Friday, July 22, 2011

ਬੱਚਿਆਂ ਦੇ ਦੰਦਾਂ ਸੰਬੰਧੀ ਜਾਣਕਾਰੀ - ਡਾ. ਹਰਸ਼ਿੰਦਰ ਕੌਰ

ਬੱਚਾ ਮਾਂ ਦੇ ਢਿੱਡੋਂ ਬਾਹਰ ਆਉਣ ਲਈ 9 ਮਹੀਨੇ ਦਾ ਵਕਤ ਲੈਂਦਾ ਹੈ ਪਰ ਇਕ ਨਿੱਕਾ ਜਿਹਾ ਦੰਦ ਮਸੂੜ੍ਹਿਆਂ ਤੋਂ ਬਾਹਰ ਆਉਣ ਲਈ ਇਸ ਤੋਂ ਵੀ ਵੱਧ ਵਕਤ ਲੈ ਲੈਂਦਾ ਹੈ। ਤੁਸੀਂ ਹੈਰਾਨ ਜ਼ਰੂਰ ਹੋਵੋਗੇ, ਜੇ ਮੈਂ ਇਹ ਦੱਸਾਂ ਕਿ ਜਦੋਂ ਬੱਚਾ 8 ਮਹੀਨਿਆਂ ਦਾ ਹੋ ਕੇ ਕੋਈ ਨਿੱਕੀ ਜਿਹੀ ਦੰਦੀ ਕੱਢਦਾ ਹੈ ਤਾਂ ਲੋਕ ਖੁਸ਼ੀ ਮਨਾਉਣ ਲਈ ਖੋਪਾ ਤੋੜਦੇ ਹਨ ਪਰ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਮਾਂ ਦੇ ਢਿੱਡ ਵਿਚ ਜਦੋਂ ਉਹ ਤਿੰਨਾਂ ਮਹੀਨਿਆਂ ਦਾ ਸੀ ਤਾਂ ਇਹ ਦੰਦੀ ਬਣਨੀ ਸ਼ੁਰੂ ਹੋ ਗਈ ਸੀ। ਇਸੇ ਤਰ੍ਹਾਂ ਪਹਿਲੀ ਪੱਕੀ ਦੰਦੀ, ਜੋ 8 ਸਾਲਾਂ ਦੀ ਉਮਰ ਵਿਚ ਮਸੂੜ੍ਹੇ ਤੋਂ ਬਾਹਰ ਨਿਕਲ ਕੇ ਆਪਣਾ ਪਿਆਰਾ ਦਰਸ਼ਨ ਦੇਂਦੀ ਹੈ,ਉਹ ਬੱਚੇ ਦੇ ਮਸੂੜ੍ਹੇ ਅੰਦਰ ਉਦੋਂ ਬਣਨੀ ਸ਼ੁਰੂ ਹੋ ਜਾਂਦੀ ਹੈ, ਜਦੋਂ ਉਹ ਅਜੇ ਚਾਰ ਮਹੀਨਿਆਂ ਦਾ ਹੁੰਦਾ ਹੈ। ਕੁਦਰਤ ਬੱਚੇ ਦੇ ਦੰਦ ਏਨੀ ਮਿਹਨਤ ਤੇ ਕਾਰੀਗਰੀ ਨਾਲ ਘੜਦੀ ਹੈ ਕਿ ਉਸ ਦੇ ਮਰਨ ਤੋਂ ਹਜ਼ਾਰਾਂ ਸਾਲ ਬਾਅਦ ਵੀ ਮਿੱਟੀ ਵਿਚ ਦੱਬੀ ਇਹ ਦੰਦੀ ਸਾਬਤ-ਸਬੂਤ ਮਿਲ ਜਾਂਦੀ ਹੈ।

ਤੁਸੀਂ ਕਹੋਗੇ ਕਿ ਜੇ ਇਹ ਦੰਦ ਏਨੇ ਪੱਕੇ ਹੁੰਦੇ ਹਨ ਤਾਂ ਬੱਚਿਆਂ ਦੇ ਦੰਦ ਖਾਧੇ ਕਿਵੇਂ ਜਾਂਦੇ ਹਨ? ਉਨ੍ਹਾਂ ਵਿਚ ਮੋਰੀਆਂ ਕਿਵੇਂ ਹੋ ਜਾਂਦੀਆਂ ਹਨ? ਜਦੋਂ ਕੁਝ ਖਾ-ਪੀ ਕੇ ਚੂਲੀ ਨਾ ਕੀਤੀ ਜਾਵੇ ਤਾਂ ਖਾਣੇ ਦੀ ਦੰਦਾਂ ਦੇ ਵਿਚਕਾਰ ਫਸੀ ਰਹਿੰਦ-ਖੂੰਹਦ ਨੂੰ ਮੂੰਹ ਅੰਦਰ ਵਸਦੇ ਕੀਟਾਣੂ ਟੁੱਟ ਕੇ ਪੈ ਜਾਂਦੇ ਹਨ ਤੇ ਆਪਣਾ ਢਿੱਡ ਭਰ ਕੇ ਜੋ ਰਸ ਉਹ ਪੈਦਾ ਕਰਦੇ ਹਨ, ਉਸ ਨਾਲ ਦੰਦਾਂ ਦੀ ਬਾਹਰਲੀ ਪੱਕੀ ਪਰਤ ਗਲਣ ਲੱਗ ਪੈਂਦੀ ਹੈ ਤੇ ਹੌਲੀ-ਹੌਲੀ ਦੰਦ ਖੁਰ ਜਾਂਦਾ ਹੈ। ਜਿਹੜਿਆਂ ਦੰਦਾਂ ਨੂੰ ਹਜ਼ਾਰਾਂ ਸਾਲਾਂ ਵਿਚ ਮਿੱਟੀ ਨਹੀਂ ਖਾ ਸਕਦੀ, ਉਨ੍ਹਾਂ ਨੂੰ ਅੱਖਾਂ ਨਾਲ ਨਾ ਦਿਸਣ ਵਾਲੇ ਕੀਟਾਣੂ ਖੋਰ ਕੇ ਰੱਖ ਦਿੰਦੇ ਹਨ। ਸਪੱਸ਼ਟ ਹੈ ਕਿ ਮੋਤੀਆਂ ਵਰਗੇ ਦੰਦਾਂ ਨੂੰ ਬਚਾਉਣਾ ਹੋਵੇ ਤਾਂ ਬੱਚੇ ਨੂੰ ਹਰ ਖੁਰਾਕ ਤੋਂ ਬਾਅਦ ਚੂਲੀ ਕਰਨ ਤੇ ਜੇ ਹੋ ਸਕੇ ਤਾਂ ਫਲੋਰਾਈਡ ਵਾਲੀ ਪੇਸਟ ਨਾਲ ਬਰੱਸ਼ ਕਰਨ ਦੀ ਚੰਗੀ ਆਦਤ ਪਾ ਸਕਦੇ ਹੋ। ਕੱਚੇ ਦੰਦ ਸਿਰਫ਼ 20 ਹੁੰਦੇ ਹਨ 10 ਉਪਰਲੇ ਜਬਾੜੇ ਦੇ ਤੇ 10 ਹੇਠਲੇ ਜਬਾੜੇ ਦੇ। ਪੱਕੇ ਦੰਦਾਂ ਦੀ ਗਿਣਤੀ 32 ਹੁੰਦੀ ਹੈ : 16 ਉਪਰ ਤੇ 16 ਹੇਠਾਂ। ਜਿਸ ਵੇਲੇ ਦੰਦ ਬਣ ਰਹੇ ਹੁੰਦੇ ਹਨ, ਜੇ ਕਿਸੇ ਦੰਦ ਦੇ ਵਿਕਾਸ ਵਿਚ ਕੋਈ ਨੁਕਸ ਜਾਂ ਵਿਘਨ ਪੈ ਜਾਵੇ ਤਾਂ ਉਹ ਦੰਦ ਬਾਅਦ ਵਿਚ ਠੀਕ ਨਹੀਂ ਹੋ ਸਕਦਾ।

ਇਹ ਨੁਕਸ ਜਾਂ ਵਿਘਨ ਪੈ ਜਾਂਦੇ ਹਨ ਕੁਝ ਬੀਮਾਰੀਆਂ ਕਰ ਕੇ, ਜਿਵੇਂ :

1) ਗੁਰਦੇ ਫੇਲ ਹੋਣ ਨਾਲ ਦੰਦ ਦੀ ਬਾਹਰਲੀ ਪਰਤ ਉਤੇ ਧੱਬੇ ਪੈ ਸਕਦੇ ਹਨ।

2) ਜੇ ਨਵੇਂ ਜੰਮੇ ਬੱਚੇ ਦਾ ਜਬਾੜਾ ਪੂਰਾ ਨਾ ਬਣਿਆ ਹੋਵੇ ਤਾਂ ਉਸ ਬਚੇ ਹੋਏ ਹਿੱਸੇ ਵਿਚ ਦੰਦ ਉੱਗਦੇ ਨਹੀਂ।

3) ਜੇ ਬੱਚਾ ਕੁੱਖ ‘ਚੋਂ ਆਤਸ਼ਕ ਦੀ ਬੀਮਾਰੀ ਲੈ ਕੇ ਪੈਦਾ ਹੋਇਆ ਹੋਵੇ ਤਾਂ ਦੰਦ ਬੇਢੰਗੇ ਹੋ ਜਾਂਦੇ ਹਨ।

4) ਦਿਮਾਗੀ ਰੋਗ ਕਾਰਨ, ਜਿਸ ਵਿਚ ਬੱਚਾ ਵਾਰ-ਵਾਰ ਡਿੱਗਦਾ ਹੈ ਤੇ ਆਪਣੇ-ਆਪ ਨੂੰ ਸੰਭਾਲ ਨਹੀਂ ਸਕਦਾ ਜਾਂ ਸੱਟ ਲੱਗਣ ਦੇ ਕਾਰਨ ਬਣ ਰਹੇ ਦੰਦ ਦੀ ਜੜ੍ਹ ਪੱਕੇ ਤੌਰ ‘ਤੇ ਖਰਾਬ ਹੋ ਸਕਦੀ ਹੈ।

5) ਲੰਬੀ ਬੀਮਾਰੀ ਕੋਈ ਵੀ ਹੋਵੇ, ਉਹ ਦੰਦ ਦੇ ਬਾਹਰਲੇ ਖੋਲ ਨੂੰ ਪੱਕਾ ਨਹੀਂ ਹੋਣ ਦਿੰਦੀ।

6) ਵਿਟਾਮਿਨ-ਡੀ ਦੀ ਕਮੀ ਵੀ ਦੰਦਾਂ ਦੀ ਬਾਹਰਲੀ ਪਰਤ ਨੂੰ ਕਮਜ਼ੋਰ ਬਣਾ ਦਿੰਦੀ ਹੈ।

7) ਬਹੁਤ ਕਮਜ਼ੋਰ ਪੈਦਾ ਹੋਇਆ ਬੱਚਾ, ਜਿਸ ਦੇ ਮੂੰਹ ਵਿਚ ਕਾਫੀ ਦੇਰ ਟਿਊਬਾਂ ਨਾਲ ਖੁਰਾਕ ਦੇਣੀ ਹੋਵੇ, ਬੇਢੰਗੇ ਦੰਦਾਂ ਵਾਲਾ ਬਣ ਜਾਂਦਾ ਹੈ।

ਦੋ ਹਜ਼ਾਰ ਨਵੇਂ ਜੰਮੇ ਬੱਚਿਆਂ ‘ਚੋਂ ਇਕ ਅਜਿਹਾ ਬੱਚਾ ਵੀ ਜੰਮ ਪੈਂਦਾ ਹੈ, ਜਿਸ ਦੇ ਦੰਦ ਜਮਾਂਦਰੂ ਹੁੰਦੇ ਹਨ ਤੇ ਕੋਈ ਨਾ ਕੋਈ ਬੱਚਾ ਇਕ ਮਹੀਨੇ ਦੀ ਉਮਰ ਵਿਚ ਦੰਦੀਆਂ ਕੱਢ ਲੈਣ ਵਾਲਾ ਵੀ ਵੇਖਿਆ ਜਾ ਸਕਦਾ ਹੈ। ਇਹੋ ਜਿਹੇ ਦੰਦਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਤੇ ਜਬਾੜੇ ਦੀ ਹੱਡੀ ਤੋਂ ਬਾਹਰ ਮਾਸ ਵਿਚ ਹੀ ਲਟਕਦੇ ਹੁੰਦੇ ਹਨ ਤੇ ਆਸਾਨੀ ਨਾਲ ਕੱਢੇ ਜਾ ਸਕਦੇ ਹਨ। ਜੇ ਇਹ ਦੰਦ ਬੱਚੇ ਦੇ ਦੁੱਧ ਪੀਣ ਵਿਚ ਤਕਲੀਫ਼ ਦਿੰਦੇ ਹੋਣ ਤਾਂ ਇਨ੍ਹਾਂ ਨੂੰ ਕਢਵਾ ਲੈਣਾ ਚਾਹੀਦਾ ਹੈ।

ਕੁਝ ਮਾਪੇ ਇਹ ਵਹਿਮ ਕਰਦੇ ਹਨ ਕਿ ਇਹ ਜਮਾਂਦਰੂ ਦੰਦ ਬਹੁਤ ਮਾੜੇ ਹੁੰਦੇ ਹਨ, ਜੇ ਹੇਠਲੇ ਮਸੂੜ੍ਹੇ ਤੋਂ ਪਹਿਲਾਂ ਉਪਰਲੇ ਮਸੂੜ੍ਹੇ ਉਤੇ ਕੋਈ ਦੰਦੀ ਨਿਕਲ ਪਵੇ ਤਾਂ ਬੱਚਾ ਨਾਨਕਿਆਂ ਉਤੇ ਭਾਰੂ ਹੁੰਦਾ ਹੈ ਪਰ ਇਹ ਸਭ ਗਪੌੜੇ ਹਨ।

ਇਸੇ ਤਰ੍ਹਾਂ ਕਈ ਹੋਰ ਜਮਾਂਦਰੂ ਨੁਕਸ ਵੀ ਹੁੰਦੇ ਹਨ ਜਿਵੇਂ ਕਿ :

• ਦੰਦ ਦੀਆਂ ਜੜ੍ਹਾਂ ਦਾ ਨਾ ਹੋਣਾ।

• ਦੰਦ ਦਾ ਗਲਤ ਪਾਸੇ ਵਲੋਂ ਨਿਕਲਣਾ ਜਾਂ ਟੇਢੀ ਦੰਦੀ ਦਾ ਨਿਕਲ ਆਉਣਾ।

• ਇਕੋ ਥਾਂ ਤੋਂ ਕਈ ਦੰਦ ਨਿਕਲ ਆਉਣੇ।

• ਜੌੜੇ ਦੰਦਾਂ ਦਾ ਉੱਗਣਾ, ਜੋ ਕਿਸੇ ਪੁਰਾਣੀ ਸੱਟ ਜਾਂ ਦੰਦਾਂ ਵਿਚਕਾਰ ਥੋੜ੍ਹੀ ਵਿਰਲ ਹੋਣ ਕਰਕੇ ਜੁੜ ਜਾਂਦੇ ਹਨ।

• ਤੀਰ ਵਾਂਗ ਤਿੱਖੇ ਦੰਦ ਉੱਗਣੇ ਜਾਂ ਬਹੁਤ ਵੱਡਾ ਦੰਦ ਉੱਗ ਪੈਣਾ ਜਾਂ ਕਿਸੇ ਇਕ ਦੰਦ ਦਾ ਬਹੁਤ ਛੋਟਾ ਰਹਿ ਜਾਣਾ।

• ਕਿਸੇ ਬੀਮਾਰੀ ਦੇ ਕਾਰਨ ਜਾਂ ਖੁਰਾਕ ਦੀ ਕਮੀ ਹੋਣ ਕਰਕੇ ਦੰਦਾਂ ਦੇ ਬਾਹਰਲੇ ਸਖ਼ਤ ਖੋਲ ਦਾ ਨਰਮ ਰਹਿ ਜਾਣਾ। ਇਸ ਨਾਲ ਦੰਦਾਂ ਨੂੰ ਠੰਡਾ, ਤੱਤਾ ਲੱਗਣ ਲੱਗ ਜਾਂਦਾ ਹੈ।

• ਦੰਦਾਂ ਵਿਚ ਚਿੱਟੇ ਧੱਬੇ ਜਾਂ ਚਿੱਟੀਆਂ ਧਾਰੀਆਂ ਪੈ ਜਾਣੀਆਂ। ਇਨ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਜਦੋਂ ਦੰਦ ਬਣ ਰਹੇ ਸਨ, ਉਦੋਂ ਬੱਚਾ ਬੀਮਾਰ ਸੀ।

• ਦੰਦਾਂ ਉਤੇ ਭੂਰੇ ਧੱਬੇ ਪੈ ਜਾਣ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਸਰੀਰ ਵਿਚ ਫਲੋਰਾਈਡ ਦੀ ਮਾਤਰਾ ਵਧ ਹੋ ਗਈ ਹੈ, ਜੋ ਨਹੀਂ ਵਧਣੀ ਚਾਹੀਦੀ।

• ਜਦੋਂ ਦੰਦ ਬਣ ਰਹੇ ਹੁੰਦੇ ਹਨ, ਉਸ ਵੇਲੇ ਜੇ ਬੱਚੇ ਨੂੰ ਨੀਮ ਹਕੀਮ ਟੈਟਰਾਸਾਈਕਲੀਨ ਦੇ ਟੀਕੇ ਜਾਂ ਕੈਪਸੂਲ ਖੁਆ ਦੇਣ ਜਾਂ ਪੀਲੀਆ ਕਾਫੀ ਵਧ ਹੋ ਜਾਏ ਤਾਂ ਦੰਦ ਵੀ ਪੀਲੇ ਹੋ ਜਾਂਦੇ ਹਨ।

• ਕੱਚੇ ਦੰਦਾਂ ਦੇ ਟੁੱਟਣ ਤੋਂ ਪਹਿਲਾਂ ਹੀ ਪੱਕੇ ਦੰਦਾਂ ਦਾ ਨਿਕਲ ਆਉਣਾ। ਇਸ ਹਾਲਤ ਵਿਚ ਕੱਚੇ ਦੰਦ ਨੂੰ ਡਾਕਟਰ ਕੋਲੋਂ ਕਢਵਾ ਲੈਣਾ ਚਾਹੀਦਾ ਹੈ ਤਾਂ ਕਿ ਪੱਕਾ ਦੰਦ ਸਿੱਧਾ ਤੇ ਸਹੀ ਥਾਂ ‘ਤੇ ਨਿਕਲ ਸਕੇ।
ਐੱਮ. ਡੀ., ਬੱਚਿਆਂ ਦੀ ਮਾਹਿਰ
ਧੰਨਵਾਦ ਸਾਹਿਤ ਜਗ ਬਾਣੀ 'ਚੋਂ 22.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms