ਫੇਸਬੁੱਕ (facebook.com) ਇਕ ਸਮਾਜਿਕ ਨੈੱਟਵਰਕ ਵੈੱਬਸਾਈਟ ਹੈ। ਇਸ ਦੀ ਸ਼ੁਰੂਆਤ ਫਰਵਰੀ 2004 ਵਿਚ ਬਰਤਾਨੀਆ ਵਿਚ ਹੋਈ। ਫੇਸਬੁੱਕ ਵਿਚ ਕੋਈ ਵਿਅਕਤੀ ਆਪਣੀ ਪ੍ਰੋਫਾਈਲ ਬਣਾ ਸਕਦਾ ਹੈ, ਦੋਸਤਾਂ-ਮਿੱਤਰਾਂ ਦੀ ਸੂਚੀ ਤਿਆਰ ਕਰ ਸਕਦਾ ਹੈ ਤੇ ਉਨ੍ਹਾਂ ਨੂੰ ਸੰਦੇਸ਼ ਭੇਜ ਸਕਦਾ ਹੈ।
ਫੇਸਬੁੱਕ ਦੁਨੀਆ ਭਰ ਦੀਆਂ ਸਮਾਜਿਕ ਨੈੱਟਵਰਕ ਸਾਈਟਾਂ ਵਿਚੋਂ ਸਭ ਤੋਂ ਹਰਮਨ-ਪਿਆਰੀ ਵੈੱਬਸਾਈਟ ਹੈ। ਇਸ ਵੈੱਬਸਾਈਟ ਨਾਲ 60 ਕਰੋੜ ਦੇ ਕਰੀਬ ਵਰਤੋਂਕਾਰ ਜੁੜੇ ਹੋਏ ਹਨ। ਫੇਸਬੁੱਕ ਦਾ ਆਮਦਨ ਦਾ ਸਭ ਤੋਂ ਵੱਡਾ ਸਾਧਨ ਹੈ- ਇਸ਼ਤਿਹਾਰ। ਬੈਨਰ ਇਸ਼ਤਿਹਾਰਾਂ ਲਈ ਮਾਈਕ੍ਰੋਸਾਫ਼ਟ ਫੇਸਬੁੱਕ ਦਾ ਵਿਸ਼ੇਸ਼ ਭਾਗੀਦਾਰ ਹੈ। ਫੇਸਬੁੱਕ ਦਾ ਵਰਤੋਂਕਾਰ ਆਪਣੇ ਸਾਥੀ ਨਾਲ ਪ੍ਰਾਈਵੇਟ ਜਾਂ ਜਨਤਕ ਸੰਦੇਸ਼ਾਂ ਅਤੇ ਚੈਟਿੰਗ ਸੁਵਿਧਾ ਰਾਹੀਂ ਜੁੜ ਸਕਦਾ ਹੈ। ਇਸ ਉੱਤੇ ਆਪਣਾ ਪਸੰਦ ਦਾ ਗਰੁੱਪ (Fan Page) ਵੀ ਬਣਾਇਆ ਜਾ ਸਕਦਾ ਹੈ।
ਨਿੱਜੀ ਜਾਣਕਾਰੀ ਨੂੰ ਗੁਪਤ ਰੱਖਣ ਦੇ ਸਬੰਧ ਵਿਚ ਵਰਤੋਂਕਾਰ ਦੇ ਆਪਣੇ ਹੱਥ ਹੁੰਦਾ ਹੈ ਕਿ ਉਸ ਨੇ ਕਿਹੜੀ ਜਾਣਕਾਰੀ ਗੁਪਤ ਰੱਖਣੀ ਹੈ, ਕਿਹੜੀ ਖ਼ਾਸ ਮਿੱਤਰਾਂ ਨੂੰ ਭੇਜਣੀ ਹੈ ਤੇ ਕਿਹੜੀ ਸਾਰਿਆਂ ਲਈ ਜਨਤਕ ਕਰਨੀ ਹੈ। ਫੇਸਬੁੱਕ ਮੁਫ਼ਤ ਸੇਵਾਵਾਂ ਪ੍ਰਦਾਨ ਕਰਵਾਉਣ ਵਾਲੀ ਦਮਦਾਰ ਵੈੱਬਸਾਈਟ ਹੈ। ਇਸ ਦੀ ਵਰਤੋਂ ਕੈਨੇਡਾ, ਬਰਤਾਨੀਆ, ਅਮਰੀਕਾ ਆਦਿ ਸਮੇਤ ਦੁਨੀਆ ਦੇ ਅੰਗਰੇਜ਼ੀ ਬੋਲਦੇ ਦੇਸ਼ਾਂ ਵਿਚ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ।
ਫੇਸਬੁੱਕ ਨੇ ਮਨੁੱਖੀ ਜ਼ਿੰਦਗੀ ਨੂੰ ਬੜਾ ਨੇੜਿਉਂ ਪ੍ਰਭਾਵਿਤ ਕੀਤਾ ਹੈ। ਇਸ ਨੇ ਦੁਨੀਆ ਦੇ ਕਈ ਵਿੱਛੜੇ ਵਿਅਕਤੀਆਂ ਨੂੰ ਮਿਲਾਇਆ ਹੈ, ਬਿਗਾਨਿਆਂ ਨੂੰ ਗਲਵੱਕੜੀ ਪਾ ਕੇ ਆਪਣਾ ਬਣਾਇਆ ਹੈ ਤੇ ਪਾਕ ਪਵਿੱਤਰ ਰਿਸ਼ਤਿਆਂ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਬਣਾਇਆ ਹੈ। ਫੇਸਬੁੱਕ 'ਤੇ ਖੇਤਰੀ ਭਾਸ਼ਾਵਾਂ ਵਿਚ ਕੰਮ ਕਰਨ ਦੀ ਸੁਵਿਧਾ ਵੀ ਉਪਲਬਧ ਹੈ। ਤੁਸੀਂ ਪੰਜਾਬੀ (ਯੂਨੀਕੋਡ) ਵਿਚ ਆਪਣੀ ਪ੍ਰੋਫਾਈਲ ਬਣਾ ਸਕਦੇ ਹੋ, ਦੋਸਤਾਂ ਦੀ ਸੂਚੀ ਤਿਆਰ ਕਰ ਸਕਦੇ ਹੋ ਤੇ ਸੰਦੇਸ਼ ਭੇਜ ਸਕਦੇ ਹੋ। ...ਤੇ ਫਿਰ ਉਡੀਕ ਕਿਸ ਗੱਲ ਦੀ। ਤੁਸੀਂ ਵੀ ਫੇਸਬੁੱਕ 'ਤੇ ਬਣਾਓ ਆਪਣਾ ਖਾਤਾ ਤੇ ਦਾਖਲ ਹੋ ਜਾਓ ਸਮਾਜਿਕ ਨੈੱਟਵਰਕ ਦੀ ਇਸ ਅਨੋਖੀ ਦੁਨੀਆ 'ਚ।
-ਕੰਪਿਊਟਰ ਪ੍ਰੋਗਰਾਮਰ, ਘਰ ਨੰ: 37, ਅਰਬਨ ਅਸਟੇਟ-3, ਪਟਿਆਲਾ।
ਈ-ਮੇਲ: punjabicomputer@gmail.com
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 24.04.2011
ਹੋਰ ਲੇਖ:
ਨੈਤਿਕਤਾ ਦੇ ਆਧਾਰ 'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਮੈਨੂੰ ਸੋਸ਼ਲ ਨੈੱਟਵਰਕਿੰਗ (ਫੇਸਬੁੱਕ) ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?
ਦੋਸਤੀ ਦੀ ਨਵੀਂ ਕਿਤਾਬ ਫੇਸਬੁੱਕ - ਲੋਕ ਮਿੱਤਰ