ਅੱਜਕਲ੍ਹ ਸਭ ਮਾਂ-ਬਾਪ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਰਹਿਣ ਲੱਗੇ ਹਨ। ਸੁਰੱਖਿਆ ਦੀ ਦ੍ਰਿਸ਼ਟੀ ਤੋਂ ਉਨ੍ਹਾਂ ਨੂੰ 24 ਘੰਟੇ ਆਪਣੀ ਨਜ਼ਰ ਦੇ ਸਾਹਮਣੇ ਤਾਂ ਨਹੀਂ ਰੱਖਿਆ ਜਾ ਸਕਦਾ। ਉਹ ਬਾਹਰ ਖੇਡਣ ਵੀ ਜਾਣਗੇ, ਪੜ੍ਹਨ ਵੇਲੇ ਸਕੂਲ ਵੀ ਜਾਣਗੇ। ਇਹ ਅੱਜ ਦੇ ਯੁੱਗ ਦੀ ਤ੍ਰਾਸਦੀ ਹੈ ਕਿ ਸੁਰੱਖਿਆ ਨੂੰ ਲੈ ਕੇ ਸਾਨੂੰ ਬੱਚਿਆਂ ਦੇ ਮਨ ਵਿਚ ਬਚਪਨ ਤੋਂ ਹੀ ਨਫਰਤ ਦੇ ਬੀਜ ਬੀਜਣੇ ਪੈਂਦੇ ਹਨ। ਬੱਚੇ ਨੂੰ ਵਿਸ਼ਵਾਸ ਵਿਚ ਲੈ ਕੇ ਪਿਆਰ ਨਾਲ ਸੱਚੀ ਘਟਨਾ ਦੀ ਉਦਾਹਰਨ ਦੇ ਕੇ ਜੇਕਰ ਪਰਾਏ ਲੋਕਾਂ ਤੋਂ ਸਾਵਧਾਨੀ ਵਰਤਣ ਲਈ ਕਿਹਾ ਜਾਵੇ ਤਾਂ ਇਸ ਦਾ ਪ੍ਰਭਾਵ ਸਾਕਾਰਾਤਮਿਕ ਹੋਵੇਗਾ।
ਬੱਚੇ ਬਹੁਤ ਨਟਖਟ ਅਤੇ ਚੰਚਲ ਹੁੰਦੇ ਹਨ। ਉਹ ਹਰ ਕਿਸੇ ਨਾਲ ਮਿੰਟਾਂ ਵਿਚ ਹੀ ਦੋਸਤੀ ਕਰ ਲੈਂਦੇ ਹਨ ਅਤੇ ਘਰ ਦੀ ਰਿਪੋਰਟ ਦੇਣ ਲਗਦੇ ਹਨ। ਮਾਂ-ਬਾਪ ਦੇ ਸਮਝਾਉਣ ਦੇ ਬਾਵਜੂਦ ਕਿ ਅਨਜਾਣ ਵਿਅਕਤੀ ਕਦੇ-ਕਦੇ ਬਹੁਤ ਖਤਰਨਾਕ ਹੁੰਦੇ ਹਨ, ਉਹ ਬੱਚਿਆਂ ਨੂੰ ਬਹਿਲਾ-ਫੁਸਲਾ ਕੇ ਲੈ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਨਾਲ ਗ਼ਲਤ ਕੰਮ ਕਰਕੇ ਉਨ੍ਹਾਂ ਨੂੰ ਮਾਰ ਕੇ ਸੁੱਟ ਦਿੰਦੇ ਹਨ, ਇਸ ਲਈ ਨਾ ਪਰਾਏ ਲੋਕਾਂ ਦੇ ਨੇੜੇ ਜਾਣਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਘਰ ਵਾਲਿਆਂ ਸਬੰਧੀ ਕੁਝ ਦੱਸਣਾ ਚਾਹੀਦਾ ਹੈ। ਉਨ੍ਹਾਂ ਤੋਂ ਕੋਈ ਵੀ ਚੀਜ਼ ਨਹੀਂ ਲੈਣੀ ਚਾਹੀਦੀ। ਖਾਣੇ ਵਿਚ ਕੁਝ ਵੀ ਮਿਲਾ ਸਕਦੇ ਹਨ, ਕੁਝ ਸੁੰਘਾ ਕੇ ਬੇਹੋਸ਼ ਕਰ ਸਕਦੇ ਹਨ। ਉਨ੍ਹਾਂ ਦੇ ਨਾਲ ਕਦੇ ਵੀ ਘੁੰਮਣ ਵੀ ਨਹੀਂ ਜਾਣਾ ਚਾਹੀਦਾ। ਜਿਥੇ ਉਹ ਲਿਜਾਣਗੇ, ਉਥੇ ਬਚਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ।
ਸਮਾਜ ਵਿਚ ਘਟੀਆ ਲੋਕਾਂ ਦੀ ਕਮੀ ਨਹੀਂ। ਬਸ ਫਰਕ ਉਨ੍ਹਾਂ ਦੇ ਅਪਰਾਧ ਦੇ ਛੋਟੇ-ਵੱਡੇ ਹੋਣ ਦਾ ਹੈ। ਬੱਚਿਆਂ ਦਾ ਯੌਨ ਸ਼ੋਸ਼ਣ ਕਰਨਾ ਇਕ ਮਾਨਸਿਕ ਬਿਮਾਰੀ ਹੈ, ਜਿਸ ਨੂੰ ਪੀਡੋਫੀਲੀਆ ਕਹਿੰਦੇ ਹਨ। ਅਜਿਹੇ ਲੋਕਾਂ ਨੂੰ ਜਿਊਂਦਾ ਰਹਿਣ ਦਾ ਕੋਈ ਹੱਕ ਨਹੀਂ। ਕੋਈ ਸਜ਼ਾ ਉਨ੍ਹਾਂ ਲਈ ਕਾਫੀ ਨਹੀਂ ਹੈ।
ਸਮਾਜ ਵਿਚ ਫੈਲੇ ਇਸ ਭਿਆਨਕ ਮਾਨਸਿਕ ਰੋਗ ਨੂੰ ਜੜ੍ਹ ਤੋਂ ਖਤਮ ਕਰ ਸਕਣਾ ਆਸਾਨ ਨਹੀਂ ਹੈ। ਇਸ ਲਈ ਬੱਚਿਆਂ ਨੂੰ ਸੁਰੱਖਿਆ ਦੀ ਸਿੱਖਿਆ ਦੇਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਕਿਸ ਨਾਲ ਗੱਲਬਾਤ ਕੀਤੀ ਜਾਵੇ ਅਤੇ ਕਿਸ ਨਾਲ ਨਹੀਂ ਭਾਵ ਉਨ੍ਹਾਂ ਨੂੰ ਗ਼ਲਤ-ਸਹੀ ਦਾ ਫਰਕ ਸਮਝਾਉਣਾ ਚਾਹੀਦਾ ਹੈ। ਬਚਾਓ ਲਈ ਗਾਰਡ, ਪੁਲਿਸ, ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਭੀੜ ਅਤੇ ਕਿਸੇ ਆਪਣੇ ਤੱਕ ਪਹੁੰਚ ਲਈ ਜ਼ਰੂਰੀ ਫੋਨ ਨੰਬਰ, ਸੰਪਰਕ ਆਦਿ ਦੱਸਣੇ ਚਾਹੀਦੇ ਹਨ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 05.04.2012
ਵੀਡੀਓ: ਪੁਲਿਸ ਵਾਲੇ ਦੇ ਬੇਟੇ ਨੇ ਕੀਤਾ ਪੁਲਸ ਵਾਲੇ ਦੇ ਬੇਟੇ ਦਾ ਸਰੀਰਕ ਸ਼ੋਸ਼ਣ