱਚੇ ਦਾ ਬਾਈਕਾਟ ਹੀ ਹੋ ਜਾਂਦਾ ਹੈ।
ਉਹਦੇ
ਲਈ ਮਾਹੌਲ ਸੁਖਾਵਾਂ ਨਹੀਂ ਰਹਿੰਦਾ। ਬੱਚੇ
ਦੀ ਛਵੀ ਖਰਾਬ ਹੋ ਜਾਂਦੀ ਹੈ, ਪਹਿਚਾਣ ਖਤਮ ਹੋ ਜਾਂਦੀ ਹੈ।
ਉਸ
ਦੀ ਪਹਿਚਾਣ ਹੋਰ ਹੀ ਬਣ ਜਾਂਦੀ ਹੈ, ਬੇਵਿਸ਼ਵਾਸੀ ਦਾ ਮਾਹੌਲ ਪੈਦਾ
ਹੋ ਜਾਂਦਾ ਹੈ। ਉਸ
ਨੂੰ ਗੰਦੇ-ਮੰਦੇ ਵਿਸ਼ੇਸ਼ਣਾਂ ਨਾਲ ਪੁਕਾਰਿਆ ਜਾਂਦਾ ਹੈ, ਅਜਿਹੇ
ਵਿਚ ਲੜਕੀ ਲਈ 'ਨਾ ਇਧਰ ਦੀ ਨਾ ਉਧਰ ਦੀ' ਵਾਲੀ
ਹਾਲਤ ਹੋ ਜਾਂਦੀ ਹੈ। ਇਕ
ਪਾਸੇ ਬਦਮਾਸ਼ਾਂ ਦਾ ਕਹਿਰ, ਦੂਸਰੇ ਪਾਸੇ ਘਰਦਿਆਂ ਵਾਲੀ ਧਿਰ
ਵੱਲੋਂ ਵੀ ਦੁਰਕਾਰਿਆ ਜਾਣਾ। ਸੋ, ਬੱਚਾ ਅਜੀਬ ਮਾਨਸਿਕ ਸਥਿਤੀ ਵਿਚ ਉਲਝ ਕੇ ਰਹਿ ਜਾਂਦਾ ਹੈ।
ਅਜਿਹੇ
ਸਮੇਂ ਬੱਚੇ ਨੂੰ ਸੁਹਿਰਦ ਸਾਥ ਦੀ ਲੋੜ ਹੁੰਦੀ ਹੈ। ਉਸ
ਦਾ ਕੋਈ ਕਸੂਰ ਨਹੀਂ ਹੁੰਦਾ, ਉਹ ਬੇਕਸੂਰ ਮਾਸੂਮ ਹੈ, ਉਹਨੂੰ ਸਹੀ ਸੁਝਾਵਾਂ ਦੀ ਤੇ ਸਹੀ ਪਿਆਰ ਦੀ ਲੋੜ ਹੁੰਦੀ ਹੈ।
ਮਾਪਿਆਂ
ਨੇ ਵੀ ਤਾਂ ਪਹਿਲਾਂ ਬੱਚੇ ਨੂੰ ਓਪਰੇ ਬੰਦਿਆਂ ਤੇ ਚੌਕੰਨੇ ਰਹਿਣ ਦੀ ਸਿੱਖਿਆ ਨਹੀਂ ਦਿੱਤੀ ਹੁੰਦੀ।
ਇਹਦੇ
ਵਿਚ ਬੱਚੇ ਦਾ ਕੀ ਕਸੂਰ। ਪਰ
ਜਦੋਂ ਹੁੰਦਾ ਉਲਟ ਹੈ ਕਿ ਉਸ ਨਾਲ ਹੋਰ ਵੀ ਮਾੜਾ ਸਲੂਕ ਹੁੰਦਾ ਹੈ ਤਾਂ ਬੱਚੇ ਨੂੰ ਦੂਸਰਾ ਰਸਤਾ
ਨਜ਼ਰ ਨਹੀਂ ਆਉਂਦਾ।
ਉਹ ਗੁੰਮਰਾਹ ਹੋਇਆ, ਭਟਕਿਆ
ਹੋਇਆ ਤੇ ਲੁੱਟਿਆ ਹੋਇਆ ਮਹਿਸੂਸ ਕਰਦਾ ਹੈ।
ਬੱਚਾ
ਬੇਹੱਦ ਉਦਾਸ ਰਹਿਣ ਲੱਗ ਪੈਂਦਾ ਹੈ।
ਬਹੁਤ
ਬੱਚਿਆਂ ਨਾਲ ਏਸ ਤਰ੍ਹਾਂ ਵੀ ਵਾਪਰਦਾ ਕਿ ਬੱਚਾ ਮਾਨਸਿਕ ਤੌਰ 'ਤੇ ਬਿਮਾਰ
ਰਹਿਣ ਲਗਦਾ ਹੈ। ਬੱਚੇ ਨੂੰ
ਬਦਮਾਸ਼ਾਂ ਵਾਲੇ ਪਾਸੇ ਵੀ ਤੇ ਘਰ ਵਾਲੇ ਪਾਸੇ ਵੀ ਖ਼ਤਰਾ ਹੀ ਖ਼ਤਰਾ ਦਿਖਾਈ ਦਿੰਦਾ ਹੈ। ਜਦੋਂ ਕੋਈ ਹੱਲ ਨਜ਼ਰ ਨਹੀਂ ਆਉਂਦਾ ਤਾਂ
ਬਹੁਤੇ ਬੱਚੇ ਖ਼ੁਦਕੁਸ਼ੀ ਵੀ ਕਰ ਲੈਂਦੇ ਹਨ।
ਇਸੇ ਤਰ੍ਹਾਂ ਜਿਹੜੇ ਪੀੜਤ ਪਰਿਵਾਰ ਇਹੋ ਜਿਹੀ ਭਿਆਨਕ ਸਥਿਤੀ 'ਚੋਂ ਗੁਜ਼ਰਦੇ ਹਨ, ਉਨ੍ਹਾਂ ਲਈ ਵੀ ਇਹ ਸਮਾਂ ਬੜਾ ਭਿਅੰਕਰ ਹੁੰਦਾ ਹੈ। ਉਹ ਲੁੱਟੇ ਹੋਏ ਮਹਿਸੂਸ ਕਰਦੇ ਹਨ। ਭਾਈਚਾਰੇ/ਸਮਾਜ ਵਿਚ ਉਨ੍ਹਾਂ ਦੀ ਇੱਜ਼ਤ ਤੇ ਪਰਖਚੇ ਉਡ ਜਾਂਦੇ ਹਨ। ਕਈ ਵਾਰੀ ਏਹੋ ਜਿਹੀਆਂ ਹਾਲਤਾਂ ਵਿਚ ਪੀੜਤ ਪਰਿਵਾਰ ਦੇ ਮੈਂਬਰ ਵੀ ਜਿਵੇਂ ਮਾਂ-ਬਾਪ, ਬਾਬਾ-ਦਾਦੀ ਜਾਂ ਭੈਣ-ਭਰਾ ਖ਼ੁਦਕੁਸ਼ੀ ਕਰਨ ਦੇ ਰਾਹ ਤੁਰ ਪੈਂਦੇ ਹਨ। ਇਹ ਹਾਲਤ ਬੜੀ ਹੀ ਨਾਜ਼ੁਕ ਹੁੰਦੀ ਹੈ। ਲੋਕਾਂ ਦੇ ਮਿਹਣੇ ਬੰਦੇ ਨੂੰ ਜਿਊਣ ਜੋਗਾ ਨਹੀਂ ਛੱਡਦੇ। ਇਹ ਬੜਾ ਨਾਜ਼ੁਕ ਤੇ ਜਜ਼ਬਾਤਾਂ ਨਾਲ ਜੁੜਿਆ ਮਾਮਲਾ ਹੁੰਦਾ ਹੈ। ਇਨ੍ਹਾਂ ਹਾਲਤਾਂ ਵਿਚ ਸੰਭਲਣਾ ਬੜਾ ਮੁਸ਼ਕਿਲ ਹੁੰਦਾ ਹੈ। ਇਹ ਪੀੜਤ ਪਰਿਵਾਰ ਤੇ ਘੋਰ ਸੰਕਟ ਦਾ ਸਮਾਂ ਹੁੰਦਾ ਹੈ। ਅਜਿਹੇ ਵਿਚ ਅੱਛੇ ਰਿਸ਼ਤੇਦਾਰ ਤੇ ਦੋਸਤਾਂ ਦੀ ਸਖਤ ਜ਼ਰੂਰਤ ਹੁੰਦੀ ਹੈ।
ਉਹ ਮਾਪੇ
ਜਿਹੜੇ ਖੁਦ ਗ਼ਲਤ ਹੁੰਦੇ ਹਨ, ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਦੇਖਦੇ ਹਨ
ਜਿਸ ਦਾ ਬੱਚਿਆਂ ਦੇ ਦਿਮਾਗਾਂ 'ਤੇ ਬਹੁਤ ਹੀ ਭੈੜਾ ਅਸਰ ਪੈਂਦਾ ਹੈ। ਉਨ੍ਹਾਂ ਬੱਚਿਆਂ ਦੀ ਵਿਗੜਨ ਦੀ ਬਹੁਤ ਹੀ
ਜ਼ਿਆਦਾ ਸੰਭਾਵਨਾ ਵਧ ਜਾਂਦੀ ਹੈ। ਜੇਕਰ ਘਰ 'ਚ ਮਾਹੌਲ
ਲੜਾਈ-ਝਗੜੇ ਦਾ ਰਹਿੰਦਾ ਹੈ। ਅਜਿਹੀ
ਹਾਲਤ ਵਿਚ ਬੱਚੇ ਨੂੰ ਪਿਆਰ ਦੀ ਜਗ੍ਹਾ ਉਲਟਾ ਦਬਕੇ ਝਿੜਕੇ ਜਾਂ ਹਰ ਗੱਲ 'ਤੇ ਘੂਰ
ਘੱਪ ਹੁੰਦੀ ਹੈ। ਬੱਚੇ ਨੂੰ
ਏਹੋ ਜਿਹੇ ਮਾਹੌਲ ਵਿਚ ਮਾਤਾ-ਪਿਤਾ ਜਾਂ ਪਰਿਵਾਰਕ ਮੈਂਬਰਾਂ ਵਜੋਂ ਪੂਰਾ ਪਿਆਰ ਨਹੀਂ ਮਿਲਦਾ, ਜਿਸ ਦੀ
ਬਚਪਨ ਵਿਚ ਅਤਿਅੰਤ ਜ਼ਰੂਰਤ ਹੁੰਦੀ ਹੈ।
ਇਨਸਾਨ ਦੇ
ਜਿਊਣ ਲਈ ਓਨਾ ਹੀ ਪਿਆਰ ਜ਼ਰੂਰੀ ਹੁੰਦਾ ਹੈ, ਜਿੰਨਾ
ਖੁਰਾਕ ਜਾਂ ਹੋਰ ਚੀਜ਼ਾਂ। ਬੱਚਾ
ਪਿਆਰ/ਹਮਦਰਦੀ ਦੇ ਦੋ ਬੋਲਾਂ ਲਈ ਤਰਸ ਜਾਂਦਾ ਹੈ। ਮਾਨਸਿਕ ਤੌਰ 'ਤੇ ਪ੍ਰੇਸ਼ਾਨ
ਤੇ ਡਾਵਾਂਡੋਲਤਾ ਦੀ ਹਾਲਤ ਵਿਚ ਬੱਚਾ ਪਹੁੰਚ ਜਾਂਦਾ ਹੈ। ਬੱਚੇ ਦੀ ਜ਼ਿੰਦਗੀ ਵਿਚ ਖਲਾਅ ਪੈਦਾ ਹੋ
ਜਾਂਦਾ ਹੈ। ਬੱਚੇ ਦੇ
ਮਨ ਵਿਚ ਪਿਆਰ ਦੀ ਘਾਟ/ਭੁੱਖ ਪੈਦਾ ਹੋ ਜਾਂਦੀ ਹੈ ਜਿਸ ਦਾ ਫਾਇਦਾ ਬਦਮਾਸ਼ ਅਨਸਰ ਉਠਾ ਜਾਂਦੇ ਹਨ। ਅਜਿਹੇ ਵਿਚ ਉਹ ਬੱਚੇ ਨੂੰ ਵਰਗਲਾ ਕੇ ਆਪਣੇ
ਫਰੇਬੀ ਜਾਲ ਵਿਚ ਫਸਾ ਲੈਂਦੇ ਹਨ।
ਇਹਦੇ ਵਿਚ
ਉਸ ਮਾਸੂਮ ਦਾ ਕੀ ਕਸੂਰ, ਉਹ ਤਾਂ ਦੁਨੀਆ ਤੋਂ ਅਨਜਾਣ, ਅਣਭੋਲ
ਵਿਚਾਰਾ ਫਸ ਜਾਂਦਾ ਹੈ ਜਦੋਂ ਕਿ ਪਰਿਵਾਰ ਅਤੇ ਪੂਰੀ ਦੁਨੀਆ ਵੱਲੋਂ ਕਸੂਰਵਾਰ ਉਸ ਬੱਚੇ ਨੂੰ ਹੀ
ਠਹਿਰਾਇਆ ਜਾਂਦਾ ਹੈ।
ਜਿਹੜੇ
ਮਾਪੇ ਜਾਂ ਪਰਿਵਾਰਕ ਮੈਂਬਰ ਨਸ਼ੇ ਦੇ ਆਦੀ ਹੁੰਦੇ ਹਨ, ਉਹਦਾ ਵੀ
ਬੱਚਿਆਂ 'ਤੇ ਮਾੜਾ ਅਸਰ ਪੈਂਦਾ ਹੈ। ਖਲਾਅ ਪੈਦਾ ਹੋਣ ਦੀ ਸੂਰਤ ਵਿਚ ਕਈ ਵਾਰੀ
ਬੱਚੇ ਨਸ਼ੇ ਦੀ ਲਤ ਲਾ ਬੈਠਦੇ ਹਨ।
ਮਾਪਿਆਂ
ਤੋਂ ਚੋਰੀ ਸ਼ਰਾਬ, ਸਿਗਰਟ ਜਾਂ ਹੋਰ ਨਸ਼ਿਆਂ ਦਾ ਸੇਵਨ ਕਰਦੇ ਹਨ। ਅਜਿਹੇ ਬੱਚੇ ਬਦਮਾਸ਼ਾਂ ਦੇ ਪੰਜੇ ਵਿਚ ਬਹੁਤ
ਜਲਦੀ ਫਸਦੇ ਹਨ।
ਮੌਜੂਦਾ ਹਾਲਤਾਂ ਵਿਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ। ਉਨ੍ਹਾਂ ਦੀਆਂ ਗੱਲਾਂ ਪਿਆਰ ਤੇ ਧਿਆਨ ਨਾਲ ਸੁਣਨ। ਬੱਚੇ ਨਾਲ ਦੋਸਤੀ ਵਾਲਾ ਰਿਸ਼ਤਾ ਕਾਇਮ ਕਰਨ ਤਾਂ ਜੋ ਬੱਚਾ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਕੋਈ ਸਵਾਲ ਜਾਂ ਸਮੱਸਿਆ ਹੈ ਤਾਂ ਮਾਤਾ-ਪਿਤਾ ਜਾਂ ਪਰਿਵਾਰ ਦੇ ਵੱਡੇ ਮੈਂਬਰਾਂ ਨਾਲ ਸਾਂਝੀ ਕਰੇ। ਬੱਚੇ ਨੂੰ ਗ਼ਲਤ ਤੇ ਸਹੀ ਗੱਲਾਂ, ਕੰਮਾਂ ਦਾ ਅੰਤਰ ਦੱਸਿਆ ਜਾਵੇ। ਗ਼ਲਤ ਗੱਲਾਂ/ਕੰਮਾਂ ਦੇ ਨੁਕਸਾਨ ਅਤੇ ਚੰਗੇ ਕੰਮਾਂ/ਗੱਲਾਂ ਦੇ ਫਾਇਦੇ ਦੱਸੇ ਜਾਣ। ਬੱਚੇ ਨੂੰ ਅਜਨਬੀ ਬੰਦਿਆਂ ਨਾਲ ਚੰਗੇ/ਮਾੜੇ ਸਬੰਧਾਂ ਤੇ ਅਸਰਾਂ ਤੋਂ ਜਾਣੂ ਕਰਵਾਇਆ ਜਾਵੇ। ਅਜਨਬੀ ਬੰਦੇ ਦੀ ਸਭ ਤੋਂ ਪਹਿਲਾਂ ਪਹਿਚਾਣ ਜ਼ਰੂਰੀ ਹੈ। ਇੰਟਰਨੈੱਟ ਆਦਿ ਦੀ ਵਰਤੋਂ ਕਰਨ ਸਮੇਂ, ਬੱਚੇ ਦੀ ਨਜ਼ਰਸਾਨੀ ਕੀਤੀ ਜਾਵੇ ਕਿ ਕਿਤੇ ਕੋਈ ਬੱਚੇ ਨੂੰ ਭਟਕਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਉਸ ਨੂੰ ਇੰਟਰਨੈੱਟ ਦੇ ਫਾਇਦੇ ਅਤੇ ਨੁਕਸਾਨਾਂ ਤੋਂ ਵੀ ਸੁਚੇਤ ਕਰਨਾ ਚਾਹੀਦਾ ਹੈ। ਬੱਚੇ ਦੀ ਪੜ੍ਹਾਈ, ਦੋਸਤਾਂ, ਖੇਡਾਂ ਅਤੇ ਮਨੋਰੰਜਨ ਆਦਿ ਲਈ ਪੂਰਾ ਸਮਾਂ ਤੇ ਧਿਆਨ ਦਿੱਤਾ ਜਾਵੇ। ਬੱਚੇ ਨੂੰ ਗੰਦੀਆਂ ਫ਼ਿਲਮਾਂ, ਗੇਮਾਂ, ਟੀ. ਵੀ. ਸ਼ੋਆਂ, ਗੰਦੇ ਗਾਣੇ, ਗੰਦਾ ਸਾਹਿਤ ਅਤੇ ਨਸ਼ਿਆਂ ਦੇ ਸਰੀਰਕ ਤੇ ਮਾਨਸਿਕ ਵਿਗਾੜਾਂ ਬਾਰੇ ਜਾਣੂ ਕਰਵਾਇਆ ਜਾਵੇ। ਮਾਪਿਆਂ ਨੂੰ ਵੀ ਆਪਣੇ ਜੀਵਨ ਵਿਚ ਸੁਧਾਰ ਲਿਆਉਣ ਦੀ ਲੋੜ ਹੈ ਤਾਂ ਜੋ ਬੱਚਿਆਂ 'ਤੇ ਚੰਗਾ ਅਸਰ ਪਵੇ। ਬੱਚਿਆਂ ਦਾ ਵੱਧ ਤੋਂ ਵੱਧ ਜ਼ਿੰਮੇਵਾਰੀ ਨਾਲ ਧਿਆਨ ਰੱਖਣ ਦੀ ਲੋੜ ਹੈ।
ਪਰ
ਮੌਜੂਦਾ ਹਾਲਤਾਂ ਵਿਚ ਦੁਨੀਆ ਦੇ ਸਾਰੇ ਦੇਸ਼ ਆਰਥਿਕ ਸੰਕਟ ਵਿਚ ਘਿਰੇ ਹੋਏ ਹਨ ਤਾਂ ਇਹਦੀ ਸਭ ਤੋਂ
ਵੱਧ ਮਾਰ ਕਿਰਤ ਕਰਨ ਵਾਲੇ ਲੋਕਾਂ 'ਤੇ ਪੈ ਰਹੀ ਹੈ। ਆਏ ਦਿਨ ਜ਼ਿੰਦਗੀ ਜਿਊਣੀ ਦੁੱਭਰ ਹੁੰਦੀ ਜਾ
ਰਹੀ ਹੈ। ਸਖ਼ਤ
ਮਿਹਨਤ ਅਤੇ ਰੋਜ਼ਮਰ੍ਹਾ ਦੀ ਨੱਠ-ਭੱਜ ਬਹੁਤ ਕਰਨੀ ਪੈਂਦੀ ਹੈ। ਸਮੇਂ ਦੇ ਨਾਲ ਕਦਮ ਮਿਲਾ ਕੇ ਚੱਲਣਾ, ਮੁਸ਼ਕਿਲ
ਹੁੰਦਾ ਜਾ ਰਿਹਾ ਹੈ। ਕਿਰਤੀ
ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੋਈ ਜਾ ਰਿਹਾ ਹੈ। ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਕਚੂੰਮਰ
ਕੱਢਿਆ ਹੋਇਆ ਹੈ। ਬੇਰੁਜ਼ਗਾਰੀ
ਫੈਲਦੀ ਜਾ ਰਹੀ ਹੈ। ਜੁਲਮ ਵਧ
ਰਹੇ ਹਨ, ਦਿਮਾਗੀ ਤਣਾਓ ਤੇ ਬਿਮਾਰੀਆਂ 'ਚ ਵਾਧਾ
ਹੋਈ ਜਾ ਰਿਹਾ ਹੈ। ਅਜਿਹੀਆਂ
ਹਾਲਤਾਂ ਵਿਚ ਪਰਿਵਾਰ ਜਾਂ ਬੱਚਿਆਂ ਲਈ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜਿਹਦਾ ਅਸਰ ਪਰਿਵਾਰ ਤੇ ਬੱਚਿਆਂ ਦੀ ਜ਼ਿੰਦਗੀ
'ਤੇ ਪੈਂਦਾ ਹੈ। ਇਹ ਨੁਕਸਾਨ ਸਮੁੱਚੇ ਕਿਰਤੀ ਵਰਗ ਨੂੰ ਝੱਲਣਾ ਪੈਂ ਰਿਹਾ ਹੈ। ਇਸ ਸਭ ਕਾਸੇ ਦੇ ਜ਼ਿੰਮੇਵਾਰ, ਵੱਡੇ-ਵੱਡੇ
ਬੈਂਕਰ, ਕਾਰਪੋਰੇਟ ਘਰਾਣੇ, ਵੱਡੇ
ਵਪਾਰੀ ਤੇ ਸਰਮਾਏਦਾਰ ਤਬਕਾ ਤੇ ਸਿਆਸਤਦਾਨ ਹਨ। ਗ਼ਲਤ ਸਮਾਜਿਕ ਕਦਰਾਂ-ਕੀਮਤਾਂ, ਗ਼ਲਤ
ਸਮਾਜਿਕ ਪ੍ਰਬੰਧ ਜ਼ਿੰਮੇਵਾਰ ਹੈ, ਇਸ ਨੂੰ ਬਦਲਣ ਦੀ
ਲੋੜ ਹੈ। ਇਸੇ ਵਿਚ
ਸਮੁੱਚੀ ਮਨੁੱਖਤਾ ਤੇ ਸਾਡੇ ਬੱਚਿਆਂ ਦਾ ਭਲਾ ਹੈ।
ਫੋਨ : 07574136642.
ਫੋਨ : 07574136642.
ਧੰਨਵਾਦ ਸਾਹਿਤ ਅਜੀਤ ਜਲੰਧਰ 24.08.2014 'ਚੋਂ