Saturday, August 13, 2011

ਦੋਸਤੀ ਦੀ ਨਵੀਂ ਕਿਤਾਬ ਫੇਸਬੁੱਕ - ਲੋਕ ਮਿੱਤਰ

ਦੋਸਤੀ ਨਾ ਕੋਈ ਖੋਜ ਹੈ ਤੇ ਨਾ ਹੀ ਕੋਈ ਵਿਦਵਤਾ ਦਾ ਨਤੀਜਾ ਹੈ। ਦੋਸਤੀ ਉਦੋਂ ਵੀ ਸੀ ਜਦੋਂ ਅਸੀਂ ਦੋਸਤੀ ਦਾ ਅਰਥ ਵੀ ਨਹੀਂ ਜਾਣਦੇ ਸੀ; ਕਿਉਂਕਿ ਦੋਸਤੀ ਜ਼ਰੂਰਤ ਸੀ, ਹੈ ਅਤੇ ਰਹੇਗੀ। ਇਨਸਾਨ ਨੇ ਜਾਨਵਰਾਂ ਤੋਂ ਆਪਣੇ-ਆਪ ਨੂੰ ਵੱਖਰਾ ਅਤੇ ਬਿਹਤਰ ਸ਼ਾਇਦ ਤਾਂ ਹੀ ਬਣਾਇਆ ਜਦੋਂ ਉਸ ਨੇ ਇਕੱਠਿਆਂ ਰਹਿਣਾ ਸ਼ੁਰੂ ਕੀਤਾ, ਮੁਸ਼ਕਿਲਾਂ ਨਾਲ ਮਿਲ ਕੇ ਮੁਕਾਬਲਾ ਕਰਨਾ ਸ਼ੁਰੂ ਕੀਤਾ ਅਤੇ ਨਾਲ-ਨਾਲ ਦੁੱਖ-ਸੁੱਖ ਭੋਗਣ ਅਤੇ ਵੰਡਾਉਣਾ ਸ਼ੁਰੂ ਕੀਤਾ। ਉਦੋਂ ਹੀ ਇਨਸਾਨ ਨੇ ਜਾਣਿਆ ਹੋਵੇਗਾ ਕਿ ਇਸ ਕਲਾ ਨੂੰ ਜਿਸ ਨੂੰ ਅੱਜ ਅਸੀਂ ਦੋਸਤੀ ਕਹਿ ਸਕਦੇ ਹਾਂ। ਇਨਸਾਨ ਨੇ ਉਦੋਂ ਹੀ ਸਿੱਖਿਆ ਹੋਵੇਗਾ ਕਿ ਕਿਵੇਂ ਬਰਾਬਰ ਹਿੱਤਾਂ, ਚਾਹਤਾਂ, ਖਾਹਿਸ਼ਾਂ ਲਈ ਅਜਨਬੀ ਲੋਕਾਂ ਦਾ ਸਾਥ ਹਾਸਲ ਕੀਤਾ ਜਾਂਦਾ ਹੈ ਅਤੇ ਕਿੱਦਾਂ ਉਨ੍ਹਾਂ ਨੂੰ ਨਾਲ ਲਿਆ ਜਾਂਦਾ ਹੈ। ਗੁਫ਼ਾ ਕਾਲ ਵਿਚ ਵੀ ਇਨਸਾਨ ਨਾ ਤਾਂ ਸਿਰਫ਼ ਇਕੱਲਾ ਰਹਿੰਦਾ ਸੀ ਅਤੇ ਨਾ ਹੀ ਲੋਕਾਂ ਤੋਂ ਵੱਖ ਹੋ ਕੇ ਰਹਿੰਦਾ ਸੀ। ਜੰਗਲ ਵਿਚ ਰਹਿੰਦੇ ਹੋਏ ਵੀ ਉਹ ਦੋਸਤੀ ਦੇ ਦਾਇਰੇ ਵਿਚ ਬੱਝਾ ਹੋਇਆ ਸੀ, ਇਹੀ ਦੋਸਤੀ ਦਾ ਦਾਇਰਾ ਉਸ ਨੂੰ ਜਾਨਵਰਾਂ ਦੇ ਝੁੰਡ ਤੋਂ ਵੱਖ ਕਰਦਾ ਸੀ। ਜਿਵੇਂ-ਜਿਵੇਂ ਵੱਖਰੇ-ਵੱਖਰੇ ਦੌਰ ਵਿਚ ਜਿਊਣ, ਰਹਿਣ, ਮਿਲਣ-ਜੁਲਣ ਅਤੇ ਆਪਸ ਵਿਚ ਸਾਰੇ ਦੂਜੇ ਰਿਸ਼ਤਿਆਂ ਦੀਆਂ ਕਹਾਣੀਆਂ ਬਦਲੀਆਂ ਹਨ, ਉਹੋ ਜਿਹਾ ਹੀ ਕੁਝ ਦੋਸਤੀ ਨਾਲ ਵੀ ਹੋਇਆ ਹੈ। ਇੰਟਰਨੈੱਟ ਦੇ ਇਸ ਦੌਰ ਦੀ ਦੋਸਤੀ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਗਿਆ ਹੈ।

ਅੱਜ ਦੋਸਤੀ ਦਾ ਇਤਿਹਾਸ, ਭੂਗੋਲ ਪੂਰੀ ਤਰ੍ਹਾਂ ਬਦਲ ਗਿਆ ਹੈ। ਦੋਸਤੀ ਦੀ ਜਿਸ ਕਿਤਾਬ ਨੇ ਇਸ ਨੂੰ ਮੁੱਢੋਂ-ਸੁੱਢੋਂ ਹੀ ਬਦਲ ਕੇ ਰੱਖ ਦਿੱਤਾ ਹੈ, ਉਸ ਦਾ ਨਾਂਅ ਹੈ ਫੇਸਬੁੱਕ। ਫੇਸਬੁੱਕ ਅੱਜ ਦੇ ਦੌਰ ਦੀ ਦੋਸਤੀ ਦਾ ਇਕ ਅਜਿਹਾ ਨਾਂਅ ਹੈ, ਜਿਸ ਦੀ ਪ੍ਰੀਭਾਸ਼ਾ ਦੇ ਦਾਇਰੇ ਵਿਚ ਹਰ ਤਰ੍ਹਾਂ ਦੀ ਦੋਸਤੀ ਆ ਜਾਂਦੀ ਹੈ। ਇਹ ਇੰਟਰਨੈੱਟ ਦੇ ਜ਼ਰੀਏ ਸਮਾਜਿਕ ਨੈੱਟਵਰਕਿੰਗ ਦਾ ਦੌਰ ਹੈ। ਅੱਜ ਦੀ ਰੁਝੇਵਿਆਂ ਭਰੀ ਅਤੇ ਵਿਸ਼ਵ-ਵਿਆਪੀ ਦੁਨੀਆ ਵਿਚ ਸ਼ਾਇਦ ਨਾ ਚਾਹੁੰਦਿਆਂ ਹੋਇਆਂ ਵੀ ਇਹੀ ਬਦਲ ਹੈ। ਅੱਜ ਸਾਡੇ ਕੋਲ ਪਿਛਲੀ ਸਦੀ ਦੇ 60 ਅਤੇ 70 ਦੇ ਦਹਾਕੇ ਵਾਂਗ ਦੋਸਤਾਂ ਨਾਲ ਮਜਮਾਂ ਲਗਾਉਣ, ਠਹਾਕੇ ਲਗਾਉਣ, ਬੈਠਕਾਂ ਕਰਨ ਅਤੇ ਗੁਲਸ਼ਰੇ ਉਡਾਉਣ ਦੇ ਲਈ ਕਿਸ ਕੋਲ ਮਨਚਾਹਿਆ ਸਮਾਂ ਹੈ। ਇਕ ਜ਼ਮਾਨੇ ਵਿਚ ਕਿਹਾ ਜਾਂਦਾ ਸੀ ਕਿ ਅੰਗਰੇਜ਼ ਹਿੰਦੁਸਤਾਨੀਆਂ ਦੇ ਮੁਕਾਬਲੇ ਦਿਮਾਗੀ ਤੌਰ 'ਤੇ ਬਹੁਤ ਤੇਜ਼ ਹੁੰਦਾ ਹੈ। ਉਸ ਕੋਲ ਏਨਾ ਕੰਮ ਹੁੰਦਾ ਹੈ ਕਿ ਹਿੰਦੁਸਤਾਨੀਆਂ ਵਾਂਗ ਉਸ ਕੋਲ ਫੁਰਸ਼ਤ ਨਹੀਂ ਹੁੰਦੀ ਪਰ ਅੱਜ ਅਸੀਂ 1950-60 ਦੇ ਇੰਗਲੈਂਡ ਵਾਸੀਆਂ ਦੇ ਮੁਕਾਬਲੇ 300 ਫ਼ੀਸਦੀ ਜ਼ਿਆਦਾ ਤੇਜ਼ ਰਫ਼ਤਾਰ ਜ਼ਿੰਦਗੀ ਜੀਅ ਰਹੇ ਹਾਂ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਵੇਂ ਸਾਡਾ ਸ਼ੁਮਾਰ ਤੀਜੀ ਦੁਨੀਆ ਦੇ ਦੇਸ਼ਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਹੁਣ ਵੀ ਹੋ ਰਿਹਾ ਹੈ ਪਰ ਸਾਡੇ ਇਥੇ ਦੀ ਜ਼ਿੰਦਗੀ ਗੋਲੀ ਦੀ ਰਫ਼ਤਾਰ ਨਾਲੋਂ ਤੇਜ਼ ਚਲ ਰਹੀ ਹੈ। ਉਹ ਦਿਨ ਗਏ ਜਦ ਲੋਕ ਆਪਣੇ-ਆਪ ਨੂੰ ਯਾਰਾਂ ਦਾ ਯਾਰ ਅਤੇ ਮਸਤਮਲੰਗ ਕਿਹਾ ਕਰਦੇ ਸਨ। ਅੱਜ ਤੇਜ਼ ਰਫ਼ਤਾਰ ਜੀਵਨਸ਼ੈਲੀ ਦੇ ਇਕ-ਇਕ ਪਲ ਨਾਲ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਬੱਝੀ ਹੋਈ ਹੈ।

ਸਿਰਫ਼ ਸਮਾਂ ਨਾ ਹੋਣ ਅਤੇ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਜਾਣ ਦੀ ਵਜ੍ਹਾ ਕਰਕੇ ਹੀ ਫੇਸਬੁੱਕ ਦੋਸਤੀ ਦਾ ਇਕ ਨਵਾਂ ਸਮਾਜ ਸ਼ਾਸਤਰ ਬਣ ਕੇ ਉਭਰੀ ਹੈ। ਇਸ ਵੈੱਬਸਾਈਟ ਨੇ ਦੁਨੀਆ ਭਰ ਵਿਚ ਦੋਸਤੀ ਦੇ ਰਵਾਇਤੀ ਅਰਥਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਸੰਨ 2004 ਵਿਚ ਮਾਰਕ ਜੁਕਰਬਰਗ ਅਤੇ ਉਸ ਦੇ ਦੋ ਹੋਰ ਸਹਿਪਾਠੀਆਂ ਨੇ ਮਿਲ ਕੇ ਫੇਸਬੁੱਕ ਨਾਂਅ ਦੀ ਇਹ ਕਾਢ ਕੱਢੀ। ਇਨ੍ਹਾਂ 7 ਸਾਲਾਂ ਵਿਚ ਹੀ ਫੇਸਬੁੱਕ ਨੇ ਕਈ ਨਵੀਆਂ-ਪੁਰਾਣੀਆਂ, ਬੁੱਢੀਆਂ-ਜਵਾਨ ਅਤੇ ਹਰ ਉਸ ਵਿਅਕਤੀ ਲਈ ਜੋ ਇਸ ਤੇਜ਼ ਗਤੀ ਦੇ ਸੰਚਾਰ ਯੁੱਗ ਵਿਚ ਹਰ ਸਮੇਂ ਦੁਨੀਆ ਨਾਲ ਜੁੜਿਆ ਰਹਿਣ ਦਾ ਖਾਹਿਸ਼ਮੰਦ ਹੈ, ਦੀ ਦੁਨੀਆ ਹੀ ਬਦਲ ਕੇ ਰੱਖ ਦਿੱਤੀ। ਸਿਰਫ਼ 7 ਸਾਲਾਂ ਵਿਚ ਹੀ ਜਿਸ ਤਰ੍ਹਾਂ ਅੱਜ ਇਸ ਦੀ ਵਰਤੋਂ ਕਰਨ ਵਾਲੇ 75 ਕਰੋੜ ਤੋਂ ਜ਼ਿਆਦਾ ਹੋ ਗਏ ਹਨ, ਉਸ ਤੋਂ ਤਾਂ ਬੱਸ ਇਸ ਲਈ ਇਹੀ ਇਕ ਸ਼ਬਦ ਸ਼ਾਇਦ ਢੁੱਕਵਾਂ ਹੋਵੇਗਾ, 'ਫੇਸਬੁੱਕ ਜਾਦੂ ਹੈ ਜਿਸ ਨੇ ਦੇਖਦਿਆਂ ਹੀ ਦੇਖਦਿਆਂ ਪੂਰੀ ਦੁਨੀਆ ਨੂੰ ਆਪਣੇ ਮੋਹਭਾਸ਼ ਵਿਚ ਬੰਨ੍ਹ ਲਿਆ ਹੈ।'

ਫੇਸਬੁੱਕ ਨੂੰ ਜਿਥੇ ਵੱਡੀ ਗਿਣਤੀ ਵਿਚ ਪਸੰਦ ਕਰਨ ਵਾਲੇ ਹਨ, ਉਥੇ ਇਸ ਨੂੰ ਨਾਪਸੰਦ ਕਰਨ ਵਾਲੇ ਵੀ ਹਨ। ਇਨ੍ਹਾਂ ਦੋਵਾਂ ਵਿਚਾਲੇ ਅਕਸਰ ਇਹ ਬਹਿਸ ਜਾਰੀ ਰਹਿੰਦੀ ਹੈ ਕਿ ਫੇਸਬੁੱਕ ਕੀ ਅਸਲ ਵਿਚ ਦੋਸਤੀ ਦਾ ਨਵਾਂ ਰੂਪ ਹੈ ਜਾਂ ਫਿਰ ਇਹ ਬੇਗ਼ੈਰਤ ਦੁਨੀਆ ਵਿਚ ਦੋਸਤੀ ਨੂੰ ਹਮੇਸ਼ਾ-ਹਮੇਸ਼ਾ ਲਈ ਦਫਨਾਉਣ ਦਾ ਜ਼ਰੀਆ ਹੈ? ਦੋਸਤੀ ਦੇ ਪੁਰਾਣੇ ਪੈਮਾਨਿਆਂ ਨੂੰ ਫੇਸਬੁੱਕ ਨਹੀਂ ਮੰਨਦੀ ਅਤੇ ਇਸ ਲਈ ਨਵੇਂ-ਨਵੇਂ ਮਾਪਦੰਡ ਮਿਥਦੀ ਹੈ। ਦੋਸਤੀ ਦੇ ਜਿਥੇ ਪੁਰਾਣੇ ਮਾਪਦੰਡ ਜਾਂ ਕਸੌਟੀਆਂ ਸਨ, ਜਿਵੇਂ ਇਕ-ਦੂਜੇ ਨਾਲ ਜ਼ਿਆਦਾ ਸਮਾਂ ਗੁਜ਼ਾਰਨਾ, ਇਕੱਠਿਆਂ ਉਠਣਾ-ਬੈਠਣਾ, ਖਾਣਾ-ਪੀਣਾ, ਇਕ-ਦੂਜੇ ਨੂੰ ਬਹੁਤ ਡੂੰਘਾਈ ਤੱਕ ਜਾਣਨਾ ਅਤੇ ਪ੍ਰੇਸ਼ਾਨੀ ਵਿਚ ਕਿਸੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਾ ਆਦਿ। ਫੇਸਬੁੱਕ ਨੇ ਦੋਸਤੀ ਦੀਆਂ ਇਨ੍ਹਾਂ ਸਾਰੀਆਂ ਪੁਰਾਣੀਆਂ ਕਸੌਟੀਆਂ ਨੂੰ ਅਰਥਹੀਣ ਜਾਂ ਬੇਮਤਲਬ ਬਣਾ ਦਿੱਤਾ ਹੈ।

ਫੇਸਬੁੱਕ ਨੇ ਦੋਸਤੀ ਨੂੰ ਨਵੇਂ ਸ਼ਬਦ, ਸੰਦਰਭ ਹੀ ਨਹੀਂ ਬਲਕਿ ਨਵੇਂ ਅਰਥ ਵੀ ਦਿੱਤੇ ਹਨ। ਫੇਸਬੁੱਕ ਵਿਚ ਕਿਸੇ ਨਾਲ ਦੋਸਤੀ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਉਸ ਨੂੰ ਕਦੋਂ ਤੋਂ ਜਾਣਦੇ ਹੋ, ਕਿੰਨਾ ਜਾਣਦੇ ਹੋ, ਨਾ ਹੀ ਇਹ ਆਧਾਰ ਹੈ ਕਿ ਤੁਸੀਂ ਉਸ ਨੂੰ ਕਦੇ ਮਿਲੇ ਵੀ ਹੋ ਜਾਂ ਨਹੀਂ ਮਿਲੇ। ਫੇਸਬੁੱਕ ਨੇ ਦੋਸਤੀ ਦੀ ਨਵੀਂ ਅਤੇ ਬੇਹੱਦ ਸਰਲ ਪ੍ਰੀਭਾਸ਼ਾ ਰਚੀ ਹੈ। ਫੇਸਬੁੱਕ ਇਕ ਅਜਿਹਾ ਵਿਸ਼ਵ-ਵਿਆਪੀ ਮਾਧਿਅਮ ਹੈ, ਜਿਸ ਦੇ ਜ਼ਰੀਏ ਕੋਈ ਵੀ ਕਿਸੇ ਦਾ ਦੋਸਤ ਬਣ ਸਕਦਾ ਹੈ, ਚਾਹੇ ਉਹ ਉਸ ਨੂੰ ਜਾਣਦਾ ਹੋਵੇ ਜਾਂ ਨਾ ਜਾਣਦਾ ਹੋਵੇ। ਅੱਜ ਦੋਸਤੀ ਕਰਨ ਲਈ ਸਾਨੂੰ ਆਪਣੇ ਗਲੀ-ਗੁਆਂਢ, ਪਿੰਡ ਜਾਂ ਸ਼ਹਿਰ ਤੱਕ ਹੀ ਸੀਮਤ ਨਹੀਂ ਰਹਿਣਾ ਪੈਂਦਾ। ਅੱਜ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਰਹਿਣ ਵਾਲੇ ਵਿਅਕਤੀ ਨਾਲ ਦੋਸਤੀ ਕਰ ਸਕਦੇ ਹਾਂ ਤੇ ਗੱਲਬਾਤ ਕਰ ਸਕਦੇ ਹਾਂ।

ਜਿਹੜੇ ਫੇਸਬੁੱਕ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦੀ ਗੱਲ ਵਿਚ ਵੀ ਦਮ ਹੈ। ਜਿਵੇਂਕਿ ਫੇਸਬੁੱਕ ਇਕ ਨਸ਼ਾ ਹੈ, ਫੇਸਬੁੱਕ ਵਿਚ ਹੋਣਾ ਅਤੇ ਲਗਾਤਾਰ ਆਪਣੇ-ਆਪ ਨੂੰ ਅਪਡੇਟ ਕਰਦੇ ਰਹਿਣਾ ਸਿਰਫ਼ ਜ਼ਰੂਰਤ ਦੀ ਗੱਲ ਨਹੀਂ ਹੈ। ਇਹ ਇਕ ਤਰ੍ਹਾਂ ਦਾ ਨਸ਼ਾ ਵੀ ਹੈ। ਜਿਸ ਕਾਰਨ ਫੇਸਬੁੱਕ ਦੀ ਸਾਰੇ ਲੋਕ ਆਲੋਚਨਾ ਕਰਦੇ ਹਨ ਅਤੇ ਇਸ ਨੂੰ ਆਪਣੀ ਤਰੱਕੀ ਦੇ ਰਾਹ ਵਿਚ ਰੋੜ੍ਹੇ ਵਾਂਗ ਦੇਖਦੇ ਹਨ। ਪਰ ਦੁਨੀਆ ਦੀ ਹਰ ਬਿਹਤਰੀਨ ਅਤੇ ਕੀਮਤੀ ਚੀਜ਼ ਵਿਚ ਵੀ ਕੁਝ ਨਾ ਕੁਝ ਖਾਮੀ ਤਾਂ ਹੁੰਦੀ ਹੀ ਹੈ। ਆਖਿਰ ਜਿਸ ਲਈ ਇਹ ਪੂਰੀ ਦੁਨੀਆ ਦੀਵਾਨੀ ਰਹਿੰਦੀ ਹੈ, ਉਸ ਹੀਰੇ ਨੂੰ ਜੇਕਰ ਕੋਈ ਦੀਵਾਨਾ ਨਿਗਲ ਲਵੇ ਤਾਂ ਕੀ ਹੋਵੇਗਾ? ਜ਼ਾਹਿਰ ਹੈ ਕਿ ਉਸ ਦੀ ਮੌਤ ਹੋਵੇਗੀ। ਇਸ ਲਈ ਹੀਰਾ ਖ਼ਤਰਨਾਕ ਹੈ ਪਰ ਜਦ ਸਾਨੂੰ ਪਤਾ ਹੈ ਕਿ ਹੀਰਾ ਨਹੀਂ ਨਿਗਲਣਾ ਚਾਹੀਦਾ ਤਾਂ ਕੀ ਹੀਰਾ ਨਿਗਲ ਲੈਣ ਦੀ ਜ਼ਿੱਦ ਜਾਂ ਨਿਗਲ ਲੈਣ ਦੀ ਹਰ ਹਾਲ ਵਿਚ ਬੇਵਕੂਫ਼ੀ ਘੱਟ ਖਤਰਨਾਕ ਹੈ। ਫੇਸਬੁੱਕ ਦੇ ਨਾਲ ਵੀ ਅਜਿਹਾ ਹੀ ਹੈ। ਫੇਸਬੁੱਕ ਦਾ ਜੇਕਰ ਅਸੀਂ ਜਾਗਰੂਕਤਾ ਨਾਲ ਵਿਹਾਰਕ ਇਸਤੇਮਾਲ ਕਰੀਏ ਤਾਂ ਇਹ ਨਾ ਸਿਰਫ਼ ਇਕ ਦੋਸਤੀ ਦੀ ਬਲਕਿ ਬਰਾਬਰ ਦੇ ਲਾਭ ਵਾਲੇ ਇਕ ਸਾਂਝੇ ਮੰਚ ਦੀ ਤਰ੍ਹਾਂ ਇਸ ਦਾ ਇਸਤੇਮਾਲ ਕਰ ਸਕਦੇ ਹਾਂ।

ਫੇਸਬੁੱਕ ਵਿਚ ਕਰੋੜਾਂ ਲੋਕ ਜੋ ਹਰ ਸਮੇਂ ਦੁਨੀਆ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਇਕ-ਦੂਸਰੇ ਨਾਲ ਰਾਬਤਾ ਕਾਇਮ ਕਰਦੇ ਹਨ, ਉਹ ਮਹਿਜ਼ ਸਮਾਂ ਹੀ ਬਰਬਾਦ ਨਹੀਂ ਕਰਦੇ ਬਲਕਿ ਬਹੁਤ ਸਾਰਾ ਲਾਭ ਵੀ ਹਾਸਲ ਕਰਦੇ ਹਨ। ਆਖਿਰ ਅਸੀਂ ਇੰਟਰਨੈੱਟ ਵਿਚ ਆਪਣੀਆਂ ਹੀ ਰੁਚੀਆਂ ਵਾਲੇ ਦੇਸ਼ ਹੀ ਨਹੀਂ, ਪੂਰੀ ਦੁਨੀਆ ਦੇ ਲੋਕਾਂ ਦੇ ਸੰਪਰਕ ਵਿਚ ਰਹਿ ਸਕਦੇ ਹਾਂ, ਜਿਸ ਨਾਲ ਸਾਨੂੰ ਅਣਗਿਣਤ ਕਿਸਮ ਦੇ ਫਾਇਦੇ ਵੀ ਹੋ ਸਕਦੇ ਹਨ। ਅਸੀਂ ਆਪਣੇ ਗਿਆਨ ਵਿਚ ਵਾਧਾ ਕਰ ਸਕਦੇ ਹਾਂ, ਕਾਰੋਬਾਰ ਵਿਚ ਵਾਧਾ ਕਰ ਸਕਦੇ ਹਾਂ, ਵਿਚਾਰਾਂ ਵਿਚ ਤੇਜ਼ੀ ਅਤੇ ਨਿਖਾਰ ਲਿਆ ਸਕਦੇ ਹਾਂ ਅਤੇ ਆਪਣੀ ਸ਼ਖ਼ਸੀਅਤ ਦਾ ਕਿਸੇ ਵੀ ਹੱਦ ਤੱਕ ਵਿਕਾਸ ਕਰ ਸਕਦੇ ਹਾਂ। ਅਜਿਹਾ ਹੋ ਵੀ ਰਿਹਾ ਹੈ, ਅੱਜ ਕਰੋੜਾਂ ਪੇਸ਼ਾਵਾਰ ਲੋਕ ਪੂਰੀ ਦੁਨੀਆ ਵਿਚ ਆਪਣੇ ਵਰਗੇ ਸਾਰੇ ਦੂਜੇ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਇਕ ਦੂਜੇ ਦੀ ਸਫ਼ਲਤਾ ਅਤੇ ਸਮੱਸਿਆਵਾਂ ਦੇ ਤਜਰਬਿਆਂ ਦਾ ਫਾਇਦਾ ਲੈ ਰਹੇ ਹਨ।

ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਅੱਜ ਦੀ ਤਰੀਕ ਵਿਚ ਕੁਝ ਅਜਿਹੇ ਲੋਕ ਖਾਸ ਕਰਕੇ ਅੱਲੜ੍ਹ ਉਮਰ ਦੇ ਅਤੇ ਨੌਜਵਾਨ, ਫੇਸਬੁੱਕ ਵਿਚ ਭੜਕੀਲਾ ਮਸਾਲਾ ਲੱਭਦੇ ਹਨ। ਸਾਨੂੰ ਹਰ ਹਾਲ ਵਿਚ ਇਸ ਸੱਚ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਹੁਣ ਅਜਿਹੇ ਲੋਕ ਸਿਰਫ਼ 10 ਫੀਸਦੀ ਵੀ ਨਹੀਂ ਰਹੇ ਹਨ। ਸ਼ੁਰੂ ਵਿਚ ਜ਼ਰੂਰ ਫੇਸਬੁੱਕ ਵਿਚ ਜਾਂ ਕਿਸੇ ਵੀ ਸਮਾਜਿਕ ਨੈੱਟਵਰਕ ਸਾਈਟ ਵਿਚ ਅਜਿਹੇ ਲੋਕਾਂ ਨੇ ਧਾਵਾ ਬੋਲਿਆ ਸੀ, ਜੋ ਆਪਣੀ ਪਹਿਚਾਣ ਛੁਪਾਉਣ ਤੋਂ ਲੈ ਕੇ ਆਪਣੀ ਲੋਕੇਸ਼ਨ ਤੱਕ ਛੁਪਾਉਣ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਫੇਸਬੁੱਕ ਨੂੰ ਫਲਰਟਿੰਗ ਦੀ ਬੁੱਕ ਬਣਾ ਦਿੱਤਾ ਸੀ। ਪਰ ਛੇਤੀ ਹੀ ਲੋਕ ਇਸ ਤੋਂ ਅੱਕ ਗਏ ਅਤੇ ਹੁਣ ਅਸਲ ਵਿਚ ਫੇਸਬੁੱਕ ਅਜਿਹੇ ਲੋਕਾਂ ਦੀ ਦੋਸਤੀ ਦਾ ਅੱਡਾ ਹੈ, ਅਜਿਹੇ ਲੋਕਾਂ ਦਾ ਮਿਲਾਪ ਦਾ ਥਾਂ ਹੈ, ਜਿਨ੍ਹਾਂ ਲਈ ਕਾਮੁਕਤਾ ਕੋਈ ਪਹਿਲ ਨਹੀਂ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਅੱਜ ਫੇਸਬੁੱਕ ਸਾਲਾਨਾ ਦੋ ਅਰਬ ਡਾਲਰ ਤੋਂ ਜ਼ਿਆਦਾ ਦੇ ਸਿੱਧੇ ਕਾਰੋਬਾਰੀ ਲੈਣ-ਦੇਣ ਦਾ ਜ਼ਰੀਆ ਨਾ ਬਣੀ ਹੁੰਦੀ।

ਅੱਜ ਫੇਸਬੁੱਕ ਦੀ ਦੋਸਤੀ ਕਿਸ ਤਰ੍ਹਾਂ ਜੀਵਨਸ਼ੈਲੀ ਦੇ ਅਨੁਕੂਲ ਸਾਡੀ ਮਜਬੂਰੀ ਬਣ ਗਈ ਹੈ, ਉਸ ਨੂੰ ਅਸੀਂ ਆਪਣੇ ਰੋਜ਼ਮਰ੍ਹਾ ਦੇ ਫਾਇਦਿਆਂ ਨਾਲ ਵੀ ਆਸਾਨੀ ਨਾਲ ਜੋੜ ਕੇ ਦੇਖ ਸਕਦੇ ਹਾਂ। ਫੇਸਬੁੱਕ ਅੱਜ ਦੁਨੀਆ ਵਿਚ ਸਾਲਾਨਾ ਹਜ਼ਾਰਾਂ ਵਿਆਹਾਂ ਦਾ ਜ਼ਰੀਆ ਬਣ ਰਹੀ ਹੈ। ਸਾਲ 2009-10 ਵਿਚ ਇਕ ਅੰਦਾਜ਼ੇ ਮੁਤਾਬਿਕ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਫੇਸਬੁੱਕ ਦੇ ਜ਼ਰੀਏ ਵਿਆਹ ਕੀਤੇ। ਇਸੇ ਹੀ ਸਮੇਂ ਦੌਰਾਨ 3 ਲੱਖ ਤੋਂ ਵਧੇਰੇ ਲੋਕਾਂ ਨੇ ਆਪਣੀ ਨੌਕਰੀ ਨੂੰ ਇਸ ਦੇ ਰਾਹੀਂ ਬਿਹਤਰ ਬਣਾਇਆ ਅਤੇ ਇਸ ਤੋਂ ਵੀ ਵਧੇਰੇ ਲੋਕਾਂ ਨੇ ਤਕਰੀਬਨ 4 ਲੱਖ ਨੇ ਆਪਣੇ ਗਿਆਨ, ਸਮਝ ਵਿਚ ਬਿਹਤਰੀ ਹਾਸਲ ਕੀਤੀ। ਅੱਜ ਤੁਸੀਂ ਜਿਨ੍ਹਾਂ ਸਾਰੀਆਂ ਸਹੂਲਤਾਂ ਅਤੇ ਮਾਰਗ ਦਰਸ਼ਨ ਨੂੰ ਮਾਹਿਰਾਂ ਤੋਂ ਸੇਵਾ ਖਰੀਦ ਕੇ ਹਾਸਿਲ ਕਰਦੇ ਹੋ, ਉਹ ਸਭ ਕੁਝ ਫੇਸਬੁੱਕ 'ਤੇ ਮੁਫ਼ਤ ਅਤੇ ਬਿਨਾਂ ਕਿਸੇ ਅਹਿਸਾਨ ਜਾਂ ਉਲਾਂਭੇ ਦੇ ਮੌਜੂਦ ਹੈ। ਇਨਸਾਨ ਵਿਚ ਹਮੇਸ਼ਾ ਇਕ-ਦੂਜੇ ਨੂੰ ਜਾਣਨ ਦੀ ਬੇਹੱਦ ਜਗਿਆਸਾ ਹੁੰਦੀ ਹੈ। ਸ਼ਾਇਦ ਦੋਸਤੀ ਦਾ ਬੀਜ ਇਸ ਦੇ ਗਰਭ ਵਿਚੋਂ ਨਿਕਲਿਆ ਹੋਵੇਗਾ। ਫੇਸਬੁੱਕ ਅਜਨਬੀ ਲੋਕਾਂ ਦੇ ਨਾਲ ਜਾਣ-ਪਹਿਚਾਣ ਦਾ ਜ਼ਰੀਆ ਬਣ ਕੇ ਕਰੋੜਾਂ-ਕਰੋੜਾਂ ਲੋਕਾਂ ਦੀ ਇਸ ਮਨੋਵਿਗਿਆਨਿਕ ਇੱਛਾ ਦੀ ਪੂਰਤੀ ਕਰਦੀ ਹੈ। ਫੇਸਬੁੱਕ ਨਾ ਸਿਰਫ਼ ਇਸ ਦੌਰ ਦੀ ਦੋਸਤੀ ਦੀ ਨਵੀਂ ਕਿਤਾਬ ਹੈ, ਬਲਕਿ ਇਹ ਜ਼ਿੰਦਗੀ ਜਿਊਣ ਦੀ ਇਕ ਮੁਕੰਮਲ ਲੋੜ ਵੀ ਬਣਦੀ ਜਾ ਰਹੀ ਹੈ।

ਇਸ ਲਈ ਫੇਸਬੁੱਕ ਨੂੰ ਕੋਸੋ ਨਾ, ਇਸ ਨਾਲ ਜੁੜੋ ਅਤੇ ਇਸ ਦੇ ਫਾਇਦੇ ਹਾਸਲ ਕਰੋ ਪਰ ਇਸ ਦੀ ਵਰਤੋਂ ਨੂੰ ਇਕ ਨਸ਼ਾ ਨਾ ਬਣਾਓ।
-ਫਿਊਚਰ ਮੀਡੀਆ ਨੈੱਟਵਰਕ।

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms