ਕਹਿੰਦੇ ਹਨ ਗ੍ਰਹਿਸਥ ਜੀਵਨ ਵਿਸ਼ਵਾਸ ਦੇ ਸਿਰ 'ਤੇ ਚਲਦਾ ਹੈ। ਪਤੀ-ਪਤਨੀ ਨੂੰ ਇਕ-ਦੂਜੇ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਗ੍ਰਹਿਸਥ ਜੀਵਨ ਚਲਾਉਣ ਲਈ ਪਤੀ-ਪਤਨੀ ਨੂੰ ਆਪਸੀ ਵਿਸ਼ਵਾਸ ਤੇ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਅਤਿ ਜ਼ਰੂਰੀ ਹੁੰਦਾ ਹੈ, ਕਿਉਂਕਿ ਹਰ ਆਦਮੀ ਨੂੰ ਆਪਣੇ ਵਿਚਾਰਾਂ ਅਨੁਸਾਰ ਨਹੀਂ ਢਾਲਿਆ ਜਾ ਸਕਦਾ। ਫਿਰ ਵੀ ਕੁਝ ਦਲੀਲਾਂ ਦੇ ਕੇ ਆਪਣੇ ਵਿਚਾਰਾਂ ਨਾਲ ਇਕ-ਦੂਜੇ ਨੂੰ ਸਹਿਮਤ ਕੀਤਾ ਜਾ ਸਕਦਾ ਹੈ। ਕਿਸੇ ਉੱਪਰ ਜ਼ਬਰਦਸਤੀ ਆਪਣੇ ਵਿਚਾਰਾਂ ਨੂੰ ਥੋਪਿਆ ਨਹੀਂ ਜਾ ਸਕਦਾ। ਜੇ ਪਤੀ-ਪਤਨੀ ਇਕ-ਦੂਜੇ ਦੀ ਸਹਿਮਤੀ ਨਾਲ ਕੋਈ ਕੰਮ ਕਰਨ ਤਾਂ ਉਸ ਵਰਗੀ ਕੋਈ ਰੀਸ ਨਹੀਂ ਪਰ ਜੇ ਪਤੀ-ਪਤਨੀ ਇਕ-ਦੂਜੇ ਨੂੰ ਬਿਨਾਂ ਦੱਸੇ ਕੋਈ ਕੰਮ ਕਰਦੇ ਹਨ ਤਾਂ ਘਰ ਵਿਚ ਕਲਾ-ਕਲੇਸ਼ ਵਧ ਜਾਂਦਾ ਹੈ ਤੇ ਸਵਰਗ ਵਰਗਾ ਘਰ ਨਰਕ ਬਣ ਜਾਂਦਾ ਹੈ।
ਘਰ ਦਾ ਘਰੇਲੂ ਜਾਂ ਬਾਹਰ ਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਸ ਵਿਚ ਦੋਵਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ। ਜੇ ਇਕ-ਦੂਜੇ ਤੋਂ ਚੋਰੀ ਕੰਮ ਕੀਤਾ ਜਾਵੇ ਤੇ ਬਾਅਦ ਵਿਚ ਉਹੀ ਕੰਮ ਬਾਰੇ ਕਿਸੇ ਹੋਰ ਤੋਂ ਪਤਾ ਲੱਗੇ ਤਾਂ ਇਕ-ਦੂਜੇ ਵਿਚ ਵਿਸ਼ਵਾਸ ਰੂਪੀ ਡੋਰ ਟੁੱਟ ਜਾਂਦੀ ਹੈ ਤੇ ਦੋਵੇਂ ਇਕ-ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਜਾਂਦੇ ਹਨ। ਉਹ ਸੋਚਦੇ ਹਨ ਕਿ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਇਕ-ਦੂਜੇ ਕੋਲੋਂ ਛੁਪਾਈਆਂ ਗਈਆਂ ਹੋਣਗੀਆਂ। ਇਕ ਵਾਰ ਸ਼ੱਕ ਪੈ ਜਾਵੇ ਤਾਂ ਹਰ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਹੈ, ਜਿਸ ਨਾਲ ਨਿੱਕੀ-ਨਿੱਕੀ ਗੱਲ ਤੋਂ ਘਰ ਵਿਚ ਲੜਾਈ ਪੈ ਜਾਂਦੀ ਹੈ ਤੇ ਘਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ, ਜਿਸ ਦਾ ਅਸਰ ਘਰ ਦੇ ਬਾਕੀ ਜੀਆਂ 'ਤੇ ਵੀ ਪੈਂਦਾ ਹੈ। ਘਰਾਂ ਵਿਚ ਲੜਾਈ-ਝਗੜੇ ਦਾ ਮਾਹੌਲ ਕਿਸੇ ਨੂੰ ਵੀ ਖੁਸ਼ੀ ਪ੍ਰਦਾਨ ਨਹੀਂ ਕਰਦਾ, ਸਗੋਂ ਹਰ ਇਕ ਨੂੰ ਮਾਨਸਿਕ ਪ੍ਰੇਸ਼ਾਨੀ ਦਿੰਦਾ ਹੈ ਅਤੇ ਆਪਸੀ ਮਨ-ਮੁਟਾਵ ਵਾਲਾ ਮਾਹੌਲ ਪੈਦਾ ਕਰਦਾ ਹੈ। ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋਇਆ ਬੰਦਾ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ। ਨਿੱਤ ਨਵੇਂ ਝਗੜਿਆਂ ਤੋਂ ਤੰਗ ਆ ਕੇ ਸ਼ੱਕ ਦੇ ਘੇਰੇ ਵਿਚ ਆਏ ਪਤੀ-ਪਤਨੀ ਆਪਸ ਵਿਚ ਤਲਾਕ ਤੱਕ ਲੈ ਲੈਂਦੇ ਹਨ। ਵਸਦੇ ਘਰ ਵੀ ਬਰਬਾਦ ਹੋ ਜਾਂਦੇ ਹਨ।
ਜੇਕਰ ਪਤੀ-ਪਤਨੀ ਨੇ ਘਰ ਦੀ ਕੋਈ ਚੀਜ਼ ਵੇਚਣੀ ਹੈ ਜਾਂ ਖਰੀਦਣੀ ਹੈ ਤਾਂ ਉਨ੍ਹਾਂ ਨੂੰ ਆਪਸ ਵਿਚ ਜ਼ਰੂਰ ਸਲਾਹ-ਮਸ਼ਵਰਾ ਕਰ ਲੈਣਾ ਚਾਹੀਦਾ ਹੈ। ਘਰ ਦੇ ਬਾਕੀ ਜੀਆਂ ਤੋਂ ਵੀ ਰਜ਼ਾਮੰਦੀ ਲੈ ਲੈਣੀ ਚਾਹੀਦੀ ਹੈ ਤਾਂ ਜੋ ਘਰ ਵਿਚ ਸ਼ਾਂਤੀ ਰਹੇ ਤੇ ਲੜਾਈ-ਝਗੜਾ ਨਾ ਹੋਵੇ। ਪਤੀ-ਪਤਨੀ ਨੂੰ ਖਾਸ ਕਰਕੇ ਇਕ-ਦੂਜੇ ਵਿਚ ਵਿਸ਼ਵਾਸ ਬਣਾਉਣਾ ਚਾਹੀਦਾ ਹੈ ਨਾ ਕਿ ਗੱਲਾਂ ਲੁਕਾ ਕੇ ਕਰਨ ਨਾਲ ਸ਼ੱਕ ਦੀ ਦੀਵਾਰ ਖੜ੍ਹੀ ਕਰਨੀ ਚਾਹੀਦੀ ਹੈ। ਜੇ ਕਿਸੇ ਖਾਸ ਮੌਕਿਆਂ 'ਤੇ ਕਿਸੇ ਨੂੰ ਕੋਈ ਤੋਹਫਾ ਦੇਣਾ ਹੈ ਤਾਂ ਵੀ ਇਕ-ਦੂਜੇ ਨਾਲ ਸਲਾਹ ਕਰਕੇ ਦਿਓ। ਜੇ ਚੋਰੀ-ਛੁਪੇ ਦਿਓਗੇ ਤਾਂ ਹੋ ਸਕਦਾ ਹੈ ਕੱਲ੍ਹ ਨੂੰ ਕਿਸੇ ਵੇਲੇ ਗੱਲ ਨਿਕਲ ਆਵੇ ਤਾਂ ਲੜਾਈ-ਝਗੜਾ ਹੋਵੇਗਾ। ਜੇ ਕਿਸੇ ਕਾਰਨ ਕਰਕੇ ਘਰ ਵਿਚ ਪੈਸੇ ਦੀ ਤੰਗੀ ਹੋ ਜਾਵੇ ਤੇ ਪਤਨੀ ਨੂੰ ਮਜਬੂਰਨ ਬਾਹਰ ਕੰਮ ਕਰਨਾ ਵੀ ਪੈ ਜਾਵੇ ਤਾਂ ਪਤੀ ਤੋਂ ਪੁੱਛ ਕੇ ਕਰੋ ਨਾ ਕਿ ਉਸ ਤੋਂ ਚੋਰੀ-ਛੁਪੇ ਕਰੋ। ਉਸ ਦੀ ਸਹਿਮਤੀ ਨਾਲ ਕੀਤੇ ਕੰਮ ਨਾਲ ਕਿਸੇ ਕਿਸਮ ਦਾ ਡਰ ਨਹੀਂ ਹੋਵੇਗਾ, ਨਹੀਂ ਤਾਂ ਹਰ ਵੇਲੇ ਮਨ ਵਿਚ ਡਰ ਬਣਿਆ ਰਹੇਗਾ।
ਕਈ ਵਾਰ ਕੋਈ ਗੱਲ ਅਚਨਚੇਤ ਬਿਨਾਂ ਪਤੀ-ਪਤਨੀ ਨਾਲ ਸਲਾਹ ਕੀਤੇ ਵੀ ਕੀਤੀ ਜਾ ਸਕਦੀ ਹੈ। ਜਦੋਂ ਉਨ੍ਹਾਂ ਨਾਲ ਸੰਪਰਕ ਨਾ ਹੋ ਰਿਹਾ ਹੋਵੇ ਤੇ ਤੁਹਾਨੂੰ ਉਹ ਕੰਮ ਕਰਨ ਦੀ ਬਹੁਤ ਲੋੜ ਹੁੰਦੀ ਹੈ। ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਤੇ ਆਪਣੇ ਵਿਸ਼ਵਾਸ ਵਿਚ ਲੈ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਆਪਸੀ ਪਿਆਰ ਤੇ ਸਤਿਕਾਰ ਵਧਦਾ ਹੈ। ਜੇ ਅਜਿਹਾ ਨਹੀਂ ਕਰਦੇ ਤਾਂ ਘਰ ਵਿਚ ਹਰ ਇਕ ਨੂੰ ਮਾਨਸਿਕ ਤਣਾਓ ਦਾ ਸਾਹਮਣਾ ਕਰਨਾ ਪਵੇਗਾ। ਪਤੀ-ਪਤਨੀ ਦਾ ਰਿਸ਼ਤਾ ਹੀ ਆਪਸੀ ਵਿਸ਼ਵਾਸ ਰੂਪੀ ਡੋਰ ਨਾਲ ਬੰਨ੍ਹਿਆ ਹੁੰਦਾ ਹੈ। ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ ਕੰਨਾਂ ਦੇ ਕੱਚੇ ਨਾ ਬਣਨ। ਕਿਸੇ ਦੀਆਂ ਗੱਲਾਂ ਵਿਚ ਆ ਕੇ ਆਪਸ ਵਿਚ ਲੜਾਈ ਨਾ ਕਰਨ। ਇਸ ਲਈ ਜ਼ਰੂਰੀ ਹੈ ਕਿ ਲੋਕਾਂ ਦੀਆਂ ਨਜ਼ਰਾਂ ਨੂੰ ਕੋਈ ਤਮਾਸ਼ਾ ਦਿਖਾਉਣ ਤੋਂ ਬਚਾਉਣ ਲਈ ਆਪਣਾ ਜੀਵਨ ਸੁਚਾਰੂ ਢੰਗ ਨਾਲ ਚਲਾਉਣ ਲਈ ਪਤੀ-ਪਤਨੀ ਆਪਸੀ ਪਿਆਰ ਤੇ ਵਿਸ਼ਵਾਸ ਬਣਾਈ ਰੱਖਣ। ਇਕ-ਦੂਜੇ ਨਾਲ ਪੂਰਾ ਸਹਿਯੋਗ ਦੇਣ ਤੇ ਹਰ ਕੰਮ ਇਕ-ਦੂਜੇ ਦੀ ਰਜ਼ਾਮੰਦੀ ਨਾਲ ਕਰਨ ਤਾਂ ਜੋ ਘਰ ਵਿਚ ਖੁਸ਼ੀਆਂ-ਖੇੜੇ ਆ ਸਕਣ।
-ਮੁੱਖ ਅਧਿਆਪਕਾ, ਸ: ਹਾ: ਸਕੂਲ, ਛਾਉਣੀ ਮੁਹੱਲਾ, ਲੁਧਿਆਣਾ।
97800-32199
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 17.09.2011
1:28 PM
Hardeep Singh Mann


