Friday, February 4, 2011

ਗਰਭ ਅਵਸਥਾ ਦੌਰਾਨ ਸਾਵਧਾਨੀਆਂ - ਸੁਰੱਖਿਅਤ ਗਰਭ ਅਵਸਥਾ

ਉਂਝ ਤਾਂ ਹਾਈ ਬਲੱਡ ਪ੍ਰੈਸ਼ਰ ਹੋਣਾ ਸਾਰਿਆਂ ਲਈ ਹੀ ਬੇਹੱਦ ਖਤਰਨਾਕ ਹੈ ਪਰ ਜੇਕਰ ਗਰਭ ਅਵਸਥਾ ਦੌਰਾਨ ਗਰਭਵਤੀ ਔਰਤ ਨੂੰ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਤਾਂ ਇਸ ਨੂੰ ਜਾਨਲੇਵਾ ਮੰਨਿਆ ਜਾਂਦਾ ਹੈ। ਉਂਝ ਤਾਂ ਸਭ ਨੂੰ ਚਾਹੀਦੈ ਕਿ ਸਮੇਂ-ਸਮੇਂ ‘ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾ ਲਈ ਜਾਏ ਪਰ ਗਰਭਵਤੀ ਔਰਤ ਦੇ ਬਲੱਡ ਪ੍ਰੈਸ਼ਰ ਦੀ ਜ਼ਰੂਰੀ ਤੌਰ ‘ਤੇ ਜਾਂਚ ਕਰਵਾਉਂਦੇ ਰਹਿਣਾ ਲਾਭਦਾਇਕ ਹੁੰਦਾ ਹੈ।

ਹਾਈ ਬਲੱਡ ਪ੍ਰੈਸ਼ਰ ਦੌਰਾਨ ਸਿਰਦਰਦ, ਕਮਜ਼ੋਰੀ ਅਤੇ ਚੱਕਰ ਆਉਣ ਵਰਗੇ ਕਈ ਲੱਛਣ ਉੱਭਰ ਕੇ ਸਾਹਮਣੇ ਆਉਂਦੇ ਹਨ। ਸਰੀਰ ਦੇ ਕਈ ਹਿੱਸਿਆਂ ‘ਤੇ ਖਾਸ ਕਰ ਜੋੜਾਂ ‘ਚ ਸੋਜ ਵੀ ਹੋ ਜਾਂਦੀ ਹੈ। ਅੱਡੀ ਦੇ ਜੋੜਾਂ ਦੇ ਚਾਰੇ ਪਾਸੇ ਅਤੇ ਸਵੇਰੇ ਸੌਂ ਕੇ ਉੱਠਣ ‘ਤੇ ਅੱਖਾਂ ਹੇਠਾਂ ਸੋਜ ਨਜ਼ਰ ਆਉਂਦੀ ਹੈ। ਗਰਭਵਤੀ ਔਰਤਾਂ ਨੂੰ ਇਸ ਦੀ ਜਾਣਕਾਰੀ ਉਦੋਂ ਮਿਲਦੀ ਹੈ, ਜਦੋਂ ਉਨ੍ਹਾਂ ਦੀ ਮੁੰਦਰੀ ਇੰਨੀ ਫਸ ਜਾਂਦੀ ਹੈ ਕਿ ਉਸ ਨੂੰ ਲਾਹੁਣਾ ਔਖਾ ਹੋ ਜਾਂਦਾ ਹੈ। ਇਸ ਸਥਿਤੀ ‘ਚ ਰੋਗੀ ਦੇ ਮੂਤਰ ਦੀ ਜਾਂਚ ਕਰਵਾਉਣ ‘ਤੇ ਉਸ ‘ਚ ‘ਐਲਬਿਊਮਿਨ’ ਮਿਲਦਾ ਹੈ। ਇਸ ਤੋਂ ਇਲਾਵਾ ਤੇਜ਼ ਸਿਰਦਰਦ, ਇਕ ਦੀਆਂ ਦੋ ਵਸਤੂਆਂ ਨਜ਼ਰ ਆਉਣਾ, ਪੇਟ ਦਰਦ, ਸਰੀਰਕ ਥਕਾਵਟ ਆਦਿ ਤੇ ਕਈ ਹੋਰ ਲੱਛਣ ਵੀ ਨਜ਼ਰ ਆਉਣ ਲੱਗਦੇ ਹਨ।

ਜੇਕਰ ਬਲੱਡ ਪ੍ਰੈਸ਼ਰ 120/80 ਮਿ. ਮਿ. ਤੋਂ 140/90 ਮਿ. ਮਿ. ਵਿਚਾਲੇ ਹੋਵੇ ਤਾਂ ਉਸ ਸਥਿਤੀ ਨੂੰ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਜੇਕਰ ਬਲੱਡ ਪ੍ਰੈਸ਼ਰ 140/90 ਤੋਂ 160/110 ਮਿ.ਮਿ. ਤਕ ਹੋਵੇ ਤਾਂ ਉਸ ਸਥਿਤੀ ਨੂੰ ‘ਪ੍ਰੀਐਕਲੇਪਸੀਆ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਜੇਕਰ ਇਹ ਲੱਛਣ ਲੰਬੇ ਸਮੇਂ ਤਕ ਬੇਕਾਬੂ ਰਹਿਣ ਤਾਂ ਇਸ ਨਾਲ ਮਿਰਗੀ ਦੇ ਦੌਰੇ ਤਕ ਵੀ ਪੈ ਸਕਦੇ ਹਨ ਅਤੇ ਰੋਗੀ ਕੋਮਾ ਦੀ ਸਥਿਤੀ ‘ਚ ਵੀ ਜਾ ਸਕਦਾ ਹੈ। ਬਲੱਡ ਪ੍ਰੈਸ਼ਰ ਵਧ ਕੇ 220/140 ਮਿ.ਮਿ. ਤਕ ਪਹੁੰਚ ਜਾਂਦਾ ਹੈ। ਅਜਿਹੀ ਸਥਿਤੀ ਨੂੰ ‘ਐਕਲੇਪਸੀਆ’ ਕਿਹਾ ਜਾਂਦਾ ਹੈ।

ਦੋਹਾਂ ਕਿਸਮਾਂ ਨੂੰ ਹੀ ਡਾਕਟਰੀ ਦੇ ਖੇਤਰ ‘ਚ ‘ਗਰਭਕਾਲੀ ਜ਼ਹਿਰ’ (ਟਾਕਸੀਨੀਆ ਆਫ ਪ੍ਰੈਗਨੈਂਸੀ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਰੀਰ ਦੀ ਸਧਾਰਨ ਸਥਿਤੀ ‘ਚ ਬਲੱਡ ਪ੍ਰੈਸ਼ਰ 130/90 ਮਿ.ਮਿ. ਤੋਂ ਵਧੇਰੇ ਨਹੀਂ ਹੋਣਾ ਚਾਹੀਦਾ।

ਗਰਭ ਅਵਸਥਾ ਦੌਰਾਨ ਉਲਟੀਆਂ, ਵਾਰ-ਵਾਰ ਮੂਤਰ ਆਉਣ, ਕਬਜ਼, ਗੈਸ, ਐਸੀਡਿਟੀ, ਬਵਾਸੀਰ, ਸ਼ੂਗਰ, ਖੂਨ ਦੀ ਕਮੀ, ਸੋਜ, ਪੇਟ ‘ਤੇ ਸਫੈਦ ਧਾਰੀਆਂ, ਸਫੈਦ ਪਾਣੀ ਪੈਣਾ, ਖਾਂਸੀ, ਯੋਨੀ ਦੀ ਖਾਰਿਸ਼, ਭੁੱਖ ‘ਚ ਕਮੀ, ਨੇਪਰਾਇਟਿਸ ਆਦਿ ਦੀਆਂ ਵੀ ਬੀਮਾਰੀਆਂ ਹੋ ਜਾਂਦੀਆਂ ਹਨ, ਜੋ ਮਾਂ ਅਤੇ ਗਰਭ ਵਿਚਲੇ ਬੱਚੇ ਦੋਹਾਂ ਦੀ ਸਿਹਤ ਲਈ ਹਾਨੀਕਾਰਕ ਹਨ। ਗਰਭਵਤੀ ਨੂੰ ਰੁਟੀਨ ‘ਚ ਆਪਣੀ ਸਿਹਤ ਦਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਗਰਭਵਤੀ ਔਰਤ ਨੂੰ ਮਹੀਨੇ ‘ਚ ਘੱਟੋ-ਘੱਟ ਦੋ ਵਾਰ ਇਸਤਰੀ ਰੋਗ ਮਾਹਿਰ ਤੋਂ ਆਪਣੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ। ਜਾਂਚ ਦੌਰਾਨ ਸਰੀਰ ਦਾ ਭਾਰ, ਬਲੱਡ ਪ੍ਰੈਸ਼ਰ, ਖੂਨ ‘ਚ ਲੋਹ ਤੱਤ ਦੇ ਪੱਧਰ ਆਦਿ ਦਾ ਖਾਸ ਧਿਆਨ ਰੱਖਣਾ ਚਾਹੀਦੈ। ਪੂਰੇ ਨੌਂ ਮਹੀਨਿਆਂ ਤਕ ਇਨ੍ਹਾਂ ਦੀ ਇਕ ਸਾਰਣੀ ਬਣਾਈ ਜਾਣੀ ਚਾਹੀਦੀ ਹੈ। ਨਾਲ ਹੀ ਹੇਠ ਲਿਖੇ ਲੱਛਣਾਂ ਦੇ ਉੱਭਰਨ ‘ਤੇ ਖਾਸ ਡਾਕਟਰੀ ਸਾਵਧਾਨੀ ਵਰਤਣੀ ਚਾਹੀਦੀ ਹੈ।

ਬਲੱਡ ਪ੍ਰੈਸ਼ਰ ‘ਚ 10 ਮਿ.ਮਿ. ਪਾਰੇ ਦਾ ਵਾਧਾ ਵੀ ਹੋਵੇ ਤਾਂ ਖੁਰਾਕ, ਕਸਰਤ ਜਾਂ ਦਵਾਈ ਨਾਲ ਕੰਟਰੋਲ ਕੀਤਾ ਜਾਣਾ ਚਾਹੀਦੈ।
ਜੇਕਰ ਪਿਸ਼ਾਬ ‘ਚ ‘ਐਲਬਿਊਮਿਨ’ ਆਉਣਾ ਸ਼ੁਰੂ ਹੋ ਜਾਏ ਤਾਂ ਹਸਪਤਾਲ ‘ਚ ਦਾਖਲ ਹੋਣਾ ਇਲਾਜ ਵੱਲ ਪਹਿਲਾ ਕਦਮ ਹੁੰਦਾ ਹੈ।

ਜੇਕਰ ਸਰੀਰਕ ਭਾਰ ‘ਚ 20ਵੇਂ ਹਫਤੇ ਪਿੱਛੋਂ ਇਕ ਪੌਂਡ ਦਾ ਵੀ ਵਾਧਾ ਹੋਵੇ ਤਾਂ ਇਸ ਨੂੰ ਟਾਲਣਾ ਠੀਕ ਨਹੀਂ।

ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ‘ਚ ਪੂਰਾ ਅਰਾਮ, ਭੋਜਨ ‘ਚ ਘੱਟ ਨਮਕ, ਮਸਾਲਿਆਂ ਦੀ ਘੱਟ ਵਰਤੋਂ, ਸੰਭੋਗ ‘ਤੇ ਕੰਟਰੋਲ ਕਰਦਿਆਂ ਡਾਕਟਰੀ ਨਿਗਰਾਨੀ ਹੇਠ ਦਵਾਈ ਲੈਣੀ ਲਾਭਦਾਇਕ ਹੈ।

ਜੇਕਰ ਹੇਠ ਲਿਖੇ ਲੱਛਣ ਪ੍ਰਗਟ ਹੋਣ ਲੱਗਣ ਤਾਂ ਜਿੰਨੀ ਛੇਤੀ ਹੋ ਸਕੇ, ਡਾਕਟਰ ਨਾਲ ਸੰਪਰਕ ਕਰੋ।
ਅੱਖਾਂ ਤੋਂ ਘੱਟ ਜਾਂ ਧੁੰਦਲਾ ਨਜ਼ਰ ਆਉਣ ‘ਤੇ।
ਖਾਂਸੀ ਜਾਂ ਪੀਲੀਆ ਹੋਣ ‘ਤੇ।
ਪੇਟ ‘ਚ ਬੱਚੇ ਦੇ ਘੁੰਮਣ ਦੀ ਰਫ਼ਤਾਰ ‘ਚ ਅਚਾਨਕ ਵਾਧਾ ਜਾਂ ਕਮੀ ਹੋਣ ‘ਤੇ।
ਯੋਨੀ ‘ਚੋਂ ਪਾਣੀ ਆਉਣ ‘ਤੇ।
ਪਿਸ਼ਾਬ ਘੱਟ ਹੋਣ ਜਾਂ ਜਲਣ ਨਾਲ ਆਉਣ ‘ਤੇ।
ਲਗਾਤਾਰ ਸਿਰਦਰਦ ਰਹਿਣ ਅਤੇ ਚੱਕਰ ਆਉਣ ‘ਤੇ।
ਮੂੰਹ ਅਤੇ ਹੱਥਾਂ ਦੀਆਂ ਉਂਗਲੀਆਂ ‘ਤੇ ਸੋਜ ਹੋਣ ‘ਤੇ।
ਯੋਨੀ ‘ਚੋਂ ਖੂਨ ਰਿਸਣ ‘ਤੇ।
ਔਰਤ ਨੂੰ ਸ਼ਾਂਤ, ਖੁਸ਼ ਅਤੇ ਚਿੰਤਾ ਮੁਕਤ ਰਹਿ ਕੇ ਇਸ ਅਵਸਥਾ ‘ਚ ਭਰਪੂਰ ਨੀਂਦ ਲੈਣੀ ਚਾਹੀਦੀ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 03.02.2011



ਸੁਰੱਖਿਅਤ ਗਰਭ ਅਵਸਥਾ - ਡਾ: ਸਰੂਚੀ ਸੁਮਿਤਰਾ ਆਰੀਆ

ਮਾਂ ਬਣਨਾ ਔਰਤ ਨੂੰ ਪ੍ਰਮਾਤਮਾ ਵੱਲੋਂ ਵਰਦਾਨ ਹੈ। ਗਰਭ ਅਵਸਥਾ ਦੌਰਾਨ ਔਰਤ ਦੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ ਦਾ ਮੁੱਖ ਕਾਰਨ ਗਰਭ ਦੌਰਾਨ ਹੋਣ ਵਾਲੀਆਂ ਹਾਰਮੋਨਜ਼ ਤਬਦੀਲੀਆਂ ਹਨ। ਇਨ੍ਹਾਂ ਹਾਰਮੋਨਜ਼ ਕਰਕੇ ਸਰੀਰ ਵਿਚ ਰਸਾਇਣਕ ਕਿਰਿਆਵਾਂ ਵਿਚ ਬਦਲਾਅ ਆਉਂਦਾ ਹੈ।

ਮੁੱਖ ਸਮੱਸਿਆਵਾਂ

ਸਰੀਰਕ : ਉਲਟੀਆਂ ਲੱਗਣਾ, ਜੀਅ ਕੱਚਾ ਹੋਣਾ, ਖਾਣੇ ਬਾਰੇ ਸੋਚ ਕੇ ਜਾਂ ਖਾਣੇ ਦੀ ਸੁਗੰਧ ਨਾਲ ਜੀਅ ਕੱਚਾ ਹੋਣਾ (ਵੱਤ ਆਉਣੇ), ਖੱਟੇ-ਖੱਟੇ ਡਕਾਰ, ਅਫਰੇਵਾਂ, ਪੇਟ ਭਾਰਾ ਰਹਿਣਾ। ਲੱਤਾਂ ਵਿਚ ਕੜੱਲ ਪੈਣੀ, ਭੁੱਖ ਦਾ ਘਟਣਾ ਜਾਂ ਜ਼ਿਆਦਾ ਲੱਗਣਾ, ਕਿਸੇ ਖਾਸ ਚੀਜ਼ ਖਾਣ ਨੂੰ ਮਨ ਕਰਨਾ, ਜਿਵੇਂ ਖੱਟਾ ਅਚਾਰ, ਮਿੱਟੀ, ਸਲੇਟੀ, ਚਾਕ, ਖੰਡ, ਮਿਰਚ, ਨਮਕ ਜਾਂ ਸਲੂਣੀ ਚੀਜ਼ ਆਦਿ। ਪਿੱਠ ਵਿਚ ਦਰਦ, ਥਕੇਵਾਂ, ਪਿਸ਼ਾਵ ਕੰਟਰੋਲ ਨਾ ਹੋਣਾ ਜਾਂ ਵਾਰ-ਵਾਰ ਆਉਣਾ, ਕਬਜ਼ ਰਹਿਣੀ, ਬਵਾਸੀਰ ਹੋਣੀ।

ਮਾਨਸਿਕ : ਚਿੜਚਿੜਾਪਨ, ਉਦਾਸੀ ਰਹਿਣੀ, ਵਹਿਮ ਕਰਨਾ, ਸ਼ੱਕ ਰਹਿਣਾ, ਡਰ, ਨੀਂਦ ਨਾ ਆਉਣੀ ਜਾਂ ਜ਼ਿਆਦਾ ਸੁਸਤੀ ਰਹਿਣੀ, ਛੇਤੀ-ਛੇਤੀ ਅੱਖਾਂ ਭਰ ਆਉਣੀਆਂ ਆਦਿ। ਹਰੇਕ ਔਰਤ ਨੂੰ ਗਰਭ ਅਵਸਥਾ ਦੀ ਸ਼ੁਰੂਆਤ ਤੋਂ ਅੰਤ ਤੱਕ ਕਈ ਦਵਾਈਆਂ ਲੈਣੀਆਂ ਪੈਂਦੀਆਂ ਹਨ। ਉਲਟੀਆਂ ਕਰਕੇ ਮਾਂ ਅਤੇ ਬੱਚੇ ਦੀ ਸਿਹਤ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ ਅਤੇ ਕਈ ਵਾਰ ਬੱਚੇ ਦਾ ਵਿਕਾਸ ਵੀ ਰੁਕ ਜਾਂਦਾ ਹੈ ਜਾਂ ਗਰਭ ਵਿਚ ਪਾਣੀ ਘਟ ਜਾਂਦਾ ਹੈ। ਕਈ ਔਰਤਾਂ ਵਿਚ ਉਲਟੀਆਂ ਦੀ ਸਮੱਸਿਆ ਬੱਚਾ ਪੈਦਾ ਹੋਣ ਤੱਕ ਰਹਿੰਦੀ ਹੈ। ਬਵਾਸੀਰ ਦਾ ਕਾਰਨ ਬੱਚੇਦਾਨੀ ਵਿਚ ਬੱਚੇ ਦੇ ਵਧਣ ਨਾਲ ਉਸ ਦਾ ਭਾਰ ਪਖਾਨੇ ਵਾਲੀ ਥਾਂ 'ਤੇ ਪੈਂਦਾ ਹੈ, ਜਿਸ ਕਾਰਨ ਉਸ ਦੀਆਂ ਨਾੜਾਂ ਫੁਲਦੀਆਂ ਹਨ ਤੇ ਵੱਡੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਬਵਾਸੀਰ ਬਣਦੀ ਹੈ। ਸਾਹ ਚੜ੍ਹਨਾ ਗਰਭ ਅਵਸਥਾ ਦੌਰਾਨ ਆਮ ਸਮੱਸਿਆ ਹੈ। ਇਸ ਦਾ ਕਾਰਨ ਸਰੀਰ ਵਿਚ ਖੂਨ ਦੀ ਕਮੀ ਤੇ ਦੂਜਾ ਬੱਚੇਦਾਨੀ ਦੁਆਰਾ ਡਾਇਆ ਫਰਾਮ 'ਤੇ ਦਬਾਅ ਪਾਉਣਾ ਹੁੰਦਾ ਹੈ। ਇਹ ਸਮੱਸਿਆ ਆਮ ਤੌਰ 'ਤੇ 6-9 ਮਹੀਨੇ ਵਿਚ ਹੁੰਦੀ ਹੈ। ਕਈ ਔਰਤਾਂ ਵਿਚ ਲੱਤਾਂ ਦਰਦ, ਪਿੱਠ ਦਰਦ ਆਦਿ ਦੀ ਸਮੱਸਿਆ ਆਮ ਤੌਰ 'ਤੇ ਹੁੰਦੀ ਹੈ। ਜ਼ਿਆਦਾ ਕਾਰਨ ਕਮਜ਼ੋਰੀ ਤੇ ਗਰਭ ਅਵਸਥਾ ਦੌਰਾਨ ਸਰੀਰ ਦੀਆਂ ਹੋਣ ਵਾਲੀਆਂ ਲੋੜਾਂ ਹੁੰਦੀਆਂ ਹਨ।

ਕਈ ਔਰਤਾਂ ਵਿਚ ਗਰਭ ਠਹਿਰਨ ਤੋਂ ਬਾਅਦ ਦੂਜੇ ਜਾਂ ਤੀਜੇ ਮਹੀਨੇ ਵਿਚ ਗਰਭਪਾਤ ਹੋਣ ਦੀ ਸਮੱਸਿਆ ਹੁੰਦੀ ਹੈ। ਇਸ ਦਾ ਕਾਰਨ ਸਰੀਰ ਵਿਚ ਹਾਰਮੋਨਜ਼ ਦੀ ਕਮੀ ਜਾਂ ਬੱਚੇਦਾਨੀ ਦੀ ਕਮਜ਼ੋਰੀ ਹੁੰਦੀ ਹੈ। ਖੂਨ ਦੀ ਕਮੀ (ਅਨੀਮੀਆ) ਵੀ ਹੁੰਦੀ ਹੈ। ਇਸ ਸਮੱਸਿਆ ਕਾਰਨ ਬੱਚੇ ਤੇ ਮਾਂ ਦੋਵਾਂ ਦੀ ਸਿਹਤ ਨੂੰ ਖਤਰਾ ਹੋ ਜਾਂਦਾ ਹੈ। ਗਰਭ ਅਵਸਥਾ ਦਾ ਸਮਾਂ ਔਰਤਾਂ ਲਈ ਬਹੁਤ ਨਾਜ਼ੁਕ ਸਮਾਂ ਹੁੰਦਾ ਹੈ, ਜਿਸ ਵਿਚ ਉਪਰੋਕਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਔਰਤ ਪ੍ਰਮਾਤਮਾ ਪਾਸੋਂ 9 ਮਹੀਨੇ ਦਾ ਸਮਾਂ ਅਤੇ ਉਸ ਦਾ ਇਕ-ਇਕ ਦਿਨ ਤੰਦਰੁਸਤੀ ਮੰਗਦੀ ਹੈ। ਜਦ ਕਦੇ ਵੀ ਉਸ ਨੂੰ ਉਲਟੀਆਂ ਜਾਂ ਕੋਈ ਹੋਰ ਸਮੱਸਿਆ ਹੁੰਦੀ ਹੈ ਤਾਂ ਉਸ ਸਮੇਂ ਦੌਰਾਨ ਉਹ ਆਪਣੇ ਪੇਟ ਵਿਚ ਪਲ ਰਹੇ ਬੱਚੇ ਦੀ ਤੰਦਰੁਸਤੀ ਦੀ ਸੁੱਖ ਮੰਗਦੀ ਹੈ।

ਆਰੀਆ ਹਸਪਤਾਲ, ਨਜ਼ਦੀਕ ਐਚ. ਡੀ. ਐਫ. ਸੀ. ਬੈਂਕ, ਬਸਤੀ ਪੂਰਨ ਸਿੰਘ ਵਾਲੀ, ਜ਼ੀਰਾ (ਫਿਰੋਜ਼ਪੁਰ)।
ਫੋਨ : 01682-252543
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 25.08.2011
 
ਹੋਰ ਸੰਬੰਧਿਤ ਲੇਖ:

ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ - ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

ਮਾਂ ਬਣਨ ਤੋਂ ਪਹਿਲਾਂ ਰੱਖੋ ਧਿਆਨ

ਗਰਭ ਅਵਸਥਾ ਦੌਰਾਨ ਕਿਤੇ ਹੋ ਨਾ ਜਾਵੇ ਬੱਚੇ ‘ਚ ਡਿਫੈਕਟ

ਗਰਭ ਅਵਸਥਾ ‘ਚ ਖਾਓ ਪੌਸ਼ਟਿਕ ਭੋਜਨ - ਸੋਨੀ ਮਲਹੋਤਰਾ

ਗਰਭ ਅਵਸਥਾ ਵੇਲੇ ਤੇ ਆਪਣਾ ਖਿਆਲ ਰੱਖ ਲਵੋ - ਪਤਵੰਤ ਕੌਰ ਸੇਖੋਂ

ਗਰਭ ਅਵਸਥਾ ਵੇਲੇ ਨੀਂਦ ਵੀ ਜ਼ਰੂਰੀ

ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ - ਸਰਿਤਾ ਸ਼ਰਮਾ

ਗਰਭ ਕਾਲ ‘ਚ ਨਾ ਰੱਖੋ ਵਰਤ ਅਤੇ ਨਾ ਲਵੋ ‘ਵਿਟਾਮਿਨ ਏ’


ਐਡ੍ਰਾਇਡ ਐਪ ਲਿੰਕ:  Pregnancy Care in Hindi  

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms