Sunday, July 24, 2011

ਮਾਂ ਬਣਨ ਤੋਂ ਪਹਿਲਾਂ ਰੱਖੋ ਧਿਆਨ

ਨਵੇਂ ਜੋੜੇ ਰਾਹੀਂ ਉਨ੍ਹਾਂ ਦੀ ਨਵੀਂ ਸ੍ਰਿਸ਼ਟੀ ਪੈਦਾ ਹੁੰਦੀ ਹੈ। ਗਰਭਧਾਰਨ ਪਿੱਛੋਂ ਔਰਤ ਦੇ ਸਰੀਰ ‘ਚ ਹਾਰਮੋਨਲ ਅਤੇ ਸਰੀਰਕ ਤੌਰ ‘ਤੇ ਕਈ ਤਬਦੀਲੀਆਂ ਹੁੰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਸਾਹਮਣੇ ਕਈ ਮਾਨਸਿਕ ਸਮੱਸਿਆਵਾਂ ਆਉਂਦੀਆਂ ਹਨ, ਇਸ ਲਈ ਵਿਆਹ ਦੇ ਬੰਧਨ ‘ਚ ਬੱਝਣ ਪਿੱਛੋਂ ਨਵੇਂ ਵਿਆਹੇ ਜੋੜੇ ਡਾਕਟਰ ਤੋਂ ਸਹੀ ਮਾਰਗਦਰਸ਼ਨ ਲੈ ਕੇ ਨਵਾਂ ਸੰਸਾਰ ਸਿਰਜਣ ਦੀ ਤਿਆਰੀ ਕਰਨ ਕਿਉਂਕਿ ਇਕ ਔਰਤ ਨੂੰ ਮਾਂ ਬਣਨ ਦੇ ਨਾਲ ਕਈ ਕਿਸਮ ਦੀਆਂ ਮਾਨਸਿਕ ਅਤੇ ਸਰੀਰਕ ਤਬਦੀਲੀਆਂ ‘ਚੋਂ ਲੰਘਣਾ ਪੈਂਦਾ ਹੈ। ਜੇਕਰ ਔਰਤ ਇਸਦੀ ਪਹਿਲਾਂ ਤਿਆਰੀ ਨਾ ਕਰੇ ਅਤੇ ਪਰਿਵਾਰ ਦਾ ਸਹੀ ਸਾਥ ਨਾ ਮਿਲੇ, ਤਾਂ ਉਸਦਾ ਹਰ ਪਲ ਕਈ ਸਮੱਸਿਆਵਾਂ ਨਾਲ ਵਾਹ ਪੈਂਦਾ ਹੈ। ਇਸ ਤੋਂ ਬਚਣ ਲਈ ਤੇ ਇਸੇ ਲਈ ਮਾਂ ਬਣਨ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਲੈਣ ਦੀ ਗੱਲ ਆਖੀ ਜਾਂਦੀ ਹੈ। ਯੋਜਨਾਬੱਧ ਤਿਆਰੀ ਕਰਨ ਨਾਲ ਤੰਦਰੁਸਤ ਬੱਚੇ ਦਾ ਜਨਮ ਹੁੰਦਾ ਹੈ।

ਇਨ੍ਹਾਂ ਤੋਂ ਨਾ ਘਬਰਾਓ
ਗਰਭਧਾਰਨ ਪਿੱਛੋਂ ਸ਼ੁਰੂਆਤੀ ਤਿੰਨ ਮਹੀਨਿਆਂ ‘ਚ ਬਹੁਤ ਤਬਦੀਲੀਆਂ ਹੁੰਦੀਆਂ ਹਨ। ਇਸ ਦੌਰਾਨ ਉਸ ‘ਚ ਸਰੀਰਕ-ਮਾਨਸਿਕ ਤਬਦੀਲੀਆਂ ਆਉਂਦੀਆਂ ਹਨ। ਮਾਰਨਿੰਗ ਸਿਕਨੈੱਸ ਹੋਣ ਲੱਗਦੀ ਹੈ, ਜਿਵੇਂ ਜੀ ਕੱਚਾ ਹੁੰਦਾ ਹੈ, ਜਿਸ ਨਾਲ ਗਰਭਵਤੀ ਸਾਰਾ ਦਿਨ ਪ੍ਰੇਸ਼ਾਨ ਰਹਿੰਦੀ ਹੈ। ਇਸ ਨਾਲ ਉਸ ‘ਤੇ ਚਿੜਚਿੜਾਪਣ ਵੀ ਹਾਵੀ ਹੋਣ ਲੱਗਦਾ ਹੈ ਅਤੇ ਉਸ ‘ਚ ਹਾਰਮੋਨਲ ਤਬਦੀਲੀ ਹੋਣ ਲੱਗਦੀ ਹੈ। ਇਸੇ ਕਾਰਨ ਸ਼ੁਰੂਆਤੀ ਤਿੰਨ ਮਹੀਨਿਆਂ ‘ਚ ਗਰਭਵਤੀ ਦੇ ਭਾਰ ‘ਚ ਗਿਰਾਵਟ ਵੀ ਹੋਣ ਲੱਗਦੀ ਹੈ। ਇਸ ਤੋਂ ਘਬਰਾਓ ਨਾ। ਜੀ ਕੱਚਾ ਹੋਣ ਜਾਂ ਉਲਟੀ ਆਦਿ ਦੀ ਸਮੱਸਿਆ ਤੋਂ ਬਚਣ ਲਈ ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ ਆਦਿ ਪੀਂਦੇ ਰਹਿਣਾ ਚਾਹੀਦੈ। ਕਿਸੇ ਵੀ ਸਥਿਤੀ ‘ਚ ਸਰੀਰ ‘ਚੋਂ ਪੋਸ਼ਕ ਤੱਤਾਂ ਅਤੇ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ।

ਭਾਰ ਦਾ ਵਧਣਾ
ਮਾਰਨਿੰਗ ਸਿਕਨੈੱਸ, ਜੀ ਕੱਚਾ ਹੋਣਾ, ਉਲਟੀ ਦੇ ਦੌਰ ‘ਚੋਂ ਲੰਘਣ ਪਿੱਛੋਂ ਉਸ ਦਾ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਣ ਦਾ ਮਨ ਕਰਦਾ ਹੈ, ਉਸ ਨੂੰ ਆਪਣੇ ਆਪ ਹੀ ਕਈ ਤਰ੍ਹਾਂ ਦੀ ਗੰਧ-ਸੁਗੰਧ ਮਹਿਸੂਸ ਹੋਣ ਲੱਗਦੀ ਹੈ। ਘਰ ਦੇ ਮੈਂਬਰ ਇਸ ਲਈ ਉਸ ਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਣ ਲਈ ਪੁੱਛਦੇ ਅਤੇ ਦਿੰਦੇ ਹਨ। ਉਸਦੀ ਹਰ ਇੱਛਾ ਪੂਰੀ ਕਰਦੇ ਹਨ, ਜਿਸ ਨਾਲ ਗਰਭਵਤੀ ਦਾ ਭਾਰ ਹੌਲੀ-ਹੌਲੀ ਵਧਣ ਲੱਗਦਾ ਹੈ। ਇਸ ਤਰ੍ਹਾਂ ਗਰਭ ਦੇ ਨੌਂ ਮਹੀਨਿਆਂ ਦੇ ਵਿਚਕਾਰ ਹੀ ਉਸ ਦਾ ਭਾਰ 10 ਕਿਲੋਗ੍ਰਾਮ ਤਕ ਵਧ ਸਕਦਾ ਹੈ।

ਭਾਰ ਪਹਿਲਾਂ ਘਟਦਾ ਹੈ, ਫਿਰ ਵਧਦਾ ਹੈ। ਇਹ ਹਰ ਗਰਭਵਤੀ ਔਰਤ ਨਾਲ ਸੁਭਾਵਿਕ ਤੌਰ ‘ਤੇ ਹੁੰਦਾ ਹੈ। ਇਹ ਸਾਧਾਰਨ ਤਬਦੀਲੀ ਵਾਲੀ ਗੱਲ ਹੈ ਪਰ ਕੁਝ ਔਰਤਾਂ ਦਾ ਭਾਰ ਪਹਿਲਾਂ ਹੀ ਵਧੇਰੇ ਹੁੰਦਾ ਹੈ, ਉਨ੍ਹਾਂ ਦਾ ਭਾਰ ਹੋਰ ਵੀ ਵਧ ਜਾਂਦਾ ਹੈ। ਅਜਿਹੀਆਂ ਔਰਤਾਂ ਨੂੰ ਪ੍ਰਸੂਤ ਪਿੱਛੋਂ ਆਪਣੇ ਭਾਰ ਤੇ ਸਰੀਰ ‘ਤੇ ਧਿਆਨ ਦੇਣਾ ਚਾਹੀਦੈ, ਨਹੀਂ ਤਾਂ ਅਗਾਂਹ ਚੱਲ ਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।

ਅਜਿਹੀ ਔਰਤ ਨੂੰ ਪ੍ਰਸੂਤ ਪਿੱਛੋਂ ਆਪਣੇ ਸਰੀਰ ਅਤੇ ਭਾਰ ਦੇ ਕੰਟਰੋਲ ‘ਤੇ ਧਿਆਨ ਦੇਣਾ ਚਾਹੀਦੈ। ਢੁੱਕਵੀਂ ਕਸਰਤ ਕਰਨੀ ਚਾਹੀਦੀ ਹੈ। ਸਾਰੀਆਂ ਗਰਭਵਤੀ ਔਰਤਾਂ ਨੂੰ ਇਸ ਸਮੇਂ ‘ਚ ਤੰਦਰੁਸਤ, ਪੌਸ਼ਟਿਕ ਅਤੇ ਢੁੱਕਵਾਂ ਭੋਜਨ ਖਾਣਾ ਚਾਹੀਦੈ। ਭੋਜਨ ‘ਚ ਸਾਰੇ ਪੌਸ਼ਟਿਕ ਤੱਤ ਸਹੀ ਮਾਤਰਾ ‘ਚ ਹੋਣੇ ਚਾਹੀਦੇ ਹਨ।

ਸਭ ਦਾ ਸਾਥ
ਗਰਭਵਤੀ ਨੂੰ ਪਤੀ ਤੇ ਪਰਿਵਾਰ ਸਭ ਦਾ ਸਾਥ ਮਿਲਣਾ ਚਾਹੀਦੈ। ਇਸ ਦੌਰਾਨ ਉਹ ਤਣਾਅ, ਗੁੱਸੇ ਅਤੇ ਚਿੰਤਾ ਤੋਂ ਬਚੇ। ਬਹੁਤੀ ਦੇਰ ਭੁੱਖੀ-ਪਿਆਸੀ ਨਾ ਰਹੇ। ਗਰਭਵਤੀ ਨੂੰ ਇਕੱਲੀ ਹੋਣ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ। ਉਸ ਦੇ ਮਨ ‘ਚ ਨਿਰਾਸ਼ਾ ਦੀ ਬਜਾਏ ਸਿਰਜਣਾਤਮਕ ਭਾਵਨਾ ਹੋਣੀ ਚਾਹੀਦੀ ਹੈ। ਉਸਨੂੰ ਅਸੁਰੱਖਿਆ ਮਹਿਸੂਸ ਨਾ ਹੋਵੇ।

ਸਰੀਰਕ-ਮਾਨਸਿਕ ਤਬਦੀਲੀ ਹਰ ਗਰਭਵਤੀ ਨੂੰ ਪ੍ਰੇਸ਼ਾਨ ਕਰਦੀ ਹੈ। ਪੜ੍ਹੀ-ਲਿਖੀ ਔਰਤ ਨੂੰ ਇਹ ਤਬਦੀਲੀ ਨਾ ਸਿਰਫ ਪ੍ਰੇਸ਼ਾਨ ਕਰਦੀ ਹੈ, ਸਗੋਂ ਉਸ ਨੂੰ ਆਪਣਾ ਸਰੀਰ ਦੇ ਬੇਡੌਲ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ।

ਇੰਨਾ ਹੀ ਨਹੀਂ ਪ੍ਰਸੂਤ ਪਿੱਛੋਂ ਉਹ ਪਤੀ ਤੋਂ ਪਹਿਲਾਂ ਵਰਗਾ ਪਿਆਰ ਨਾ ਮਿਲਣ ਦੇ ਡਰੋਂ ਇਸ ਸ਼ਸ਼ੋਪੰਜ ‘ਚ ਘਿਰ ਜਾਂਦੀ ਹੈ, ਇਸ ਲਈ ਗਰਭ ਅਵਸਥਾ ਦੌਰਾਨ ਉਸ ਲਈ ਪਤੀ ਤੇ ਪਰਿਵਾਰ ਦਾ ਸਾਥ ਜ਼ਰੂਰੀ ਹੋ ਜਾਂਦਾ ਹੈ। ਇਸ ਅਵਸਥਾ ‘ਚ ਉਸ ਨਾਲ ਕਿਸੇ ਵਡੇਰੀ ਉਮਰ ਦੀ ਜਾਂ ਸਿਆਣੀ ਔਰਤ ਦੇ ਹੋਣ ਨਾਲ ਉਹ ਆਪਣੇ ‘ਚ ਆ ਰਹੀ ਤਬਦੀਲੀ ਬਾਰੇ ਦੱਸ ਕੇ ਚਿੰਤਾਮੁਕਤ ਹੋ ਸਕਦੀ ਹੈ ਅਤੇ ਮਨ ਦੀ ਗੱਲ ਦੱਸ ਕੇ ਪ੍ਰਸ਼ਨ ਤੇ ਸ਼ੱਕ ਆਦਿ ਦੂਰ ਕਰ ਸਕਦੀ ਹੈ।

ਜ਼ਰੂਰੀ ਜਾਂਚ
ਗਰਭਵਤੀ ਨੂੰ ਪਹਿਲੇ ਮਹੀਨੇ ਖੂਨ ਦੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਸ ਦੀ ਹੀਮੋਗਲੋਬਿਨ, ਬੀ. ਪੀ. ਸ਼ੂਗਰ ਆਦਿ ਸਾਧਾਰਨ ਹੋਣੀ ਚਾਹੀਦੀ ਹੈ। ਉਸ ਨੂੰ ਐੱਚ. ਆਈ. ਵੀ. ਅਤੇ ਵੀ. ਡੀ. ਆਰ. ਐੱਲ. ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਪਤੀ ਦਾ ਬਲੱਡ ਗਰੁੱਪ ਪਾਜ਼ੇਟਿਵ ਅਤੇ ਪਤਨੀ ਦਾ ਨੈਗੇਟਿਵ ਹੈ ਤਾਂ ਗਰਭਵਤੀ ਨੂੰ ਪਹਿਲੇ ਪ੍ਰਸੂਤ ਵੇਲੇ ਪ੍ਰੇਸ਼ਾਨੀ ਤੇ ਦੂਜੇ ਵੇਲੇ ਉਸ ਦਾ ਗਰਭ ਡਿੱਗ ਸਕਦਾ ਹੈ। ਗਰਭਵਤੀ ਨੂੰ ਖੂਨ ਦੀ ਪੂਰੀ ਜਾਂਚ ਇਕ ਵਾਰ ਅਤੇ ਨੌਂ ਮਹੀਨਿਆਂ ਦੌਰਾਨ ਤਿੰਨ ਵਾਰ ਰੁਟੀਨ ਚੈੱਕਅੱਪ ਜ਼ਰੂਰ ਕਰਵਾਉਣਾ ਚਾਹੀਦੈ। ਪ੍ਰੇਸ਼ਾਨੀ ਹੋਣ ‘ਤੇ ਡਾਕਟਰ ਨੂੰ ਤੁਰੰਤ ਮਿਲਣਾ ਚਾਹੀਦੈ। ਇਸ ਨਾਲ ਜੱਚਾ-ਬੱਚਾ ਦੋਵੇਂ ਤੰਦਰੁਸਤ ਤੇ ਸੁੰਦਰ ਹੋਣਗੇ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 22.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms