Tuesday, August 2, 2011

ਬੱਚਿਆਂ ਨੂੰ ਦਿਓ ਚੰਗੇ ਸੰਸਕਾਰ - ਸੋਨੂੰ ਮਲਹੋਤਰਾ

ਕਈ ਵਾਰ ਦੇਖਣ 'ਚ ਆਇਆ ਹੈ ਕਿ ਮਾਤਾ-ਪਿਤਾ ਵਲੋਂ ਬੱਚਿਆਂ ਦੀ ਦੇਖਭਾਲ ਕਰਨ ਦੇ ਬਾਵਜੂਦ ਉਹ ਵਿਗੜ ਜਾਂਦੇ ਹਨ ਅਤੇ ਖ਼ਾਸ ਕਰਕੇ ਮਾਂ ਨੂੰ ਲੱਗਦਾ ਹੈ ਕਿ ਉਸ ਵਲੋਂ ਪਾਲਣ-ਪੋਸ਼ਣ 'ਚ ਕਿਤੇ ਕਮੀ ਰਹਿ ਗਈ ਹੈ। ਨੀਤੂ ਦੇ ਇਕ ਪੁੱਤਰ ਅਤੇ ਇਕ ਧੀ ਹਨ, ਜੋ ਵਧੀਆ ਪਬਲਿਕ ਸਕੂਲ ਵਿਚ ਪੜ੍ਹਦੇ ਹਨ, ਪਰ ਜਦੋਂ ਦੇਖੋ ਦੋਵੇਂ ਲੜਦੇ ਹੀ ਰਹਿੰਦੇ ਹਨ, ਜਿਵੇਂ ਕਿ ਇਕ-ਦੂਜੇ ਦੇ ਕੱਟੜ੍ਹ ਦੁਸ਼ਮਣ ਹੋਣ। ਲੜਾਈ 'ਚ ਉਹ ਇੰਨਾ ਸਮਾਂ ਬਿਤਾ ਦਿੰਦੇ ਹਨ ਕਿ ਪੜ੍ਹਨ ਵਿਚ ਵੀ ਉਨ੍ਹਾਂ ਦੀ ਦਿਲਚਸਪੀ ਖ਼ਤਮ ਹੁੰਦੀ ਜਾ ਰਹੀ ਹੈ।

ਨੀਤੂ ਦੀ ਹਰ ਵੇਲੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਦੋਵਾਂ ਵਿਚਾਲੇ ਪਿਆਰ ਅਤੇ ਸ਼ਾਂਤੀ ਕਾਇਮ ਰੱਖ ਸਕੇ। ਉਸ ਨੇ ਤਾਂ ਇਹ ਸੋਚ ਕੇ ਕਿ ਕਿਤੇ ਉਸ ਦੇ ਬੱਚਿਆਂ ਨੂੰ ਇੰਝ ਨਾ ਲੱਗੇ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਵੱਲ ਪੂਰਾ ਧਿਆਨ ਨਹੀਂ ਦਿੰਦੀ, ਉਸ ਨੇ ਨੌਕਰੀ ਛੱਡ ਦਿੱਤੀ। ਆਪਣਾ ਸਾਰਾ ਧਿਆਨ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਵਿਚ ਲਗਾਇਆ, ਪਰ ਅੱਜ ਉਹ ਸਿਰਫ਼ ਇਹ ਸੋਚਦੀ ਰਹਿੰਦੀ ਹੈ ਕਿ ਉਸ ਕੋਲੋਂ ਕਿੱਥੇ ਗਲਤੀ ਹੋ ਗਈ। ਕੀ ਤੁਸੀਂ ਵੀ ਅਜਿਹਾ ਮਹਿਸੂਸ ਕਰ ਰਹੇ ਹੋ। ਜੇਕਰ ਹਾਂ ਤਾਂ ਕੁਝ ਟਿੱਪਸ ਤੁਹਾਡੇ ਲਈ ਦਿੱਤੇ ਗਏ ਹਨ :

੦ ਬੱਚੇ ਨੂੰ ਹਰ ਵੇਲੇ ਆਰਡਰ ਦੇਣ ਦੀ ਕੋਸ਼ਿਸ਼ ਨਾ ਕਰੋ, ਜਿਵੇਂ ਕਿ ਜ਼ਿਆਦਾਤਰ ਮਾਵਾਂ ਕਰਦੀਆਂ ਨਜ਼ਰ ਆਉਂਦੀਆਂ ਹਨ, 'ਇੰਝ ਨਾ ਕਰ', 'ਠੀਕ ਤਰ੍ਹਾਂ ਬੈਠ', 'ਉਸ ਨਾਲ ਗੱਲ ਨਾ ਕਰ', 'ਜ਼ਿੱਦ ਨਾ ਕਰ' ਅਤੇ 'ਪੜ੍ਹ ਕਿਉਂ ਨਹੀਂ ਰਿਹਾ'। ਤੁਹਾਡੇ ਨਿਰਦੇਸ਼ਾਂ ਦੀ ਲਿਸਟ ਜਿੰਨੀ ਘੱਟ ਹੋਵੇ, ਓਨਾ ਹੀ ਚੰਗਾ ਹੈ, ਨਹੀਂ ਤਾਂ ਬੱਚਾ ਠੀਕ ਮਹਿਸੂਸ ਨਹੀਂ ਕਰੇਗਾ।

੦ ਬੱਚੇ ਨੂੰ ਚੰਗੀਆਂ ਗੱਲਾਂ ਸਮਝਾਉਣੀਆਂ ਜ਼ਰੂਰੀ ਹਨ, ਇਸ ਲਈ ਅਜਿਹਾ ਮੌਕਾ ਲੱਭੋ ਜਦੋਂ ਬੱਚਾ ਚੰਗੇ ਮੂਡ ਵਿਚ ਹੋਵੇ ਅਤੇ ਚੰਗੇ ਮੂਡ ਲਈ ਉਸ ਨੂੰ ਕਿਤੇ ਘੁੰਮਾਉਣ ਲਈ ਲੈ ਜਾਓ ਅਤੇ ਰਸਤੇ 'ਚ ਪਿਆਰ ਨਾਲ ਸਮਝਾਓ ਕਿ ਜੇਕਰ ਉਹ ਚੰਗੀਆਂ ਗੱਲਾਂ ਸਿੱਖੇਗਾ ਤਾਂ ਸਭ ਉਸ ਨੂੰ ਪਿਆਰ ਕਰਨਗੇ।

੦ ਆਪਣੇ ਬੱਚੇ ਦੀ ਬੁਰਾਈ ਕਦੇ ਵੀ ਉਸ ਦੇ ਦੋਸਤਾਂ ਸਾਹਮਣੇ ਨਾ ਕਰੋ, ਨਹੀਂ ਤਾਂ ਉਸ ਦੇ ਦੋਸਤ ਉਸ ਦਾ ਮਜ਼ਾਕ ਉਡਾਉਣਗੇ ਅਤੇ ਉਹ ਬੁਰਾ ਮਹਿਸੂਸ ਕਰੇਗਾ। ਇਸ ਤਰ੍ਹਾਂ ਉਹ ਤੁਹਾਡੇ 'ਤੇ ਆਪਣਾ ਗੁੱਸਾ ਵੀ ਕੱਢ ਸਕਦਾ ਹੈ।

੦ ਜੇਕਰ ਤੁਸੀਂ ਬੱਚੇ ਦੀ ਪੜ੍ਹਾਈ ਪ੍ਰਤੀ ਗੰਭੀਰ ਹੋ ਤਾਂ ਉਸ ਦੇ ਮਨੋਰੰਜਨ ਦਾ ਵੀ ਧਿਆਨ ਰੱਖੋ, ਉਸ ਨਾਲ ਕੋਈ ਗੇਮ ਖੇਡੋ। ਉਸ ਨੂੰ ਹਫ਼ਤੇ ਵਿਚ ਇਕ ਵਾਰ ਘੁੰਮਾਉਣ ਲਈ ਲੈ ਕੇ ਜਾਓ।

੦ ਜ਼ਿਆਦਾਤਰ ਬੱਚੇ ਉਠਣ ਵਿਚ ਪ੍ਰੇਸ਼ਾਨ ਕਰਦੇ ਹਨ ਅਤੇ ਤੁਸੀਂ ਵੀ ਖਿੱਝ ਕੇ ਉਨ੍ਹਾਂ ਨੂੰ ਕੀ-ਕੁਝ ਨਹੀਂ ਆਖ ਦਿੰਦੇ। ਸਵੇਰ ਵੇਲੇ ਬੱਚੇ ਨੂੰ ਪਿਆਰ ਨਾਲ ਉਠਾਉਣ ਦੀ ਕੋਸ਼ਿਸ਼ ਕਰੋ। ਸਵੇਰ ਦੀ ਸ਼ੁਰੂਆਤ ਹੀ ਜੇਕਰ ਤੁਸੀਂ ਝਿੜਕਾਂ ਨਾਲ ਕਰੋਗੇ ਤਾਂ ਬੱਚਾ ਵੀ ਖਿੱਝ ਜਾਵੇਗਾ।

੦ ਬੱਚੇ ਨਾਲ ਬਹੁਤ ਦੇਰ ਤੱਕ ਨਾਰਾਜ਼ ਨਾ ਰਹੋ ਅਤੇ ਇਕ ਦਿਨ ਦੀ ਨਾਰਾਜ਼ਗੀ ਨੂੰ ਅਗਲੇ ਦਿਨ ਤੱਕ ਖਿੱਚਣ ਦੀ ਕੋਸ਼ਿਸ਼ ਨਾ ਕਰੋ।

੦ ਬੱਚਿਆਂ ਵਿਚਾਲੇ ਵਿਤਕਰਾ ਬਿਲਕੁਲ ਨਾ ਕਰੋ। ਅਜਿਹਾ ਨਾ ਕਰੋ ਕਿ ਬੇਟੇ ਨੂੰ ਵਧੇਰੇ ਪਿਆਰ ਅਤੇ ਧੀ ਨੂੰ ਕੋਈ ਮਹੱਤਵ ਹੀ ਨਾ ਦਿੱਤਾ ਜਾਵੇ। ਇਸ ਤਰ੍ਹਾਂ ਉਨ੍ਹਾਂ ਦੇ ਆਪਸੀ ਰਿਸ਼ਤੇ 'ਚ ਕਟਵਾਹਟ ਪੈਦਾ ਹੋ ਜਾਵੇਗੀ, ਕਿਉਂਕਿ ਇਕ ਬੱਚੇ ਨੂੰ ਲੱਗੇਗਾ
ਕਿ ਤੁਸੀਂ ਬੱਚੇ ਕਾਰਨ ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਹੋ।

੦ ਕਦੇ ਵੀ ਇਕ ਬੱਚੇ ਦਾ ਗੁੱਸਾ ਦੂਜੇ 'ਤੇ ਨਾ ਕੱਢੋ।

੦ ਬੱਚਿਆਂ ਪ੍ਰਤੀ ਤੁਹਾਡਾ ਰਵੱਈਆ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਉਹ ਤੁਹਾਡੇ ਕੋਲੋਂ ਡਰਨ ਅਤੇ ਸਹਿਮੇ ਰਹਿਣ। ਅਜਿਹੇ ਡਰੇ-ਸਹਿਮੇ ਬੱਚਿਆਂ ਦਾ ਭਵਿੱਖ ਵੀ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਜਾਂ ਤਾਂ ਉਹ ਬਾਗੀ ਹੋ ਜਾਂਦੇ ਹਨ ਜਾਂ ਡਰਪੋਕ।

੦ ਮਾਤਾ-ਪਿਤਾ ਹਮੇਸ਼ਾ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਬੱਚਾ ਘੱਟ ਪੜ੍ਹਦਾ ਹੈ ਅਤੇ ਦੂਜਿਆਂ ਦੇ ਬੱਚੇ ਜ਼ਿਆਦਾ ਪੜ੍ਹਦੇ ਹਨ ਅਤੇ ਕੋਈ ਵੀ ਗੱਲ ਹੋਣ 'ਤੇ ਝੱਟ ਆਪਣੇ ਬੱਚੇ ਦੀ ਤੁਲਨਾ ਦੂਜਿਆਂ ਦੇ ਬੱਚਿਆਂ ਨਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਅਜਿਹਾ ਕਰਕੇ ਉਹ ਬੱਚਿਆਂ 'ਚ ਹੀਣਭਾਵਨਾ ਨੂੰ ਜਨਮ ਦਿੰਦੇ ਹਨ।

੦ ਬੱਚੇ ਸਕੂਲੋਂ ਘਰ ਪਹੁੰਚੇ ਨਹੀਂ ਕਿ ਟਿਊਸ਼ਨ ਟੀਚਰ ਉਨ੍ਹਾਂ ਨੂੰ ਉਡੀਕ ਕਰਦੀ ਨਜ਼ਰ ਆਉਂਦੀ ਹੈ। ਅਜਿਹਾ ਬਿਲਕੁਲ ਵੀ ਠੀਕ ਨਹੀਂ ਹੈ।

੦ ਬੱਚੇ ਨੂੰ ਆਰਾਮ ਲਈ ਥੋੜ੍ਹਾ ਸਮਾਂ ਜ਼ਰੂਰ ਦਿਓ ਅਤੇ ਲੋੜ ਪੈਣ 'ਤੇ ਹੀ ਉਸ 'ਤੇ ਟਿਊਸ਼ਨ ਦਾ ਬੋਝ ਪਾਓ।

੦ ਬੱਚਿਆਂ ਨੂੰ ਮਾਰ-ਧਾੜ ਵਾਲੀਆਂ ਫ਼ਿਲਮਾਂ ਘੱਟ ਦੇਖਣ ਦਿਓ, ਕਿਉਂਕਿ ਇਸ ਨਾਲ ਬੱਚਿਆਂ ਦੇ ਦਿਮਾਗ਼ 'ਤੇ ਬੁਰਾ ਅਸਰ ਪੈਂਦਾ ਹੈ। ਉਨ੍ਹਾਂ 'ਚ ਹਿੰਸਕ ਪ੍ਰਵਿਰਤੀ ਵੀ ਜਨਮ ਲੈ ਸਕਦੀ ਹੈ। ਉਨ੍ਹਾਂ ਨੂੰ ਸਿੱਖਿਆਦਾਇਕ ਕਾਮੇਡੀ ਜਾਂ ਕਾਰਟੂਨ ਫ਼ਿਲਮਾਂ ਦੇਖਣ ਲਈ ਪ੍ਰੇਰਿਤ ਕਰੋ।

੦ ਸ਼ੁਰੂ ਤੋਂ ਹੀ ਬੱਚਿਆਂ 'ਚ ਕਿਤਾਬਾਂ ਪੜ੍ਹਨ ਪ੍ਰਤੀ ਦਿਲਚਸਪੀ ਪੈਦਾ ਕਰੋ। ਉਨ੍ਹਾਂ ਨੂੰ ਚੰਗੀਆਂ-ਚੰਗੀਆਂ ਕਿਤਾਬਾਂ ਲਿਆ ਕੇ ਦਿਓ ਜੋ ਗਿਆਨ ਵਧਾਊ ਅਤੇ ਦਿਲਚਸਪ ਹੋਣ। ਇਸ ਤਰ੍ਹਾਂ ਉਨ੍ਹਾਂ ਦਾ ਮਨੋਰੰਜਨ ਵੀ ਹੋਵੇਗਾ ਅਤੇ ਗਿਆਨ ਵੀ ਵਧੇਗਾ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 25.03.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms