ਕੰਨ ‘ਚ ਆਪਣੇ ਆਪ ਸ਼ੋਰ ਹੋਣਾ, ਸੀਟੀ ਵੱਜਣ ਜਿਹੀਆਂ ਆਵਾਜ਼ਾਂ ਆਉਣਾ ਇਕ ਬਿਮਾਰੀ ਹੈ ਜੋ ਸੌਂਦੇ-ਜਾਗਦੇ ਹਰ ਸਮੇਂ ਵਿਅਕਤੀ ਨੂੰ ਆਪਣੇ ਕੰਨਾਂ ‘ਚ ਸੁਣਾਈ ਦਿੰਦੀ ਹੈ। ਇਹ ਕੰਨ ਦੇ ਨਰਵਸ ਸਿਸਟਮ ਦੀ ਖਰਾਬੀ ਕਾਰਨ ਹੁੰਦਾ ਹੈ। ਇਸ ਨੂੰ ਅਣਗੌਲਿਆਂ ਕਰਨ ਨਾਲ ਪ੍ਰੇਸ਼ਾਨੀ ਵਧ ਸਕਦੀ ਹੈ। ਵਿਅਕਤੀ ਬੋਲ਼ਾ ਵੀ ਹੋ ਸਕਦਾ ਹੈ। ਕੰਨ ਵੱਜਣ ਦੀ ਬਿਮਾਰੀ ‘ਚ ਵਿਅਕਤੀ ਦੇ ਕੰਨਾਂ ‘ਚ ਲਗਾਤਾਰ ਸ਼ੋਰ ਜਾਂ ਆਵਾਜ਼ਾਂ ਹੁੰਦੀਆਂ ਰਹਿੰਦੀਆਂ ਹਨ, ਜਦਕਿ ਕੰਨ ਪੱਕਣ ਦੀ ਬੀਮਾਰੀ ‘ਚ ਕੰਨ ‘ਚ ਇਨਫੈਕਸ਼ਨ ਦੇ ਕਾਰਨ ਸੁਣਨ ਯੰਤਰ ਦੀਆਂ ਪਤਲੀਆਂ-ਪਤਲੀਆਂ ਹੱਡੀਆਂ ਗਲਣ ਲੱਗਦੀਆਂ ਹਨ। ਕੰਨ ਦੀਆਂ ਇਨ੍ਹਾਂ ਬਿਮਾਰੀਆਂ ਦਾ ਸਾਰੀਆਂ ਹੋਰ ਬੀਮਾਰੀਆਂ ਦੀ ਤਰ੍ਹਾਂ ਇਲਾਜ ਸੰਭਵ ਹੈ। ਇਸਦੀ ਅਣਦੇਖੀ ਕਰਨ ਜਾਂ ਇਲਾਜ ਨਾ ਕਰਵਾਉਣ ‘ਤੇ ਸੁਣਨ ਸ਼ਕਤੀ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਵਿਅਕਤੀ ਬੋਲ਼ਾ ਵੀ ਹੋ ਸਕਦਾ ਹੈ।
ਕੰਨ ਵੱਜਣ ਦੇ ਕਾਰਨ
ਕੰਨ ਵੱਜਣ ਨੂੰ ਮੈਡੀਕਲ ਸ਼ਬਦਾਂ ‘ਚ ‘ਟਿਨੀਟਿਸ’ ਕਿਹਾ ਜਾਂਦਾ ਹੈ। ਇਹ ਕੰਨ ‘ਚ ਨਰਵਸ ਪ੍ਰਾਬਲਮ ਕਾਰਨ ਪ੍ਰਗਟ ਹੁੰਦਾ ਹੈ। ਬਾਹਰੀ ਤੌਰ ‘ਤੇ ਇਸਦਾ ਕੋਈ ਲੱਛਣ ਨਹੀਂ ਦਿਸਦਾ। ਕਿਸੇ-ਕਿਸੇ ਨੂੰ ਇਹ ਬੀ. ਪੀ. ਦੇ ਵਧਣ, ਸ਼ੂਗਰ, ਬੁਖਾਰ ਜਾਂ ਸਰਦੀ ਜ਼ੁਕਾਮ ਕਾਰਨ ਵੀ ਹੁੰਦਾ ਹੈ।
ਬੀ. ਪੀ., ਸ਼ੂਗਰ ਨਾਰਮਲ ਹੋਵੇ ਤਾਂ ਵਿਅਕਤੀ ਸਿਹਤਮੰਦ ਹੋਵੇ, ਉਦੋਂ ਕੰਨ ਦਾ ਵੱਜਣਾ ਨਰਵਸ ਪ੍ਰਾਬਲਮ ਕਾਰਨ ਹੀ ਹੁੰਦਾ ਹੈ। ਇਹ ਕੰਨ ਦੇ ਬਾਹਰੀ ਹਿੱਸੇ ‘ਚ ਸੱਟ ਲੱਗਣ ਕਾਰਨ ਨਹੀਂ ਹੁੰਦਾ ਪਰ ਕੰਨ ਦੇ ਨੇੜੇ ਲਾਊਡ ਸਪੀਕਰ ਦੀਆਂ ਲਗਾਤਾਰ ਤੇਜ਼ ਆਵਾਜ਼ਾਂ ਕਾਰਨ ਕੰਨ ‘ਚ ਅਜਿਹੀ ਸਮੱਸਿਆ ਹੋ ਸਕਦੀ ਹੈ, ਜਿਸਨੂੰ ਧੁਨੀ ਟਿਊਮਰ ਕਿਹਾ ਜਾਂਦਾ ਹੈ।
ਲੱਛਣ
ਇਸ ਬੀਮਾਰੀ ਦੀ ਸਥਿਤੀ ‘ਚ ਇਕੱਲੇ ਅਤੇ ਸ਼ਾਂਤ ਜਗ੍ਹਾ ‘ਚ ਬੈਠੇ ਰਹਿਣ ‘ਤੇ ਕੰਨ ‘ਚੋਂ ਆਵਾਜ਼ ਆਉਂਦੀ ਰਹਿੰਦੀ ਹੈ। ਬਿਸਤਰੇ ‘ਤੇ ਸੌਂਦੇ ਸਮੇਂ ਵੀ ਕੰਨ ‘ਚੋਂ ਸ਼ੋਰ ਜਾਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ। ਅੱਗੇ ਚੱਲ ਕੇ ਹੌਲੀ-ਹੌਲੀ ਇਸਦੇ ਕਾਰਨ ਹੋਰ ਛੋਟੀਆਂ ਆਵਾਜ਼ਾਂ ਕੰਨਾਂ ਤਕ ਆਉਣੀਆਂ ਬੰਦ ਹੋ ਜਾਂਦੀਆਂ ਹਨ। ਕੰਨਾਂ ਦਾ ਸ਼ੋਰ ਵੀ ਸਭ ‘ਤੇ ਹਾਵੀ ਹੋ ਜਾਂਦਾ ਹੈ ਅਤੇ ਵਿਅਕਤੀ ਬਹਿਰਾ ਹੋ ਜਾਂਦਾ ਹੈ।
ਇਲਾਜ
ਕੰਨ ਵੀ ਹੋਰ ਇੰਦਰੀਆਂ ਦੀ ਤਰ੍ਹਾਂ ਬਹੁਤ ਸੰਵੇਦਨਸ਼ੀਲ ਅਤੇ ਮਨੁੱਖ ਲਈ ਬਹੁਤ ਉਪਯੋਗੀ ਹੈ, ਇਸ ਲਈ ਇਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਸਿਰ ਨਾਲ ਜੁੜੇ ਤਿੰਨ ਮੁੱਖ ਅੰਗ ਕੰਨ, ਨੱਕ, ਗਲੇ ਦਾ ਆਪਸ ‘ਚ ਅੰਦਰੂਨੀ ਤੌਰ ‘ਤੇ ਵੀ ਸੰਬੰਧ ਹੈ। ਤਿੰਨਾਂ ਦੇ ਰੋਗ ਅਤੇ ਇਲਾਜ ਲਈ ਇਕ ਹੀ ਡਾਕਟਰ ਹੁੰਦਾ ਹੈ। ਕੰਨ, ਨੱਕ ਤੇ ਗਲੇ ਦਾ ਡਾਕਟਰ ਇਕ ਕੰਨ ਵੱਜਣ ਦੀ ਸ਼ਿਕਾਇਤ ਨੂੰ ਆਪਣੇ ਢੰਗ ਨਾਲ ਮਸ਼ੀਨੀ ਅਤੇ ਪ੍ਰਤੱਖ ਜਾਂਚ ਕਰਦਾ ਹੈ। ਉਹ ਕੰਨ ਦੇ ਸੁਣਨ ਯੰਤਰ ਦੀ ਸਥਿਤੀ ਤੇ ਸੁਣਨ ਸਮਰੱਥਾ ਦੀ ਜਾਂਚ ਕਰਦਾ ਹੈ। ਕੁਝ ਹੋਰ ਜਾਂਚ ਉਪਾਅ ਵੀ ਕਰਦਾ ਹੈ। ਬੀ. ਪੀ., ਸ਼ੂਗਰ, ਬੁਖਾਰ, ਸਰਦੀ, ਜ਼ੁਕਾਮ ਜਾਂ ਹੋਰ ਬੀਮਾਰੀਆਂ ਦੀ ਸਥਿਤੀ ਮੌਜੂਦ ਨਾ ਹੋਣ ਦੀ ਸਥਿਤੀ ‘ਚ ਕੰਨ ਵੱਜਣ (ਟਿਨੀਟਿਸ) ਦੀ ਦਵਾ ਦਿੰਦਾ ਹੈ। ਈ. ਐੱਨ. ਟੀ. ਸਪੈਸ਼ਲਿਸਟ ਚੈੱਕਅਪ ਕਰਨ ਤੋਂ ਬਾਅਦ ਉਸਨੂੰ ਇਸ ਰੋਗ ਤੋਂ ਕੁਝ ਦਿਨਾਂ ‘ਚ ਹੀ ਰਾਹਤ ਮਿਲ ਜਾਂਦੀ ਹੈ। ਇਕ-ਡੇਢ ਮਹੀਨੇ ਦੀ ਦਵਾਈ ਤੋਂ ਬਾਅਦ ਇਹ ਲੱਗਭਗ ਠੀਕ ਹੋ ਜਾਂਦਾ ਹੈ।
ਸਾਵਧਾਨੀ
ਬਲੱਡ ਪ੍ਰੈਸ਼ਰ ਦੇ ਮਰੀਜ਼ ਬੀ. ਪੀ. ਅਤੇ ਸ਼ੂਗਰ ਨੂੰ ਕੰਟਰੋਲ ‘ਚ ਰੱਖਣ। ਬੁਖਾਰ ਅਤੇ ਸਰਦੀ-ਜ਼ੁਕਾਮ ਨੂੰ ਲੰਬੇ ਸਮੇਂ ਤਕ ਨਾ ਹੋਣ ਦਿਓ। ਕੰਨ ਦੀ ਸਫਾਈ ‘ਤੇ ਧਿਆਨ ਦਿਓ। ਕੰਨ ‘ਚ ਕੋਈ ਵੀ ਗੈਰ-ਜ਼ਰੂਰੀ ਚੀਜ਼ ਜਾਂ ਤਰਲ ਨਾ ਪਾਓ। ਡੀ. ਜੇ. ਲਾਊਡ ਸਪੀਕਰ, ਟੀ. ਵੀ., ਮਿਊਜ਼ਿਕ ਸਿਸਟਮ, ਪਟਾਕਿਆਂ ਦੇ ਤੇਜ਼ ਸ਼ੋਰ ਤੋਂ ਬਚੋ। ਸਮੇਂ-ਸਮੇਂ ‘ਤੇ ਕੰਨ ਦੀ ਜਾਂਚ ਕਰਵਾਓ।
ਧੰਨਵਾਦ ਸਾਹਿਤ ਜਗ ਬਾਣੀ 'ਚੋਂ 05.08.2011
2:07 PM
Hardeep Singh Mann


