Saturday, August 13, 2011

ਗਰਭ ਅਵਸਥਾ ਵੇਲੇ ਨੀਂਦ ਵੀ ਜ਼ਰੂਰੀ

ਗਰਭ ਅਵਸਥਾ ਦੇ ਮੁਢਲੇ ਦੌਰ ‘ਚ ਨੀਂਦ ‘ਚ ਰੁਕਾਵਟ ਪੈਣੀ ਸੁਭਾਵਿਕ ਹੈ। ਇਕ ਪਾਸੇ ਥਕੇਵੇਂ ਤੇ ਬੇਚੈਨੀ ਅਤੇ ਦੂਜੇ ਪਾਸੇ ਦਿਲ ‘ਚ ਜਲਨ ਦੀ ਸ਼ਿਕਾਇਤ, ਵਾਰ-ਵਾਰ ਪਿਸ਼ਾਬ ਜਾਣ ਦੀ ਇੱਛਾ ਤੇ ਘੁਰਾੜੇ ਸੌਣ ਨਹੀਂ ਦਿੰਦੇ।

ਗਰਭ ਅਵਸਥਾ ਦੇ ਪਹਿਲੇ 3 ਮਹੀਨੇ ਬਹੁਤ ਥਕਾ ਦੇਣ ਵਾਲੇ ਹੁੰਦੇ ਹਨ। ਉਸ ਤੋਂ ਬਾਅਦ 3 ਮਹੀਨੇ ਤੁਸੀਂ ਆਰਾਮ ਕਰ ਸਕਦੇ ਹੋ ਅਤੇ ਆਉਣ ਵਾਲੇ 3 ਮਹੀਨਿਆਂ ਲਈ ਖੁਦ ਨੂੰ ਤਿਆਰ ਕਰ ਸਕਦੇ ਹੋ ਕਿਉਂਕਿ ਆਖਰੀ 3 ਮਹੀਨੇ ਵੀ ਨੀਂਦ ਉਡਾ ਦੇਣ ਵਾਲੇ ਹੁੰਦੇ ਹਨ।

ਇਸ ਦੌਰਾਨ ਤੁਹਾਨੂੰ ਚੈਨ ਦੀ ਨੀਂਦ ਆਵੇ, ਇਸਦੇ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ :

* ਚਾਹ, ਕੌਫੀ, ਸੋਡੇ, ਚਾਕਲੇਟ ਆਦਿ ਦੀ ਵਰਤੋਂ ਘੱਟ ਕਰ ਦਿਓ।

* ਗਰਭ ਅਵਸਥਾ ਦੌਰਾਨ ਆਮ ਦਿਨਾਂ ਨਾਲੋਂ ਜ਼ਿਆਦਾ ਗਰਮੀ ਲੱਗਦੀ ਹੈ। ਇਸ ਲਈ ਕਮਰੇ ਦਾ ਤਾਪਮਾਨ ਘੱਟ ਰੱਖੋ। ਕਮਰੇ ‘ਚ ਜ਼ਿਆਦਾ ਰੌਸ਼ਨੀ ਤੇ ਰੌਲਾ-ਰੱਪਾ ਨਾ ਹੋਵੇ।

* ਸੌਣ ਤੋਂ 3-4 ਘੰਟੇ ਪਹਿਲਾਂ ਹਲਕੀ ਕਸਰਤ ਕਰੋ। ਬੈੱਡ ‘ਤੇ ਜਾਣ ਤੋਂ ਤੁਰੰਤ ਪਹਿਲਾਂ ਕਸਰਤ ਕਰਨ ਨਾਲ ਨੀਂਦ ਹੋਰ ਘੱਟ ਹੋ ਜਾਂਦੀ ਹੈ।

* ਜਦੋਂ ਵੀ ਮੌਕਾ ਮਿਲੇ, ਝਪਕੀ ਲੈਂਦੇ ਰਹੋ। ਦਿਨ ਵਿਚ 30-60 ਮਿੰਟ ਦੀ ਨੀਂਦ ਲੈਣ ਨਾਲ ਥਕੇਵਾਂ ਦੂਰ ਹੋ ਜਾਂਦਾ ਹੈ।

* ਸੌਣ ਤੇ ਜਾਗਣ ਦਾ ਨਿਸ਼ਚਿਤ ਸਮਾਂ ਤੈਅ ਹੋਣਾ ਚਾਹੀਦਾ ਹੈ।

* ਗਰਭ ਅਵਸਥਾ ਦੌਰਾਨ ਖੱਬੀ ਕਰਵਟ 'ਤੇ ਸੌਂਵੋ। ਇਸ ਪੁਜ਼ੀਸ਼ਨ ‘ਚ ਜਿਥੇ ਪੈਰਾਂ ਤਕ ਆਰਾਮ ਨਾਲ ਖੂਨ ਪਹੁੰਚਦਾ ਹੈ, ਉਥੇ ਹੀ ਗੁਰਦਿਆਂ ‘ਚੋਂ ਵੀ ਵਿਅਰਥ ਪਦਾਰਥ ਨਿਕਲਦੇ ਰਹਿੰਦੇ ਹਨ।

* ਗਰਭ ਅਵਸਥਾ ਦੌਰਾਨ ਪੀਣ ਵਾਲੇ ਪਦਾਰਥ ਜ਼ਿਆਦਾ ਤੋਂ ਜ਼ਿਆਦਾ ਮਾਤਰਾ ‘ਚ ਲਵੋ। ਸਵੇਰੇ ਜ਼ਿਆਦਾ ਪਾਣੀ ਪੀਓ ਅਤੇ ਦੁਪਹਿਰ ਤੋਂ ਬਾਅਦ ਥੋੜ੍ਹਾ ਘੱਟ ਕਰ ਦਿਓ। ਇਸ ਨਾਲ ਤੁਹਾਨੂੰ ਰਾਤ ਵੇਲੇ ਵਾਰ*ਵਾਰ ਬਾਥਰੂਮ ਨਹੀਂ ਜਾਣਾ ਪਵੇਗਾ।

* ਰਾਤ ਵੇਲੇ ਜ਼ਿਆਦਾ ਭਾਰਾ ਤੇ ਮਸਾਲੇਦਾਰ ਭੋਜਨ ਨਾ ਕਰੋ। ਸੌਣ ਤੋਂ 2-3 ਘੰਟੇ ਪਹਿਲਾਂ ਹਲਕਾ ਭੋਜਨ ਕਰੋ ਤਾਂ ਜੋ ਆਸਾਨੀ ਨਾਲ ਪਚ ਜਾਵੇ ਅਤੇ ਕੋਈ ਸਮੱਸਿਆ ਨਾ ਆਵੇ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 03.08.2011

ਗਰਭ ਅਵਸਥਾ 'ਚ ਲਓ ਗੂੜ੍ਹੀ ਨੀਂਦ

ਇਕ ਸਾਧਾਰਨ ਔਰਤ ਦੀ ਤੁਲਨਾ ‘ਚ ਗਰਭਵਤੀ ਨੂੰ ਨੀਂਦ ਦੀ ਵਧੇਰੇ ਲੋੜ ਹੁੰਦੀ ਹੈ। ਉਸ ਦੀ ਨੀਂਦ ਦਾ ਸੰਬੰਧ ਉਸ ਦੇ ਤਨ ਅਤੇ ਮਨ ਨਾਲ ਤਾਂ ਹੁੰਦਾ ਹੀ ਹੀ, ਗਰਭ ਵਿਚਲੇ ਬੱਚੇ ਨਾਲ ਵੀ ਹੁੰਦਾ ਹੈ। ਭਰਪੂਰ ਨੀਂਦ ਲੈਣ ‘ਤੇ ਹੀ ਉਹ ਖੁਦ ਨੂੰ ਚੁਸਤ-ਦਰੁੱਸਤ ਮਹਿਸੂਸ ਕਰਦੀ ਹੈ। ਭਰਪੂਰ ਨੀਂਦ ਉਸ ਨੂੰ ਕਈ ਰੋਗਾਂ ਅਤੇ ਤਕਲੀਫਾਂ ਤੋਂ ਦੂਰ ਰੱਖਦੀ ਹੈ, ਜਦਕਿ ਉਨੀਂਦਰਾ ਸੌ ਰੋਗਾਂ ਨੂੰ ਸੱਦਾ ਦਿੰਦਾ ਹੈ।


ਗਰਭਵਤੀ ਔਰਤਾਂ ਨੂੰ ਰਾਤ ਨੂੰ ਘੱਟੋ-ਘੱਟ ਅੱਠ ਘੰਟੇ ਸੌਣਾ ਚਾਹੀਦੈ। ਇਸ ਤੋਂ ਇਲਾਵਾ ਇਕ-ਦੋ ਘੰਟੇ ਦਿਨ ਵੇਲੇ ਵੀ ਸੌਂ ਸਕਦੀ ਹੈ। ਇਸ ਨਾਲ ਉਸ ਦੇ ਥੱਕੇ ਹੋਏ ਸਰੀਰ ਨੂੰ ਰਾਹਤ ਮਿਲੇਗੀ ਅਤੇ ਉਹ ਆਪਣੇ ਅੰਦਰ ਤਾਜ਼ਗੀ ਮਹਿਸੂਸ ਕਰੇਗੀ। ਮਾਸਪੇਸ਼ੀਆਂ ਦਾ ਤਣਾਅ ਘੱਟ ਕਰਨ ਅਤੇ ਉਨ੍ਹਾਂ ਨੂੰ ਦੁਬਾਰਾ ਕੰਮ ਕਰਨ ਯੋਗ ਬਣਾਉਣ ਲਈ ਉਸ ਨੂੰ ਭਰਪੂਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ।

ਕਿਉਂ ਨਹੀਂ ਆਉਂਦੀ ਨੀਂਦ

ਗਰਭਵਤੀ ਔਰਤਾਂ ਦੀ ਸਮੱਸਿਆ ਇਹ ਹੈ ਕਿ ਉਹ ਰਾਤ ਨੂੰ ਚੈਨ ਦੀ ਨੀਂਦ ਸੌਣਾ ਤਾਂ ਚਾਹੁੰਦੀਆਂ ਹਨ ਪਰ ਸੌਂ ਨਹੀਂ ਸਕਦੀਆਂ। ਕਈ ਗਰਭਵਤੀ ਔਰਤਾਂ ਤਣਾਅ ਅਤੇ ਡਿਪ੍ਰੈਸ਼ਨ ਦੀਆਂ ਸ਼ਿਕਾਰ ਹੁੰਦੀਆਂ ਹਨ, ਜੋ ਉਨ੍ਹਾਂ ਦੀ ਨੀਂਦ ਦੇ ਦੁਸ਼ਮਣ ਹਨ। ਗਰਭ ਅਵਸਥਾ ‘ਚ ਸਰੀਰਕ ਕਸ਼ਟ ਵੀ ਹੁੰਦੇ ਹਨ, ਜਿਸ ਕਾਰਨ ਉਹ ਠੀਕ ਤਰ੍ਹਾਂ ਸੌਂ ਨਹੀਂ ਸਕਦੀਆਂ। ਦਰਦ ਭਾਵੇਂ ਲੱਕ ਦਾ ਹੋਵੇ, ਸੌਣ ਨਹੀਂ ਦਿੰਦਾ।

ਗਰਭਵਤੀ ਔਰਤਾਂ ਦੀ ਨੀਂਦ ਪੂਰੀ ਨਾ ਹੋ ਸਕਣ ਦੇ ਹੋਰ ਵੀ ਕਈ ਕਾਰਨ ਹਨ, ਜਿਵੇਂ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ-ਨਿਭਾਉਂਦੇ ਸੌਣ ਦਾ ਸਮਾਂ ਨਿਕਲ ਜਾਣਾ, ਸੌਣ ਲਈ ਢੁਕਵਾਂ ਵਾਤਾਵਰਣ ਨਾ ਮਿਲ ਸਕਣਾ, ਘਰੇਲੂ ਕਲੇਸ਼, ਪਤੀ ਦੇ ਘੁਰਾੜੇ ਆਦਿ।

ਗਰਭਵਤੀ ਔਰਤ ਨੂੰ ਰਾਤ ਵੇਲੇ ਕਈ ਵਾਰ ਪਿਸ਼ਾਬ ਲਈ ਉੱਠਣਾ ਪੈਂਦਾ ਹੈ। ਇਸੇ ਕਾਰਨ ਉਹ ਠੀਕ ਤਰ੍ਹਾਂ ਸੌਂ ਨਹੀਂ ਸਕਦੀ। ਇਸ ਅਵਸਥਾ ‘ਚ ਪਿੰਨੀਆਂ ‘ਚ ਜਕੜਨ ਦੀ ਸ਼ਿਕਾਇਤ ਵੀ ਰਹਿੰਦੀ ਹੈ। ਕੁਝ ਔਰਤਾਂ ਪੈਰ ਪਟਕਣ ਦੀ ਆਦਤ ਤੋਂ ਪੀੜਤ ਹੋ ਜਾਂਦੀਆਂ ਹਨ। ਇਸ ਕਾਰਨ ਵੀ ਉਹ ਚੈਨ ਦੀ ਨੀਂਦ ਨਹੀਂ ਸੌਂ ਸਕਦੀਆਂ।

ਗਰਭ ਅਵਸਥਾ ‘ਚ ਸਰੀਰ ਦਾ ਤਾਪਮਾਨ ਵੀ ਥੋੜ੍ਹਾ ਵੱਧ ਜਾਂਦਾ ਹੈ। ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਹੈ। ਗਰਭ ਦਾ ਆਕਾਰ ਵਧਣ ਨਾਲ ਵੀ ਪ੍ਰੇਸ਼ਾਨੀ ਹੁੰਦੀ ਹੈ, ਜਿਸ ਕਾਰਨ ਉਹ ਸੌਂ ਨਹੀਂ ਸਕਦੀਆਂ। ਸਾਹ ਲੈਣ ‘ਚ ਤਕਲੀਫ ਵੀ ਰਹਿੰਦੀ ਹੈ।

ਉਨੀਂਦਰੇ ਦਾ ਅਸਰ

ਗਰਭਵਤੀ ਦੀ ਨੀਂਦ ਪੂਰੀ ਨਾ ਹੋਣ ਦਾ ਅਸਰ ਉਸ ਦੇ ਗਰਭ ਵਿਚਲੇ ਬੱਚੇ ‘ਤੇ ਪੈਂਦਾ ਹੈ। ਇਸ ਨਾਲ ਗਰਭ ਵਿਚਲੇ ਬੱਚੇ ਦੀ ਸਿਹਤ ਵਿਗੜਦੀ ਹੈ। ਗਰਭਵਤੀ ਔਰਤਾਂ ਜੇਕਰ ਸਾਰੀ ਰਾਤ ਠੀਕ ਤਰ੍ਹਾਂ ਨਹੀਂ ਸੌਂਦੀਆਂ ਤਾਂ ਉਨ੍ਹਾਂ ‘ਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੇ ਰੋਗਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਨੂੰ ਪਾਚਨ ਸੰਬੰਧੀ ਰੋਗ ਵੀ ਹੋ ਸਕਦੇ ਹਨ, ਜਿਸ ‘ਚ ਕਬਜ਼, ਐਸੀਡਿਟੀ ਅਤੇ ਸਿਰਦਰਦ ਆਦਿ ਮੁਖ ਹਨ। ਨੀਂਦ ਪੂਰੀ ਨਾ ਹੋਣ ਨਾਲ ਥਕਾਵਟ ਦਾ ਅਹਿਸਾਸ ਹੁੰਦਾ ਹੈ। ਇਸ ਨਾਲ ਉਨ੍ਹਾਂ ਦੀ ਕਾਰਜ ਸਮਰੱਥਾ ‘ਤੇ ਵੀ ਅਸਰ ਪੈਂਦਾ ਹੈ। ਜੇਕਰ ਉਹ ਕੰਮਕਾਜੀ ਔਰਤ ਹੈ ਤਾਂ ਉਥੇ ਵੀ ਉਹ ਆਪਣੇ ਕੰਮ ‘ਤੇ ਪੂਰਾ ਧਿਆਨ ਨਹੀਂ ਦੇ ਸਕੇਗੀ। ਇਕਾਗਰਤਾ ‘ਚ ਕਮੀ ਆ ਜਾਂਦੀ ਹੈ। ਸੁਭਾਅ ‘ਚ ਚਿੜਚਿੜਾਪਣ ਆਉਣ ਲੱਗਦਾ ਹੈ। ਉਹ ਭਾਵਨਾਤਮਕ ਤੌਰ ‘ਤੇ ਦੁਖੀ ਅਤੇ ਪ੍ਰੇਸ਼ਾਨ ਰਹਿਣ ਲੱਗਦੀ ਹੈ। ਉਸ ਦੇ ਫੈਸਲੇ ਲੈਣ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ।

ਗਰਭਵਤੀ ਔਰਤ ਦੀ ਨੀਂਦ ਪੂਰੀ ਨਾ ਹੋਣ ਦਾ ਅਸਰ ਉਸ ਦੇ ਚਿਹਰੇ ‘ਤੇ ਸਪੱਸ਼ਟ ਝਲਕਦਾ ਹੈ। ਅੱਖਾਂ ਬੁਝੀਆਂ-ਬੁਝੀਆਂ ਅਤੇ ਉਨ੍ਹਾਂ ਹੇਠਾਂ ਗੂੜ੍ਹੇ ਕਾਲੇ ਘੇਰੇ ਪੈ ਜਾਂਦੇ ਹਨ। ਚਿਹਰੇ ਦੀ ਚਮਕ ਅਤੇ ਨੂਰ ਖਤਮ ਹੋ ਜਾਂਦਾ ਹੈ।

ਗਰਭ ਅਵਸਥਾ ‘ਚ ਉਨੀਂਦਰੇ ਦੇ ਰੋਗ ਤੋਂ ਪ੍ਰੇਸ਼ਾਨ ਔਰਤਾਂ ਨੂੰ ਚਾਹੀਦੈ ਕਿ ਉਹ ਕਿਸੇ ਵਧੀਆ ਡਾਕਟਰ ਜਾਂ ਮਨੋਵਿਗਿਆਨੀ ਨੂੰ ਦੱਸਣ। ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਜਾਂ ਗੋਲੀ ਨਾ ਲੈਣ। ਇਸ ਦਾ ਬੁਰਾ ਅਸਰ ਗਰਭ ਵਿਚਲੇ ਬੱਚੇ ‘ਤੇ ਹੋ ਸਕਦਾ ਹੈ।

ਚੰਗੀ ਨੀਂਦ ਲਈ ਨੁਸਖੇ

* ਬਿਸਤਰੇ ‘ਤੇ ਉਦੋਂ ਹੀ ਜਾਓ, ਜਦੋਂ ਨੀਂਦ ਚੰਗੀ ਤਰ੍ਹਾਂ ਆਉਣ ਲੱਗੇ।

* ਸੌਣ ਦਾ ਕੋਈ ਇਕ ਸਮਾਂ ਤੈਅ ਕਰ ਲਓ।

* ਰਾਤ ਦਾ ਭੋਜਨ ਸੌਣ ਤੋਂ ਦੋ ਘੰਟੇ ਪਹਿਲਾਂ ਖਾ ਲਓ।

* ਰਾਤ ਦਾ ਭੋਜਨ ਖਾਣ ਪਿੱਛੋਂ ਥੋੜ੍ਹਾ ਟਹਿਲੋ।

* ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਪੀਓ।

* ਸੌਣ ਤੋਂ ਪਹਿਲਾਂ ਹੱਥ-ਮੂੰਹ ਧੋਵੋ।

* ਸੌਣ ਤੋਂ ਪਹਿਲਾਂ ਚਾਹ, ਕੌਫੀ ਨਾ ਪੀਓ।

* ਚਿੰਤਾ ਅਤੇ ਤਣਾਅ ਤੋਂ ਮੁਕਤ ਰਹੋ।

* ਸਾਕਾਰਾਤਮਕ ਸੋਚ ਬਣਾਈ ਰੱਖੋ।

* ਸੌਣ ਲਈ ਢੁਕਵਾਂ ਵਾਤਾਵਰਣ ਬਣਾਓ।

* ਪਾਸਾ ਪਰਤ ਕੇ ਸੌਂਵੋ। ਇਕ ਪੈਰ ਨੂੰ ਪੇਟ ਵੱਲ ਮੋੜ ਕੇ ਰੱਖੋ।

* ਹੌਲੀ ਗਤੀ ਨਾਲ ਇਕੋ ਜਿਹਾ ਸਾਹ ਲਓ।

* ਅਰਾਮਦਾਇਕ ਕੱਪੜੇ ਪਹਿਨੋ।

* ਮਾਸਪੇਸ਼ੀਆਂ ਨੂੰ ਢਿੱਲੀਆਂ ਛੱਡ ਕੇ ਸੌਣ ਦੀ ਕੋਸ਼ਿਸ਼ ਕਰੋ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 26.08.2011

ਹੋਰ ਸੰਬੰਧਿਤ ਲੇਖ:
 
ਮਾਂ ਬਣਨ ਤੋਂ ਪਹਿਲਾਂ ਰੱਖੋ ਧਿਆਨ

ਗਰਭ ਅਵਸਥਾ ਦੌਰਾਨ ਕਿਤੇ ਹੋ ਨਾ ਜਾਵੇ ਬੱਚੇ ‘ਚ ਡਿਫੈਕਟ

ਗਰਭ ਅਵਸਥਾ ‘ਚ ਖਾਓ ਪੌਸ਼ਟਿਕ ਭੋਜਨ - ਸੋਨੀ ਮਲਹੋਤਰਾ

ਗਰਭ ਅਵਸਥਾ ਵੇਲੇ ਤੇ ਆਪਣਾ ਖਿਆਲ ਰੱਖ ਲਵੋ - ਪਤਵੰਤ ਕੌਰ ਸੇਖੋਂ

ਗਰਭ ਅਵਸਥਾ ਦੌਰਾਨ ਸਾਵਧਾਨੀਆਂ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms