ਮਿੱਟੀ ਦੇ ਸੰਪਰਕ ਵਿਚ ਰਹਿਣਾ ਹਰੇਕ ਲਈ ਜ਼ਰੂਰੀ ਹੈ। ਇਹ ਸਰੀਰ ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ ਤੇ ਅਨੇਕ ਲੋੜੀਂਦੇ ਤੱਤਾਂ ਨੂੰ ਦਿੰਦੀ ਵੀ ਹੈ। ਛੋਟੇ ਬੱਚਿਆਂ ਨੂੰ ਤਾਂ ਮਿੱਟੀ ਚ ਖੇਡਣਾ ਬਹੁਤ ਪਸੰਦ ਹੈ। ਵੈਸੇ ਮਿੱਟੀ ਬਹੁਤ ਤਰਾਂ ਦੀ ਹੈ। ਸਾਰੇ ਸੰਸਾਰ ਵਿੱਚ ਕਰੀਬ ਇੱਕ ਹਜ਼ਾਰ ਤੋਂ ਵੀ ਵੱਧ ਤਰਾਂ ਦੀ ਮਿੱਟੀ ਹੈ। ਇਹ ਮਿੱਟੀ ਵਿੱਚ ਤੱਤਾਂ ਦੀ ਹੋਂਦ ਤੇ ਉਹਨਾਂ ਦੀ ਮਾਤਰਾ ਤੇ ਆਧਾਰਿਤ ਹੁੰਦੀ ਹੈ। ਭਾਰਤ ਵਿੱਚ ਵੀ ਸਦੀਆਂ ਤੋਂ ਹੀ ਮੱਡ ਥਰੈਪੀ ਰਾਹੀਂ ਅਲੱਗ ਅਲੱਗ ਤਰਾਂ ਦੀਆਂ ਮਿੱਟੀਆਂ ਨਾਲ ਇਲਾਜ ਵੀ ਕੀਤੇ ਜਾਂਦੇ ਹਨ। ਨੈਚਰੋਪੈਥੀ ਵਿੱਚ ਮਿੱਟੀ ਰਾਹੀਂ ਵੱਖ ਵੱਖ ਰੋਗਾਂ ਦਾ ਇਲਾਜ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ।
ਲੇਕਿਨ ਹੁਣ ਆਧੁਨਿਕਤਾ ਦੀ ਦੌੜ ਵਿੱਚ ਮਨੁੱਖ ਮਿੱਟੀ ਤੋਂ ਜ਼ਿਆਦਾ ਹੀ ਬਚਣ ਦੀ ਕੋਸ਼ਿਸ਼ ਕਰਨ ਲੱਗ ਪਿਆ ਹੈ। ਅਸਲ ਵਿੱਚ ਮਨੁੱਖ ਜਿੰਨਾ ਮਿੱਟੀ ਤੋਂ ਪਰੇ ਰਹਿਣ ਦੀ ਕੋਸ਼ਿਸ਼ ਕਰਨ ਲੱਗਾ ਹੈ ਓਨਾ ਹੀ ਮਨੁੱਖ ਅਲੱਰਜੀਜ਼ ਤੇ ਇਨਫੈਕਸ਼ਨਜ਼ ਦਾ ਸ਼ਿਕਾਰ ਹੋਣ ਲੱਗ ਪਿਆ ਹੈ। ਤੁਸੀਂ ਹੈਰਾਨ ਹੋਵੋਗੇ ਕਿ ਅਮੀਰ ਘਰਾਂ ਦੇ ਬੱਚਿਆਂ ਨੂੰ ਮਿੱਟੀ ਘੱਟੇ ਤੋਂ ਸਖਤੀ ਨਾਲ ਬਚਣ ਦੀ ਹਿਦਾਇਤ ਦਿੱਤੀ ਜਾਂਦੀ ਹੈ ਜਦੋਂ ਕਿ ਗਰੀਬ ਬੱਚਿਆਂ ਨੂੰ ਉਹਨਾਂ ਦੇ ਮਾਪੇ ਉਦੋਂ ਝਿੜਕਦੇ ਹਨ ਜਦ ਉਹ ਮਿੱਟੀ ਘੱਟੇ ਤੋਂ ਬਚਣ ਦੀ ਜ਼ਿਆਦਾ ਹੀ ਕੋਸ਼ਿਸ਼ ਕਰਦੇ ਹਨ। ਲੇਕਿਨ ਇਹ ਵੀ ਸੱਚ ਹੈ ਕਿ ਜ਼ਿਆਦਾ ਹੀ ਮਿੱਟੀ ਘੱਟੇ ਚ ਰਹਿਣ ਵਾਲੇ ਲੋਕਾਂ ਨੂੰ ਅਲੱਰਜੀ, ਦਮਾਂ, ਖਾਰਿਸ਼, ਖੰਘ ਆਦਿ ਬਹੁਤ ਘੱਟ ਹਨ ਜਦੋਂ ਕਿ ਜ਼ਿਆਦਾ ਹੀ ਸੁੱਚਮ ਸਫਾਈ ਰੱਖਣ ਵਾਲੇ ਤੇ ਹਰ ਵਕਤ ਮਿੱਟੀ ਘੱਟੇ ਤੋਂ ਬਚਾਉ ਕਰਨ ਵਾਲੇ ਲੋਕਾਂ ਨੂੰ ਬਹੁਤ ਜਲਦੀ ਇਨਫੈਕਸ਼ਨਜ਼ ਤੇ ਅਲੱਰਜੀਜ਼ ਹੋ ਜਾਂਦੀਆਂ ਹਨ। ਭੇਡਾਂ ਬੱਕਰੀਆਂ ਚਾਰਨ ਵਾਲੇ ਆਜੜੀ ਬਹੁਤਾ ਸਮਾਂ ਧੂੜ ਚ ਹੀ ਰਹਿੰਦੇ ਹਨ ਪ੍ਰੰਤੂ ਉਹਨਾਂ ਨੂੰ ਧੂੜ, ਮਿੱਟੀ ਤੋਂ ਬਣਨ ਵਾਲਾ ਕੋਈ ਰੋਗ ਨਹੀਂ ਹੈ। ਜਦੋਂ ਕਿ ਅਮਰੀਕਾ, ਕਨੇਡਾ, ਆਸਟਰੀਆ, ਨਿਊਜ਼ੀਲੈਂਡ ਆਦਿ ਧੂੜ ਰਹਿਤ ਵਾਤਾਵਰਣ ਵਿੱਚ ਰਹਿਣ ਵਾਲੇ ਲੋਕਾਂ ਦੇ ਧੂੜ, ਮਿੱਟੀ ਤੋਂ ਅਲੱਰਜੀ ਜ਼ਿਆਦਾ ਹੈ।
ਅਸੀਂ ਅਨੇਕਾਂ ਰੋਗਾਂ ਵਿੱਚ ਮਿੱਟੀ ਦੇ ਪ੍ਰਯੋਗ ਬਹੁਤ ਮਰੀਜ਼ਾਂ ਤੇ ਵੀ ਕੀਤੇ ਤੇ ਅਪਣੇ ਬੱਚਿਆਂ ਤੇ ਵੀ ਅਜ਼ਮਾਕੇ ਦੇਖੇ। ਜੋ ਬਹੁਤ ਸਫਲ ਹੋਏ। ਅਸੀਂ ਅਪਣੇ ਤਿੰਨੋਂ ਬੱਚਿਆਂ ਨੂੰ ਮਿੱਟੀ ਘੱਟੇ ਚ ਖੂਬ ਖੇਡਣ ਦਿੰਦੇ ਸਾਂ। ਹੁਣ ਸਾਡੇ ਬੱਚੇ ਮਿੱਟੀ ਘੱਟੇ ਦੀ ਐਨੀ ਪ੍ਰਵਾਹ ਨਹੀਂ ਕਰਦੇ ਤੇ ਉਹਨਾਂ ਨੂੰ ਕੋਈ ਅਲੱਰਜੀ ਖਾਰਿਸ਼ ਆਦਿ ਵੀ ਨਹੀਂ ਹੁੰਦੀ ਹੈ। ਅਸੀਂ ਕੋਠੇ ਤੇ ਗਮਲਿਆਂ ਚ ਜਦ ਵੀ ਕੋਈ ਜੜੀ ਬੂਟੀ, ਫੁੱਲ, ਸਲਾਦ, ਸਬਜ਼ੀ ਆਦਿ ਬੀਜਦੇ ਹਾਂ ਤਾਂ ਸਾਡੇ ਬੱਚੇ ਵੀ ਸਾਡੇ ਨਾਲ ਹੀ ਮਿੱਟੀ ਚ ਕੰਮ ਕਰਨਾ ਬਹੁਤ ਪਸੰਦ ਕਰਦੇ ਹਨ।
ਆਉ, ਤੁਹਾਨੂੰ ਕੁੱਝ ਮਿੱਟੀ ਦੇ ਨੁਸਖੇ ਵੀ ਦੱਸੀਏ। ਉਂਜ ਮਿੱਟੀ ਨਾਲ ਕੋਈ ਵੀ ਇਲਾਜ ਕਰਨ ਤੋਂ ਪਹਿਲਾਂ ਕਾਫੀ ਟਰੇਨਿੰਗ ਦੀ ਤੇ ਪ੍ਰੀਕਾਸ਼ਨਜ਼ ਦੀ ਲੋੜ ਹੁੰਦੀ ਹੈ। ਚੀਕਣੀ ਮਿੱਟੀ ਖੱਟੀ ਲੱਸੀ ਚ ਮਿਲਾਕੇ ਸਰੀਰ ਤੇ ਲਾਉਣ ਤੇ ਸੋਜ਼, ਚਮੜੀ ਦਾ ਢਿੱਲਾਪਨ, ਥਕਾਵਟ ਤੇ ਚਮੜੀ ਦੀ ਇਨਫੈਕਸ਼ਨ ਠੀਕ ਹੁੰਦੀ ਹੈ। ਨਹਿਰ ਦੇ ਕਿਨਾਰੇ ਦੀ ਤਲਛਟੀ ਮਿਟੀ ਸਿਰ ਚ ਲਾਉਣ ਨਾਲ ਵਾਲ ਝੜਨੋਂ ਹਟਦੇ ਹਨ। ਚੀਕਣੀ ਮਿੱਟੀ ਚ ਗਾਚੀ ਮਿਲਾਕੇ ਚਿਹਰੇ ਤੇ ਲਾਉਣ ਨਾਲ ਕਿੱਲ, ਦਾਗ, ਛਾਹੀਆਂ ਹਟਦੀਆਂ ਹਨ। ਖੇਤਾਂ ਦੀ ਮਿੱਟੀ ਲੱਤਾਂ, ਬਾਹਾਂ ਤੇ ਲੱਗਣ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਖੇਤਾਂ ਦੀ ਮਿੱਟੀ ਦੀ ਧੂੜ ਚਮੜੀ ਰੋਗ ਨਹੀਂ ਹੋਣ ਦਿੰਦੀ। ਇਥੋਂ ਤੱਕ ਕਿ ਜੇ ਖੇਤ ਦੀ ਗਿੱਲੀ ਮਿੱਟੀ ਹੱਥਾਂ ਪੈਰਾਂ ਨੂੰ ਲਗਦੀ ਰਹੇ ਤਾਂ ਬੀ.ਪੀ. ਕੁੱਝ ਦਿਨਾਂ ਚ ਹੀ ਠੀਕ ਰਹਿਣ ਲਗਦਾ ਹੈ। ਜੇ ਕਿਸੇ ਦੀ ਸ਼ੂਗਰ ਨਾਂ ਘਟਦੀ ਹੋਵੇ ਤਾਂ ਉਹ ਆਪਣੇ ਖੇਤ ਜਾਂ ਘਰ ਦੀ ਬਗੀਚੀ ਵਿੱਚ ਰੋਜ਼ਾਨਾ ਵੱਧ ਤੋਂ ਵੱਧ ਸਮਾਂ ਹੱਥੀਂ ਕੰਮ ਕਰੇ। ਹਰ ਤਰ੍ਹਾਂ ਦਾ ਮਿੱਠਾ ਬੰਦ ਕਰੇ, ਸਾਦਾ ਘਰਦਾ ਖਾਣਾ ਖਾਵੇ, ਠੰਢਾ ਖਾਵੇ ਤੇ ਥੋੜਾ ਖਾਵੇ। ਜੇ ਬਹੁਤ ਜ਼ਿਆਦਾ ਸ਼ੂਗਰ ਵਧੀ ਰਹਿੰਦੀ ਹੋਵੇ ਤਾਂ ਕਿਸੇ ਛੁੱਟੀ ਵਾਲੇ ਦਿਨ ਹਰ ਦੋ ਘੰਟੇ ਬਾਅਦ ਖੇਤ ਜਾਂ ਬਗੀਚੀ ਵਿਚ ਹੱਥੀਂ ਕੰਮ ਕਰੇ।
ਭੁੱਖ ਘੱਟ ਲੱਗਣਾ, ਕਮਜ਼ੋਰੀ, ਆਲਸ ਮਹਿਸੂਸ ਕਰਨਾ, ਦਿਲ ਨਾਂ ਲੱਗਣਾ, ਵਾਲ ਝੜਨਾ, ਖੁਰਾਕ ਨਾਂ ਲੱਗਣਾ, ਗੁੱਸਾ ਜ਼ਿਆਦਾ ਆਉਣਾ ਆਦਿ ਠੀਕ ਹੁੰਦਾ ਹੈ। ਜੋ ਬੱਚੇ ਮਿੱਟੀ ਚ ਜ਼ਿਆਦਾ ਖੇਡਦੇ ਹਨ ਉਹ ਜ਼ਿਆਦਾ ਕੱਦ ਵਾਲੇ, ਤਾਕਤਵਰ, ਵਧੀਆ ਹਾਜ਼ਮੇਂ ਵਾਲੇ, ਚੰਗੇ ਸੁਭਾਅ ਵਾਲੇ ਤੇ ਜਲਦੀ ਦੋਸਤ ਬਣਨ ਵਾਲੇ ਹੁੰਦੇ ਹਨ। ਲੇਕਿਨ ਮਿੱਟੀ ਘੱਟੇ ਤੋਂ ਜ਼ਿਆਦਾ ਹੀ ਪ੍ਰਹੇਜ਼ ਕਰਨ ਵਾਲੇ ਬੱਚੇ ਚਿੜਚਿੜੇ, ਗੁਸੈਲ, ਆਲਸੀ, ਕਮਜ਼ੋਰ, ਵਹਿਮੀ ਤੇ ਇਕੱਲਤਾ ਪਸੰਦ ਹੁੰਦੇ ਹਨ। ਮਿੱਟੀ ਘੱਟੇ ਚ ਰਹਿਣ ਵਾਲੇ ਬੱਚੇ ਨੂੰ ਕੋਈ ਵੀ ਇਨਫੈਕਸ਼ਨ ਬਹੁਤ ਘੱਟ ਹੁੰਦੀ ਹੈ। ਜੇ ਕੋਈ ਇਨਫੈਕਸ਼ਨ ਹੋ ਵੀ ਜਾਏ ਤਾਂ ਆਪੇ ਜਲਦੀ ਠੀਕ ਹੋ ਜਾਂਦੀ ਹੈ। ਸਾਰੇ ਸਰੀਰ ਤੇ ਜੇ ਉਪਜਾਊ ਖੇਤ ਦੀ ਗਿੱਲੀ ਮਿੱਟੀ ਨੂੰ ਸਿਰਫ ਦਸ ਮਿੰਟ ਸਵੇਰੇ ਸ਼ਾਮ ਲਾ ਕੇ ਇੱਕ ਹਫਤੇ ਤੱਕ ਦੇਖਿਆ ਜਾਏ ਤਾਂ ਰੰਗ ਗੋਰਾ ਹੁੰਦਾ ਹੈ। ਪੁਰਾਣੇ ਦਾਗ਼ ਠੀਕ ਹੁੰਦੇ ਹਨ। ਗਿਲਟੀ, ਗੰਢ ਠੀਕ ਹੁੰਦੀ ਹੈ। ਚਮੜੀ ਮਜ਼ਬੂਤ, ਸੁੰਦਰ, ਨਾਜ਼ੁਕ ਤੇ ਚਮਕੀਲੀ ਬਣਦੀ ਹੈ। ਜੇ ਕਿਸੇ ਦਾ ਸੁਭਾਅ ਜਲਦੀ ਟੈਂਸ਼ਨ ਪਾ ਲੈਣ ਵਾਲਾ ਹੋਵੇ ਜਾਂ ਉਹਦਾ ਆਤਮ ਹੱਤਿਆ ਕਰਨ ਲਈ ਦਿਲ ਕਰਦਾ ਹੋਵੇ ਜਾਂ ਕਿਸੇ ਨਸ਼ੇ ਦੀ ਆਦਤ ਨਾਂ ਹਟ ਰਹੀ ਹੋਵੇ ਤਾਂ ਉਸ ਨੂੰ ਰੋਜ਼ਾਨਾ ਸ਼ੁਰੂ ਚ ਤਿੰਨ ਚਾਰ ਘੰਟੇ ਤੇ ਬਾਅਦ ਚ ਅੱਠ ਦਸ ਘੰਟੇ ਤੱਕ ਹੱਥੀਂ ਕੰਮ ਮਿੱਟੀ ਘੱਟੇ ਵਾਲਾ ਕਰਨਾ ਚਾਹੀਦਾ ਹੈ। ਜ਼ੋਰਦਾਰ ਕੰਮ ਦੌਰਾਨ ਜੋ ਧੂੜ ਸਾਹ ਰਾਹੀਂ ਸਰੀਰ ਅੰਦਰ ਜਾਏਗੀ ਤੇ ਜੋ ਤੱਤ ਚਮੜੀ ਨੇ ਮਿੱਟੀ ਚੋਂ ਖਿੱਚਣੇ ਹਨ ਉਹ ਸਟਰੈੱਸ ਹਾਰਮੋਨ ਨਹੀਂ ਬਣਨ ਦਿੰਦੇ ਬਲਕਿ ਪਲੱਈਅਰ ਹਾਰਮੋਨ ਜ਼ਿਆਦਾ ਮਾਤਰਾ ਵਿੱਚ ਬਣਦੇ ਹਨ ਨਤੀਜੇ ਵਜੋਂ ਵਿਅਕਤੀ ਹਰ ਹਾਲ ਜੀਣ ਦੀ ਤਾਂਘ ਰੱਖਣ ਲਗਦਾ ਹੈ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਨੈਚਰੋਪੈਥੀ ਕਲੀਨਿਕ ਰਾਮਾ ਕਲੋਨੀ ਅਕਾਲਸਰ ਰੋਡ
ਆਰਾ ਰੋਡ ਦੇ ਨਾਲ ਵਾਲੀ ਗਲੀ ਮੋਗਾ
9463038229
ਨੈਚਰੋਪੈਥੀ ਕਲੀਨਿਕ ਰਾਮਾ ਕਲੋਨੀ ਅਕਾਲਸਰ ਰੋਡ
ਆਰਾ ਰੋਡ ਦੇ ਨਾਲ ਵਾਲੀ ਗਲੀ ਮੋਗਾ
9463038229