ਜਵਾਨੀ ਦੇ ਨਾਜ਼ੁਕ ਦੌਰ ਵਿਚ ਪਿਆਰ ਹੋਣਾ ਸੁਭਾਵਿਕ ਸਮਝਿਆ ਜਾ ਸਕਦਾ ਹੈ ਪਰ ਜੇਕਰ ਕੋਈ ਚਾਲੀ ਸਾਲ ਦੀ ਅਧਖੜ ਉਮਰ ਦਾ ਵਿਅਕਤੀ ਵੀਹ ਸਾਲ ਦੀ ਲੜਕੀ ਨੂੰ ਭਜਾ ਕੇ ਲੈ ਜਾਵੇ ਜਾਂ ਉਸ ਨਾਲ ਪਿਆਰ ਦੀ ਗੱਲ ਕਰੇ ਤਾਂ ਉਹ ਨਾਟਕ ਹੀ ਲੱਗਦਾ ਹੈ। ਅਜਿਹੀ ਸਥਿਤੀ ਵਿਚ ਲੜਕੀ ਦੀ ਉਮਰ ਅਜਿਹੀ ਹੁੰਦੀ ਹੈ ਜਿਸ ਵਿਚ ਸਾਰੇ ਪਿਆਰੇ ਲੱਗਣ ਲੱਗਦੇ ਹਨ। ਇਸ ਉਮਰ ਵਿਚ ਲੜਕੀ ਨੂੰ ਇਸ ਗੱਲ ਦਾ ਆਭਾਸ ਨਹੀਂ ਹੁੰਦਾ ਕਿ ਉਹ ਜਿਸ ਪ੍ਰਤੀ ਆਕਰਸ਼ਿਤ ਹੋ ਰਹੀ ਹੈ, ਉਹ ਉਸ ਲਈ ਅਨੁਕੂਲ ਹੈ ਵੀ ਜਾਂ ਨਹੀਂ। ਇਸ ਦੌਰ ਵਿਚ ਕੋਈ ਉਸ ਨੂੰ ਸਲਾਹ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਹੈ।
ਦੂਸਰੇ ਪਾਸੇ ਉਹ ਨੌਜਵਾਨ ਜੋ ਲੜਕੀ ਨੂੰ ਪਿਆਰ ਦੇ ਜਾਲ ਵਿਚ ਫਸਾ ਚੁੱਕਿਆ ਹੁੰਦਾ ਹੈ ਪਿਆਰ ਦਾ ਸਿਰਫ਼ ਨਾਟਕ ਹੀ ਕਰਦਾ ਹੈ ਕਿਉਂਕਿ ਉਹ ਇਸ ਗੱਲ ਨੂੰ ਜਾਣਦਾ ਹੈ ਕਿ ਸਾਹਮਣੇ ਵਾਲੀ ਲੜਕੀ ਉਮਰ ਵਿਚ ਮੇਰੇ ਤੋਂ ਬਹੁਤ ਛੋਟੀ ਹੈ। ਹਾਲਾਂਕਿ ਇਹ ਗੱਲ ਸਹੀ ਹੈ ਕਿ ਪਿਆਰ ਉਮਰ, ਜਾਤੀ, ਸਮਾਜ ਦੇ ਬੰਧਨ ਨੂੰ ਨਹੀਂ ਮੰਨਦਾ ਪਰ ਇਸ ਤਰ੍ਹਾਂ ਦਾ ਪਿਆਰ, ਪਿਆਰ ਨਾ ਹੋ ਕੇ ਇਕ ਨਾਟਕ ਲੱਗਦਾ ਹੈ। ਵੈਸੇ ਵੀ ਮਰਦ ਦੀ ਇਹ ਪ੍ਰਵਿਰਤੀ ਰਹਿੰਦੀ ਹੈ ਕਿ ਉਸ ਦੀ ਉਮਰ ਕਿੰਨੀ ਵੀ ਹੋਵੇ ਪਰ ਉਸ ਦਾ ਮੇਲ ਕਿਸੇ ਨੌਜਵਾਨ ਲੜਕੀ ਨਾਲ ਹੀ ਹੋਣਾ ਚਾਹੀਦਾ ਹੈ।
ਅਜਿਹੀਆਂ ਗੱਲਾਂ ਅਕਸਰ ਉਨ੍ਹਾਂ ਘਰਾਂ ਵਿਚ ਹੁੰਦੀਆਂ ਹਨ ਜਿਨ੍ਹਾਂ ਘਰਾਂ ਵਿਚ ਮਾਤਾ-ਪਿਤਾ ਆਪਣੀਆਂ ਜਵਾਨ ਲੜਕੀਆਂ 'ਤੇ ਲੋੜ ਤੋਂ ਜ਼ਿਆਦਾ ਪਾਬੰਦੀਆਂ ਲਗਾ ਕੇ ਰੱਖਦੇ ਹਨ। ਕਿਸੇ ਨਾਲ ਕਦੇ ਵੀ ਗੱਲ ਨਹੀਂ ਕਰਨ ਦਿੰਦੇ ਅਤੇ ਘਰ ਵਿਚ ਕੈਦ ਕਰਕੇ ਰੱਖਦੇ ਹਨ। ਘਰ ਵਾਲਿਆਂ ਦੀਆਂ ਇਨ੍ਹਾਂ ਜ਼ਿਆਦਤੀਆਂ ਤੋਂ ਤੰਗ ਆ ਕੇ ਲੜਕੀ ਉਸ ਵਿਅਕਤੀ ਨਾਲ ਪਿਆਰ ਕਰਨ ਲੱਗਦੀ ਹੈ ਜੋ ਅਕਸਰ ਉਨ੍ਹਾਂ ਦੇ ਘਰ ਆਉਂਦਾ ਹੈ। ਹੁਣ ਚਾਹੇ ਉਹ ਉਸ ਦੇ ਪਿਤਾ ਦਾ ਦੋਸਤ ਹੋਵੇ ਜਾਂ ਵੱਡੇ ਭਰਾ ਦਾ ਦੋਸਤ। ਇਸ ਤਰ੍ਹਾਂ ਦੇ ਮੇਲ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਕਦਮ ਇਹੀ ਹੋਣਾ ਚਾਹੀਦਾ ਹੈ ਕਿ ਕਿਸ਼ੋਰ ਅਵਸਥਾ ਦੇ ਨਾਜ਼ੁਕ ਦੌਰ ਵਿਚ ਕਦੇ ਵੀ ਲੜਕੀ ਜਾਂ ਲੜਕੇ 'ਤੇ ਪਾਬੰਦੀ ਦਾ ਪਹਿਰਾ ਨਹੀਂ ਬਿਠਾਉਣਾ ਚਾਹੀਦਾ। ਇਸ ਉਮਰ ਵਿਚ ਬੱਚਿਆਂ 'ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਪਰ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਜਿਊਣ ਦੇਣਾ ਚਾਹੀਦਾ ਹੈ। ਜੇਕਰ ਉਹ ਕੋਈ ਗ਼ਲਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਇਕ ਦੋਸਤ ਵਾਂਗ ਚੰਗੇ-ਬੁਰੇ ਦਾ ਫਰਕ ਸਮਝਾਉਣਾ ਚਾਹੀਦਾ ਹੈ। ਜੇਕਰ ਜਵਾਨੀ ਵਿਚ ਬੱਚਿਆਂ 'ਤੇ ਦਬਾਅ ਪਾਇਆ ਗਿਆ ਤਾਂ ਉਹ ਵਿਦਰੋਹ ਵੀ ਕਰ ਸਕਦੇ ਹਨ। ਜ਼ਿਆਦਾ ਉਮਰ ਦੇ ਵਕਫ਼ੇ ਵਾਲੇ ਪਿਆਰ ਅਤੇ ਘਰ ਤੋਂ ਭੱਜਣ ਵਾਲੇ ਕਿਸੇ ਵੀ ਇਨ੍ਹਾਂ ਕਾਰਨਾਂ ਨਾਲ ਹੁੰਦੇ ਹਨ। ਇਸ ਲਈ ਅਜਿਹੇ ਪ੍ਰੇਮ ਦੇ ਨਾਟਕ ਦਾ ਅੰਤ ਹੋਣਾ ਚਾਹੀਦਾ ਹੈ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 31.03.2011
9:34 AM
Hardeep Singh Mann



