Monday, September 19, 2016

ਮਰਦਾਂ ਦੀ ਕਮਜ਼ੋਰੀ ਦੇ ਕਾਰਣ - ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

ਚਾਲੀ ਸਾਲ ਤੋਂ ਵੱਧ ਉਮਰ ਦੇ ਲਗਭਗ 50 ਪ੍ਰਤੀਸ਼ਤ ਮਰਦ ਇਸੇ ਕਮਜ਼ੋਰੀ ਸਦਕਾ ਹਕੀਮਾਂ ਜਾਂ ਡਾਕਟਰਾਂ ਦੇ ਗੇੜੇ ਕੱਢਦੇ ਰਹਿੰਦੇ ਹਨ। ਜਰਨਲ ਆਫ ਸੈਕਸੁਅਲ ਮੈਡੀਸਨ ਅਨੁਸਾਰ 40 ਸਾਲਾਂ ਤੋਂ ਘੱਟ ਉਮਰ ਦੇ ਲਗਭਗ 26 ਪ੍ਰਤੀਸ਼ਤ ਮਰਦ ਵੀ ਇਸੇ ਕਮਜ਼ੋਰੀ ਤੋਂ ਪੀੜਤ ਲੱਭੇ ਗਏ ਹਨ। ਇਸੇ ਖੋਜ ਨੂੰ ਆਧਾਰ ਬਣਾ ਕੇ ਵਿਆਗਰਾ ਗੋਲੀ ਬਣਾਉਣ ਵਾਲੀ ਕੰਪਨੀ ਖ਼ਰਬਾਂ ਡਾਲਰਾਂ ਦੀ ਕਮਾਈ ਕਰ ਚੁੱਕੀ ਹੈ ਜੋ ਹਾਲੇ ਤਕ ਜਾਰੀ ਹੈ।

ਸ਼ੁਰੂ-ਸ਼ੁਰੂ ਵਿਚ ਦੁਨੀਆਂ ਭਰ ਵਿਚ ਮਰਦਾਨਾ ਕਮਜ਼ੋਰੀ ਦਾ ਕਾਰਣ ਸਿਰਫ਼ ਮਾਨਸਿਕ ਤਣਾਓ ਹੀ ਮੰਨਿਆ ਗਿਆ ਸੀ ਜਿਸ ਦਾ ਫ਼ਾਇਦਾ ਚੁੱਕ ਕੇ ਨੀਮ ਹਕੀਮਾਂ ਨੇ ਸੜਕਾਂ ਕਿਨਾਰੇ ਸ਼ਿਲਾਜੀਤ ਵੇਚਣ ਦਾ ਧੰਦਾ ਹੀ ਬਣਾ ਲਿਆ ਤੇ ਅਨੇਕ ਨੌਜਵਾਨ ਸ਼ਰਮ ਦੇ ਮਾਰੇ, ਓਹਲਾ ਰੱਖਣ ਸਦਕਾ ਸਪੈਸ਼ਲਿਸਟ  ਡਾਕਟਰਾਂ ਕੋਲ ਜਾਣ ਦੀ ਬਜਾਏ ਇਨਾਂ ਸੜਕ ਛਾਪ ਡਾਕਟਰਾਂ ਦੇ ਗੇੜੇ ਕੱਢਦੇ ਰਹੇ! ਅਫ਼ਸੋਸ ਕਿ ਹੁਣ ਤੱਕ ਇਹ ਜਾਰੀ ਹੈ।

ਸਟੈਨਫੋਰਡ ਮੈਡੀਕਲ ਸੈਂਟਰ  ਦੇ ਡਾਕਟਰ ਮਾਈਕਲ ਨੇ ਅਨੇਕ ਮਰੀਜ਼ਾਂ ਦਾ ਚੈੱਕਅਪ  ਕਰਕੇ ਜਿਹੜੇ ਕਾਰਣ ਲੱਭੇ, ਉਨਾਂ ਵਿਚ ਸਿਗਰਟ ਪੀਣਾ, ਕੋਲੈਸਟਰੋਲ ਦਾ ਵਾਧਾ ਆਦਿ ਤੋਂ ਲੈ ਕੇ ਅੰਗ ਦੀ ਬਣਤਰ ਵਿਚ ਜਮਾਂਦਰੂ ਨੁਕਸ ਤਕ ਸ਼ਾਮਲ ਸਨ।
ਆਓ ਇਨਾਂ ਕਾਰਣਾਂ ਦਾ ਵਿਸਤਾਰ ਸਹਿਤ ਵਿਸ਼ਲੇਸ਼ਣ ਕਰੀਏ।

1) ਤਣਾਓ :ਵੀਹ ਤੋਂ ਤੀਹ ਸਾਲ ਦੇ ਨੌਜਵਾਨਾਂ ਵਿਚ ਅੰਗ ਦੀ ਲੰਬਾਈ ਨੂੰ ਲੈ ਕੇ ਏਨਾ ਗੰਭੀਰ ਤਣਾਓ ਵੇਖਣ ਵਿਚ ਆਇਆ ਕਿ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ, ਬਿਨਾਂ ਰੋਗ ਦੇ ਵੀ ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਹੋਏ ਲੱਭੇ। ਬਹੁਤ ਸਾਰੇ ਗਭਰੂ ਹਸਤਮੈਥੁਨ ਨੂੰ ਬੀਮਾਰੀ ਮੰਨ ਕੇ ਆਪੇ ਹੀ ਕਮਜ਼ੋਰ ਬਣ ਬੈਠੇ। ਇਹ ਸਭ ਮਾਨਸਿਕ ਤਣਾਓ ਹੀ ਹੈ ਹੋਰ ਕੁੱਝ ਨਹੀਂ ਕਿਉਂਕਿ ਲੰਬਾਈ ਜਾਂ ਹਸਤਮੈਥੁਨ ਦਾ ਮਰਦਾਨਾ ਕਮਜ਼ੋਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਯੂਰੋਲੋਜੀ  ਦੇ ਸਹਾਇਕ ਪ੍ਰੋਫੈਸਰ ਜੋਜ਼ਫ ਨੇ ਪੈਨੀਸਿਲਵੈਨੀਆ ਦੀ ਯੂਨੀਵਰਸਿਟੀ ਵਿਖੇ ਬਹੁਤ ਸਾਰੇ ਨੌਜਵਾਨ ਮਰੀਜ਼ਾਂ ਵਿਚ ਇਹੋ ਕਾਰਣ ਲੱਭਿਆ ਜਿੱਥੇ ਪਹਿਲੀ ਵਾਰ ਸੰਬੰਧ ਬਣਾਉਣ ਦੀ ਘਬਰਾਹਟ ਸਦਕਾ ਮਜ਼ਾਕ ਉੱਡ ਜਾਣ ਨਾਲ ਆਪਣੇ ਆਪ ਨੂੰ ਸਦੀਵੀ ਤੌਰ ਉੱਤੇ ਨਾਮਰਦ ਮੰਨ ਕੇ ਬਹਿ ਗਏ।

ਕਈ ਇਸ ਤਰਾਂ ਦੇ ਮਰੀਜ਼ ਸਿਰਫ਼ ਆਪਣੀ ਮਰਦਾਨਗੀ ਦਾ ਟੈੱਸਟ ਕਰਨ ਲਈ ਨਾਬਾਲਗ ਬੱਚੀਆਂ ਦਾ ਜਬਰਜ਼ਨਾਹ ਕਰਨ ਦੀ ਧੁਨ ਪਾਲ ਬੈਠੇ। ਕਈ ਨੌਜਵਾਨ ਬਲਾਤਕਾਰੀਏ ਮਨੋਵਿਗਿਆਨੀਆਂ ਸਾਹਮਣੇ ਮੰਨੇ ਕਿ ਅੰਗ ਦੀ ਲੰਬਾਈ ਘੱਟ ਹੋਣ ਅਤੇ ਦੋਸਤਾਂ ਸਾਹਮਣੇ ਮਜ਼ਾਕ ਉੱਡ ਜਾਣ ਨਾਲ ਉਹ ਆਪਣੇ ਅੰਦਰ ਭਰੇ ‘ਨਾਮਰਦ’ ਲਫਜ਼ ਦੇ ਗੁੱਸੇ ਨੂੰ ਬਾਲੜੀਆਂ ਉੱਤੇ ਜਬਰ ਕਰ ਕੇ ਲਾਹ ਰਹੇ ਸਨ ਅਤੇ ਇੰਜ ਉਹ ਆਪਣੇ ਆਪ ਨੂੰ ‘ਮਰਦ’ ਕਹਾਏ ਜਾਣ ਦਾ ਅਨੰਦ ਮਾਣ ਸਕੇ ਸਨ। ਦਰਅਸਲ ਘਬਰਾਹਟ ਹੁੰਦੇ ਸਾਰ ਸਰੀਰ ਅੰਦਰ ਐਡਰੀਨਾਲੀਨ  ਨਿਕਲ ਪੈਂਦੀ ਹੈ ਜੋ ਅੰਗ ਦੀ ਸੁਡੌਲਤਾ ਖ਼ਤਮ ਕਰ ਦਿੰਦੀ ਹੈ।

2) ਬਹੁਤ ਜ਼ਿਆਦਾ ਸਾਈਕਲ ਚਲਾਉਣ ਨਾਲ : 
ਹਰ ਸਾਈਕਲ ਚਲਾਉਣ ਵਾਲੇ ਨਾਲ ਅਜਿਹਾ ਨਹੀਂ ਹੁੰਦਾ ਪਰ ਜੇ ਕੁੱਝ ਮੀਲ ਸਾਈਕਲ ਚਲਾਉਣ ਬਾਅਦ ਅੰਗ ਜਾਂ ਉਸ ਦੇ ਦੁਆਲੇ ਦਾ ਹਿੱਸਾ ਸੁੰਨ ਜਿਹਾ ਹੁੰਦਾ ਜਾਪੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੰਗ ਦੀ ਨਸ ਉੱਤੇ ਦਬਾਓ ਪੈ ਰਿਹਾ ਹੈ। ਅਜਿਹੇ ਕੇਸਾਂ ਵਿਚ ਗਦੂਦ ਹੇਠੋਂ ਲੰਘ ਰਹੀਆਂ ਨਸਾਂ ਸਾਈਕਲ ਦੀ ਸੀਟ ਨਾਲ ਫਿਸ ਕੇ ਹਿੱਸੇ ਨੂੰ ਸੁੰਨ ਕਰ ਦਿੰਦੀਆਂ ਹਨ।

ਸਾਈਕਲ ਦੀ ਸੀਟ ਬਦਲਣ ਨਾਲ ਵੀ ਜੇ ਆਰਾਮ ਨਾ ਜਾਪੇ ਤਾਂ ਸਾਈਕਲ ਚਲਾਉਣਾ ਛੱਡਣ ਵਿਚ ਹੀ ਭਲਾਈ ਹੈ।

3) ਸ਼ਰਾਬ ਅਤੇ ਨਸ਼ਾ:

ਬਹੁਤ ਜਣੇ ਪੱਕਾ ਭਰਮ ਪਾਲੀ ਬੈਠੇ ਹਨ ਕਿ ਉਨਾਂ ਨੂੰ ਸ਼ਰਾਬ ਪੀਣ ਨਾਲ ਚੰਗਾ ਮਹਿਸੂਸ ਹੁੰਦਾ ਹੈ ਤੇ ਸਰੀਰਕ ਤਾਕਤ ਵਧੀ ਹੋਈ ਲੱਗਦੀ ਹੈ। ਅੰਗ ਦੀ ਸੁਡੌਲਤਾ ਉੱਤੇ ਇਸ ਦਾ ਉੱਕਾ ਕੋਈ ਅਸਰ ਨਹੀਂ ਹੁੰਦਾ। ਨਸ਼ਾ ਜਾਂ ਸ਼ਰਾਬ ਦਿਮਾਗ਼ ਉੱਤੇ ਜ਼ਰੂਰ ਵਕਤੀ ਅਸਰ ਪਾਉਂਦੇ ਹਨ ਜਿਵੇਂ ਬੰਦਾ ਸੁਰਖ਼ਰੂ ਹੋ ਕੇ ਉੱਚੀ ਉਡਾਣ ਭਰ ਰਿਹਾ ਹੋਵੇ। ਮਰਦਾਨਗੀ ਨਾਲ ਇਸ ਦਾ ਉੱਕਾ ਕੋਈ ਸੰਬੰਧ ਨਹੀਂ ਹੈ। ਸ਼ਰਾਬ ਤਾਂ ਸਗੋਂ ਬੰਦੇ ਨੂੰ ਢਹਿੰਦੀ ਕਲਾ ਵਲ ਲੈ ਜਾਂਦੀ ਹੈ। ਦੋ ਪੈੱਗ ਤੋਂ ਵੱਧ ਲੈ ਚੁੱਕੇ ਅਨੇਕ ਮਰਦਾਂ ਦੀ ਇਹੋ ਸ਼ਿਕਾਇਤ ਰਹੀ ਹੈ ਕਿ ਉਨਾਂ ਤੋਂ ਸਰੀਰਕ ਸੰਬੰਧ ਬਣਾਏ ਨਹੀਂ ਜਾਂਦੇ।

ਕੋਕੀਨ  ਲੈਣ ਦੇ ਸ਼ੌਕੀਨ ਇਹ ਸਮਝ ਲੈਣ ਕਿ ਉਨਾਂ ਦੇ ਸਰੀਰ ਅੰਦਰਲੀ ਟੈਸਟੋਸਟੀਰੋਨ  ਦੀ ਮਾਤਰਾ ਘੱਟ ਜਾਂਦੀ ਹੈ ਜਿਸ ਨਾਲ ਸਰੀਰਕ ਕਮਜ਼ੋਰੀ ਆਉਣੀ ਸੁਭਾਵਕ ਹੈ। ਇਸ ਦੀ ਵਰਤੋਂ ਨਾਲ ਉਹ ਨਪੁੰਸਕ ਵੀ ਬਣ ਸਕਦੇ ਹਨ। ਇਹੋ ਕਾਰਣ ਹੈ ਕਿ ਪੰਜਾਬ ਅੰਦਰ ਨਸ਼ੇ ਦੀ ਵਧਦੀ ਵਰਤੋਂ ਸਦਕਾ ਢੇਰਾਂ ਦੇ ਢੇਰ ਨੌਜਵਾਨ ਨਪੁੰਸਕ ਬਣਦੇ ਜਾ ਰਹੇ ਹਨ।

4) ਜ਼ੁਕਾਮ ਦੀ ਦਵਾਈ :
ਜ਼ੁਕਾਮ ਲਈ ਆਮ ਵਰਤੀ ਜਾਂਦੀ ਦਵਾਈ ਵਿਚ ਸੂਡੋਫੈਡਰੀਨ  ਹੁੰਦੀ ਹੈ, ਜੋ ਸਰੀਰ ਅੰਦਰ ਐਪੀਨੈਫਰੀਨ  ਵਧਾ ਦਿੰਦੀ ਹੈ। ਇਸ ਨਾਲ ‘ਕਰੋ ਜਾਂ ਮਰੋ’ ਵਰਗਾ ਇਹਸਾਸ ਹੁੰਦਾ ਹੈ। ਮਸਲਨ ਸਾਹਮਣੇ ਸ਼ੇਰ ਵੇਖ ਕੇ ਜਾਂ ਤਾਂ ਉਸ ਉੱਤੇ ਟੁੱਟ ਪਵੋ, ਜਾਂ ਭੱਜ ਕੇ ਜਾਨ ਬਚਾ ਲਵੋ। ਸਰੀਰ ਅੰਦਰਲੇ ਅਜਿਹੇ ਹਾਲਾਤ ਵਿਚ ਕੋਈ ਕਿਵੇਂ ਸਰੀਰਕ ਸੰਬੰਧ ਬਣਾਉਣ ਬਾਰੇ ਸੋਚ ਸਕਦਾ ਹੈ। ਇਸੇ ਲਈ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਜੋ ਵਕਤੀ ਹੁੰਦੀ ਹੈ। ਕਈ ਲੋਕ ਅਜਿਹੀ ਵਕਤੀ ਗੜਬੜੀ ਕਾਰਨ ਵੀ ਝੱਟਪਟ ਢਹਿੰਦੀ ਕਲਾ ਵੱਲ ਤੁਰ ਜਾਂਦੇ ਹਨ ਤੇ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਨ। ਸੂਡੋਫੈਡਰੀਨ  ਤੋਂ ਅੱਗੋਂ ਕਈ ਲੈਬਾਰਟਰੀਆਂ  ਵਿਚ ‘ਚਿੱਟਾ’ ਬਣਾਇਆ ਜਾਂਦਾ ਹੈ ਜਿਸ ਦੀ ਵਰਤੋਂ ਨਾਲ ਸਦੀਵੀ ਨੁਕਸਾਨ ਹੋ ਸਕਦਾ ਹੈ।

5) ਸ਼ੱਕਰ ਰੋਗ : 
ਸ਼ੱਕਰ ਰੋਗ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ੱਕਰ ਰੋਗ ਦਾ ਠੀਕ ਤਰਾਂ ਇਲਾਜ ਨਾ ਕਰਵਾਉਣ ਸਦਕਾ ਬਥੇਰੇ ਰੋਗੀ ਹੌਲੀ-ਹੌਲੀ ਨਾਮਰਦ ਬਣਦੇ ਜਾ ਰਹੇ ਹਨ। ਇਸੇ ਲਈ ਸ਼ੱਕਰ ਰੋਗੀਆਂ ਨੂੰ ਲਹੂ ਵਿਚ ਨਿਰਣੇ ਕਾਲਜੇ ਸ਼ੱਕਰ ਦੀ ਮਾਤਰਾ ਨੂੰ 110 ਤੱਕ ਰੱਖਣ ਦੀ ਸਲਾਹ ਦਿੱਤੀ ਗਈ ਹੈ। ਜੇ ਗੋਲੀਆਂ ਨਾਲ ਸ਼ੂਗਰ 110 ਤੋਂ ਉੱਪਰ ਹੋਵੇ ਤਾਂ ਝਟਪਟ ਇਨਸੂਲਿਨ  ਦੇ ਟੀਕਿਆਂ ਨੂੰ ਸ਼ੁਰੂ ਕਰ ਲੈਣਾ ਚਾਹੀਦਾ ਹੈ। ਇੰਜ ਬਥੇਰੇ ਮਰੀਜ਼ ਆਪਣੀ ਮਰਦਾਨਗੀ ਬਰਕਰਾਰ ਰਖ ਸਕਦੇ ਹਨ।

ਸ਼ੂਗਰ ਦੀ ਬੀਮਾਰੀ ਵਿਚ ਸਰੀਰ ਅੰਦਰ ਨਾਈਟਰਿਕ ਏਸਿਡ  ਘੱਟ ਬਣਨ ਲੱਗ ਪੈਂਦਾ ਹੈ। ਨਾਈਟਰਿਕ ਏਸਿਡ  ਦਾ ਕੰਮ ਹੁੰਦਾ ਹੈ ਸਕਿੰਟਾਂ ਵਿਚ ਅੰਗ ਨੂੰ ਲਹੂ ਪਹੁੰਚਾਉਣਾ ਜਿਸ ਨਾਲ ਅੰਗ ਆਕਾਰ ਵਿਚ ਵੱਡਾ ਅਤੇ ਸੁਡੌਲ ਹੋਣ ਲੱਗ ਪੈਂਦਾ ਹੈ। ਇਸੇ ਲਈ ਸ਼ੂਗਰ ਦੀ ਬੀਮਾਰੀ ਦਾ ਸਹੀ ਇਲਾਜ ਹੋਣਾ ਜ਼ਰੂਰੀ ਹੈ ਤੇ ਲਹੂ ਵਿਚ ਸ਼ੱਕਰ ਦੀ ਮਾਤਰਾ 110 ਤੋਂ ਉੱਪਰ ਕਿਸੇ ਹਾਲ ਵਿਚ ਨਹੀਂ ਜਾਣ ਦੇਣੀ ਚਾਹੀਦੀ।

6) ਬਲੱਡ ਪ੍ਰੈਸ਼ਰ ਦਾ ਵਾਧਾ : 
ਬਲੱਡ ਪ੍ਰੈੱਸ਼ਰ ਦੀ ਬੀਮਾਰੀ ਨੂੰ ਜੇ ਛੇਤੀ ਕਾਬੂ ਵਿਚ ਨਾ ਕੀਤਾ ਜਾਵੇ ਤਾਂ ਇਹ 20 ਸਾਲਾਂ ਦੇ ਬੰਦੇ ਦੇ ਸਰੀਰ ਨੂੰ ਵੀ 60 ਸਾਲ ਦੀ ਉਮਰ ਵਾਂਗ ਕਰ ਦਿੰਦੀ ਹੈ। ਸਰੀਰ ਢਿੱਲਾ, ਥੱਕਿਆ, ਸਿਰ ਪੀੜ ਆਦਿ ਨਾਲ ਮੂਡ ਦਾ ਸੱਤਿਆਨਾਸ ਵੱਜ ਜਾਂਦਾ ਹੈ।

7) ਕੈਂਸਰ :
ਕੀਮੋਥੈਰੇਪੀ ਟੈਸਟੋਸਟੀਰੋਨ  ਘਟਾ ਦਿੰਦੀ ਹੈ, ਜਿਸ ਨਾਲ ਅੰਗ ਨੂੰ ਜਾਂਦਾ ਲਹੂ ਘਟ ਜਾਂਦਾ ਹੈ। ਕਿਰਨਾਂ ਨਾਲ ਕੀਤੇ ਇਲਾਜ ਵਿਚ ਅੰਗ ਨੂੰ ਜਾਂਦੀਆਂ ਲਹੂ ਦੀਆਂ ਨਾੜੀਆਂ ਦੀ ਪਰਤ ਜਾਂ ਨਸਾਂ ਵੀ ਖ਼ਰਾਬ ਹੋ ਸਕਦੀਆਂ ਹਨ। ਸਾਇੰਸ ਦੀ ਤਰੱਕੀ ਸਦਕਾ ਮਰਦਾਨਾ ਤਾਕਤ ਵਧਾਉਣ ਦੀਆਂ ਦਵਾਈਆਂ ਖਾਣ ਨਾਲ ਕੈਂਸਰ ਦੇ ਇਲਾਜ ਦੌਰਾਨ ਵੀ ਵਧੀਆ ਅਸਰ ਵੇਖਿਆ ਗਿਆ ਹੈ।

8) ਸਿਗਰਟਨੋਸ਼ੀ  ਵੀ ਹੌਲੀ-ਹੌਲੀ ਮਰਦਾਨਾ ਤਾਕਤ ਘਟਾ ਦਿੰਦੀ ਹੈ।

9) ਜਮਾਂਦਰੂ ਨੁਕਸ : 
ਅੰਗ ਦੀ ਬਣਤਰ ਵਿਚ ਜਮਾਂਦਰੂ ਨੁਕਸ ਦਾ ਅਪਰੇਸ਼ਨ ਨਾਲ ਇਲਾਜ ਹੋ ਸਕਦਾ ਹੈ।

10) ਮੋਟਾਪਾ : 
ਮੋਟੇ ਤੌਰ ਉੱਤੇ ਇਕ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਹਰ ਉਹ ਨੁਕਸ ਜੋ ਦਿਲ ਲਈ ਹਾਨੀਕਾਰਕ ਹੈ, ਮਰਦਾਨਾ ਤਾਕਤ ਉੱਤੇ ਵੀ ਸੱਟ ਮਾਰਦਾ ਹੈ। ਜੇ ਸਰੀਰ ਦੀਆਂ ਹੋਰ ਨਸਾਂ ਵਿਚ ਰੋਕੇ ਦੀ ਬੀਮਾਰੀ ਹੈ ਅਤੇ ਥਿੰਦਾ ਜੰਮ ਚੁੱਕਿਆ ਹੈ ਤਾਂ ਇਸ ਦਾ ਮਤਲਬ ਹੈ ਮਰਦਾਨਾ ਤਾਕਤ ਵੀ ਘਟ ਜਾਣੀ ਹੋਈ। ਲਹੂ ਦਾ ਤੇਜ਼ ਵਹਾਓ ਅਤੇ ਇੱਕੋ ਥਾਂ ਕੁੱਝ ਸਮੇਂ ਲਈ ਇਕੱਠਾ ਹੋਣਾ ਹੀ ਸੁਖੜ ਅੰਗ ਦਾ ਕਾਰਣ ਹੁੰਦਾ ਹੈ।

ਖੋਜਾਂ ਰਾਹੀਂ ਸਾਬਤ ਹੋ ਚੁੱਕਿਆ ਹੈ ਕਿ ਤੰਦਰੁਸਤ ਸਰੀਰ, ਤਣਾਓ ਰਹਿਤ ਦਿਮਾਗ਼, ਨਸ਼ੇ ਤੋਂ ਤੌਬਾ, ਸੰਤੁਲਿਤ ਖ਼ੁਰਾਕ, ਘਰੇਲੂ ਝਗੜਿਆਂ ਤੋਂ ਰਾਹਤ, ਸੁਖਾਵਾਂ ਮਾਹੌਲ, ਉਸਾਰੂ ਸੋਚ, ਇੱਕੋ ਪ੍ਰਤੀ ਨਿਸ਼ਠਾ, ਰੋਜ਼ਾਨਾ ਕਸਰਤ, ਮਧੁਰ ਸੰਗੀਤ, ਹਲਕੀ ਮਾਲਿਸ਼, ਬੀਮਾਰੀਆਂ ਦਾ ਛੇਤੀ ਅਤੇ ਸਹੀ ਇਲਾਜ ਹੀ ਮਰਦਾਨਾ ਤਾਕਤ ਬਰਕਰਾਰ ਰੱਖਣ ਵਿਚ ਸਹਾਈ ਸਾਬਤ ਹੋਏ ਹਨ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

ਧੰਨਵਾਦ ਸਾਹਿਤ 5abi.com ਚੋਂ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms