Sunday, February 19, 2012

ਵਿਆਹ ਤੋਂ ਬਾਅਦ ਸਮਝੌਤਾ ਕਰੋ ਪਰ ਕਿਥੋਂ ਤੱਕ? - ਊਸ਼ਾ ਜੈਨ 'ਸ਼ੀਰੀ'

ਵਿਆਹ ਤੋਂ ਬਾਅਦ ਪਤੀ-ਪਤਨੀ ਇਕ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹਨ। ਕੁੜੀ ਲਈ ਸਹੁਰੇ ਘਰ ਦਾ ਮਾਹੌਲ ਨਵਾਂ ਹੁੰਦਾ ਹੈ। ਨਵਾਂ ਘਰ, ਨਵੀਂ ਜਗ੍ਹਾ, ਨਵੇਂ ਲੋਕ ਜਿਨ੍ਹਾਂ ਦੀਆਂ ਆਦਤਾਂ, ਖਾਣ-ਪੀਣ, ਰਹਿਣ-ਸਹਿਣ ਉਸ ਦੇ ਪੇਕੇ ਪਰਿਵਾਰ ਤੋਂ ਭਿੰਨ ਹੁੰਦਾ ਹੈ। ਘਮੰਡੀ ਤੇ ਹੰਕਾਰੀ ਦਾ ਕਿਸੇ ਨਾਲ ਵੀ ਤਾਲਮੇਲ ਨਹੀਂ ਬੈਠਦਾ। ਖਾਸਕਰ ਕੋਈ ਵੀ ਪਤੀ ਅਜਿਹੀ ਪਤਨੀ ਨਾਲ ਖੁਸ਼ ਨਹੀਂ ਰਹਿ ਸਕਦਾ। ਪਿਆਰ ਦੀ ਮਿੱਠੀ ਨੋਕ-ਝੋਕ ਤੇ ਤਕਰਾਰ ਦਾ ਪਤੀ-ਪਤਨੀ ਵਿਚਕਾਰ ਆਪਣਾ ਮਜ਼ਾ ਹੈ। ਇਸ ਨਾਲ ਜ਼ਿੰਦਗੀ ਵਿਚ ਅਕੇਵਾਂ ਨਹੀਂ ਆਉਂਦਾ ਅਤੇ ਪਿਆਰ ਵਧਦਾ ਹੈ ਪਰ ਇਹ ਹਮੇਸ਼ਾ ਮਰਿਆਦਾ ਵਿਚ ਹੋਵੇ, ਸੀਮਾ ਵਿਚ ਰਹੇ ਤਾਂ ਹੀ ਚੰਗਾ ਹੈ। ਨੋਕ-ਝੋਕ ਕਰਦੇ ਹੋਏ ਪਤੀ ਨੂੰ ਹੋਰਾਂ ਸਾਹਮਣੇ ਨੀਵਾਂ ਕਦੇ ਨਾ ਦਿਖਾਓ। ਪਤੀ ਦੀਆਂ ਕਮਜ਼ੋਰੀਆਂ ਜੇਕਰ ਏਨੀਆਂ ਗੰਭੀਰ ਨਹੀਂ ਕਿ ਜਿਸ ਨਾਲ ਤੁਹਾਡਾ ਘਰ ਤਬਾਹ ਹੋ ਜਾਵੇ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੇ ਗੁਣਾਂ 'ਤੇ ਧਿਆਨ ਦੇਣਾ ਸਿੱਖੋ। ਕਮਜ਼ੋਰੀਆਂ ਵੱਲ ਪਿਆਰ ਨਾਲ ਪਤੀ ਨੂੰ ਮੋੜਿਆ ਜਾ ਸਕਦਾ ਹੈ। ਉਨ੍ਹਾਂ ਦਾ ਮਜ਼ਾਕ ਕਦੇ ਨਾ ਉਡਾਓ।

ਵਧਦੀ ਮਹਿੰਗਾਈ ਕਾਰਨ ਘਰ ਦਾ ਖਰਚ ਚਲਾਉਣ ਲਈ ਅੱਜਕਲ੍ਹ ਔਰਤ-ਮਰਦ ਦੋਵਾਂ ਦਾ ਹੀ ਨੌਕਰੀ ਕਰਨਾ ਜ਼ਰੂਰੀ ਹੋ ਗਿਆ ਹੈ। ਇਸ ਲਈ ਅਸੀਂ ਵੀ ਕਮਾਉਂਦੀਆਂ ਹਾਂ, ਫਿਰ ਕਿਸ ਲਈ ਅਸੀਂ ਪਤੀਆਂ ਦੇ ਹੁਕਮਾਂ ਦੀ ਪਾਲਣਾ ਕਰੀਏ, ਅਜਿਹੀ ਭਾਵਨਾ ਕਿਸੇ ਵੀ ਨਾਰੀ ਦੇ ਘਰ ਦੀ ਸ਼ਾਂਤੀ ਭੰਗ ਕਰਨ ਲਈ ਕਾਫੀ ਹੈ। ਮੰਨਿਆ ਕਿ ਬਾਹਰ ਕੰਮ ਕਰਕੇ ਆਉਣ ਤੋਂ ਬਾਅਦ ਕੋਈ ਵੀ ਨਾਰੀ ਥਕਾਵਟ ਮਹਿਸੂਸ ਕਰਦੀ ਹੈ ਪਰ ਇਹ ਵੀ ਸਹੀ ਹੈ ਕਿ ਇਕ ਖਿਝੇ ਰੁਖ਼ ਨੂੰ ਨਾ ਅਪਣਾਇਆ ਜਾਵੇ। ਘਰ ਦਾ ਕੰਮ ਤਾਂ ਸਾਰਿਆਂ ਨੂੰ ਮਿਲਜੁਲ ਕੇ ਹੀ ਕਰਨਾ ਪਵੇਗਾ। ਇਹ ਕਿਸੇ ਇਕ ਦੀ ਜ਼ਿੰਮੇਵਾਰੀ ਨਹੀਂ ਹੈ। ਇਹ ਬਿਲਕੁਲ ਸੱਚ ਹੈ ਕਿ ਤਾੜੀ ਕਦੇ ਇਕ ਹੱਥ ਨਾਲ ਨਹੀਂ ਵੱਜਦੀ। ਸਿਰਫ ਪਤਨੀ ਹੀ ਆਪਣੇ-ਆਪ ਨੂੰ ਹੋਰਾਂ ਅਨੁਸਾਰ ਢਾਲਦੀ ਰਹੇ, ਸੰਭਵ ਨਹੀਂ ਹੈ। ਜੇਕਰ ਸਾਂਝਾ ਪਰਿਵਾਰ ਹੈ ਤਾਂ ਹੋਰ ਮੈਂਬਰਾਂ ਨੂੰ ਵੀ ਉਸ ਨਾਲ ਤਾਲਮੇਲ ਰੱਖਣ ਦੀ ਲੋੜ ਹੈ।

ਜੇਕਰ ਮਰਦ ਨੂੰ ਦਫਤਰੋਂ ਆਉਂਦੇ ਹੀ ਗਰਮ-ਗਰਮ ਚਾਹ ਨਾਲ ਨਾਸ਼ਤਾ ਦੇ ਕੇ ਜਾਂ ਮੁਸਕਰਾ ਕੇ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਤਾਂ ਬੇਚਾਰੀ ਨੂੰਹ ਨੂੰ ਖਾ ਜਾਣ ਵਾਲੀਆਂ ਨਿਗਾਹਾਂ ਨਾਲ ਕਿਉਂ ਦੇਖਿਆ ਜਾਂਦਾ ਹੈ? ਕੀ ਦਿਨ ਭਰ ਦੀ ਥਕਾਵਟ ਤੋਂ ਬਾਅਦ ਉਸ ਦਾ ਮਨ ਨਹੀਂ ਹੁੰਦਾ ਕਿ ਸਨੇਹ ਨਾਲ ਕੋਈ ਇਕ ਕੱਪ ਗਰਮ ਚਾਹ ਉਸ ਨੂੰ ਵੀ ਦੇਵੇ। ਉਸ ਤੋਂ ਬਾਅਦ ਤਾਂ ਉਸ ਨੂੰ ਘਰ ਦੇ ਕੰਮਾਂ ਵਿਚ ਲੱਗਣਾ ਹੀ ਪੈਣਾ ਹੈ ਪਰ ਕੀ ਉਹ ਥੋੜ੍ਹੇ ਜਿਹੇ ਆਰਾਮ ਦੀ ਵੀ ਹੱਕਦਾਰ ਨਹੀਂ ਹੈ।

ਸਾਡੇ ਪਰਿਵਾਰਾਂ ਵਿਚ ਸਦੀਆਂ ਤੋਂ ਇਹ ਧਾਰਨਾ ਚੱਲੀ ਆ ਰਹੀ ਹੈ ਕਿ ਨੂੰਹ ਨਾਂਅ ਦੇ ਜੀਵ ਦੀ ਆਪਣੀ ਕੋਈ ਅਹਿਮੀਅਤ ਨਹੀਂ ਹੈ, ਕੋਈ ਚਾਹ ਨਹੀਂ ਹੈ। ਉਹ ਸਿਰਫ ਹੋਰਾਂ ਦੀ ਸਹੂਲਤ ਲਈ ਹੈ। ਪਹਿਲਾਂ-ਪਹਿਲ ਤਾਂ ਫਿਰ ਵੀ ਇਹ ਗੱਲ ਸਮਝ 'ਚ ਆਉਂਦੀ ਸੀ ਪਰ ਅੱਜ ਜਦੋਂ ਉਹ ਮਰਦ ਦੇ ਬਰਾਬਰ ਸਿੱਖਿਅਤ ਹੈ ਅਤੇ ਬਰਾਬਰ ਕਮਾ ਰਹੀ ਹੈ ਤਾਂ ਵੀ ਪੁਰਾਣੀਆਂ ਧਾਰਨਾਵਾਂ ਨੂੰ ਉਹ ਢੋਂਦੀ ਰਹੇ, ਇਹ ਕਿਥੋਂ ਦਾ ਨਿਆਂ ਹੈ? ਅਨਿਆਂ ਤਾਂ ਉਦੋਂ ਵੀ ਸੀ ਪਰ ਅੱਜ ਤਾਂ ਉਸ ਦੀ ਤੀਬਰਤਾ ਹੋਰ ਵਧ ਗਈ ਹੈ। ਜੇਕਰ ਸਹੁਰੇ ਪਰਿਵਾਰ ਵਾਲੇ ਅੱਜ ਵੀ ਇਸੇ ਮਾਨਸਿਕਤਾ ਦੇ ਗੁਲਾਮ ਹਨ ਤਾਂ ਅਜਿਹੀ ਸਥਿਤੀ ਵਿਚ ਲੜਕੀ ਨੂੰ ਦੱਬੇ ਰਹਿਣ ਦੀ ਜ਼ਰੂਰਤ ਨਹੀਂ। ਉਸ ਨੂੰ ਸਪੱਸ਼ਟਵਾਦੀ ਹੋ ਕੇ ਆਪਣੀ ਅਹਿਮੀਅਤ ਜਤਾ ਦੇਣੀ ਚਾਹੀਦੀ ਹੈ। ਆਪਣੇ-ਆਪ ਨੂੰ ਉਥੋਂ ਤੱਕ ਢਾਲੋ, ਜਿਥੋਂ ਤੱਕ ਸਹੁਰੇ ਪਰਿਵਾਰ ਦੇ ਮੈਂਬਰ ਸੀਮਾ ਵਿਚ ਹਨ। ਜੇਕਰ ਉਹ ਸੀਮਾ ਤੋਂ ਬਾਹਰ ਜਾਂਦੇ ਹਨ ਅਤੇ ਪਤੀ ਵੀ ਉਨ੍ਹਾਂ ਦਾ ਸਾਥ ਦੇਣ ਲੱਗ ਪਿਆ ਹੈ ਤਾਂ ਤਲਾਕ ਤੋਂ ਵੀ ਨਾ ਹਿਚਕਚਾਓ, ਕਿਉਂਕਿ ਜ਼ਿੰਦਗੀ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ।

ਹੋ ਸਕਦਾ ਹੈ ਸੀਮਾ ਤੋਂ ਬਾਹਰ ਜਾਣ ਵਾਲੇ ਅਜਿਹੇ ਹਾਲਾਤ ਪੈਦਾ ਕਰ ਦੇਣ, ਜਿਨ੍ਹਾਂ ਵਿਚ ਢਲਣ ਦੀ ਗੱਲ ਕੁੜੀ ਲਈ ਬੇਮਤਲਬ ਸਾਬਤ ਹੋਵੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 03.02.2012

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms