Saturday, August 5, 2017

ਸੁਆਦਲੀ ਰੋਟੀ ਲਈ ਕਿਹੜਾ ਤਵਾ ਲਈਏ?


ਟਰਾਲੀਆਂ ਦੀ ਫਰਸ਼ ਬਣਾਉਣ ਵਾਲੀ ਬੋਕਾਰੋ ਲੋਹੇ ਦੀ ਅੱਠ ਗੇਜ ਦੀ ਚਾਦਰ ਦਾ ਤਵਾ ਸਭ ਤੋਂ ਵਧੀਆ ਹੁੰਦਾ ਹੈ। ਅਜਿਹੇ ਤਵੇ ਦੀ ਰੋਟੀ ਸੁਆਦ ਵੀ ਬਣਦੀ ਹੈ ਤੇ ਸੜਦੀ ਵੀ ਘੱਟ ਹੈ। ਇਹ ਹੌਲੀ ਗਰਮ ਹੁੰਦਾ ਹੈ ਤੇ ਇਕਸਾਰ ਗਰਮ ਹੁੰਦਾ ਹੈ। ਅਣਜਾਣ ਜਾਂ ਬੱਚੇ ਵੀ ਇਸ ਤੇ ਫੁਲਕੇ ਬਿਨਾਂ ਸੜਨ ਤੋਂ ਲਾਹ ਸਕਣਗੇ। 

ਜਦੋਂ ਕਿ ਘਟੀਆ ਲੋਹੇ ਜਾਂ ਪਤਲੇ ਤਵੇ ਤੇ ਤਾਂ ਕੋਈ ਮਾਹਿਰ ਔਰਤ ਹੀ ਬਿਨਾਂ ਸਾੜੇ ਰੋਟੀ ਲਾਹ ਸਕਦੀ ਹੈ। ਛੇ ਗੇਜ ਦਾ ਤਵਾ ਜ਼ਿਆਦਾ ਭਾਰਾ ਹੋਣ ਕਰਕੇ ਜਲਦੀ ਗਰਮ ਨਹੀਂ ਹੋਵੇਗਾ। ਤੇ ਰੋਟੀ ਵੀ ਜਲਦੀ ਰੜ੍ਹਦੀ ਨਹੀਂ ਤੇ ਗੈਸ ਵੀ ਜ਼ਿਆਦਾ ਲਗਦੀ ਹੈ। ਜਦੋਂ ਕਿ ਬਾਰਾਂ ਗੇਜ ਦਾ ਤਵਾ ਬਹੁਤਾ ਪਤਲਾ ਹੋਣ ਕਰਕੇ ਜਲਦੀ ਗਰਮ ਤੇ ਜਲਦੀ ਠੰਢਾ ਹੋ ਜਾਏਗਾ ਜਿਸ ਕਾਰਨ ਰੋਟੀ ਮਚਦੀ ਹੈ। 

ਬਾਜ਼ਾਰ ਵਿਚ ਜ਼ਿਆਦਾ ਕਰਕੇ ਦਸ ਗੇਜ ਦੇ ਤਵੇ ਹੁੰਦੇ ਹਨ। ਇਹ ਘਟੀਆ ਲੋਹੇ ਦੇ ਹੀ ਹੁੰਦੇ ਹਨ। ਘਟੀਆ ਲੋਹੇ ਤੇ ਜੰਗਾਲ ਜ਼ਿਆਦਾ ਲਗਦੀ ਹੈ। ਮੈਲ ਜ਼ਿਆਦਾ ਫਸਦੀ ਹੈ। ਇਹਨਾਂ ਤੇ ਪੱਕਣ ਵਾਲੀ ਰੋਟੀ ਨੂੰ ਇੱਕਦਮ ਸੇਕ ਲੱਗਣ ਕਾਰਨ ਰੋਟੀ ਤੇ ਕਾਲੇ ਟਿਮਕਣੇ ਜਿਹੇ ਜਲੇ ਦੇ ਨਿਸ਼ਾਨ ਜ਼ਿਆਦਾ ਬਣਦੇ ਹਨ। ਇਹ ਰੋਟੀ ਥੋੜ੍ਹੀ ਕੁੜੱਤਣ ਵਾਲੀ ਹੁੰਦੀ ਹੈ। ਜਦੋਂ ਕਿ ਮੋਟੇ ਤੇ ਵਧੀਆ ਲੋਹੇ ਦੇ ਤਵੇ ਦੀ ਰੋਟੀ ਤੇ ਲਾਲੀ ਵਾਲੇ ਜਾਂ ਭੂਰੇ ਜਿਹੇ ਨਿਸ਼ਾਨ ਬਣਦੇ ਹਨ। ਇਹ ਰੋਟੀ ਮਿੱਠੀ ਤੇ ਸੋਹਣੀ ਹੁੰਦੀ ਹੈ। 


ਵੈਸੇ ਬਾਜ਼ਾਰ ਵਿੱਚ ਬਹੁਤ ਤਰਾਂ ਦੇ ਵੱਡੇ, ਛੋਟੇ, ਫਲੈਟ, ਡੂੰਘੇ ਤਵੇ ਮਿਲਦੇ ਹਨ। ਬਹੁਤੇ ਛੋਟੇ ਤਵੇ ਵੀ ਕਾਮਯਾਬ ਨਹੀਂ ਹੁੰਦੇ ਤੇ ਬਹੁਤੇ ਵੱਡੇ ਤਵੇ ਵੀ ਠੀਕ ਨਹੀਂ ਰਹਿੰਦੇ। ਮੀਡੀਅਮ ਸਾਈਜ਼ ਦੇ ਤਵੇ ਹੀ ਜ਼ਿਆਦਾ ਠੀਕ ਹੁੰਦੇ ਹਨ। ਉਂਜ ਸਭ ਤੋਂ ਵਧੀਆ ਤਵਾ ਸਰਜੀਕਲ ਗਰੇਡ ਸਟੀਲ ਦਾ ਹੁੰਦਾ ਹੈ। ਸਹੀ ਤਵਾ ਖਰੀਦਣਾ ਬਹੁਤ ਹੀ ਔਖਾ ਕੰਮ ਹੈ। ਚਲਾਕ ਦੁਕਾਨਦਾਰ ਅਪਣੀ ਮਰਜ਼ੀ ਮੁਤਾਬਿਕ ਉਹ ਤਵਾ ਵੇਚ ਦਿੰਦੇ ਹਨ ਜਿਸ ਚ ਉਹਨਾਂ ਦਾ ਮੁਨਾਫਾ ਜ਼ਿਆਦਾ ਹੋਵੇ। ਇਸ ਲਈ ਚੰਗੇ ਮੰਦੇ ਦੀ ਪਹਿਚਾਣ ਖੁਦ ਸਿੱਖੋ। ਲੇਕਿਨ ਇਥੇ ਚੰਗੇ ਮੰਦੇ ਲੋਹੇ ਦੀ ਪਹਿਚਾਣ ਲਿਖਕੇ ਨਹੀਂ ਸਮਝਾਈ ਜਾ ਸਕਦੀ। ਫਿਰ ਵੀ ਵੱਖ ਵੱਖ ਦੁਕਾਨਾਂ ਤੇ ਜਾਣ ਬਾਅਦ ਤੁਹਾਨੂੰ ਦੁਕਾਨਾਂ ਵਾਲਿਆਂ ਤੋਂ ਵੀ ਬਹੁਤ ਜਾਣਕਾਰੀ ਮਿਲ ਜਾਏਗੀ। ਵੈਸੇ ਜੇ ਹੋ ਸਕੇ ਤਾਂ ਟਰਾਲੀ ਬਣਾਉਣ ਵਾਲਿਆਂ ਕੋਲੋਂ ਵਧੀਆ ਲੋਹੇ ਦੀ ਪਹਿਚਾਣ ਵੀ ਸਿੱਖ ਸਕਦੇ ਹੋ।

ਡਾ ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ, 99140-84724.

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms