Sunday, July 24, 2011

ਬੱਚਿਆਂ ਦੀਆਂ ਬੀਮਾਰੀਆਂ ‘ਚ ਹੌਸਲਾ ਨਾ ਛੱਡੋ - ਡਾ. ਪ੍ਰਵੀਨ ਗੁਪਤਾ

ਬੱਚੇ ਪ੍ਰਮਾਤਮਾ ਦੀਆਂ ਸਭ ਤੋਂ ਖੂਬਸੂਰਤ ਰਚਨਾਵਾਂ ‘ਚੋਂ ਇਕ ਹੁੰਦੇ ਹਨ। ਇਹ ਜਿੰਨੇ ਪਿਆਰੇ ਹੁੰਦੇ ਹਨ, ਓਨੇ ਹੀ ਨਾਜ਼ੁਕ ਵੀ ਹੁੰਦੇ ਹਨ। ਇਸ ਲਈ ਬੱਚਿਆਂ ਦੇ ਬੀਮਾਰ ਹੁੰਦਿਆਂ ਹੀ ਮਾਤਾ-ਪਿਤਾ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉਡ ਜਾਂਦੀ ਹੈ। ਜਦੋਂ ਬੱਚੇ ਬੀਮਾਰ ਹੁੰਦੇ ਹਨ ਤਾਂ ਮਾਤਾ-ਪਿਤਾ ਹੌਸਲਾ ਛੱਡ ਦਿੰਦੇ ਹਨ ਅਤੇ ਜਾਣੇ-ਅਣਜਾਣੇ ਕਈ ਇਲਾਜ ਕਰਨ ਲੱਗਦੇ ਹਨ ਪਰ ਤੁਸੀਂ ਉਨ੍ਹਾਂ ਦੀ ਬੀਮਾਰੀ ‘ਚ ਹੌਸਲਾ ਨਾ ਛੱਡੋ ਸਗੋਂ ਸਮਝ ਨਾਲ ਕੰਮ ਲਓ ਅਤੇ ਆਪਣੇ ਨੰਨ੍ਹੇ-ਮੁੰਨੇ ਦੀ ਪਿਆਰ ਨਾਲ ਦੇਖਭਾਲ ਕਰੋ ਤਾਂ ਉਹ ਛੇਤੀ ਹੀ ਤੰਦਰੁਸਤ ਹੋ ਕੇ ਚਹਿਕਣ ਲੱਗੇਗਾ। ਆਓ ਜਾਣੀਏ ਬੱਚਿਆਂ ਦੀਆਂ ਕੁਝ ਸਾਧਾਰਨ ਬੀਮਾਰੀਆਂ ‘ਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਬੁਖਾਰ ਅਤੇ ਝਟਕੇ ਆਉਣਾ
ਕਈ ਵਾਰ ਤੇਜ਼ ਬੁਖਾਰ ‘ਚ ਬੱਚੇ ਨੂੰ ਝਟਕੇ ਆਉਣੇ ਸ਼ੁਰੂ ਹੋ ਜਾਂਦੇ ਹਨ। ਉਸ ਦੇ ਚਿਹਰੇ ‘ਤੇ ਨੀਲਾਪਣ ਆ ਜਾਂਦਾ ਹੈ, ਅੱਖਾਂ ਘੁੰਮਣ ਲੱਗਦੀਆਂ ਹਨ ਅਤੇ ਹੱਥ-ਪੈਰ ਜ਼ੋਰ-ਜ਼ੋਰ ਨਾਲ ਕੰਬਣ ਲੱਗਦੇ ਹਨ। ਇਕ ਸਾਲ ਤੋਂ ਵਧੇਰੀ ਉਮਰ ਦੇ ਅਤੇ ਖਾਸਕਰ ਦੋ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ‘ਚ ਇਹ ਵਧੇਰੇ ਦੇਖਿਆ ਜਾਂਦਾ ਹੈ। ਇਸ ਦਾ ਕਾਰਨ ਹੈ ਕਿ ਇਸ ਉਮਰ ‘ਚ ਬੱਚਿਆਂ ਦਾ ਦਿਮਾਗ ਵਧੇ ਹੋਏ ਤਾਪਮਾਨ ਨੂੰ ਸਹਿਣ ਨਹੀਂ ਕਰਦਾ।

ਗਲਾ, ਕੰਨ, ਛਾਤੀ ਜਾਂ ਮੂਤਰ-ਮਾਰਗ ਦੀ ਇਨਫੈਕਸ਼ਨ ਤੇਜ਼ ਬੁਖਾਰ ਅਤੇ ਝਟਕਿਆਂ ਲਈ ਮੁੱਖ ਰੂਪ ‘ਚ ਜ਼ਿੰਮੇਵਾਰ ਹੁੰਦੀ ਹੈ ਪਰ ਇਨ੍ਹਾਂ ਝਟਕਿਆਂ ਦਾ ਇਹ ਅਰਥ ਨਹੀਂ ਹੈ ਕਿ ਅਗਾਂਹ ਚੱਲ ਕੇ ਬੱਚੇ ਨੂੰ ਮਿਰਗੀ ਜਾਂ ਫਿਟ ਦੀ ਬੀਮਾਰੀ ਹੋ ਜਾਵੇਗੀ। ਬੱਚੇ ਨੂੰ ਝਟਕੇ ਆਉਣ ‘ਤੇ ਆਪਣਾ ਮਾਨਸਿਕ ਸੰਤੁਲਨ ਨਾ ਗੁਆਓ। ਬਹੁਤ ਜ਼ਿਆਦਾ ਘਬਰਾ ਜਾਣ ਜਾਂ ਹੜਬੜੀ ਕਰਨ ਨਾਲ ਫਾਇਦਾ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਬੱਚੇ ਦੇ ਆਲੇ-ਦੁਆਲਿਓਂ ਤਿੱਖੀਆਂ ਚੀਜ਼ਾਂ ਪਾਸੇ ਕਰ ਦਿਓ ਤਾਂ ਕਿ ਬੱਚੇ ਨੂੰ ਉਨ੍ਹਾਂ ਤੋਂ ਨੁਕਸਾਨ ਨਾ ਹੋਵੇ।

ਬੱਚੇ ਦੇ ਮੂੰਹ ਅੰਦਰ ਕੁਝ ਵੀ ਪਾਉਣ ਦੀ ਕੋਸ਼ਿਸ਼ ਨਾ ਕਰੋ। ਝਟਕੇ ਘਟਣ ਪਿੱਛੋਂ ਉਸ ਨੂੰ ਇਕ ਪਾਸੇ ਗਰਦਨ ਪਰਨੇ ਲੇਟਣ ਦਿਓ। ਜਿਵੇਂ ਹੀ ਝਟਕੇ ਘੱਟ ਜਾਣ, ਬੱਚੇ ਨੂੰ ਕੋਲ ਲਿਆ ਕੇ ਉਸ ਨੂੰ ਹੌਸਲਾ ਦਿਓ ਕਿਉਂਕਿ ਬੱਚਾ ਡਰ ਅਤੇ ਸਹਿਮ ਜਾਂਦਾ ਹੈ। ਉਸ ਦਾ ਤਾਪਮਾਨ ਨੋਟ ਕਰੋ। ਉਸ ਪਿੱਛੋਂ ਉਸ ਦੇ ਸਰੀਰ ਨੂੰ ਠੰਡਕ ਪਹੁੰਚਾਉਣ ਦੇ ਉਪਾਅ ਕਰੋ। ਉਸ ਦੇ ਕੱਪੜੇ ਢਿੱਲੇ ਕਰ ਦਿਓ, ਕਮਰੇ ਦੀਆਂ ਖਿੜਕੀਆਂ ਖੋਲ੍ਹ ਦਿਓ। ਪੱਖਾ ਚਲਾ ਦਿਓ ਅਤੇ ਉਸ ਨੂੰ ਪੀਣ ਲਈ ਕੋਈ ਠੰਡੀ ਚੀਜ਼ ਦਿਓ। ਜੇਕਰ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਹੋਵੇ ਤਾਂ ਉਸ ਨੂੰ ਠੰਡੇ ਪਾਣੀ ਦੇ ਨਾਲ ਹੇਠਾਂ ਖੜ੍ਹਾ ਕਰਕੇ ਉਸ ਦੇ ਸਰੀਰ ਨੂੰ ਪੂੰਝਦੇ ਰਹੋ। ਜਦੋਂ ਬੱਚਾ ਖੁਦ ਨੂੰ ਤੰਦਰੁਸਤ ਮਹਿਸੂਸ ਕਰਨ ਲੱਗੇ ਤਾਂ ਡਾਕਟਰ ਦੀ ਸਲਾਹ ਲਓ, ਉਸ ਨੂੰ ਬੱਚੇ ਦੇ ਤਾਪਮਾਨ ਦੀ ਸੂਚਨਾ ਦਿਓ। ਜੇਕਰ ਡਾਕਟਰ ਨੂੰ ਆਉਣ ‘ਚ ਦੇਰ ਹੋ ਜਾਵੇ ਤਾਂ ਉਸ ਨੂੰ ਕਰੋਸਿਨ ਜਾਂ ਕਾਲਪੋਲ ਦੀ ਅੱਧੀ ਗੋਲੀ ਦੇ ਦਿਓ।

ਜਦੋਂ ਵੀ ਬੱਚੇ ਨੂੰ ਬੁਖਾਰ ਹੋਵੇ ਤਾਂ ਇਹੀ ਕੋਸ਼ਿਸ਼ ਕਰੋ ਕਿ ਬੱਚੇ ਦੇ ਸਰੀਰ ਅਤੇ ਆਲੇ-ਦੁਆਲੇ ਦਾ ਤਾਪਮਾਨ ਘੱਟ ਕੀਤਾ ਜਾ ਸਕੇ। ਜੇਕਰ ਕੂਲਰ ਹੋਵੇ ਤਾਂ ਉਸ ਨੂੰ ਚਲਾ ਕੇ ਬੱਚੇ ਨੂੰ ਉਸ ਅੱਗੇ ਲਿਟਾਉਣਾ ਚਾਹੀਦਾ ਹੈ ਪਰ ਉਸ ਉੱਪਰ ਕੋਈ ਕੱਪੜਾ ਨਹੀਂ ਦੇਣਾ ਚਾਹੀਦਾ। ਯਾਦ ਰੱਖੋ ਕਿ ਅਜਿਹੀ ਸਥਿਤੀ ਦੇਖਣ ‘ਚ ਬੜੀ ਗੰਭੀਰ ਲੱਗਦੀ ਹੈ ਪਰ ਜੇਕਰ ਸ਼ਾਂਤ ਦਿਮਾਗ ਤੋਂ ਕੰਮ ਲਿਆ ਜਾਵੇ ਤਾਂ ਇਸ ਨਾਲ ਆਸਾਨੀ ਨਾਲ ਨਜਿੱਠਿਆ ਜਾ ਸਕਦਾ ਹੈ।

ਗੈਸਟ੍ਰੋ
ਅਸਲ ‘ਚ ਇਹ ਪਾਚਨ ਤੰਤਰ ‘ਚ ਇਨਫੈਕਸ਼ਨ ਹੋਣ ਕਾਰਨ ਹੁੰਦੀ ਹੈ। ਇਸ ਦੇ ਲੱਛਣ ਅਚਾਨਕ ਨਜ਼ਰ ਆਉਂਦੇ ਹਨ ਜਦੋਂ ਬੱਚੇ ਨੂੰ ਉਲਟੀ, ਦਸਤ ਅਤੇ ਪੇਟ ਦਰਦ ਹੋਣ ਲੱਗਦਾ ਹੈ। ਅਜਿਹੇ ‘ਚ ਅਕਸਰ ਹਲਕਾ ਬੁਖਾਰ ਹੋ ਜਾਣਾ ਵੀ ਆਮ ਗੱਲ ਹੈ।

ਅਜਿਹੀ ਸਥਿਤੀ ‘ਚ ਬੱਚੇ ਦੇ ਸਰੀਰ ‘ਚੋਂ ਪਾਣੀ ਅਤੇ ਲੋੜੀਂਦੇ ਤੱਤਾਂ ਦੀ ਬੇਹੱਦ ਕਮੀ ਹੋ ਸਕਦੀ ਹੈ ਜੋ ਘਾਤਕ ਸਿੱਧ ਹੋ ਸਕਦੀ ਹੈ। ਇਸ ਲਈ ਆਪਣੇ ਡਾਕਟਰ ਨਾਲ ਤੁਰੰਤ ਸੰਪਰਕ ਕਰੋ। ਇਸ ਦੌਰਾਨ ਬੱਚੇ ਨੂੰ ਨਮਕ ਵਾਲਾ ਨਿੰਬੂ ਦਾ ਸ਼ਰਬਤ ਜਾਂ ਸਿਰਫ ਨਮਕ ਜਾਂ ਖੰਡ ਮਿਲਾ ਕੇ ਪਿਲਾਉਂਦੇ ਰਹੋ।

ਪਾਚਨ ਤੰਤਰ ਨੂੰ 24 ਤੋਂ 48 ਘੰਟਿਆਂ ਦਾ ਆਰਾਮ ਦੇਣਾ ਹੀ ਇਲਾਜ ਦਾ ਮੁੱਖ ਟੀਚਾ ਹੈ। ਇਸ ਦੇ ਲਈ ਉਸ ਨੂੰ ਸਿਰਫ ਤਰਲ ਪਦਾਰਥ ਦੇਣਾ ਚਾਹੀਦਾ ਹੈ। ਜੇਕਰ ਬੱਚਾ ਉਲਟੀ ਕਾਰਨ ਇਹ ਸਭ ਲੈਣ ਤੋਂ ਸਮਰੱਥ ਨਾ ਹੋਵੇ ਤਾਂ ਸਲਾਈਨ ਰਾਹੀਂ ਸਿੱਧਾ ਖੂਨ ‘ਚ ਲੋੜੀਂਦੇ ਤਰਲ ਪਦਾਰਥਾਂ ਦੀ ਪੂਰਤੀ ਕਰਨੀ ਪੈਂਦੀ ਹੈ। ਅਜਿਹੇ ਲੱਛਣ ਘੱਟ ਹੁੰਦਿਆਂ ਹੀ ਉਸ ਨੂੰ ਸਾਦਾ ਖਾਣਾ ਦੇਣਾ ਸ਼ੁਰੂ ਕਰੋ।

ਬੱਚੇ ਦਾ ਸਰੀਰ ਠੰਡਾ ਪੈਣਾ
ਇਹ ਇਕ ਗੰਭੀਰ ਸਥਿਤੀ ਹੁੰਦੀ ਹੈ ਜਦੋਂ ਬੱਚੇ ਦੇ ਸਰੀਰ ਦਾ ਤਾਪਮਾਨ ਅਚਾਨਕ ਘੱਟ ਜਾਂਦਾ ਹੈ। ਸਾਧਾਰਨ ਤਾਪਮਾ 98.4 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ। ਛੇ ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਰੀਰ ‘ਚ ਤਾਪਮਾਨ ਨੂੰ ਕੰਟੋਰਲ ਕਰਨ ਵਾਲੀ ਤੰਤਰ ਪ੍ਰਣਾਲੀ ਵਿਕਸਿਤ ਨਹੀਂ ਹੁੰਦੀ, ਇਸ ਲਈ ਉਹ ਜ਼ਰਾ ਵੀ ਠੰਡ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਛੋਟੇ ਬੱਚਿਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ।

ਇਸ ‘ਚ ਬੱਚਿਆਂ ਦੀ ਚਮੜੀ ਗੁਲਾਬੀ ਜਾਂ ਹਲਕੀ ਨੀਲੀ ਪੈ ਜਾਂਦੀ ਹੈ, ਸਰੀਰ ਦਾ ਹਰ ਹਿੱਸਾ ਠੰਡਾ ਜਾਪਦਾ ਹੈ, ਬੱਚਾ ਚੁੱਪ ਅਤੇ ਹਲਕੀ ਖੁਮਾਰੀ ਜਾਂ ਨਸ਼ੇ ਦੀ ਸਥਿਤੀ ‘ਚ ਨਜ਼ਰ ਆਉਂਦਾ ਹੈ। ਉਸ ਦੇ ਸਰੀਰ ਦਾ ਤਾਪਮਾਨ 95 ਡਿਗਰੀ ਫਾਰਨਹੀਟ ਤੋਂ ਘੱਟ ਜਾਂਦਾ ਹੈ।

ਇਸ ਸਥਿਤੀ ‘ਚ ਤੁਰੰਤ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ। ਉਦੋਂ ਤਕ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤੋ। ਜਿਸ ਕਮਰੇ ‘ਚ ਬੱਚਾ ਹੋਵੇ, ਉਸ ਦਾ ਤਾਪਮਾਨ ਵਧਾਉਣ ਦੀ ਕੋਸ਼ਿਸ਼ ਕਰੋ, ਰੂਮ ਹੀਟਰ ਜਾਂ ਅੰਗੀਠੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੱਚੇ ਨੂੰ ਕੋਈ ਗਰਮ ਚੀਜ਼ ਪਿਲਾਓ, ਉਸ ਨੂੰ ਆਪਣੇ ਸਰੀਰ ਨਾਲ ਲਗਾ ਕੇ ਗਰਮਾਹਟ ਦੇਣ ਦੀ ਕੋਸ਼ਿਸ਼ ਕਰੋ।

ਬੱਚੇ ਨੂੰ ਕੰਬਲ ਜਾਂ ਰਜਾਈ ‘ਚ ਢਕਣ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਸਰੀਰ ਦੇ ਅੰਦਰੋਂ ਠੰਡ ਬਾਹਰ ਨਹੀਂ ਨਿਕਲ ਸਕੇਗੀ। ਨਾ ਹੀ ਉਸ ਨੂੰ ਗਰਮ ਪਾਣੀ ਜਾਂ ਥੈਲੀ ਜਾਂ ਬੋਤਲ ਨਾਲ ਸੇਕ ਦਿਓ। ਇਸ ਨਾਲ ਉਸ ਦੀ ਨਾਜ਼ੁਕ ਚਮੜੀ ਸੜ ਵੀ ਸਕਦੀ ਹੈ। ਬੱਚੇ ਦੇ ਹੱਥਾਂ-ਪੈਰਾਂ ਦੀਆਂ ਤਲੀਆਂ ਨੂੰ ਪੋਲੀ-ਪੋਲੀ ਮਾਲਿਸ਼ ਕਰੋ।

ਸੁੱਕਾ ਰੋਗ ਜਾਂ ਰਿਕੇਟਸ
ਇਸ ਬੀਮਾਰੀ ‘ਚ ਹੱਡੀਆਂ ਦਾ ਸਾਧਾਰਨ ਵਿਕਾਸ ਨਹੀਂ ਹੁੰਦਾ ਅਤੇ ਉਹ ਕਮਜ਼ੋਰ ਹੋ ਜਾਂਦੀਆਂ ਹਨ। ਇਸ ਦਾ ਮੁੱਖ ਕਾਰਨ ਸਰੀਰ ‘ਚ ਵਿਟਾਮਿਨ-ਡੀ ਦੀ ਕਮੀ ਹੋਣਾ ਹੈ। ਬੱਚਾ ਚਿੜਚਿੜਾ ਹੋ ਜਾਂਦਾ ਹੈ ਅਤੇ ਉਸ ਦਾ ਸਰੀਰਕ ਵਿਕਾਸ ਨਹੀਂ ਹੁੰਦਾ। ਖੁਰਾਕ ‘ਚ ਪੂਰੀ ਮਾਤਰਾ ‘ਚ ਵਿਟਾਮਿਨ-ਡੀ ਦਾ ਹੋਣਾ ਇਸ ਬੀਮਾਰੀ ਦੀ ਪੂਰੀ ਤਰ੍ਹਾਂ ਰੋਕਥਾਮ ਕਰ ਸਕਦਾ ਹੈ। ਇਹ ਭੋਜਨ ਅਤੇ ਸੂਰਜ ਦੀ ਰੋਸ਼ਨੀ ਤੋਂ ਮਿਲ ਸਕਦਾ ਹੈ। ਮਾਂ ਦੇ ਦੁੱਧ ‘ਚ ਵੀ ਭਰਪੂਰ ਮਾਤਰਾ ‘ਚ ਵਿਟਾਮਿਨ-ਡੀ ਨਹੀਂ ਹੁੰਦਾ, ਇਸ ਲਈ ਜੋ ਬੱਚੇ ਪੂਰੀ ਤਰ੍ਹਾਂ ਮਾਂ ਦੇ ਦੁੱਧ ‘ਤੇ ਹੀ ਨਿਰਭਰ ਹੋਣ, ਉਨ੍ਹਾਂ ਨੂੰ ਵਿਟਾਮਿਨ-ਡੀ ਯੁਕਤ ਦਵਾਈ ਦੀਆਂ ਕੁਝ ਬੂੰਦਾਂ ਰੋਜ਼ਾਨਾ ਦੇਣੀਆਂ ਚਾਹੀਦੀਆਂ ਹਨ। ਜੋ ਬੱਚੇ ਠੋਸ ਖੁਰਾਕ ਲੈਂਦੇ ਹੋਣ, ਉਨ੍ਹਾਂ ਨੂੰ ਮੱਖਣ, ਆਂਡੇ ਅਤੇ ਮੱਛੀ ਤੋਂ ਬਣੇ ਪਦਾਰਥ ਦੇਣੇ ਚਾਹੀਦੇ ਹਨ, ਜਿਸ ‘ਚ ਇਹ ਭਰਪੂਰ ਮਾਤਰਾ ‘ਚ ਹੁੰਦਾ ਹੈ।

ਧੁੱਪ ਦੀਆਂ ਕਿਰਨਾਂ ਨਾਲ ਸਰੀਰ ਦੇ ਅੰਦਰ ਵਿਟਾਮਿਨ-ਡੀ ਬਣਨ ‘ਚ ਮਦਦ ਮਿਲਦੀ ਹੈ ਇਸ ਲਈ ਬੱਚਿਆਂ ਨੂੰ ਹਲਕੀ ਧੁੱਪ ‘ਚ ਅੱਧਾ ਘੰਟਾ ਬਿਠਾਉਣਾ ਲਾਭਦਾਇਕ ਹੁੰਦਾ ਹੈ।

ਬੱਚਿਆਂ ‘ਚ ਭੈਂਗਾਪਣ ਜਾਂ ਟੇਢਾ ਦੇਖਣਾ
ਹਰ ਨਵਜੰਮਿਆ ਬੱਚਾ ਭੈਂਗਾ ਦੇਖਦਾ ਹੈ। ਇਹ ਸਥਿਤੀ ਲੱਗਭਗ ਤਿੰਨ ਮਹੀਨਿਆਂ ਤਕ ਬਣੀ ਰਹਿੰਦੀ ਹੈ ਇਸ ਲਈ ਛੇ ਮਹੀਨੇ ਦੀ ਉਮਰ ਪਿੱਛੋਂ ਵੀ ਬੱਚੇ ਦੀਆਂ ਅੱਖਾਂ ਦਾ ਟੇਢਾਪਣ ਬਣਿਆ ਰਹੇ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਅੱਖਾਂ ਦੀ ਹਲਚਲ ਨੂੰ ਕੰਟਰੋਲ ਕਰਨ ਵਾਲੀਆਂ ਮਾਸਪੇਸ਼ੀਆਂ ਵਿਚਾਲੇ ਤਾਲਮੇਲ ਦੀ ਘਾਟ ਕਾਰਨ ਪੈਦਾ ਹੋਈ ਸਥਿਤੀ ਹੁੰਦੀ ਹੈ। ਦੂਜਾ ਕਾਰਨ ਦੂਰ ਜਾਂ ਕੋਲ ਦੀਆਂ ਚੀਜ਼ਾਂ ਪ੍ਰਤੀ ਪੈਦਾ ਹੋਈ ਨਜ਼ਰ ਦੀ ਕਮਜ਼ੋਰੀ ਵੀ ਹੋ ਸਕਦੀ ਹੈ।

ਭੈਂਗੇਪਣ ਦਾ ਇਲਾਜ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਹੈ, ਇਸ ਲਈ ਜ਼ਰੂਰੀ ਹੈ ਕਿ ਵਿਕਾਸ ਵੇਲੇ ਜੇਕਰ ਬੱਚੇ ਦਾ ਦਿਮਾਗ ਇਕੋ ਚੀਜ਼ ਦੇ ਦੋ ਅਕਸ ਦੇਖਦਾ ਹੈ ਤਾਂ ਅਗਾਂਹ ਚੱਲ ਕੇ ਇਹ ਸਥਿਤੀ ਉਸ ‘ਚ ਭੁਲੇਖਾਪਾਊ ਕਲਪਨਾਵਾਂ ਪੈਦਾ ਕਰਵਾ ਸਕਦੀ ਹੈ। ਇਸ ਬੀਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ। ਜੇਕਰ ਰੋਗ ਸ਼ੁਰੂਆਤੀ ਪੜਾਅ ‘ਚ ਹੋਵੇ ਤਾਂ ਸਰਜਰੀ ਦੀ ਲੋੜ ਪੈ ਸਕਦੀ ਹੈ।

ਸਰੀਰ ‘ਤੇ ਲਾਲ ਰੰਗ ਦੇ ਦਾਣੇ ਹੋਣਾ
ਇਹ ਸਥਿਤੀ ਬੱਚੇ ਦੇ ਜਨਮ ਤੋਂ ਕੁਝ ਹਫਤਿਆਂ ਪਿੱਛੋਂ ਨਜ਼ਰ ਆਉਂਦੀ ਹੈ। ਇਸ ‘ਚ ਸਰੀਰ ਦੇ ਵੱਖ-ਵੱਖ ਅੰਗਾਂ ‘ਤੇ ਲਾਲ ਰੰਗ ਦੇ ਉਭਰੇ ਹੋਏ ਦਾਣੇ ਨਜ਼ਰ ਆਉਂਦੇ ਹਨ। ਇਨ੍ਹਾਂ ਦੇ ਆਕਾਰ ‘ਚ ਹੌਲੀ-ਹੌਲੀ ਵਾਧਾ ਹੁੰਦਾ ਹੈ ਅਤੇ 6 ਤੋਂ 9 ਮਹੀਨਿਆਂ ਦੀ ਉਮਰ ਤਕ ਇਹ ਕਾਫੀ ਵੱਡੇ ਨਜ਼ਰ ਆਉਣ ਲੱਗਦੇ ਹਨ। ਇਨ੍ਹਾਂ ਲਈ ਕਿਸੇ ਇਲਾਜ ਦੀ ਲੋੜ ਨਹੀਂ ਹੈ। ਬੱਚੇ ਦੀ ਸਕੂਲ ਜਾਣ ਦੀ ਉਮਰ ਤਕ ਇਹ ਧੱਬੇ ਆਪਣੇ ਆਪ ਹਲਕੇ ਹੋਣ ਲੱਗਦੇ ਹਨ ਅਤੇ ਪੂਰੀ ਤਰ੍ਹਾਂ ਗਾਇਬ ਹੋ ਜਾਂਦੇ ਹਨ। ਸਿਰਫ ਉਨ੍ਹਾਂ ਬੱਚਿਆਂ ‘ਚ, ਜਿਨ੍ਹਾਂ ‘ਚ ਉਮਰ ਦੇ ਸੱਤ-ਅੱਠ ਸਾਲਾਂ ਪਿੱਛੋਂ ਵੀ ਇਹ ਦਾਗ ਰਹਿੰਦੇ ਹਨ, ਇਲਾਜ ਦੀ ਲੋੜ ਪੈਂਦੀ ਹੈ।

ਬੱਚਿਆਂ ਦੇ ਪੈਰ ਦਾ ਟੇਢਾ ਹੋਣਾ
ਜਨਮ ਵੇਲੇ ਬੱਚੇ ਦੇ ਪੈਰ ਅੰਦਰ ਵੱਲ ਮੁੜੇ ਹੋਏ ਨਜ਼ਰ ਆਉਂਦੇ ਹਨ। ਬੱਚੇ ਦੇ ਪੈਰ ਨੂੰ ਦਿਨ ‘ਚ ਤਿੰਨ-ਚਾਰ ਵਾਰ ਗੋਲਾਈ ‘ਚ ਘੁਮਾਓ, ਪੈਰਾਂ ਦੀ ਹਲਕੀ ਮਾਲਸ਼ ਨਾਲ ਵੀ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਤਾਂ ਕਿ ਜੇਕਰ ਕਿਸੇ ਹੋਰ ਪ੍ਰਕਿਰਿਆ ਦੀ ਲੋੜ ਹੋਵੇ ਤਾਂ ਉਹ ਕੀਤੀ ਜਾ ਸਕੇ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 06.05.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms