Sunday, February 26, 2012

ਮਾਂ-ਬੋਲੀ ਤੇ ਪੰਜਾਬੀ ਹੋਣ ਦਾ ਮਾਣ... - ਮੁੰਬਈ ਤੋਂ ਆਤਿਸ਼

ਇੰਟਰਨੈੱਟ 'ਤੇ ਫੇਸਬੁੱਕ 'ਤੇ ਬੜਾ ਚੰਗਾ ਲਗਦੈ, ਇਹ ਵੇਖ ਕੇ ਪੰਜਾਬੀ, ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਆਮ ਰਿਵਾਜ ਦੇ ਉਲਟ ਅੰਗਰੇਜ਼ੀ ਦੀ ਥਾਂ ਪੰਜਾਬੀ ਵਿਚ ਤੇ ਬਹੁਤੇ ਤਾਂ ਗੁਰਮੁਖੀ ਲਿਪੀ ਵਿਚ ਇਕ ਦੂਜੇ ਨਾਲ 'ਚੈਟਿੰਗ' ਕਰਦੇ ਹਨ, ਇਕ ਨੇ ਤਾਂ ਕਈ ਪੰਜਾਬੀਆਂ ਦੇ ਇਸ ਪ੍ਰਵਰਵਿਤ ਸੁਭਾਅ ਤੇ ਇਕ ਗਿਲਾ ਵੀ ਕੀਤਾ ਕਿ ਜਦ ਪੰਜਾਬੀ ਐਨੀ ਮਿੱਠੜੀ ਤੇ ਸੁਹਜ ਭਰੀ ਜ਼ਬਾਨ ਹੈ ਤਾਂ ਉਹ ਪੰਜਾਬੀ ਦੀ ਥਾਂ ਅੰਗਰੇਜ਼ੀ ਜਾਂ ਹਿੰਦੀ ਵਿਚ ਗਿਟਰ-ਮਿਟਰ ਕਰਨ 'ਚ ਮਾਣ ਕਿਉਂ ਮਹਿਸੂਸ ਕਰਦੇ ਹਨ?

ਮੈਨੂੰ ਵੀ ਅੰਦਰੋਂ ਦੁੱਖ ਹੁੰਦਾ ਹੈ, ਉਪਰੋਂ ਉਪਰੋਂ ਹਾਸਾ ਆਉਂਦਾ ਹੈ ਜਦ ਮੈਂ ਆਪਣੇ ਜਾਣ-ਪਛਾਣ ਵਾਲਿਆਂ ਦੇ ਘਰਾਂ 'ਚ ਜਾਂਦਾ ਹਾਂ ਤਾਂ ਉਹ ਆਪਣੇ-ਆਪ ਨੂੰ 'ਬਹੁਤ ਮਾਡਰਨ' ਤੇ 'ਕਲਚਰਡ' ਹੋਣ ਦਾ ਝੂਠਾ ਮਕਰ ਕਰਦੇ ਹੋਏ ਆਪਣੇ ਬੱਚਿਆਂ ਨਾਲ ਇਉਂ ਸੰਬੋਧਿਤ ਹੁੰਦੇ ਹਨ: 'ਨੋ ਨੋ ਪੱਪੂ, ਡੌਂਟ ਡੂ ਦਿਸ-ਸੀ-ਹੂ ਹੈਜ਼ ਕੰਮ। ਸੇ ਹੈਲੋ ਟੂ ਅੰਕਲ।' ਜਾਂ ਫਿਰ ਉਸੇ ਹੀ ਭਰਮ 'ਚ ਗ੍ਰਸੇ ਹਿੰਦੀ 'ਚ ਆਖਣਗੇ, 'ਪੱਪੂ ਕਯਾ ਕਰ ਰਹੇ ਹੋ? ਐਸਾ ਨਹੀਂ ਕਰਤੇ... ਦੇਖੋ ਅੰਕਲ ਆਏ ਹੈਂ... ਕਯਾ ਕਹੇਂਗੇ?' ਸੱਚ ਪੁੱਛੋ ਤਾਂ ਅੰਕਲ 'ਕਯਾ ਕਹੇਂਗੇ?' ਉਹ ਪੰਜਾਬੀ ਦਾ ਇਕੋ ਹੀ ਵਾਕ ਹੈ, 'ਦੁਰ ਫਿੱਟੇ ਮੂੰਹ'

ਕਮਾਲ ਹੈ, ਜਿਨ੍ਹਾਂ ਦੀ ਮਾਂ-ਬੋਲੀ ਹਿੰਦੀ ਹੈ, ਜਿਨ੍ਹਾਂ ਦੀ ਮਾਤਰ ਭਾਸ਼ਾ ਪੰਜਾਬੀ ਨਹੀਂ ਹੈ, ਉਹ ਅੱਜਕਲ੍ਹ ਪੰਜਾਬੀ ਬੋਲਣ 'ਚ ਫ਼ਖ਼ਰ ਮਹਿਸੂਸ ਕਰ ਰਹੇ ਹਨ ਤੇ ਜਿਨ੍ਹਾਂ 'ਤੇ ਪ੍ਰਮਾਤਮਾ ਦੀ ਅਪਾਰ ਕਿਰਪਾ ਹੈ ਕਿ ਉਹ ਪੰਜਾਬੀ ਮਾਂ ਦੀ ਕੁੱਖ 'ਚੋਂ ਪੰਜਾਬੀ ਪਰਿਵਾਰਾਂ 'ਚ ਜੰਮੇ-ਪਲੇ ਉਹ ਪੰਜਾਬੀ ਦੀ ਥਾਂ ਨਕਲੀ ਤਲਫੁਜ਼ 'ਚ ਹਿੰਦੀ ਜਾਂ ਅੰਗਰੇਜ਼ੀ ਬੋਲਣ 'ਚ ਮਾਣ ਮਹਿਸੂਸ ਕਰ ਰਹੇ ਹਨ।

ਮੈਂ ਫਿਲਮ ਲਾਈਨ 'ਚ ਹਾਂ, ਅੱਜ ਤਾਂ ਸਭੇ ਅਖ਼ਬਾਰਾਂ ਵਿਚ 24 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਨਵੀਂ ਹਿੰਦੀ ਫਿਲਮ ਦਾ ਟਾਈਟਲ ਪੜ੍ਹ ਕੇ ਖਿੜਖਿੜ ਹੱਸ ਪਿਆ। ਟਾਈਟਲ ਹੈ 'ਤੇਰੇ ਨਾਲ ਲਵ ਹੋ ਗਿਆ' ਜਿੰਨੇ ਤੁਸੀਂ ਅਹਿ ਪੜ੍ਹ ਰਹੇ ਹੋ ਜਾਂ ਜਿੰਨੇ ਵੀ ਪੰਜਾਬੀ ਹੈਨ, ਦੁਨੀਆ ਦੇ ਹਰ ਖਿੱਤੇ ਵਿਚ ਵਸਦੇ, ਦੱਸੋ ਇਸ ਹਿੰਦੀ ਫਿਲਮ ਦੇ ਟਾਈਟਲ 'ਚ ਹਿੰਦੀ ਦਾ ਇਕ ਵੀ ਲਫ਼ਜ਼ ਹੈ?

'ਤੇਰੇ ਨਾਲ ਲਵ ਹੋ ਗਿਆ'

ਪੂਰੀ ਤਰ੍ਹਾਂ ਪੰਜਾਬੀ ਹੈ। ਮਜ਼ਾ ਇਹ ਹੈ ਕਿ ਨਾ ਤਾਂ ਇਸ ਫਿਲਮ ਦਾ ਪ੍ਰੋਡਿਊਸਰ ਪੰਜਾਬੀ ਹੈ ਤੇ ਨਾ ਹੀ ਹੀਰੋ-ਹੀਰੋਇਨ। ਹੀਰੋ ਮਰਾਠੀ ਹੈ ਤੇ ਹੀਰੋਇਨ ਐਂਗਲੋ ਇੰਡੀਅਨ। ਜ਼ਾਹਿਰ ਹੈ ਕਿ ਇਸ ਫਿਲਮ 'ਚ ਗਾਣੇ ਵੀ ਪੰਜਾਬੀ ਰੰਗ ਵਾਲੇ ਤੇ ਪੰਜਾਬੀ ਬੋਲੀ ਦੀ ਬਹੁਤਾਤ ਵਾਲੇ ਹੋਣਗੇ। ਹਿੰਦੀ ਫਿਲਮਾਂ ਦਾ ਇਤਿਹਾਸ ਵੇਖੋ ਤਾਂ ਇਨ੍ਹਾਂ ਵਿਚ 1940-60 ਵਿਚ ਪੰਜਾਬੀ ਭੰਗੜੇ ਦਾ ਰਿਵਾਜ਼ ਸ਼ੁਰੂ ਹੋਇਆ। ਅੱਜਕਲ੍ਹ ਜਿਵੇਂ ਹਰੇਕ ਫਿਲਮ ਵਿਚ ਆਈਟਮ ਨੰਬਰ ਦੇਣ ਦਾ ਰਿਵਾਜ਼ ਹੈ, ਉਦੋਂ ਕੋਈ ਇਕ ਵੀ ਹਿੰਦੀ ਫਿਲਮ ਅਜਿਹੀ ਨਹੀਂ ਹੁੰਦੀ ਸੀ, ਜਿਸ ਵਿਚ ਪੰਜਾਬੀ ਤਰਜ਼ ਦਾ ਭੰਗੜਾ ਨਾ ਹੋਵੇ। 'ਭੰਗੜੇ' ਦੀ ਰਿਦਮ 'ਚ ਉਛਾਲ ਹੈ, ਇਹਨੂੰ ਫਿਲਮੀ ਭਾਸ਼ਾ ਵਿਚ 'ਪੱਪੀ' ਵੀ ਆਖਿਆ ਜਾਂਦਾ ਹੈ। ਭੰਗੜਿਆਂ ਵਿਚ ਸ਼ੁਰੂ ਦੇ ਬੋਲ ਖ਼ਾਲਸ ਪੰਜਾਬੀ ਹੁੰਦੇ ਸਨ-ਫਿਰ ਵਿਚ-ਵਿਚਾਲੇ ਹਿੰਦੀ ਦਾ ਤੜਕਾ ਲੱਗਾ ਹੁੰਦਾ ਸੀ। ਹਾਂ ਰਾਜ ਕਪੂਰ ਨੇ ਆਪਣੀ ਫਿਲਮ 'ਜਾਗਤੇ ਰਹੋ' 'ਚ ਜਿਹੜਾ ਭੰਗੜਾ ਪੇਸ਼ ਕੀਤਾ, 'ਐਵੇਂ ਦੁਨੀਆ ਦੇਵੇ ਦੁਹਾਈ, ਝੂਠਾ ਪਾਉਂਦੀ ਸ਼ੋਰ ਆਪਣੇ ਦਿਲ 'ਚੋਂ ਪੁੱਛ ਕੇ ਵੇਖੋ ਕੌਣ ਨਹੀਂ ਜੇ ਚੋਰ...' ਪੂਰੇ ਦਾ ਪੂਰਾ ਪੰਜਾਬੀ ਵਿਚ ਪੇਸ਼ ਕੀਤਾ। ਇਹਦੇ ਵਿਚ 'ਕੀ ਮੈਂ ਝੂਠ ਬੋਲਿਆ?' ਨੇ ਵੀ ਆਪਣਾ ਰੰਗ ਬੰਨ੍ਹਿਆ ਸੀ। ਤੇ ਸਾਰੇ ਹਿੰਦੁਸਤਾਨ 'ਚ ਤੇ ਸਾਰੀ ਦੁਨੀਆ ਵਿਚ ਜਿਥੇ ਜਿਥੇ ਵੀ ਇਹ ਫਿਲਮ ਰਿਲੀਜ਼ ਹੋਈ, ਦਰਸ਼ਕਾਂ ਨੇ ਇਸ ਭੰਗੜੇ ਨੂੰ ਖਿੜੇ ਮੱਥੇ ਕਬੂਲਿਆ ਤੇ ਪੰਜਾਬੀ ਨਾ ਹੁੰਦਿਆਂ ਹੋਇਆਂ ਵੀ ਇਸ ਨੂੰ ਗਾਵਿਆ, ਇਹਦੇ ਬੋਲਾਂ 'ਤੇ ਨੱਚ-ਨੱਚ ਕੇ ਨਿਹਾਲ ਹੋ ਕੇ, ਮਜ਼ਾ ਲਿਆ।

ਅੱਜਕਲ੍ਹ, ਹਿੰਦੀ ਫਿਲਮਾਂ 'ਚ ਨਵਾਂ ਰੁਝਾਨ ਆਇਆ ਹੈ, ਪੰਜਾਬੀ ਗਾਣਾ ਜ਼ਰੂਰ ਹੋਣਾ ਚਾਹੀਦਾ ਹੈ। ਇਥੇ ਓਸ ਮਿਊਜ਼ਿਕ ਡਾਇਰੈਕਟਰ ਦੀ ਪੁੱਛ ਜਿਹਨੂੰ ਪੰਜਾਬੀ ਤਰਜ਼ਾਂ ਬਣਾਉਣੀਆਂ ਆਉਂਦੀਆਂ ਹਨ, ਗੀਤਕਾਰ ਉਹ ਹਿੱਟ, ਜਿਸਨੂੰ ਪੰਜਾਬੀ ਗਾਣਾ ਲਿਖਣਾ ਆਉਂਦਾ ਹੈ। ਕਿੰਨੇ ਹੀ ਗ਼ੈਰ-ਪੰਜਾਬੀ ਫਿਲਮੀ ਗੀਤਕਾਰ ਤਾਂ ਮੇਰੇ ਵੱਲ ਭੱਜੇ ਆਉਂਦੇ ਹਨ ਤੇ ਬੜੇ ਮਾਣ ਨਾਲ ਕਹਿੰਦੇ ਹਨ, ਦੇਖੀਏ ਆਤਿਸ਼ ਸਾਹਿਬ, ਮੈਂਨੇ ਏਕ ਪੰਜਾਬੀ ਗਾਨਾ ਲਿਖਾ ਹੈ, ਫਿਰ ਉਹ ਲਹਿਰਾ-ਲਹਿਰਾ ਕੇ ਜ਼ਬਰਦਸਤੀ ਮੈਨੂੰ ਆਪਣਾ ਲਿਖਿਆ ਗਾਣਾ ਸੁਣਾ ਕੇ ਹੀ ਮੇਰਾ ਪਿੱਛਾ ਛਡਦੇ ਹਨ, ਹਾਏ ਹਾਏ ਪਿੱਛਾ ਉਦੋਂ ਤਾਈਂ ਨਹੀਂ ਛੱਡਦੇ ਜਦ ਤਾਈਂ ਉਨ੍ਹਾਂ ਦੀ ਇਸ ਪੁੱਛ ਦਾ 'ਕੈਸਾ ਲਗਾ?' ਦਾ ਮੈਂ ਇਹ ਆਖ ਕੇ ਜਵਾਬ ਨਹੀਂ ਦਿੰਦਾ, 'ਬਹੁਤ ਬੜੀਆ' ਕਮਾਲ ਹੈ ਨਾ ਉਨ੍ਹਾਂ ਨੂੰ ਪੰਜਾਬੀ ਗਾਣਾ ਲਿਖ ਕੇ ਐਨੀ ਖੁਸ਼ੀ ਹੁੰਦੀ ਹੈ ਕਿ ਜਿਸ ਦਾ ਜਵਾਬ ਨਹੀਂ।

ਮੈਨੂੰ ਬੜਾ ਮਜ਼ਾ ਆਉਂਦਾ ਹੈ।

ਹਿੰਦੀ ਫਿਲਮਾਂ ਦਾ ਇਕ ਸਫ਼ਲ ਡਾਇਰੈਕਟਰ ਹੈ ਇਮਤਿਆਜ਼ ਅਲੀ, ਜਿਸ ਨੇ 'ਜਬ ਵੂਈ ਮੈਟ', 'ਲਵ ਆਜਕਲ੍ਹ' ਤੇ 'ਰਾਕ ਸਟਾਰ' ਜਿਹੀਆਂ ਸਫ਼ਲ ਹਿੰਦੀ ਫਿਲਮਾਂ 'ਚ ਪੰਜਾਬੀ ਗਾਣਿਆਂ ਦੇ ਹਰ ਹਾਲ 'ਚ ਹੋਣ ਦਾ ਕ੍ਰੈਡਿਟ ਇਸ ਨੂੰ ਵੀ ਜਾਂਦਾ ਹੈ ਕਿਉਂਕਿ ਉਸ ਦੀਆਂ ਫਿਲਮਾਂ 'ਚ ਪੰਜਾਬੀ ਮਾਹੌਲ, ਪੰਜਾਬੀ ਕਿਰਦਾਰ ਤੇ ਪੰਜਾਬੀ ਸੰਗੀਤ ਫਿਲਮਾਂ ਦੀ ਜਾਨ ਹੈ ਤੇ ਉਨ੍ਹਾਂ ਦੀ ਸਫ਼ਲਤਾ ਦਾ ਪ੍ਰਮਾਣ ਹਨ। ਇਹ ਇਮਤਿਆਜ਼ ਅਲੀ, ਮੂਲਤਨ ਪੰਜਾਬੀ ਨਹੀਂ ਹੈ, ਝਾਰਖੰਡ-ਰਾਂਚੀ ਦਾ ਜੰਮਪਲ ਹੈ ਪਰ ਚੰਡੀਗੜ੍ਹ ਨਾਲ ਪਿਆਰ ਹੋ ਗਿਆ ਤੇ ਇਸ ਨੇ ਆਪਣੀਆਂ ਫਿਲਮਾਂ 'ਚ ਪੰਜਾਬੀ ਦੀਆਂ ਮੌਜਾਂ ਹੀ ਮੌਜਾਂ ਲਾ ਦਿੱਤੀਆਂ, ਨਾਲੇ ਇਹਦੀਆਂ ਆਪਣੀਆਂ ਵੀ 'ਮੌਜਾਂ ਹੀ ਮੌਜਾਂ' ਲੱਗ ਗਈਆਂ।

ਇਹ ਸਮਾਂ ਐਸਾ ਹੈ ਕਿ ਹਿੰਦੀ ਫਿਲਮਾਂ ਦੀ ਲਾਗਤ ਕਰੋੜਾਂ ਰੁਪਏ ਹੈ, ਕਈਆਂ ਦਾ ਬਜਟ ਤਾਂ 150 ਕਰੋੜ ਰੁਪਏ ਵੀ ਹੈ। ਪੰਜਾਬੀ ਇਨ੍ਹਾਂ ਨਿਰਮਾਤਾਵਾਂ ਤੇ ਫਿਲਮਾਂ ਦਾ ਸਹਾਰਾ ਤੇ ਆਸਰਾ ਹੈ। ਗਾਣੇ ਤਾਂ ਪੰਜਾਬੀ ਦੇ ਹੈਨ ਹੀ, ਕਿੰਨੇ ਪਾਤਰ ਵੀ ਪੰਜਾਬੀ ਤੇ ਉਨ੍ਹਾਂ ਦੇ ਡਾਇਲਾਗ ਵੀ ਪੰਜਾਬੀ ਵਿਚ ਹੁੰਦੇ ਹਨ। ਦਰਸ਼ਕ ਪਸੰਦ ਕਰਦੇ ਹਨ, ਇਸ ਲਈ ਉਨ੍ਹਾਂ ਦਾ ਸਰਮਾਇਆ, ਨਫ਼ੇ ਦੇ ਨਾਲ ਵਾਪਸ ਆ ਜਾਂਦਾ ਹੈ। ਇਹ ਗੱਲ ਪੱਕੀ ਹੈ ਕਿ ਹਿੰਦੀ ਫਿਲਮਾਂ ਅਤੇ ਹਿੰਦੀ ਫਿਲਮਾਂ ਦੇ ਨਿਰਮਾਤਾਵਾਂ ਲਈ ਪੰਜਾਬੀ, ਗਰਮ ਮਸਾਲਾ ਹੈ।

ਇੰਟਰਨੈੱਟ 'ਤੇ ਇਕ ਪੰਜਾਬੀ ਪਿਆਰੇ ਨੇ ਆਪਣੀ ਨਿੱਤ ਦੀ ਜ਼ਿੰਦਗੀ ਵਿਚ। ਆਪਣੇ ਘਰਾਂ 'ਚ ਪੰਜਾਬੀ ਨਾ ਬੋਲਣ ਦੇ ਰੁਝਾਨ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਮਾਂ-ਬੋਲੀ ਦਾ ਤ੍ਰਿਸਕਾਰ ਗੁਨਾਹ ਹੈ ਪਰ ਨਾਲ ਹੀ ਉਹਨੇ ਬੜੇ ਅਦਬ ਨਾਲ ਪੂਰੀ ਨਿਮਰਤਾ ਨਾਲ ਇਹ ਵੀ ਲਿਖਿਆ ਕਿ ਉਹਦੇ ਮਨ ਦੀ ਵੇਦਨਾ ਹੈ, ਉਹਦੀ ਗੱਲ ਕਿਸੇ ਨੂੰ ਚੰਗੀ ਨਾ ਲੱਗੀ ਹੋਵੇ ਤਾਂ ਉਹ ਮਾਫ਼ੀ ਮੰਗਦਾ ਹੈ।

ਮਾਫ਼ੀ ਕਾਹਨੂੰ ਮੰਗਣੀ ਸੀ। ਇਹ ਤਾਂ ਸੱਚ ਹੈ, ਕਈ ਵਾਰੀ ਸਕੀਆਂ ਮਾਵਾਂ ਵੀ ਪਿਆਰੇ-ਦੁਲਾਰੇ ਨਿਆਣੇ ਦੇ ਵੀ ਚਪੇੜ ਜੜ੍ਹ ਦਿੰਦੀਆਂ ਹਨ ਜਦ ਉਹ ਕੋਈ ਗ਼ਲਤੀ ਕਰੇ।

ਇਹ ਤਾਂ ਹੋਈ ਆਪਣੀ ਬੋਲੀ, ਮਾਂ-ਬੋਲੀ, ਮਾਤ-ਭਾਸ਼ਾ ਦੀ ਗੱਲ, ਦੂਜੀ ਗੱਲ ਜਿਸਨੇ ਇੰਟਰਨੈੱਟ ਤੇ ਅੱਖਾਂ ਨੂੰ ਖਿੱਚ ਪਾਈ, ਦਿਮਾਗ ਨੂੰ ਟੁਣਕਾਇਆ, ਤੇ ਦਿਲ ਨੂੰ ਧੂਹਿਆ, ਉਹ ਹੈ ਸਿੱਖ ਨੌਜਵਾਨਾਂ ਦਾ ਸਿੱਖੀ ਸਰੂਪ ਤੋਂ ਬੇਮੁਖ ਹੋਣ ਦਾ। ਬਹੁਤ ਖੁਸ਼ੀ ਪ੍ਰਗਟਾਈ ਇੰਟਰਨੈੱਟ ਦੇ ਫੇਸ ਬੁੱਕ 'ਤੇ ਸਿੱਖੀ ਸਰੂਪ ਦੇ ਦੀਵਾਨੇ ਸਿੱਖ ਨੌਜਵਾਨਾਂ ਤੇ ਹਰ ਉਮਰ ਦੇ ਸਿੱਖਾਂ ਨੇ ਜਦ ਕੁਝ ਫੋਟੋਆਂ ਇਉਂ ਆਈਆਂ ਕਿ ਕਈ ਸਿੱਖ ਨੌਜਵਾਨ, ਦੇਸ਼-ਵਿਦੇਸ਼ਾਂ 'ਚ ਜਿਨ੍ਹਾਂ ਸਿੱਖੀ ਸਰੂਪ ਨੂੰ ਤਿਲਾਂਜਲੀ ਦਿੱਤੀ ਸੀ, ਉਨ੍ਹਾਂ ਮੁੜ ਸਿੱਖੀ ਸਰੂਪ ਧਾਰਨ ਕਰ ਲਿਆ ਹੈ। ਦੋਵੇਂ ਫੋਟੋ ਉਨ੍ਹਾਂ ਦੇ ਮੋਨੇ ਹੋਣ ਦੀਆਂ ਤੇ ਫਿਰ ਕੇਸਾਧਾਰੀ ਹੋਣ ਦੀਆਂ ਨਾਲੋ-ਨਾਲ ਛਪੀਆਂ ਹਨ। ਇਸ 'ਤੇ ਸਿੱਖਾਂ ਨੇ ਐਨੀ ਖੁਸ਼ੀ ਪ੍ਰਗਟਾਈ ਹੈ ਤੇ ਐਨੀਆਂ ਵਧਾਈਆਂ ਦਿੱਤੀਆਂ ਹਨ, ਮੁੜ ਸਿੱਖੀ ਸਰੂਪ ਧਾਰਨ ਕਰਨ 'ਤੇ ਇਸ ਫੇਸ ਬੁੱਕ 'ਤੇ ਕਿ ਮੈਂ ਹੈਰਾਨ ਰਹਿ ਗਿਆ ਹਾਂ। ਹਦ ਇਹ ਹੈ ਕਿ ਇਸ ਦੀ ਹਾਮੀ ਗ਼ੈਰ-ਸਿੱਖਾਂ ਨੇ ਵੀ ਭਰੀ ਹੈ।

ਜਿਹੜੇ ਘਰ ਮੁੜ ਆਏ, ਉਨ੍ਹਾਂ ਦੀ ਖੁਸ਼ੀ ਤਾਂ ਹੋਈ, ਪਰ ਜਿਹੜੇ ਨਿਤ-ਨਿਤ ਇਸ ਦਹਿਲੀਜ਼ ਤੋਂ ਬਾਹਰ ਜਾ ਕੇ, ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਰਹੇ ਹਨ, ਉਸ ਨਾਲ ਇਸ ਸਰੂਪ ਦੇ ਪਹਿਰੇਦਾਰਾਂ ਨੂੰ ਧੱਕਾ ਵੀ ਰਿਕਟਰ ਸਕੇਲ 'ਤੇ ਆਏ 9 ਦੇ ਭੁਚਾਲ ਦੇ ਝਟਕੇ ਵਾਂਗ ਲਗਦਾ ਹੈ ਸਿੱਖੀ ਦਾ ਮੰਬਾ-ਪੰਜਾਬ, ਸਿੱਖੀ ਸਰੂਪ ਦੀ ਗੰਗੋਤਰੀ ਪੰਜਾਬ... ਇਹ ਹਵਾ ਸਭ ਤੋਂ ਵਧੇਰੇ ਫੈਲੀ ਹੈ।

ਮੈਂ ਇਸ ਵਿਸ਼ੇ ਨੂੰ ਵੀ ਆਪਣੀ ਹਿੰਦੀ ਫਿਲਮ ਇੰਡਸਟਰੀ ਯਾਨਿ ਬਾਲੀਵੁੱਡ ਤੇ ਹਿੰਦੀ ਫਿਲਮਾਂ ਵੱਲ ਲੈ ਆਵਾਂਗਾ। ਸੰਪੂਰਨ ਸਿੱਖੀ ਸਰੂਪ ਵਾਲਾ ਸਾਡੀਆਂ ਫਿਲਮਾਂ 'ਚ ਸਿੱਖ ਮੁੱਖ ਰੋਲ 'ਚ ਭਾਵ ਹੀਰੋ ਬਣ ਕੇ ਕਦੇ ਨਹੀਂ ਸੀ ਆਇਆ। 1940 ਤੇ 1960 ਦੇ ਦੌਰ 'ਚ ਜੇਕਰ ਪੂਰਨ ਸਿੱਖੀ ਸਰੂਪ ਵਾਲਾ ਕੋਈ ਕਰੈਕਟਰ ਆਉਂਦਾ ਵੀ ਸੀ ਤਾਂ ਉਹ ਕੋਈ ਬਹੁਤ ਹੀ ਨੇਕੀ ਕਰਨ ਵਾਲਾ, ਕਿਸੇ ਡਾਢੇ ਦੁੱਖ 'ਚ ਫਸੀ ਹੀਰੋਇਨ ਨੂੰ ਸ਼ਰਨ ਦੇਣ ਵਾਲਾ ਜਾਂ ਫਿਰ ਹਾਸੇ ਮਖੌਲ ਦਾ ਪਾਤਰ, ਛੋਟੇ ਮੋਟੇ ਰੋਲ 'ਚ ਦਿਸ ਜਾਂਦਾ। ਪਰ ਅੱਜ...।

...ਹਿੰਦੀ ਫਿਲਮਾਂ 'ਚ ਦਾੜ੍ਹੀ, ਕੇਸਾਂ, ਪਗੜੀ ਵਾਲੇ ਹੀਰੋ ਬਣਨ ਦੀ ਸਾਡੇ ਸਭੇ ਪ੍ਰਮੁੱਖ ਹੀਰੋਆਂ 'ਚ ਰੀਸ ਲੱਗੀ ਹੋਈ ਹੈ। ਅਕਸ਼ੈ ਕੁਮਾਰ ਨੇ 'ਸਿੰਘ ਇਜ਼ ਕਿੰਗ' 'ਚ ਇਹ ਕਿਰਦਾਰ ਕੀ ਨਿਭਾਇਆ, ਹੁਣ ਸਭੇ ਹੀਰੋ 'ਸਰਦਾਰ' ਦਾ ਕਿਰਦਾਰ ਨਿਭਾਅ ਰਹੇ ਹਨ। ਸੰਨੀ ਦਿਓਲ, ਰਣਬੀਰ ਕਪੂਰ, ਸੈਫ਼ ਅਲੀ ਖਾਨ ਦੇ ਮਗਰੋਂ ਹੁਣ ਅਜੈ ਦੇਵਗਨ 'ਸਨ ਆਫ਼ ਸਰਦਾਰ' ਵਿਚ ਇਹ ਭੂਮਿਕਾ ਨਿਭਾਅ ਰਿਹਾ ਹੈ। 'ਸਨ ਆਫ਼ ਸਰਦਾਰ' ਦਾ ਟਾਈਟਲ ਅਕਸ਼ੈ ਕੁਮਾਰ ਦੇ ਨਾਂਅ ਰਜਿਸਟਰਡ ਸੀ, ਅਜੈ ਦੇਵਗਨ ਨੇ ਉਹਨੂੰ ਫੋਨ ਕਰਕੇ ਉਹਦੇ ਤੋਂ ਇਹ ਟਾਈਟਲ ਆਪਣੀ ਫਿਲਮ ਵਾਸਤੇ ਲਿਆ ਹੈ।

ਇਸ ਸਮੇਂ ਹਿੰਦੀ ਫਿਲਮਾਂ 'ਚ 'ਸਰਦਾਰ' ਦਾ ਰੋਲ ਹਿੰਦੀ ਫਿਲਮਾਂ ਲਈ ਹਿੱਟ ਦੀ ਕਸੌਟੀ ਹੈ ਤੇ ਹਿੰਦੀ ਫਿਲਮਾਂ ਦਾ 'ਗਰਮ ਮਸਾਲਾ' ਹੈ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 26.02.2012

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms