Saturday, August 13, 2011

ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ - ਸਰਿਤਾ ਸ਼ਰਮਾ

ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਡਾਕਟਰ ਉਸ ਲਈ ਮਾਂ ਦੀ ਛਾਤੀ ‘ਚੋਂ ਸਭ ਤੋਂ ਪਹਿਲਾਂ ਨਿਕਲਣ ਵਾਲੇ ਗੂੜ੍ਹੇ ਪੀਲੇ ਦੁੱਧ ਨੂੰ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨਦੇ। ਕੁਝ ਮਾਵਾਂ ਜਾਣਕਾਰੀ ਦੀ ਘਾਟ ਕਾਰਨ ਇਸ ਦੁੱਧ ਨੂੰ ਬੇਕਾਰ ਸਮਝ ਕੇ ਕੱਢ ਦਿੰਦੀਆਂ ਹਨ, ਜਦਕਿ ਇਹੀ ਦੁੱਧ ਜੇਕਰ ਬੱਚੇ ਨੂੰ ਪਿਲਾਇਆ ਜਾਵੇ ਤਾਂ ਬੱਚੇ ‘ਚ ਕਈ ਬੀਮਾਰੀਆਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਵਧਦੀ ਹੈ।

ਪਹਿਲਾਂ ਜਦੋਂ ਔਰਤ ਮਾਂ ਬਣਦੀ ਸੀ ਤਾਂ ਉਸ ਨੂੰ ਸ਼ੁੱਧ ਦੇਸੀ ਘਿਓ ਅਤੇ ਮੇਵਿਆਂ ਆਦਿ ਨਾਲ ਬਣੀ ਪੌਸ਼ਟਿਕ ਖੁਰਾਕ ਦਿੱਤੀ ਜਾਂਦੀ ਸੀ ਤਾਂ ਕਿ ਉਹੀ ਪੌਸ਼ਟਿਕਤਾ ਦੁੱਧ ‘ਚ ਵੀ ਆ ਜਾਵੇ ਅਤੇ ਬੱਚੇ ਦਾ ਪੇਟ ਵੀ ਭਰ ਜਾਵੇ ਅਤੇ ਉਹ ਸਿਹਤਮੰਦ ਵੀ ਰਹੇ। ਪਰ ਅੱਜ ਔਰਤਾਂ ਫਿੱਗਰ ਕਾਂਸ਼ੀਅਸ ਹੋ ਚੁੱਕੀਆਂ ਹਨ ਅਤੇ ਆਪਣੇ ਖਾਣ-ਪੀਣ ਨੂੰ ਲੈ ਕੇ ਕਾਫੀ ਸੁਚੇਤ ਹੋ ਚੁੱਕੀਆਂ ਹਨ। ਕਈ ਮਾਵਾਂ ਤਾਂ ਬੱਚੇ ਨੂੰ ਆਪਣਾ ਦੁੱਧ ਵੀ ਨਹੀਂ ਚੁੰਘਾਉਂਦੀਆਂ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਬੱਚੇ ਨੂੰ ਦੁੱਧ ਚੁੰਘਾਉਣ ਨਾਲ ਉਨ੍ਹਾਂ ਦੀਆਂ ਛਾਤੀਆਂ ਢਿੱਲੀਆਂ ਪੈ ਜਾਣਗੀਆਂ ਅਤੇ ਉਨ੍ਹਾਂ ਦੀ ਫਿੱਗਰ ਵਿਗੜ ਜਾਵੇਗੀ।

ਬ੍ਰੈਸਟ-ਫੀਡਿੰਗ ਦੇ ਲਾਭ :

ਪਹਿਲੀ ਵਾਰ ਮਾਂ ਬਣਨ ‘ਤੇ ਦੁੱਧ ਚੁੰਘਾਉਣਾ ਇਕ ਕਿਸਮ ਦੀ ਕਸਰਤ ਹੁੰਦੀ ਹੈ। ਜਦੋਂ ਬੱਚਾ ਦੁੱਧ ਚੁੰਘਦਾ ਹੈ ਤਾਂ ਮਾਂ ਦਾ ਤਣਾਅ ਘੱਟ ਹੁੰਦਾ ਹੈ। ਉਸ ਦਾ ਸਰੀਰ, ਜੋ ਗਰਭ ਅਵਸਥਾ ਦੌਰਾਨ ਬੇਡੌਲ ਅਤੇ ਪ੍ਰਸੂਤ ਪਿੱਛੋਂ ਥੁਲਥੁਲਾ ਹੋ ਜਾਂਦਾ ਹੈ, ਉਸ ‘ਚ ਕਸਾਵਟ ਆ ਜਾਂਦੀ ਹੈ। ਦੁੱਧ ਚੁੰਘਾਉਣ ਨਾਲ ਮਾਂ ਨੂੰ ਤਸੱਲੀ ਮਿਲਦੀ ਹੈ ਕਿਉਂਕਿ ਜਦੋਂ ਉਹ ਦੇਖਦੀ ਹੈ ਕਿ ਉਸ ਦਾ ਬੱਚਾ ਦੁੱਧ ਨਾਲ ਤ੍ਰਿਪਤ ਹੋ ਕੇ ਸੌਂ ਗਿਆ ਹੈ ਤਾਂ ਉਹ ਵੀ ਖੁਦ ਨੂੰ ਹਲਕੀ ਮਹਿਸੂਸ ਕਰਦੀ ਹੈ। ਸਭ ਤੋਂ ਵੱਡੀ ਗੱਲ ਜੋ ਦੁੱਧ ਚੁੰਘਾਉਣ ‘ਚ ਫਾਇਦੇਮੰਦ ਹੁੰਦੀ ਹੈ, ਇਹ ਹੈ ਕਿ ਪ੍ਰਸੂਤ ਪਿੱਛੋਂ ਕਾਫੀ ਦਿਨਾਂ ਤਕ ਪੀਰੀਅਡਸ ਦੇ ਰੂਪ ‘ਚ ਮਾਂ ਦੇ ਜੋ ਖੂਨ ਰਿਸਦਾ ਹੈ, ਜਿਸ ‘ਚ ਬੱਚੇਦਾਨੀ ਅੰਦਰ ਦੀਆਂ ਅਸ਼ੁੱਧੀਆਂ ਬਾਹਰ ਨਿਕਲਦੀਆਂ ਰਹਿੰਦੀਆਂ ਹਨ। ਜਦੋਂ ਬੱਚਾ ਦੁੱਧ ਚੁੰਘਦਾ ਹੈ ਤਾਂ ਬੱਚੇਦਾਨੀ ਸੁੰਗੜਦੀ ਹੈ, ਜਿਸ ਨਾਲ ਬੱਚੇਦਾਨੀ ਹੌਲੀ-ਹੌਲੀ ਪਹਿਲਾਂ ਵਾਲੀ ਸਥਿਤੀ ‘ਚ ਆਉਣ ਲੱਗਦੀ ਹੈ।

ਕਈ ਵਾਰ ਮਾਂ ਦੀਆਂ ਛਾਤੀਆਂ ‘ਚ ਵਧੇਰੇ ਦੁੱਧ ਬਣਨ ਲੱਗਦਾ ਹੈ ਤਾਂ ਅਜਿਹੇ ‘ਚ ਬੱਚੇ ਨੂੰ ਦੋਹਾਂ ਪਾਸਿਓਂ ਵਾਰ-ਵਾਰ ਦੁੱਧ ਪਿਲਾਉਣਾ ਜ਼ਰੂਰੀ ਹੈ। ਜੇਕਰ ਇਕੋ ਪਾਸਿਓਂ ਦੁੱਧ ਪਿਲਾਓਗੇ ਤਾਂ ਦੂਜੇ ਪਾਸੇ ਦੀ ਛਾਤੀ ਭਾਰੀ ਅਤੇ ਸਖਤ ਹੋ ਜਾਵੇਗੀ, ਜਿਸ ਨਾਲ ਉਸ ‘ਚ ਦਰਦ ਹੋਣ ਦਾ ਡਰ ਹੁੰਦਾ ਹੈ। ਜੇਕਰ ਅਜਿਹੀ ਸਥਿਤੀ ਆ ਜਾਵੇ ਤਾਂ ਗਰਮ ਪਾਣੀ ‘ਚ ਤੌਲੀਆ ਭਿਉਂ ਕੇ ਉਸ ਛਾਤੀ ‘ਤੇ ਰੱਖੋ ਅਤੇ ਦੁੱਧ ਕੱਢਦੇ ਰਹੋ। ਕੰਮਕਾਜੀ ਮਾਵਾਂ ਨੂੰ ਬ੍ਰੈਸਟ ਫੀਡਿੰਗ ਨੂੰ ਲੈ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਚਾਹੁਣ ਤਾਂ ਆਫਿਸ ‘ਚ ਐਡਜਸਟਮੈਂਟ ਕਰਕੇ ਬੱਚੇ ਨੂੰ ਘਰ ਜਾ ਕੇ ਦੁੱਧ ਚੁੰਘਾ ਸਕਦੀਆਂ ਹਨ।

ਬ੍ਰੈਸਟ-ਫੀਡਿੰਗ ਕਿਉਂ ਜ਼ਰੂਰੀ ਹੈ?

ਬੱਚਿਆਂ ਲਈ ਮਾਂ ਦਾ ਦੁੱਧ ਅੰਮ੍ਰਿਤ ਦੇ ਬਰਾਬਰ ਹੁੰਦਾ ਹੈ। ਇਹ ਬੱਚਿਆਂ ‘ਚ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਮਾਂ ਦੀ ਪੌਸ਼ਟਿਕ ਖੁਰਾਕ ਦੇ ਗੁਣ ਉਸ ਨੂੰ ਤੰਦਰੁਸਤ ਰੱਖਦੇ ਹਨ। ਇਸ ਦੀ ਤਲੁਨਾ ‘ਚ ਜੋ ਮਾਵਾਂ ਬੱਚੇ ਨੂੰ ਬਾਹਰ ਦਾ ਦੁੱਧ ਦਿੰਦੀਆਂ ਹਨ, ਉਸ ਦੇ ਫਾਇਦੇ ਘੱਟ ਪਰ ਨੁਕਸਾਨ ਵਧੇਰੇ ਹੁੰਦੇ ਹਨ। ਇਕ ਤਾਂ ਡੱਬਾਬੰਦ ਪਾਊਡਰ ‘ਚ ਦੁੱਧ ਦੀ ਮਾਤਰਾ ਦਾ ਘੱਟ ਜਾਂ ਵਧੇਰੇ ਹੋਣਾ ਬੱਚੇ ਲਈ ਹਾਨੀਕਾਰਕ ਹੋ ਸਕਦਾ ਹੈ, ਦੂਜਾ ਦੁੱਧ ਦੀ ਬੋਤਲ ਅਤੇ ਉਸ ਦੀ ਨਿੱਪਲ ਨੂੰ ਜੇਕਰ ਹਰ ਵਾਰ ਉਬਾਲਿਆ ਨਾ ਜਾਵੇ ਤਾਂ ਉਸ ਨਾਲ ਬੱਚੇ ਦੇ ਸਰੀਰ ਅੰਦਰ ਕਈ ਤਰ੍ਹਾਂ ਦੇ ਜੀਵਾਣੂ ਪ੍ਰਵੇਸ਼ ਕਰ ਜਾਂਦੇ ਹਨ, ਜਿਸ ਕਾਰਨ ਉਹ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਬ੍ਰੈਸਟ-ਫੀਡਿੰਗ ਵਰਗਾ ਕੋਈ ਹੋਰ ਬਦਲ ਬੱਚਿਆਂ ਲਈ ਬਣਿਆ ਹੀ ਨਹੀਂ।

ਬ੍ਰੈਸਟ-ਫੀਡਿੰਗ ਕਿਵੇਂ ਕਰਵਾਈਏ?

ਜਦੋਂ ਵੀ ਬੱਚੇ ਨੂੰ ਫੀਡਿੰਗ ਕਰਵਾਉਣੀ ਹੋਵੇ ਤਾਂ ਮਾਂ ਨੂੰ ਚਾਹੀਦਾ ਹੈ ਕਿ ਉਹ ਚੰਗੀ ਤਰ੍ਹਾਂ ਸਾਫ ਅਤੇ ਗਿੱਲੇ ਕੱਪੜੇ ਨਾਲ ਛਾਤੀਆਂ ਦੇ ਨਿੱਪਲ ਸਾਫ ਕਰ ਲਵੇ। ਫਿਰ ਬੱਚੇ ਨੂੰ ਗੋਦ ‘ਚ ਲੈ ਕੇ ਇਕ ਹੱਥ ਨਾਲ ਪੋਲਾ ਜਿਹਾ ਉਸ ਦੇ ਸਿਰ ਨੂੰ ਚੁਕਦਿਆਂ ਪਹਿਲਾਂ ਇਕ ਪਾਸੇ ਅਤੇ ਫਿਰ ਦੂਜੇ ਪਾਸੇ ਦੁੱਧ ਚੁੰਘਾਵੇ। ਜਦੋਂ ਤੁਸੀਂ ਬੱਚੇ ਨੂੰ ਦੁੱਧ ਚੁੰਘਾ ਰਹੇ ਹੋਵੋ ਤਾਂ ਆਪਣੇ ਮਨ ‘ਚੋਂ ਹਰ ਤਣਾਅ ਨੂੰ ਦੂਰ ਰੱਖੋ। ਉਸ ਵੇਲੇ ਖੁਦ ਨੂੰ ਹਲਕੇ-ਫੁਲਕੇ ਰੱਖੋ ਅਤੇ ਦੁੱਧ ਪੀਂਦੇ ਬੱਚੇ ਨੂੰ ਹੌਲੀ-ਹੌਲੀ ਸਹਿਲਾਓ। ਤੁਹਾਡੀ ਛੋਹ ਬੱਚੇ ਨੂੰ ਆਰਾਮ ਦਿੰਦੀ ਹੈ, ਜਿਸ ਨਾਲ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਤੁਹਾਡੇ ਵਲੋਂ ਚੁੰਘਾਇਆ ਗਿਆ ਦੁੱਧ ਤੁਹਾਡੇ ਅੰਦਰ ਮਮਤਾ ਦੀ ਭਾਵਨਾ ਨੂੰ ਪੈਦਾ ਕਰਦਾ ਹੈ।

ਕਈ ਵਾਰ ਸੀਜ਼ੇਰੀਅਨ ਹੋਣ ਦੀ ਸਥਿਤੀ ‘ਚ ਮਾਂ ਨੂੰ ਕਈ ਤਰ੍ਹਾਂ ਦੀਆਂ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਉਹ ਬੱਚੇ ਨੂੰ ਦੁੱਧ ਨਹੀਂ ਚੁੰਘਾ ਸਕਦੀ। ਮਜਬੂਰੀ ‘ਚ ਬੱਚੇ ਨੂੰ ਓਪਰਾ ਦੁੱਧ ਦੇਣਾ ਪਵੇ ਤਾਂ ਉਸ ਨੂੰ ਬੋਤਲ ਦੀ ਬਜਾਏ ਕਟੋਰੀ-ਚੱਮਚ ਨਾਲ ਦੁੱਧ ਪਿਆਉਣ ਦੀ ਕੋਸ਼ਿਸ਼ ਕਰੋ ਅਤੇ ਗਾਂ ਦੇ ਦੁੱਧ ਨੂੰ ਪਹਿਲ ਦਿਓ, ਕਿਉਂਕਿ ਉਹ ਹਲਕਾ ਹੁੰਦਾ ਹੈ।

ਧਿਆਨ ਰੱਖਣਯੋਗ ਗੱਲਾਂ :

1) ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਵੇਲੇ ਹਮੇਸ਼ਾ ਸਾਕਾਰਾਤਮਕ ਸੋਚੋ।

2) ਹਲਕਾ, ਪਚਣਯੋਗ ਪਰ ਪੌਸ਼ਟਿਕ ਖਾਣਾ ਖਾਓ।

3) ਜੇਕਰ ਮਾਂ ਦੀਆਂ ਛਾਤੀਆਂ ‘ਚੋਂ ਦੁੱਧ ਘੱਟ ਆਉਂਦਾ ਹੋਵੇ ਤੇ ਬੱਚੇ ਦਾ ਪੇਟ ਨਾ ਭਰਦਾ ਹੋਵੇ ਤਾਂ ਭੁੰਨਿਆ ਜੀਰਾ ਖਾਓ।

4) ਦੁੱਧ ਚੁੰਘਾਉਣ ਵੇਲੇ ਸਾਫ-ਸੁਥਰੇ ਅਤੇ ਖੁੱਲ੍ਹੇ-ਡੁੱਲ੍ਹੇ ਕੱਪੜੇ ਪਹਿਨੋ।

5) ਅੱਜਕਲ ਬਾਜ਼ਾਰ ‘ਚ ਅਜਿਹੀਆਂ ਬ੍ਰਾਅ ਮੁਹੱਈਆ ਹਨ, ਜਿਨ੍ਹਾਂ ਨਾਲ ਆਸਾਨੀ ਨਾਲ ਕਿਤੇ ਵੀ ਬੱਚੇ ਨੂੰ ਫੀਡਿੰਗ ਕਰਵਾਈ ਜਾ ਸਕਦੀ ਹੈ।

6) ਜੇਕਰ ਤੁਸੀਂ ਕਿਸੇ ਬੀਮਾਰੀ ਦੀ ਦਵਾਈ ਖਾ ਰਹੇ ਹੋ ਤਾਂ ਬੱਚੇ ਨੂੰ ਦੁੱਧ ਚੁੰਘਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਦੁੱਧ ਚੁੰਘਾਉਣ ਪਿੱਛੋਂ

ਬੱਚੇ ਨੂੰ ਦੁੱਧ ਚੁੰਘਾਉਣ ਪਿੱਛੋਂ ਮੋਢੇ ਨਾਲ ਲਗਾ ਕੇ ਹਲਕੀ-ਫੁਲਕੀ ਥਾਪੜੀ ਦਿਓ, ਤਾਂ ਕਿ ਉਹ ਡਕਾਰ ਲੈ ਲਵੇ, ਨਹੀਂ ਤਾਂ ਉਹ ਦੁੱਧ ਬਾਹਰ ਕੱਢ ਸਕਦਾ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 29.07.2011

ਹੋਰ ਸੰਬੰਧਿਤ ਲੇਖ:

ਮਾਂ ਬਣਨ ਤੋਂ ਪਹਿਲਾਂ ਰੱਖੋ ਧਿਆਨ

ਗਰਭ ਅਵਸਥਾ ਦੌਰਾਨ ਕਿਤੇ ਹੋ ਨਾ ਜਾਵੇ ਬੱਚੇ ‘ਚ ਡਿਫੈਕਟ

ਗਰਭ ਅਵਸਥਾ ‘ਚ ਖਾਓ ਪੌਸ਼ਟਿਕ ਭੋਜਨ - ਸੋਨੀ ਮਲਹੋਤਰਾ

ਗਰਭ ਅਵਸਥਾ ਵੇਲੇ ਤੇ ਆਪਣਾ ਖਿਆਲ ਰੱਖ ਲਵੋ - ਪਤਵੰਤ ਕੌਰ ਸੇਖੋਂ

ਗਰਭ ਅਵਸਥਾ ਦੌਰਾਨ ਸਾਵਧਾਨੀਆਂ

ਗਰਭ ਅਵਸਥਾ ਵੇਲੇ ਨੀਂਦ ਵੀ ਜ਼ਰੂਰੀ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms