Friday, May 6, 2011

ਕੁੜੀਓ! ਡਰਨਾ ਸਖ਼ਤ ਮਨ੍ਹਾ ਹੈ - ਅਵਿਨਾਸ਼ ਕੌਰ

21ਵੀਂ ਸਦੀ ਦੇ ਦੂਜੇ ਦਹਾਕੇ ਤੱਕ ਪਹੁੰਚਦਿਆਂ ਅਣਗਿਣਤ ਸਮਾਜਿਕ, ਪਰਿਵਾਰਕ ਪਾਬੰਦੀਆਂ ਸਹਿੰਦੀ ਭਾਰਤੀ ਸਮਾਜ ਦੀ ਔਰਤ ਨੇ ਆਪਣੇ ਅੰਦਰ ਗਜ਼ਬ ਦੇ ਆਤਮਵਿਸ਼ਵਾਸ ਦੀ ਬਦੌਲਤ ਨਵੀਆਂ ਬੁਲੰਦੀਆਂ ਛੋਹੀਆਂ ਹਨ। ਅੱਜ ਦੀ ਸਿੱਖਿਅਤ ਔਰਤ ਜਦੋਂ ਘਰੋਂ ਬਾਹਰ ਨਿਕਲਦੀ ਹੈ ਤਾਂ ਅੱਖਾਂ ਵਿਚ ਅਸਮਾਨ ਛੂਹ ਲੈਣ ਦੇ ਸੁਪਨੇ ਹੁੰਦੇ ਹਨ ਪਰ ਘਰੋਂ ਬਾਹਰ ਇਕੱਲਿਆਂ ਰਹਿੰਦਿਆਂ ਪੜ੍ਹਾਈ ਜਾਂ ਨੌਕਰੀ ਕਰਨ ਦੌਰਾਨ ਜਦੋਂ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਉਸ ਨਾਲ ਜੀਵਨ-ਰਾਹਾਂ 'ਤੇ ਵਿਚਰਦਿਆਂ ਹੋਣ ਵਾਲੀਆਂ ਹਿੰਸਕ/ ਅਪਰਾਧਕ ਘਟਨਾਵਾਂ ਦੇ ਅੰਕੜੇ ਡਰਾਉਣੀ ਤਸਵੀਰ ਪੇਸ਼ ਕਰਦੇ ਹਨ। ਸਵੈ-ਸੁਰੱਖਿਆ ਪ੍ਰਤੀ ਸੁਚੇਤ ਰਹਿੰਦਿਆਂ ਅਸੀਂ ਦੁਰਾਚਾਰੀ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਸ਼ਿਕਾਰ ਹੋਣੋਂ ਬਚ ਸਕਦੇ ਹਾਂ।

ਕੁਝ ਨੁਕਤੇ ਇਸ ਸਬੰਧੀ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ-

• ਜੇ ਤੁਸੀਂ ਘਰ ਵਿਚ ਇਕੱਲੇ ਰਹਿੰਦੇ ਹੋ ਤਾਂ ਕਦੇ ਵੀ ਆਪਣਾ ਪੂਰਾ ਨਾਂਅ ਡਾਕ-ਡੱਬੇ (ਮੇਲ ਬਾਕਸ) ਉੱਪਰ ਨਾ ਲਿਖੋ, ਸਿਰਫ ਨਾਂਅ ਦਾ ਸ਼ੁਰੂਆਤੀ ਹਿੱਸਾ ਕਾਫੀ ਹੈ। ਇਹ ਦੱਸਣ ਤੋਂ ਗੁਰੇਜ਼ ਕਰੋ ਕਿ ਤੁਸੀਂ ਇਕੱਲੇ ਰਹਿੰਦੇ ਹੋ।

• ਬਾਹਰਲੇ ਦਰਵਾਜ਼ੇ ਵਿਚ 'ਪੀਪਹੋਲ' (ਝੀਥ) ਜ਼ਰੂਰ ਹੋਵੇ, ਤਾਂ ਜੋ ਉਸ ਵਿਚੋਂ ਵਿਅਕਤੀ-ਸ਼ਨਾਖਤ ਕਰਕੇ ਹੀ ਦਰਵਾਜ਼ਾ ਖੋਲ੍ਹਿਆ ਜਾ ਸਕੇ। ਕਦੇ ਵੀ ਕਿਸੇ ਅਜਨਬੀ ਲਈ ਦਰਵਾਜ਼ਾ ਨਾ ਖੋਲ੍ਹੋ।

• ਘਰ ਦੇ ਅੰਦਰ ਅਤੇ ਬਾਹਰ ਜਿਥੇ ਵੀ ਸੰਭਾਵਿਤ ਹਮਲਾਵਰ, ਅਪਰਾਧੀ ਛੁਪ ਸਕਦਾ ਹੋਵੇ, ਉਨ੍ਹਾਂ ਥਾਵਾਂ ਬਾਰੇ ਹਮੇਸ਼ਾ ਸੁਚੇਤ ਰਹੋ।

• ਘਰ ਦੇ ਅੰਦਰ ਜਾਣ ਵਾਲੇ ਰਸਤੇ ਵਿਚ ਰੌਸ਼ਨੀ ਦਾ ਸਹੀ ਤੇ ਢੁਕਵਾਂ ਪ੍ਰਬੰਧ ਰੱਖੋ।

• ਘਰ ਦੀਆਂ ਸਾਰੀਆਂ ਖਿੜਕੀਆਂ 'ਤੇ ਪਰਦੇ ਟੰਗੇ ਹੋਣੇ ਚਾਹੀਦੇ ਹਨ।

• ਆਪਣੇ ਘਰ ਦੇ ਬਾਹਰਲੇ ਦਰਵਾਜ਼ੇ ਨੂੰ ਰਾਤੀਂ ਅੰਦਰੋਂ ਤਾਲਾ ਲਗਾ ਕੇ ਰੱਖੋ। ਖਿੜਕੀਆਂ ਦੀਆਂ ਸਾਰੀਆਂ ਕੁੰਡੀਆਂ ਨੂੰ ਵੀ ਸੌਣ ਤੋਂ ਪਹਿਲਾਂ ਚੈੱਕ ਕਰੋ।

• ਆਪਣੇ ਗੈਰਾਜ ਨੂੰ ਹਮੇਸ਼ਾ ਤਾਲਾ ਲਗਾ ਕੇ ਰੱਖੋ।

• ਜਦੋਂ ਵੀ ਘਰੋਂ ਬਾਹਰ ਜਾਵੋ, ਇਕ ਬੱਤੀ ਜ਼ਰੂਰ ਜਗਦੀ ਰਹਿਣੀ ਚਾਹੀਦੀ ਹੈ।

• ਜਿਨ੍ਹਾਂ ਰਸਤਿਆਂ ਦੀ ਤੁਸੀਂ ਅਕਸਰ ਵਰਤੋਂ ਕਰਨੀ ਹੁੰਦੀ ਹੈ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪਹਿਚਾਣ ਲਓ। ਘਰ ਆਉਣ-ਜਾਣ ਲਈ ਆਪਣਾ ਰਸਤਾ ਬਦਲਦੇ ਰਹੋ।

• ਰਾਤ ਦੀ ਸ਼ਿਫਟ ਲਈ ਕੰਮ 'ਤੇ ਜਾਣ ਸਮੇਂ ਬਿਨਾਂ ਉੱਚੀ ਅੱਡੀ ਵਾਲੀ ਜੁੱਤੀ ਦੀ ਵਰਤੋਂ ਕਰੋ ਤਾਂ ਜੋ ਲੋੜ ਪੈਣ 'ਤੇ ਦੌੜਨ ਵਿਚ ਦਿੱਕਤ ਨਾ ਆਵੇ।

• ਇਸ ਦੌਰਾਨ ਜੇ ਕੋਈ ਤੁਹਾਨੂੰ ਧਮਕਾਉਂਦਾ ਹੈ ਤਾਂ ਤੁਰੰਤ ਨੇੜੇ ਦੇ ਪੁਲਿਸ ਸਟੇਸ਼ਨ ਜਾ ਕੇ ਇਸ ਦੀ ਰਿਪੋਰਟ ਲਿਖਵਾਓ।

ਬਿਪਤਾ ਸਮੇਂ ਤੁਹਾਡੇ ਦੰਦ, ਬਾਹਾਂ, ਪੈਰ, ਹੱਥਾਂ ਦੇ ਨਹੁੰ ਵੀ ਸਵੈ-ਰੱਖਿਆ ਲਈ ਤੁਹਾਡਾ ਕਾਰਗਰ ਹਥਿਆਰ ਬਣ ਸਕਦੇ ਹਨ।

• ਲੜਕੀਆਂ ਲਈ ਸਵੈ-ਰੱਖਿਆ ਦੀ ਸਿੱਖਿਆ/ਕੋਚਿੰਗ ਦੀ ਵਰਤਮਾਨ ਸਮੇਂ ਵਿਚ ਬੇਹੱਦ ਲੋੜ ਹੈ। ਇਹ ਸਿੱਖਿਆ ਜ਼ਰੂਰ ਗ੍ਰਹਿਣ ਕਰੋ। ਆਪਣੇ ਪਰਸ ਵਿਚ ਸੀਟੀ, ਮਿਰਚ-ਪਾਊਡਰ, ਅੱਥਰੂ ਗੈਸ ਤੇ ਛੋਟਾ ਚਾਕੂ ਜ਼ਰੂਰ ਰੱਖੋ।

• ਆਪਣੇ ਮੋਬਾਈਲ ਫੋਨ ਵਿਚ ਪੁਲਿਸ ਸਟੇਸ਼ਨ, ਆਪਣੇ ਨੇੜਲੇ ਜਾਣ-ਪਛਾਣ ਵਾਲਿਆਂ ਦੇ ਨੰਬਰ ਫੀਡ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਮਦਦ ਲਈ ਬੁਲਾਇਆ ਜਾ ਸਕੇ।

ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਦਿਆਂ, ਕਿਸੇ ਸੰਦੇਹਪੂਰਨ ਹਲਚਲ ਨੂੰ ਦੇਖਦਿਆਂ ਜੇਕਰ ਅਸੀਂ, ਖਾਸ ਕਰਕੇ ਨੌਕਰੀ ਪੇਸ਼ਾ ਲੜਕੀਆਂ/ਔਰਤਾਂ ਜਾਗਰੂਕ ਅਤੇ ਚੇਤੰਨ ਰਹਿਣ ਤਾਂ ਬਹੁਤ ਸਾਰੇ ਅਪਰਾਧਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਇੰਜ ਅਸੀਂ ਆਪਣੀ ਤਰੱਕੀ ਦੇ ਰਾਹਾਂ 'ਚ ਆਉਂਦੀਆਂ ਸਭ ਅੜਚਨਾਂ/ਰੁਕਾਵਟਾਂ ਦੇ ਅੱਗੇ ਹਾਰ ਮੰਨਣ ਦੀ ਬਜਾਏ ਆਪਣੇ ਅੰਦਰੂਨੀ ਹੌਸਲੇ ਅਤੇ ਹਿੰਮਤ ਨਾਲ ਨਵੇਂ ਮੁਕਾਮ ਹਾਸਲ ਕਰ ਸਕਦੇ ਹਾਂ।
ਐਸੋਸੀਏਟ ਪ੍ਰੋਫੈਸਰ।
95015-31133
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 06.05.2011

ਇਹ ਲੇਖ ਵੀ ਪੜ੍ਹੋ: ਜਾਗੋ ਔਰਤ ਜਾਗੋ (ਅਪਣਾਓ ਹੇਠ ਦੱਸੇ ਉਪਾਅ) - ਡਾ: ਦੀਨਾਨਾਥ ਝਾਅ ਦਿਨਕਰ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms