Wednesday, January 11, 2012

ਇਸ ਤੋਂ ਪਹਿਲਾਂ ਕਿ ਬੱਚਿਆਂ ਨੂੰ ਠੰਢ ਲੱਗ ਜਾਵੇ!

ਸਰਦੀਆਂ ਦੇ ਮਹੀਨੇ ਮੌਸਮ ਵਿਚ ਤਬਦੀਲੀ ਲਿਆਉਂਦੇ ਹਨ ਅਤੇ ਇਸ ਤਬਦੀਲੀ ਦੇ ਨਾਲ ਹੋਰ ਵਾਇਰਲ ਇਨਫੈਕਸ਼ਨਾਂ ਸਮੇਤ ਜ਼ੁਕਾਮ, ਫਲੂ ਤੇ ਹੋਰ ਰੋਗਾਂ ਵਿਚ ਵਾਧਾ ਹੁੰਦਾ ਹੈ।

• ਹਮੇਸ਼ਾ ਆਪਣੇ ਹੱਥ ਧੋਵੋ, ਇਸ ਦੇ ਨਾਲ ਹੀ ਆਪਣੇ ਛੋਟੇ ਬੱਚਿਆਂ ਦੇ ਹੱਥ ਅਤੇ ਆਪਣੇ ਛੋਟੇ ਬੱਚਿਆਂ ਦੁਆਲੇ ਰਹਿਣ ਵਾਲੇ ਹੋਰ ਬੱਚਿਆਂ ਦੇ ਹੱਥ ਸਾਫ ਰੱਖੋ। ਇਨਫੈਕਸ਼ਨ ਤੇ ਰੋਗਾਂ ਤੋਂ ਬਚਾਅ ਦਾ ਸਭ ਤੋਂ ਉੱਤਮ ਤਰੀਕਾ ਹੱਥ ਸਾਫ ਰੱਖਣਾ ਹੈ।

• ਜਦੋਂ ਹੋਰ ਬੱਚੇ ਤੇ ਬਾਲਗ ਬਿਮਾਰ ਹੋਣ ਤਾਂ ਆਪਣੇ ਬੱਚੇ ਦੇ ਚਿਹਰੇ ਨੂੰ ਉਨ੍ਹਾਂ ਤੋਂ ਦੂਰ ਰੱਖੋ। ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਚਿਹਰਿਆਂ ਦਾ ਆਪਸੀ ਸੰਪਰਕ ਫਲੂ ਤੇ ਹੋਰ ਇਨਫੈਕਸ਼ਨਾਂ ਨੂੰ ਵਧਾਉਂਦਾ ਹੈ। ਇਸ ਲਈ ਬਿਹਤਰ ਇਹੀ ਹੋਵੇਗਾ ਕਿ ਆਪਣੇ ਚਿਹਰੇ ਨੂੰ ਬਿਮਾਰ ਹੋਣ ਦੀ ਹਾਲਤ ਵਿਚ ਛੋਟੇ ਬੱਚੇ ਤੋਂ ਦੂਰ ਰੱਖੋ।

• ਆਪਣੇ ਬੱਚੇ ਨੂੰ ਸਿਹਤਮੰਦ ਭੋਜਨ ਜਿਵੇਂ ਫਲ ਤੇ ਸਬਜ਼ੀਆਂ ਹੀ ਖਵਾਓ।

• ਜਦੋਂ ਠੰਢ ਦੌਰਾਨ ਬਾਹਰ ਜਾਣਾ ਹੋਵੇ ਤਾਂ ਇਕ ਆਮ ਨਿਯਮ ਮੁਤਾਬਿਕ ਬੱਚਿਆਂ ਨੂੰ ਤਹਿਆਂ ਵਿਚ ਕੱਪੜੇ ਪਵਾਓ ਅਤੇ ਉਨ੍ਹਾਂ ਦੇ ਸਿਰ ਨੂੰ ਗਰਮ ਟੋਪੀ ਨਾਲ ਜ਼ਰੂਰ ਢਕੋ।

• ਗਰਮ ਜੈਕਟ ਨਾਲੋਂ ਤਹਿਆਂ ਵਿਚ ਪਾਏ ਹੋਏ ਕੱਪੜੇ ਠੰਢ ਤੋਂ ਜ਼ਿਆਦਾ ਬਚਾਅ ਕਰਦੇ ਹਨ।

ਸਰਦੀਆਂ ਵਿਚ ਬੱਚਿਆਂ ਦੀ ਦੇਖਭਾਲ

• ਆਪਣੇ ਛੋਟੇ ਬੱਚੇ ਨੂੰ ਰੋਜ਼ਾਨਾ ਨਾ ਨਹਾਓ, ਕਿਉਂਕਿ ਹਵਾ ਵਿਚ ਘੱਟ ਨਮੀ ਹੁੰਦੀ ਹੈ ਅਤੇ ਰੋਜ਼ਾਨਾ ਨਹਾਉਣ ਨਾਲ ਚਮੜੀ ਸੁੱਕੀ ਤੇ ਖੁਰਦੁਰੀ ਹੋ ਸਕਦੀ ਹੈ। ਜੇ ਤੁਸੀਂ ਰੋਜ਼ ਨਹਾਉਣਾ ਹੀ ਹੈ ਤਾਂ ਸਿਰਫ ਦੋ ਜਾਂ ਤਿੰਨ ਮਿੰਟ ਲਈ ਹੀ ਬੱਚੇ ਨੂੰ ਨਹਾਓ।

• ਨਹਾਉਣ ਤੋਂ ਇਕਦਮ ਬਾਅਦ ਬੱਚੇ ਦੇ ਸਰੀਰ 'ਤੇ ਗਰੀਸਯੁਕਤ ਲੋਸ਼ਨ ਜ਼ਰੂਰ ਲਾਓ ਅਤੇ ਉਸ ਸਮੇਂ ਕਮਰੇ ਦਾ ਤਾਪਮਾਨ ਬਿਲਕੁਲ ਠੀਕ ਰੱਖੋ।

• ਆਪਣੇ ਛੋਟੇ ਬੱਚੇ ਨੂੰ ਉੱਨ ਦੇ ਜ਼ਿਆਦਾ ਕੱਪੜੇ ਨਾ ਪਹਿਨਾਓ, ਕਿਉਂਕਿ ਉਸ ਨੂੰ ਅੰਦਰੂਨੀ ਤੌਰ 'ਤੇ ਪਸੀਨਾ ਆਉਣਾ ਹੁੰਦਾ ਹੈ ਤੇ ਉੱਨੀ ਕੱਪੜੇ ਸਰੀਰ ਦੀ ਚਮੜੀ ਦੇ ਰੋਮ ਬੰਦ ਕਰ ਦਿੰਦੇ ਹਨ, ਜਿਸ ਨਾਲ ਉਹ ਜਗ੍ਹਾ ਲਾਲ ਹੋ ਜਾਂਦੀ ਹੈ ਅਤੇ ਖਾਰਸ਼ ਸ਼ੁਰੂ ਹੋ ਜਾਂਦੀ ਹੈ। ਉਸ ਨੂੰ ਸਿਰਫ ਨਰਮ ਫਰ ਦੇ ਕੱਪੜਿਆਂ ਵਿਚ ਲਪੇਟੋ।

• ਸਰਦੀਆਂ ਦੇ ਮੌਸਮ ਵਿਚ ਬੱਚਿਆਂ ਨੂੰ ਦਸਤਾਨੇ ਤੇ ਟੋਪੀਆਂ ਜ਼ਰੂਰ ਪਹਿਨਾਓ। ਇਹ ਸਿਰਫ ਹੱਥਾਂ ਤੇ ਚਿਹਰੇ ਦੀ ਕੋਮਲ ਚਮੜੀ ਨੂੰ ਠੰਢ ਦੇ ਪ੍ਰਭਾਵਾਂ ਤੋਂ ਬਚਾਉਂਦੇ ਹਨ।

• ਆਪਣੇ ਬੱਚੇ ਦੇ ਡਾਈਪਰ ਵਿਚ ਪਾਊਡਰ ਦੀ ਜਗ੍ਹਾ ਕ੍ਰੀਮ ਦੀ ਵਰਤੋਂ ਕਰੋ। ਕ੍ਰੀਮ ਖਾਰਸ਼, ਨਮੀ ਤੇ ਅਸੁਵਿਧਾ ਤੋਂ ਰਾਹਤ ਦਿਵਾਉਂਦੀ ਹੈ।

• ਛੋਟੇ ਬੱਚੇ ਦੇ ਨੱਕ ਵਿਚ ਥੋੜ੍ਹੀ ਜਿਹੀ ਪੈਟਰੋਲੀਅਮ ਜੈਲੀ ਜ਼ਰੂਰ ਲਾਓ, ਕਿਉਂਕਿ ਠੰਢ ਵਿਚ ਰੁੱਖਾਪਣ ਸਾਹ ਰਾਹੀਂ ਅੰਦਰ ਵੜਦਾ ਹੈ, ਜਿਸ ਕਾਰਨ ਕਈ ਵਾਰ ਖੂਨ ਨਿਕਲ ਸਕਦਾ ਹੈ। ਇਹ ਧਿਆਨ ਰੱਖੋ ਕਿ ਤੁਹਾਡਾ ਬੱਚਾ ਆਪਣਾ ਨੱਕ ਰਗੜੇ ਨਾ।

• ਬੱਚੇ ਦੀ ਚਮੜੀ ਨੂੰ ਹਾਈਡ੍ਰੇਟ ਰੱਖਣ ਲਈ ਇਹ ਯਕੀਨੀ ਬਣਾਓ ਕਿ ਉਹ ਰੋਜ਼ਾਨਾ ਸਹੀ ਮਾਤਰਾ ਵਿਚ ਕੋਸਾ ਪਾਣੀ ਪੀਵੇ।

ਤਹਿਆਂ ਵਿਚ ਕੱਪੜੇ ਪਾਓ

• ਕੱਪੜਿਆਂ ਦੀ ਪਹਿਲੀ ਤਹਿ ਦੇ ਤੌਰ 'ਤੇ ਡਾਈਪਰ ਤੇ ਸੂਤੀ ਕੱਪੜੇ ਦੀ ਇਕ ਬਨੈਣ ਪਾਉਣੀ ਬਹੁਤ ਮਹੱਤਵਪੂਰਨ ਹੈ ਅਤੇ ਉਸ ਨੂੰ ਸੁੱਕਾ ਰੱਖਣਾ ਵੀ ਬਹੁਤ ਜ਼ਰੂਰੀ ਹੈ।

• ਛੋਟੇ ਬੱਚਿਆਂ ਲਈ ਉਨ੍ਹਾਂ ਨੂੰ ਅਜਿਹੀ ਸੂਤੀ ਜਰਸੀ ਪਹਿਨਾਓ, ਜਿਸ ਨਾਲ ਪੈਰ ਵੀ ਗਰਮ ਰੱਖੇ ਜਾ ਸਕਣ ਅਤੇ ਜੋ ਡਾਈਪਰ ਬਦਲਣ ਲਈ ਵੀ ਢੁਕਵੀਂ ਹੋਵੇ।

• ਬਹੁਤ ਛੋਟੇ ਬੱਚਿਆਂ ਨੂੰ ਅਜਿਹਾ ਗਾਊਨ ਪਹਿਨਾਓ, ਜੋ ਲੰਬਾ ਹੋਵੇ ਤੇ ਜਿਸ ਨਾਲ ਪੈਰ ਵੀ ਗਰਮ ਰਹਿਣ ਅਤੇ ਡਾਈਪਰ ਬਦਲਣ ਲਈ ਵੀ ਢੁਕਵਾਂ ਹੋਵੇ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਸ ਨੂੰ ਅਜਿਹੇ ਗਰਮ ਕੱਪੜੇ ਪਹਿਨਾਓ, ਜੋ ਉਸ ਲਈ ਵੀ ਸਹਿਜ ਹੋਣ ਤੇ ਜਿਨ੍ਹਾਂ ਨੂੰ ਲਾਹਿਆ ਵੀ ਆਸਾਨੀ ਨਾਲ ਜਾ ਸਕਦਾ ਹੋਵੇ।

• ਜੇ ਤੁਸੀਂ ਬੱਚੇ ਨੂੰ ਸਰਦੀਆਂ ਦੇ ਮੌਸਮ ਵਿਚ ਬਾਹਰ ਲਿਜਾਣਾ ਹੈ ਤਾਂ ਉਸ ਲਈ ਇਕ ਟੋਪੀ, ਸਵੈਟਰ ਤੇ ਕੰਬਲ ਬਹੁਤ ਲੋੜੀਂਦਾ ਹੈ। ਛੋਟੇ ਬੱਚਿਆਂ ਨੂੰ ਨਰਮ ਕੰਬਲ ਵਿਚ ਜ਼ਰੂਰ ਲਪੇਟੋ। ਬੱਚੇ ਦੇ ਚਿਹਰੇ ਨੂੰ ਠੰਢੀਆਂ ਹਵਾਵਾਂ ਤੋਂ ਬਚਾਉਣਾ ਨਾ ਭੁੱਲੋ। ਇਹ ਧਿਆਨ ਰੱਖੋ ਕਿ ਜਿਹੜੇ ਕੰਬਲ ਵਿਚ ਬੱਚੇ ਨੂੰ ਲਪੇਟਿਆ ਜਾਵੇ, ਉਹ ਬਿਲਕੁਲ ਸਾਫ ਹੋਵੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 24.11.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms