Thursday, February 24, 2011

ਤੁਹਾਡੇ ਬੱਚੇ ਕਰ ਰਹੇ ਹਨ ਪ੍ਰੀਖਿਆ ਦੀ ਤਿਆਰੀ?

ਪੜ੍ਹਾਈ ਕਰਨ ਲਈ ਸ਼ਾਂਤ ਅਤੇ ਸਥਿਰ ਦਿਮਾਗ ਤੋਂ ਇਲਾਵਾ ਉਚਿਤ ਮਾਹੌਲ ਜ਼ਰੂਰੀ ਹੈ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਨਾ ਹੋਵੇ ਅਤੇ ਬਿਨਾਂ ਕਿਸੇ ਸਮੱਸਿਆ ਤੋਂ ਬਿਹਤਰ ਪੜ੍ਹਾਈ ਹੋ ਸਕੇ। ਆਓ, ਜਾਣੀਏ ਕਿ ਵਿਦਿਆਰਥੀਆਂ ਨੂੰ ਪੜ੍ਹਾਈ, ਵਿਸ਼ੇਸ਼ ਤੌਰ 'ਤੇ ਪ੍ਰੀਖਿਆ ਦੀ ਤਿਆਰੀ ਲਈ ਕਿਹੋ ਜਿਹਾ ਮਾਹੌਲ ਚਾਹੀਦਾ ਹੈ-

• ਜੇਕਰ ਵਿਦਿਆਰਥੀ ਦਾ ਕਮਰਾ ਅਲੱਗ ਹੋਵੇ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਨਾ ਤਾਂ ਉਥੇ ਸੜਕੀ ਆਵਾਜਾਈ ਦਾ ਸ਼ੋਰ-ਸ਼ਰਾਬਾ ਪਹੁੰਚੇ ਅਤੇ ਨਾ ਹੀ ਉਥੋਂ ਬਾਹਰ ਦਾ ਨਜ਼ਾਰਾ ਦਿਸੇ। ਕਮਰੇ ਵਿਚ ਢੁਕਵੀਂ ਮਾਤਰਾ 'ਚ ਸ਼ੁੱਧ ਹਵਾ ਅਤੇ ਰੌਸ਼ਨੀ ਆਉਣੀ ਚਾਹੀਦੀ ਹੈ।

• ਇਸ ਗੱਲ ਦਾ ਧਿਆਨ ਰੱਖੋ ਕਿ ਘਰ ਪਰਿਵਾਰ ਦੇ ਰੋਜ਼ਾਨਾ ਕੰਮਾਂਕਾਰਾਂ ਅਤੇ ਗਤੀਵਿਧੀਆਂ ਨਾਲ ਵਿਦਿਆਰਥੀ ਨੂੰ ਕੋਈ ਸਮੱਸਿਆ ਨਾ ਆਵੇ ਅਤੇ ਨਾ ਹੀ ਵਾਰ-ਵਾਰ ਉਸ ਦੇ ਕਮਰੇ ਵਿਚ ਜਾ ਕੇ ਉਸ ਨੂੰ ਪ੍ਰੇਸ਼ਾਨ ਕਰਨਾ ਚਾਹੀਦਾ ਹੈ।

• ਇਕ ਵਿਦਿਆਰਥੀ ਨੂੰ ਹਮੇਸ਼ਾ ਕੁਰਸੀ 'ਤੇ ਬੈਠ ਕੇ ਹੀ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ। ਬੈਠਣ ਦੀ ਜਗ੍ਹਾ ਢੁਕਵੀਂ ਅਤੇ ਸਹੀ ਹੋਣੀ ਜ਼ਰੂਰੀ ਹੈ। ਬਿਸਤਰੇ ਦਾ ਪ੍ਰਯੋਗ ਸਿਰਫ ਸੌਣ ਲਈ ਹੀ ਕਰਨਾ ਚਾਹੀਦਾ ਹੈ। ਹਮੇਸ਼ਾ ਧਿਆਨ ਰੱਖੋ ਕਿ ਬਿਸਤਰੇ 'ਤੇ ਲੰਮੇ ਪੈ ਕੇ ਨਾ ਪੜ੍ਹੋ।

• ਜੇਕਰ ਇਕ ਹੀ ਕਮਰੇ ਦਾ ਪ੍ਰਯੋਗ ਦੋ ਵਿਦਿਆਰਥੀ ਕਰ ਰਹੇ ਹਨ ਤਾਂ ਵੀ ਉਨ੍ਹਾਂ ਦੇ ਮੇਜ਼ ਅਲੱਗ ਅਤੇ ਇਕ-ਦੂਜੇ ਤੋਂ ਦੂਰ ਹੋਣੇ ਚਾਹੀਦੇ ਹਨ ਤਾਂ ਕਿ ਉਹ ਆਪਸ ਵਿਚ ਇਕ-ਦੂਜੇ ਨੂੰ ਪ੍ਰੇਸ਼ਾਨ ਨਾ ਕਰ ਸਕਣ।

• ਵੱਧ ਤੋਂ ਵੱਧ 9 ਘੰਟੇ ਅਤੇ ਘੱਟ ਤੋਂ ਘੱਟ 6 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।

• ਜੇਕਰ ਅਧਿਐਨ ਦੌਰਾਨ ਥਕਾਵਟ ਮਹਿਸੂਸ ਹੋਵੇ ਤਾਂ ਮੌਸਮ ਜਾਂ ਰੁਚੀ ਅਨੁਸਾਰ ਚਾਹ, ਕੌਫੀ, ਫਲਾਂ ਦਾ ਰਸ ਜਾਂ ਗੁਲੂਕੋਜ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਕੋਸੇ ਦੁੱਧ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਦਿਮਾਗ ਦੀ ਸ਼ਕਤੀ ਵਧਦੀ ਹੈ। ਆਪਣੇ ਸਰੀਰ ਵਿਚ ਲਹੂ-ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਰੱਖੋ, ਨਹੀਂ ਤਾਂ ਤੁਹਾਡੀ ਯਾਦ ਰੱਖਣ ਦੀ ਸਮਰੱਥਾ ਘੱਟ ਹੋ ਸਕਦੀ ਹੈ।

• ਅਧਿਐਨ ਕਰਦੇ ਸਮੇਂ ਪੜ੍ਹੀਆਂ ਜਾ ਰਹੀਆਂ ਲਾਈਨਾਂ 'ਤੇ ਪੈੱਨ ਜਾਂ ਪੈਨਸਿਲ ਦਾ ਨਿਸ਼ਾਨ ਦੇ ਤੌਰ 'ਤੇ ਪ੍ਰਯੋਗ ਕਰਦੇ ਰਹੋ। ਇਸ ਨਾਲ ਧਿਆਨ ਇਧਰ-ਉਧਰ ਭਟਕਣ ਦੀ ਬਜਾਏ ਸ਼ਬਦਾਂ 'ਤੇ ਕੇਂਦਰਿਤ ਰਹਿੰਦਾ ਹੈ। ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਵਿਸ਼ਿਆਂ ਦਾ ਘੋਟਾ ਲਾਉਣ ਦੀ ਬਜਾਏ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੁਕਾਬਲਾ ਪ੍ਰੀਖਿਆਵਾਂ ਵਿਚ ਘੋਟਾ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਕਿਸੇ ਵੀ ਵਿਸ਼ੇ ਨੂੰ ਕਲਪਨਾ ਸ਼ਕਤੀ ਦੁਆਰਾ ਦਿਮਾਗ 'ਚ ਬਿਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

• ਪੜ੍ਹਦੇ ਸਮੇਂ ਧਿਆਨ ਕਿਤੇ ਹੋਰ ਨਹੀਂ ਹੋਣਾ ਚਾਹੀਦਾ। ਅਜਿਹਾ ਕਰਨ ਨਾਲ ਵਿਸ਼ੇ ਨਾਲ ਸੰਬੰਧਿਤ ਇਕਾਗਰਤਾ ਭੰਗ ਹੋਣ ਲਗਦੀ ਹੈ ਅਤੇ ਦਿਮਾਗ 'ਤੇ ਦਬਾਅ ਪੈਂਦਾ ਹੈ।

• ਪੜ੍ਹਾਈ ਦੌਰਾਨ ਅਭਿਆਸ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਵਾਰ-ਵਾਰ ਅਭਿਆਸ ਕਰਨ ਨਾਲ ਵਿਸ਼ੇ ਦੀ ਜਟਿਲਤਾ ਘੱਟ ਹੋ ਜਾਂਦੀ ਹੈ ਅਤੇ ਵਾਕ ਯਾਦ ਹੋਣ ਲਗਦੇ ਹਨ।

• ਆਪਣੇ ਦਿਨ ਦੀ ਸ਼ੁਰੂਆਤ ਇਕ ਨਿਸ਼ਚਿਤ ਸਮੇਂ ਕਰਨੀ ਚਾਹੀਦੀ ਹੈ ਭਾਵ ਸਵੇਰੇ ਉਠਣ ਅਤੇ ਰਾਤ ਨੂੰ ਸੌਣ ਦਾ ਸਮਾਂ ਨਿਸ਼ਚਿਤ ਰੱਖਣਾ ਚਾਹੀਦਾ ਹੈ। ਜ਼ਰੂਰਤ ਅਨੁਸਾਰ ਅਲਾਰਮ ਦੀ ਸਹਾਇਤਾ ਲਈ ਜਾ ਸਕਦੀ ਹੈ। ਪੜ੍ਹਨ ਲਈ ਸਵੇਰ ਦਾ ਸਮਾਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਸਾਡਾ ਦਿਮਾਗ ਸਵੇਰੇ ਸ਼ਾਂਤ ਅਤੇ ਇਕਾਗਰ ਅਵਸਥਾ ਵਿਚ ਰਹਿੰਦਾ ਹੈ।

• ਘਰ ਦੇ ਹੋਰ ਮੈਂਬਰ ਲੰਬੇ ਸਮੇਂ ਤੱਕ ਰੇਡੀਓ, ਟੀ. ਵੀ. ਆਦਿ ਦਾ ਉਪਯੋਗ ਨਾ ਕਰਨ। ਇਸ ਨਾਲ ਵਿਦਿਆਰਥੀ ਦਾ ਮਨ ਵੀ ਲਲਚਾ ਸਕਦਾ ਹੈ। ਅਧਿਐਨ ਸਮੇਂ ਜਿਥੋਂ ਤੱਕ ਸੰਭਵ ਹੋਵੇ, ਟੀ. ਵੀ., ਮੋਬਾਈਲ, ਫੋਨ ਅਤੇ ਰੁਕਾਵਟ ਪੈਦਾ ਕਰਨ ਵਾਲੀਆਂ ਵਸਤੂਆਂ ਤੋਂ ਦੂਰੀ ਬਣਾ ਕੇ ਰੱਖੋ, ਜਿਸ ਨਾਲ ਰੁਕਾਵਟ ਰਹਿਤ ਪੜ੍ਹਾਈ ਹੋ ਸਕੇ।

• ਪੜ੍ਹਾਈ ਕਰਦੇ ਦੌਰਾਨ ਵਿਦਿਆਰਥੀ ਦਾ ਹਾਲ-ਚਾਲ ਪੁੱਛਦੇ ਰਹੋ। ਉਸ ਦੀ ਮਿਹਨਤ ਦੀ ਪ੍ਰਸੰਸਾ ਕਰੋ। ਉਸ ਵਿਚ ਆਤਮਵਿਸ਼ਵਾਸ ਦਾ ਸੰਚਾਰ ਕਰੋ। ਤੁਹਾਡਾ ਇਹ ਵਿਵਹਾਰ ਵਿਦਿਆਰਥੀ ਦੀ ਹਿੰਮਤ ਵਧਾਏਗਾ।

• ਪ੍ਰਮੁੱਖ ਨਿਸ਼ਾਨੇ ਤੈਅ ਕਰੋ ਪਰ ਮਾਰਗ ਇਕ ਰੱਖੋ। ਹਮੇਸ਼ਾ ਸਪੱਸ਼ਟ ਨਿਸ਼ਾਨਾ ਰੱਖੋ। ਇਸ ਟੀਚੇ ਨੂੰ ਪੂਰਾ ਕਰਨ ਲਈ ਅਜਿਹੇ ਰਾਹ ਪੈਦਾ ਕਰੋ, ਜਿਨ੍ਹਾਂ ਦੇ ਛੋਟੇ-ਛੋਟੇ ਟੀਚੇ ਹੋਣ ਅਤੇ ਉਹ ਵੱਖ-ਵੱਖ ਦਿਸ਼ਾਵਾਂ ਵਿਚ ਜਾਂਦੇ ਹੋਣ। ਜਦੋਂ ਤੁਸੀਂ ਛੋਟੇ-ਛੋਟੇ ਟੀਚਿਆਂ ਨੂੰ ਪਾਉਣ ਵਿਚ ਸਫਲ ਹੋਣ ਦਾ ਗਿਆਨ ਪ੍ਰਾਪਤ ਕਰ ਲਵੋਗੇ ਤਾਂ ਵਿਸ਼ਾਲ ਟੀਚਿਆਂ ਨੂੰ ਪ੍ਰਾਪਤ ਕਰਨ ਵੱਲ ਪ੍ਰੇਰਿਤ ਹੋ ਜਾਵੋਗੇ।

• ਸਮਾਨ ਰੁਚੀ ਵਾਲੇ ਲੋਕਾਂ ਨਾਲ ਸੰਪਰਕ ਬਣਾਓ। ਆਪਸੀ ਸਹਾਇਤਾ ਪ੍ਰੇਰਣਾਦਾਇਕ ਹੁੰਦੀ ਹੈ। ਆਪਣੇ ਮਿੱਤਰਾਂ ਵਿਚ ਪਰਸਪਰ ਸਹਿਯੋਗ ਦਾ ਆਦਾਨ-ਪ੍ਰਦਾਨ ਕਰੋ।

• ਸਿੱਖਣ ਦਾ ਤਰੀਕਾ ਸਿੱਖੋ। ਗਿਆਨ ਪ੍ਰਾਪਤ ਕਰਨ ਲਈ ਦੂਜਿਆਂ 'ਤੇ ਨਿਰਭਰ ਰਹਿਣ ਨਾਲ ਟਾਲ-ਮਟੋਲ ਕਰਨ ਦੀ ਆਦਤ ਵਧਦੀ ਹੈ। ਮਨੁੱਖ ਵਿਚ ਬਿਨਾਂ ਸਿਖਲਾਈ ਤੋਂ ਗਿਆਨ ਹਾਸਲ ਕਰਨ ਦੀ ਸਮਰੱਥਾ ਹੁੰਦੀ ਹੈ।

ਜ਼ੋਖਮ ਉਠਾਓ। ਅਸਫਲਤਾ ਪ੍ਰੇਰਨਾ ਦਾ ਤੱਤ ਹੈ ਅਤੇ ਸਿੱਖਣ ਦਾ ਇਕ ਜ਼ਰੀਆ ਹੈ। ਕਿਸੇ ਨੇ ਵੀ ਬਿਨਾਂ ਅਸਫਲ ਹੋਏ ਕੁਝ ਪ੍ਰਾਪਤ ਨਹੀਂ ਕੀਤਾ ਹੈ। ਤੁਸੀਂ ਸਾਰੇ ਵਿਦਿਆਰਥੀ ਉੱਪਰ ਲਿਖੇ ਨੁਕਤਿਆਂ ਅਤੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਆਪਣੀ ਪੜ੍ਹਾਈ ਜਾਂ ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕਰੋ।

ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 24.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms