ਅੱਜ ਦੀ ਨਾਰੀ ਨੇ ਜਦ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਪੜ੍ਹ-ਲਿਖ ਕੇ ਆਪਣੇ ਚੰਗੇ-ਬੁਰੇ ਬਾਰੇ ਸੋਚਣ ਦੀ ਸਮਝ ਰੱਖ ਲਈ ਹੈ ਤਾਂ ਉਸ ਨੂੰ ਆਪਣੇ ਵਜੂਦ ਦਾ ਅਹਿਸਾਸ ਹੋਣ ਲੱਗਾ ਹੈ। ਹਰ ਵਕਤ ਮਰਦ ਦੇ ਸਾਹਮਣੇ ਛੋਟੇ-ਵੱਡੇ ਖਰਚਿਆਂ ਲਈ ਹੱਥ ਫੈਲਾਉਣ ਵਾਲੀ ਨਾਰੀ ਜਦ ਮਿਹਨਤ ਨਾਲ ਕਮਾ ਕੇ ਖਰਚ ਕਰਨ ਲੱਗੀ ਹੈ ਤਾਂ ਉਸ ਦਾ ਆਤਮਬਲ ਵਧਿਆ ਹੈ। ਇਸ ਕਰਕੇ ਉਹ ਵਿਆਹ ਨੂੰ ਜ਼ਿੰਦਗੀ ਦਾ ਅੰਤਿਮ ਉਦੇਸ਼ ਮੰਨਣ ਦੀ ਪ੍ਰੰਪਰਾ ਨੂੰ ਹੌਲੀ-ਹੌਲੀ ਨਕਾਰਨ ਲੱਗ ਪਈ ਹੈ। ਜੀਵਨ ਨੂੰ ਆਪਣੀਆਂ ਸ਼ਰਤਾਂ ਨਾਲ ਜਿਊਣ ਦੀ ਲਾਲਸਾ ਨੇ ਉਸ ਨੂੰ ਵਿਆਹ ਨਾ ਕਰਨ ਦੇ ਫੈਸਲੇ ਵੱਲ ਮੋੜ ਦਿੱਤਾ ਹੈ। ਇਸਤਰੀ ਨੂੰ ਬਚਪਨ ਵਿਚ ਪਿਤਾ, ਜਵਾਨੀ ਵਿਚ ਪਤੀ ਅਤੇ ਬੁਢਾਪੇ ਵਿਚ ਪੁੱਤਰਾਂ ਦੇ ਸਹਾਰੇ ਜਿਊਣ ਦਾ ਫੈਸਲਾ ਕਰਨ ਵਾਲੇ ਮਰਦ ਪ੍ਰਧਾਨ ਸਮਾਜ ਵਿਚ ਉਸ ਦੇ ਇਸ ਫੈਸਲੇ ਨੂੰ ਬਹੁਤ ਸਰਲਤਾ ਨਾਲ ਨਹੀਂ ਲਿਆ ਗਿਆ, ਜੋ ਕਿ ਸੁਭਾਵਿਕ ਵੀ ਹੈ। ਭਲਾ ਆਪਣੇ ਦੁਆਰਾ ਬਣਾਏ ਗਏ ਸਮਾਜ ਦੇ ਦਾਇਰੇ ਨੂੰ ਪੁਰਖ ਕਿਵੇਂ ਡਾਵਾਂਡੋਲ ਹੋਣ ਦੇਵੇਗਾ?
ਜ਼ਿੰਦਗੀ ਵਿਚ ਪਤੀ-ਪਤਨੀ ਦੇ ਰਿਸ਼ਤੇ ਦੇ ਮਹੱਤਵ ਨੂੰ ਨਕਾਰਿਆ ਵੀ ਨਹੀਂ ਜਾ ਸਕਦਾ। ਜ਼ਿੰਦਗੀ ਵਿਚ ਇਕ ਅਜਿਹਾ ਦੌਰ ਵੀ ਆਉਂਦਾ ਹੈ, ਜਦ ਧੀਆਂ-ਪੁੱਤਾਂ ਦੀ ਪੜ੍ਹਾਈ-ਲਿਖਾਈ ਪੂਰੀ ਹੋ ਜਾਂਦੀ ਹੈ। ਉਨ੍ਹਾਂ ਦੇ ਵਿਆਹ ਕਰਕੇ ਮਾਂ-ਬਾਪ ਇਕ-ਦੂਜੇ ਦੇ ਸੱਚੇ ਸਾਥੀ ਬਣ ਕੇ ਜ਼ਿੰਦਗੀ ਕੱਟਦੇ ਹਨ। ਨਜ਼ਰ ਮਾਰੀਏ ਤਾਂ ਵਿਆਹ ਨਾ ਕਰਨ ਦੀ ਕੋਈ ਇਕ ਵਜ੍ਹਾ ਨਹੀਂ ਹੁੰਦੀ, ਕਦੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਮਜਬੂਰੀਆਂ, ਕਦੀ ਕੈਰੀਅਰ ਦੀ ਚਿੰਤਾ ਅਤੇ ਕਦੇ ਸਮਾਜ ਵਿਚ ਵਿਆਹ ਦੇ ਬਾਅਦ ਘਰ ਟੁੱਟਣ ਦਾ ਡਰ, ਦਾਜ ਦੇ ਲੋਭੀਆਂ ਦੁਆਰਾ ਆਪਣੀਆਂ ਨੂੰਹਾਂ ਨੂੰ ਸਾੜਨ ਦਾ ਤੌਖਲਾ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਦੇਖ ਕੇ ਲੜਕੀਆਂ ਨੂੰ ਵਿਆਹ ਤੋਂ ਚਿੜ ਹੋ ਜਾਂਦੀ ਹੈ ਅਤੇ ਉਹ ਵਿਆਹ ਨਾ ਕਰਨ ਦਾ ਫੈਸਲਾ ਕਰਦੀਆਂ ਹਨ।
ਅੱਜ ਵੱਡੇ ਸ਼ਹਿਰਾਂ ਵਿਚ ਮੁਟਿਆਰਾਂ ਬਹੁਤ ਸਮਾਂ ਵਿਆਹ ਦਾ ਫੈਸਲਾ ਲੈਣ ਤੋਂ ਝਿਜਕਦੀਆਂ ਹਨ, ਜਿਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚੋਂ ਕੁਝ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ-
• ਅੱਜਕਲ੍ਹ ਦੀਆਂ ਬਹੁਤ ਸਾਰੀਆਂ ਅਜਿਹੀਆਂ ਲੜਕੀਆਂ ਹਨ, ਜੋ ਮਾਂ-ਬਾਪ ਉੱਪਰ ਬੋਝ ਨਹੀਂ, ਸਗੋਂ ਉਹ ਮਾਂ-ਬਾਪ ਦਾ ਸਹਾਰਾ ਬਣਦੀਆਂ ਹਨ। ਕਈ ਘਰਾਂ ਵਿਚ ਪੁੱਤਰ ਆਪਣੇ ਫਰਜ਼ ਭੁੱਲ ਜਾਂਦੇ ਹਨ ਤਾਂ ਲੜਕੀਆਂ ਅਣਵਿਆਹੁਤਾ ਰਹਿ ਕੇ ਮਾਂ-ਬਾਪ ਦਾ, ਛੋਟੇ ਭੈਣ-ਭਰਾਵਾਂ ਦਾ ਧਿਆਨ ਰੱਖਣ ਖਾਤਰ ਅਣਵਿਆਹੀਆਂ ਰਹਿ ਜਾਂਦੀਆਂ ਹਨ।
• ਬਹੁਤ ਸਾਰੀਆਂ ਲੜਕੀਆਂ ਦਾ ਜਿਊਣ ਦਾ ਆਪਣਾ ਢੰਗ-ਤਰੀਕਾ ਹੁੰਦਾ ਹੈ। ਉਹ ਕਿਸੇ ਕਿਸਮ ਦੇ ਬੰਧਨ ਜਾਂ ਨਿਯੰਤਰਣ ਨੂੰ ਸਵੀਕਾਰ ਨਹੀਂ ਕਰਦੀਆਂ, ਇਸ ਲਈ ਉਹ ਵਿਆਹ ਨਹੀਂ ਕਰਨਾ ਚਾਹੁੰਦੀਆਂ।
• ਅੱਜ ਦੀਆਂ ਵੱਡੇ ਸ਼ਹਿਰਾਂ ਵਿਚ ਰਹਿਣ ਵਾਲੀਆਂ ਕੰਮਕਾਜੀ ਲੜਕੀਆਂ ਘਰੇਲੂ ਔਰਤਾਂ ਬਣ ਕੇ ਰਹਿਣਾ ਪਸੰਦ ਨਹੀਂ ਕਰਦੀਆਂ। ਉਨ੍ਹਾਂ ਦੇ ਆਪਣੇ ਸੁਤੰਤਰ ਵਿਚਾਰ ਅਤੇ ਫੈਸਲੇ ਹੁੰਦੇ ਹਨ। ਉਹ ਦਕਿਆਨੂਸੀ ਜੀਵਨ ਸਾਥੀ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਨਾਲੋਂ ਇਕੱਲੇ ਰਹਿਣਾ ਵਧੇਰੇ ਪਸੰਦ ਕਰਦੀਆਂ ਹਨ।
• ਅੱਜ ਦੀਆਂ ਮੁਟਿਆਰਾਂ ਦੀਆਂ ਪ੍ਰਾਥਮਿਕਤਾਵਾਂ ਬਦਲ ਗਈਆਂ ਹਨ। ਉਹ ਇਨ੍ਹਾਂ ਪ੍ਰਾਥਮਿਕਤਾਵਾਂ ਨੂੰ ਵਿਆਹ ਨਾਲੋਂ ਮਹੱਤਵਪੂਰਨ ਮੰਨਦੀਆਂ ਹਨ।
• ਅੱਜ ਦੀਆਂ ਲੜਕੀਆਂ ਕਾਫੀ ਜਾਗਰੂਕ ਹਨ। ਉਹ ਨਾਰੀ/ਆਪਣੇ ਉੱਪਰ ਹੋਣ ਵਾਲੇ ਅੱਤਿਆਚਾਰਾਂ ਨੂੰ ਸਹਿਣ ਨਹੀਂ ਕਰ ਸਕਦੀਆਂ। ਉਹ ਵਿਆਹ ਤੋਂ ਇਸ ਤਰ੍ਹਾਂ ਡਰ ਜਾਂਦੀਆਂ ਹਨ ਕਿ ਉਹ ਇਸ ਦਾ ਵਿਚਾਰ ਬਦਲ ਦਿੰਦੀਆਂ ਹਨ।
• ਕਈ ਵਾਰ ਲੜਕੀਆਂ ਏਨਾ ਪੜ੍ਹ-ਲਿਖ ਜਾਂਦੀਆਂ ਹਨ ਅਤੇ ਏਨੇ ਉੱਚੇ ਅਹੁਦੇ ਉੱਪਰ ਪਹੁੰਚ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਕੋਈ ਯੋਗ ਵਰ ਨਹੀਂ ਮਿਲਦਾ ਅਤੇ ਘੱਟ ਪੜ੍ਹੇ ਜਾਂ ਛੋਟੇ ਅਹੁਦੇ ਉੱਪਰ ਕੰਮ ਕਰਨ ਵਾਲੇ ਲੜਕੇ ਨਾਲ ਉਹ ਵਿਆਹ ਨਹੀਂ ਕਰਨਾ ਚਾਹੁੰਦੀਆਂ। ਸਿੱਟੇ ਵਜੋਂ ਕੁਆਰੀਆਂ ਰਹਿਣਾ ਪਸੰਦ ਕਰਦੀਆਂ ਹਨ।
ਇਸ ਪ੍ਰਕਾਰ ਬਦਲਦੇ ਸਮਾਜਿਕ ਤਾਣੇ-ਬਾਣੇ ਵਿਚ ਵਿਆਹ ਨੂੰ ਪੜ੍ਹੀਆਂ-ਲਿਖੀਆਂ ਉੱਚ ਅਹੁਦੇ ਵਾਲੀਆਂ ਲੜਕੀਆਂ ਜਾਂ ਤਾਂ ਪਸੰਦ ਨਹੀਂ ਕਰਦੀਆਂ ਜਾਂ ਬਹੁਤ ਵੱਡੀਆਂ ਹੋ ਕੇ ਵਿਆਹ ਕਰਵਾਉਂਦੀਆਂ ਹਨ।
ਐਚ. ਐਮ. ਵੀ. ਕਾਲਜ, ਜਲੰਧਰ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 02.03.2012
7:52 AM
Hardeep Singh Mann





