Sunday, February 19, 2012

ਬੱਚਿਆਂ ਨੂੰ ਘਰ ਵਿਚ ਹਾਦਸਿਆਂ ਤੋਂ ਕਿਵੇਂ ਬਚਾਇਆ ਜਾਵੇ? - ਸੁਖਮੰਦਰ ਸਿੰਘ ਤੂਰ

ਛੋਟੇ ਬੱਚੇ ਆਪਣੇ ਤਜਰਬੇ ਦੇ ਨਾਲ ਹੀ ਆਪਣੇ ਆਲੇ-ਦੁਆਲੇ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਕੁਦਰਤੀ ਤੌਰ 'ਤੇ ਜੋਸ਼ੀਲੇ, ਤਾਕਤਵਰ ਅਤੇ ਖੋਜੀ ਸੁਭਾਅ ਦੇ ਹੁੰਦੇ ਹਨ। ਉਨ੍ਹਾਂ ਵਿਚ ਹਰ ਇਕ ਚੀਜ਼ ਨੂੰ ਹੱਥ ਲਗਾਉਣ ਦੀ, ਉਸ ਨੂੰ ਸੁੰਘ ਕੇ ਦੇਖਣ ਦੀ ਅਤੇ ਉਸ ਨੂੰ ਮੂੰਹ ਵਿਚ ਪਾ ਕੇ ਉਸ ਦਾ ਸੁਆਦ ਜਾਨਣ ਦੀ ਤੀਬਰ ਇੱਛਾ ਹੁੰਦੀ ਹੈ। ਬੱਚੇ ਦੀ ਇਹ ਇੱਛਾ ਉਸ ਨੂੰ ਘਰ ਦੇ ਅੰਦਰ ਅਤੇ ਬਾਹਰ ਫਰੋਲਾ-ਫਰਾਲੀ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਫਰੋਲਾ-ਫਰਾਲੀ ਦੇ ਦੌਰਾਨ ਹੀ ਬੱਚੇ ਕਈ ਛੋਟੇ-ਵੱਡੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਬੱਚਿਆਂ ਵਿਚ ਏਨੀ ਸਮਝ ਨਹੀਂ ਹੁੰਦੀ ਕਿ ਉਹ ਜਾਣ ਸਕਣ ਕਿ ਘਰ ਵਿਚ ਉਨ੍ਹਾਂ ਵਾਸਤੇ ਕਿਹੜੀ ਚੀਜ਼ ਖਤਰਨਾਕ ਹੈ ਅਤੇ ਕਿਹੜੀ ਜਗ੍ਹਾ ਸੁਰੱਖਿਅਤ ਹੈ। ਇਸ ਕਰਕੇ ਮਾਂ-ਪਿਓ ਦਾ ਹੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਦੀ ਸੁਰੱਖਿਆ ਵੱਲ ਧਿਆਨ ਦੇਣ, ਨਹੀਂ ਤਾਂ ਕਈ ਵਾਰੀ ਮਾੜੀ ਜਿਹੀ ਲਾਪ੍ਰਵਾਹੀ ਵੀ ਬੱਚੇ ਦੀ ਜਾਨ ਲਈ ਖਤਰਾ ਬਣ ਸਕਦੀ ਹੈ। ਬੱਚਿਆਂ ਨੂੰ ਇਨ੍ਹਾਂ ਹਾਦਸਿਆਂ ਤੋਂ ਬਚਾਉਣ ਲਈ ਮਾਪਿਆਂ ਨੂੰ ਹੇਠ ਦਿੱਤੇ ਉਪਾਅ ਕਰਨੇ ਚਾਹੀਦੇ ਹਨ -

• ਬੱਚੇ ਨੂੰ ਪੌੜੀਆਂ, ਬਾਲਕੋਨੀ ਆਦਿ ਵਿਚ ਇਕੱਲੇ ਨਾ ਛੱਡੋ, ਖਾਸ ਕਰਕੇ ਜੇ ਬਨੇਰਾ ਨਾ ਹੋਵੇ, ਰੇਲਿੰਗ ਨੀਵੀਂ ਹੋਵੇ ਜਾਂ ਪਾਈਪਾਂ ਦੇ ਵਿਚਕਾਰ ਦੂਰੀ ਜ਼ਿਆਦਾ ਹੋਵੇ।

• ਬੱਚੇ ਨੂੰ ਕਦੇ ਵੀ ਉੱਚੀ ਮੰਜੀ, ਕੁਰਸੀ, ਸੋਫੇ ਆਦਿ 'ਤੇ ਬਿਠਾ ਕੇ ਆਪ ਕੰਮ 'ਚ ਨਾ ਲੱਗ ਜਾਓ। ਉਸ ਨੂੰ ਇਕੱਲਾ ਛੱਡਣਾ ਹੈ ਤਾਂ ਥੱਲੇ ਫਰਸ਼ 'ਤੇ ਬਿਠਾ ਦਿਓ।

• ਬਲੇਡ, ਚਾਕੂ, ਕਿੱਲ, ਸੂਈ ਅਤੇ ਹੋਰ ਨੋਕ ਵਾਲੀਆਂ ਵਸਤਾਂ ਜ਼ਮੀਨ 'ਤੇ ਨਾ ਸੁੱਟੋ। ਇਨ੍ਹਾਂ ਨੂੰ ਦਰਾਜ ਆਦਿ ਵਿਚ ਹਿਫਾਜ਼ਤ ਨਾਲ ਰੱਖੋ। ਬੱਚਾ ਇਨ੍ਹਾਂ ਨੂੰ ਸਹਿਜ-ਭਾਅ ਚੁੱਕ ਕੇ ਖੇਡਣਾ ਜਾਂ ਮੂੰਹ ਵਿਚ ਪਾ ਸਕਦਾ ਹੈ।

• ਘਰ ਵਿਚ ਵਿਹੜੇ ਦਾ ਫਰਸ਼ ਬਹੁਤ ਤਿਲਕਵਾਂ ਹੋਵੇ ਤਾਂ ਬੱਚੇ ਨੂੰ ਫਿਸਲਣ ਵਾਲੇ ਬੂਟ ਜਾਂ ਚੱਪਲਾਂ ਆਦਿ ਪਾ ਕੇ ਉਥੇ ਭੱਜ-ਦੌੜ ਵਾਲੀ ਖੇਡ ਨਾ ਖੇਡਣ ਦਿਓ। ਫਰਸ਼ 'ਤੇ ਸਬਜ਼ੀ, ਵਾਸ਼ਿੰਗ ਪਾਊਡਰ, ਤੇਲ ਆਦਿ ਡੁੱਲ੍ਹ ਜਾਵੇ ਤਾਂ ਉਸੇ ਵੇਲੇ ਸਾਫ ਕਰ ਦਿਓ। ਭੱਜਦੇ ਹੋਏ ਬੱਚੇ ਤਿਲਕ ਕੇ ਡਿਗ ਸਕਦੇ ਹਨ।

• ਗੁਸਲਖਾਨੇ ਆਦਿ ਵਿਚ ਕੱਚ ਦਾ ਗਿਲਾਸ, ਬੋਤਲ ਜਾਂ ਕੱਚ ਦਾ ਕੋਈ ਹੋਰ ਸਮਾਨ ਨਾ ਰੱਖੋ। ਬੱਚਾ ਨਹਾਉਂਦਿਆਂ ਹੋਇਆਂ ਫੜ ਕੇ ਇਨ੍ਹਾਂ ਨੂੰ ਹੇਠਾਂ ਸੁੱਟ ਸਕਦਾ ਹੈ, ਜਿਹੜਾ ਦੁਰਘਟਨਾ ਨੂੰ ਸਿੱਧਾ ਸੱਦਾ ਹੈ।

• ਧਿਆਨ ਰੱਖੋ ਕਿ ਕਿਤੇ ਬੱਚਾ ਘਰ ਵਿਚ ਪਏ ਹੋਏ ਟਰੰਕ, ਕੱਪ ਬੋਰਡ, ਅਲਮਾਰੀ ਆਦਿ ਖੋਲ੍ਹ ਕੇ ਉਸ ਦੇ ਅੰਦਰ ਬੰਦ ਹੀ ਨਾ ਹੋ ਜਾਵੇ ਤੇ ਕਿਸੇ ਨੂੰ ਪਤਾ ਹੀ ਨਾ ਚੱਲੇ। ਇਸ ਤਰ੍ਹਾਂ ਬੱਚਾ ਜਾਨ ਤੋਂ ਹੱਥ ਧੋ ਸਕਦਾ ਹੈ।

• ਘਰ ਵਿਚ ਦਾਤਰੀ, ਰੰਬਾ, ਚਾਕੂ ਆਦਿ ਬੱਚੇ ਦੀ ਪਹੁੰਚ ਤੋਂ ਹਮੇਸ਼ਾ ਦੂਰ ਰੱਖਣੇ ਚਾਹੀਦੇ ਹਨ। ਇਨ੍ਹਾਂ ਚੀਜ਼ਾਂ ਦੇ ਲੱਗਣ ਨਾਲ ਬੱਚੇ ਦੇ ਸਰੀਰ ਦਾ ਕੋਈ ਵੀ ਅੰਗ ਕੱਟਿਆ-ਵੱਢਿਆ ਜਾ ਸਕਦਾ ਹੈ ਅਤੇ ਖੂਨ ਵੀ ਨਿਕਲ ਸਕਦਾ ਹੈ।

• ਘਰ ਵਿਚ ਲਮਕਦੀਆਂ ਬਿਜਲੀ ਦੀਆਂ ਤਾਰਾਂ ਠੀਕ ਕਰਵਾ ਲਓ। ਇਸ ਨਾਲ ਹਾਦਸਾ ਵਾਪਰ ਸਕਦਾ ਹੈ। ਬੱਚੇ ਨੂੰ ਸਵਿੱਚ, ਸਾਕਟ, ਪਲੱਗ ਆਦਿ ਨੂੰ ਕਦੇ ਵੀ ਛੂਹਣ ਨਾ ਦਿਓ।

• ਘਰ ਵਿਚ ਸਫਾਈ ਕਰਦੇ ਹੋਏ ਉੱਚਾ ਸਟੂਲ, ਪੌੜੀ ਆਦਿ ਵਰਤਦਿਆਂ ਹੀ ਇਨ੍ਹਾਂ ਨੂੰ ਹਟਾ ਦਿਓ, ਕਿਉਂਕਿ ਵੱਡਿਆਂ ਦੀ ਦੇਖਾ-ਦੇਖੀ ਬੱਚਾ ਵੀ ਇਨ੍ਹਾਂ 'ਤੇ ਚੜ੍ਹਨ ਦੀ ਕੋਸ਼ਿਸ਼ ਵਿਚ ਡਿੱਗ ਸਕਦਾ ਹੈ।

• ਜੇਕਰ ਕੋਈ ਜ਼ਰੂਰੀ ਕੰਮ ਪੈ ਜਾਵੇ, ਜਿਵੇਂ ਕਿ ਕੋਈ ਆ ਜਾਵੇ ਜਾਂ ਕੋਈ ਫੋਨ ਆ ਜਾਵੇ ਜਾਂ ਛੋਟੇ ਬੱਚੇ ਨੂੰ ਨਹਾਉਂਦੇ ਹੋਏ ਤੁਸੀਂ ਕੱਪੜੇ ਵਗੈਰਾ ਲੈਣ ਲਈ ਕਮਰੇ 'ਚ ਜਾਣਾ ਹੋਵੇ ਤਾਂ ਵੀ ਬੱਚੇ ਨੂੰ ਟੱਬ ਆਦਿ ਵਿਚ ਨਹਾਉਂਦਿਆਂ ਛੱਡ ਕੇ ਨਾ ਜਾਓ। ਚੰਗਾ ਇਹ ਹੋਵੇਗਾ ਕਿ ਬੱਚੇ ਨੂੰ ਪਾਣੀ ਵਿਚੋਂ ਬਾਹਰ ਕੱਢ ਦਿੱਤਾ ਜਾਵੇ। ਤੁਹਾਡੀ ਥੋੜ੍ਹੀ ਜਿੰਨੀ ਅਣਗਹਿਲੀ ਵੱਡਾ ਨੁਕਸਾਨ ਕਰ ਸਕਦੀ ਹੈ।

• ਛੋਟੇ ਬੱਚੇ ਅਕਸਰ ਘਰ ਵਿਚ ਖਾਲੀ ਲਿਫਾਫੇ ਸਿਰ 'ਤੇ ਟੋਪੀ ਵਾਂਗ ਪਾ ਲੈਂਦੇ ਹਨ, ਜੋ ਠੀਕ ਨਹੀਂ ਹੈ। ਪੋਲੀਥੀਨ ਦੀ ਥੈਲੀ ਸਿਰ ਅਤੇ ਮੂੰਹ 'ਤੇ ਪਾਉਣ ਨਾਲ ਸਾਹ ਘੁੱਟ ਸਕਦਾ ਹੈ। ਇਸ ਕਰਕੇ ਅਜਿਹੇ ਲਿਫਾਫੇ ਜਾਂ ਤਾਂ ਬਾਹਰ ਸੁੱਟ ਦਿਓ ਜਾਂ ਫਿਰ ਲੁਕਾ ਕੇ ਰੱਖੋ।

• ਘਰ ਵਿਚ ਰੱਖੇ ਜਾਨਵਰਾਂ ਕੁੱਤੇ, ਬਿੱਲੀ ਆਦਿ ਵਿਚ ਬੱਚੇ ਨੂੰ ਇਕੱਲੇ ਨਾ ਛੱਡੋ। ਤੁਹਾਡੀ ਗ਼ੈਰ-ਹਾਜ਼ਰੀ ਵਿਚ ਇਹ ਬੱਚੇ ਨੂੰ ਵੱਢ ਸਕਦੇ ਹਨ।
ਬੱਚੇ ਨੂੰ ਘਰ ਵਿਚ ਹੋਣ ਵਾਲੇ ਹਾਦਸਿਆਂ ਬਾਰੇ ਤੇ ਉਨ੍ਹਾਂ ਦੇ ਬਚਾਅ ਬਾਰੇ ਜ਼ਰੂਰ ਦੱਸੋ।
ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 10.02.2012

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms