Monday, July 4, 2011

ਜਾਗੋ ਔਰਤ ਜਾਗੋ (ਅਪਣਾਓ ਹੇਠ ਦੱਸੇ ਉਪਾਅ) - ਡਾ: ਦੀਨਾਨਾਥ ਝਾਅ ਦਿਨਕਰ

ਸਾਡੇ ਦੇਸ਼ ਵਿਚ ਔਰਤਾਂ ਨੂੰ ਸੁਰੱਖਿਆ ਦੇ ਮਾਮਲੇ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਕਾਨੂੰਨ ਬਣੇ ਵੀ ਹਨ ਪਰ ਅਮਲੀ ਰੂਪ ਵਿਚ ਲਾਗੂ ਕਰਨ ਦੀ ਸਮੱਸਿਆ ਬਰਕਰਾਰ ਹੈ। ਇਸ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਇਸ ਬਿਮਾਰ ਸਮਾਜ ਦਾ ਸਾਹਮਣਾ ਕਰਨ ਲਈ ਆਪ ਵੀ ਮਜ਼ਬੂਤ ਹੋਣ। ਔਰਤ ਨੂੰ ਅਬਲਾ ਸਮਝ ਕੇ ਕਈ ਸਮਾਜਿਕ ਅਨਸਰ ਅਨੇਕਾਂ ਤਰ੍ਹਾਂ ਦੇ ਜ਼ੁਲਮ ਢਾਹੁਣ ਦੀ ਕੋਸ਼ਿਸ਼ ਲਗਾਤਾਰ ਕਰਦੇ ਰਹਿੰਦੇ ਹਨ। ਔਰਤਾਂ ਨੂੰ ਤੰਗ ਕਰਨ ਦੇ ਅਧੀਨ ਹੀ ਆਉਂਦੀ ਹੈ ਛੇੜਖਾਨੀ। ਵਿਦਿਆਰਥਣ ਹੋਵੇ ਜਾਂ ਗ੍ਰਹਿਣੀ ਜਾਂ ਕੰਮਕਾਜੀ ਔਰਤ, ਘਰ ਤੋਂ ਬਾਹਰ ਨਿਕਲਦੇ ਹੀ ਤਰ੍ਹਾਂ-ਤਰ੍ਹਾਂ ਦੀਆਂ ਛੇੜਖਾਨੀਆਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਹੀ ਪੈਂਦਾ ਹੈ।

ਜਨਤਕ ਥਾਵਾਂ 'ਤੇ, ਬਾਜ਼ਾਰ, ਪਾਰਕ ਜਾਂ ਮੁਹੱਲੇ ਵਿਚ ਅਕਸਰ ਸੜਕਛਾਪ ਲੋਕਾਂ ਨਾਲ ਉਨ੍ਹਾਂ ਦਾ ਸਾਹਮਣਾ ਹੁੰਦਾ ਹੈ। ਅਸ਼ਲੀਲ ਹਰਕਤਾਂ, ਫਬਤੀਆਂ ਨੂੰ ਝੱਲਦੇ-ਝੱਲਦੇ ਔਰਤ ਕਈ ਵਾਰ ਨਿਰਉਤਸ਼ਾਹਿਤ ਹੋ ਜਾਂਦੀ ਹੈ ਅਤੇ ਉਹ ਆਪਣੇ-ਆਪ 'ਤੇ ਕਾਬੂ ਨਹੀਂ ਰੱਖ ਪਾਉਂਦੀ। ਨਤੀਜੇ ਵਜੋਂ ਕਈ ਵਾਰ ਹੰਗਾਮਾ ਖੜ੍ਹਾ ਹੋ ਜਾਂਦਾ ਹੈ। ਛੇੜਖਾਨੀ ਕਰਨ ਵਾਲਿਆਂ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ। ਕੁਝ ਲੋਕ ਸ਼ੇਅਰੋ-ਸ਼ਾਇਰੀ ਕਲਾਤਮਿਕ, ਸ਼ਾਲੀਨ ਭਾਸ਼ਾ ਵਿਚ ਖੂਬਸੂਰਤੀ ਦੇ ਕਸੀਦੇ ਪੜ੍ਹਨ ਵਾਲੇ ਹੁੰਦੇ ਹਨ। ਇਨ੍ਹਾਂ ਨੂੰ ਚੁੱਪਚਾਪ ਅਣਦੇਖਿਆਂ ਕਰਨ ਨਾਲ ਹੀ ਮੁਸ਼ਕਿਲ ਹੱਲ ਹੋ ਜਾਂਦੀ ਹੈ। ਇਸ ਤੋਂ ਬਾਅਦ ਨੰਬਰ ਉਨ੍ਹਾਂ ਦਾ ਆਉਂਦਾ ਹੈ ਜੋ ਛੇੜਛਾੜ ਦੇ ਨਾਂਅ 'ਤੇ ਸਿਰਫ ਪਿੱਛਾ ਹੀ ਕਰਦੇ ਹਨ। ਅਜਿਹੇ ਲੋਕ ਕਾਇਰ, ਮੂਰਖ ਅਤੇ ਭਾਵੁਕ ਹੁੰਦੇ ਹਨ। ਇਨ੍ਹਾਂ ਨੂੰ ਇਕ ਵਾਰ ਜ਼ੋਰਦਾਰ ਡਾਂਟ ਮਿਲ ਜਾਵੇ ਤਾਂ ਫਿਰ ਦੁਬਾਰਾ ਪਿੱਛਾ ਕਰਨ ਦੀ ਹਿੰਮਤ ਨਹੀਂ ਕਰਦੇ।

ਸਭ ਤੋਂ ਵਧੇਰੇ ਬੁਰੇ ਲੋਕ ਉਹ ਹੁੰਦੇ ਹਨ, ਜੋ ਜਨਤਕ ਖੇਤਰਾਂ, ਸਕੂਲਾਂ-ਕਾਲਜਾਂ ਦੇ ਸਾਹਮਣੇ, ਬਾਜ਼ਾਰਾਂ ਵਿਚ ਖੜ੍ਹੇ ਹੋ ਕੇ ਆਉਂਦੀਆਂ-ਜਾਂਦੀਆਂ ਕੁੜੀਆਂ ਨੂੰ ਫਬਤੀ ਕਸਦੇ ਹਨ ਅਤੇ ਉਨ੍ਹਾਂ ਵੱਲ ਕਾਮੁਕ ਨਜ਼ਰਾਂ ਨਾਲ ਦੇਖਦੇ ਹਨ। ਪਤਾ ਨਹੀਂ ਛੇੜਖਾਨੀ ਦੀ ਪ੍ਰਥਾ ਦੀ ਸ਼ੁਰੂਆਤ ਕਦੋਂ ਹੋਈ ਪਰ ਇਸ ਦੀ ਮਹਾਂਮਾਰੀ ਇਕ ਬਿਮਾਰੀ ਦੀ ਤਰ੍ਹਾਂ ਦਿਨ-ਪ੍ਰਤੀ-ਦਿਨ ਫੈਲਦੀ ਹੀ ਜਾ ਰਹੀ ਹੈ ਅਤੇ ਲੜਕੀਆਂ, ਔਰਤਾਂ ਦਾ ਘਰ 'ਚੋਂ ਨਿਕਲਣਾ ਦੁੱਭਰ ਕਰਦੀ ਜਾ ਰਹੀ ਹੈ। ਥੋੜ੍ਹੀ ਜਿਹੀ ਸਮਝਦਾਰੀ ਅਤੇ ਸੂਝਬੂਝ ਨਾਲ ਛੇੜਖਾਨੀ ਦੀ ਮਹਾਂਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਤੁਹਾਡੀ ਸਰੀਰਕ ਭਾਸ਼ਾ ਉਸ ਗੁਪਤ ਹਮਲਾਵਰ ਨੂੰ ਇਹ ਦੱਸਦੀ ਹੈ ਕਿ ਉਹ ਤੁਹਾਡੇ ਤੋਂ ਨਾਜਾਇਜ਼ ਫਾਇਦਾ ਉਠਾ ਸਕਦਾ ਹੈ ਜਾਂ ਨਹੀਂ। ਤੁਹਾਡਾ ਪਹਿਰਾਵਾ ਅਜਿਹਾ ਹੋਣਾ ਚਾਹੀਦਾ ਹੈ ਕਿ ਤੁਸੀਂ ਅਜਿਹੇ ਸੜਕਛਾਪ ਛੇੜਖਾਨੀ ਕਰਨ ਵਾਲਿਆਂ ਤੋਂ ਆਪਣੇ-ਆਪ ਨੂੰ ਬਚਾਅ ਸਕੋ। ਇਥੇ ਅਸੀਂ ਇਨ੍ਹਾਂ ਤੋਂ ਬਚਣ ਦੇ ਕੁਝ ਉਪਾਅ ਦੱਸ ਰਹੇ ਹਾਂ-

• ਘਰ ਤੋਂ ਬਾਹਰ ਨਿਕਲਦੇ ਸਮੇਂ ਸਲੀਕੇਦਾਰ ਕੱਪੜੇ ਪਹਿਨਣੇ ਚਾਹੀਦੇ ਹਨ। ਬੇਢੰਗੇ ਕੱਪੜੇ ਪਹਿਨਣਾ ਛੇੜਖਾਨੀ ਨੂੰ ਸੱਦਾ ਦੇਣ ਵਾਲੀ ਗੱਲ ਹੁੰਦੀ ਹੈ।

• ਧਿਆਨ ਖਿੱਚਣ ਵਾਲੇ ਭੜਕੀਲੇ ਕੱਪੜੇ, ਕੀਮਤੀ ਗਹਿਣੇ ਆਦਿ ਵੀ ਪਹਿਨ ਕੇ ਨਾ ਨਿਕਲੋ।

• ਰਸਤੇ ਵਿਚ ਚਲਦੇ ਸਮੇਂ ਆਪਣੀਆਂ ਅੱਖਾਂ ਅਤੇ ਕੰਨਾਂ ਨੂੰ ਖੁੱਲ੍ਹੇ ਰੱਖੋ ਅਤੇ ਆਸੇ-ਪਾਸੇ ਦੇ ਵਾਤਾਵਰਨ ਪ੍ਰਤੀ ਸੁਚੇਤ ਰਹੋ।

• ਉਨ੍ਹਾਂ ਰਸਤਿਆਂ 'ਤੇ ਆਉਣਾ-ਜਾਣਾ ਨਾ ਕਰੋ ਜਾਂ ਘੱਟ ਕਰ ਦਿਓ, ਜਿਥੇ ਸੁੰਨਸਾਨ ਰਸਤਾ ਪੈਂਦਾ ਹੋਵੇ। ਹਨੇਰੇ ਵਿਚ ਤਾਂ ਅਜਿਹੇ ਰਸਤਿਆਂ ਰਾਹੀਂ ਬਿਲਕੁਲ ਨਾ ਜਾਓ, ਭਾਵੇਂ ਉਹ ਰਸਤਾ ਛੋਟਾ ਹੀ ਕਿਉਂ ਨਾ ਹੋਵੇ।

• ਮਾੜੀ ਕਿਸਮਤ ਨਾਲ ਕੋਈ ਔਖਾ ਸਮਾਂ ਆ ਜਾਂਦਾ ਹੈ ਤਾਂ ਜ਼ੋਰ-ਜ਼ੋਰ ਨਾਲ ਰੌਲਾ ਪਾਓ। ਇਸ ਨਾਲ ਲੋਕਾਂ ਦਾ ਧਿਆਨ ਤੁਹਾਡੇ ਵੱਲ ਕੇਂਦਰਿਤ ਹੋਵੇਗਾ। ਜ਼ਿਆਦਾਤਰ ਉਨ੍ਹਾਂ ਔਰਤਾਂ ਨੂੰ ਹੀ ਹਮਲਾਵਰ ਤੰਗ ਕਰਦੇ ਹਨ, ਜੋ ਸਰੀਰਕ ਭਾਸ਼ਾ ਤੋਂ ਆਪਣੇ-ਆਪ ਨੂੰ ਕਮਜ਼ੋਰ ਦਿਖਾਉਂਦੀਆਂ ਹਨ। ਉਤੇਜਿਕ ਪਹਿਰਾਵਾ ਤੁਹਾਡੇ ਆਤਮਵਿਸ਼ਵਾਸ ਨੂੰ ਘੱਟ ਕਰਨ ਵਾਲਾ ਹੁੰਦਾ ਹੈ।

• ਸਹੇਲੀਆਂ ਜਾਂ ਮਿੱਤਰਾਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝ ਲਵੋ ਅਤੇ ਬਿਨਾਂ ਕਾਰਨ ਜ਼ਿਆਦਾ ਘੁਲੋ-ਮਿਲੋ ਨਾ। ਅਜਿਹਾ ਅਕਸ ਨਾ ਬਣਾਓ, ਜਿਸ ਨਾਲ ਉਹ ਤੁਹਾਨੂੰ ਆਜ਼ਾਦ ਅਤੇ ਖੁੱਲ੍ਹੇ ਵਿਚਾਰਾਂ ਵਾਲੇ ਸਮਝਣ।

• ਭਵਿੱਖ ਵਿਚ ਲਾਭ ਜਾਂ ਅਹੁਦੇ ਵਿਚ ਉੱਨਤੀ ਪ੍ਰਾਪਤ ਕਰਨ ਲਈ ਸਸਤਾ ਰਸਤਾ ਨਾ ਅਪਣਾਓ ਅਤੇ ਅਜਿਹੇ ਸਾਜ਼ਿਸ਼ੀਆਂ ਤੋਂ ਦੂਰ ਰਹੋ।

• ਘਰ ਵਿਚ ਕਿਸੇ ਅਜਨਬੀ ਦੇ ਆਉਣ 'ਤੇ ਉਸ ਦੇ ਸਾਹਮਣੇ ਬਿਨਾਂ ਕਾਰਨ ਨਾ ਜਾਓ। ਘਰ ਵਿਚ ਇਕੱਲੇ ਹੋਣ ਸਮੇਂ ਬਰਾਂਡੇ ਵਿਚ ਹੀ ਬੈਠੋ ਅਤੇ ਆਪਣੇ ਕੱਪੜਿਆਂ ਦਾ ਧਿਆਨ ਰੱਖੋ। ਤੋਹਫੇ ਦੀ ਕਿਸੇ ਚੀਜ਼ ਨੂੰ ਇਕਦਮ ਨਾ ਖਾਓ। ਉਹ ਨਸ਼ੀਲਾ ਪਦਾਰਥ ਵੀ ਹੋ ਸਕਦਾ ਹੈ।

• ਲੋੜ ਤੋਂ ਬਿਨਾਂ ਕਦੇ ਵੀ ਕਿਸੇ ਕਿਸਮ ਦੀ ਲਿਫਟ ਜਾਂ ਕਿਸੇ ਦੀ ਸਹਾਇਤਾ ਨਾ ਲਵੋ। ਅਜਿਹੀ ਹਾਲਤ ਵਿਚ ਲੋਕ ਅਣਉਚਿਤ ਫਾਇਦਾ ਉਠਾਉਣ ਤੋਂ ਨਹੀਂ ਰੁਕਦੇ।

ਸੁਲਝੇ ਹੋਏ ਲੋਕਾਂ ਦੀ ਤਰ੍ਹਾਂ ਇਕ ਹੱਦ ਵਿਚ ਰਹਿ ਕੇ ਛੇੜਖਾਨੀ ਦੀ ਮਹਾਂਮਾਰੀ ਤੋਂ ਆਪਣੇ-ਆਪ ਨੂੰ ਬਚਾਇਆ ਜਾ ਸਕਦਾ ਹੈ। ਆਜ਼ਾਦ ਅਤੇ ਖੁੱਲ੍ਹੇ ਵਿਚਾਰਾਂ ਨੂੰ ਅਪਣਾ ਕੇ, ਭੜਕੀਲੇ ਕੱਪੜੇ ਪਹਿਨ ਕੇ, ਬੇਢੰਗੇ ਤਰੀਕੇ ਨਾਲ ਸਰੀਰਕ ਦਿਖਾਵਾ ਕਰਕੇ ਨਾ ਸਿਰਫ ਪ੍ਰੇਸ਼ਾਨੀਆਂ ਵਿਚ ਹੀ ਫਸੋਗੇ ਬਲਕਿ ਆਪਣੀ ਇੱਜ਼ਤ ਨੂੰ ਵੀ ਦਾਅ 'ਤੇ ਲਗਾ ਬੈਠੋਗੇ। ਮਨੋਬਲ, ਹੌਸਲਾ ਅਤੇ ਆਤਮਵਿਸ਼ਵਾਸ ਦੀ ਦਵਾਈ ਨਾਲ ਛੇੜਖਾਨੀ ਦੀ ਮਹਾਂਮਾਰੀ 'ਤੇ ਤੁਸੀਂ ਕਾਬੂ ਰੱਖ ਸਕਦੇ ਹੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 21.01.2008

ਇਹ ਲੇਖ ਵੀ ਪੜ੍ਹੋ: ਕੁੜੀਓ! ਡਰਨਾ ਸਖ਼ਤ ਮਨ੍ਹਾ ਹੈ - ਅਵਿਨਾਸ਼ ਕੌਰ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms