Sunday, August 14, 2011

ਗਰਭ ਕਾਲ ‘ਚ ਨਾ ਰੱਖੋ ਵਰਤ ਅਤੇ ਨਾ ਲਵੋ ‘ਵਿਟਾਮਿਨ ਏ’

ਗਰਭ ਕਾਲ ‘ਚ ਨਾ ਰੱਖੋ ਵਰਤ

ਭਾਰਤੀ ਔਰਤਾਂ ਵਰਤ ‘ਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੀਆਂ ਹਨ। ਉਹ ਕਈ ਕਾਰਨਾਂ ਕਰਕੇ ਵਰਤ ਰੱਖਦੀਆਂ ਹਨ। ਕੁਝ ਤਿਓਹਾਰਾਂ ਦੇ ਨਾਂ ‘ਤੇ ਅਤੇ ਕੁਝ ਧਰਮ ਕਾਰਨ। ਕੁਝ ਔਰਤਾਂ ਅਜਿਹੀਆਂ ਵੀ ਹਨ ਜੋ ਸਿਹਤਮੰਦ ਰਹਿਣ ਲਈ ਵਰਤ ਰੱਖਦੀਆਂ ਹਨ ਪਰ ਗਰਭ ਅਵਸਥਾ ਵੇਲੇ ਵਰਤ ਰੱਖਣਾ ਠੀਕ ਨਹੀਂ ਹੈ। ਮੰਨਿਆ ਕਿ ਤੁਸੀਂ ਪੂਰਾ ਦਿਨ ਭੁੱਖੇ ਰਹਿ ਸਕਦੇ ਹੋ ਪਰ ਤੁਹਾਡੇ ਪੇਟ ‘ਚ ਪਲ ਰਹੇ ਮਾਸੂਮ ਨੂੰ ਹਰ ਤਰ੍ਹਾਂ ਦੀ ਪੌਸ਼ਟਿਕਤਾ ਦੀ ਲੋੜ ਹੁੰਦੀ ਹੈ, ਜੋ ਉਸਨੂੰ ਆਪਣੀ ਮਾਂ ਤੋਂ ਹੀ ਮਿਲਦੀ ਹੈ। ਜੇ ਉਹ ਖੁਰਾਕ ਨਹੀਂ ਖਾਵੇਗੀ ਤਾਂ ਬੱਚੇ ਨੂੰ ਪੌਸ਼ਟਿਕ ਤੱਤ ਕਿਵੇਂ ਮਿਲਣਗੇ?

ਇਸ ਲਈ ਗਰਭ ਅਵਸਥਾ ਵੇਲੇ ਵਰਤ ਰੱਖਣ ਦੀ ਸਲਾਹ ਡਾਕਟਰ ਘੱਟ ਹੀ ਦਿੰਦੇ ਹਨ। ਬੱਚੇ ਨੂੰ ਲੋੜੀਂਦੀ ਮਾਤਰਾ ਵਿਚ ਪੌਸ਼ਟਿਕ ਤੱਤ ਨਾ ਮਿਲਣ ਤਾਂ ਭਵਿੱਖ ‘ਚ ਉਸਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਇਸ ਨਾਲ ਬੱਚੇ ਦੇ ਅਪਾਹਿਜ ਹੋਣ ਦਾ ਵੀ ਖਤਰਾ ਰਹਿੰਦਾ ਹੈ। ਹਾਲਾਂਕਿ ਵਰਤ ਰੱਖਣ ਨਾਲ ਬੱਚੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਰਹਿੰਦਾ ਪਰ ਉਸਨੂੰ ਇਕ ਪਰਫੈਕਟ ਇਨਸਾਨ ਬਣਨ ਤੋਂ ਕਿਉਂ ਰੋਕਿਆ ਜਾਵੇ? ਬੱਚੇ ਨੂੰ ਸਭ ਤੋਂ ਜ਼ਿਆਦਾ ਜਿਨ੍ਹਾਂ ਪੌਸ਼ਟਿਕ ਤੱਤਾਂ ਦੀ ਲੋੜ ਪੈਂਦੀ ਹੈ, ਉਨ੍ਹਾਂ ਵਿਚ ਸਭ ਤੋਂ ਪਹਿਲਾ ਨਾਂ ਹੈ ਵਿਟਾਮਿਨਾਂ ਦਾ। ਇਹ ਬੱਚੇ ਦੀ ਰੋਜ਼ਾਨਾ ਦੀ ਖੁਰਾਕ ‘ਚ ਜ਼ਰੂਰ ਸ਼ਾਮਿਲ ਹੋਣੇ ਚਾਹੀਦੇ ਹਨ। ਆਮ ਤੌਰ ‘ਤੇ ਵਿਟਾਮਿਨ ਬੱਚੇ ਦੇ ਸਰੀਰ ਦੇ ਅੰਦਰ ਸਟੋਰ ਹੋ ਜਾਂਦੇ ਹਨ ਪਰ ਵਿਟਾਮਿਨ-ਸੀ ਸਟੋਰ ਨਹੀਂ ਹੁੰਦਾ। ਇਸ ਲਈ ਜੇ ਤੁਸੀਂ ਇਕ ਦਿਨ ਵਿਟਾਮਿਨ-ਸੀ ਨਹੀਂ ਖਾਂਦੇ ਤਾਂ ਬੱਚੇ ਨੂੰ ਕਈ ਜ਼ਰੂਰੀ ਪੌਸ਼ਟਿਕ ਤੱਤ ਨਹੀਂ ਮਿਲਦੇ।

ਦੂਜੀ ਜ਼ਰੂਰੀ ਗੱਲ ਜਿਸ ਬਾਰੇ ਡਾਕਟਰ ਕਹਿੰਦੇ ਹਨ, ਉਹ ਹੈ ਫੋਲਿਕ ਐਸਿਡ। ਇਸਦੀ ਵਰਤੋਂ ਨਾਲ ਜਿਥੇ ਬੱਚੇ ‘ਚ ਜਨਮ ਸੰਬੰਧੀ ਨੁਕਸਾਂ ‘ਚ ਕਮੀ ਆਉਂਦੀ ਹੈ, ਉਥੇ ਹੀ ਇਹ ਦਿਮਾਗ ਦੇ ਵਿਕਾਸ ਲਈ ਵੀ ਬਹੁਤ ਜ਼ਰੂਰੀ ਹੈ।

ਪ੍ਰੋਟੀਨ : ਬੱਚੇ ਦੇ ਪੂਰਨ ਵਿਕਾਸ ਲਈ ਪ੍ਰੋਟੀਨ ਵੀ ਬਹੁਤ ਜ਼ਰੂਰੀ ਹੈ। ਉਸਦਾ ਵਿਕਾਸ ਪ੍ਰੋਟੀਨ ਦੀ ਮਾਤਰਾ ‘ਤੇ ਨਿਰਭਰ ਕਰਦਾ ਹੈ। ਇਸ ਲਈ ਬੱਚੇ ਵਿਚ ਲੋੜੀਂਦੇ ਸੈੱਲਾਂ ਦੇ ਵਿਕਾਸ ਲਈ ਆਪਣੀ ਖੁਰਾਕ ‘ਚ ਪ੍ਰੋਟੀਨ ਜ਼ਰੂਰ ਸ਼ਾਮਿਲ ਕਰੋ। ਪ੍ਰੋਟੀਨ ਦੀ ਕਮੀ ਨਾਲ ਬੱਚੇ ਨੂੰ ਭਵਿੱਖ ‘ਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੈਲਸ਼ੀਅਮ : ਹੋਰ ਜ਼ਰੂਰੀ ਤੱਤ ਕੈਲਸ਼ੀਅਮ ਹੈ। ਬੱਚੇ ਦੀਆਂ ਹੱਡੀਆਂ ਤੇ ਦੰਦਾਂ ਦੇ ਵਿਕਾਸ ਲਈ ਰੋਜ਼ਾਨਾ ਦੀ ਖੁਰਾਕ ‘ਚ ਕੈਲਸ਼ੀਅਮ ਲੈਣਾ ਨਾ ਭੁੱਲੋ। ਗਰਭਵਤੀ ਔਰਤਾਂ ਲਈ ਕੈਲਸ਼ੀਅਮ ਦੀ ਗੋਲੀ ਬਹੁਤ ਜ਼ਰੂਰੀ ਹੈ। ਤੁਹਾਡੇ ਬੱਚੇ ਦੀ ਸਿਹਤ ਤੇ ਜ਼ਿੰਦਗੀ ਤੁਹਾਡੇ ਆਪਣੇ ਹੱਥਾਂ ‘ਚ ਹੈ। ਇਸ ਲਈ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਬੱਚੇ ਨੂੰ ਸਿਹਤਮੰਦ ਰੱਖੋ। ਤੁਸੀਂ ਜੋ ਕੁਝ ਖਾਂਦੇ ਹੋ, ਉਹੋ ਬੱਚਾ ਖਾਂਦਾ ਹੈ। ਜੇ ਤੁਸੀਂ ਵਰਤ ਰੱਖਦੇ ਹੋ ਤਾਂ ਬੱਚਾ ਵੀ ਵਰਤ ਰੱਖਦਾ ਹੈ। ਇਹ ਸੋਚ ਕੇ ਦੇਖੋ ਕਿ ਜਦੋਂ ਬੱਚੇ ਦੇ ਸੈੱਲ, ਮਾਸਪੇਸ਼ੀਆਂ, ਹੱਡੀਆਂ, ਵਾਲ, ਦੰਦ ਤੇ ਚਮੜੀ ਦਾ ਨਿਰਮਾਣ ਹੋ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਤੁਸੀਂ ਉਸਨੂੰ ਪੌਸ਼ਟਿਕ ਤੱਤਾਂ ਤੋਂ ਵਾਂਝਾ ਰੱਖਦੇ ਹੋ। ਜੇ ਤੁਹਾਨੂੰ ਆਪਣੀ ਸਿਹਤ ਦਾ ਫਿਕਰ ਨਹੀਂ ਹੈ ਤਾਂ ਘੱਟੋ-ਘੱਟ ਬੱਚੇ ਦੀ ਸਿਹਤ ਦਾ ਤਾਂ ਫਿਕਰ ਕਰੋ। ਇਸ ਲਈ ਕੋਸ਼ਿਸ਼ ਕਰੋ ਕਿ 9 ਮਹੀਨਿਆਂ ਤਕ ਵਰਤ ਨਾ ਰੱਖਿਆ ਜਾਵੇ ਅਤੇ ਜਿੰਨੇ ਪੌਸ਼ਟਿਕ ਤੱਤ ਲੈ ਸਕਦੇ ਹੋ, ਓਨੇ ਲਵੋ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ ਅਗਸਤ 2011


ਗਰਭ ਅਵਸਥਾ ਵੇਲੇ ਨਾ ਲਵੋ ‘ਵਿਟਾਮਿਨ ਏ’

ਗਰਭ ਅਵਸਥਾ ਵੇਲੇ ਮਾਂ ਨੂੰ ਆਪਣੇ ਪੇਟ ਵਿਚਲੇ ਬੱਚੇ ਦੀ ਸੁਰੱਖਿਆ ਲਈ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਨਾਸਮਝੀ ਕਾਰਨ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਦੌਰਾਨ ਹੇਠ ਲਿਖੀਆਂ ਸਾਵਧਾਨੀਆਂ ਰੱਖ ਕੇ ਹੋਣ ਵਾਲੇ ਬੱਚੇ ਨੂੰ ਸੁਰੱਖਿਆ ਦਿੱਤੀ ਜਾ ਸਕਦੀ ਹੈ :

ਵਿਟਾਮਿਨ ਏ

ਵਿਟਾਮਿਨ ਏ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਾਲ ਬੱਚੇ ‘ਚ ਜਨਮ ਸੰਬੰਧੀ ਨੁਕਸ ਪੈਦਾ ਹੋ ਸਕਦਾ ਹੈ। ਇਸ ਲਈ ਗਰਭ ਅਵਸਥਾ ਵੇਲੇ ਵਿਟਾਮਿਨ ਏ ਦਾ ਸਪਲੀਮੈਂਟ ਨਾ ਲਵੋ। ਜੇ ਤੁਸੀਂ ਮਲਟੀ ਵਿਟਾਮਿਨ ਲੈ ਰਹੇ ਹੋ ਤਾਂ ਚੈੱਕ ਕਰੋ ਕਿ ਉਨ੍ਹਾਂ ਵਿਚ ਵਿਟਾਮਿਨ ਏ ਨਾ ਹੋਵੇ। ਐਂਟੀ-ਏਜਿੰਗ ਕ੍ਰੀਮ, ਐਕਨੇ ਟ੍ਰੀਟਮੈਂਟ ਆਦਿ ਦੀ ਵਰਤੋਂ ਨਾ ਕਰੋ ਕਿਉਂਕਿ ਇਨ੍ਹਾਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਵਿਟਾਮਿਨ ਏ ਮਿਲਿਆ ਹੁੰਦਾ ਹੈ।

ਐਕਸ-ਰੇਅ

ਗਰਭ ਅਵਸਥਾ ਵੇਲੇ ਐਕਸ-ਰੇਅ ਨਾ ਹੀ ਕਰਵਾਓ ਤਾਂ ਚੰਗਾ ਹੈ। ਡੈਂਟਲ ਐਕਸ-ਰੇਅ ਵੀ ਭਰੂਣ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਲੈੱਡ

ਗਰਭ ਅਵਸਥਾ ਵੇਲੇ ਲੈੱਡ ਤੋਂ ਜਿੰਨਾ ਦੂਰ ਰਹੋ, ਚੰਗਾ ਹੈ ਕਿਉਂਕਿ ਇਸ ਨਾਲ ਬੱਚੇ ਦੇ ਦਿਮਾਗ ਨੂੰ ਨੁਕਸਾਨ ਪਹੁੰਚਣ ਤੇ ਨਾੜੀਆਂ ਦਾ ਵਿਕਾਸ ਪ੍ਰਭਾਵਿਤ ਹੋਣ ਦਾ ਡਰ ਬਣਿਆ ਰਹਿੰਦਾ ਹੈ। ਲੈੱਡ ਕਾਰਨ ਉਸਨੂੰ ਵਤੀਰੇ ਸੰਬੰਧੀ ਸਮੱਸਿਆ ਵੀ ਆ ਸਕਦੀ ਹੈ, ਦਿਮਾਗੀ ਵਿਕਾਸ ਘੱਟ ਹੁੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਬਣੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਲੈੱਡ ਨਾਲ ਸਮੇਂ ਤੋਂ ਪਹਿਲਾਂ ਡਲਿਵਰੀ ਤੇ ਭਾਰ ਘੱਟ ਹੋ ਸਕਦਾ ਹੈ। ਇਸ ਲਈ ਗਰਭਵਤੀ ਮਾਵਾਂ ਨੂੰ ਚਾਹੀਦਾ ਹੈ ਕਿ ਉਹ ਪੈਟਰੋਲ ਦੇ ਧੂੰਏਂ, ਲੈੱਡ ਵਾਲੇ ਪੇਂਟ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿਣ।

ਐਰੋਮਾ ਥੈਰੇਪੀ

ਇਸ ਥੈਰੇਪੀ ਲਈ ਇੰਸੈਂਸ਼ੀਅਲ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਮੈਂਸਟੁਅਲ ਬਲੀਡਿੰਗ ਹੋ ਸਕਦੀ ਹੈ। ਇਸ ਲਈ ਗਰਭਅਵਸਥਾ ਦੌਰਾਨ ਐਰੋਮਾ ਥੈਰੇਪੀ ਲੈਣ ਤੋਂ ਬਚੋ।

ਐਂਟੀ-ਪਰਸਪਿਰੈਂਟ ਤੇ ਡਿਓਡਰੈਂਟਸ

ਕਈ ਔਰਤਾਂ ਗਰਭ ਅਵਸਥਾ ਦੌਰਾਨ ਪਰਫਿਊਮਜ਼ ਤੇ ਡਿਓਡਰੈਂਟਸ ਲਗਾਉਂਦੀਆਂ ਹਨ ਜੋ ਕਿ ਠੀਕ ਨਹੀਂ। ਸਿਰਫ ਐਲੂਮੀਨੀਅਮ ਫ੍ਰੀ ਡਿਓਡਰੈਂਟਸ ਹੀ ਸੁਰੱਖਿਅਤ ਹੁੰਦੇ ਹਨ। ਇਹ ਗਰਭ ਅਵਸਥਾ ਵੇਲੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 27.05.2011

ਹੋਰ ਸੰਬੰਧਿਤ ਲੇਖ:

ਮਾਂ ਬਣਨ ਤੋਂ ਪਹਿਲਾਂ ਰੱਖੋ ਧਿਆਨ

ਗਰਭ ਅਵਸਥਾ ਦੌਰਾਨ ਕਿਤੇ ਹੋ ਨਾ ਜਾਵੇ ਬੱਚੇ ‘ਚ ਡਿਫੈਕਟ

ਗਰਭ ਅਵਸਥਾ ‘ਚ ਖਾਓ ਪੌਸ਼ਟਿਕ ਭੋਜਨ - ਸੋਨੀ ਮਲਹੋਤਰਾ

ਗਰਭ ਅਵਸਥਾ ਵੇਲੇ ਤੇ ਆਪਣਾ ਖਿਆਲ ਰੱਖ ਲਵੋ - ਪਤਵੰਤ ਕੌਰ ਸੇਖੋਂ

ਗਰਭ ਅਵਸਥਾ ਦੌਰਾਨ ਸਾਵਧਾਨੀਆਂ

ਗਰਭ ਅਵਸਥਾ ਵੇਲੇ ਨੀਂਦ ਵੀ ਜ਼ਰੂਰੀ

ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ - ਸਰਿਤਾ ਸ਼ਰਮਾ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms