ਅਜੋਕੇ ਮਹਿੰਗਾਈ ਦੇ ਯੁੱਗ ਵਿਚ ਪਤੀ-ਪਤਨੀ ਦੋਵਾਂ ਦਾ ਕੰਮ ਕਰਨਾ ਕੋਈ ਹੈਰਾਨੀ ਵਾਲੀ ਜਾਂ ਨਵੀਂ ਗੱਲ ਨਹੀਂ ਰਹੀ ਹੈ। ਪਰਿਵਾਰ ਦੇ ਵਧੀਆ ਪਾਲਣ-ਪੋਸ਼ਣ ਅਤੇ ਚੰਗੀ ਸਿੱਖਿਆ ਲਈ ਪਤੀ-ਪਤਨੀ ਦੋਵਾਂ ਦਾ ਕੰਮ ਕਰਨਾ ਲਗਭਗ ਜ਼ਰੂਰੀ ਹੋ ਗਿਆ ਹੈ। ਇਸ ਲਈ ਇਹ ਗੱਲ ਬੇਹੱਦ ਜ਼ਰੂਰੀ ਬਣ ਜਾਂਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿਚ ਨਾ ਹੋਣ ਦੀ ਸਥਿਤੀ ਵਿਚ ਮਹਿਮਾਨਾਂ ਤੇ ਗੁਆਂਢੀਆਂ ਨਾਲ ਢੁਕਵਾਂ ਵਿਹਾਰ, ਸੜਕ ਦੇ ਨਿਯਮਾਂ ਦੀ ਜਾਣਕਾਰੀ ਅਤੇ ਅਣਜਾਣ ਲੋਕਾਂ ਨਾਲ ਕਿਵੇਂ ਵਿਹਾਰ ਕੀਤਾ ਜਾਵੇ, ਦੀ ਸੰਪੂਰਨ ਜਾਣਕਾਰੀ ਦਿਓ।
ਤੁਹਾਡੇ ਘਰ ਵਿਚ ਨਾ ਹੋਣ ਦੀ ਸਥਿਤੀ ਵਿਚ ਆਪਣੇ ਬੱਚਿਆਂ ਨੂੰ ਸਿਖਾਓ ਕਿ ਮਹਿਮਾਨਾਂ ਅਤੇ ਗੁਆਂਢੀਆਂ ਦੇ ਘਰ ਆਉਣ 'ਤੇ ਉਨ੍ਹਾਂ ਨਾਲ ਕਿਵੇਂ ਵਿਹਾਰ ਕਰਨਾ ਹੈ ਅਤੇ ਕਿਸੇ ਅਣਜਾਣ ਵਿਅਕਤੀ ਦੇ ਘਰ ਵਿਚ ਘੁਸ ਜਾਣ 'ਤੇ ਕੀ ਕਦਮ ਉਠਾਉਣੇ ਹਨ। ਇਸ ਲਈ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ-
• ਬੱਚਿਆਂ ਨੂੰ ਦੱਸੋ ਕਿ ਉਹ ਕਿਸੇ ਮਹਿਮਾਨ ਜਾਂ ਗੁਆਂਢੀ ਦੇ ਘਰ ਆਉਣ 'ਤੇ ਉਨ੍ਹਾਂ ਨੂੰ 'ਸਤਿ ਸ੍ਰੀ ਅਕਾਲ' ਜ਼ਰੂਰ ਕਰਨ, ਤਾਂ ਜੋ ਬੱਚੇ ਉਨ੍ਹਾਂ ਨੂੰ ਪੂਰਨ ਰੂਪ ਵਿਚ ਸੱਭਿਅਕ ਲੱਗਣ।
• ਮਹਿਮਾਨ ਗੁਆਂਢੀ ਜੇਕਰ ਤੁਹਾਡੇ ਘਰ ਵਿਚ ਬੈਠ ਜਾਣ ਤਾਂ ਉਹ ਉਨ੍ਹਾਂ ਨੂੰ ਤੁਹਾਡੇ ਆਉਣ ਦਾ ਇੰਤਜ਼ਾਰ ਕਰਨ ਲਈ ਕਹਿਣ, ਜੇਕਰ ਉਹ ਇੰਤਜ਼ਾਰ ਕਰਨਾ ਚਾਹੁਣ।
• ਜੇਕਰ ਉਹ ਇੰਤਜ਼ਾਰ ਕਰਦੇ ਹਨ ਤਾਂ ਤੁਹਾਡੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਪਾਣੀ ਪਿਲਾਉਣ, ਉਨ੍ਹਾਂ ਕੋਲ ਬੈਠਣ ਅਤੇ ਉਨ੍ਹਾਂ ਦੇ ਹਰੇਕ ਸਵਾਲ ਦਾ ਜਵਾਬ ਦੇਣ।
• ਕਿਸੇ ਅਜਨਬੀ ਦੇ ਘਰ ਵਿਚ ਘੁਸ ਜਾਣ 'ਤੇ ਉਸ ਨੂੰ ਢੁੱਕਵਾਂ ਜਵਾਬ ਦੇਣ ਤੋਂ ਬਾਅਦ ਦੁਬਾਰਾ ਆਉਣ ਲਈ ਕਹੋ। ਕੁਝ ਅਸ਼ੁੱਭ ਮਹਿਸੂਸ ਹੋਣ 'ਤੇ ਨੇੜਲੇ ਗੁਆਂਢੀ ਨੂੰ ਸੂਚਿਤ ਕਰੋ।
• ਹਮੇਸ਼ਾ ਸੜਕ ਦੇ ਖੱਬੇ ਪਾਸੇ ਫੁਟਪਾਥ 'ਤੇ ਹੀ ਚੱਲਣ ਲਈ ਕਹੋ।
• ਕਿਸੇ ਵਾਹਨ ਨੂੰ ਤੇਜ਼ੀ ਨਾਲ ਦੌੜ ਕੇ ਉਹ ਪਾਰ ਨਾ ਕਰਨ।
• ਸੜਕ 'ਤੇ ਭੀੜ ਦੇਖ ਕੇ ਦੂਰ ਹਟ ਜਾਣ, ਨਾ ਕਿ ਭੀੜ ਦਾ ਹਿੱਸਾ ਬਣ ਜਾਣ।
• ਸੜਕ ਪਾਰ ਕਰਦੇ ਸਮੇਂ ਸੱਜੇ, ਖੱਬੇ ਤੇ ਸਾਹਮਣੇ, ਪਿੱਛੇ ਦੇਖ ਕੇ ਹੀ ਸੜਕ ਪਾਰ ਕਰਨ।
• ਕਿਸੇ ਵਾਹਨ ਨਾਲ ਦੌੜਨ ਅਤੇ ਫੜਨ ਦੀ ਕੋਸ਼ਿਸ਼ ਨਾ ਕਰਨ।
• ਬੱਚਿਆਂ ਨੂੰ ਕਦੇ ਸੜਕ 'ਤੇ ਨਾ ਖੇਡਣ ਦਿਓ।
• ਅੱਜਕਲ੍ਹ ਅਗਵਾ ਵਰਗੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਾਨੂੰ ਖੁਦ ਵਿਚ ਜਲਦ ਢੁੱਕਵਾਂ ਫੈਸਲਾ ਕਰਨ ਦੀ ਸਮਰੱਥਾ ਵਿਕਸਿਤ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਜਦੋਂ ਅਣਜਾਣ ਵਿਅਕਤੀ ਤੁਹਾਡੇ ਵੱਲ ਜ਼ਿਆਦਾ ਆਕਰਸ਼ਤ ਹੋਣ ਲੱਗੇ ਤਾਂ ਉਸ ਸਮੇਂ ਕੀ ਕਰਨਾ ਹੈ ਤਾਂ ਕਿ ਇਕ ਵੱਡੀ ਦੁਰਘਟਨਾ ਨੂੰ ਟਾਲਿਆ ਜਾ ਸਕੇ।
• ਕਿਸੇ ਅਣਜਾਣ ਵਿਅਕਤੀ ਤੋਂ ਕੋਈ ਚੀਜ਼ ਨਾ ਲੈਣ ਦੀ ਜਾਣਕਾਰੀ ਦਿਓ।
• ਅਜਿਹੀ ਸਥਿਤੀ 'ਚ ਤੁਰੰਤ ਸਕੂਲ ਦੇ ਅਧਿਆਪਕ ਨੂੰ ਸੂਚਿਤ ਕਰਨ ਲਈ ਕਹੋ।
• ਤੁਸੀਂ ਆਪਣੇ ਬੱਚਿਆਂ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਦਿਵਾਓ।
ਜੇਕਰ ਤੁਸੀਂ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰੋਗੇ ਤਾਂ ਤੁਸੀਂ ਸਫਲ ਮਾਤਾ-ਪਿਤਾ ਅਤੇ ਤੁਹਾਡੀ ਸੰਤਾਨ ਵੀ ਸਫਲ ਸੰਤਾਨ ਮੰਨੀ ਜਾਵੇਗੀ। ਤੁਸੀਂ ਤੇ ਤੁਹਾਡੇ ਬੱਚੇ ਤੁਹਾਡੇ ਜਾਨਣ ਵਾਲਿਆਂ ਵਿਚ ਮਿਸਾਲ ਦੇ ਰੂਪ ਵਿਚ ਜਾਣੇ ਜਾਣਗੇ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 08.12.2011
7:21 AM
Hardeep Singh Mann





