Wednesday, January 11, 2012

ਰਿਸ਼ਤਾ ਤੈਅ ਕਰਨ ਜਾ ਰਹੇ ਹੋ? - ਡੀ. ਆਰ. ਬੰਦਨਾ

ਜਦੋਂ ਵੀ ਅਸੀਂ ਆਪਣੀ ਕੁੜੀ ਜਾਂ ਮੁੰਡੇ ਦਾ ਕਿਤੇ ਰਿਸ਼ਤਾ ਕਰਦੇ ਹਾਂ ਤਾਂ ਅੰਦਰੋਂ ਬਹੁਤ ਡਰਦੇ ਹਾਂ ਕਿ ਕਿਤੇ ਗਲਤ ਚੋਣ ਹੋ ਗਈ ਜਾਂ ਮੁੰਡਾ-ਕੁੜੀ ਸਹੀ ਨਾ ਮਿਲਿਆ ਤਾਂ ਦੋਵਾਂ ਘਰਾਂ ਦੀ ਜ਼ਿੰਦਗੀ ਨਰਕ ਬਣਨ ਨੂੰ ਦੇਰ ਨਹੀਂ ਲੱਗੇਗੀ ਜਾਂ ਫਿਰ ਰਿਸ਼ਤੇਦਾਰ ਹੀ ਮਾੜੇ ਜੁੜ ਜਾਣ ਤਾਂ ਜਿਉਂਦੇ ਜੀਅ ਨਰਕ ਭੋਗਣ ਵਰਗੀ ਹਾਲਤ ਹੋ ਜਾਂਦੀ ਹੈ। ਕੁੜੀ-ਮੁੰਡੇ ਦਾ ਰਿਸ਼ਤਾ ਪੱਕਾ ਹੋਣਾ ਦੋ ਪਰਿਵਾਰਾਂ ਦਾ ਉਹ ਪਵਿੱਤਰ ਰਿਸ਼ਤਾ ਬਣਦਾ ਹੈ, ਜੋ ਅਟੁੱਟ ਰਿਸ਼ਤਾ ਸਾਬਤ ਹੁੰਦਾ ਹੈ ਪਰ ਜੇ ਕਿਤੇ ਪਹਿਲਾਂ ਕਿਸੇ ਤਰ੍ਹਾਂ ਦਾ ਲੁਕੋ ਰੱਖਿਆ ਜਾਵੇ ਜਾਂ ਕੋਈ ਗ਼ਲਤੀ ਨੂੰ ਬੇਧਿਆਨਾ ਕਰ ਦਿੱਤਾ ਜਾਵੇ ਤਾਂ ਖਮਿਆਜ਼ਾ ਬਹੁਤ ਬੁਰਾ ਭੁਗਤਣਾ ਪੈਂਦਾ ਹੈ। ਅਗਰ ਰਿਸ਼ਤਾ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਵੱਲ ਥੋੜ੍ਹਾ ਜਿੰਨਾ ਵੀ ਧਿਆਨ ਦਿੱਤਾ ਜਾਵੇ ਤਾਂ ਕਾਫੀ ਹੱਦ ਤੱਕ ਰਿਸ਼ਤਿਆਂ ਨੂੰ ਬਰਬਾਦ ਹੋਣੋਂ ਬਚਾਇਆ ਜਾ ਸਕਦਾ ਹੈ, ਜਿਸ ਤਰ੍ਹਾਂ-
• ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਇਹ ਦੇਖੋ ਕਿ ਕੋਈ ਵਿਅਕਤੀ ਜੋ ਤੁਹਾਡੇ ਕਾਫੀ ਨੇੜੇ ਹੋਵੇ ਤੇ ਪੂਰਾ ਭਰੋਸੇ ਵਾਲਾ ਹੋਵੇ, ਉਸ ਰਾਹੀਂ ਮੁੰਡੇ ਜਾਂ ਕੁੜੀ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਬਾਰੇ ਘੋਖਿਆ ਜਾਵੇ, ਉਸ ਦਾ ਚਰਿੱਤਰ ਕਿਸ ਤਰ੍ਹਾਂ ਦਾ ਹੈ? ਸੁਭਾਅ ਪੱਖੋਂ ਕਿਸ ਤਰ੍ਹਾਂ ਦਾ ਹੈ? ਉਸ ਦਾ ਖਾਣ-ਪੀਣ, ਬੋਲ-ਚਾਲ ਕਿਸ ਤਰ੍ਹਾਂ ਦਾ ਹੈ? ਰਿਸ਼ਤਾ ਕਰਨ ਤੋਂ ਪਹਿਲਾਂ ਜੋ ਉਸ ਬਾਰੇ ਦੱਸਿਆ ਗਿਆ ਹੈ, ਕੀ ਉਹ ਉਸੇ ਤਰ੍ਹਾਂ ਦਾ ਹੈ ਜਾਂ ਦੱਸਿਆ ਕੁਝ ਹੈ ਤੇ ਉਹ ਕੁਝ ਹੋਰ ਹੈ? ਉਸ ਦੀ ਪੜ੍ਹਾਈ ਜਾਂ ਕਿੱਤੇ ਬਾਰੇ ਚੰਗੀ ਤਰ੍ਹਾਂ ਨਿਰੀਖਣ ਕਰਕੇ ਹੀ ਅੱਗੇ ਤੁਰਨਾ ਚਾਹੀਦਾ ਹੈ।

• ਇਹ ਗੱਲ ਹਮੇਸ਼ਾ ਹੀ ਮਨ 'ਚ ਬਿਠਾ ਲਓ ਕਿ ਕਦੇ ਵੀ ਮੁੰਡੇ ਜਾਂ ਕੁੜੀ ਦੀਆਂ ਕਮੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। ਅਗਰ ਰਿਸ਼ਤਾ ਕਰਨ ਵੇਲੇ ਤੁਸੀਂ ਝੂਠ ਬੋਲ ਕੇ ਮੁੰਡੇ ਜਾਂ ਕੁੜੀ ਦੀਆਂ ਕਮੀਆਂ 'ਤੇ ਪਰਦਾ ਪਾਓਗੇ ਤਾਂ ਯਾਦ ਰੱਖੋ, ਘਰ ਕਦੇ ਨਹੀਂ ਵਸੇਗਾ।

• ਅਗਰ ਰਿਸ਼ਤਾ ਪੱਕਾ ਵੀ ਹੋ ਜਾਂਦਾ ਹੈ ਤਾਂ ਮੁੰਡੇ-ਕੁੜੀ ਨੂੰ ਕੁਝ ਸਮਾਂ ਇਕੱਲਿਆਂ ਬੈਠ ਕੇ ਗੱਲਬਾਤ ਕਰਨ ਲਈ ਸਾਰਿਆਂ ਤੋਂ ਅਲੱਗ ਬਿਠਾਇਆ ਜਾਵੇ, ਜਿਸ ਵਿਚ ਦੋਵਾਂ ਦੇ ਦਿਲਾਂ ਦੇ ਕਈ ਭੁਲੇਖੇ ਦੂਰ ਹੋ ਸਕਦੇ ਹਨ।

• ਮੁੰਡਾ ਜਾਂ ਕੁੜੀ ਜਿਸ ਤਰ੍ਹਾਂ ਦਾ ਜੀਵਨ ਸਾਥੀ ਚਾਹੁੰਦੇ ਹੋਣ, ਉਸੇ ਤਰ੍ਹਾਂ ਦਾ ਹੀ ਚੁਣਨਾ ਚਾਹੀਦਾ ਹੈ। ਆਪਣੀ ਮਰਜ਼ੀ ਜਾਂ ਦਬਕਾ ਮਾਰ ਕੇ ਗੱਡੇ ਨਾਲ ਕੱਟਾ ਨਹੀਂ ਬੰਨ੍ਹਣਾ ਚਾਹੀਦਾ।

• ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਦੋਵਾਂ ਪਰਿਵਾਰਾਂ ਬਾਰੇ ਜਿੰਨੀ ਵੀ ਜਾਣਕਾਰੀ ਮਿਲ ਸਕੇ, ਓਨੀ ਹੀ ਵਧੀਆ ਹੈ।

• ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਇਹ ਦੇਖ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਕੁੜੀ ਦਾ ਸਹੁਰਾ ਪਰਿਵਾਰ ਲਾਲਚੀ ਕਿਸਮ ਦਾ ਤਾਂ ਨਹੀਂ? ਉਹ ਬਹੁਤਾ ਲੈਣ ਦੇ ਤਾਂ ਨਹੀਂ ਭੁੱਖੇ। ਉਨ੍ਹਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ?

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਰਿਸ਼ਤਾ ਪੱਕਾ ਕੀਤਾ ਜਾਵੇ ਤਾਂ ਕਾਫੀ ਹੱਦ ਤੱਕ ਰਿਸ਼ਤਾ ਸਫਲ ਹੋ ਸਕਦਾ ਹੈ।
-511, ਖਹਿਰਾ ਇਨਕਲੇਵ, ਜਲੰਧਰ-144007
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 05.01.2012

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms