Sunday, September 25, 2011

ਤਲਾਕਸ਼ੁਦਾ ਮਾਪਿਆਂ ਦੇ ਬੱਚਿਆਂ ਦੀ ਮਾਨਸਿਕ ਸਥਿਤੀ ... - ਹਰਬੀਰ ਸਿੰਘ ਭੰਵਰ

ਪਤੀ ਪਤਨੀ ਦਾ ਰਿਸ਼ਤਾ ਅਤਿ ਹੀ ਨਾਜ਼ਕ ਰਿਸ਼ਤਾ ਹੁੰਦਾ ਹੈ ਜੋ ਆਪਸੀ ਪਿਆਰ ਅਤੇ ਵਿਸ਼ਵਾਸ ਉੱਤੇ ਖੜ੍ਹਾ ਹੁੰਦਾ ਹੈ। ਇਹ ਦੋ ਰੂਹਾਂ ਦਾ ਆਪਸੀ ਪਹਿਚਾਣ ਦਾ ਰਿਸ਼ਤਾ ਹੁੰਦਾ ਹੈ। ਜਿੰਨਾ ਆਪਸੀ ਪਿਆਰ ਅਤੇ ਵਿਸ਼ਵਾਸ ਹੁੰਦਾ ਹੋਏਗਾ, ਉਤਨਾ ਹੀ ਇਹ ਰਿਸ਼ਤਾ ਮਜ਼ਬੂਤ ਹੋਏਗਾ ਅਤੇ ਪਤੀ ਪਤਨੀ ਸਹੀ ਅਰਥਾਂ ਵਿਚ ''ਇਕ ਜੋਤ ਦੋਇ ਮੂਤਰੀ'' ਹੋਣਗੇ ਅਤੇ ਉਨ੍ਹਾਂ ਦੀ ਜ਼ਿੰਦਗੀ ਵਧੇਰੇ ਖੁਸ਼ੀਆਂ ਭਰੀ ਹੋਏਗੀ। ਜੇ ਦੋਨੋਂ ਇਕ ਦੂਜੇ ਦੀ ਆਤਮਾ ਨੂੰ ਪਹਿਚਾਣਦੇ ਹਨ ਅਤੇ ਸੱਚਾ ਪਿਆਰ ਕਰਦੇ ਹਨ ਤਾਂ ''ਯਾਰ ਦੀ ਕੁੱਲੀ'' ਵੀ ਮਹਿਲਾਂ ਨਾਲੋਂ ਚੰਗੀ ਲਗਦੀ ਹੈ ਪਰ ਜੇ ਆਪਸੀ ਪਿਆਰ ਅਤੇ ਵਿਸ਼ਵਾਸ ਨਹੀਂ ਤਾਂ ''ਮਹਿਲ ਮਾੜੀਆਂ'' ਵੀ ਵੱਢਣ ਨੂੰ ਪੈਂਦੇ ਹਨ।

'ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ' --- ਕਹਿੰਦੇ ਹਨ ਕਿ ਸੰਜੋਗ ਤਾਂ ਧੁਰੋਂ ਹੀ ਲਿਖੇ ਹੁੰਦੇ ਹਨ। ਕਿਸੇ ਨੂੰ ਚੰਗਾ ਜੀਵਨ ਸਾਰੀ ਮਿਲ ਜਾਏ ਤਾਂ ਉਸ ਵਰਗਾ ਖੁਸ਼ਕਿਸਮਤ ਕੋਈ ਨਹੀਂ। ਕਹਿੰਦੇ ਹਨ ਕਿ ਚੰਗੀ ਨੌਕਰੀ ਅਤੇ ਚੰਗਾ ਜੀਵਨ ਸਾਥੀ ਕਿਸਮਤ ਨਾਲ ਹੀ ਨਸੀਬ ਹੁੰਦੇ ਹਨ। ਜੀਵਨ ਸਾਥੀ ਚੰਗਾ ਹੈ ਤਾਂ ਔਖ ਸੌਖ ਵੀ ਮਿਲ ਕੇ ਕੱਟੀ ਜਾਂਦੀ ਹੈ। ਜੇਕਰ ਜੀਵਨ ਸਾਥੀ ਮਾੜਾ ਹੈ ਤਾਂ ਚੰਗੀ ਭਲੀ ਜ਼ਿੰਦਗੀ ਨਰਕ ਬਣ ਜਾਂਦੀ ਹੈ।

ਪਹਿਲੇ ਸਮਿਆਂ ਵਿਚ ਵਿਆਹ ਛੋਟੀ ਉਮਰੇ ਕਰ ਦਿੰਦੇ ਸਨ ਅਤੇ ਵਧੇਰੇ ਕਰ ਕੇ ਕੁੜੀ ਮੁੰਡੇ ਦਾ ਵਿਆਹ 18-20 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਹੋ ਜਾਂਦਾ ਸੀ। ਇਸ ਦਾ ਸ਼ਾਇਦ ਕੇਵਲ ਇੱਕੋ ਇੱਕ ਫਾਇਦਾ ਇਹ ਹੁੰਦਾ ਸੀ ਕਿ ਕੁੜੀ ਮੁੰਡਾ ਇਕ ਦੂਜੇ ਦੀਆਂ ਆਦਤਾਂ ਨਾਲ ਆਪਣੇ ਆਪ ਨੂੰ ਐਡਜੈਸਟ ਕਰ ਲੈਂਦੇ ਸਨ। ਅੱਜ ਕੱਲ੍ਹ ਵਿਆਹ ਅਕਸਰ ਪੜ੍ਹਾਈ ਮੁਕੰਮਲ ਹੋਣ ਅਤੇ ਕਿਸੇ ਨੌਕਰੀ 'ਤੇ ਲੱਗਣ ਪਿੱਛੋਂ ਹੀ ਹੁੰਦੇ ਹਨ ਜਦੋਂ ਉਮਰ ਕੁਝ ਵੱਡੀ ਹੋ ਜਾਂਦੀ ਹੈ ਅਤੇ ਆਦਤਾਂ ਪੱਕ ਜਾਂਦੀਆਂ ਹਨ ਅਤੇ ਕਈ ਵਾਰੀ ਸਹਿਣਸ਼ੀਲਤਾ ਵੀ ਘਟ ਜਾਂਦੀ ਹੈ ਜਿਸ ਕਾਰਨ ਘਰ ਵਿਚ ਅਕਸਰ ਛੋਟੀ ਛੋਟੀ ਗੱਲ ਤੋਂ ਗੁੱਸੇ ਗਿਲੇ ਅਤੇ ਲੜਾਈ ਝਗੜੇ ਹੋਣ ਲਗਦੇ ਹਨ। ਪੜ੍ਹਨ ਲਿਖਣ ਨਾਲ ਸ਼ਾਇਦ ਸਮਾਜਿਕ ਸ਼ਿਸ਼ਟਾਚਾਰ ਅਤੇ ਚੱਜ ਵਿਹਾਰ ਤਾਂ ਆ ਜਾਂਦਾ ਹੈ ਪਰ ਲਚਕੀਲਾਪਣ ਘਟ ਜਾਂਦਾ ਹੈ ਅਤੇ ਹਰ ਕੋਈ ਦੂਜੇ ਤੋਂ ਆਪਣੀ ਗੱਲ ਹੀ ਮਨਵਾਉਣਾ ਚਾਹੁੰਦਾ ਹੈ। ਦਰਅਸਲ ਇਹ ਆਪਸੀ ਹਉਮੈ ਦੀ ਲੜਾਈ ਹੁੰਦੀ ਹੈ। ਕਈ ਵਾਰੀ ਸ਼ਖਸੀਅਤਾਂ ਦਾ ਟਕਰਾਓ ਵੀ ਹੋ ਜਾਂਦਾ ਹੈ।

ਅੱਜਕੱਲ੍ਹ ਪਹਿਲੇ ਸਮਿਆਂ ਨਾਲੋਂ ਮੀਆਂ ਬੀਵੀ ਦੇ ਝਗੜੇ ਵਧ ਰਹੇ ਹਨ ਅਤੇ ਅਦਾਲਤਾਂ ਤਲਾਕਾਂ ਦੇ ਮੁਕੱਦਮੇ ਨਾਲ ਭਰੀਆਂ ਪਈਆਂ ਹਨ। ਇਹ ਮੁਕੱਦਮੇ ਕਈ ਵਾਰੀ ਕਈ ਕਈ ਸਾਲ ਚਲਦੇ ਰਹਿੰਦੇ ਹਨ ਅਤੇ ਕੋਈ ਨਿਬੇੜਾ ਨਹੀਂ ਹੁੰਦਾ, ਭਾਵੇਂ ਕਿ ਜੱਜ ਸਾਹਿਬ ਦੋਨਾਂ ਨੂੰ ਸਮਝਾਉਣ ਦਾ ਯਤਨ ਵੀ ਕਰਦੇ ਹਨ। ਹਾਂ, ਤਲਾਕ ਲਈ ਦੋਨਾਂ ਦੀ ਆਪਸੀ ਸਹਿਮਤੀ ਹੋ ਜਾਏ, ਤਾਂ ਫੈਸਲਾ ਛੇਤੀ ਹੋ ਜਾਂਦਾ ਹੈ।

ਮੀਆਂ ਬੀਵੀ ਦਾ ਰਿਸ਼ਤਾ ਇਤਨਾ ਨਾਜ਼ੁਕ ਹੁੰਦਾ ਹੈ ਕਿ ਜ਼ਰਾ ਕੁ ਕਿਸੇ ਵਲੋਂ ਦਖਲ ਅੰਦਾਜ਼ੀ ਹੋਈ ਨਹੀਂ ਤੇ ਇਹ ਰਿਸ਼ਤਾ ਤਿੜਕਿਆਂ ਨਹੀਂ। ਇਹ ਮੁਦਾਲਖਤ ਭਾਵੇਂ ਮੁੰਡੇ ਦੇ ਮਾਪਿਆਂ ਵਲੋਂ ਹੋਵੇ ਅਤੇ ਭਾਵੇਂ ਕੁੜੀ ਦੇ ਮਾਪਿਆਂ ਵਲੋਂ ਜਾਂ ਕਿਸੇ 'ਉਹ' ਜਾਂ ਤੀਜੀ ਧਿਰ ਵਲੋਂ । ਜਦੋਂ ਵੀ ਦੋਨਾਂ ਵਿਚੋਂ ਕਿਸੇ ਦੀ ਦਖਲ ਅੰਦਾਜ਼ੀ ਕਬੂਲ ਕਰ ਲਈ, ਦੂਜਾ ਨਿਰਾਸ਼ ਹੋਵੇਗਾ ਅਤੇ ਪਾੜਾ ਵਧੇਗਾ।

ਤਲਾਕ ਤਕ ਦੀ ਨੌਬਤ ਪਹੁੰਚਣ ਤੋਂ ਪਹਿਲਾਂ ਪਤੀ ਪਤਨੀ ਦਾ ਆਪਸੀ ਪਿਆਰ ਅਤੇ ਵਿਸ਼ਵਾਸ ਤਿੜਕਦਾ ਹੈ ਅਤੇ ਜੇਕਰ ਕੋਈ ਗਿਲਾ ਸ਼ਿਕਵਾ ਜਾਂ ਸ਼ੰਕਾ ਛੇਤੀ ਦੂਰ ਨਾ ਕੀਤਾ ਜਾਏ ਤਾਂ ਪਾੜਾ ਵਧਦਾ ਹੀ ਜਾਂਦਾ ਹੈ। ਤਲਾਕ ਕਿਸੇ ਆਦਮੀ ਅਤੇ ਔਰਤ ਦੀ ਜ਼ਿੰਦਗੀ ਵਿਚ ਬੜਾ ਵੱਡਾ ਮੋੜ ਹੁੰਦਾ ਹੈ। ਦੇਖਣ ਨੂੰ ਇਹ ਕਿਸੇ ਨਾਖੁਸ਼ ਜ਼ਿੰਦਗੀ ਤੋਂ ਛੁਟਕਾਰੇ ਲਈ ਲਿਆ ਗਿਆ ਕਦਮ ਹੁੰਦਾ ਹੈ ਪਰ ਕਈ ਵਾਰੀ ਹਾਲ ਬਿਲਕੁਲ ਹੀ ਉਲਟ ਵੀ ਹੋ ਜਾਂਦਾ ਹੈ। ਇਹ ਤਾਂ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਦੂਜੀ ਸ਼ਾਦੀ ਕਾਮਯਾਬ ਹੋਏਗੀ। ਅਜੇਹੀ ਹਾਲਤ ਵਿਚ ਪਤੀ ਸੋਚਦਾ ਹੈ ਕਿ ਪਹਿਲੀ ਪਤਨੀ ਚੰਗੀ ਸੀ ਤੇ ਪਤਨੀ ਨੂੰ ਜਾਪਦਾ ਹੈ ਕਿ ਪਹਿਲਾ ਪਤੀ ਇਸ ਨਾਲੋਂ ਚੰਗਾ ਸੀ। ਕਈ ਵਾਰੀ ਨਵੇਂ ਸਿਰੇ ਤੋਂ ਜ਼ਿੰਦਗੀ ਖੁਸ਼ੀ ਭਰਪੂਰ ਵੀ ਹੋ ਜਾਂਦੀ ਹੈ।

ਤਲਾਕ ਦਾ ਅਸਰ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਕਈ ਪੱਖਾਂ, ਜਿਵੇਂ ਕਿ ਜਜ਼ਬਾਤਾਂ, ਨੌਕਰੀ, ਪੈਸੇ, ਬੱਚਿਆਂ, ਘਰ, ਸਮਾਜਿਕ ਅਤੇ ਲਿੰਗਕ ਲੋੜਾਂ 'ਤੇ ਵੀ ਪੈਂਦਾ ਹੈ। ਬਹੁਤੇ ਲੋਕ ਤਲਾਕ ਤੋਂ ਪੈਣ ਵਾਲੇ ਪ੍ਰਭਾਵਾਂ ਨੂੰ ਅਗਾਊਂ ਨਹੀਂ ਦੇਖ ਸਕਦੇ ਅਤੇ ਨਾ ਹੀ ਅੰਦਾਜ਼ਾ ਲਗਾ ਸਕਦੇ ਹਨ।

ਕਈ ਵਿਅਕਤੀਆਂ ਲਈ ਤਲਾਕ ਪਿੱਛੋਂ ਜ਼ਿੰਦਗੀ ਬੜੀ ਹੀ ਤਣਾਓ ਭਰੀ ਤੇ ਦੋਜ਼ਖ ਬਣ ਜਾਂਦੀ ਹੈ। ਉਨ੍ਹਾਂ ਪਰਿਵਾਰਾਂ ਲਈ ਜਿਸ ਵਿਚ ਬੱਚੇ ਹੋਣ ਇਹ ਬਹੁਤ ਹੀ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਦਿੰਦੀ ਹੈ। ਬੱਚਿਆਂ ਲਈ ਤਾਂ ਮਾਤਾ ਪਿਤਾ ਦੇ ਤਲਾਕ ਪਿੱਛੋਂ ਦੀ ਜ਼ਿੰਦਗੀ ਬੜੀ ਹੀ ਖੌਫ਼ਨਾਕ ਬਣ ਜਾਂਦੀ ਹੈ ਅਤੇ ਕਈ ਬੱਚੇ ਤਾਂ ਇਸ ਨਾਲੋਂ ਮਰ ਜਾਣ ਨੂੰ ਤਰਜੀਹ ਦਿੰਦੇ ਹਨ। ਉਹ ਗੁੱਸੇ ਅਤੇ ਨਿਰਾਸ਼ਾ ਨਾਲ ਭਰ ਜਾਂਦੇ ਹਨ। ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜਿਆਂ ਹੋਣ ਤਕ ਮਾਤਾ ਪਿਤਾ ਦੋਨਾਂ ਦੇ ਪਿਆਰ ਅਤੇ ਅਗਵਾਈ ਦੀ ਬਹੁਤ ਲੋੜ ਹੁੰਦੀ ਹੈ। ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਮਾਤਾ ਪਿਤਾ ਦੋਨਾਂ ਦੇ ਪਿਆਰ ਅਤੇ ਸਰਪ੍ਰਸਤੀ ਦੀ ਲੋੜ ਹੁੰਦੀ ਹੈ। ਤਲਾਕ ਪਿੱਛੋਂ ਬੱਚੇ ਇਹ ਮਹਿਸੂਸ ਕਰਦੇ ਹਨ ਕਿ ਮਾਤਾ ਪਿਤਾ ਜਾਂ ਦੋਨਾਂ 'ਚੋਂ ਇਕ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ। ਮਾਤਾ ਜਾਂ ਪਿਤਾ ਦੇ ਪਿਆਰ, ਅਗਵਾਈ ਅਤੇ ਕਈ ਵਾਰੀ ਆਰਥਕ ਮਦਦ ਤੋਂ ਤਾਂ ਉਹ ਵਾਂਝੇ ਹੋ ਹੀ ਜਾਂਦੇ ਹਨ। ਉਨ੍ਹਾਂ ਲਈ ਇਹ ਜਜ਼ਬਾਤੀ, ਮਾਨਸਿਕ, ਪਰਿਵਾਰਕ, ਸਮਾਜਿਕ ਅਤੇ ਆਰਥਕ ਸੰਕਟ ਖੜ੍ਹਾ ਹੋ ਜਾਂਦਾ ਹੈ ਜਿਸ ਲਈ ਉਹ ਹਾਲੇ ਤਿਆਰ ਵੀ ਨਹੀਂ ਹੋਏ ਹੁੰਦੇ। ਮੌਤ, ਬਿਮਾਰੀ ਜਾਂ ਕੁਦਰਤੀ ਆਫ਼ਤ ਦੀ ਹਾਲਤ ਵਿਚ ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ, ਗੁਆਂਢੀ ਆਦਿ ਬਿਪਤਾ ਦੇ ਸ਼ਿਕਾਰ ਵਿਅਕਤੀ ਜਾਂ ਬੱਚੇ ਨਾਲ ਹਮਦਰਦੀ ਪ੍ਰਗਟ ਕਰਦੇ ਹਨ, ਪਰ ਤਲਾਕ ਦੀ ਸੂਰਤ ਵਿਚ ਕੋਈ ਕਿਸੇ ਨਾਲ ਹਮਦਰਦੀ ਨਹੀਂ ਕਰਦਾ।

ਤਲਾਕ ਭਾਵੇਂ ਪਤੀ-ਪਤਨੀ ਦੀ ਆਪਸੀ ਸਹਿਮਤੀ ਨਾਲ ਹੀ ਹੋਇਆ ਹੋਏ, ਫਿਰ ਵੀ ਇਹ ਇਕ ਪਾਸੜ ਹੈ ਕਿਉਂਕਿ ਇਹ ਬੱਚਿਆਂ 'ਤੇ ਠੋਸਿਆ ਜਾਂਦਾ ਹੈ। ਇਸੇ ਕਰ ਕੇ ਕਈ ਵਾਰੀ ਬੱਚਿਆਂ ਵਿਚ ਇਹ ਭਾਵਨਾ ਆ ਜਾਂਦੀ ਹੈ ਕਿ ਉਹ ਘਰ ਵਿਚ ਬੇਲੋੜੇ ਹਨ ਜਾਂ ਮਾਤਾ ਪਿਤਾ ਵਿੱਚੋਂ ਇਕ ਉਨ੍ਹਾਂ ਨੂੰ ''ਰੀਜੈਕਟ'' ਕਰ ਰਿਹਾ ਹੈ। ਬੱਚੇ ਲਈ ਇਹ ਫੈਸਲਾ ਕਰਨਾ ਬੜਾ ਔਖਾ ਹੁੰਦਾ ਹੈ ਕਿ ਉਹ ਮਾਂ ਜਾਂ ਪਿਉ ਕਿਸ ਨਾਲ ਰਹੇ। ਅਜਿਹੇ ਮਾਨਸਿਕ ਤਣਾਓ ਵਿਚ ਕਈ ਵਾਰੀ ਉਹ ਮਾਤਾ ਪਿਤਾ ਦੋਨਾਂ ਨੂੰ ਹੀ ਨਫ਼ਰਤ ਕਰਨ ਲਗ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਬੱਚਾ ਪਤੀ ਅਤੇ ਪਤਨੀ ਵਿਚਕਾਰ ਇਕ ਪੁਲ ਹੁੰਦਾ ਹੈ। ਕਈ ਵਾਰੀਂ ਘਰ ਵਿਚ ਪਤੀ ਪਤਨੀ ਕਿਸੇ ਗੱਲੋਂ ਲੜ ਝਗੜ ਪੈਣ ਤਾਂ ਬੱਚਿਆਂ ਰਾਹੀਂ ਹੀ ਇਕ ਦੂਜੇ ਨੂੰ ਕੁਝ ਕਹਿੰਦੇ ਹਨ ਜਾਂ ਪੁੱਛਦੇ ਹਨ। ਤਲਾਕ ਹੋਣ ਸਮੇਂ ਕਈ ਵਾਰੀ ਪਤੀ ਪਤਨੀ ਦੋਵੇਂ ਹੀ ਬੱਚੇ ਨੂੰ ਢਾਲ ਬਣਾ ਕੇ ਵਰਤਦੇ ਹਨ ਅਤੇ ਬੱਚੇ ਨੂੰ ਆਪਣੇ ਆਪਣੇ ਪਾਸ ਰੱਖਣ ਦੀ ਗੱਲ ਕਰਦੇ ਹਨ। ਪਤੀ ਪਤਨੀ ਦੇ ਤਲਾਕ ਤਕ ਦੇ ਝਗੜੇ ਵਿਚ ਬੱਚੇ ਮਾਪਿਆਂ ਨੂੰ ਇਕੱਠਿਆਂ ਰੱਖਣ ਵਿਚ ਬੇਵਸ ਹੋਇਆ ਮਹਿਸੂਸ ਕਰਦੇ ਹਨ। ਤਲਾਕ ਸਮੇਂ ਮਾਪੇ ਬੱਚੇ ਦੀਆਂ ਖਾਹਸ਼ਾਂ ਅਤੇ ਲੋੜਾਂ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੰਦੇ ਹਨ।

ਮਾਪਿਆਂ ਦੇ ਤਲਾਕ ਹੋ ਜਾਣ ਪਿੱਛੋਂ ਬੱਚੇ ਅਕਸਰ ਇਕੱਲ ਅਤੇ ਸੁੰਨਾਪਣ ਮਹਿਸੂਸ ਕਰਦੇ ਹਨ। ਅਜਿਹੀ ਮਾਨਸਿਕ ਸਥਿਤੀ ਵਿਚ ਉਨ੍ਹਾਂ ਨੂੰ ਆਪਣੇ ਮਾਤਾ ਪਿਤਾ ਦੋਹਾਂ ਉੱਤੇ ਬੜਾ ਗੁੱਸਾ ਆਉਂਦਾ ਹੈ ਕਿਉਂਕਿ ਉਹ ਇਹ ਤ੍ਰਾਸਦੀ ਜਾਂ ਦੁਖਾਂਤ ਝੱਲਣ ਦੇ ਅਸਮਰਥ ਹੁੰਦੇ ਹਨ। ਇਕ ਸਹਿਮ ਉਨ੍ਹਾਂ ਅੰਦਰ ਬੈਠ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਅਸਲ ਵਿਚ ਮਾਪਿਆਂ ਦੇ ਤਲਾਕ ਦੀ ਕੀਮਤ ਬੱਚਿਆਂ ਨੂੰ ਤਾਰਨੀ ਪੈਂਦੀ ਹੈ ਅਤੇ ਮਾਤਾ ਪਿਤਾ ਦੀਆਂ ਬੇਵਕੂਫੀਆਂ ਅਤੇ ਲੜਾਈ ਦੀ ਸਜ਼ਾ ਵੀ ਉਨ੍ਹਾਂ ਨੂੰ ਹੀ ਭੁਗਤਣੀ ਪੈਂਦੀ ਹੈ। ਮਾਪੇ ਤਲਾਕ ਲੈਣ ਤੋਂ ਪਹਿਲਾਂ ਅਕਸਰ ਬੱਚਿਆਂ ਨੂੰ ਹੋਸ਼ ਆ ਚੁੱਕੀ ਹੈ। ਬੱਚਿਆਂ ਨੂੰ ਕਦੀ ਵੀ ਬੱਚੇ ਨਹੀਂ ਸਮਝਣਾ ਚਾਹੀਦਾ, ਦਰਅਸਲ ਉਨ੍ਹਾਂ ਨੂੰ ਮਾਪਿਆਂ ਦੀ ਹਰ ਗੱਲ ਦਾ ਪਤਾ ਹੁੰਦਾ ਹੈ, ਭਾਵੇਂ ਉਨ੍ਹਾਂ ਨੂੰ ਇਹ ਪ੍ਰਗਟ ਕਰਨ ਦੀ ਸਮਰੱਥਾ ਹਾਲੇ ਨਾ ਹੋਵੇ। ਇਸ ਲਈ ਪਤੀ ਪਤਨੀ ਨੂੰ ਤਲਾਕ ਲੈਣ ਤੋਂ ਪਹਿਲਾਂ ਬੱਚਿਆ ਨਾਲ ਹਰ ਗੱਲ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਕਿ ਬੱਚੇ ਪਰਿਵਾਰ ਟੁੱਟਣ ਤੋਂ ਬਚਾ ਲੈਣ। ਘੱਟੋ ਘੱਟ ਉਹ ਇਸ ਦੁਖਦਾਈ ਸਥਿਤੀ ਲਈ ਸ਼ਾਇਦ ਕਿਸ ਹੱਦ ਤਕ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਤਿਆਰ ਕਰ ਲੈਣ ਅਤੇ ਤਲਾਕ ਹੋਣ ਦੀ ਸੂਰਤ ਵਿਚ ਮਾਤਾ ਜਾਂ ਪਿਤਾ (ਜਿਸ ਤੋਂ ਬੱਚੇ ਨੂੰ ਦੂਰ ਰਹਿਣਾ ਪਏ) ਬਹੁਤੀ ਨਫ਼ਰਤ ਨਾ ਕਰੇ ਅਤੇ ਹੋ ਸਕਦਾ ਹੈ ਕਿ ਤਲਾਕ ਪਿੱਛੋਂ ਵੀ ਉਨ੍ਹਾਂ ਨੂੰ ਇਕੱਠਿਆਂ, ਘੱਟੋ ਘੱਟ ਬੱਚੇ ਸਬੰਧੀ ਕਿਸੇ ਮਹੱਤਪੂਰਨ ਮੌਕੇ ਸਮੇਂ ਇਕੱਠਿਆਂ ਕਰ ਸਕੇ।

ਤਲਾਕਸ਼ੁਦਾ ਮਾਪਿਆਂ ਦੇ ਬੱਚਿਆਂ ਬਾਰੇ ਖੋਜ ਭਰਪੂਰ ਪੁਸ਼ਤਕ 'ਸੈਕੰਡ ਚਾਂਸ' ਦੇ ਦੋ ਵਿਦਵਾਨ ਲੇਖਕਾਂ Wallerstein and Blakeslee ਨੇ ਲਿਖਿਆ ਹੈ ਕਿ ਕੋਈ ਵੀ ਵਿਅਕਤੀ ਤਲਾਕ ਦਾ ਬੱਚਿਆ 'ਤੇ ਪੈਣ ਵਾਲੇ ਪ੍ਰਭਾਵ ਨੂੰ ਅਗਾਊਂ ਨਹੀਂ ਵੇਖ ਸਕਦਾ ਅਤੇ ਅੰਦਾਜ਼ਾ ਵੀ ਨਹੀਂ ਲਗਾ ਸਕਦਾ (ਜਿਹੜੇ ਪਤੀ ਪਤਨੀ ਤਲਾਕ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ)। ਇਹ ਪ੍ਰਭਾਵ ਉਨ੍ਹਾਂ ਨੇ 10 ਤੋਂ 20 ਵਰ੍ਹਿਆਂ ਦੇ 131 ਬੱਚਿਆਂ ਉਤੇ ਤਲਾਕ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਖੋਜ ਕਰ ਕੇ ਸਿੱਟਾ ਕੱਢਿਆ ਹੈ। ਇਨ੍ਹਾਂ ਸਾਰੇ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਤਲਾਕ ਹੋਣ ਤੋਂ ਪਹਿਲਾਂ ਅਤੇ ਪਿੱਛੋਂ ਦੀਆਂ ਸਾਰੀਆਂ ਦੁਖਦਾਈ ਗੱਲਾਂ ਕਦੀ ਨਹੀਂ ਭੁਲਦੀਆਂ, ਇੱਥੋਂ ਤਕ ਕਿ ਕਈ ਦਹਾਕਿਆਂ ਪਿੱਛੋਂ ਵੀ ਨਹੀਂ। ਮਾਤਾ ਪਿਤਾ ਦਾ ਤਲਾਕ ਉਨ੍ਹਾਂ ਦੇ ਜੀਵਨ ਉੱਤੇ ਨਾ ਮਿੱਟ ਸਕਣ ਵਾਲਾ ਪ੍ਰਭਾਵ ਛੱਡ ਗਿਆ। ਕਈ ਬੱਚੇ ਮਹਿਸੂਸ ਕਰਦੇ ਹਨ ਕਿ ਉਹ ਕਿਸੇ ਵੱਡੀ ਟ੍ਰੈਜਡੀ ਦੀ ਉਪਜ ਹਨ। ਇਕ ਨੌਜਵਾਨ ਲੜਕੀ ਨੇ ਆਪਣੇ ਮਾਪਿਆਂ ਦੇ ਤਲਾਕ ਦੇ 15 ਵਰ੍ਹੇ ਪਿੱਛੋਂ ਵੀ ਕਿਹਾ ਕਿ ਉਹ ਆਪਣੀ ਸ਼ਾਦੀ ਦੇਰ ਨਾਲ ਅਤੇ ਬੜੀ ਸੋਚ ਵਿਚਾਰ ਪਿੱਛੋਂ ਹੀ ਕਰੇਗੀ ਅਤੇ ਵਿਆਹ ਹੋ ਜਾਣ ਪਿੱਛੋਂ ਵੀ ਉਤਨੀ ਦੇਰ ਕਿਸੇ ਬੱਚੇ ਨੂੰ ਜਨਮ ਨਹੀਂ ਦੇਵੇਗੀ ਜਦੋਂ ਤਕ ਉਹ ਆਪਣੇ ਵਿਆਹੁਤਾ ਜੀਵਨ ਵਿਚ ਪੂਰੀ ਤਰ੍ਹਾਂ ਸਥਾਪਤ ਨਹੀਂ ਹੋ ਜਾਂਦੀ। ਉਸ ਦਾ ਕਹਿਣਾ ਸੀ, ''ਤੁਸੀਂ ਵਿਆਹ ਤੋੜ ਸਕਦੇ ਹੋ ਪਰ ਤੁਸੀਂ ਇਕ ਪਰਿਵਾਰ ਨਹੀਂ ਤੋੜ ਸਕਦੇ।'' ਪਰਿਵਾਰ ਸਹੀ ਅਰਥਾਂ ਵਿਚ ਬੱਚਿਆਂ ਨਾਲ ਹੀ ਬਣਦਾ ਹੈ।

ਕਈ ਬੱਚੇ ਆਪਣੇ ਮਾਪਿਆਂ ਦੇ ਤਲਾਕ ਦੇ 10-15 ਵਰ੍ਹਿਆਂ ਪਿੱਛੋਂ ਵੀ ਸੁੱਤੇ ਸੁੱਤੇ ਪਏ ਡਰ ਕੇ ਉੱਠ ਖੜੋਂਦੇ ਹਨ। ਉਨ੍ਹਾਂ ਨੂੰ ਮਾਤਾ ਪਿਤਾ ਦੀ ਲੜਾਈ ਝਗੜੇ ਦੀਆਂ ਗੱਲਾਂ ਅਤੇ ਘਰ ਵਿਚ ਪਏ ਕਲੇਸ਼ ਤੇ ਚੀਕ ਚਿਹਾੜੇ ਦੀਆਂ ਯਾਦਾਂ ਸਤਾਂਦੀਆਂ ਹਨ। ਕਈ ਬੱਚੇ ਆਪਣੇ ਅੱਲ੍ਹੜਪਨ ਜਾਂ ਜਵਾਨੀ ਦੀ ਉਮਰ ਵਿਚ ਦਾਖਲ ਹੋਣ ਪਿੱਛੋਂ ਵੀ ਆਪਣੇ ਮਾਪਿਆਂ ਪ੍ਰਤੀ ਗੁੱਸੇ ਅਤੇ ਨਫ਼ਰਤ ਨੂੰ ਨਹੀਂ ਘਟਾ ਸਕੇ। ਇਕ ਮਸਫੁੱਟ ਮੁੰਡੇ ਨੇ ਕਿਹਾ, ''ਮੇਰਾ ਡੈਡੀ ਬੜਾ ਹੀ ਗੈਰ-ਜ਼ਿੰਮੇਵਾਰ ਸੀ। ਮੈਨੂੰ ਅਜੇਹੀ ਗੈਰ-ਜ਼ਿਮੇਦਾਰੀ ਕਿਸੇ ਵੀ ਮਨੁੱਖ ਵਿਚ ਚੰਗੀ ਨਹੀਂ ਲਗਦੀ।'' ਕਈ ਬੱਚੇ ਆਪਣੇ ਮਾਤਾ ਪਿਤਾ ਦੋਨਾਂ ਨਾਲ ਨਾਰਾਜ਼ ਸਨ।

ਕਈ ਬੱਚੇ ਮਨੋਵਿਗਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਗਏ। ਉਹ ਆਪਣੇ ਮਾਤਾ ਪਿਤਾ ਦੋਨਾਂ ਨੂੰ ਕਦੀ ਵੀ ਮੁਆਫ਼ ਨਹੀਂ ਕਰ ਸਕੇ। ਅਜਿਹੀ ਸਥਿਤੀ ਵਿਚ ਬੱਚੇ ਆਵਾਰਾਗਰਦ, ਝਗੜਾਲੂ ਜਾਂ ਛੋਟੀ ਮੋਟੀ ਚੋਰੀ ਕਰਨ ਦਾ ਅਪਰਾਧ ਕਰਨ ਲੱਗ ਜਾਂਦੇ ਹਨ। ਕਈ ਬੱਚੇ ਵਿਆਹ ਨੂੰ ਵੀ ਨਫਰਤ ਕਰਨ ਲੱਗੇ।

ਤਲਾਕ ਪਿੱਛੋਂ ਕਈ ਬੱਚਿਆਂ ਉਤੇ ਬਾਕੀ ਪਰਿਵਾਰ (ਮਾਤਾ ਜਾਂ ਛੋਟੇ ਭੈਣ ਭਰਾ) ਦਾ ਭਾਰ ਆ ਪਿਆ ਤੇ ਬਚਪਨ ਵਿਚ ਹੀ ਉਨ੍ਹਾਂ ਨੂੰ ਵਡੇਰਿਆਂ ਦੀਆਂ ਜ਼ਿੰਮੇਵਾਰੀਆਂ ਆ ਪਈਆਂ ਜਿਸ ਕਾਰਨ ਉਨ੍ਹਾਂ ਨੂੰ ਪੈਸੇ ਕਮਾਉਣ ਲਈ ਦੂਜਿਆਂ ਦੇ ਘਰਾਂ ਵਿਚ ਬਰਤਨ ਮਾਂਜਣ, ਖਾਣਾ ਪਕਾਉਣ, ਸਫਾਈ ਕਰਨ ਜਾਂ ਘਰੇਲੂ ਨੌਕਰ ਆਦਿ ਦਾ ਕੰਮ ਕਰਨਾ ਪਿਆ। ਬੱਚਿਆਂ ਨੇ ਇਸ ਆ ਪਈ ਮੁਸੀਬਤ ਨੂੰ ਪਸੰਦ ਨਹੀਂ ਕੀਤਾ। ਕਈ ਬੱਚਿਆਂ ਨੂੰ ਆਪਣੀ ਪੜ੍ਹਾਈ ਅਧੂਰੀ ਛੱਡਣੀ ਪਈ। ਜ਼ਿੰਦਗੀ ਉਨ੍ਹਾਂ ਲਈ ਮੁਸੀਬਤ ਬਣ ਗਈ।

ਇਨ੍ਹਾਂ ਵਿਦਵਾਨ ਲੇਖਕਾਂ ਅਨੁਸਾਰ ਕੁਝ ਬੱਚੇ ਮਾਪਿਆਂ ਦੇ ਤਲਾਕ ਜਾਂ ਵੱਖ ਹੋ ਜਾਣ ਦੇ ਬਾਵਜੂਦ ਬੜੇ ਹੌਸਲੇ ਵਾਲੇ ਵੀ ਨਿਕਲੇ (ਉਨ੍ਹਾਂ ਨੇ ਜ਼ਿੰਦਗੀ ਦੇ ਚੈਲੰਜ ਨੂੰ ਕਬੂਲ ਕੀਤਾ) ਅਤੇ ਬੜੇ ਕਾਬਲ ਬਣੇ। ਉਨ੍ਹਾਂ ਸਾਰੇ ਧਿਆਨ ਨਾਲ ਆਪਣੀ ਪਾਲਣਾ ਪੋਸ਼ਣਾ ਖੁਦ ਹੀ ਕੀਤੀ। ਸਮਾਜ ਵਿਚ ਆਪਣੀ ਥਾਂ ਬਣਾਈ।

ਆਮ ਤੌਰ 'ਤੇ ਤਲਾਕ ਪਿੱਛੋਂ ਮੁੰਡਿਆਂ ਨੂੰ ਬਹੁਤੀਆਂ ਮੁਸ਼ਕਲਾਂ ਸਹਿਣੀਆਂ ਪਈਆਂ। ਅਕਸਰ ਬੱਚੇ ਮਾਤਾ ਪਿਤਾ ਦੇ ਤੋੜ-ਵਿਛੋੜੇ ਪਿੱਛੋਂ ਆਪਣੀ ਮਾਂ ਪਾਸ ਰਹਿੰਦੇ ਹਨ। ਪਿਤਾ ਦੀ ਗੈਰ ਹਾਜ਼ਰੀ ਮੁੰਡਿਆਂ ਨੂੰ ਰਹਿਨੁਮਾਈ ਅਤੇ ਇਕ ਸਾਥੀ ਦੀ ਘਾਟ ਹਮੇਸ਼ਾ ਖਟਕਦੀ ਰਹਿੰਦੀ ਹੈ। ਦੋਨਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਤਲਾਕਸ਼ੁਦਾ ਮਾਪਿਆਂ ਦੇ ਬੱਚਿਆਂ ਦੇ ਦੁੱਖ-ਦਰਦ ਨੂੰ ਦੂਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਕੁਝ ਘਟਾਇਆ ਜਾ ਸਕਦਾ ਹੈ। ਤਲਾਕ ਲੈਣ ਤੋਂ ਪਹਿਲਾਂ ਬੱਚਿਆਂ ਨੂੰ ਸਾਰੀ ਗੱਲ ਸਮਝਾ ਦੇਣੀ ਚਾਹੀਦੀ ਹੈ ਕਿ ਉਹ ਇਕੱਠੇ ਨਹੀਂ ਰਹਿ ਸਕਦੇ। ਚੰਗਾ ਇਹ ਹੋਏ ਕਿ ਬੱਚਿਆਂ ਨੂੰ ਇਕੱਠਿਆਂ ਕਰ ਕੇ ਇਹ ਦੁਖਦਾਈ ਖਬਰ (ਤਲਾਕ) ਦੱਸੀ ਜਾਏ। ਬੱਚਿਆਂ ਦੀ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਜਾਏ। ਬੱਚਿਆਂ ਨੂੰ ਇਹ ਵਿਸ਼ਵਾਸ ਦੁਆਇਆ ਜਾਏ ਕਿ ਵੱਖ ਵੱਖ ਹੋ ਕੇ ਵੀ ਮਾਤਾ-ਪਿਤਾ ਉਨ੍ਹਾਂ ਦੀ ਹਰ ਜ਼ਰੂਰਤ ਦਾ ਪੂਰਾ ਪੂਰਾ ਖਿਆਲ ਰੱਖਣਗੇ ਅਤੇ ਤਲਾਕ ਦੇ ਮਤਲਬ ਉਨ੍ਹਾਂ ਨੂੰ ਦੁੱਖੀ ਕਰਨਾ ਨਹੀਂ, ਸਗੋਂ ਹਾਲਾਤ ਦੀ ਮਜਬੂਰੀ ਹੈ। ਆਪਣੇ ਇਸ ਪਰਿਵਾਰ ਦੇ ਟੁੱਟਣ ਉਤੇ ਮਾਪਿਆਂ ਨੂੰ ਵੀ ਬੱਚਿਆਂ ਦੇ ਦੁੱਖ ਵਿਚ ਸ਼ਾਮਲ ਹੋਣਾ ਚਾਹੀਦਾ ਹੈ।

ਭਾਵੇਂ ਬੱਚਿਆਂ ਉੱਤੇ ਤਲਾਕ ਕਾਰਨ ਮਾਨਸਿਕ, ਆਰਥਕ, ਸਮਾਜਿਕ ਅਤੇ ਹੋਰ ਕਈ ਪ੍ਰਭਾਵ ਪੈਣੇ ਕੁਦਰਤੀ ਹਨ, ਬੱਚਿਆਂ ਨੂੰ ਬਹਾਦਰ ਬਣ ਕੇ ਹਾਲਾਤ ਦਾ ਸਾਹਮਣਾ ਕਰਨ ਲਈ ਪ੍ਰੇਰਿਆ ਜਾਏ। ਬੱਚਿਆਂ ਦੀ ਸਲਾਹ ਨਾਲ ਮਾਪੇ ਬੱਚੇ ਨੂੰ ਇਹ ਵੀ ਯਕੀਨ ਦੁਆਉਣ ਕਿ ਤਲਾਕ ਦਾ ਮਤਲਬ ਬੱਚਿਆਂ ਨਾਲ ਰਿਸ਼ਤਾ ਖਤਮ ਕਰਨਾ ਨਹੀਂ, (ਸਗੋਂ ਕੇਵਲ ਪਤੀ ਪਤਨੀ ਦਾ ਰਿਸ਼ਤਾ ਟੁੱਟਣਾ ਹੈ) ਅਤੇ ਉਹ ਬੱਚੇ ਨਾਲ ਆਪਣਾ ਆਪਣਾ ਰਿਸ਼ਤਾ ਅਤੇ ਪਿਆਰ ਕਾਇਮ ਰੱਖਣਗੇ। ਪਤੀ ਪਤਨੀ ਇਕ ਦੂਜੇ ਤੋਂ ਤਲਾਕ ਨਹੀਂ ਦੇ ਰਹੇ। ਇਸ ਤਰ੍ਹਾਂ ਬੱਚਿਆਂ ਦਾ ਦੁੱਖ-ਦਰਦ ਕੁਝ ਘੱਟ ਕੀਤਾ ਜਾ ਸਕਦਾ ਹੈ। ਭਾਰਤ ਵਿਚ ਜਿੱਥੇ ਬੱਚਿਆਂ ਨੂੰ ਆਪਣੇ ਦਾਦਾ-ਦਾਦੀ, ਨਾਨਾ ਨਾਨੀ ਜਾਂ ਚਾਚੇ-ਤਾਇਆਂ ਤੋਂ ਮਦਦ ਮਿਲਦੀ ਨੂੰ ਜ਼ਰਾ ਸੌਖ ਨਾਲ ਬਰਦਾਸ਼ਤ ਕਰ ਲੈਂਦੇ ਹਨ ਪਰ ਮਾਨਸਿਕ ਅਤੇ ਜਜ਼ਬਾਤੀ ਨੁਕਸਾਨ ਦੀ ਪੂਰਤੀ ਫਿਰ ਵੀ ਔਖੀ ਹੁੰਦੀ ਹੈ।

ਇਸ ਤਰ੍ਹਾਂ ਦੇ ਅਨੇਕਾਂ ਟੁੱਟੇ ਹੋਏ ਪਰਿਵਾਰ ਸਾਡੇ ਆਸ ਪਾਸ ਹਨ ਜਿੱਥੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਲੜਾਈ ਅਤੇ ਤਲਾਕ ਦੀ ਕਰੜੀ ਸਜ਼ਾ ਭੁਗਤਣੀ ਪੈ ਰਹੀ ਹੈ। ਇਨ੍ਹਾਂ ਬੱਚਿਆਂ ਦਾ ਕਈ ਵਾਰੀ ਮਾਨਸਿਕ ਤਣਾਅ ਕਾਰਨ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਪੂਰੀ ਤਰ੍ਹਾਂ ਨਹੀਂ ਹੁੰਦਾ।

ਤਲਾਕ ਜ਼ਿੰਦਗੀ ਦਾ ਬੜਾ ਹੀ ਅਸੁਖਾਵਾਂ ਕਦਮ ਹੈ। ਜਿੱਥੋਂ ਤਕ ਹੋ ਸਕੇ ਪਤੀ-ਪਤਨੀ ਨੂੰ ਆਪਣੇ ਬੱਚਿਆਂ ਦੀ ਖਾਤਰ ਆਪਣੇ ਮਤਭੇਦ ਦੂਰ ਕਰਨੇ ਚਾਹੀਦੇ ਹਨ। ਮਾਪਿਆਂ ਨੂੰ ਵੀ ਆਪਣੇ ਜਵਾਨ ਬੱਚਿਆਂ ਦੀ ਸ਼ਾਦੀ ਕਰਨ ਸਮੇਂ ਬੱਚਿਆਂ ਦੀ ਪੂਰੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਆਖਰ ਆਪਣੇ ਬਣਨ ਵਾਲੇ ਜੀਵਨ ਸਾਥੀ ਨਾਲ ਜ਼ਿੰਦਗੀ ਤਾਂ ਉਨ੍ਹਾਂ ਹੀ ਕੱਟਣੀ ਹੈ। ਪਤੀ-ਪਤਨੀ ਵਿਚ ਮੱਤਭੇਦ ਉੱਭਰਦੇ ਹਨ ਤਾਂ ਪਹਿਲੀ ਸਟੇਜ 'ਤੇ ਹੀ ਉਨ੍ਹਾਂ ਦੋਨਾਂ ਦੇ ਮਾਪਿਆਂ ਅਤੇ ਭੈਣ ਭਰਾਵਾਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇਹ ਦੂਰ ਕਰਾਉਣੇ ਚਾਹੀਦੇ ਹਨ।
# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ।
ਮੋ: 98762-95829
ਧੰਨਵਾਦ ਸਾਹਿਤ likhari.org 'ਚੋਂ 13 ਸਤੰਬਰ 2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms