Saturday, April 25, 2015

ਪੇਟ ਦਰਦ ਤੋਂ ਛੁਟਕਾਰੇ ਦੇ ਇਹ ਹਨ ਦੇਸੀ ਉਪਾਅ

ਅਕਸਰ ਸਰੀਰ ਦੇ ਕਿਸੇ ਵੀ ਹਿੱਸੇ ਦਾ ਦਰਦ ਵਿਅਕਤੀ ਕਿਸੇ ਹੱਦ ਤੱਕ ਸਹਿ ਸਕਦਾ ਹੈ ਪਰ ਪੇਟ ਤਾਂ ਮਨੁੱਖੀ ਸਰੀਰ ਦਾ ਧੁਰਾ ਹੈ, ਜਿਸ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਦਰਦ ਅਸਹਿ ਹੋ ਜਾਂਦਾ ਹੈ। ਉਂਝ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਉਹ ਬੀਮਾਰ ਪਏ। ਪੇਟ 'ਚ ਮਰੋੜ ਉੱਠਣੇ, ਉਲਟੀ, ਠੰਡ ਲੱਗਣੀ, ਕਮਜ਼ੋਰੀ, ਭੁੱਖ ਨਾ ਲੱਗਣਾ ਆਦਿ ਪੇਟ ਦੀ ਇਨਫੈਕਸ਼ਨ ਦੇ ਲੱਛਣ ਹਨ। ਇਸ ਤੋਂ ਇਲਾਵਾ ਖਾਣ-ਪੀਣ 'ਚ ਸਾਫ-ਸਫਾਈ ਨਾ  ਰੱਖਣ ਕਾਰਨ ਜਾਂ ਬਾਹਰ ਦਾ ਖਾਣਾ ਖਾਣ ਕਾਰਨ ਵੀ ਪੇਟ ਦੀ ਇਨਫੈਕਸ਼ਨ ਹੋ ਸਕਦੀ ਹੈ। ਅੱਜ ਇਥੇ ਦੱਸ ਰਹੇ ਹਾਂ ਕੁਝ ਘਰੇਲੂ ਨੁਸਖੇ, ਜੋ ਤੁਹਾਨੂੰ ਪੇਟ ਦੀ ਇਨਫੈਕਸ਼ਨ ਤੋਂ ਰਾਹਤ ਦੇਣ 'ਚ ਕਾਰਗਰ ਹਨ। ਇਨ੍ਹਾਂ ਦਾ ਸਾਈਡ ਇਫੈਕਟ ਵੀ ਨਹੀਂ ਹੁੰਦਾ।

ਲੌਂਗ
ਰੋਜ਼ਾਨਾ ਇਕ ਜਾਂ ਦੋ ਲੌਂਗ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਲੌਂਗ ਪੇਟ ਅਤੇ ਅੰਤੜੀਆਂ 'ਚ ਹੋਣ ਵਾਲੇ ਛੋਟੇ ਤੋਂ ਛੋਟੇ ਬੈਕਟੀਰੀਆ ਨੂੰ ਜੜ੍ਹੋਂ ਖਤਮ ਕਰ ਦਿੰਦਾ ਹੈ। ਇਥੋਂ ਤੱਕ ਲੌਂਗ ਖਾਣ ਨਾਲ ਇਹ ਸਰੀਰ ਦੇ ਪਰਜੀਵੀਆਂ ਦੇ ਨਾਲ-ਨਾਲ ਉਨ੍ਹਾਂ ਦੇ ਆਂਡੇ ਵੀ ਨਸ਼ਟ ਕਰਦਾ ਹੈ।

ਲਸਣ
ਹਰ ਸਵੇਰ ਖਾਲੀ ਪੇਟ ਲਸਣ ਦੀਆਂ 2 ਜਾਂ 3 ਕਲੀਆਂ ਖਾਣੀਆਂ ਚਾਹੀਦੀਆਂ ਹਨ। ਨਾਲ ਹੀ ਖਾਣਾ ਬਣਾਉਣ ਵੇਲੇ ਵੀ ਲਸਣ ਦੀ ਵਰਤੋਂ ਕਰੋ। ਇਹ ਪੇਟ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਲਾਭਦਾਇਕ ਹੈ।

ਸ਼ਹਿਦ
ਸ਼ਹਿਦ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦੈ। ਖਾਲਸ ਸ਼ਹਿਦ ਨੂੰ ਦਾਲਚੀਨੀ ਪਾਊਡਰ ਨਾਲ ਰਲਾ ਕੇ ਖਾਓ।

ਹਲਦੀ
ਪੇਟ ਵਿਚਲੇ ਬੈਕਟੀਰੀਆ ਨੂੰ ਮਾਰਨ ਲਈ ਇਕ ਚੱਮਚ ਹਲਦੀ ਪਾਊਡਰ 'ਚ 6 ਛੋਟੇ ਚੱਮਚ ਸ਼ਹਿਦ ਰਲਾ ਕੇ ਇਕ ਹਵਾ ਬੰਦ ਜਾਰ  'ਚ ਰੱਖ ਦਿਓ। ਫਿਰ ਇਸ ਨੂੰ ਦਿਨ 'ਚ 
ਦੋ ਵਾਰ ਅੱਧਾ-ਅੱਧਾ ਚੱਮਚ ਖਾਓ। ਇੰਝ ਕਰਨ ਨਾਲ ਇਨਫੈਕਸ਼ਨ ਠੀਕ ਹੋ ਜਾਂਦੀ ਹੈ।

ਹਿੰਗ
ਸਵੇਰੇ ਖਾਲੀ ਪੇਟ ਪਾਣੀ ਨਾਲ ਹਿੰਗ ਦਾ ਸੇਵਨ ਕਰਨ 'ਤੇ ਪੇਟ ਦੇ ਕੀੜੇ ਮਰਦੇ ਹਨ। ਇਸ ਲਈ ਇਸ ਨੂੰ ਰੁਟੀਨ 'ਚ ਖਾਣਾ ਚਾਹੀਦੈ।

ਕੇਲਾ
ਕਿਉਂਕਿ ਕੇਲਾ ਪੋਟਾਸ਼ੀਅਮ ਭਰਪੂਰ ਹੁੰਦਾ ਹੈ ਅਤੇ ਕੁਦਰਤੀ ਤੌਰ 'ਤੇ ਇਸ 'ਚ ਮਿਠਾਸ ਵੀ ਕਾਫੀ ਹੁੰਦੀ ਹੈ, ਇਸ ਲਈ ਇਹ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਪੇਟ ਨੂੰ ਠੀਕ ਵੀ ਕਰ ਦਿੰਦਾ ਹੈ।

ਅਦਰਕ
ਪੇਟ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਤੁਹਾਨੂੰ ਅਦਰਕ ਦਾ ਛੋਟਾ ਟੁਕੜਾ ਨਮਕ ਅਤੇ ਚੁਟਕੀ ਕੁ ਕਾਲੀ ਮਿਰਚ ਨਾਲ ਮਿਲਾ ਲੈਣਾ ਚਾਹੀਦੈ। ਇਸ ਨੂੰ ਖਾ ਕੇ ਇਕ ਗਲਾਸ ਪਾਣੀ ਪੀ ਲਓ।

ਨਿੰਮ
ਪੁਰਾਣੇ ਸਮਿਆਂ ਦੌਰਾਨ ਨਿੰਮ ਨੂੰ ਹੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦੂਰ ਕਰਨ ਲਈ ਔਸ਼ਧੀ ਦੇ ਰੂਪ 'ਚ ਵਰਤਿਆ ਜਾਂਦਾ ਸੀ। ਅੱਜ ਵੀ ਇਹ ਤਰੀਕਾ ਕਾਰਗਰ ਹੈ। ਦਿਨ 'ਚ ਨਿੰਮ ਦੀਆਂ ਪੰਜ ਪੱਤੀਆਂ ਰੋਜ਼ਾਨਾ ਖਾਓ। ਇਸ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ।

ਨਿੰਬੂ
ਨਿੰਬੂ 'ਚ ਐਸੀਡਿਕ ਤੱਤ ਭਰਪੂਰ ਹੁੰਦਾ ਹੈ, ਜੋ ਕਿ ਪੇਟ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਲਾਭਦਾਇਕ ਹੈ। ਇਕ ਗਲਾਸ 'ਚ 2 ਚੱਮਚ ਨਿੰਬੂ ਦਾ ਰਸ ਮਿਲਾਓ ਅਤੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪੀ ਲਓ। ਅਜਿਹਾ ਉਦੋਂ ਤੱਕ ਕਰੋ, ਜਦੋਂ ਤੱਕ ਕਿ ਤੁਹਾਨੂੰ ਪੇਟ ਦੀ ਇਨਫੈਕਸ਼ਨ ਤੋਂ ਛੁਟਕਾਰਾ ਨਹੀਂ ਮਿਲ ਜਾਂਦਾ।

ਦਹੀਂ
ਰੋਜ਼ਾਨਾ ਆਪਣੇ ਭੋਜਨ 'ਚ ਦਹੀਂ ਜ਼ਰੂਰ ਸ਼ਾਮਲ ਕਰੋ। ਚਾਹੋ ਤਾਂ ਇਸ 'ਚ ਕੇਲੇ ਵੀ ਰਲਾ ਕੇ ਖਾ ਸਕਦੇ ਹੋ। ਦਿਨ 'ਚ ਦੋ ਕਟੋਰੀਆਂ ਦਹੀਂ ਦਾ ਸੇਵਨ ਕਰਨ ਨਾਲ ਅਰਾਮ ਮਿਲਦਾ ਹੈ।

ਚੌਲਾਂ ਦਾ ਪਾਣੀ
ਜੇਕਰ ਤੁਹਾਡਾ ਪੇਟ ਕੁਝ ਜ਼ਿਆਦਾ ਹੀ ਖਰਾਬ ਹੋਵੇ ਜਾਂ ਫਿਰ ਡਾਇਰੀਆ ਹੋ ਗਿਆ ਹੈ ਤਾਂ ਚੌਲਾਂ ਦਾ ਪਾਣੀ ਪਓ। ਇਕ ਪੈਨ 'ਚ ਅੱਧਾ ਕੱਪ ਸਫੇਦ ਚੌਲ ਪਾ ਕੇ 6 ਕੱਪ ਪਾਣੀ ਨਾਲ ਪਕਾਓ। ਇਸ ਪਾਣੀ ਨੂੰ ਪੁਣ ਕੇ ਠੰਡਾ ਕਰ ਲਓ। ਫਿਰ ਇਸ 'ਚ ਅੱਧਾ ਚੱਮਚ ਸ਼ਹਿਦ ਅਤੇ ਦਾਲਚੀਨੀ ਪਾਊਡਰ ਮਿਲਾਓ। ਇਸ ਪਾਣੀ ਨੂੰ ਹੌਲੀ-ਹੌਲੀ ਹਰ ਘੰਟੇ ਪਿੱਛੋਂ ਪੀਓ। ਅਰਾਮ ਜ਼ਰੂਰ ਮਿਲੇਗਾ।

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms