Thursday, July 28, 2011

ਬੱਚਿਆਂ ਨਾਲ ਵਕਤ ਗੁਜ਼ਾਰਨਾ ਹੈ ਸਮੇਂ ਦੀ ਮੰਗ - ਅਵਨੀਤ ਕੌਰ ਮਾਂਹਪੁਰ (ਪਤਨੀ ਹਰਪ੍ਰੀਤ ਮਾਂਹਪੁਰ)

ਜਿਥੇ ਅੱਜ ਅਸੀਂ ਆਪਣੀ ਭੱਜ-ਦੌੜ ਦੀ ਜ਼ਿੰਦਗੀ ਦੇ ਕੰਮਾਂ-ਕਾਰਾਂ ਵਿਚ ਰੁੱਝਦੇ ਜਾ ਰਹੇ ਹਾਂ, ਉਥੇ ਹੀ ਆਪਣੇ ਬੱਚਿਆਂ ਪ੍ਰਤੀ ਅਣਗਹਿਲੀ ਵਰਤਦੇ ਹੋਏ ਉਨ੍ਹਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬੱਚੇ ਜੋ ਭਵਿੱਖ ਦੇ ਵਾਰਸ ਹਨ, ਉਨ੍ਹਾਂ ਵੱਲ ਬਹੁਤ ਹੀ ਧਿਆਨ ਦੇਣ ਦੀ ਲੋੜ ਹੈ। ਸਾਨੂੰ ਆਪਣੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਮਾਤਾ-ਪਿਤਾ ਦੋਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਲਈ ਕੁਝ ਸਮਾਂ ਜ਼ਰੂਰ ਕੱਢਣ। ਬੱਚੇ ਨੂੰ ਏਨਾ ਲਾਪ੍ਰਵਾਹ ਵੀ ਨਾ ਬਣਾਓ ਕਿ ਉਹ ਤੁਹਾਡੀ ਇੱਜ਼ਤ ਕਰਨਾ ਹੀ ਭੁੱਲ ਜਾਵੇ। ਉਨ੍ਹਾਂ ਨੂੰ ਆਪਣੇ ਤੋਂ ਅਲੱਗ ਕਮਰੇ ਵਿਚ ਨਾ ਸੌਣ ਦਿਓ। ਉਨ੍ਹਾਂ ਦੀ ਹਰ ਇਕ ਆਦਤ ਵੱਲ ਧਿਆਨ ਦਿਓ ਕਿ ਕਿਤੇ ਤੁਹਾਡਾ ਬੱਚਾ ਬੁਰੀ ਸੰਗਤ ਵਿਚ ਤਾਂ ਨਹੀਂ ਪੈ ਰਿਹਾ। ਉਨ੍ਹਾਂ ਦੀ ਪੜ੍ਹਾਈ ਵੱਲ ਖਾਸ ਖਿਆਲ ਰੱਖੋ। ਉਨ੍ਹਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਟਾਈਮ ਟੇਬਲ ਬਣਾ ਲਓ ਤਾਂ ਕਿ ਤੁਹਾਡਾ ਬੱਚਾ ਕਿਸੇ ਵੀ ਗੱਲੋਂ ਅਣਗਹਿਲੀ ਨਾ ਵਰਤ ਜਾਵੇ। ਤੁਹਾਡਾ ਬੱਚਾ ਅਗਰ ਜਿੱਦੀ ਸੁਭਾਅ ਦਾ ਹੈ ਤਾਂ ਉਸ ਦਾ ਇਹ ਸੁਭਾਅ ਪਿਆਰ ਨਾਲ ਬਦਲ ਦਿਓ। ਉਸ ਦੀ ਹਰ ਇਕ ਇੱਛਾ ਪੂਰੀ ਨਾ ਕਰੋ, ਕਿਉਂਕਿ ਹਰ ਇਕ ਇੱਛਾ ਪੂਰੀ ਕਰਨ ਨਾਲ ਉਸ ਦਾ ਜਿੱਦੀਪਨ ਸੁਭਾਅ ਹੋਰ ਵੀ ਵਧ ਜਾਂਦਾ ਹੈ, ਜਿਸ ਦੇ ਨਤੀਜੇ ਬਹੁਤ ਹੀ ਘਾਤਕ ਸਿੱਧ ਹੋ ਸਕਦੇ ਹਨ।

ਬੱਚੇ ਦਾ ਜ਼ਿਆਦਾ ਧਿਆਨ ਪੜ੍ਹਾਈ ਵੱਲ, ਚੰਗੀਆਂ ਕਿਤਾਬਾਂ ਪੜ੍ਹਨ ਵੱਲ, ਚੰਗੀ ਸਿਹਤ ਤੇ ਚੰਗੀ ਸੰਗਤ ਕਰਨ ਵੱਲ ਲਗਾਓ। ਉਸ ਨੂੰ ਜ਼ਿਆਦਾ ਦੇਰ ਤੱਕ ਟੀ. ਵੀ. ਨਾ ਦੇਖਣ ਦਿਓ। ਹਰ ਰੋਜ਼ ਉਸ ਦਾ ਸਕੂਲ ਬੈਗ ਚੈੱਕ ਕਰਦੇ ਰਹੋ। ਉਸ ਨੂੰ ਹਰ ਰੋਜ਼ ਖਾਣ ਵਾਲੀ ਚੀਜ਼ ਨਾ ਲਿਆ ਕੇ ਦਿਓ। ਇਸ ਤਰ੍ਹਾਂ ਕਰਨ ਨਾਲ ਉਸ ਦੀ ਆਦਤ ਵਿਗੜ ਜਾਵੇਗੀ। ਜਿਸ ਦਿਨ ਤੋਂ ਉਸ ਨੂੰ ਚੀਜ਼ ਲਿਆਉਣੀ ਬੰਦ ਕਰ ਦਿਓਗੇ ਤਾਂ ਉਹ ਚੋਰੀ ਦੀ ਆਦਤ ਵੀ ਪਾ ਸਕਦਾ ਹੈ। ਬੱਚੇ ਨੂੰ ਜ਼ਿਆਦਾ ਮਾਰਨਾ ਜਾਂ ਘੂਰਨਾ ਨਹੀਂ ਚਾਹੀਦਾ। ਇਸ ਤਰ੍ਹਾਂ ਉਸ ਦਾ ਸੁਭਾਅ ਚਿੜਚਿੜਾ ਤੇ ਜਿੱਦੀ ਬਣ ਜਾਂਦਾ ਹੈ। ਉਸ ਦੇ ਮਨ ਵਿਚ ਤੁਹਾਡੇ ਪ੍ਰਤੀ ਪਿਆਰ ਦੀ ਭਾਵਨਾ ਘਟ ਜਾਂਦੀ ਹੈ, ਉਸ ਨੂੰ ਪਿਆਰ ਨਾਲ ਸਮਝਾਓ। ਬੱਚੇ ਨੂੰ ਕਿਸੇ ਚੀਜ਼ ਤੋਂ ਡਰਾਉਣਾ ਨਹੀਂ ਚਾਹੀਦਾ, ਉਸ ਨੂੰ ਨਿਡਰ ਤੇ ਦਲੇਰ ਬਣਾਉਣਾ ਚਾਹੀਦਾ ਹੈ। ਤੁਹਾਡੇ ਘਰ ਅਗਰ ਦੋ ਬੱਚੇ ਹਨ ਤਾਂ ਉਨ੍ਹਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਬੱਚੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੇ ਰਹੋ, ਜਿਨ੍ਹਾਂ ਨਾਲ ਉਨ੍ਹਾਂ ਨੂੰ ਚੰਗੇ ਬਣਨ ਦੀ ਪ੍ਰੇਰਨਾ ਮਿਲਦੀ ਰਹੇ।

ਉਨ੍ਹਾਂ ਨੂੰ ਪਿਕਨਿਕ 'ਤੇ ਲੈ ਕੇ ਜਾਂਦੇ ਰਹੋ। ਹਰ ਇਕ ਤਿਉਹਾਰ ਦੇ ਪੁਰਾਤਨ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹੋ। ਕਈ ਬੱਚੇ ਅਕਸਰ ਦੂਜਿਆਂ ਨੂੰ ਮਿਲਣ ਸਮੇਂ ਸ਼ਰਮਾਉਂਦੇ ਹਨ। ਉਨ੍ਹਾਂ ਦੀ ਇਹ ਸ਼ਰਮਾਉਣ ਦੀ ਆਦਤ ਨੂੰ ਪਿਆਰ ਨਾਲ ਦੂਰ ਕਰ ਦਿਓ। ਬੱਚਿਆਂ ਨੂੰ ਵੱਡਿਆਂ ਦਾ ਆਦਰ ਅਤੇ ਛੋਟਿਆਂ ਨਾਲ ਪਿਆਰ ਕਰਨਾ ਸਿਖਾਓ। ਅਗਰ ਤੁਹਾਡੇ ਦੋ ਜੌੜੇ ਬੱਚੇ ਹਨ ਤਾਂ ਇਕ ਬੱਚੇ ਦਾ ਪਾਲਣ-ਪੋਸ਼ਣ ਕਰਨ ਲਈ ਉਸ ਨੂੰ ਰਿਸ਼ਤੇਦਾਰੀ ਵਿਚ ਨਾ ਛੱਡੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਬੱਚੇ ਦੇ ਪਿਆਰ ਤੋਂ ਅਧੂਰੇ ਤਾਂ ਰਹੋਗੇ ਹੀ, ਨਾਲ ਹੀ ਬੱਚੇ ਦੇ ਮਨ ਵਿਚ ਡਰ, ਟੈਨਸ਼ਨ ਤੇ ਵਿਤਕਰੇ ਦੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ।

ਬੱਚੇ ਨੂੰ ਸਵੇਰੇ-ਸ਼ਾਮ ਗੁਰਬਾਣੀ ਨਾਲ ਵੀ ਜੋੜਦੇ ਰਹੋ। ਬੱਚੇ ਤੋਂ ਉਸ ਦੀ ਉਮਰ ਦੇ ਹਿਸਾਬ ਨਾਲ ਥੋੜ੍ਹਾ ਕੰਮ ਵੀ ਕਰਵਾਉਂਦੇ ਰਹੋ। ਬੱਚੇ ਦੇ ਮਨ ਵਿਚ ਆਤਮ-ਵਿਸ਼ਵਾਸ ਦੀਆਂ ਭਾਵਨਾਵਾਂ ਨੂੰ ਕੁੱਟ-ਕੁੱਟ ਕੇ ਭਰ ਦਿਓ। ਸਾਡੀ ਥੋੜ੍ਹੀ ਜਿਹੀ ਅਣਗਹਿਲੀ ਸਾਡੇ ਭਵਿੱਖ ਨੂੰ ਵਿਗਾੜ ਵੀ ਸਕਦੀ ਹੈ ਤੇ ਸਾਡੀ ਜ਼ਿੰਮੇਵਾਰੀ ਸਾਡੇ ਭਵਿੱਖ ਨੂੰ ਉੱਚੀਆਂ ਬੁਲੰਦੀਆਂ 'ਤੇ ਪਹੁੰਚਾ ਸਕਦੀ ਹੈ। ਇਹ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨਵੀਂ ਪੀੜ੍ਹੀ ਨੂੰ ਕਿਸ ਰਸਤੇ ਪਹੁੰਚਾਉਣ ਦੀ ਸਿੱਖਿਆ ਦੇਣੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਬੱਚਿਆਂ ਦਾ ਪੋਲਣ-ਪੋਸ਼ਣ ਇਸ ਤਰ੍ਹਾਂ ਕਰੀਏ ਕਿ ਇਹ ਸਾਡਾ ਨਾਂਅ ਰਹਿੰਦੀ ਦੁਨੀਆ ਤੱਕ ਰੁਸ਼ਨਾ ਸਕਣ। ਅਗਰ ਅਸੀਂ ਆਪਣੀ ਭੱਜ-ਨੱਠ ਭਰੀ ਜ਼ਿੰਦਗੀ ਵਿਚੋਂ ਥੋੜ੍ਹਾ ਸਮਾਂ ਆਪਣੇ ਬੱਚਿਆਂ ਲਈ ਕੱਢ ਕੇ ਇਨ੍ਹਾਂ ਸਭ ਗੱਲਾਂ 'ਤੇ ਗੌਰ ਕਰੀਏ ਤਾਂ 'ਅੱਜ ਦੇ ਬੱਚੇ, ਕੱਲ੍ਹ ਦੇ ਨੇਤਾ' ਅਨੁਸਾਰ ਅਸੀਂ ਆਪਣੇ ਹੱਥੀਂ ਲਾਏ ਬੂਟੇ ਦੀ ਛਾਂ ਮਾਣ ਸਕਾਂਗੇ, ਅਰਥਾਤ ਸਾਡਾ ਬੁਢਾਪਾ ਸੁਖੀ ਅਤੇ ਸੁਰੱਖਿਅਤ ਹੋਵੇਗਾ।
ਪਿੰਡ ਮਾਂਹਪੁਰ (ਜੌੜੇਪੁਲ),
ਡਾਕ: ਜਰਗ, ਤਹਿ: ਪਾਇਲ (ਲੁਧਿਆਣਾ)-141415
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 15.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms