Wednesday, January 11, 2012

ਤਨ ਨੂੰ ਰੋਜ਼ ਹੋ ਸੰਵਾਰਦੇ, ਮਨ ਬਾਰੇ ਵੀ ਸੋਚੋ - ਪ੍ਰੋ: ਕੁਲਜੀਤ ਕੌਰ

ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਕਈ ਸਾਧਨ ਜਾਂ ਤਕਨੀਕਾਂ ਅਜਿਹੀਆਂ ਹਨ, ਜੋ ਸਰੀਰ ਨੂੰ ਸੁੰਦਰ ਦਿੱਖ ਦੇਣ ਵਿਚ ਸਹਾਇਕ ਹਨ। ਅੱਜ ਦੀ ਨੌਜਵਾਨ ਪੀੜ੍ਹੀ ਸਰੀਰਕ ਹਾਰ-ਸ਼ਿੰਗਾਰ ਵੱਲ ਤਾਂ ਬਹੁਤ ਧਿਆਨ ਦਿੰਦੀ ਹੈ, ਇਸ ਵਾਸਤੇ ਬਿਊਟੀ ਪਾਰਲਰ ਜਾਂ ਜਿੰਮ ਸਹਾਈ ਹਨ ਪਰ ਸੰਪੂਰਨ ਸ਼ਖ਼ਸੀਅਤ 'ਚ ਨਿਖਾਰ ਆਪਣੇ ਸੁਭਾਵਿਕ ਗੁਣਾਂ ਨੂੰ ਬਦਲ ਕੇ ਲਿਆਂਦਾ ਜਾ ਸਕਦਾ ਹੈ। ਥੋੜ੍ਹੀ ਜਿਹੀ ਲਗਨ ਅਤੇ ਕੁਝ ਦਿਨਾਂ ਦੇ ਯਤਨਾਂ ਨਾਲ ਸਹਿਜੇ ਹੀ ਮਨ ਦਾ ਸ਼ਿੰਗਾਰ ਹੋ ਸਕਦਾ ਹੈ। ਕੁਝ ਨੁਕਤੇ ਅਜਿਹੇ ਹਨ, ਜੋ ਮਨ ਨੂੰ ਸ਼ਿੰਗਾਰਨ ਵਿਚ ਸਹਾਇਕ ਹਨ-

• ਸਭ ਤੋਂ ਪਹਿਲਾਂ ਆਪਣੇ ਬਚਨਾਂ/ਬੋਲਾਂ ਵਿਚ ਮਿਠਾਸ ਭਰਨ ਦੀ ਕੋਸ਼ਿਸ਼ ਕਰੋ। ਕਹਿੰਦੇ ਹਨ ਕਿ ਕਿਸੇ ਹਥਿਆਰ ਨਾਲ ਲੱਗੀ ਸੱਟ ਤਾਂ ਠੀਕ ਹੋ ਸਕਦੀ ਹੈ ਪਰ ਕੌੜੀ ਜ਼ਬਾਨ ਦੇ ਬੋਲਾਂ ਕਾਰਨ ਲੱਗੀ ਸੱਟ ਸਿੱਧਾ ਮਨ 'ਤੇ ਵਾਰ ਕਰਦੀ ਹੈ ਤੇ ਸ਼ਾਇਦ ਉਸ ਦੇ ਜ਼ਖਮ ਭਰਦੇ ਨਹੀਂ, ਸਗੋਂ ਰਿਸਦੇ ਰਹਿੰਦੇ ਹਨ। ਨਾ ਬਹੁਤ ਜ਼ੋਰ ਦੀ ਬੋਲੋ, ਨਾ ਹੀ ਹੌਲੀ।

• ਸਮੱਸਿਆਵਾਂ ਤੋਂ ਭੱਜੋ ਨਾ, ਸਗੋਂ ਸਥਿਤੀਆਂ ਦਾ ਡਟ ਕੇ ਮੁਕਾਬਲਾ ਕਰੋ। ਕਹਿੰਦੇ ਹਨ ਦੁਨੀਆ ਦੀ ਹਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੈ।

• ਆਪਣੀ ਸ਼ਖ਼ਸੀਅਤ ਨੂੰ ਪਰਖੋ, ਕਮੀਆਂ-ਖਾਮੀਆਂ ਦੇਖ ਕੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਆਪਣੀ ਸਿੱਖਿਆ ਗਿਆਨ ਸੁੰਦਰਤਾ ਅਤੇ ਮਾਣ ਮਰਿਆਦਾ ਦਾ ਖਿਆਲ ਰੱਖੋ।

• ਮੁਸਕਰਾਹਟ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਂਦੀ ਹੈ। ਦੇਖਣ ਵਾਲੇ ਨੂੰ ਅਨੰਦਿਤ ਕਰ ਦਿੰਦੀ ਹੈ, ਕੋਸ਼ਿਸ਼ ਕਰੋ ਕਿ ਮੁਸਕਰਾਹਟ ਬਰਕਰਾਰ ਰੱਖੀ ਜਾਵੇ। ਚਿਹਰੇ ਦੀ ਰੰਗਤ ਅਤੇ ਖਿੱਚ ਨੂੰ ਵਧਾਉਣ ਲਈ ਮੁਸਕਰਾਹਟ ਜ਼ਰੂਰੀ ਗਹਿਣਾ ਹੈ।

• ਨਿਮਰਤਾ ਬਣਾਉਣ ਲਈ ਆਪਣੇ ਮਨ ਦੀ ਸਖਤੀ ਨੂੰ ਮਾਰਨਾ ਪੈਂਦਾ ਹੈ। ਨਿਮਰਤਾ ਨਾਲ ਵੀ ਮਨ ਨੂੰ ਸ਼ਿੰਗਾਰਿਆ ਜਾ ਸਕਦਾ ਹੈ ਤੇ ਦਿਲ-ਦਿਮਾਗ ਨੂੰ ਠੰਢਕ ਪ੍ਰਦਾਨ ਹੁੰਦੀ ਹੈ।

• ਆਪਣੀਆਂ ਗ਼ਲਤੀਆਂ ਨੂੰ ਸਵੀਕਾਰਨ ਨਾਲ ਅਸੀਂ ਵਾਧੂ ਦੇ ਮਾਨਸਿਕ ਤਣਾਓ ਤੋਂ ਬਚ ਸਕਦੇ ਹਾਂ। 'ਸੌਰੀ', 'ਧੰਨਵਾਦ', 'ਕਿਰਪਾ ਕਰਕੇ' ਅਜਿਹੇ ਸ਼ਬਦ ਹਨ ਜੋ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ ਤੇ ਸਾਡੀ ਸੋਚ ਦਾ ਘੇਰਾ ਵਿਸ਼ਾਲ ਕਰਦੇ ਹਨ।

• ਤੁਰੰਤ ਨਿਰਣਾ ਲੈਣ ਦੀ ਸਮਰੱਥਾ ਹਰੇਕ ਵਿਅਕਤੀ ਵਿਚ ਨਹੀਂ ਹੁੰਦੀ ਪਰ ਇਸ ਆਦਤ ਅਤੇ ਸਮਰੱਥਾ ਦਾ ਵਿਕਾਸ ਕੀਤਾ ਜਾ ਸਕਦਾ ਹੈ। ਪਹਿਲਾਂ-ਪਹਿਲ ਪ੍ਰੇਸ਼ਾਨੀ ਹੋਵੇਗੀ ਪਰ ਹੌਲੀ-ਹੌਲੀ ਆਤਮਵਿਸ਼ਵਾਸ ਆ ਜਾਵੇਗਾ। ਹਾਜ਼ਰਜਵਾਬੀ ਵੀ ਜ਼ਰੂਰੀ ਹੈ।

• ਵਿਅਕਤੀਤਵ ਨੂੰ ਨਿਖਾਰਨ ਲਈ ਆਪਣੇ ਸਰੀਰ ਉੱਪਰ ਜਚਣ ਵਾਲੇ ਰੰਗਾਂ ਬਾਰੇ ਨਿਸਚਿਤ ਹੋਵੋ ਕਿ ਨਾ ਤਾਂ ਜ਼ਿਆਦਾ ਪੁਰਾਣਾ ਫੈਸ਼ਨ ਅਤੇ ਨਾ ਹੀ ਅਤਿਆਧੁਨਿਕ ਐਡਵਾਂਸ ਫੈਸ਼ਨ ਦੇ ਗੁਲਾਮ ਬਣੋ।

• ਮਨ ਅਤੇ ਸ਼ਖ਼ਸੀਅਤ ਦੇ ਨਿਖਾਰ ਲਈ ਆਪਣੇ ਅੰਦਰ ਅਜਿਹੀਆਂ ਰੁਚੀਆਂ ਦਾ ਵਿਕਾਸ ਕਰੋ ਜਿਸ ਵਿਚ ਭਾਸ਼ਣ ਦੇਣ ਦੀ ਕਲਾ, ਵਾਦ-ਵਿਵਾਦ ਪ੍ਰਤੀਯੋਗਤਾ ਜਾਂ ਹੋਰ ਅਜਿਹੀਆਂ ਰੁਚੀਆਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ ਜੋ ਤੁਹਾਡੀ ਸ਼ਖ਼ਸੀਅਤ ਦਾ ਜਾਦੂ ਦੂਜਿਆਂ ਉੱਪਰ ਚਲਾਉਂਦੀਆਂ ਹਨ।

• ਸਮਾਜ ਸੇਵਾ ਦਾ ਕੋਈ ਨਾ ਕੋਈ ਕੰਮ ਜ਼ਰੂਰ ਕਰਨ ਦੀ ਆਦਤ ਪਾਓ। ਕਿਸੇ ਗ਼ੈਰ-ਸਰਕਾਰੀ ਜਾਂ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਮੈਂਬਰ ਬਣਨ ਨਾਲ ਵੀ ਆਤਮਵਿਸ਼ਵਾਸ ਵਧਦਾ ਹੈ, ਸੰਤੁਸ਼ਟੀ ਹੁੰਦੀ ਹੈ।

• ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਨਹੁੰ ਕੁਤਰਨਾ, ਬੁੱਲ੍ਹ ਚਬਾਉਣੇ, ਦੰਦ ਦਿਖਾਉਣਾ, ਮੂੰਹ ਖੋਲ੍ਹੀ ਰੱਖਣਾ, ਅੱਖਾਂ ਮਟਕਾਉਣਾ ਅਜਿਹੀਆਂ ਆਦਤਾਂ ਹਨ ਜੋ ਹੌਲੀ-ਹੌਲੀ ਸ਼ਖ਼ਸੀਅਤ ਨੂੰ ਬੌਣਾ ਬਣਾ ਦਿੰਦੀਆਂ ਹਨ।

• ਸਭ ਤੋਂ ਵੱਡੀ ਗੱਲ ਆਸ ਦਾ ਪੱਲਾ ਨਾ ਛੱਡੋ। ਜੇਕਰ ਅੱਜ ਸਫਲਤਾ ਨਹੀਂ ਮਿਲੀ ਤਾਂ ਕੱਲ੍ਹ 'ਤੇ ਆਸ ਰੱਖੋ। ਜੇ ਜੀਵਨ ਵਿਚ ਨਿਰਾਸ਼ਾ ਹੈ ਤਾਂ ਆਸ ਦਾ ਪ੍ਰਭਾਵ ਧੁੰਦਲਾ ਪੈ ਜਾਂਦਾ ਹੈ, ਨਿਰਾਸ਼ਾ ਨੂੰ ਨੇੜੇ-ਤੇੜੇ ਨਾ ਫਟਕਣ ਦਿਓ। ਅਸਫਲਤਾ ਤੋਂ ਉਦਾਸ ਨਾ ਹੋਵੋ।

• ਆਪਣੇ ਤਨ ਦੀ ਸੁੰਦਰਤਾ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਸਹੀ ਮੇਕਅੱਪ, ਸਹੀ ਪਹਿਰਾਵਾ, ਕਸਰਤ ਆਦਿ ਨਾਲ ਆਪਣੇ ਸਰੀਰ ਨੂੰ ਸੁੰਦਰ ਅਤੇ ਆਕਰਸ਼ਕ ਬਣਾਓ। ਇਸ ਨਾਲ ਵੀ ਮਨ ਸ਼ਾਂਤ ਤੇ ਖੁਸ਼ ਹੁੰਦਾ ਹੈ।

• ਈਰਖਾ, ਲਾਲਚ ਅਤੇ ਹੰਕਾਰ ਤੋਂ ਬਚਣਾ ਜ਼ਰੂਰੀ ਹੈ, ਇਹ ਮਨੁੱਖ ਦੀ ਸੁਖ-ਸ਼ਾਂਤੀ ਖੋਹ ਲੈਂਦੇ ਹਨ। ਵਿਕਾਸ ਵਿਚ ਰੁਕਾਵਟ ਬਣਦੇ ਹਨ ਅਤੇ ਸਾਡੇ ਆਸੇ-ਪਾਸੇ ਅਨੇਕਾਂ ਦੁਸ਼ਮਣ ਪੈਦਾ ਕਰ ਦਿੰਦੇ ਹਨ।

ਉਪਰੋਕਤ ਨੁਕਤਿਆਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਮਨ ਦੀ ਸੁੰਦਰਤਾ ਨੂੰ ਕਾਇਮ ਕੀਤਾ ਜਾ ਸਕਦਾ ਹੈ। ਜੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨਾ ਚਾਹੀਏ ਤਾਂ ਕੁਝ ਵੀ ਕਠਿਨ ਨਹੀਂ।
-ਐਚ. ਐਮ. ਵੀ., ਜਲੰਧਰ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 24.11.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms