Sunday, February 19, 2012

ਕਿੱਥੇ ਜਾਣ ਪੰਜਾਬੀ ਮੁੰਡੇ? - ਪ੍ਰਿੰਸੀਪਲ ਆਸਾ ਸਿੰਘ ਘੁੰਮਣ

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਮੌਜੂਦਾ ਨੌਜਵਾਨ ਪੀੜ੍ਹੀ ਦਾ ਵਰਤਾਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਮਾਜ ਦੇ ਜ਼ਿੰਮੇਵਾਰ ਲੋਕ, ਇੱਜ਼ਤਵਾਨ ਬਜ਼ੁਰਗ, ਚੇਤੰਨ ਅਧਿਆਪਕ ਅਤੇ ਸੁਚੇਤ ਸਮਾਜ-ਸ਼ਾਸਤਰੀ ਨੌਜਵਾਨਾਂ ਵਿਚ ਆਏ ਗ਼ੈਰ-ਜ਼ਿੰਮੇਵਾਰਾਨਾ ਤੇ ਗ਼ੈਰ-ਸੱਭਿਆਚਾਰਕ ਰੁਝਾਨਾਂ ਤੋਂ ਬਹੁਤ ਚਿੰਤਤ ਹਨ। ਚਿੰਤਤ ਹੋਣ ਵੀ ਕਿਉਂ ਨਾ? ਪੰਜਾਬ ਦੀ ਆਧੁਨਿਕ ਨੌਜਵਾਨ ਪੀੜ੍ਹੀ ਦਾ ਵਰਤਾਰਾ ਪੰਜਾਬ ਦੀਆਂ ਮਾਣ-ਮੱਤੀਆਂ ਕਦਰਾਂ-ਕੀਮਤਾਂ ਤੋਂ ਬਿਲਕੁਲ ਉਲਟ ਹੈ। ਨੌਜਵਾਨ ਲੜਕੇ-ਲੜਕੀਆਂ ਬੇ-ਹਯਾਈ ਦੀਆਂ ਹੱਦਾਂ-ਬੰਨੇ ਤੋੜਦੇ ਨਜ਼ਰ ਆ ਰਹੇ ਹਨ, ਮਿਹਨਤ ਕਰਨ ਦੀ ਆਦਤ ਉਨ੍ਹਾਂ ਵਿਚੋਂ ਗਾਇਬ ਹੁੰਦੀ ਜਾ ਰਹੀ ਹੈ, ਉਹ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ 'ਤੇ ਨਿਘਰਦੇ ਜਾ ਰਹੇ ਹਨ। ਨੈਤਿਕ ਪੱਖੋਂ ਨਜ਼ਰ ਆਉਂਦਾ ਨਿਘਾਰ ਹੋਰ ਵੀ ਦੁਖਦਾਈ ਹੈ। ਉਹ ਇਕ ਵਧੀਆ ਕਾਮੇ ਬਣਨ ਦੀ ਬਜਾਏ, ਸਿਰਫ਼, ਕਾਮੀਂ ਬਣਦੇ ਜਾ ਰਹੇ ਹਨ। ਉਹ ਕਈ ਮੰਦਭਾਗੀਆਂ ਰੁਚੀਆਂ ਦੇ ਗੁਲਾਮ ਬਣਦੇ ਜਾ ਰਹੇ ਹਨ। ਉਹ ਬੇ-ਮੁਹਾਰੇ, ਦਿਸ਼ਾ-ਹੀਣ ਇਕ ਅੰਨ੍ਹੀ ਦੌੜ 'ਚ ਪਤਾ ਨਹੀਂ ਕਿਧਰ ਨੂੰ ਤੁਰੀ ਜਾ ਰਹੇ ਹਨ।

ਚਿੰਤਾ ਇਸ ਗੱਲ ਦੀ ਨਹੀਂ ਕਿ ਉਹ ਪੰਜਾਬੀ ਸੱਭਿਆਚਾਰ ਤੋਂ ਦੂਰ ਜਾ ਰਹੇ ਹਨ, ਦੁੱਖ ਇਸ ਤੱਥ ਦਾ ਹੈ ਕਿ ਉਹ ਇਕ ਸੁਡੋਲ ਸਮਾਜਿਕ ਪ੍ਰਾਣੀ ਵਾਲੇ ਸਥਾਪਤ ਚੰਗੇਰੇ ਗੁਣਾਂ ਤੋਂ ਬਹੁਤ ਦੁਰੇਡੇ ਹੋਈ ਜਾ ਰਹੇ ਹਨ। ਕਿਸੇ ਵੀ ਸਮਾਜ ਵਿਚ ਜਨਮ ਲੈਂਦਿਆਂ ਕੁਝ ਸੰਸਕਾਰ ਅਜਿਹੇ ਮਿਲਦੇ ਹਨ ਜੋ ਉਸ ਸਮਾਜ ਦੀ ਪਹਿਚਾਣ ਹੁੰਦੇ ਹਨ। ਇਹ ਸਥਾਪਤ ਹੈ ਕਿ ਹੋਰ ਚੰਗੇ ਸਮਾਜਾਂ ਵਾਲੇ ਗੁਣ ਪੰਜਾਬੀ ਸਮਾਜ ਵਿਚ ਵੀ ਵਿਦਮਾਨ ਹਨ ਤੇ ਕੁਝ ਅਜਿਹੇ ਵੀ ਹਨ ਜੋ ਕਿਸੇ ਹੱਦ ਤੱਕ, ਵਿਲੱਖਣ ਕਹੇ ਜਾ ਸਕਦੇ ਹਨ। ਕੁਝ ਗੁਣ ਸੂਖਮ ਹੁੰਦੇ ਹਨ ਤੇ ਕੁਝ ਸਥੂਲ। ਪੰਜਾਬੀਏ ਹਮੇਸ਼ਾ ਤੋਂ ਖੁੱਲ੍ਹੇ-ਡੁੱਲ੍ਹੇ ਤੇ ਸਾਫ-ਸੁਥਰੇ ਵਾਤਾਵਰਨ ਵਿਚ ਰਹਿਣ ਕਰਕੇ ਸੋਹਣੇ-ਸਿਹਤਮੰਦ ਜੁੱਸੇ ਦੇ ਮਾਲਕ ਰਹੇ ਹਨ। ਮਿਹਨਤਕਸ਼ ਹੱਕ ਦੀ ਕਮਾਈ ਖਾਣ ਵਾਲੇ ਅਣਖੀ ਤੇ ਇੱਜ਼ਤਵਾਨ ਲੋਕ ਰਹੇ ਹਨ। ਧੀ-ਭੈਣ ਦੀ ਇੱਜ਼ਤ ਦੇ ਰਖਵਾਲੇ ਰਹੇ ਹਨ। ਵਧੀਆ ਜਵਾਨ ਤੇ ਵਧੀਆ ਕਿਸਾਨ ਹੋਣ ਤੋਂ ਬਿਨਾਂ ਉਹ ਵਧੀਆ ਇਨਸਾਨ ਵੀ ਰਹੇ ਹਨ। ਉਹ ਦੋਸਤੀ ਵੀ ਅਤੇ ਦੁਸ਼ਮਣੀ ਵੀ ਅਸੂਲਾਂ 'ਚ ਰਹਿ ਕੇ ਹੀ ਕਰਦੇ ਰਹੇ ਹਨ। ਕਿਰਤ ਕਰਕੇ, ਵੰਡ ਛਕਣ ਦੇ ਧਾਰਨੀ ਰਹੇ ਹਨ।

ਪ੍ਰੰਤੂ ਅਫ਼ਸੋਸ ਕਿ ਅੱਜ ਦਾ ਪੰਜਾਬੀ ਆਪਣੇ ਇਨ੍ਹਾਂ ਵਡਮੁੱਲੇ ਗੁਣਾਂ ਨੂੰ ਤਿਲਾਂਜਲੀ ਦੇਈ ਜਾ ਰਿਹਾ ਹੈ। ਅਜਿਹਾ ਕੁਝ ਵੇਖਣ-ਸੁਣਨ ਨੂੰ ਮਿਲ ਰਿਹੈ, ਜੋ ਪੰਜਾਬੀ ਸਮਾਜ ਨੂੰ ਰਤਾ ਵੀ ਨਹੀਂ ਸੋਭਦਾ। ਨਸ਼ਿਆਂ ਨੇ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਖੋਖਲਾ ਤੇ ਬਲਹੀਣ ਕਰ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਕੌਮੀ ਪੱਧਰ 'ਤੇ ਜੋ ਮਾਣ-ਸਨਮਾਨ ਕਦੀ ਪੰਜਾਬੀਆਂ ਨੂੰ ਮਿਲਦਾ ਸੀ, ਅੱਜ ਨਹੀਂ ਮਿਲ ਰਿਹਾ ਕਿਉਂਕਿ ਅੱਜ ਨਾ ਤਾਂ ਉਹ ਦੇਸ਼ ਦੀਆਂ ਸਰਹੱਦਾਂ ਦਾ ਰਾਖਾ ਹੈ ਅਤੇ ਨਾ ਹੀ ਉਹ ਦੇਸ਼ ਦਾ ਅੰਨਦਾਤਾ ਰਿਹਾ ਹੈ। ਜੀਵਨ ਵਿਚ ਸਭ ਤੋਂ ਪਹਿਲਾ ਵੱਡਾ ਕੰਮ ਹੁੰਦਾ ਹੈ ਸਮਾਜ ਵਿਚ ਰਹਿੰਦਿਆਂ ਕਮਾਊ ਧੀ-ਪੁੱਤ ਬਣਨਾ। ਇਸ ਪੱਖੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਬਹੁਤ ਮਾਰ ਖਾਧੀ ਹੈ। ਪ੍ਰੰਪਰਾਗਤ ਕਿੱਤੇ ਖੇਤੀ ਵਿਚ ਨਾ ਤਾਂ ਨੌਜਵਾਨ ਜਿੰਦਜਾਨ ਲਾਉਣੀ ਚਾਹੁੰਦੈ, ਨਾ ਦਿਮਾਗ, ਜ਼ਮੀਨ ਮਹਿੰਗੇ ਮੁੱਲੋਂ ਵੇਚ ਦੇਣੀ ਉਸ ਦੀ ਪਹਿਲੀ ਖਾਹਿਸ਼ ਹੈ। ਦੂਸਰਾ ਮੁੱਖ ਕਿੱਤਾ ਫ਼ੌਜੀ ਹੋਣਾ ਸੀ, ਉਸ ਵਿਚ ਸਿਪਾਹੀ ਬਣਨਾ ਉਹ ਹੱਤਕ ਸਮਝਦਾ ਹੈ ਤੇ ਅਫ਼ਸਰ ਉਹ ਬਣ ਨਹੀਂ ਸਕਦਾ। ਪੁਲਿਸ ਲਈ ਸਰੀਰਕ ਯੋਗਤਾ ਟੈਸਟ ਪਾਸ ਕਰਨਾ ਬਹੁਤ ਸਾਰੇ ਪੰਜਾਬੀਆਂ ਲਈ ਇਕ ਵੱਡੀ ਮੁਸੀਬਤ ਬਣ ਜਾਂਦਾ ਹੈ ਅਤੇ ਅੱਧੋਂ ਵੱਧ ਮੁੰਡੇ-ਕੁੜੀਆਂ ਗਰਾਊਂਡ ਵਿਚ ਢਹਿ-ਢੇਰੀ ਹੋ ਜਾਂਦੇ ਹਨ।

ਬਰੀਕ ਬੁੱਧੀ ਵਾਲੇ ਗੁਣਾਂ ਦੀ ਨੌਜਵਾਨ ਵਿਚ ਬਹੁਤ ਕਮੀ ਹੈ। ਗੁਣਆਤਮਿਕ ਵਿਦਿਆ ਪ੍ਰਾਪਤੀ ਵਿਚ ਅਸੀਂ ਫਾਡੀ ਰਹਿ ਗਏ ਹਾਂ। ਰੁਜ਼ਗਾਰ ਤੋਂ ਬਿਨਾਂ ਦੂਜੇ ਸੱਭਿਆਚਾਰਕ ਤੇ ਸਦਾਚਾਰਕ ਪੱਖੋਂ ਵੀ ਵਡੇਰੀ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨਾਲ ਬੜੇ ਗਿਲੇ-ਸ਼ਿਕਵੇ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਗਿਲਾ ਹੈ ਕਿ ਨੌਜਵਾਨ ਉਨ੍ਹਾਂ ਦੀ ਇਕ ਨਹੀਂ ਸੁਣਦੇ। ਇਹ ਹੀ ਨਹੀਂ ਕਿ ਉਹ ਸੁਣਦੇ ਨਹੀਂ, ਉਲਟਾ ਉਹ ਆਪਣੀ ਸੁਣਾਉਂਦੇ ਹਨ ਤੇ ਧੌਂਸ ਨਾਲ ਗਲ 'ਚ ਅੰਗੂਠਾ ਦੇ ਕੇ ਮਨਵਾਉਂਦੇ ਹਨ। ਉਹ ਆਪਣੇ ਆਲੇ-ਦੁਆਲੇ ਦੇ ਸਮਾਜ ਨਾਲੋਂ ਮੀਡੀਆ ਨਾਲ ਕਿਤੇ ਵਧੇਰੇ ਜੁੜੇ ਹੋਏ ਹਨ, ਉਹ ਰਿਸ਼ਤੇਦਾਰਾਂ ਨਾਲ ਮਿਲ ਕੇ ਨਹੀਂ ਰਾਜ਼ੀ ਪਰ ਦੂਜੇ ਪਾਸੇ ਲੜਕੇ-ਲੜਕੀਆਂ ਨਾਲ ਦੋਸਤੀਆਂ ਪਾਲਣ ਲਈ ਦਿਨ-ਰਾਤ ਲੱਗੇ ਰਹਿੰਦੇ ਹਨ, ਕਦੀ ਮੋਬਾਈਲ 'ਤੇ ਕਦੀ ਇੰਟਰਨੈੱਟ 'ਤੇ। ਬਹੁਗਿਣਤੀ ਨੌਜਵਾਨਾਂ ਵਿਚ ਨਕਾਰਾਤਮਿਕ ਗੁਣ ਕਿਤੇ ਵਧੇਰੇ ਨਜ਼ਰ ਆ ਰਹੇ ਹਨ।

ਅੱਜ ਦਾ ਨੌਜਵਾਨ ਹੀ ਕੱਲ੍ਹ ਦਾ ਭਵਿੱਖ ਹੈ। ਜੇ ਜਵਾਨੀ ਦਿਸ਼ਾਹੀਣ ਹੋ ਜਾਵੇ ਤਾਂ ਸਮੁੱਚੀ ਕੌਮ ਹੌਲੀ-ਹੌਲੀ ਗਿਰਾਵਟ ਵੱਲ ਤੁਰਨ ਲਗਦੀ ਹੈ। ਜੇ ਜਵਾਨੀ ਸਰੀਰਕ ਤੌਰ 'ਤੇ ਜਾਂ ਮਾਨਸਿਕ ਤੌਰ 'ਤੇ ਸਿਹਤਮੰਦ ਨਾ ਰਹੇ ਤਾਂ ਸਮਝੋ ਕਿ ਉਸ ਕੌਮ ਦਾ ਵਰਤਮਾਨ ਵੀ ਅਤੇ ਭਵਿੱਖ ਵੀ ਸੁਡੌਲ ਨਹੀਂ ਹੋ ਸਕਦਾ। ਜੇ ਨੌਜਵਾਨ ਹੀ ਦਿਸ਼ਾਹੀਣ ਹੋ ਜਾਵੇ ਤਾਂ ਵਧੀਆ ਸਮਾਜ ਸਥਾਪਤ ਕਰ ਸਕਣਾ ਨਾ-ਮੁਮਕਿਨ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਨੌਜਵਾਨ ਦੀ ਅਜੋਕੀ ਦਸ਼ਾ ਬਹੁਤ ਮੰਦਭਾਗੀ ਹੈ ਅਤੇ ਮੌਜੂਦਾ ਰੁਝਾਨ ਪੰਜਾਬੀ ਸਮਾਜ ਲਈ ਬੇਹੱਦ ਨੁਕਸਾਨਦੇਹ ਹੋਣਗੇ। ਪ੍ਰੰਤੂ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਨ੍ਹਾਂ ਰੁਝਾਨਾਂ ਨੂੰ ਰੋਕਣ ਲਈ ਜਾਂ ਠੱਲ੍ਹ ਪਾਉਣ ਲਈ ਕੋਈ ਠੋਸ ਕਦਮ ਨਹੀਂ ਪੁੱਟੇ ਜਾ ਰਹੇ। ਉਂਜ ਇਨ੍ਹਾਂ ਰੁਝਾਨਾਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਪਹਿਲਾਂ ਇਹ ਪਤਾ ਕੀਤਾ ਜਾਵੇ ਕਿ ਇਨ੍ਹਾਂ ਲਈ ਜ਼ਿੰਮੇਵਾਰ ਕੌਣ ਹੈ। ਵੇਖਣ ਵਿਚ ਇਹ ਆ ਰਿਹਾ ਹੈ ਕਿ ਸਾਡੇ ਚਿੰਤਕ, ਸਾਡੇ ਅਧਿਆਪਕ ਅਤੇ ਸਾਡੇ ਬਜ਼ੁਰਗ ਸਿਰਫ਼ ਤੇ ਸਿਰਫ਼ ਨੌਜਵਾਨ ਨੂੰ ਹੀ ਦੋਸ਼ੀ ਮੰਨ ਰਹੇ ਹਨ। ਰੇਡੀਓ, ਟੈਲੀਵਿਜ਼ਨ ਜਾਂ ਪਿੰਡ ਪਰੈ ਵਿਚ ਚਲਦੀ ਹਰ ਬਹਿਸ ਵਿਚ ਨੌਜਵਾਨ ਨੂੰ ਕੇਵਲ ਭੰਡਿਆ-ਨਿੰਦਿਆ ਜਾ ਰਿਹਾ ਹੈ, ਉਸ ਦੀ ਸਥਿਤੀ ਦੀ ਨਾਜ਼ੁਕਤਾ ਦਾ ਸੁਹਿਰਦ ਵਿਸ਼ਲੇਸ਼ਣ ਨਹੀਂ ਕੀਤਾ ਜਾ ਰਿਹਾ।

ਤੱਥਾਂ ਨੂੰ ਪਰਖਣ ਤੋਂ ਤਾਂ ਇੰਜ ਲਗਦਾ ਹੈ ਕਿ ਇਸ ਸਾਰੇ ਵਿਗਾੜ ਲਈ ਇਕੱਲਾ ਨੌਜਵਾਨ ਹੀ ਜ਼ਿੰਮੇਵਾਰ ਨਹੀਂ। ਨੌਜਵਾਨ ਪੀੜ੍ਹੀ ਦੀ ਮੌਜੂਦਾ ਸਥਿਤੀ ਦਾ ਕਾਰਨ ਇਕ ਨਹੀਂ, ਕਈ ਹਨ। ਉਨ੍ਹਾਂ ਵਿਚੋਂ ਕੁਝ ਵਿਸ਼ਵਵਿਆਪੀ ਹਨ, ਕੁਝ ਰਾਜਨੀਤਕ ਹਨ ਅਤੇ ਕੁਝ ਸਥਾਨਕ। ਸਾਡਾ ਨੌਜਵਾਨ ਉਹੋ ਕੁਝ ਹੈ ਜੋ ਅਸੀਂ ਉਸ ਨੂੰ ਬਣਾਇਆ ਹੈ। ਪੰਜਾਬ ਦਾ ਨੌਜਵਾਨ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਬੜੀਆਂ ਅਜੀਬ ਤੇ ਵੰਗਾਰੂ ਸਥਿਤੀਆਂ ਵਿਚੋਂ ਗੁਜ਼ਰਿਆ ਹੈ। ਪੰਜਾਬ ਵਿਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਕਿ 1980 ਦੇ ਦਹਾਕੇ ਵਿਚ ਨੌਜਵਾਨ ਇਕ ਅਜਿਹੀ ਲਹਿਰ ਨਾਲ ਜੁੜਿਆ, ਜਿਸ ਦੇ ਧਾਰਮਿਕ ਰਾਜਨੀਤਕ, ਸਮਾਜਿਕ, ਸੱਭਿਆਚਾਰਕ ਅਤੇ ਸਦਾਚਾਰਕ ਪਹਿਲੂ ਬੜੇ ਪੇਚੀਦਾ ਸਨ, ਇਸ ਦੌਰ ਨੂੰ ਜੁਝਾਰੂ, ਜੰਗਜੂ, ਅੱਤਵਾਦੀ, ਦਹਿਸ਼ਤਵਾਦੀ, ਰੂੜੀਵਾਦੀ ਆਦਿ ਨਾਂਅ ਦਿੱਤੇ ਗਏ। ਇਹ ਸੱਚ ਹੈ ਕਿ ਉਸ ਸਮੇਂ ਦੀ ਨੌਜਵਾਨ ਪੀੜ੍ਹੀ ਨੇ ਇਕ ਅਜੀਬ ਨਸ਼ਾ ਚੱਖਿਆ, ਜਿਸ ਅਧੀਨ ਸਾਰਾ ਸਿਲਸਿਲਾ ਤਹਿਸ-ਨਹਿਸ ਹੋ ਗਿਆ। ਨੌਜਵਾਨ ਜੁਝਾਰੂਆਂ ਨੇ ਅਫ਼ਸਰਾਨਾ, ਵਿਦਵਾਨਾਂ, ਬੁੱਧੀਮਾਨਾਂ, ਰਾਜਨੀਤਕਾਂ ਆਦਿ ਨੂੰ ਦੀਵਾਰ ਨਾਲ ਲਾ ਦਿੱਤਾ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਦਿਅਕ ਮਾਹੌਲ ਮਿੱਟੀ 'ਚ ਮਿਲ ਗਿਆ।

ਆਰਥਿਕ ਢਾਂਚਾ ਵੀ ਸਥਿਰ ਹੋ ਗਿਆ। ਇਕ ਪਾਸੇ ਪੰਜਾਬ ਦਾ ਨੌਜਵਾਨ ਕਰਾਹੇ ਪਿਆ ਬੇਘਰ ਹੋਇਆ ਫਿਰਦਾ ਸੀ, ਕਿਤੇ ਸਰਕਾਰੀ ਮਸ਼ੀਨਰੀ ਤੋਂ ਖੌਫ਼ਜ਼ਦਾ ਅਤੇ ਕਿਤੇ ਅੰਦਰੂਨੀ ਦੁਸ਼ਮਣਾਂ ਹੱਥੋਂ, ਦੂਜੇ ਪਾਸੇ ਵਿਸ਼ਵ ਪੱਧਰ 'ਤੇ ਤਕਨੀਕੀ ਜੁਗਤਾਂ ਦੀਆਂ ਵਡੇਰੀਆਂ ਪ੍ਰਾਪਤੀਆਂ ਸਾਹਮਣੇ ਆ ਰਹੀਆਂ ਸਨ। ਵਿਸ਼ਵ ਤਕਨਾਲੋਜੀ, ਮਕੈਨੀਕਲ, ਮੈਨੇਜਮੈਂਟ ਆਦਿ ਪੱਖੋਂ ਬਹੁਤ ਅੱਗੇ ਨਿਕਲ ਗਿਆ ਸੀ, ਜਦੋਂ ਕਿ ਪੰਜਾਬ ਮੱਧ-ਯੁਗੀ ਧਾਰਮਿਕ ਕੱਟੜਤਾ ਦੇ ਘਰੇਲੂ ਯੁੱਧ ਵਿਚ ਉਲਝਿਆ ਪਿਆ ਸੀ। ਅਸੁਰੱਖਿਅਤ ਮਾਪਿਆਂ ਨੇ ਹਰ ਹੀਲੇ ਆਪਣੇ ਨੌਜਵਾਨ ਪੁੱਤਰਾਂ ਨੂੰ ਬਾਹਰ ਭੇਜਣ ਲਈ ਮਜਬੂਰ ਕਰ ਦਿੱਤਾ। ਇਸ ਤਰ੍ਹਾਂ ਪੰਜਾਬ ਦਾ ਨੌਜਵਾਨ ਧਰਮ ਦੇ ਏਜੰਟਾਂ ਹੱਥੋਂ ਨਿਕਲ ਕੇ ਟਰੈਵਲ ਏਜੰਟਾਂ ਦੇ ਹੱਥੀਂ ਜਾ ਚੜ੍ਹਿਆ। 'ਖ਼ਾਲਸਾ ਸਥਾਨ' ਦਾ ਯੁੱਧ ਲੜਨ ਵਾਲਿਆਂ ਨੂੰ ਬਿਗਾਨੀਆਂ ਧਰਤੀਆਂ 'ਤੇ ਸ਼ਰਨ ਲੈਣ ਲਈ ਲੱਖਾਂ ਰੁਪਏ ਵੀ ਤਾਰਨੇ ਪਏ, ਝੂਠ-ਫਰੇਬ ਤੇ ਧੋਖਾਧੜੀਆਂ ਵੀ ਕਰਨੀਆਂ ਪਈਆਂ।

ਇਨ੍ਹਾਂ ਨੌਜਵਾਨਾਂ ਵੱਲੋਂ ਨਿਰਾਸ਼ਾ ਵਿਚ ਪਿੱਛੇ ਪੜ੍ਹ ਰਿਹਾਂ, ਨੂੰ ਇਹੀ ਸੁਨੇਹੇ ਮਿਲਦੇ ਰਹੇ ਕਿ ਜੋ ਤੁਸੀਂ ਇਥੇ ਪੜ੍ਹ ਰਹੇ ਹੋ, ਬਾਹਰ ਕਿਸੇ ਕੰਮ ਨਹੀਂ ਆਉਣਾ। ਬਾਹਰ ਜੋ ਕੰਮ ਆਉਣਾ ਹੈ, ਉਸ ਲਈ ਤਾਂ ਕੋਈ ਉਪਰਾਲੇ ਹੋਏ ਨਾ ਪਰ ਜੋ ਸਥਾਪਤ ਸੀ, ਉਹ ਜ਼ਰੂਰ ਬੇਅਰਥ ਹੋ ਗਿਆ। ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਵਿਦਿਆਰਥੀ ਤਾਂ ਜ਼ਰੂਰ ਸੀ ਜਾਂ ਅੱਜ ਵੀ ਹੈ ਪਰ ਜੋ ਪੜ੍ਹਿਆ ਜਾਂ ਪਾਸ ਕੀਤਾ ਜਾ ਰਿਹੈ, ਉਸ ਦਾ ਕੀ ਮਨੋਰਥ ਹੈ, ਨਾ ਵਿਦਿਆਰਥੀ ਨੂੰ ਪਤਾ ਸੀ ਨਾ ਅਧਿਆਪਕ ਨੂੰ। ਹੌਲੀ-ਹੌਲੀ ਅੰਗਰੇਜ਼ੀ ਸਿੱਖਣ ਦੀ ਹੋੜ ਨੇ ਸਾਨੂੰ ਪੰਜਾਬੀ ਨਾਲੋਂ ਵੀ ਤੋੜ ਦਿੱਤਾ ਤੇ ਪੰਜਾਬੀਅਤ ਨਾਲੋਂ ਵੀ।

ਜਿਹੜੀ ਕੌਮ, ਜਿਹੜਾ ਖਿੱਤਾ ਜਾਗਰੂਕ ਹੋ ਕੇ ਇਨਕਲਾਬੀ ਲਹਿਰ ਪ੍ਰਚੰਡ ਕਰ ਦੇਵੇ ਅਤੇ ਉਸ ਵਿਚ ਨੌਜਵਾਨ ਪੀੜ੍ਹੀ ਵੱਡੀ ਹਿੱਸੇਦਾਰ ਬਣ ਜਾਵੇ, ਉਥੇ ਦੀ ਨੌਜਵਾਨ ਪੀੜ੍ਹੀ ਨੂੰ ਗ਼ਲਤਾਨ ਕਰਨ ਲਈ ਅਕਸਰ ਨਸ਼ਿਆਂ ਦੇ ਸਾਰੇ ਰਾਹ ਖੋਲ੍ਹ ਦਿੱਤੇ ਜਾਂਦੇ ਹਨ। ਅਜਿਹਾ ਕੁਝ ਹੀ ਪੰਜਾਬ ਵਿਚ ਹੋ ਰਿਹਾ ਪ੍ਰਤੀਤ ਹੁੰਦਾ ਹੈ। ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਲਈ ਇਕ ਸੋਚੀ-ਸਮਝੀ ਸਾਜ਼ਿਸ਼ ਅਧੀਨ ਹਰ ਕਿਸਮ ਦਾ ਨਸ਼ਾ ਪੰਜਾਬ ਵਿਚ ਸੁੱਟਿਆ ਜਾ ਰਿਹਾ ਹੈ।

ਪੰਜਾਬ ਦੇ ਪੇਂਡੂ ਨੌਜਵਾਨ ਨੂੰ ਕੁਰਾਹੇ ਪਾਉਣ ਵਿਚ ਸਭ ਤੋਂ ਵੱਡਾ ਰੋਲ ਕਮਰਸ਼ੀਅਲ ਮੀਡੀਆ ਨੇ ਅਦਾ ਕੀਤਾ ਹੈ। ਸੈਂਕੜੇ ਚੈਨਲਾਂ ਦੇ ਹੁੰਦਿਆਂ ਮੁਕਾਬਲੇ ਦੀ ਦੌੜ ਵਿਚ ਚੈਨਲ ਉਹ ਕੁਝ ਵਿਖਾ ਰਹੇ ਹਨ ਜੋ ਪ੍ਰੰਪਰਾਗਤ ਤੌਰ 'ਤੇ ਵਰਜਿਤ ਰਿਹਾ ਹੈ। ਵਰਜਨਾਵਾਂ ਦੀਆਂ ਉਲੰਘਣਾਵਾਂ ਦਾ ਗ਼ੈਰ ਜ਼ਿੰਮੇਵਾਰ ਮੀਡੀਆ ਇਸ ਤਰ੍ਹਾਂ ਮਹਿਮਾਂ ਮੰਡਲ ਕਰਦਾ ਹੈ, ਜਿਵੇਂ ਇਹ ਬੇ-ਹਯਾਈ ਨਾ ਹੋ ਕੇ ਸਗੋਂ ਬਹਾਦਰੀ ਅਤੇ ਕਮਾਲ ਦੀ ਕਲਾ ਦਾ ਕੰਮ ਹੋਵੇ। ਇਨ੍ਹਾਂ ਸੈਂਕੜੇ ਚੈਨਲਾਂ 'ਤੇ ਕੰਮ ਕਰਨ ਵਾਲੀਆਂ ਲੜਕੀਆਂ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝਦੀਆਂ ਹਨ।

ਅੱਜ ਦਾ ਯੁੱਗ ਇਕ ਵਿਸ਼ਵ-ਵਿਆਪੀ ਮੰਡੀ ਬਣ ਗਿਆ ਹੈ ਅਤੇ ਪੰਜਾਬ ਵੀ ਇਸੇ ਮੰਡੀ ਦਾ ਹਿੱਸਾ ਹੈ। ਮੰਡੀ ਵਿਚ ਸਿਰ ਤੋੜਵਾਂ ਮੁਕਾਬਲਾ ਹੁੰਦਾ ਹੈ, ਜਿਥੇ ਮੁਕਾਬਲਾ ਹੋਵੇ, ਉਥੇ ਅਸੂਲ ਨਹੀਂ ਰਹਿੰਦੇ। ਆਧੁਨਿਕ ਦੌਰ ਵਿਚ ਹਰ ਉਹ ਚੀਜ਼ ਵੇਚੀ ਜਾ ਰਹੀ ਹੈ, ਜੋ ਵਿਕ ਸਕਦੀ ਹੈ। ਵਿਕਾਊ ਵਸਤੂ ਨੂੰ ਵੇਚਣ ਲਈ ਹਰ ਢੰਗ-ਤਰੀਕਾ ਵਰਤਿਆ ਜਾ ਰਿਹਾ ਹੈ। ਵਪਾਰਕ ਮੀਡੀਆ ਵਿਕਰੀ ਲਈ ਵਰਜਿਤ ਭਾਵਨਾਵਾਂ ਅਤੇ ਕਾਮਨਾਵਾਂ ਨੂੰ ਏਨੇ ਖੁੱਲ੍ਹੇ ਢੰਗ ਨਾਲ ਪ੍ਰੋਸ ਰਿਹਾ ਹੈ ਕਿ ਸਥਾਪਤ ਕਦਰਾਂ-ਕੀਮਤਾਂ ਸਹਿਜ ਭਾਅ ਖੁਰਦੀਆਂ ਜਾ ਰਹੀਆਂ ਹਨ। ਇਸ਼ਤਿਹਾਰਬਾਜ਼ੀ ਇਸ ਢੰਗ ਨਾਲ ਕੀਤੀ ਜਾਂਦੀ ਹੈ ਕਿ ਉਸ ਦੇ ਜਾਲ ਵਿਚ ਨੌਜਵਾਨ ਸਹਿਜ ਭਾਅ ਫਸ ਜਾਂਦਾ ਹੈ। ਮਿਸਾਲ ਵਜੋਂ ਨੌਜਵਾਨਾਂ ਵਿਚ ਨਸ਼ਿਆਂ ਨੂੰ ਵੇਚਣ ਲਈ ਇਸ ਨੂੰ ਸੈਕਸ ਦੀ ਮੂਲਕ ਪ੍ਰਵਿਰਤੀ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਨੌਜਵਾਨ ਨੂੰ ਦੋਹਰੀ ਮਾਰ ਪੈ ਰਹੀ ਹੈ।

ਉਹ ਜੋ ਕੁਝ ਵਰਜਿਤ ਸੀ, ਪੈਰ-ਪੈਰ 'ਤੇ ਉਪਲਬੱਧ ਹੈ। ਟੈਲੀਵਿਜ਼ਨ ਤੇ ਇੰਟਰਨੈੱਟ 'ਤੇ, ਮੋਬਾਈਲ 'ਤੇ। ਭੜਕਾਊ, ਉਕਸਾਊ ਫੋਟੋਆਂ ਅਤੇ ਫਿਲਮਾਂ ਵੇਖਣ ਤੋਂ ਬਾਅਦ ਨੌਜਵਾਨ ਕੁਕਰਮ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ? ਅੱਜ ਦੇ ਨੌਜਵਾਨ ਦੇ ਆਲੇ-ਦੁਆਲੇ ਬੁਰਾਈਆਂ ਜਾਲ ਫੈਲਾਈ ਬੈਠੀਆਂ ਹਨ।

ਵਿਸ਼ਵੀਕਰਨ ਦੇ ਆਰਥਿਕ, ਸੱਭਿਆਚਾਰਕ, ਰਾਜਨੀਤਕ ਮਾਨਸਿਕ ਪ੍ਰਭਾਵਾਂ ਨੇ ਇਕ ਅਜੀਬ ਜਿਹਾ ਭੰਬਲ-ਭੂਸਾ ਖੜ੍ਹਾ ਕਰ ਦਿੱਤਾ ਹੈ ਅਤੇ ਐਸੀਆਂ ਸਥਿਤੀਆਂ ਪੈਦਾ ਕਰ ਦਿੱਤੀਆਂ ਹਨ, ਜਿਨ੍ਹਾਂ ਲਈ ਪੰਜਾਬੀ ਨੌਜਵਾਨ ਨੂੰ ਤਿਆਰ ਨਹੀਂ ਕੀਤਾ ਜਾ ਸਕਿਆ। ਗਹੁ ਨਾਲ ਤੱਕੀਏ ਤਾਂ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਨਿੰਦਣ ਦੀ ਬਜਾਏ ਸਗੋਂ ਉਸ ਦੀ ਅਵਸਥਾ ਨੂੰ ਸਮਝਣ ਦੀ ਲੋੜ ਹੈ। ਅੱਜ ਦੇ ਪੰਜਾਬੀ ਨੌਜਵਾਨ ਸਾਹਮਣੇ ਬੜੇ ਵੱਡੇ ਚੈਲੰਜ ਹਨ। ਉਹ ਬਹੁਤ ਵੱਡੀ ਦੁਵਿਧਾ ਅਤੇ ਵਡੇਰੇ ਦਵੰਧ ਵਿਚੋਂ ਗੁਜ਼ਰ ਰਿਹਾ ਹੈ। ਉਸ ਨੂੰ ਜੋ ਉਪਦੇਸ਼ ਦਿੱਤੇ ਜਾ ਰਹੇ ਹਨ, ਉਹ ਹੋਰ ਹਨ ਅਤੇ ਜੋ ਸਾਹਮਣੇ ਨਜ਼ਰ ਆਉਂਦੀ ਅਸਲੀਅਤ ਹੈ, ਉਹ ਹੋਰ ਹੈ।

ਨੌਜਵਾਨਾਂ ਸਾਹਮਣੇ ਕੋਈ ਵਧੀਆ ਰੋਲ ਮਾਡਲ ਨਹੀਂ। ਸਮਾਜ ਦੇ ਸਾਰੇ ਵਰਗ ਹੀ ਬੁਰੇ ਪ੍ਰਭਾਵਾਂ ਤੋਂ ਪ੍ਰਭਾਵਿਤ ਹੋਏ ਹਨ। ਜਿਥੇ ਸਮਾਜ ਵਿਚ ਵਡੇਰੀ ਉਮਰ ਦੇ ਲੋਕ ਸ਼ਰ੍ਹੇਆਮ ਸ਼ਰਾਬ ਪੀ ਕੇ ਅਰਧ-ਨੰਗੀਆਂ ਨਾਚੀਆਂ ਤੋਂ ਨਜ਼ਰਾਂ ਹੀ ਨਾ ਚੁੱਕਣ, ਜਿਥੇ ਆਏ ਦਿਨ ਮਮਤਾ ਦੇ ਏਡੇ ਘਾਣ ਦੀਆਂ ਖ਼ਬਰਾਂ ਆਉਣ ਕਿ ਇਸ਼ਕ 'ਚ ਅੰਨੀ ਹੋਈ ਔਰਤ ਧੀ-ਪੁੱਤਰਾਂ ਨੂੰ ਮਾਰ ਕੇ ਆਸ਼ਕ ਨਾਲ ਦੌੜ ਜਾਵੇ, ਜਿਥੇ ਵਡੇਰੀ ਉਮਰ ਦੇ ਜ਼ਿੰਮੇਵਾਰ ਫਿਲਮੀ ਕਲਾਕਾਰ ਮਨੋਰੰਜਨ ਦੇ ਨਾਂਅ ਥੱਲੇ ਨੂੰਹਾਂ-ਧੀਆਂ ਨਾਲ ਠੁਮਕੇ ਲਾਉਂਦੇ ਫਿਰਨ, ਜਿਥੇ ਸਤਿਕਾਰਯੋਗ 'ਬਾਬੇ' ਅਤੇ 'ਮਹਾਤਮਾ' ਨੰਗੀਆਂ ਫਿਲਮਾਂ ਵੇਖਣ ਅਤੇ ਕਿਸ਼ੋਰਅਵਸਥਾ ਦੀਆਂ ਕੁੜੀਆਂ-ਮੁੰਡਿਆਂ ਦਾ ਲਿੰਗ-ਸ਼ੋਸ਼ਣ ਕਰਨ ਦੇ ਦੋਸ਼ੀ ਪਾਏ ਜਾਣ, ਜਿਥੇ ਸਿਆਸਤਦਾਨ ਲੱਖਾਂ-ਕਰੋੜਾਂ ਦੇ ਰਿਸ਼ਵਤਾਂ ਦੇ ਸਕੈਂਡਲਾਂ ਤੋਂ ਬਿਨਾਂ ਹੁਸੀਨ ਔਰਤਾਂ ਨਾਲ ਨਾਜਾਇਜ਼ ਸੰਬੰਧਾਂ ਦੇ ਭਾਗੀ ਸਾਬਤ ਹੋਣ, ਜਿਥੇ ਅਫਸਰ ਲੋਕ, ਕਿਸ਼ੋਰ ਤੇ ਹੋਣਹਾਰ ਖਿਡਾਰਨਾਂ ਨੂੰ ਆਤਮਘਾਤ ਲਈ ਮਜਬੂਰ ਕਰ ਦੇਣ, ਜਿਥੇ ਅਧਿਆਪਕ ਵਰਗ ਆਪਣੇ ਫ਼ਰਜ਼ਾਂ ਤੋਂ ਬੇਮੁਖ ਹੋ ਜਾਵੇ ਉਥੇ ਇਕੱਲੀ ਨੌਜਵਾਨ ਪੀੜ੍ਹੀ ਨੂੰ ਭੰਡੀ ਜਾਣਾ ਕਿੰਨਾ ਕੁ ਜਾਇਜ਼ ਹੈ?

ਅਸਲੀਅਤ ਤਾਂ ਇਹ ਹੈ ਕਿ ਨੌਜਵਾਨ ਪੀੜ੍ਹੀ ਪੁਰਾਣੀ ਪੀੜ੍ਹੀ ਵੱਲੋਂ ਦੂਰਅੰਦੇਸ਼ ਫੈਸਲੇ ਨਾ ਲੈਣ ਕਰਕੇ ਬੁਰੀ ਤਰ੍ਹਾਂ ਪਿਸ ਰਹੀ ਹੈ। ਪੰਜਾਬ ਵਿਚ ਕਈ ਨੌਜਵਾਨ ਕੁੜੀਆਂ-ਮੁੰਡੇ ਐਸੇ ਹਨ, ਜਿਨ੍ਹਾਂ ਦੇ ਪਿਓ ਨਸ਼ਈ ਹਨ। ਗ਼ੈਰ-ਜ਼ਿੰਮੇਵਾਰ ਤੇ ਨਿਖੱਟੂ ਹਨ। ਕਈ ਬਦਕਿਸਮਤ ਗੰਧਲੇ ਅਤੇ ਨਸ਼ੈਲੇ ਵਾਤਾਵਰਨ ਕਰਕੇ ਨਾ-ਮੁਰਾਦ ਬਿਮਾਰੀਆਂ ਤੋਂ ਪੀੜਤ ਹਨ। ਕਈ ਲੜਕੀਆਂ ਉੱਚ-ਵਿਦਿਆ ਪ੍ਰਾਪਤ ਕਰਨਾ ਚਾਹੁੰਦੀਆਂ ਹਨ ਪਰ ਉੱਚ-ਵਿਦਿਆ ਖਾਸ ਤੌਰ 'ਤੇ ਟੈਕਨੀਕਲ ਵਿਦਿਆ ਏਨੀ ਮਹਿੰਗੀ ਹੋ ਗਈ ਹੈ ਕਿ ਗਰੀਬ ਪਰਿਵਾਰਾਂ ਦੇ ਵਸ ਦੀ ਗੱਲ ਨਹੀਂ ਰਹੀ। ਦੂਜੇ ਪਾਸੇ ਵਿਦਿਆ ਪ੍ਰਾਪਤੀ ਤੋਂ ਬਾਅਦ, ਰੁਜ਼ਗਾਰ ਦੇ ਕੋਈ ਸਾਧਨ ਨਹੀਂ। ਹੱਥੀਂ ਕੰਮ ਕਰਨਾ ਮਾਪਿਆਂ ਨੇ ਛੱਡ ਦਿੱਤੈ, ਅੱਗੋਂ ਬੱਚਿਆਂ ਨੇ ਕਿੱਥੋਂ ਕਰਨੈਂ? ਇਸ ਲਈ ਸਿਰਫ਼ ਨੌਕਰੀਆਂ ਵੱਲ ਤੱਕਿਆ ਜਾਂਦੈ ਅਤੇ ਨੌਕਰੀਆਂ ਹੈ ਨਹੀਂ, ਨਾ ਸਰਕਾਰੀ ਤੇ ਨਾ ਪ੍ਰਾਈਵੇਟ।

ਅਸੀਂ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਨਹੀਂ ਬਣਾ ਸਕੇ। ਲੋੜ ਸੀ ਅਸੀਂ ਆਪਣੇ ਗੁਣ ਪਛਾਣਦੇ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਵਿਕਸਿਤ ਕਰ ਦਿੰਦੇ।

ਜੇ ਪੰਜਾਬੀਏ ਬਾਹਰਲੇ ਦੇਸ਼ਾਂ ਵਿਚ ਜਾ ਕੇ ਵਧੀਆ ਡਰਾਈਵਰ ਸਾਬਤ ਹੋ ਰਹੇ ਹਨ, ਤਾਂ ਅਸੀਂ ਪੰਜਾਬ ਵਿਚ ਕਾਰਾਂ, ਬੱਸਾਂ, ਟਰੱਕਾਂ, ਟਰਾਲਿਆਂ, ਹਵਾਈ ਜਹਾਜ਼ਾਂ, ਰੇਲ ਗੱਡੀਆਂ, ਸਮੁੰਦਰੀ ਜਹਾਜ਼ਾਂ ਆਦਿ ਨੂੰ ਚਲਾਉਣ ਲਈ ਅੰਤਰਰਾਸ਼ਟਰੀ ਪੱਧਰ ਦੇ ਡਰਾਈਵਰ ਕਿਉਂ ਨਹੀਂ ਤਿਆਰ ਕਰ ਦਿੰਦੇ?

ਅਸੀਂ ਖੇਤੀ ਵਿਚ ਕਿਉਂ ਨਹੀਂ ਅੰਤਰਰਾਸ਼ਟਰੀ ਪੱਧਰ ਦੇ ਖੋਜ ਕੇਂਦਰ ਖੋਲ੍ਹਣ ਦੇ ਸਮਰੱਥ ਹੋ ਸਕੇ। ਖਾਣ-ਪੀਣ ਦੇ ਸ਼ੌਕੀਨ ਹੋਣ ਦੇ ਬਾਵਜੂਦ ਸਾਡੇ ਕੋਲ ਇਕ ਵੀ ਅਜਿਹਾ ਇੰਸਟੀਚਿਊਟ ਨਹੀਂ ਜਿਥੇ ਅਜਿਹੀ ਸਿੱਖਿਆ ਉੱਚ-ਪੱਧਰ ਦੀ ਉਪਲਬੱਧ ਹੋਵੇ। ਇਸ ਸਭ ਕਾਸੇ ਦੀ ਅਣਹੋਂਦ ਕਾਰਨ ਸਾਡੇ ਨੌਜਵਾਨ ਦੀ ਇਕੋ ਮੰਜ਼ਿਲ ਹੈ, ਵਿਦੇਸ਼। ਸਾਡੀ ਅਜਿਹੀ ਮਾਨਸਿਕਤਾ ਬਣ ਗਈ ਹੈ ਕਿ ਅਸੀਂ 'ਬਾਰ ਪਰਾਏ ਬੈਸਣਾ' ਲਈ ਸੁੱਖਣਾ ਸੁਖਦੇ ਤੇ ਅਰਦਾਸਾਂ ਕਰਾਉਂਦੇ ਹਾਂ। ਇਕਲੌਤੇ ਪੁੱਤਰ ਦੇ ਬਾਹਰ 'ਪੱਕਾ' ਹੋ ਜਾਣ 'ਤੇ ਸ੍ਰੀ ਅਖੰਡ ਪਾਠ ਕਰਾਉਂਦੇ ਹਾਂ। ਵਿਆਹਾਂ ਦੇ ਕਾਰਡਾਂ 'ਤੇ ਨਾਂਅ ਨਾਲ ਦੇਸ਼ ਦਾ ਨਾਂਅ ਇੰਜ ਲਿਖਿਆ ਜਾਂਦੈ ਜਿਵੇਂ ਉੱਚ-ਵਿਦਿਆ ਪ੍ਰਾਪਤ ਵਿਅਕਤੀ ਆਪਣੇ ਨਾਂਅ ਨਾਲ ਪੀ. ਐਚ. ਡੀ., ਐਮ. ਬੀ. ਏ., ਐਮ. ਬੀ. ਬੀ. ਐਸ. ਆਦਿ ਲਿਖਦਾ ਹੈ। ਬਿਨਾਂ ਕਿਸੇ ਨਿਪੁੰਨਤਾ ਦੇ ਪ੍ਰਦੇਸੀਂ ਭੇਜੇ ਨੌਜਵਾਨਾਂ ਨੂੰ ਕਿਹੜੇ-ਕਿਹੜੇ ਸਰੀਰਕ ਅਤੇ ਮਾਨਸਿਕ ਸਮਝੌਤੇ ਕਰਨੇ ਪੈਂਦੇ ਹਨ, ਇਹ ਤਾਂ ਉਸ ਦੀ ਰੂਹ ਹੀ ਜਾਣਦੀ ਹੈ।

ਨੌਜਵਾਨ ਨੂੰ ਸੁਹਿਰਦਤਾ ਨਾਲ ਸਮਝਣ ਦੀ ਲੋੜ ਹੈ। ਸਰਕਾਰਾਂ ਆਪਣੇ ਫ਼ਰਜ਼ ਨਿਭਾਉਣ, ਅਸੀਂ ਆਪਣੇ ਫ਼ਰਜ਼ ਨਿਭਾਈਏ। ਖਾਸ ਤੌਰ 'ਤੇ ਪੇਂਡੂ ਨੌਜਵਾਨ ਨੂੰ ਸਾਂਭਣ ਲਈ ਪੰਚਾਇਤਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਹੋਣਹਾਰ ਵਿਦਿਆਰਥੀਆਂ, ਖਿਡਾਰੀਆਂ ਅਤੇ ਉਦਮੀਆਂ ਨੂੰ ਵਿਸ਼ੇਸ਼ ਮਾਣ-ਸਨਮਾਨ ਦੇ ਕੇ ਉਭਾਰਨਾ ਅਤੇ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਕੁਰਾਹੇ ਤੁਰੇ ਨੂੰ ਵਕਤ ਸਿਰ ਸਾਂਭਣਾ ਵੀ ਜ਼ਰੂਰੀ ਹੈ। ਗ਼ੈਰ-ਜ਼ਿੰਮੇਵਾਰ ਨੌਜਵਾਨ ਪ੍ਰਤੀ 'ਮੈਨੂੰ ਕੀ?' ਅਤੇ 'ਛੱਡ ਪਰਾਂ' ਵਾਲੀ ਪਹੁੰਚ ਛੱਡ ਕੇ ਉਸਾਰੂ ਤੇ ਜ਼ਿੰਮੇਵਾਰ ਸੋਚ ਅਪਨਾਇਆਂ ਸ਼ਾਇਦ ਅਸੀਂ ਕੁਝ ਕਰ ਸਕੀਏ।
-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿਆਣਾ)।
ਮੋਬਾਈਲ : 98152-53245.
ਈਮੇਲ : nadalaghuman@gmail.com
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ ਫਰਵਰੀ 2012

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms