Friday, July 22, 2011

ਬੱਚਿਆਂ ‘ਚ ਜਮਾਂਦਰੂ ਦਿਲ ਦੇ ਰੋਗ ਦਾ ਖਤਰਾ - ਡਾ. ਸੀਤੇਸ਼ ਕੁਮਾਰ ਦਿਵੇਦੀ

ਬਚਪਨ ਖਤਰੇ ‘ਚ ਹੈ। ਭਾਰਤ ‘ਚ ਦੁਨੀਆ ਦੇ 60 ਫੀਸਦੀ ਦਿਲ ਦੇ ਮਰੀਜ਼ ਹਨ। ਅਜਿਹੇ ‘ਚ ਆਉਣ ਵਾਲੀ ਪੀੜ੍ਹੀ ਨੂੰ ਦਿਲ ਦੇ ਰੋਗਾਂ ਤੋਂ ਬਚਾਉਣਾ ਇਕ ਵੱਡੀ ਚੁਣੌਤੀ ਹੈ। ਇਥੇ ਹਰ ਸੌ ‘ਚੋਂ ਇਕ ਬੱਚਾ ਜਨਮ ਤੋਂ ਹੀ ਦਿਲ ਦੇ ਰੋਗ ਤੋਂ ਪੀੜਤ ਹੁੰਦਾ ਹੈ, ਜਿਸ ਕਾਰਨ 25 ਹਜ਼ਾਰ ਬੱਚਿਆਂ ਦੀ ਪਹਿਲੇ ਸਾਲ ਦੌਰਾਨ ਹੀ ਬਿਨਾਂ ਇਲਾਜ ਦੇ ਮੌਤ ਹੋ ਜਾਂਦੀ ਹੈ। ਜਨਮ ਤੋਂ ਹੀ ਦਿਲ ਦੀ ਖਰਾਬੀ, ਨੁਕਸ ਜਾਂ ਕਮੀ ਨੂੰ ਦਿਲ ਦਾ ਜਮਾਂਦਰੂ ਰੋਗ ਕਿਹਾ ਜਾਂਦਾ ਹੈ। ਇਨ੍ਹਾਂ ‘ਚੋਂ ਕੁਝ ਬੱਚਿਆਂ ਦੇ ਦਿਲ ‘ਚ ਛੇਕ ਹੁੰਦਾ ਹੈ। ਕੁਝ ਦੇ ਦਿਲ ਦੇ ਵਾਲਵ ‘ਚ ਸਮੱਸਿਆ ਹੁੰਦੀ ਹੈ। ਉਥੇ ਹੀ ਕੁਝ ਦੇ ਦਿਲ ਦੀਆਂ ਦੋਹਾਂ ਆਰਟਰੀ ਵਿਚਾਲੇ ਦੀਵਾਰ ਨਹੀਂ ਹੁੰਦੀ। ਕੁਝ ਬੱਚਿਆਂ ਦੀਆਂ ਧਮਨੀਆਂ ‘ਚ ਸਮੱਸਿਆ ਹੁੰਦੀ ਹੈ, ਜਿਸ ਨਾਲ ਇਨ੍ਹਾਂ ਬੱਚਿਆਂ ਦਾ ਸਰੀਰ ਨੀਲਾ ਹੋ ਜਾਂਦਾ ਹੈ। ਕਈ ਵਾਰ ਤਾਂ ਇਹ ਨੁਕਸ ਇੰਨੇ ਛੋਟੇ ਹੁੰਦੇ ਹਨ ਕਿ ਬੱਚਾ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬਿਨਾਂ ਪ੍ਰੇਸ਼ਾਨੀ ਦੇ ਕੱਢ ਲੈਂਦਾ ਹੈ, ਨਹੀਂ ਤਾਂ ਕੁਝ ਜਨਮ ਤੋਂ ਹੀ ਦਿਲ ਰੋਗ ਇੰਨੇ ਗੰਭੀਰ ਹੁੰਦੇ ਹਨ ਕਿ ਬੱਚੇ ਦੀ ਜ਼ਿੰਦਗੀ ਜਨਮ ਲੈਂਦਿਆਂ ਹੀ ਖਤਰੇ ‘ਚ ਪੈ ਜਾਂਦੀ ਹੈ।

ਇਥੇ ਜਨਮ ਤੋਂ ਹੀ ਦਿਲ ਦੇ ਨੁਕਸ ਵਾਲੇ ਬੱਚਿਆਂ ‘ਚੋਂ 30 ਹਜ਼ਾਰ ਬੱਚਿਆਂ ਨੂੰ ਆਪਣੀ ਉਮਰ ਦੇ ਪਹਿਲੇ ਸਾਲ ਦੌਰਾਨ ਹੀ ਸਰਜਰੀ ਦੀ ਲੋੜ ਪੈਂਦੀ ਹੈ। ਇਹ ਗਿਣਤੀ ਸਾਲਾਨਾ ਹੁੰਦੀ ਹੈ, ਜਿਨ੍ਹਾਂ ‘ਚੋਂ ਸਿਰਫ 5 ਹਜ਼ਾਰ ਬੱਚਿਆਂ ਦਾ ਹੀ ਇਲਾਜ ਹੁੰਦਾ ਹੈ, ਜਦਕਿ ਬਾਕੀ ਦੇ 25 ਹਜ਼ਾਰ ਬੱਚਿਆਂ ਨੂੰ ਇਲਾਜ ਨਾ ਮਿਲ ਸਕਣ ਕਾਰਨ ਬਚਾਇਆ ਨਹੀਂ ਜਾ ਸਕਦਾ। ਇਥੇ ਹਰ ਸਾਲ ਪੰਜ ਲੱਖ ਅਜਿਹੇ ਬੱਚੇ ਪੈਦਾ ਹੁੰਦੇ ਹਨ ਜੋ ਬਲੱਡ ਸਰਕੂਲੇਸ਼ਨ ਦੀ ਖਰਾਬੀ, ਸਪਾਇਨ ਅਤੇ ਸਿਰ ਦੀ ਖਰਾਬੀ, ਦਿਲ ਦੀ ਬੀਮਾਰੀ, ਸਕਿੱਲ ਸੈੱਲ ਡਿਜ਼ੀਜ਼ ਅਤੇ ਮੈਟਾਬੋਲਿਕ ਡਿਸਆਰਡਰ ਤੋਂ ਪੀੜਤ ਹੁੰਦੇ ਹਨ, ਜੋ ਜਨਮ ਪਿੱਛੋਂ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਸਕਦੇ ਭਾਵ ਅਪਾਹਜਪਣ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਨਹੀਂ ਹੋ ਸਕਦਾ। ਇਹ ਖਾਨਦਾਨੀ ਰੋਗ ਅਖਵਾਉਂਦੇ ਹਨ। ਜਮਾਂਦਰੂ ਹੋਣ ਵਾਲੇ ਰੋਗਾਂ ‘ਚ ਨਿਊਰਲ ਟਿਊਬ ਡਿਫੈਕਟ, ਡਾਊਨ ਸਿੰਡ੍ਰੋਮ, ਥੈਲੇਸੀਮੀਆ, ਦਿਲ ਰੋਗ, ਕਲੈਪਟ ਲਿਪਸ ਅਤੇ ਪਲੇਟ ਹੁੰਦੇ ਹਨ। ਇਨ੍ਹਾਂ ‘ਚੋਂ ਜਨਮ ਤੋਂ ਹੀ ਦਿਲ ਦੇ ਰੋਗ ਤੋਂ ਪੀੜਤ ਹੋਣ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਵਧੇਰੇ ਹੁੰਦੀ ਹੈ।

ਦਿਲ ਦੇ ਜਮਾਂਦਰੂ ਰੋਗਾਂ ਦੇ ਕਾਰਨ
ਦਿਲ ਦਾ ਵਿਕਾਸ ਗਰਭ ਵਿਚਲੇ ਬੱਚੇ ਅੰਦਰ ਗਰਭਧਾਰਨ ਦੇ 22 ਦਿਨ ਭਾਵ ਤਿੰਨ ਹਫਤਿਆਂ ਪਿੱਛੋਂ ਹੋਣ ਲੱਗਦਾ ਹੈ। ਪਹਿਲਾਂ ਇਹ ਇਕ ਟਿਊਬ ਵਰਗੇ ਆਕਾਰ ਦਾ ਹੁੰਦਾ ਹੈ। 22 ਤੋਂ 28 ਦਿਨਾਂ ‘ਚ ਇਹ ਨਲੀ ਵਰਗੀ ਟਿਊਬ ਦਿਲ ਵਰਗਾ ਆਕਾਰ ਲੈਣ ਲੱਗਦੀ ਹੈ। ਦਿਲ ਦੇ ਵਿਕਾਸ ਦੀ ਇਸ ਅਵਸਥਾ ‘ਚ ਉਸ ਦੀ ਸੰਰਚਨਾ ‘ਚ ਕਿਤੇ ਕਮੀ ਰਹਿ ਜਾਂਦੀ ਹੈ। ਇਹੀ ਕਮੀ ਜਾਂ ਵਿਕਾਰ ਦਿਲ ਦਾ ਰੋਗ ਅਖਵਾਉਂਦਾ ਹੈ।

ਦਿਲ ਚਾਰ ਹਿੱਸਿਆਂ ‘ਚ ਵੰਡਿਆ ਹੁੰਦਾ ਹੈ। ਇਸ ਦੇ ਅੰਦਰ ਚਾਰ ਵਾਲਵ ਹੁੰਦੇ ਹਨ, ਜੋ ਆਪਸ ਵਿਚ ਜੁੜ ਹੁੰਦੇ ਹਨ। ਇਹ ਲਗਾਤਾਰ ਗਤੀਸ਼ੀਲ ਰਹਿੰਦੇ ਹਨ। ਲੈਅਬੱਧ ਧੜਕਦੇ ਰਹਿੰਦੇ ਹਨ। ਸਰੀਰ ਦੇ ਖਰਾਬ ਖੂਨ ਨੂੰ ਇਕੱਠਾ ਕਰਕੇ ਸਾਫ ਕਰਕੇ ਅਤੇ ਆਕਸੀਜਨ ਮਿਲਾ ਕੇ ਇਹ ਦੁਬਾਰਾ ਸਰੀਰ ਨੂੰ ਭੇਜਦੇ ਹਨ। ਜਨਮ ਤੋਂ ਹੀ ਦਿਲ ਦੇ ਰੋਗ ਦੀ ਸਥਿਤੀ ‘ਚ ਇਹੀ ਕੰਮ ਠੀਕ ਨਹੀਂ ਹੁੰਦਾ ਅਤੇ ਬੱਚੇ ਦਾ ਜੀਵਨ ਜੋਖਿਮ ‘ਚ ਪੈ ਜਾਂਦਾ ਹੈ। ਦਿਲ ਦੇ ਨਿਰਮਾਣ ਦੌਰਾਨ ਹੀ ਗਰਭ ਅੰਦਰ ਇਹ ਖਰਾਬੀ ਆ ਜਾਂਦੀ ਹੈ। ਇਸ ਦਾ ਸਪੱਸ਼ਟ ਕਾਰਨ ਅਜੇ ਤਕ ਪਤਾ ਨਹੀਂ ਲੱਗ ਸਕਿਆ।

* ਮੁੱਖ ਰੂਪ ’ਚ ਇਹ ਜੈਨੇਟਿਕ ਕਾਰਨਾਂ ਕਰਕੇ ਖਾਨਦਾਨੀ ਹੁੰਦਾ ਹੈ।

* ਗਰਭ ਅਵਸਥਾ ਦੌਰਾਨ ਮਾਤਾ ਨੂੰ ਰੂਬੇਲਾ ਜਰਮਨ ਖਸਰਾ ਨਾਮੀ ਬੀਮਾਰੀ ਹੋਣ ‘ਤੇ ਇਹ ਹੋ ਸਕਦਾ ਹੈ।

* ਗਰਭ ਅਵਸਥਾ ਦੌਰਾਨ ਸ਼ਰਾਬ, ਸਿਗਰਟ ਆਦਿ ਨਸ਼ੇ ਦੇ ਸੇਵਨ ਨਾਲ ਇਹ ਹੋ ਸਕਦਾ ਹੈ।

* ਗਰਭ ਅਵਸਥਾ ‘ਚ ਖਸਰੇ ਜਾਂ ਅਲਟਰਾਸਾਊਂਡ ਕਰਵਾਉਣ ਨਾਲ ਇਹ ਹੋ ਸਕਦਾ ਹੈ।

* ਗਰਭ ਅਵਸਥਾ ਦੇ ਤੀਜੇ ਮਹੀਨੇ ਕੁਝ ਦਵਾਈਆਂ ਦੇ ਬੁਰੇ ਅਸਰ ਨਾਲ ਇਹ ਹੋ ਸਕਦਾ ਹੈ।

* ਗਰਭਵਤੀ ਨੂੰ ਸ਼ੂਗਰ, ਥਾਇਰਾਈਡ ਹੋਣ ‘ਤੇ ਇਹ ਹੋ ਸਕਦਾ ਹੈ।

* ਗਰਭਵਤੀ ਦਾ ਬਹੁਤ ਭਾਰੀ ਜਾਂ ਮੋਟੀ ਹੋਣਾ ਵੀ ਇਸ ਦਾ ਕਾਰਨ ਬਣ ਸਕਦਾ ਹੈ।

ਦਿਲ ਦੇ ਜਮਾਂਦਰੂ ਰੋਗ ਦੇ ਲੱਛਣ
ਖੂਨ ਦਾ ਰੰਗ ਨੀਲਾ ਪੈ ਜਾਂਦਾ ਹੈ। ਜੀਭ, ਨਹੁੰ, ਬੁੱਲ੍ਰ, ਸਰੀਰ ਆਦਿ ਨੀਲਾ ਦਿਸਦਾ ਹੈ। ਕਾਹਲੀ-ਕਾਹਲੀ ਸਾਹ ਲੈਂਦਾ ਹੈ। ਭੁੱਖ ‘ਚ ਕਮੀ ਰਹਿੰਦੀ ਹੈ। ਭਾਰ ਨਹੀਂ ਵਧਦਾ, ਦੁੱਧ ਪੀਣ ਵੇਲੇ ਪਸੀਨਾ ਆਉਂਦਾ ਹੈ, ਦਿਲ ਦੀ ਧੜਕਨ ਅਸਾਧਾਰਨ ਰਹਿੰਦੀ ਹੈ। ਵਾਰ-ਵਾਰ ਸਾਹ ‘ਚ ਇਨਫੈਕਸ਼ਨ ਹੁੰਦੀ ਹੈ। ਬੱਚਾ ਥੱਕਿਆ-ਥੱਕਿਆ ਜਿਹਾ ਅਤੇ ਸੁਸਤ ਰਹਿੰਦਾ ਹੈ। ਬੇਹੋਸ਼ ਹੋ ਜਾਂਦਾ ਹੈ।

ਦਿਲ ਦੇ ਜਮਾਂਦਰੂ ਰੋਗ ਤੋਂ ਬਚਾਅ
ਗਰਭਵਤੀ ਔਰਤ ਦਾ ਭਾਰ, ਮੋਟਾਪਾ, ਸ਼ੂਗਰ, ਥਾਇਰਾਇਡ ਕੰਟਰੋਲ ‘ਚ ਹੋਵੇ। ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਾ ਕਰੇ। ਗਰਭਵਤੀ ਸਮੇਂ-ਸਮੇਂ ‘ਤੇ ਜਾਂਚ ਕਰਵਾਏ। ਗਰਭ ਅਵਸਥਾ ‘ਚ ਕੋਈ ਵੀ ਦਵਾਈ ਡਾਕਟਰ ਦੀ ਸਲਾਹ ‘ਤੇ ਹੀ ਲਓ। ਪਤੀ-ਪਤਨੀ ਗਰਭਧਾਰਨ ਦੌਰਾਨ ਮੈਡੀਕਲ ਚੈੱਕਅੱਪ ਜ਼ਰੂਰ ਕਰਵਾਉਣ। ਸਹੀ ਉਮਰ ‘ਚ ਗਰਭਧਾਰਨ ਕਰਕੇ ਪ੍ਰਸੂਤ ਪਿੱਛੋਂ ਬੱਚੇ ਦੀ ਪੂਰੀ ਜਾਂਚ ਕਰਾਓ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 22.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms