Saturday, August 13, 2011

ਬੱਚੇ ਦਾ ਬਿਸਤਰਾ ਗਿੱਲਾ ਕਰਨਾ ਇਕ ਬੀਮਾਰੀ - ਭਾਸ਼ਣਾ ਬਾਂਸਲ

ਕਿਸੇ ਵੀ 6-7 ਸਾਲ ਦੇ ਬੱਚੇ ਦਾ ਬਿਸਤਰੇ ‘ਤੇ ਪਿਸ਼ਾਬ ਕਰਨਾ ਮਾਤਾ-ਪਿਤਾ ਲਈ ਸ਼ਰਮਨਾਕ ਸਥਿਤੀ ਹੁੰਦੀ ਹੈ ਅਤੇ ਉਹ ਇਸ ਨੂੰ ਦੂਜਿਆਂ ਤੋਂ ਲੁਕਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਅਕਸਰ ਮਾਤਾ-ਪਿਤਾ ਬੱਚੇ ਨੂੰ ਇਸ ਦੇ ਲਈ ਝਿੜਕਾਂ ਮਾਰਦੇ ਅਤੇ ਫਿਟਕਾਰਦੇ ਹਨ, ਇਥੋਂ ਤਕ ਕਿ ਉਸ ਦਾ ਕੁਟਾਪਾ ਵੀ ਚਾੜ੍ਹ ਦਿੰਦੇ ਹਨ। ਦੂਜਿਆਂ ਤੋਂ ਲੁਕਾਉਣ ਦੀ ਇਸ ਪ੍ਰਕਿਰਿਆ ਕਾਰਨ ਉਨ੍ਹਾਂ ਦਾ ਧਿਆਨ ਕਦੇ ਬੱਚੇ ਦੇ ਇਲਾਜ ‘ਤੇ ਨਹੀਂ ਜਾਂਦਾ ਅਤੇ ਬੱਚਾ ਕਈ ਸਾਲਾਂ ਤਕ ਮਾਤਾ-ਪਿਤਾ ਵਲੋਂ ਸ਼ੋਸ਼ਿਤ ਹੁੰਦਾ ਰਹਿੰਦਾ ਹੈ।
ਇਕ ਅਧਿਐਨ ਮੁਤਾਬਿਕ 5 ਸਾਲ ਤਕ ਦੀ ਉਮਰ ਦੇ ਲੱਗਭਗ 20 ਫੀਸਦੀ ਬੱਚੇ ਆਪਣਾ ਬਿਸਤਰਾ ਗਿੱਲਾ ਕਰਦੇ ਹਨ ਅਤੇ 6 ਸਾਲ ਦੀ ਉਮਰ ਦੇ ਲੱਗਭਗ 10 ਫੀਸਦੀ ਬੱਚਿਆਂ ‘ਚ ਇਹ ਸਮੱਸਿਆ ਦੇਖੀ ਜਾਂਦੀ ਹੈ।

ਬੱਚਾ ਜਦੋਂ ਵੱਡਾ ਹੋ ਜਾਂਦਾ ਹੈ ਤਾਂ ਇਹ ਉਸ ਲਈ ਇਕ ਸਮੱਸਿਆ ਬਣ ਜਾਂਦੀ ਹੈ। ਰਿਸ਼ਤੇਦਾਰਾਂ ਦੇ ਘਰ ਜਾਣ ‘ਤੇ, ਸਕੂਲ ਦੇ ਕੈਂਪ ‘ਚ, ਟੂਰ ਜਾਂ ਹੋਰ ਮੌਕਿਆਂ ‘ਤੇ, ਜਿਥੇ ਉਸ ਨੂੰ ਰਾਤ ਰੁਕਣਾ ਪਏ, ਉਸ ਲਈ ਪ੍ਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ ਅਤੇ ਉਥੇ ਉਸ ਨੂੰ ਬੇਹੱਦ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜਿਹੇ ਮਾਤਾ-ਪਿਤਾ ਨੂੰ, ਜੋ ਇਸ ਨੂੰ ਪੂਰੀ ਤਰ੍ਹਾਂ ਬੱਚੇ ਦੀ ਨਾਸਮਝੀ ਜਾਂ ਗਲਤ ਆਦਤ ਮੰਨਦੇ ਹਨ, ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦੈ ਕਿ ਬੱਚੇ ਦਾ ਬਿਸਤਰਾ ਗਿੱਲਾ ਕਰਨਾ ਉਸ ਦੀ ਗੰਦੀ ਆਦਤ ਦਾ ਨਤੀਜਾ ਨਹੀਂ, ਸਗੋਂ ਇਹ ਇਕ ਰੋਗ ਹੈ, ਜਿਸਦਾ ਇਲਾਜ ਕਰਵਾਉਣਾ ਜ਼ਰੂਰੀ ਹੈ।

ਕਾਰਨ

ਬੱਚੇ ਦਾ ਬਿਸਤਰੇ ‘ਤੇ ਪਿਸ਼ਾਬ ਕਰਨਾ ਬੀਮਾਰੀਆਂ ਦਾ ਕਾਰਨ ਹੋ ਸਕਦਾ ਹੈ, ਜਿਸ ਨੂੰ ਸ਼ੂਗਰ, ਪੇਟ ‘ਚ ਕੀੜੇ ਹੋਣਾ, ਨਰਵਸ ਸਿਸਟਮ ‘ਚ ਵਿਕਾਰ ਹੋਣਾ, ਪਿੱਠ ਜਾਂ ਰੀੜ੍ਹ ਦੀ ਹੱਡੀ ‘ਚ ਨੁਕਸ ਹੋਣਾ ਆਦਿ। ਉਸ ਦੀ ਮੂਤਰ ਪ੍ਰਣਾਲੀ ਅੰਦਰ ਪਿਸ਼ਾਬ ਨੂੰ ਰੋਕਣ ਦੀ ਤਾਕਤ ਘੱਟ ਹੁੰਦੀ ਹੈ। ਉਸ ਦੇ ਦਿਮਾਗ ‘ਚ ਚੇਤਨਾ ਜਾਗ੍ਰਿਤ ਨਹੀਂ ਹੁੰਦੀ, ਇਸ ਲਈ ਉਸ ਦਾ ਦਿਮਾਗ ਉਸ ਨੂੰ ਨਹੀਂ ਦੱਸ ਸਕਦਾ ਕਿ ਉਸ ਨੂੰ ਪਿਸ਼ਾਬ ਕਰਨ ਲਈ ਜਾਣਾ ਚਾਹੀਦੈ। ਨਾਲ ਹੀ ਉਸ ਦਾ ਨਾੜੀ ਤੰਤਰ ਵੀ ਕਮਜ਼ੋਰ ਹੁੰਦਾ ਹੈ, ਜਿਸ ਕਾਰਨ ਉਸ ਨੂੰ ਪਤਾ ਨਹੀਂ ਲੱਗਦਾ ਕਿ ਇਸ ਦੇ ਇਲਾਵਾ ਉਸ ਦੀ ਪਾਚਣ ਸ਼ਕਤੀ ‘ਚ ਖਰਾਬੀ ਵੀ ਇਸ ਦਾ ਕਾਰਨ ਹੋ ਸਕਦੀ ਹੈ।

ਜੇਕਰ ਵੱਡੀ ਉਮਰ ਦੇ ਬੱਚੇ ਬਿਸਤਰੇ ‘ਤੇ ਪਿਸ਼ਾਬ ਕਰਦੇ ਹਨ ਤਾਂ ਇਸ ਦਾ ਮੁੱਖ ਕਾਰਨ ਹੈ ਉਨ੍ਹਾਂ ਦੀਆਂ ਮਾਸਪੇਸ਼ੀਆਂ ‘ਚ ਕਮਜ਼ੋਰੀ ਅਤੇ ਸਰੀਰਕ ਕਮਜ਼ੋਰੀ। ਇਸ ਤੋਂ ਇਲਾਵਾ ਕੁਝ ਮਾਨਸਿਕ ਕਾਰਨ ਵੀ ਹੋ ਸਕਦੇ ਹਨ, ਜਿਵੇਂ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ‘ਤੇ ਉਸ ਦੇ ਦਿਲ-ਦਿਮਾਗ ‘ਤੇ ਇਸ ਦਾ ਡੂੰਘਾ ਅਸਰ ਪੈਣਾ, ਛੋਟੀ ਉਮਰ ‘ਚ ਮਾਤਾ-ਪਿਤਾ ਵਲੋਂ ਸਕੂਲ ਭੇਜਣ ‘ਤੇ ਮਾਂ ਤੋਂ ਦੂਰ ਰਹਿਣ ਕਾਰਨ ਉਸ ਦਾ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨਾ ਆਦਿ।

ਸਭ ਤੋਂ ਪਹਿਲਾਂ ਜਾਂਚ ਕਰਵਾ ਲੈਣੀ ਚਾਹੀਦੀ ਹੈ ਕਿ ਬੱਚਾ ਬਿਸਤਰੇ ‘ਤੇ ਪਿਸ਼ਾਬ ਕਿਉਂ ਕਰਦਾ ਹੈ? ਇਸ ਦਾ ਅਸਲ ਕਾਰਨ ਕੀ ਹੈ, ਇਹ ਜਾਣਨ ਪਿੱਛੋਂ ਉਸ ਦਾ ਇਲਾਜ ਕਰਨਾ ਚਾਹੀਦੈ।

ਜਿਹੜੇ ਬੱਚਿਆਂ ਨੂੰ ਬਿਸਤਰੇ ‘ਤੇ ਭਾਵ ਸੌਂਦੇ ਸਮੇਂ ਪਿਸ਼ਾਬ ਕਰਨ ਦੀ ਸਮੱਸਿਆ ਹੁੰਦੀ ਹੈ, ਉਹ ਅਕਸਰ ਗੂੜ੍ਹੀ ਨੀਂਦ ਸੌਂਦੇ ਹਨ। ਅਜਿਹੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਕਸਰ ਉਨ੍ਹਾਂ ਬਾਰੇ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਮੁਸ਼ਕਿਲ ਨਾਲ ਉੱਠਦੇ ਹਨ ਅਤੇ ਜਦੋਂ ਜਾਗਦੇ ਹਨ ਤਾਂ ਆਮ ਤੌਰ ‘ਤੇ ਬਹੁਤ ਬੇਚੈਨ ਹੁੰਦੇ ਹਨ, ਜਿਸ ਨਾਲ ਮੂਤਰ ਪ੍ਰਣਾਲੀ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਮਾਨਸਿਕ ਦਬਾਅ ਵੀ ਇਸ ਦਾ ਕਾਰਨ ਹੋ ਸਕਦਾ ਹੈ। ਆਮ ਤੌਰ ‘ਤੇ ਜਨਮ ਦੇ ਸਮੇਂ ਤੋਂ ਬਿਸਤਰੇ ‘ਤੇ ਪਿਸ਼ਾਬ ਕਰਨ ਵਾਲੇ ਬੱਚਿਆਂ ਲਈ ਇਹ ਕਾਰਨ ਅਹਿਮ ਨਹੀਂ ਹੈ। ਜੇਕਰ ਬੱਚੇ ਨੇ ਇਸ ਸਥਿਤੀ ‘ਤੇ ਕੰਟਰੋਲ ਕਰ ਲਿਆ ਹੋਵੇ ਅਤੇ ਉਸ ਨੂੰ ਦੁਬਾਰਾ ਇਸ ਸਮੱਸਿਆ ਨਾਲ ਜੂਝਣਾ ਪਏ ਤਾਂ ਮਾਨਸਿਕ ਦਬਾਅ ਜਾਂ ਸਰੀਰਕ ਕਮਜ਼ੋਰੀ ਵਰਗੇ ਕਾਰਨ ਇਸ ਦੇ ਲਈ ਜ਼ਿੰਮੇਵਾਰ ਹੋ ਸਕਦੇ ਹਨ।

ਕਿਹੋ ਜਿਹਾ ਹੋਵੇ ਮਾਤਾ-ਪਿਤਾ ਦਾ ਰਵੱਈਆ?

* ਜੇਕਰ ਤੁਹਾਡਾ ਬੱਚਾ ਬਿਸਤਰੇ ‘ਤੇ ਪਿਸ਼ਾਬ ਕਰਦਾ ਹੈ ਤਾਂ ਇਸ ਦੇ ਲਈ ਉਸ ਨੂੰ ਕੁੱਟਣਾ-ਮਾਰਨਾ ਜਾਂ ਝਿੜਕਣਾ ਨਹੀਂ ਚਾਹੀਦਾ।

* ਬੱਚੇ ਦੇ ਸਾਹਮਣੇ ਹੀ ਬਾਕੀ ਲੋਕਾਂ ਨਾਲ ਉਸ ਦੀ ਇਸ ਸਮੱਸਿਆ ਦਾ ਜ਼ਿਕਰ ਨਾ ਕਰੋ।

* ਇਸ ਡਰ ਨਾਲ ਕਿ ਬੱਚਾ ਰਾਤ ਨੂੰ ਬਿਸਤਰੇ ‘ਤੇ ਪਿਸ਼ਾਬ ਨਾ ਕਰੇ, ਉਸ ਨੂੰ ਸਾਰਾ ਦਿਨ ਪਿਆਸਾ ਨਾ ਰੱਖੋ। ਹਾਂ, ਸ਼ਾਮ ਨੂੰ ਪੰਜ ਵਜੇ ਤੋਂ ਉਸ ਨੂੰ ਤਰਲ ਪਦਾਰਥ, ਜਿਵੇਂ ਚਾਹ, ਕੌਫੀ ਆਦਿ ਨਾ ਦਿਓ ਕਿਉਂਕਿ ਅਜਿਹੇ ਤਰਲ ਪਦਾਰਥ ਮੂਤਰ ‘ਚ ਬਹੁਤ ਵਾਧਾ ਕਰਦੇ ਹਨ।

* ਕਦੇ ਵੀ ਉਸ ਦਾ ਮਜ਼ਾਕ ਨਾ ਉਡਾਓ ਅਤੇ ਨਾ ਹੀ ਦੂਜਿਆਂ ਨੂੰ ਅਜਿਹਾ ਕਰਨ ਦਿਓ।

* ਬੱਚੇ ਨੂੰ ਦੱਸੋ ਕਿ ਜਦੋਂ ਪਿਸ਼ਾਬ ਆਇਆ ਹੋਵੇ ਤਾਂ ਉਹ ਉੱਠੇ ਅਤੇ ਬਾਥਰੂਮ ਜਾ ਕੇ ਪਿਸ਼ਾਬ ਕਰਕੇ ਆਏ।

* ਉਸ ਨੂੰ ਦੱਸੋ ਕਿ ਜੇਕਰ ਉਹ ਰਾਤ ਤੋਂ ਲੈ ਕੇ ਸਵੇਰ ਤਕ ਦੌਰਾਨ ਪਿਸ਼ਾਬ ਨਹੀਂ ਕਰੇਗਾ, ਉਦੋਂ ਤਕ ਇਹ ਸਮੱਸਿਆ ਸੁਲਝ ਨਹੀਂ ਸਕਦੀ।

* ਇਸ ਦੇ ਲਈ ਰਾਤ ਨੂੰ ਨਾਈਟ ਬੱਲਬ ਜਗਾ ਕੇ ਰੱਖੋ।

* ਬਿਸਤਰੇ ‘ਤੇ ਬੱਚੇ ਦੇ ਜਾਣ ਤੋਂ ਪਹਿਲਾਂ ਉਸ ਨੂੰ ਪਿਸ਼ਾਬ ਜ਼ਰੂਰ ਕਰਵਾਓ। ਨਾਲ ਹੀ ਉਸ ਨੂੰ ਨੀਂਦ ਤੋਂ ਜਗਾ ਕੇ ਪਿਸ਼ਾਬ ਕਰਵਾਉਣ ਦਾ ਨਿਯਮ ਬਣਾ ਲਓ।

* ਜੇਕਰ ਬੱਚਾ ਮੁਸ਼ਕਿਲ ਨਾਲ ਜਾਂ ਫਿਰ ਬੇਚੈਨੀ ‘ਚ ਜਾਗਦਾ ਹੈ ਤਾਂ ਵੀ ਉਸ ਨੂੰ ਹਰ ਅੱਧੇ ਘੰਟੇ ਪਿੱਛੋਂ ਜਗਾਓ। ਹੌਲੀ-ਹੌਲੀ ਉਸ ਨੂੰ ਖੁਦ ਹੀ ਇਸ ਦੀ ਆਦਤ ਪੈ ਜਾਏਗੀ।

* ਦਿਮਾਗ ‘ਚ ਚੇਤਨਾ ਪੈਦਾ ਕਰਨ ਲਈ ਉਸ ਦੇ ਪਾਸਾ ਪਰਤਦਿਆਂ ਹੀ ਉਸ ਨੂੰ ਪਿਸ਼ਾਬ ਕਰਵਾਓ।

* ਇਸ ਦੇ ਲਈ ਅਲਾਰਮ ਘੜੀ ਦੀ ਵਰਤੋਂ ਕਰੋ। ਇਹ ਇਕ ਕਾਰਗਰ ਨੁਸਖਾ ਹੈ। ਰਾਤ ਨੂੰ ਬੱਚੇ ਦੇ ਸੌਣ ਦੇ ਸਮੇਂ ਦੇ ਤਿੰਨ ਘੰਟੇ ਬਾਅਦ ਦਾ ਅਲਾਰਮ ਲਗਾਓ। ਅਲਾਰਮ ਵੱਜਣ ‘ਤੇ ਬੱਚੇ ਦਾ ਬਿਸਤਰਾ ਚੈੱਕ ਕਰੋ। ਜੇਕਰ ਬੱਚਾ ਉੱਪਰ ਹੀ ਪਿਸ਼ਾਬ ਕਰ ਚੁੱਕਾ ਹੈ ਤਾਂ ਅਗਲੀ ਰਾਤ ਨੂੰ ਇਹ ਸਮਾਂ 15 ਮਿੰਟ ਘੱਟ ਕਰ ਦਿਓ। ਇਸ ਸਮੇਂ ਦੌਰਾਨ ਜੇਕਰ ਬਿਸਤਰਾ ਸੁੱਕਾ ਹੈ ਤਾਂ ਉਸ ਨੂੰ ਜਗਾ ਕੇ ਪੁੱਛੋ ਕਿ ਕੀ ਉਸ ਨੂੰ ਪਿਸ਼ਾਬ ਆਇਆ ਹੈ। ਹੌਲੀ-ਹੌਲੀ ਬੱਚਾ ਅਲਾਰਮ ਵੱਜਦਿਆਂ ਹੀ ਖੁਦ ਉੱਠ ਕੇ ਬਾਥਰੂਮ ਜਾਣ ਲੱਗੇਗਾ।

ਇਹ ਨੁਸਖਾ 2 ਤੋਂ 4 ਮਹੀਨਿਆਂ ਤਕ ਦੇ ਸਮੇਂ ‘ਚ ਹੀ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ, ਬਸ਼ਰਤੇ ਕਿ ਮਾਤਾ-ਪਿਤਾ ਬੱਚੇ ਦਾ ਪੂਰਾ ਸਾਥ ਦੇਣ ਅਤੇ ਉਸ ਨਾਲ ਪਿਆਰ ਨਾਲ ਪੇਸ਼ ਆਉਣ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 12.08.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms