Sunday, July 17, 2011

ਜਨਮ ਪਿੱਛੋਂ ਛੋਟੇ ਬੱਚੇ ਦੀਆਂ ਪ੍ਰਤੀਕਿਰਿਆਵਾਂ ਅਤੇ ਧਿਆਨ ਦੇਣ ਯੋਗ ਗੱਲਾਂ

ਇਕ ਛੋਟਾ ਬੱਚਾ ਜਨਮ ਪਿੱਛੋਂ ਹੀ ਇਸ ਸੰਸਾਰ ‘ਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦਾ ਹੈ। ਉਹ ਉਨ੍ਹਾਂ ਸਭ ਆਵਾਜ਼ਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੈ, ਜੋ ਉਸਨੇ ਮਾਂ ਦੇ ਗਰਭ ‘ਚ ਸੁਣੀਆਂ ਹੁੰਦੀਆਂ ਹਨ। ਉਸ ਦੇ ਲਈ ਹਸਪਤਾਲ ਦਾ ਕਮਰਾ, ਮਾਂ ਦੀ ਗੋਦ ਹੀ ਇਕ ਨਵਾਂ ਸੰਸਾਰ ਹੁੰਦਾ ਹੈ। ਉਹ ਮਾਂ ਦੀ ਗੰਧ ਮਹਿਸੂਸ ਕਰਦਾ ਹੈ, ਸਪਰਸ਼ ਨੂੰ ਪਛਾਣਦਾ ਹੈ। ਪਿਤਾ, ਦਾਦਾ-ਦਾਦੀ, ਭਰਾ-ਭੈਣ ਦੀਆਂ ਆਵਾਜ਼ਾਂ ‘ਤੇ ਪ੍ਰਤੀਕਿਰਿਆ ਕਰਦਾ ਹੈ। ਅਸੀਂ ਇਹੀ ਜਾਣਦੇ ਹਾਂ ਕਿ ਚਾਰ-ਪੰਜ ਮਹੀਨਿਆਂ ਦਾ ਬੱਚਾ ਹੀ ਆਲੇ-ਦੁਆਲੇ ਦੇ ਚਿਹਰਿਆਂ ਤੇ ਆਵਾਜ਼ਾਂ ਨੂੰ ਮਹਿਸੂਸ ਕਰ ਸਕਦਾ ਹੈ, ਦੇਖ ਸਕਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਨਵਜੰਮਿਆ ਬੱਚਾ ਵੀ ਜਨਮ ਪਿੱਛੋਂ ਹੀ ਅੱਠ-ਦਸ ਇੰਚ ਤਕ ਦੀ ਦੂਰੀ ਤਕ ਦੇਖ ਸਕਦਾ ਹੈ। ਨੰਨ੍ਹਾ-ਮੁੰਨਾ ਅਕਸਰ ਮਾਂ ਦੀ ਗੋਦੀ ‘ਚ ਆ ਕੇ ਚੁੱਪ ਹੋ ਜਾਂਦਾ ਹੈ, ਗੰਧ, ਸਪਰਸ਼ ਦੇ ਨਾਲ-ਨਾਲ ਉਸ ਨੂੰ ਮਾਂ ਦਾ ਚਿਹਰਾ ਵੀ ਦਿਸਣ ਲੱਗਦਾ ਹੈ। ਜਨਮ ਤੋਂ ਕੁਝ ਹਫ਼ਤਿਆਂ ਪਿੱਛੋਂ ਬੱਚੇ ਨੂੰ ਸਪੱਸ਼ਟ ਨਜ਼ਰ ਆਉਣ ਲੱਗਦਾ ਹੈ, ਨਾਲ ਹੀ ਬਹੁਤੀ ਦੂਰ ਤਕ ਬਹੁਤਾ ਸਪੱਸ਼ਟ ਦੇਖਣ ਦੀ ਸਮਰੱਥਾ ਵੀ ਵਧ ਜਾਂਦੀ ਹੈ। ਉਦੋਂ ਉਹ ਹਿੱਲਦਾ ਹੋਇਆ ਪੱਖਾ, ਤੁਰਦੇ-ਫਿਰਦੇ ਲੋਕਾਂ ਨੂੰ ਦੇਖ ਕੇ ਪ੍ਰਤੀਕਿਰਿਆ ਕਰਦਾ ਹੈ ਅਤੇ ਆਵਾਜ਼ਾਂ ਕੱਢਦਾ ਹੈ।

ਬੱਚਿਆਂ ਨੂੰ ਦਿਓ ਸੌਫਟ ਖਿਡੌਣੇ
ਬੱਚਿਆਂ ਦੀ ਨਜ਼ਰ ਸਥਿਰ ਤੇ ਸਪੱਸ਼ਟ ਕਰਨ ਲਈ ਆਮ ਤੌਰ ‘ਤੇ ਲੋਕ ਭੜਕੀਲੇ ਰੰਗਾਂ ਦੇ ਖਿਡੌਣੇ ਟੰਗ ਦਿੰਦੇ ਹਨ। ਤੇਜ਼ੀ ਨਾਲ ਘੁੰਮਣ ਵਾਲੇ ਝੂਮਰ ਲਟਕਾ ਦਿੰਦੇ ਹਾਂ, ਜੋ ਕਿ ਠੀਕ ਨਹੀਂ ਹੈ। ਭੜਕੀਲੇ ਰੰਗ ਬੱਚੇ ਦੀਆਂ ਅੱਖਾਂ ‘ਤੇ ਚੰਗਾ ਪ੍ਰਭਾਵ ਨਹੀਂ ਪਾਉਂਦੇ। ਤੇਜ਼ ਰਫ਼ਤਾਰ ਨਾਲ ਘੁੰਮਦੇ, ਕੰਨ-ਪਾੜਵੀਆਂ ਆਵਾਜ਼ਾਂ ਕੱਢਦੇ ਝੂਮਰ ਬੱਚੇ ਨੂੰ ਚਿੜਚਿੜਾ ਬਣਾਉਂਦੇ ਹਨ। ਇਸਦੇ ਲਈ ਸੱਭਿਅਕ ਰੰਗਾਂ ਦੇ ਪਿਆਰੇ ਚਿਹਰਿਆਂ ਵਾਲੀ ਚੰਗੀ ਮੁਸਕਾਨ ਅਤੇ ਸੁੰਦਰ ਅੱਖਾਂ ਵਾਲੀ ਸੌਫਟ ਗੁੱਡੀ ਜਾਂ ਦੂਜਾ ਕੋਈ ਸੌਫਟ ਖਿਡੌਣਾ ਲਟਕਾਓ, ਜਿਸਦਾ ਹੱਸਦਾ ਚਿਹਰਾ ਹੋਵੇ। ਬਸ ਇੰਨਾ ਹੀ ਨਹੀਂ, ਨਵਜੰਮਿਆ ਬੱਚਾ ਪਰਿਵਾਰ ਦੇ ਵਿਅਕਤੀਆਂ ਦੇ ਚਿਹਰਿਆਂ ਦੇ ਬਦਲਦੇ ਹਾਵ-ਭਾਵ ਵੱਲ ਵਧੇਰੇ ਆਕਰਸ਼ਿਤ ਹੁੰਦਾ ਹੈ।

ਬੱਚੇ ਨਾਲ ਕਰੋ ਗੱਲਾਂ
ਮਾਂ ਨੂੰ ਚਾਹੀਦੈ ਕਿ ਜਦੋਂ ਵੀ ਆਰਾਮ ਦੇ ਪਲਾਂ ‘ਚ ਉਹ ਬੱਚੇ ਨਾਲ ਗੱਲਾਂ ਕਰੇ ਤਾਂ ਬਹੁਤ ਸਾਰੇ ਭਾਵਾਂ ਨੂੰ ਚਿਹਰੇ ਰਾਹੀਂ ਪ੍ਰਗਟ ਕਰੇ। ਇਸ ਨਾਲ ਉਸਦੀ ਨਜ਼ਰ ਵੀ ਛੇਤੀ ਹੀ ਸਪੱਸ਼ਟ ਹੋ ਜਾਂਦੀ ਹੈ ਅਤੇ ਬੱਚੇ ਬਾਹਰੀ ਸੰਸਾਰ ਪ੍ਰਤੀ ਜੁੜਿਆ ਮਹਿਸੂਸ ਕਰਦੇ ਹਨ ਅਤੇ ਖ਼ੁਦ ਆਵਾਜ਼ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਮਾਂ ਹੀ ਨਹੀਂ, ਪਿਤਾ ਨੂੰ ਵੀ ਅਜਿਹਾ ਕਰਨਾ ਚਾਹੀਦਾ ਅਤੇ ਘਰ ਦੇ ਬਾਕੀ ਮੈਂਬਰਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਖ਼ਾਸ ਤੌਰ ‘ਤੇ ਭਰਾ ਜਾਂ ਭੈਣ ਆਦਿ ਇਸ ਤੋਂ ਵੱਡੇ ਬੱਚੇ ਦੇ ਮਨ ‘ਚੋਂ ਨਵਜੰਮੇ ਬੱਚੇ ਪ੍ਰਤੀ ਈਰਖਾ ਦੀ ਭਾਵਨਾ ਵੀ ਮਿਟੇਗੀ ਤੇ ਇਕ ਭਾਵਨਾਤਮਕ ਜੁੜਾਅ ਪੈਦਾ ਹੋਵੇਗਾ। ਕਦੇ-ਕਦੇ ਰੋਂਦਾ ਬੱਚਾ ਮੋਢੇ ਲਾ ਕੇ ਘੁੰਮਣ ਨਾਲ ਛੇਤੀ ਚੁੱਪ ਹੋ ਜਾਂਦਾ ਹੈ, ਇਸ ਦਾ ਕਾਰਨ ਇਹ ਹੈ ਕਿ ਉਹ ਇਕ ਹੀ ਸਥਿਤੀ ‘ਚ, ਇਕੋ ਜਿਹੇ ਦ੍ਰਿਸ਼ ਦੇਖ ਕੇ ਅੱਕ ਜਾਂਦਾ ਹੈ। ਅਜਿਹੇ ‘ਚ ਮੋਢੇ ਨਾਲ ਲੱਗ ਕੇ ਬਦਲਦੇ ਦ੍ਰਿਸ਼, ਰਫ਼ਤਾਰ, ਆਉਂਦੇ-ਜਾਂਦੇ ਲੋਕ ਉਸਨੂੰ ਚੰਗੇ ਲੱਗਦੇ ਹਨ। ਉਸਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਵੀ ਸੰਸਾਰ ਦੀ ਚਹਿਲ-ਪਹਿਲ ‘ਚ ਸ਼ਾਮਲ ਹਾਂ।

ਪ੍ਰਤੀਕਿਰਿਆਵਾਂ ਪ੍ਰਗਟਾਉਂਦਾ ਹੈ ਬੱਚਾ
ਨਵਜੰਮੇ ਬੱਚੇ ਜਨਮ ਤੋਂ ਕੁਝ ਦਿਨਾਂ ਪਿੱਛੋਂ ਹੀ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਪਛਾਣਨ ਲੱਗਦੇ ਹਨ। ਵੱਖ-ਵੱਖ ਤਰ੍ਹਾਂ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹਨ। ਜਿਵੇਂ ਮਾਂ ਨੂੰ ਦੇਖ ਕੇ ਬੁਲਾਉਣ ਵਰਗੀ ਆਵਾਜ਼ ਕੱਢਣਾ, ਪਿਤਾ ਨੂੰ ਦੇਖ ਕੇ ਮੁਸਕਰਾਉਣਾ ਅਤੇ ਊਂ-ਊਂ-ਊਂ ਆਦਿ ਕਰਨਾ ਅਤੇ ਘਰ ਦੇ ਬੱਚਿਆਂ ਨੂੰ ਦੇਖ ਕੇ ਉਤੇਜਿਤ ਹੋ ਕੇ ਹੱਥ-ਪੈਰ ਮਾਰਨਾ। ਨਵਜੰਮੇ ਬੱਚੇ ਬਿਨਾਂ ਗੱਲ ਦੇ ਖਾਲੀਪਨ ‘ਚ ਦੇਖ ਕੇ ਮੁਸਕਰਾਉਂਦੇ ਵੀ ਹਨ। ਇਸਦਾ ਅਰਥ ਹੈ ਕਿ ਉਹ ਰੋਸ਼ਨੀ ਅਤੇ ਪਛਾਣੀਆਂ ਆਵਾਜ਼ਾਂ ਤੋਂ ਜਾਣੂ ਹੋ ਰਹੇ ਹੁੰਦੇ ਹਨ ਅਤੇ ਖੁਸ਼ ਹੁੰਦੇ ਹਨ। ਰੋਣ ਲਈ ਬੁੱਲ੍ਹ ਟੇਰ ਕੇ ਮੂੰਹ ਬਣਾਉਣਾ ਉਨ੍ਹਾਂ ਦੇ ਇਕੱਲੇਪਣ, ਭੁੱਖ ਜਾਂ ਹੋਰ ਕਿਸੇ ਲੋੜ ਨੂੰ ਪ੍ਰਗਟਾਉਂਦਾ ਹੈ।

ਸਮੇਂ ਦੀ ਰਫ਼ਤਾਰ ਪਛਾਣਦਾ ਹੈ ਬੱਚਾ
ਕਈ ਵਾਰ ਨਵਜੰਮੇ ਬੱਚੇ ਰੁੱਸ ਵੀ ਜਾਂਦੇ ਹਨ। ਮਾਂ ਨੂੰ ਦੇਖ ਕੇ ਮੂੰਹ ਜਾਂ ਨਜ਼ਰ ਫੇਰ ਲੈਂਦੇ ਹਨ। ਬੁੱਲ੍ਹ ਟੇਰ ਕੇ ਮੂੰਹ ਬਣਾਉਂਦੇ ਹਨ। ਅਜਿਹਾ ਦੁੱਧ ਮਿਲਣ ‘ਚ ਦੇਰੀ ਉਤੇ ਉਹ ਪ੍ਰਗਟ ਕਰਦੇ ਹਨ। ਰੁੱਝੀ ਹੋਈ ਮਾਂ ਜਦੋਂ ਘਰ ਦੇ ਕੰਮਾਂ ਤੋਂ ਵਿਹਲੀ ਹੋ ਕੇ ਬੱਚੇ ਨੂੰ ਦੁੱਧ ਪਿਲਾਉਣ ਬੈਠਦੀ ਹੈ ਤਾਂ ਉਹ ਮੂੰਹ ਨਹੀਂ ਖੋਲ੍ਹਦੇ ਅਤੇ ਰੋ-ਰੋ ਕੇ ਬੁਰਾ ਹਾਲ ਕਰ ਲੈਂਦੇ ਹਨ। ਸਮੇਂ ਦੀ ਰਫ਼ਤਾਰ ਨੂੰ ਪਛਾਣਦੇ ਹਨ। ਜਨਮ ਪਿੱਛੋਂ ਹੀ ਉਨ੍ਹਾਂ ਦਾ ਬਾਇਓਲਾਜੀਕਲ ਕਲਾਕ ਕੰਮ ਕਰਨ ਲੱਗਦਾ ਹੈ ਅਤੇ ਉਨ੍ਹਾਂ ਨੂੰ ਸਮੇਂ ‘ਤੇ ਸਭ ਕੁਝ ਚਾਹੀਦਾ ਹੁੰਦਾ ਹੈ। ਮਿਸਾਲ ਵਜੋਂ ਮਾਲਿਸ਼, ਦੁੱਧ, ਨਹਾਉਣਾ, ਫਿਰ ਸ਼ਾਮ ਹੁੰਦੇ ਹੀ ਸੈਰ ਜਾਂ ਪਿਤਾ ਦੇ ਮੋਢਿਆਂ ‘ਤੇ ਬੈਠ ਕੇ ਪੂਰੇ ਘਰ ‘ਚ ਘੁੰਮਣਾ ਅਤੇ ਸੌਣਾ ਆਦਿ। ਅਜਿਹਾ ਸਮੇਂ ‘ਤੇ ਨਾ ਹੋਣ ਨਾਲ ਉਨ੍ਹਾਂ ਦਾ ਸਬਰ ਟੁੱਟਣ ਲੱਗਦਾ ਹੈ ਅਤੇ ਉਹ ਚਿੜ ਵੀ ਜਾਂਦੇ ਹਨ।

ਰਹੋ ਬੱਚੇ ਦੇ ਆਲੇ-ਦੁਆਲੇ
ਕਈ ਵਾਰ ਮਾਂ ਬੱਚੇ ਨੂੰ ਇਕੱਲਾ ਖਿਡੌਣਿਆਂ ਨਾਲ ਪੰਘੂੜੇ ‘ਚ ਛੱਡ ਕੇ ਕੰਮ ‘ਚ ਲੱਗੀ ਰਹਿੰਦੀ ਹੈ ਪਰ ਜ਼ਿਆਦਾਤਰ ਬੱਚੇ ਬੇਜਾਨ ਖਿਡੌਣਿਆਂ ਤੋਂ ਵੱਧ ਕਿਸੇ ਨਾ ਕਿਸੇ ਵਿਅਕਤੀ ਦਾ ਹੋਣਾ ਪਸੰਦ ਕਰਦੇ ਹਨ, ਜੋ ਉਸ ਦੀਆਂ ਮਾਸੂਮ ਅੱਖਾਂ ‘ਚ ਅੱਖਾਂ ਪਾ ਕੇ ਗੱਲਾਂ ਕਰੇ ਅਤੇ ਉਸ ਨਾਲ ਖੇਡੇ। ਬੱਚੇ ਆਪਣੇ ਕਿਸੇ ਵੀ ਕਿਰਿਆ-ਕਲਾਪ ‘ਤੇ ਤੁਹਾਡੀ ਸਹਿਮਤੀ ਚਾਹੁੰਦੇ ਹਨ। ਉਨ੍ਹਾਂ ਦੀਆਂ ਆਵਾਜ਼ਾਂ, ਮਾਸੂਮ ਹਰਕਤਾਂ ‘ਤੇ ਮੁਸਕਰਾ ਕੇ ਉਨ੍ਹਾਂ ਨੂੰ ਹੋਰ ਪ੍ਰੇਰਿਤ ਕਰੋ। ਬਹੁਤ ਚੰਗਾ, ਬਹੁਤ ਮਜ਼ੇਦਾਰ, ਬਹੁਤ ਸਮਝਦਾਰ ਹੈ ਮੇਰਾ ਮੁੰਨਾ ਆਦਿ ਵਾਕ ਬੋਲੋ। ਬੱਚੇ ਵੱਡਿਆਂ ਦੇ ਹਰੇਕ ਭਾਵਾਂ ਨੂੰ ਸਮਝਦੇ ਹਨ। ਬੇਹਤਰ ਤਾਂ ਇਹੀ ਹੈ ਕਿ ਬੱਚੇ ਤੋਂ ਬਹੁਤੀ ਦੇਰ ਲਈ ਦੂਰ ਨਾ ਜਾਓ। ਕੋਈ ਨਾ ਕੋਈ ਘਰ ਦਾ ਬੇਹੱਦ ਆਪਣਾ ਜਿਹਾ ਬੱਚੇ ਦਾ ਜਾਣਿਆ-ਪਛਾਣਿਆ ਚਿਹਰਾ ਹਰ ਵੇਲੇ ਉਸਦੇ ਆਲੇ-ਦੁਆਲੇ ਰਹੇ ਤਾਂ ਬੱਚੇ ਦਾ ਵਿਕਾਸ ਇਕ ਸੰਤੁਲਿਤ ਸਮਾਜਿਕ ਵਿਅਕਤੀ ਦੇ ਰੂਪ ‘ਚ ਹੋਵੇਗਾ। ਹਰੇਕ ਮਾਤਾ-ਪਿਤਾ ਦੇ ਹੱਥ ਹੁੰਦਾ ਹੈ ਆਪਣੇ ਛੋਟੇ ਬੱਚੇ ਦਾ ਵਿਕਸਿਤ ਹੋਣ ਵਾਲਾ ਸਾਂਚਾ। ਉਹ ਪਹਿਲੇ ਹੀ ਦਿਨ ਤੋਂ ਆਪਣੇ ਬੱਚੇ ਨੂੰ ਸਕਾਰਾਤਮਕ ਸੋਚ ਦੇ ਸਕਦੇ ਹਨ। ਇਕ ਹੱਸਦੇ-ਮੁਸਕਰਾਉਂਦੇ, ਆਤਮ-ਵਿਸ਼ਵਾਸੀ ਵਿਅਕਤੀ ਦੇ ਰੂਪ ‘ਚ ਢਾਲ ਸਕਦੇ ਹਨ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 15.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms