Thursday, July 7, 2011

ਮੌਨਸੂਨ ਦੌਰਾਨ ਬੱਚਿਆਂ ਦੀ ਦੇਖਭਾਲ

• ਹਮੇਸ਼ਾ ਆਪਣੇ ਆਸ-ਪਾਸ ਦੇ ਚੌਗਿਰਦੇ ਨੂੰ ਸਾਫ ਤੇ ਖੁਸ਼ਕ ਰੱਖੋ ਅਤੇ ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ।

• ਬੱਚਿਆਂ ਦੇ ਸਰੀਰ ਨੂੰ ਗਰਮ ਰੱਖੋ, ਕਿਉਂਕਿ ਵਿਸ਼ਾਣੂ ਉਦੋਂ ਹਮਲੇ ਕਰਦੇ ਹਨ ਜਦੋਂ ਸਰੀਰ ਦਾ ਤਾਪਮਾਨ ਥੱਲੇ ਡਿੱਗ ਜਾਂਦਾ ਹੈ।

• ਜਦੋਂ ਵੀ ਬੱਚੇ ਗਿੱਲੇ ਹੋ ਜਾਣ ਤਾਂ ਉਨ੍ਹਾਂ ਦੇ ਪੈਰਾਂ ਨੂੰ ਨਰਮ ਤੇ ਸੁੱਕੇ ਕੱਪੜੇ ਨਾਲ ਪੂੰਝ ਕੇ ਸੁਕਾ ਦਿਓ।

• ਇਹ ਧਿਆਨ ਰੱਖੋ ਕਿ ਬੱਚੇ ਅੱਧ-ਪੱਕਿਆ ਭੋਜਨ ਤੇ ਸਲਾਦ ਨਾ ਖਾਣ।

• ਇਹ ਯਕੀਨੀ ਬਣਾਓ ਕਿ ਬੱਚੇ ਆਪਣੇ ਸਰੀਰ ਦੀ ਊਰਜਾ ਨੂੰ ਕਾਇਮ ਰੱਖਣ ਲਈ ਜ਼ਿਆਦਾ ਮਾਤਰਾ ਵਿਚ ਪਾਣੀ ਪੀਣ।

• ਬੱਚਿਆਂ ਨੂੰ ਖੜ੍ਹੇ ਤੇ ਦੂਸ਼ਿਤ ਪਾਣੀ ਵਿਚ ਖੇਡਣ ਦੀ ਇਜਾਜ਼ਤ ਨਾ ਦਿਓ, ਕਿਉਂਕਿ ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ।

• ਆਪਣੇ ਬੱਚਿਆਂ ਨੂੰ ਨਹੁੰ ਖਾਣ ਤੋਂ ਰੋਕੋ, ਕਿਉਂਕਿ ਨਹੁੰਆਂ ਜ਼ਰੀਏ ਵਿਸ਼ਾਣੂ ਸਰੀਰ ਅੰਦਰ ਜਾ ਸਕਦੇ ਹਨ।

• ਮੌਨਸੂਨ ਦੌਰਾਨ ਅੰਤੜੀਆਂ ਤੇ ਪਾਚਣ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ, ਇਸ ਲਈ ਹਮੇਸ਼ਾ ਆਪਣੇ ਬੱਚਿਆਂ ਨੂੰ ਹਲਕਾ ਭੋਜਨ ਦਿਓ ਅਤੇ ਜਿਥੋਂ ਤੱਕ ਸੰਭਵ ਹੋਵੇ, ਮਸਾਲੇਦਾਰ ਭੋਜਨ ਤੇ ਫਰਾਈ ਭੋਜਨ ਤੋਂ ਦੂਰ ਰੱਖੋ।

• ਮੌਨਸੂਨ ਦੇ ਮੌਸਮ ਦੌਰਾਨ ਜ਼ਿਆਦਾਤਰ ਇਨਫੈਕਸ਼ਨ ਪਾਣੀ ਨਾਲ ਹੁੰਦੀ ਹੈ। ਇਸ ਲਈ ਬੱਚਿਆਂ ਨੂੰ ਅਜਿਹਾ ਪਾਣੀ ਨਾ ਦਿਓ, ਜੋ ਚੰਗੀ ਤਰ੍ਹਾਂ ਉਬਾਲਿਆ ਨਾ ਹੋਵੇ। ਭੋਜਨ ਨਾਲ ਕੋਸਾ ਪਾਣੀ ਪੀਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।

• ਗੰਦੇ ਪਾਣੀ ਵਿਚ ਤੁਰਨ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ, ਕਿਉਂਕਿ ਪੈਰਾਂ ਦਾ ਸਿੱਧਾ ਸਬੰਧ ਗੰਦੇ ਪਾਣੀ ਨਾਲ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਮੌਨਸੂਨ ਦੇ ਮੌਸਮ ਦੌਰਾਨ ਬੱਚਿਆਂ ਨੂੰ ਢੁਕਵੇਂ ਕੱਪੜੇ ਪਹਿਨਾਏ ਜਾਣ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਇਸ ਮੌਸਮ ਵਿਚ ਰਬੜ ਦੇ ਬੂਟ ਪਹਿਨਣ ਤਾਂ ਜੋ ਉਨ੍ਹਾਂ ਦੇ ਪੈਰ ਸਾਫ਼ ਤੇ ਸੁੱਕੇ ਰਹਿਣ। ਉਨ੍ਹਾਂ ਦੇ ਟੋਪੀ ਵਾਲਾ ਰੇਨਕੋਟ ਵੀ ਪਾਉਣਾ ਚਾਹੀਦਾ ਹੈ ਅਤੇ ਛੱਤਰੀ ਵੀ ਆਪਣੇ ਕੋਲ ਰੱਖਣੀ ਚਾਹੀਦੀ ਹੈ।

• ਮਾਤਾ-ਪਿਤਾ ਹੋਣ ਨਾਤੇ ਤੁਹਾਨੂੰ ਮੀਂਹ ਵਿਚ ਖੇਡਣ ਤੋਂ ਬੱਚਿਆਂ ਨੂੰ ਨਹੀਂ ਰੋਕਣਾ ਚਾਹੀਦਾ ਪਰ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਗਟਰਾਂ ਤੇ ਵੱਡੇ ਨਾਲਿਆਂ ਦੁਆਲੇ ਨਾ ਖੇਡਣ। ਇਹ ਵੀ ਧਿਆਨ ਰੱਖੋ ਕਿ ਉਹ ਆਪਣੇ ਗਿੱਲੇ ਕੱਪੜੇ ਘਰ ਪਰਤਣ ਤੋਂ ਬਾਅਦ ਜਲਦ ਹੀ ਬਦਲ ਲੈਣ। ਜੇ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਕੋਈ ਗਰਮ ਚੀਜ਼ ਖਵਾਓ। ਇਸ ਨਾਲ ਬੁਖਾਰ ਤੇ ਜ਼ੁਕਮ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਣਪੱਕਿਆ ਭੋਜਨ ਤੇ ਬਾਹਰਲਾ ਭੋਜਨ ਕਦੇ ਨਹੀਂ ਖਾਣ ਦੇਣਾ ਚਾਹੀਦਾ।

• ਘਰਾਂ ਵਿਚ ਮੱਛਰ ਭਜਾਉਣ ਵਾਲੀ ਦਵਾਈ ਦੀ ਵਰਤੋਂ ਕਰੋ। ਇਕ ਛੋਟਾ ਜਿਹਾ ਮੱਛਰ ਦੁਨੀਆ ਵਿਚ ਸਭ ਤੋਂ ਖਤਰਨਾਕ ਬਿਮਾਰੀ ਦਾ ਵਾਹਕ ਮੰਨਿਆ ਜਾਂਦਾ ਹੈ। ਮਲੇਰੀਆ ਤੇ ਡੇਂਗੂ ਅਜਿਹੀਆਂ ਖਤਰਨਾਕ ਬਿਮਾਰੀਆਂ ਹਨ, ਜੋ ਮੌਨਸੂਨ ਦੌਰਾਨ ਮੱਛਰਾਂ ਕਾਰਨ ਫੈਲਦੀਆਂ ਹਨ।

• ਮੀਂਹ ਪੈਣ ਨਾਲ ਤਾਪਮਾਨ ਥੱਲੇ ਆ ਜਾਂਦਾ ਹੈ, ਇਸ ਲਈ ਇਸ ਤਰ੍ਹਾਂ ਦੇ ਮੌਸਮ ਵਿਚ ਰਾਤ ਨੂੰ ਗਰਮ ਸੂਪ ਤੇ ਕੋਸੀਆਂ ਚੀਜ਼ਾਂ ਪੀਣੀਆਂ ਚਾਹੀਦੀਆਂ ਹਨ। ਲਸਣ ਤੇ ਅਦਰਕ ਤੋਂ ਤਿਆਰ ਕੀਤਾ ਗਿਆ ਗਰਮ ਸੂਪ ਮੀਂਹ ਦੇ ਮੌਸਮ ਦੌਰਾਨ ਪੀਣਾ ਚਾਹੀਦਾ ਹੈ, ਜੋ ਛੋਟੀਆਂ-ਛੋਟੀਆਂ ਅਲਾਮਤਾਂ ਜਿਵੇਂ ਜੁਕਾਮ, ਨਜ਼ਲਾ, ਨੱਕ ਵਗਣਾ, ਕਫ ਤੇ ਬੁਖਾਰ ਤੋਂ ਰਾਹਤ ਦਿਵਾਉਂਦਾ ਹੈ।

ਇਨ੍ਹਾਂ ਗੱਲਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਿਲ ਕਰਕੇ ਤੁਸੀਂ ਅਤੇ ਤੁਹਾਡਾ ਪਰਿਵਾਰ ਮੌਨਸੂਨ ਦੇ ਮੌਸਮ ਦਾ ਭਰਪੂਰ ਆਨੰਦ ਲੈ ਸਕਦੇ ਹੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms