Sunday, September 25, 2011

ਬੱਚੇ ਨੂੰ ਵੱਡਾ ਕਰੋ ਨਿਮਰਤਾ ਤੇ ਪਿਆਰ ਨਾਲ - ਤੇਜਪ੍ਰੀਤ ਕੌਰ ਕੰਗ

'ਪਿਆਰ' ਬੱਚੇ ਦੀ ਬੁਨਿਆਦੀ ਤੇ ਸਭ ਤੋਂ ਮਹੱਤਵਪੂਰਨ ਲੋੜ ਹੈ। ਬੱਚੇ ਦੇ ਚੰਗੇ ਵਿਕਾਸ ਵਿਚ ਮਾਪਿਆਂ ਦੇ ਪਿਆਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਨਾਲ ਬੱਚੇ ਵਿਚ ਆਤਮਵਿਸ਼ਵਾਸ, ਜ਼ਿੰਮੇਵਾਰੀ, ਪ੍ਰਭੱਲਤਾ, ਮਿੱਤਰਤਾ, ਕੰਮ ਵਿਚ ਦਿਲਚਸਪੀ ਅਤੇ ਦੂਜਿਆਂ 'ਤੇ ਭਰੋਸਾ ਕਰਨ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ।


ਬੱਚੇ ਦੀਆਂ ਭਾਵਨਾਵਾਂ ਨੂੰ ਮਾਂ-ਬਾਪ ਵੱਲੋਂ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ, ਜਿਸ ਤੋਂ ਭਾਵ ਹੈ ਬੱਚੇ ਨਾਲ ਗਹਿਰਾ ਲਗਾਓ ਅਤੇ ਨਿਰਸੁਆਰਥ ਪਿਆਰ ਕਰਨਾ। ਬੱਚੇ ਦੇ ਜਜ਼ਬਿਆਂ ਅਤੇ ਹੱਕਾਂ ਨੂੰ ਸਮਝਣਾ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਮਹੱਤਤਾ ਰੱਖਦਾ ਹੈ। ਇਹ ਵਿਹਾਰ ਬੱਚੇ ਨੂੰ ਆਪਣੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਪ੍ਰਗਟਾਉਣ ਵਿਚ ਸਹਾਈ ਹੁੰਦਾ ਹੈ। ਇਹ ਸਭ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੇ ਮਾਂ-ਬਾਪ ਬੱਚੇ ਦੀ ਹਰ ਇਕ ਖੁਸ਼ੀ ਤੇ ਉਦਾਸੀ ਵਿਚ ਸ਼ਾਮਿਲ ਹੁੰਦੇ ਹਨ, ਉਸ ਦੀਆਂ ਸਫਲਤਾਵਾਂ ਅਤੇ ਨਾਕਾਮਯਾਬੀਆਂ ਵਿਚ ਮਦਦਗਾਰ ਬਣਦੇ ਹਨ ਅਤੇ ਕਿਸੇ ਮੁਨਾਫੇ ਜਾਂ ਲਾਭ ਦੀ ਲਾਲਸਾ ਕੀਤੇ ਬਿਨਾਂ ਪਿਆਰ ਦਰਸਾਉਂਦੇ ਹਨ। ਇਹ ਮਾਂ-ਬਾਪ ਬੱਚੇ ਨੂੰ ਘਰ ਵਿਚ ਮਹੱਤਵਪੂਰਨ ਥਾਂ ਦਿੰਦੇ ਹਨ ਅਤੇ ਉਸ ਨਾਲ ਡੂੰਘਾ ਜਜ਼ਬਾਤੀ ਸਬੰਧ ਰੱਖਦੇ ਹਨ। ਆਮ ਤੌਰ 'ਤੇ ਇਸ ਤਰ੍ਹਾਂ ਦੇ ਸਵੀਕਾਰਤ ਬੱਚੇ ਮੇਲ-ਮਿਲਾਪ ਵਾਲੇ, ਸਹਿਯੋਗੀ, ਵਫਾਦਾਰ ਅਤੇ ਮਾਨਸਿਕ ਤੌਰ 'ਤੇ ਸੰਤੁਲਿਤ ਹੁੰਦੇ ਹਨ।

ਬੱਚੇ ਦੇ ਜੀਵਨ ਦੇ ਮੁਢਲੇ ਸਾਲਾਂ ਵਿਚ ਸਨੇਹ ਅਤੇ ਪ੍ਰੇਮ ਅਤਿਅੰਤ ਮਹੱਤਤਾ ਰੱਖਦੇ ਹਨ। ਮਾਤਾ-ਪਿਤਾ ਦੇ ਫਰਜ਼ਾਂ ਵਿਚੋਂ ਸਭ ਤੋਂ ਵੱਡਾ ਫਰਜ਼ ਇਹ ਹੈ ਕਿ ਉਹ ਪਿਆਰ ਅਤੇ ਆਪਸੀ ਸਬੰਧਾਂ ਦੀ ਸੁੱਚੀ ਤੇ ਸੱਚੀ ਭਾਵਨਾ ਨੂੰ ਬੱਚੇ ਤੱਕ ਪਹੁੰਚਾਉਣ। ਜਦੋਂ ਬੱਚੇ ਨੂੰ ਪਿਆਰ ਮਿਲਦਾ ਹੈ ਤਾਂ ਉਸ ਨੂੰ ਮੁਢਲੀ ਸੁਰੱਖਿਆ ਮਿਲਦੀ ਹੈ। ਇਸ ਨਾਲ ਉਸ ਦੇ ਵਿਚ ਆਪਣੇ-ਆਪ ਨੂੰ ਅਤੇ ਹੋਰਾਂ ਨੂੰ ਸਵੀਕਾਰ ਕਰਨ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ। ਬੱਚੇ ਦੇ ਇਸ ਪਿਆਰ ਦਾ ਪ੍ਰਗਟਾਵਾ ਉਸ ਦੀ ਖੁਸ਼ੀ, ਸੰਤੁਸ਼ਟਤਾ ਤੇ ਸਨੇਹਮਈ ਤਰੰਗਾਂ ਵਿਚ ਹੁੰਦਾ ਹੈ। ਘਰ ਵਿਚ ਪਿਆਰ ਦਾ ਵਾਤਾਵਰਨ ਬੱਚੇ ਵਿਚ ਸਵੈਸਵੀਕਾਰਤਾ ਦਾ ਅਹਿਸਾਸ ਪੈਦਾ ਕਰਦਾ ਹੈ। ਇਸ ਕਰਕੇ ਮਾਤਾ-ਪਿਤਾ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਇਕ ਖਾਸ ਰੋਲ ਅਦਾ ਕਰਦੇ ਹਨ। ਇਹ ਸਿਹਤਮੰਦ ਮਾਪਿਆਂ ਜਾਂ ਵਾਤਾਵਰਨ ਬੱਚੇ ਦੀ ਸ਼ਖ਼ਸੀਅਤ ਤੇ ਗੁਣਾਂ ਨੂੰ ਪੂਰੇ ਤੌਰ 'ਤੇ ਵਿਕਸਿਤ ਹੋਣ ਤੇ ਨਿਖਾਰਨ ਵਿਚ ਸਹਾਈ ਹੁੰਦਾ ਹੈ। ਇਸ ਤਰ੍ਹਾਂ ਉਹ ਇਕ ਚੰਗਾ, ਜ਼ਿੰਮੇਵਾਰ ਤੇ ਗੁਣਵਾਨ ਨਾਗਰਿਕ ਬਣਦਾ ਹੈ।

ਹਰ ਇਕ ਬੱਚੇ ਦੀ ਇਹ ਬੁਨਿਆਦੀ ਲੋੜ ਹੈ ਕਿ ਉਹ ਸਰੀਰਕ ਅਤੇ ਜਜ਼ਬਾਤੀ ਤੌਰ 'ਤੇ ਆਪਣੇ-ਆਪ ਨੂੰ ਸੁਰੱਖਿਅਤ ਸਮਝੇ। ਮਾਪਿਆਂ ਦਾ ਪਿਆਰ ਅਤੇ ਨਿੱਘ ਬੱਚੇ ਲਈ ਇਕ ਬਹੁਮੁੱਲਾ ਆਸਰਾ ਹੈ। ਕਈ ਮਾਪੇ ਇਹ ਸਮਝਦੇ ਹਨ ਕਿ ਬੱਚੇ ਦੀ ਜ਼ਰੂਰਤ ਸਿਰਫ ਉਸ ਨੂੰ ਲਾਡ-ਪਿਆਰ ਦੇਣ ਨਾਲ ਹੀ ਪੂਰੀ ਹੋ ਜਾਂਦੀ ਹੈ ਪਰ ਇਹ ਬੱਚੇ ਦੇ ਪਿਆਰ ਦੀ ਲੋੜ ਦਾ ਇਕ ਮਾਤਰ ਹਿੱਸਾ ਹੀ ਹੈ। ਪਿਆਰ ਦੇਣ ਦੇ ਨਾਲ-ਨਾਲ ਉਸ ਦੀਆਂ ਮਨਚਾਹੀਆਂ ਵਸਤੂਆਂ ਪ੍ਰਤੀ ਵੀ ਆਪਣਾ ਪਿਆਰ ਪ੍ਰਗਟਾਉਣਾ ਜ਼ਰੂਰੀ ਹੈ। ਇਸ ਨਾਲ ਬੱਚੇ ਨੂੰ ਵੀ ਮਹਿਸੂਸ ਹੁੰਦਾ ਹੈ ਕਿ ਪਰਿਵਾਰ ਵਿਚ ਉਸ ਦੀ ਪੁੱਛ ਅਤੇ ਲੋੜ ਹੈ। ਇਹ ਸਭ ਕੁਝ ਬਾਰੇ ਉਸ ਨੂੰ ਸੰਤੁਸ਼ਟੀ ਉਸ ਦੀ ਰਾਏ ਸੁਣ ਕੇ, ਉਸ ਦੇ ਨਿਰਣੇ ਲੈ ਕੇ ਅਤੇ ਉਸ ਦੀਆਂ ਕਾਮਯਾਬੀਆਂ ਦੀ ਸ਼ਲਾਘਾ ਕਰਕੇ ਹੀ ਦਿੱਤੀ ਜਾ ਸਕਦੀ ਹੈ।

ਮਾਤਾ-ਪਿਤਾ ਦੇ ਵਤੀਰੇ ਵਿਚ ਇਕਸਾਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਤਰ੍ਹਾਂ ਨਾ ਹੋਣ ਨਾਲ ਬੱਚੇ ਵਿਚ ਮਾਪਿਆਂ ਪ੍ਰਤੀ ਵਿਸ਼ਵਾਸ ਘਟ ਜਾਂਦਾ ਹੈ ਜੋ ਬੱਚਿਆਂ ਦੀ ਸੁਚੱਜੀ ਸ਼ਖ਼ਸੀਅਤ ਦੇ ਵਿਕਾਸ ਵਿਚ ਰੁਕਾਵਟ ਬਣਦੀ ਹੈ। ਇਸ ਦੇ ਨਾਲ ਬੱਚੇ ਦੇ ਦਿਮਾਗ ਵਿਚ ਉਲਝਣ ਪੈਦਾ ਹੋ ਜਾਂਦੀ ਹੈ। ਉਸ ਲਈ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਸ ਨੇ ਕੀ ਕਰਨਾ ਹੈ ਅਤੇ ਉਸ ਤੋਂ ਕੀ ਉਮੀਦ ਰੱਖੀ ਜਾਂਦੀ ਹੈ। ਇਕਸਾਰਤਾ ਜਾਂ ਤਾਲਮੇਲ ਨਾ ਹੋਣ ਕਰਕੇ ਬੱਚੇ ਦੇ ਸਮਾਜ ਵਿਰੋਧੀ ਬਣਨ ਜਾਂ ਬੁਰੀ ਸੰਗਤ ਵਿਚ ਪੈਣ ਦਾ ਡਰ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਉਹ ਕਦੀ ਆਪਣੀ ਜ਼ਿੰਦਗੀ ਵਿਚ ਕਾਮਯਾਬ ਤੇ ਖੁਸ਼ਹਾਲ ਨਹੀਂ ਹੋ ਸਕਦਾ। ਉਸ ਵਿਚ ਡਰ ਤੇ ਗੁੱਸੇ ਦੀ ਭਾਵਨਾ ਵਧ ਸਕਦੀ ਹੈ ਅਤੇ ਉਸ 'ਤੇ ਅਪਣੱਤ ਦੀ ਪਕੜ ਢਿੱਲੀ ਪੈ ਸਕਦੀ ਹੈ। ਜਦੋਂ ਤੱਕ ਬੱਚੇ ਨੂੰ ਪਤਾ ਨਹੀਂ ਲਗਦਾ ਕਿ ਉਸ ਨੇ 'ਕੀ ਕਰਨਾ ਹੈ' ਤੇ 'ਕੀ ਨਹੀਂ ਕਰਨਾ', ਉਦੋਂ ਤੱਕ ਉਹ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਉਸ ਦਾ ਆਤਮਵਿਸ਼ਵਾਸ ਘਟਦਾ ਹੈ ਤੇ ਉਸ ਨੂੰ ਮਾਯੂਸੀ ਹੁੰਦੀ ਹੈ। ਮਾਪਿਆਂ ਦਾ ਲੋੜ ਤੋਂ ਵੱਧ ਡਰ ਬੱਚੇ ਦੇ ਦਿਮਾਗ ਦੇ ਵਿਕਾਸ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਉਹ ਚੋਰੀਆਂ ਕਰਨਾ ਤੇ ਝੂਠ ਬੋਲਣਾ ਵੀ ਸਿੱਖ ਜਾਂਦਾ ਹੈ। ਇਹ ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਿਹੜੇ ਬੱਚਿਆਂ ਨੂੰ ਪਿਆਰ, ਸੁਰੱਖਿਆ, ਆਪਣਾਪਨ ਅਤੇ ਆਪਣੇ ਜਜ਼ਬਾਤਾਂ ਨੂੰ ਪ੍ਰਗਟ ਕਰਨ ਦੇ ਸਹੀ ਮੌਕੇ ਮਿਲਦੇ ਹਨ, ਉਹ ਬੱਚੇ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਸਫਲ ਰਹਿੰਦੇ ਹਨ ਤੇ ਜੀਵਨ ਦੀ ਹਰ ਔਕੜ ਦਾ ਮੁਕਾਬਲਾ ਹੌਸਲੇ ਨਾਲ ਕਰਦੇ ਹਨ।
-ਸਹਿਯੋਗੀ ਪ੍ਰੋਫੈਸਰ, ਹੋਮ ਸਾਇੰਸ ਕਾਲਜ, ਪੀ. ਏ. ਯੂ., ਲੁਧਿਆਣਾ
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 22.09.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms