Sunday, August 14, 2011

ਸ਼ੂਗਰ ਦੇ ਮੁੱਖ ਲੱਛਣ - ਆਨੰਦ ਕੁਮਾਰ ਅਨੰਤ


ਸ਼ੂਗਰ ਮਤਲਬ ‘ਡਾਇਬਟੀਜ਼’ ਵਿਚ ਗਲੂਕੋਜ਼ ਸਰੀਰ ਦੇ ਅੰਗਾਂ ਨੂੰ ਸ਼ਕਤੀ ਪ੍ਰਦਾਨ ਕਰਨ ਦੀ ਬਜਾਏ ਮੂਤਰ ਮਾਰਗ ਤੋਂ ਬਾਹਰ ਆਉਣ ਲੱਗਦੀ ਹੈ। ਸ਼ੂਗਰ ਦਾ ਮਰੀਜ਼ ਸਰੀਰਕ ਰੂਪ ‘ਚ ਕਮਜ਼ੋਰ ਹੋਣ ਲੱਗਦਾ ਹੈ। ਇਸ ਬੀਮਾਰੀ ਦਾ ਜਲਦੀ ਇਲਾਜ ਨਾ ਹੋਣ ‘ਤੇ ਮਰੀਜ਼ ਦੀ ਸਿਹਤ ਤੇਜ਼ੀ ਨਾਲ ਵਿਗੜਣ ਲੱਗਦੀ ਹੈ ਅਤੇ ਉਸ ਦੀ ਮੌਤ ਵੀ ਹੋ ਸਕਦੀ ਹੈ। ਸਾਡੇ ਦੇਸ਼ ਵਿਚ ਸ਼ੂਗਰ ਬੀਮਾਰੀ ਨਾਲ ਲੱਗਭਗ ਤਿੰਨ ਕਰੋੜ ਵਿਅਕਤੀ ਪੀੜਤ ਹਨ ਪਰ ਉਨ੍ਹਾਂ ਵਿਚੋਂ ਤਕਰੀਬਨ ਡੇਢ ਕਰੋੜ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਨੂੰ ਇਹ ਬੀਮਾਰੀ ਹੈ ਕਿਉਂਕਿ ਉਨ੍ਹਾਂ ਨੇ ਕਦੇ ਆਪਣਾ ਬਲੱਡ ਸ਼ੂਗਰ ਟੈਸਟ ਨਹੀਂ ਕਰਵਾਇਆ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਡਾਇਬਟੀਜ਼ ਉਨ੍ਹਾਂ ਵਿਚ ਲੁਕੇ ਰੂਪ ‘ਚ ਮੌਜੂਦ ਹੈ ਜਾਂ ਨਹੀਂ।

ਇਸ ਬੀਮਾਰੀ ਦੇ ਮੁੱਖ ਲੱਛਣ ਇਸ ਤਰ੍ਹਾਂ ਹਨ :

ਵੱਧ ਪਿਆਸ ਅਤੇ ਭੁੱਖ ਲੱਗਣਾ : ਜਦੋਂ ਗ੍ਰਹਿਣ ਕੀਤੇ ਭੋਜਨ ਦੇ ਵਧੇਰੇ ਤੱਤ (ਕਾਰਬੋਹਾਈਡ੍ਰੇਟਸ) ਗਲੂਕੋਜ਼ ਦੇ ਰੂਪ ‘ਚ ਪੇਸ਼ਾਬ ‘ਚ ਵਿਅਰਥ ਹੀ ਨਿਕਲਦਾ ਰਹਿੰਦਾ ਹੈ ਤਾਂ ਇਹ ਆਪਣੇ ਨਾਲ ਸਰੀਰ ਦੇ ਪਾਣੀ ਨੂੰ ਵੀ ਲੈ ਜਾਂਦਾ ਹੈ, ਜਿਸ ਦੀ ਪੂਰਤੀ ਲਈ ਮਰੀਜ਼ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਪੈਂਦਾ ਹੈ ਅਤੇ ਉਹ ਵੱਧ ਪਿਆਸ ਦੀ ਸ਼ਿਕਾਇਤ ਕਰਦਾ ਹੈ। ਸਰੀਰ ਨੂੰ ਊਰਜਾ ਦੀ ਚਾਹ ਵਿਚ ਮਰੀਜ਼ ਨੂੰ ਭੁੱਖ ਵੀ ਵੱਧ ਲੱਗਦੀ ਹੈ, ਇਸ ਲਈ ਸ਼ੂਗਰ ਦਾ ਮਰੀਜ਼ ਬਹੁਤ ਵੱਧ ਮਾਤਰਾ ‘ਚ ਖਾਣਾ ਖਾਂਦਾ ਹੈ।

ਜ਼ਿਆਦਾ ਪੇਸ਼ਾਬ ਆਉਣਾ : ਸਾਧਾਰਨ ਵਿਅਕਤੀਆਂ ਵਿਚ ਪੇਸ਼ਾਬ ਦੀ ਮਾਤਰਾ ਡੇਢ ਲਿਟਰ ਰੋਜ਼ਾਨਾ ਹੁੰਦੀ ਹੈ ਜਦਕਿ ਸ਼ੂਗਰ ਦੇ ਮਰੀਜ਼ ‘ਚ ਇਹ ਮਾਤਰਾ ਕਈ ਲਿਟਰ ਹੋ ਜਾਂਦੀ ਹੈ ਜਿਸ ਨਾਲ ਸਰੀਰ ਨੂੰ ਊਰਜਾ ਨਹੀਂ ਮਿਲਦੀ ਅਤੇ ਜਦੋਂ ਖੂਨ ਵਿਚ ਇਸ ਦਾ ਪ੍ਰਤੀਸ਼ਤ ਵੱਧ ਹੋ ਜਾਂਦਾ ਹੈ ਤਾਂ ਇਹ ਗੁਰਦੇ ਰਾਹੀਂ ਪੇਸ਼ਾਬ ‘ਚ ਨਿਕਲਣ ਲੱਗਦੀ ਹੈ। ਇਸ ਤਰ੍ਹਾਂ ਭੋਜਨ (ਮੁੱਖ ਰੂਪ ‘ਚ ਕਾਰਬੋਹਾਈਡ੍ਰੇਟਸ) ਦਾ ਇਹ ਅੰਸ਼ ਸਰੀਰ ਨੂੰ ਊਰਜਾ ਨਾ ਦੇ ਕੇ ਬੇਕਾਰ ਹੋ ਜਾਂਦਾ ਹੈ ਜਿਸ ਨਾਲ ਮਰੀਜ਼ ਕਮਜ਼ੋਰੀ ਅਤੇ ਭਾਰ ਘਟਣ ਦੀ ਸ਼ਿਕਾਇਤ ਕਰਦੇ ਹਨ। ਅਜਿਹੇ ਮਰੀਜ਼ਾਂ ਦੇ ਪੇਸ਼ਾਬ ਵਿਚ ਨਿਕਲਣ ਵਾਲਾ ਗਲੂਕੋਜ਼ ਦਾ ਪੇਸ਼ਾਬ ਦੇ ਸਾਧਾਰਨ ਪ੍ਰੀਖਣ ਦੁਆਰਾ ਲੱਗਭਗ ਅੱਧੇ ਮਿੰਟ ਵਿਚ ਹੀ ਪਛਾਣ ਕਰਕੇ ਅਤੇ ਫਿਰ ਖੂਨ ਦੀ ਸਾਧਾਰਨ ਜਾਂਚ ਕਰਕੇ ਸ਼ੂਗਰ ਤੋਂ ਛੁਟਕਾਰਾ ਮਿਲ ਸਕਦਾ ਹੈ।

ਧਿਆਨ ਰੱਖੋ, ਪੇਸ਼ਾਬ ਦੀ ਮਾਤਰਾ ਜ਼ਿਆਦਾ ਹੋਣ ਵਾਲੇ ਹਰੇਕ ਵਿਅਕਤੀ ਨੂੰ ਜ਼ਰੂਰੀ ਨਹੀਂ ਕਿ ਸ਼ੂਗਰ ਦੀ ਬੀਮਾਰੀ ਹੋਵੇ। ਅਜਿਹਾ ਕੁਝ ਹੋਰ ਕਾਰਨਾਂ ਨਾਲ ਵੀ ਹੋ ਸਕਦਾ ਹੈ ਜਿਵੇਂ ਇਕ ਹੋਰ ਤਰ੍ਹਾਂ ਦੀ ਡਾਇਬਟੀਜ਼ ਜਿਸ ਵਿਚ ਜ਼ਿਆਦਾ ਪੇਸ਼ਾਬ ਤਾਂ ਹੁੰਦਾ ਹੈ ਪਰ ਉਸ ਵਿਚ ਸ਼ੂਗਰ ਨਹੀਂ ਹੁੰਦੀ। ਜ਼ਿਆਦਾ ਪੇਸ਼ਾਬ ਦਾ ਇਕ ਹੋਰ ਕਾਰਨ ਗੁਰਦਾ ਖਰਾਬ ਹੋਣਾ ਵੀ ਹੈ ਜਿਸ ਦੀ ਮੁੱਢਲੀ ਸਥਿਤੀ ‘ਚ ਖਾਸ ਤੌਰ ‘ਤੇ ਰਾਤ ਸਮੇਂ ਪੇਸ਼ਾਬ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਵਾਰ-ਵਾਰ ਜ਼ਿਆਦਾ ਮਾਤਰਾ ‘ਚ ਆਉਣ ਵਾਲੇ ਪੇਸ਼ਾਬ ਦੀ ਪਛਾਣ ਵਾਰ-ਵਾਰ ਥੋੜ੍ਹੀ ਮਾਤਰਾ ‘ਚ ਆਉਣ ਵਾਲੇ ਪੇਸ਼ਾਬ ਦੇ ਰੋਗੀਆਂ ਦੀਆਂ ਹਾਲਤਾਂ ਤੋਂ ਵੀ ਕਰਨੀ ਜ਼ਰੂਰੀ ਹੈ।

ਬੇਹੋਸ਼ੀ : ਸ਼ੂਗਰ ਦੇ ਬਹੁਤ ਸਾਰੇ ਮਰੀਜ਼ ਬੇਹੋਸ਼ੀ ਦੀ ਹਾਲਤ ‘ਚ ਐਮਰਜੈਂਸੀ ਵਾਰਡ ਵਿਚ ਲਿਆਏ ਜਾਂਦੇ ਹਨ ਜਿਨ੍ਹਾਂ ਵਿਚੋਂ ਬਹੁਤਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮਰੀਜ਼ ਨੂੰ ਪਹਿਲਾਂ ਤੋਂ ਹੀ ਡਾਇਬਿਟੀਜ਼ ਸੀ, ਜਿਸ ਦਾ ਇਲਾਜ ਹੀ ਨਹੀਂ ਹੋ ਸਕਿਆ ਸੀ। ਬਲੱਡ ਸ਼ੂਗਰ ਟੈਸਟ ਕਰਾਉਣ ‘ਤੇ ਹੀ ਸ਼ੂਗਰ ਦੀ ਪਛਾਣ ਹੋ ਸਕਦੀ ਹੈ।

ਸ਼ੂਗਰ ਦੇ ਕੁਝ ਹੋਰ ਮਰੀਜ਼ ਜੇਕਰ ਇਲਾਜ ਨਾ ਕਰਵਾਉਣ (ਖਾਸਕਰ ਬੱਚੇ ਸ਼ੂਗਰ ਰੋਗੀ) ਤਾਂ ਉਹ ਵੀ ਬੇਹੋਸ਼ ਹੋ ਸਕਦੇ ਹਨ ਜਦਕਿ ਸ਼ੂਗਰ ਦੇ ਕੁਝ ਹੋਰ ਮਰੀਜ਼ ਦਵਾਈ ਜਾਂ ਇੰਸੁਲਿਨ ਦੀ ਲੋੜ ਤੋਂ ਵਧੇਰੇ ਮਾਤਰਾ ‘ਚ ਵਰਤੋਂ ਨਾਲ ਵੀ ਅਟੈਕ ਕਾਰਨ ਬੇਹੋਸ਼ ਹੋ ਜਾਂਦੇ ਹਨ। ਬੇਹੋਸ਼ੀ ਦੀ ਹਾਲਤ ਤੋਂ ਬਚਣ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਸ਼ੂਗਰ ਦਾ ਇਲਾਜ ਪਹਿਲਾਂ ਹੀ ਹੋ ਜਾਵੇ ਅਤੇ ਇਸ ਨੂੰ ਕੰਟਰੋਲ ‘ਚ ਰੱਖਿਆ ਜਾਵੇ।

ਅੱਖਾਂ ਦੀ ਰੌਸ਼ਨੀ ਘਟਣਾ : ਸ਼ੂਗਰ ਦੇ ਮਰੀਜ਼ ਦੀ ਰੌਸ਼ਨੀ ਹੌਲੀ-ਹੌਲੀ ਜਾਂ ਤੇਜ਼ੀ ਨਾਲ ਜਾਂ ਅਚਾਨਕ ਘੱਟ ਹੋ ਸਕਦੀ ਹੈ ਜਿਸ ਨਾਲ ਮਰੀਜ਼ ਅੰਨ੍ਹਾ ਵੀ ਹੋ ਸਕਦਾ ਹੈ। ਅਜਿਹੇ ਮਰੀਜ਼ਾਂ ਵਿਚ ਮੋਤੀਆਬਿੰਦ (ਕੈਟੇਰਕਟ) ਘੱਟ ਉਮਰ ਵਿਚ ਹੀ ਬਣ ਜਾਂਦਾ ਹੈ। ਸ਼ੂਗਰ ਕੰਟਰੋਲ ਵਿਚ ਨਾ ਰੱਖਣ ‘ਤੇ ਖਾਸ ਮਾੜਾ ਅਸਰ ਅੱਖ ਦੇ ਅੰਦਰੂਨੀ (ਰੇਟੀਨਾ) ਪਰਦੇ ‘ਤੇ ਪੈਂਦਾ ਹੈ ਅਤੇ ਕੁਝ ਮਰੀਜ਼ਾਂ ਵਿਚ ਅੱਖਾਂ ਅੰਦਰ ਦੇ ਤਰਲ ਪਦਾਰਥ ਦਾ ਪ੍ਰੈਸ਼ਰ ਵੀ ਵਧ ਜਾਂਦਾ ਹੈ। ਅਜਿਹੇ ਸਾਰੇ ਵਿਅਕਤੀਆਂ ਨੂੰ ਆਪਣਾ ਬਲੱਡ ਸ਼ੂਗਰ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ।

ਫੇਫੜਿਆਂ ਦੀ ਟੀ. ਬੀ. : ਜੇਕਰ ਲੱਗਭਗ ਵੀਹ ਦਿਨਾਂ ਜਾਂ ਜ਼ਿਆਦਾ ਸਮੇਂ ਤੋਂ ਸ਼ੂਗਰ ਦਾ ਕੋਈ ਮਰੀਜ਼ ਖਾਂਸੀ ਨਾਲ ਖੂਨ ਆਉਣ ਦੀ ਸ਼ਿਕਾਇਤ ਕਰੇ ਤਾਂ ਫੇਫੜਿਆਂ ਦੀ ਟੀ. ਬੀ. ਲਈ (ਖਾਸ ਤੌਰ ‘ਤੇ ਚੈਸਟ ਐਕਸਰੇ, ਟੀ. ਐੱਲ. ਸੀ., ਡੀ. ਐੱਲ. ਸੀ.) ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਸ਼ੂਗਰ ਦੇ ਮਰੀਜ਼ ਟੀ. ਬੀ. ਤੋਂ ਬੜੀ ਆਸਾਨੀ ਨਾਲ ਪੀੜਤ ਹੋ ਸਕਦੇ ਹਨ।

ਅਜਿਹੇ ਬਹੁਤ ਸਾਰੇ ਮਰੀਜ਼ ਇਨ੍ਹਾਂ ਲੱਛਣਾਂ ਨੂੰ ਅਣਗੌਲਿਆਂ ਕਰਦੇ ਰਹਿੰਦੇ ਹਨ ਜਿਸ ਨਾਲ ਟੀ. ਬੀ. ਬਹੁਤ ਤੇਜ਼ੀ ਨਾਲ ਵਧਦੀ ਜਾਂਦੀ ਹੈ ਅਤੇ ਸ਼ੂਗਰ ‘ਤੇ ਕੰਟਰੋਲ ਵੀ ਵਿਗੜ ਜਾਂਦਾ ਹੈ। ਟੀ. ਬੀ. ਦਾ ਇਲਾਜ ਕਰਵਾਉਣ ਵਾਲੇ ਮਰੀਜ਼ ਦਾ ਭਾਰ ਸਾਧਾਰਨ ਹੋ ਜਾਂਦਾ ਹੈ ਅਤੇ ਸ਼ੂਗਰ ‘ਤੇ ਵੀ ਚੰਗਾ ਕੰਟਰੋਲ ਹੋ ਜਾਂਦਾ ਹੈ। ਦੂਜੇ ਪਾਸੇ ਫੇਫੜੇ ਦੀ ਟੀ. ਬੀ. ਦੇ ਹਰੇਕ ਮਰੀਜ਼ ਨੂੰ ਵੀ ਸ਼ੂਗਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।

ਹੋਰ ਲੱਛਣ : ਸ਼ੂਗਰ ਦੇ ਕੁਝ ਹੋਰ ਲੱਛਣ ਇਸ ਤਰ੍ਹਾਂ ਹਨ¸ਅੱਖਾਂ ‘ਚ ਇਨਫੈਕਸ਼ਨ, ਜ਼ਖਮ ਨਾ ਭਰਨਾ ਜਾਂ ਦੇਰ ਨਾਲ ਭਰਨਾ, ਮੂਤਰ ਤੰਤਰ ‘ਚ ਇਨਫੈਕਸ਼ਨ, ਭੋਜਨ ਨਿਗਲਣ ‘ਚ ਤਕਲੀਫ, ਪੈਰਾਂ ਜਾਂ ਹੱਥਾਂ ਵਿਚ ਦਰਦ, ਅੰਗਾਂ ਦਾ ਸੁੰਨ ਹੋਣਾ, ਭਾਰੀਪਨ, ਸੂਈ ਜਿਹੀ ਚੁਭਣ, ਪੱਟਾਂ ਦੇ ਉਪਰਲੇ ਹਿੱਸੇ ‘ਚ ਦਰਦ, ਚਿਹਰੇ ਦਾ ਟੇਢਾਪਨ, ਅੱਧੇ ਸਰੀਰ ‘ਚ ਲਕਵਾ, ਚੱਕਰ ਆਉਣਾ, ਗਰਭ ਨਾ ਠਹਿਰਣਾ, ਪੇਸ਼ਾਬ ਘੱਟ ਹੋਣਾ, ਖੂਨ ਦੀ ਕਮੀ, ਕਬਜ਼ ਰਹਿਣਾ, ਭੁੱਖ ਨਾ ਲੱਗਣਾ ਆਦਿ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 13.05.2011

ਡਾਇਬਟੀਜ਼ ਨੂੰ ਮੈਨੇਜ ਕਰਨ ਲਈ ਚਾਹੀਦੈ ਸਮਾਰਟ ਪੋਸ਼ਣ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms