Sunday, February 19, 2012

ਵਿਆਹੁਤਾ ਜੀਵਨ ਵਿਚ ਇਕ ਦੂਜੇ ਤੋਂ ਰਹੋ ਜਾਣੂ, ਪਰ ਸ਼ੱਕ ਨਾ ਕਰੋ - ਡਾ: ਹਰਪ੍ਰੀਤ ਸਿੰਘ ਭੰਡਾਰੀ

ਵਧੀਆ ਅਤੇ ਸੁਖੀ ਵਿਆਹੁਤਾ ਜੀਵਨ ਦਾ ਮੰਤਰ ਕੀ ਹੈ? ਇਹ ਪ੍ਰਸ਼ਨ ਆਮ ਤੌਰ 'ਤੇ ਉਨ੍ਹਾਂ ਵਿਆਹੁਤਾ ਜੋੜਿਆਂ ਦੇ ਮਨ ਵਿਚ ਉਠਦਾ ਹੈ ਜਦੋਂ ਉਹ ਆਪਣੇ ਆਂਢ-ਗੁਆਂਢ ਦੇ ਜਾਂ ਫਿਰ ਦੂਰੋਂ-ਨੇੜਿਓਂ ਜਾਣ-ਪਹਿਚਾਣ ਦੇ ਜੋੜਿਆਂ ਨੂੰ ਸੁਖੀ, ਖੁਸ਼ਹਾਲ ਅਤੇ ਵਧੀਆ ਜੀਵਨ ਜਿਉਂਦਿਆਂ ਦੇਖਦੇ ਹਨ।

ਦਰਅਸਲ ਵਧੀਆ ਅਤੇ ਸੁਖੀ ਵਿਆਹੁਤਾ ਜੀਵਨ ਦਾ ਕੋਈ ਖਾਸ ਮੰਤਰ ਨਹੀਂ ਹੈ, ਸਗੋਂ ਦੋ ਇਨਸਾਨਾਂ ਦਾ ਇਕ-ਦੂਜੇ ਉੱਤੇ ਬਣਿਆ ਹੋਇਆ ਭਰੋਸਾ ਹੀ ਦੋਵਾਂ ਦੀ ਜ਼ਿੰਦਗੀ ਵਿਚ ਬਰਾਬਰਤਾ ਰੱਖਦਾ ਹੈ। ਕਈਆਂ ਨੂੰ ਇਹ ਗੱਲਾਂ ਕਿਤਾਬੀ ਜਾਂ ਅਖਬਾਰੀ ਲੱਗ ਸਕਦੀਆਂ ਹਨ ਪਰ ਸੱਚਾਈ ਇਹੀ ਹੈ ਕਿ ਜਦੋਂ ਪਤੀ-ਪਤਨੀ ਦੋਵੇਂ ਮਿਲ ਕੇ ਖੁਸ਼ੀ-ਖੁਸ਼ੀ ਜੀਵਨ ਦੀ ਗੱਡੀ ਨੂੰ ਚਲਾਉਂਦੇ ਹਨ ਅਤੇ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੋਂ ਇਲਾਵਾ ਆਰਥਿਕ ਤੰਗੀ, ਪ੍ਰੇਸ਼ਾਨੀ ਦੇ ਬਾਵਜੂਦ ਇਕ-ਦੂਜੇ ਉੱਤੇ ਭਰੋਸਾ ਕਰਦੇ ਹੋਏ ਚਲਦੇ ਹਨ ਤਾਂ ਅਜਿਹੇ ਜੋੜਿਆਂ ਦਾ ਭਵਿੱਖ ਵੀ ਉਜਵਲ ਹੁੰਦਾ ਹੈ ਅਤੇ ਉਮਰ ਭਰ ਰਿਸ਼ਤੇ ਵਿਚ ਮੁਹੱਬਤ ਅਤੇ ਮਿਠਾਸ ਕਾਇਮ ਰਹਿੰਦੀ ਹੈ।

ਇਹ ਹਕੀਕਤ ਹੈ ਕਿ ਸੁਖੀ ਵਿਆਹੁਤਾ ਜੀਵਨ ਨੂੰ ਉਦੋਂ ਗ੍ਰਹਿਣ ਲੱਗ ਜਾਂਦਾ ਹੈ ਜਦੋਂ ਅਸੀਂ ਆਪਣੇ ਜੀਵਨ ਸਾਥੀ ਦੇ ਜੀਵਨ ਉੱਤੇ ਸ਼ੱਕ ਕਰਨ ਲੱਗ ਜਾਂਦੇ ਹਾਂ। ਅੱਜ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ ਅਤੇ ਘਰ ਤੋਂ ਬਾਹਰ ਦੇ ਕੰਮ ਵੀ ਬਹੁਤ ਵਧੀਆ ਕਰਨ ਲੱਗ ਪਈਆਂ ਹਨ। ਅਜਿਹੇ ਸਮੇਂ ਵਿਚ ਜਦੋਂ ਔਰਤਾਂ ਅਤੇ ਮਰਦ ਕੰਮ ਦੇ ਮਾਮਲੇ ਵਿਚ ਕਿਸੇ ਤੋਂ ਵੀ ਘੱਟ ਨਹੀਂ ਅਤੇ ਹਰ ਖੇਤਰ ਵਿਚ ਇਕੱਠੇ ਹਨ ਤਾਂ ਕੁਦਰਤੀ ਹੀ ਹੈ ਕਿ ਔਰਤਾਂ ਅਤੇ ਮਰਦ ਦੋਵੇਂ ਇਕ-ਦੂਜੇ ਦੇ ਸੰਪਰਕ ਵਿਚ ਰਹਿ ਕੇ ਹੀ ਸਮਾਜਿਕ ਅਤੇ ਦਫਤਰੀ ਕੰਮ-ਕਾਜ ਕਰ ਸਕਦੇ ਹਨ। ਆਪਣੇ ਕੰਮਕਾਜ ਲਈ ਔਰਤ ਨੂੰ ਆਪਣੇ ਮਰਦ ਸਾਥੀ ਅਤੇ ਮਰਦ ਨੂੰ ਔਰਤ ਦੀ ਮਦਦ ਵੀ ਲੈਣੀ ਪੈਂਦੀ ਹੈ ਅਤੇ ਅਜਿਹੇ ਮਾਮਲੇ ਵਿਚ ਜੇਕਰ ਪਤੀ ਜਾਂ ਪਤਨੀ ਆਪਣੇ ਜੀਵਨ ਸਾਥੀ 'ਤੇ ਬੇਵਜ੍ਹਾ ਸ਼ੱਕ ਕਰਕੇ ਕਿਸੇ ਤੀਜੇ ਰਿਸ਼ਤੇ ਨੂੰ ਲੱਭਣਗੇ ਤਾਂ ਵਿਆਹੁਤਾ ਜੀਵਨ ਦੇ ਰਿਸ਼ਤਿਆਂ ਵਿਚ ਖਟਾਸ ਆਉਣੀ ਸੁਭਾਵਿਕ ਹੀ ਹੈ। ਸਾਨੂੰ ਸਮਾਜ ਵਿਚ ਰਹਿਣ ਵਾਸਤੇ ਅਤੇ ਸਮਾਜਿਕ ਸਬੰਧ ਕਾਇਮ ਕਰਨ ਲਈ ਲੋਕਾਂ ਨਾਲ ਗੱਲਾਂ ਤਾਂ ਕਰਨੀਆਂ ਪੈਣਗੀਆਂ ਹੀ। ਕਦੇ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ, ਕਦੇ ਮਦਦ ਲਵਾਂਗੇ।

ਅਜਿਹੀਆਂ ਛੋਟੀਆਂ-ਛੋਟੀਆਂ ਬਿਨਾਂ ਸਿਰ-ਪੈਰ ਦੀਆਂ ਗੱਲਾਂ ਨੂੰ ਲੈ ਕੇ ਆਪਣੇ ਸੁਖੀ ਜੀਵਨ ਨੂੰ ਗ੍ਰਹਿਣ ਲਾਉਣਾ ਅਤੇ ਆਪਣਾ ਦਿਮਾਗ ਖਰਾਬ ਕਰਨਾ ਕੋਈ ਅਕਲ ਵਾਲੀ ਗੱਲ ਨਹੀਂ। ਜ਼ਿੰਦਗੀ ਵਿਚ ਸਿਰਫ ਅਤੇ ਸਿਰਫ 'ਪਤੀ ਪਤਨੀ ਔਰ ਵੋਹ' ਦਾ ਹੀ ਰਿਸ਼ਤਾ ਨਹੀਂ ਹੁੰਦਾ। ਬਹੁਤ ਸਾਰੇ ਰਿਸ਼ਤੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਵਿਚ ਜੀਵਨ ਦੀ ਮਿਠਾਸ ਲੁਕੀ ਹੁੰਦੀ ਹੈ। ਜੇ ਤੁਹਾਡਾ ਜੀਵਨ ਸਾਥੀ ਆਪਣੇ ਕਿਸੇ ਵਿਸ਼ੇ ਨੂੰ ਲੈ ਕੇ ਆਪਣੇ ਔਰਤ ਜਾਂ ਮਰਦ ਸਾਥੀ ਨਾਲ ਕੋਈ ਗੱਲ ਕਰਦਾ ਹੈ ਤਾਂ ਇਸ ਗੱਲ ਤੋਂ ਖਫਾ ਹੋਣ ਦੀ ਲੋੜ ਨਹੀਂ। ਕੋਈ ਵੀ ਇਨਸਾਨ ਸਰਬ ਕਲਾ ਸੰਪੂਰਨ ਨਹੀਂ ਹੈ, ਸਾਥੀ ਤੋਂ ਕੋਈ ਵੀ ਗੱਲ ਸਮਝਣ ਵਾਸਤੇ ਮਸ਼ਵਰਾ ਲੈਣਾ ਪੈ ਸਕਦਾ ਹੈ। ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਹਾਡਾ ਜੀਵਨ ਸਾਥੀ ਕਦੇ ਵੀ ਕਿਸੇ ਦੇ ਨਾਲ ਕੋਈ ਵੀ ਗੱਲ ਨਾ ਕਰੇ ਜਾਂ ਉਸ ਨੂੰ ਨਾ ਮਿਲੇ ਤਾਂ ਇਹ ਸੰਭਵ ਨਹੀਂ ਹੈ। ਹਾਂ, ਪਰ ਜੇਕਰ ਤੁਹਾਡਾ ਜੀਵਨ ਸਾਥੀ ਆਪਣੇ ਦਫਤਰੀ ਸਾਥੀ ਦੇ ਨਾਲ ਆਮ ਤੌਰ-ਤਰੀਕਿਆਂ ਤੋਂ ਉਲਟ ਕੋਈ ਖਾਸ ਮਕਸਦ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਫਿਰ ਤਾਂ ਸਾਵਧਾਨੀ ਵਰਤਣ ਦੀ ਲੋੜ ਹੈ।

ਜੇ ਤੁਹਾਡੀ ਪਤਨੀ ਜਾਂ ਤੁਹਾਡੇ ਪਤੀ ਵੱਲੋਂ ਆਪਣੇ ਸਾਥੀ ਦੀ ਕਿਸੇ ਕੰਮ ਨੂੰ ਲੈ ਕੇ ਤਾਰੀਫ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ, ਸਗੋਂ ਹਾਂ ਵਿਚ ਹਾਂ ਮਿਲਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਇਕ ਜਾਦੂ ਹੋਵੇਗਾ, ਉਹ ਜਾਦੂ ਜਿਹੜਾ ਤੁਹਾਡੇ ਵਿਆਹੁਤਾ ਜੀਵਨ ਵਿਚ ਰੰਗ ਅਤੇ ਖੁਸ਼ੀਆਂ ਬਿਖੇਰ ਦੇਵੇਗਾ। ਅਜਿਹਾ ਕਰਨ ਦੇ ਨਾਲ ਤੁਹਾਡੇ ਜੀਵਨ ਸਾਥੀ ਦਾ ਤੁਹਾਡੇ ਪ੍ਰਤੀ ਮੁਹੱਬਤ ਅਤੇ ਖਿੱਚ ਵਿਚ ਬੇਹੱਦ ਇਜ਼ਾਫਾ ਹੋਵੇਗਾ। ਤੁਹਾਡਾ ਜੀਵਨ ਸਾਥੀ ਇਹ ਸਮਝੇਗਾ ਕਿ ਮੇਰੀ ਪਤਨੀ ਜਾਂ ਮੇਰਾ ਪਤੀ ਮੇਰੇ ਵਿਚ ਪੂਰਾ ਵਿਸ਼ਵਾਸ ਰੱਖਦੇ ਹਨ। ਕਦੇ ਵੀ ਆਪਣੇ ਆਂਢੀਆਂ-ਗੁਆਂਢੀਆਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਆਪਣੇ ਦਫਤਰ ਦੇ ਸਾਥੀਆਂ ਦੇ ਭੜਕਾਉਣ ਦੇ ਯਤਨਾਂ ਨਾਲ ਮਨ ਵਿਚ ਇਹ ਵਹਿਮ ਨਹੀਂ ਪਾਲਣਾ ਚਾਹੀਦਾ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਪ੍ਰਤੀ ਵਫ਼ਾਦਾਰ ਨਹੀਂ ਹੈ। ਕੋਈ ਦੂਜਾ ਕਿਸੇ ਨੂੰ ਖੁਸ਼ ਦੇਖ ਕੇ ਰਾਜ਼ੀ ਨਹੀਂ ਹੁੰਦਾ। ਇਸ ਕਰਕੇ ਆਪਣੇ ਪਰਿਵਾਰ, ਆਪਣੇ ਜੀਵਨ ਅਤੇ ਆਪਣੇ ਜੀਵਨ ਸਾਥੀ ਦੇ ਨਾਲ ਰਹਿਣ ਦਾ, ਖੁਸ਼ ਰਹਿਣ ਦਾ ਤੁਹਾਨੂੰ ਪੂਰਾ-ਪੂਰਾ ਹੱਕ ਹੈ। ਮੇਰੇ ਕੋਲ ਆਂਢੀਆਂ-ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਭੜਕਾਏ ਹੋਏ ਪਤੀ-ਪਤਨੀਆਂ ਦੇ ਬਹੁਤ ਕੇਸ ਅਜਿਹੇ ਵੀ ਆਏ ਹਨ, ਜਿਹੜੇ ਬੇਵਜ੍ਹਾ ਲੋਕਾਂ ਦੇ ਇਸ਼ਾਰਿਆਂ 'ਤੇ ਨੱਚਦੇ ਹੋਏ ਆਪਣੇ ਸੁਖੀ ਅਤੇ ਮੁਹੱਬਤੀ ਵਿਆਹੁਤਾ ਜੀਵਨ ਨੂੰ ਗ੍ਰਹਿਣ ਲਾ ਚੁੱਕੇ ਹਨ ਅਤੇ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਬੋਝ ਥੱਲੇ ਦੱਬੇ ਡਾਕਟਰਾਂ ਕੋਲੋਂ ਦਵਾਈਆਂ ਖਾ ਰਹੇ ਹਨ। ਜ਼ਿੰਦਗੀ ਵਿਚ ਕਈ ਵਾਰ ਮਨੁੱਖ ਮਾਨਸਿਕ ਤਣਾਓ, ਥਕਾਵਟ ਜਾਂ ਪ੍ਰੇਸ਼ਾਨੀਆਂ ਕਰਕੇ ਗੁੱਸੇ ਵਿਚ ਕੁਝ ਵੀ ਕਹਿ ਜਾਂਦਾ ਹੈ।

ਅਜਿਹੀ ਸਥਿਤੀ ਵਿਚ ਤੁਸੀਂ ਸ਼ਾਂਤ ਰਹੋ। ਮਾਮਲਾ ਠੰਢਾ ਹੋਣ 'ਤੇ ਗੱਲ ਖੁਦ-ਬ-ਖੁਦ ਖਤਮ ਹੋ ਜਾਵੇਗੀ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਪਤੀ-ਪਤਨੀ ਦਾ ਰਿਸ਼ਤਾ ਆਪਸੀ ਸਹਿਯੋਗ ਅਤੇ ਇਕ-ਦੂਜੇ ਦੀਆਂ ਇੱਛਾਵਾਂ ਦੇ ਸਤਿਕਾਰ ਕਰਨ ਲਈ ਬਣਿਆ ਹੋਇਆ ਹੈ। ਅੱਜ ਸਾਡੇ ਸਮਾਜ ਵਿਚ ਇਸ ਤਰ੍ਹਾਂ ਦੇ ਪਤੀ-ਪਤਨੀ ਵੀ ਹਨ, ਜਿਹੜੇ ਆਪਣੇ ਆਲੇ-ਦੁਆਲੇ ਤੋਂ ਬਹੁਤ ਵਧੀਆ ਪਤੀ-ਪਤਨੀ ਲਗਦੇ ਹਨ ਪਰ ਅਸਲ ਵਿਚ ਉਨ੍ਹਾਂ ਦੀ ਜ਼ਿੰਦਗੀ ਵਿਚ ਜੋ ਚੱਲ ਰਿਹਾ ਹੈ, ਇਹ ਉਹ ਖੁਦ ਹੀ ਜਾਣਦੇ ਹਨ। ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਚਾਹੀਦਾ ਹੈ ਕਿ ਕੰਮਕਾਜੀ ਪਤੀ-ਪਤਨੀ ਬਾਹਰ ਦੇ ਨਾਲ-ਨਾਲ ਆਪਣੇ ਘਰ ਵਿਚ ਵੀ ਜ਼ਿਆਦਾ ਪਿਆਰ ਅਤੇ ਮਦਦ ਦੇਣ, ਘਰ ਨੂੰ ਸਜਾਉਣ, ਸੰਵਾਰਨ ਅਤੇ ਆਪਸ ਵਿਚ ਮੁਹੱਬਤ ਦਾ ਮੀਂਹ ਵਰਸਾਉਣ।

ਤਿੰਨ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ - ਸੁਖੀ, ਖੁਸ਼ਨੁਮਾ ਅਤੇ ਮੁਹੱਬਤੀ ਵਿਆਹੁਤਾ ਜ਼ਿੰਦਗੀ ਦੇ ਲਈ ਆਪਸੀ ਤਾਲਮੇਲ ਰੱਖਣਾ ਜ਼ਰੂਰੀ ਹੈ, ਇਕ-ਦੂਜੇ 'ਤੇ ਭਰੋਸਾ ਕਰਕੇ ਹੀ ਵਿਆਹ ਦੀ ਗੱਡੀ ਚੱਲ ਸਕਦੀ ਹੈ ਅਤੇ ਰਿਸ਼ਤਿਆਂ ਦੇ ਵਿਚ ਬੇਵਜ੍ਹਾ ਸ਼ੱਕ ਕਰਨ ਨਾਲ ਪ੍ਰੇਸ਼ਾਨੀ ਹੀ ਮਿਲੇਗੀ, ਖੁਸ਼ੀ ਨਹੀਂ। ਇਸ ਲਈ ਬੇਵਜ੍ਹਾ ਸ਼ੱਕ ਕਰਨਾ ਛੱਡ ਦਿਓ।
-ਕਿਸ਼ਨਪੁਰਾ ਕਾਲੋਨੀ, ਗਲੀ ਨੰ: 9,
ਨਾਭਾ ਗੇਟ ਬਾਹਰਕ, ਸੰਗਰੂਰ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 10.02.2012

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms