Wednesday, January 11, 2012

ਰੋਜ਼ਮਰ੍ਹਾ ਦੇ ਕੰਮਾਂ ਵਿਚ ਖ਼ੁਸ਼ ਰਹਿਣਾ ਸਿੱਖੋ - ਪ੍ਰਿੰ: ਤੇਜਿੰਦਰਪਾਲ ਕੌਰ ਮਾਨ

ਅੱਜਕਲ੍ਹ ਭੱਜ-ਦੌੜ ਦਾ ਜ਼ਮਾਨਾ ਹੈ। ਹਰ ਕੋਈ ਆਪਣੇ ਕੰਮਾਂਕਾਰਾਂ ਵਿਚ ਰੁੱਝਿਆ ਪਿਆ ਹੈ। ਜਿਸ ਨਾਲ ਵੀ ਗੱਲ ਕਰੋ, 'ਸਮਾਂ ਨਹੀਂ ਹੈ' ਦੀ ਸ਼ਿਕਾਇਤ ਮਿਲਦੀ ਹੈ। ਹੁਣ ਏਨੇ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਖੁਸ਼ ਹੋਣ ਦਾ ਸਮਾਂ ਕਿਥੇ? ਹੈਰਾਨ ਹੋਣ ਦੀ ਲੋੜ ਨਹੀਂ, ਬਸ ਅਸੀਂ ਏਨੇ ਰੁਝੇਵਿਆਂ ਵਿਚ ਹੀ ਖੁਸ਼ ਰਹਿਣਾ ਹੈ। ਇਹ ਜ਼ਿੰਦਗੀ ਸਾਨੂੰ ਮਿਲੀ ਹੈ। ਕੰਮ ਵੀ ਕਰਨੇ ਹੀ ਹਨ, ਫਿਰ ਕਿਉਂ ਨਾ ਇਸ ਜ਼ਿੰਦਗੀ ਦਾ ਲੁਤਫ ਲੈਂਦੇ ਹੋਏ ਅਸੀਂ ਆਪਣੇ ਕੰਮ ਵੀ ਕਰੀ ਜਾਈਏ।

ਸਭ ਤੋਂ ਜ਼ਿਆਦਾ ਜ਼ਰੂਰੀ ਹੈ ਘਰ ਦੀ ਔਰਤ ਦਾ ਖੁਸ਼ ਹੋਣਾ। ਜਦੋਂ ਉਹ ਸਵੇਰੇ ਉਠਦੀ ਹੈ, ਆਪਣੇ ਪਰਿਵਾਰ ਨੂੰ ਖੁਸ਼ੀ-ਖੁਸ਼ੀ ਉਠਾਉਂਦੀ ਹੈ ਤਾਂ ਸਾਰੇ ਪਰਿਵਾਰ ਦਾ ਮਨ ਹੀ ਖੁਸ਼ ਹੋਵੇਗਾ। ਅਗਰ ਘਰ ਦੀ ਔਰਤ ਸਵੇਰੇ ਖਿਝੀ ਹੋਈ ਉਠਦੀ ਹੈ ਜਾਂ ਸਵੇਰੇ-ਸਵੇਰੇ ਬਿਮਾਰੀਆਂ ਦਾ ਅਲਾਪ ਕਰਦੀ ਉਠਦੀ ਹੈ ਤਾਂ ਇਸ ਦਾ ਅਸਰ ਸਾਰੇ ਪਰਿਵਾਰ 'ਤੇ ਪੈਂਦਾ ਹੈ। ਸੋ ਜੇ ਕੋਈ ਤਕਲੀਫ ਹੈ ਵੀ ਤਾਂ ਵੀ ਉਸ ਨੂੰ ਸਹਿਣ ਕਰਦੇ ਹੋਏ ਸਭ ਨੂੰ ਪਿਆਰ ਨਾਲ ਉਠਾਓ, ਤਾਂ ਕਿ ਉਨ੍ਹਾਂ ਦਾ ਉਠਣ ਸਾਰ ਹੀ ਮੂਡ ਖਰਾਬ ਨਾ ਹੋ ਜਾਵੇ।

ਅਗਰ ਪਤੀ ਦੇਵ ਮੰਗਵਾਈਆਂ ਹੋਈਆਂ ਪੰਜ ਚੀਜ਼ਾਂ ਵਿਚੋਂ ਚਾਰ ਲੈ ਆਉਂਦੇ ਹਨ ਤਾਂ ਉਨ੍ਹਾਂ ਦੀ ਪ੍ਰਸੰਸਾ ਕਰੋ ਤੇ ਦੂਜੀ ਚੀਜ਼ ਜੋ ਰਹਿ ਗਈ ਹੈ, ਫਿਰ ਲਿਆਉਣ ਲਈ ਕਹੋ ਨਾ ਕਿ ਉਨ੍ਹਾਂ ਚਾਰ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਜੋ ਇਕ ਨਹੀਂ ਆਈ, ਉਸ ਲਈ ਕਲੇਸ਼ ਕਰੋ। ਇਸ ਤਰ੍ਹਾਂ ਘਰ ਦੇ ਮਰਦਾਂ ਨੂੰ ਵੀ ਚਾਹੀਦਾ ਹੈ ਕਿ ਸਾਰੇ ਦਿਨ ਵਿਚ ਜੋ 10-15 ਕੰਮ ਹੋ ਗਏ ਹਨ, ਉਨ੍ਹਾਂ ਦੀ ਪ੍ਰਸੰਸਾ ਕਰਨ ਨਾ ਕਿ ਇਕ ਕੰਮ ਜਿਹੜਾ ਰਹਿ ਗਿਆ ਹੋਵੇ, ਉਸ ਨੂੰ ਮੁੱਦਾ ਬਣਾ ਕੇ ਘਰ ਵਿਚ ਕਲੇਸ਼ ਪਾਇਆ ਜਾਵੇ। ਅਕਸਰ ਘਰਾਂ ਵਿਚ ਇਹ ਸਥਿਤੀ ਦੇਖਣ ਵਿਚ ਆਉਂਦੀ ਹੈ ਕਿ ਸਾਰੇ ਕੀਤੇ ਹੋਏ ਕੰਮਾਂ ਨੂੰ ਛੱਡ ਕੇ ਜੋ ਕਿਸੇ ਕਾਰਨ ਨਹੀਂ ਹੋਇਆ, ਉਸ ਨੂੰ ਲੈ ਕੇ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ।

ਸਾਨੂੰ ਪਤਾ ਹੁੰਦਾ ਹੈ ਕਿ ਕਿਹੜਾ ਕੰਮ ਸਿਰਫ ਅਸੀਂ ਹੀ ਕਰਨਾ ਹੈ, ਚਾਹੇ ਉਹ ਘਰ ਨਾਲ ਸੰਬੰਧਿਤ ਹੋਵੇ, ਚਾਹੇ ਨੌਕਰੀ ਨਾਲ, ਫਿਰ ਕਿਉਂ ਨਾ ਅਸੀਂ ਉਸ ਕੰਮ ਨੂੰ ਫਰਜ਼ ਸਮਝਦੇ ਹੋਏ ਖੁਸ਼ੀ-ਖੁਸ਼ੀ ਕਰੀਏ। ਸਾਰੇ ਦਿਨ ਦੇ ਰੁਝੇਵਿਆਂ ਵਿਚੋਂ ਅਸੀਂ ਆਪਣੇ ਲਈ ਸਿਰਫ ਇਕ ਘੰਟਾ ਤਾਂ ਕੱਢ ਸਕਦੇ ਹਾਂ। ਇਸ ਸਮੇਂ ਦੌਰਾਨ ਅਸੀਂ ਆਪਣਾ ਮਨਪਸੰਦ ਸੰਗੀਤ ਸੁਣ ਸਕਦੇ ਹਾਂ, ਮਨਪਸੰਦ ਸੀਰੀਅਲ ਜਾਂ ਹੋਰ ਟੀ. ਵੀ. ਪ੍ਰੋਗਰਾਮ ਦੇਖ ਸਕਦੇ ਹਾਂ, ਡਾਂਸ ਕਰ ਸਕਦੇ ਹਾਂ, ਕਿਤਾਬਾਂ ਪੜ੍ਹ ਸਕਦੇ ਹਾਂ। ਕੁਝ ਲਿਖ ਸਕਦੇ ਹਾਂ, ਯੋਗਾ ਕਰ ਸਕਦੇ ਹਾਂ, ਸੈਰ ਕਰ ਸਕਦੇ ਹਾਂ, ਆਪਣੇ ਦੋਸਤਾਂ-ਸਹੇਲੀਆਂ, ਰਿਸ਼ਤੇਦਾਰਾਂ ਨਾਲ ਗੱਪ-ਸ਼ੱਪ ਕਰ ਸਕਦੇ ਹਾਂ, ਆਪਣੇ ਬੱਚਿਆਂ ਨਾਲ ਖੇਡ ਸਕਦੇ ਹਾਂ। ਪਾਠ-ਪੂਜਾ ਕਰ ਸਕਦੇ ਹਾਂ, ਭਾਵ ਕੋਈ ਵੀ ਕੰਮ ਜੋ ਸਾਨੂੰ ਖੁਸ਼ੀ ਦਿੰਦਾ ਹੋਵੇ, ਕਰ ਸਕਦੇ ਹਾਂ। ਪਰਿਵਾਰ ਅਤੇ ਲੋਕਾਂ ਦੇ ਔਗੁਣ ਨਜ਼ਰਅੰਦਾਜ਼ ਕਰਕੇ ਗੁਣਾਂ ਦੀ ਪ੍ਰਸੰਸਾ ਕਰੋ। ਚੰਗੇ ਗੁਣਾਂ ਦੀ ਅਤੇ ਕੰਮਾਂ ਦੀ ਕਦਰ ਕਰਨੀ ਸਿੱਖੋ। ਈਰਖਾ ਅਤੇ ਸਾੜਾ ਛੱਡ ਕੇ ਆਪਣੇ ਕੰਮਾਂ ਵੱਲ ਜੁੱਟ ਜਾਓ। ਕਈ ਵਾਰ ਅਸੀਂ ਕਿਸੇ ਦੀ ਤਰੱਕੀ ਦੇਖ ਕੇ ਪ੍ਰੇਸ਼ਾਨ ਹੁੰਦੇ ਹਾਂ। ਸਾਡੇ ਅੰਦਰ ਈਰਖਾ ਭਾਵ ਆ ਜਾਂਦਾ ਹੈ। ਇਸ ਦੀ ਬਜਾਏ ਸਾਨੂੰ ਉਸ ਦੇ ਕੰਮ ਕਰਨ ਦੇ ਤਰੀਕੇ ਨੂੰ, ਉਸ ਦੀ ਮਿਹਨਤ ਨੂੰ ਦੇਖਣਾ ਚਾਹੀਦਾ ਹੈ ਅਤੇ ਉਸ ਤੋਂ ਸਿੱਖ ਕੇ ਅੱਗੇ ਵਧਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।

ਅਸੀਂ ਆਪਣੀਆਂ ਕਮੀਆਂ ਨੂੰ ਕਦੇ ਨਹੀਂ ਦੇਖਣਾ ਚਾਹੁੰਦੇ ਅਤੇ ਨਾ ਹੀ ਦੂਜਿਆਂ ਪਾਸੋਂ ਸੁਣਨਾ ਚਾਹੁੰਦੇ ਹਾਂ। ਇਹ ਬਹੁਤ ਗ਼ਲਤ ਹੈ, ਇਸ ਕਾਰਨ ਸਾਡੇ ਵਿਚ ਸੁਧਾਰ ਨਹੀਂ ਆਵੇਗਾ। ਆਪਣੀਆਂ ਕਮੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕਰੋ। ਜਾਣੇ-ਅਣਜਾਣੇ ਵਿਚ ਗ਼ਲਤੀ ਹੋ ਜਾਵੇ ਤਾਂ ਉਸ ਨੂੰ ਸਵੀਕਾਰ ਕਰੋ ਅਤੇ ਮੁਆਫ਼ੀ ਮੰਗੋ। ਇਸ ਨਾਲ ਤੁਸੀਂ ਛੋਟੇ ਨਹੀਂ ਹੋਵੋਗੇ, ਸਗੋਂ ਤੁਹਾਡਾ ਆਤਮ-ਵਿਸ਼ਵਾਸ ਤੇ ਸਤਿਕਾਰ ਵਧੇਗਾ।

ਕਦੇ ਵੀ ਕਿਸੇ ਦੀ ਝੂਠੀ ਪ੍ਰਸੰਸਾ ਨਾ ਕਰੋ, ਉਸ ਦੀ ਬਣਦੀ ਤਾਰੀਫ ਹੀ ਕਰੋ। ਚੁਗਲੀ ਦੀ ਆਦਤ ਨਾ ਹੀ ਹੋਵੇ ਤਾਂ ਚੰਗਾ ਹੈ। ਜੇਕਰ ਹੈ ਤਾਂ ਪਹਿਲਾਂ ਹੌਲੀ-ਹੌਲੀ ਘੱਟ ਕਰ ਦਿਓ ਅਤੇ ਫਿਰ ਇਸ ਆਦਤ ਨੂੰ ਛੱਡ ਦਿਓ। ਅਗਰ ਅਸੀਂ ਪਿਆਰ ਨਾਲ, ਤਾਰੀਫ ਕਰਕੇ ਖੁਸ਼ ਰਹਿ ਸਕਦੇ ਹਾਂ ਤਾਂ ਸਾਨੂੰ ਦੂਜਿਆਂ ਦੇ ਔਗੁਣ ਚਿਤਾਰ ਕੇ ਦੁਖੀ ਹੋਣ ਦੀ ਕੀ ਲੋੜ ਹੈ।

ਘਰ ਦੇ ਹਰ ਮੈਂਬਰ ਨੂੰ ਅਹਿਮੀਅਤ ਦਿਓ, ਕਿਸੇ ਨੂੰ ਵੀ ਨਜ਼ਰ-ਅੰਦਾਜ਼ ਨਾ ਕਰੋ। ਹਮੇਸ਼ਾ ਆਪਣੀ ਹੀ ਗੱਲ ਨੂੰ ਜਾਇਜ਼ ਜਾਂ ਸਹੀ ਨਹੀਂ ਠਹਿਰਾਉਣਾ ਚਾਹੀਦਾ, ਦੂਜਿਆਂ ਦੀ ਗੱਲ ਵੀ ਧਿਆਨ ਨਾਲ ਸੁਣੋ ਅਤੇ ਸਮਝੋ, ਫਿਰ ਧੀਰਜ ਨਾਲ ਫੈਸਲਾ ਲਓ। ਜੇ ਪਰਿਵਾਰ ਵਿਚ ਸਹੀ ਤਾਲਮੇਲ ਹੋਵੇਗਾ, ਫਿਰ ਹੀ ਅਸੀਂ ਸਾਰੇ ਕੰਮ, ਸਾਰੇ ਫੈਸਲੇ ਠੀਕ ਲੈ ਸਕਦੇ ਹਾਂ। ਮਨ ਖੁਸ਼ ਤੇ ਸ਼ਾਂਤ ਹੋਵੇਗਾ ਤਾਂ ਹੀ ਅਸੀਂ ਹੋਰ ਕੰਮ ਕਰ ਸਕਦੇ ਹਾਂ। ਜ਼ਿੰਦਗੀ ਤਾਂ ਚੱਲੀ ਹੀ ਜਾਣੀ ਹੈ। ਖੁਸ਼ੀਆਂ-ਗ਼ਮੀਆਂ, ਦੁੱਖ-ਮੁਸੀਬਤਾਂ ਇਹ ਸਭ ਜ਼ਿੰਦਗੀ ਦਾ ਹਿੱਸਾ ਹਨ। ਇਹ ਸਭ ਆਉਂਦੇ-ਜਾਂਦੇ ਰਹਿੰਦੇ ਹਨ। ਫਿਰ ਇਨ੍ਹਾਂ ਤੋਂ ਘਬਰਾਉਣਾ ਕਿਉਂ? ਸਗੋਂ ਡਟ ਕੇ ਹਰ ਇਕ ਦਾ ਸਾਹਮਣਾ ਕਰੋ। ਆਸ਼ਾਵਾਦੀ ਨਜ਼ਰੀਆ ਰੱਖੋ। ਹਰ ਸਮੇਂ ਬੀਤੀਆਂ ਦੁੱਖਾਂ-ਮੁਸੀਬਤਾਂ ਦੀਆਂ ਘਟਨਾਵਾਂ ਨੂੰ ਯਾਦ ਕਰਕੇ ਦੁਖੀ ਹੋਣ ਦਾ ਕੀ ਫਾਇਦਾ? ਸਗੋਂ ਜੋ ਸਾਡੇ ਕੋਲ ਅੱਜ ਹੈ, ਉਸ ਨੂੰ ਜੀਓ। ਜਾਂ ਤਾਂ ਕੋਈ ਕੰਮ ਸ਼ੁਰੂ ਹੀ ਨਾ ਕਰੋ, ਜੇ ਹੱਥ ਵਿਚ ਕੰਮ ਲੈ ਲਓ ਤਾਂ ਸਿਰੇ ਲਗਾ ਕੇ ਹੀ ਦਮ ਲਓ।

ਸੁੰਦਰ-ਸੁੰਦਰ ਸੁਪਨੇ ਦੇਖੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜੁੱਟ ਜਾਓ। ਜ਼ਿੰਦਗੀ ਦੀ ਹਰ ਸਵੇਰ ਉਤਸ਼ਾਹ ਨਾਲ ਉਠੋ, ਸਭ ਨਾਲ ਪਿਆਰ ਨਾਲ ਵਿਚਰੋ। ਮਿੱਠਾ ਬੋਲੋ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਲੋੜ ਹੈ ਆਪਣਾ ਨਜ਼ਰੀਆ ਬਦਲਣ ਦੀ। ਆਸ਼ਾਵਾਦੀ ਬਣੋ। ਦੂਜਿਆਂ ਨੂੰ ਵੀ ਖੁਸ਼ ਰੱਖੀਏ ਤੇ ਆਪ ਵੀ ਖੁਸ਼ ਰਹੀਏ। ਆਓ ਖੁਸ਼ ਰਹੀਏ।
-ਬਾਬਾ ਫਰੀਦ ਨਗਰ, ਗਲੀ ਨੰ: 1, ਫਰੀਦਕੋਟ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 08.12.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms