Wednesday, January 11, 2012

ਖਾਣਾ ਬਣਾਉਣਾ ਤਾਂ ਸਭ ਨੂੰ ਆਉਂਦਾ ਹੈ ਪਰ... - ਸੁਨੀਤਾ ਗਾਬਾ

• ਮੱਕੀ ਦੇ ਆਟੇ ਨੂੰ ਨਰਮ ਰੱਖਣ ਲਈ ਉਸ ਨੂੰ ਚੌਲਾਂ ਦੀ ਗਰਮ ਪਿੱਛ ਨਾਲ ਗੁੰਨ੍ਹੋ ਅਤੇ ਥੋੜ੍ਹਾ ਜਿਹਾ ਕਣਕ ਦਾ ਆਟਾ ਵੀ ਉਸ ਵਿਚ ਮਿਲਾਓ। ਰੋਟੀ ਆਸਾਨੀ ਨਾਲ ਅਤੇ ਨਰਮ ਬਣੇਗੀ।
• ਗਾਜਰ, ਮਟਰ, ਕਾਸ਼ੀਫਲ ਅਤੇ ਸ਼ਲਗਮ ਦੀ ਸਬਜ਼ੀ ਬਣਾਉਂਦੇ ਸਮੇਂ ਛੋਟਾ ਚਮਚ ਖੰਡ ਦਾ ਪਾ ਦਿਓ। ਸਬਜ਼ੀ ਦਾ ਰੰਗ ਕੁਦਰਤੀ ਰਹੇਗਾ।

• ਦੇਸੀ ਘਿਓ ਵਿਚ ਕੁਝ ਤਲਦੇ ਸਮੇਂ ਗੈਸ ਦੇ ਸੇਕ ਨੂੰ ਹੌਲੀ ਰੱਖੋ। ਤੇਜ਼ ਸੇਕ ਨਾਲ ਘਿਓ ਸੜ ਜਾਂਦਾ ਹੈ ਅਤੇ ਤਾਸੀਰ 'ਤੇ ਵੀ ਅਸਰ ਪੈਂਦਾ ਹੈ।

• ਛੋਟੇ ਕੁੱਕਰ ਵਿਚ ਦਾਲ, ਸਬਜ਼ੀ ਪਕਾਉਂਦੇ ਸਮੇਂ ਗੈਸ ਦੇ ਛੋਟੇ ਬਰਨਰ ਦਾ ਪ੍ਰਯੋਗ ਕਰੋ। ਇਸ ਨਾਲ ਗੈਸ ਦੀ ਬੱਚਤ ਹੋਵੇਗੀ।

• ਉਪਮਾ ਬਣਾਉਂਦੇ ਸਮੇਂ ਉਸ ਵਿਚ ਆਚਾਰ ਦਾ ਮਸਾਲਾ ਪਾਓ, ਉਪਮਾ ਦਾ ਸਵਾਦ ਵਧ ਜਾਵੇਗਾ।

• ਲੌਂਗ, ਅਜ਼ਵਾਇਣ, ਜ਼ੀਰਾ, ਸਰ੍ਹੋਂ ਦਾ ਤੇਲ, ਮੇਥੀ ਦਾਣੇ ਦੀ ਵਰਤੋਂ ਸਬਜ਼ੀ-ਦਾਲ ਬਣਾਉਂਦੇ ਸਮੇਂ ਜ਼ਰੂਰ ਕਰੋ। ਇਹ ਮਸਾਲੇ ਕਈ ਰੋਗਾਂ ਨੂੰ ਦੂਰ ਰੱਖਦੇ ਹਨ।

• ਆਲੂ ਦੇ ਚਿਪਸ ਕੁਰਕੁਰੇ ਬਣਨ, ਇਸ ਲਈ ਤਲਣ ਤੋਂ ਪਹਿਲਾਂ ਉਨ੍ਹਾਂ 'ਤੇ ਥੋੜ੍ਹਾ ਜਿਹਾ ਵੇਸਣ ਛਿੜਕ ਦਿਓ।

• ਫੁੱਲਗੋਭੀ ਬਣਾਉਂਦੇ ਸਮੇਂ ਅਦਰਕ ਦੀ ਵਰਤੋਂ ਕਰੋ। ਫੁੱਲਗੋਭੀ ਦੀ ਗੰਧ ਘੱਟ ਕਰਨ ਲਈ ਗੋਭੀ ਨੂੰ ਖੁੱਲ੍ਹੀ ਕੜਾਹੀ ਵਿਚ ਪਕਾਓ, ਢਕੋ ਨਾ। ਗੋਭੀ ਪਕਾਉਂਦੇ ਸਮੇਂ ਥੋੜ੍ਹੀਆਂ ਜਿਹੀਆਂ ਬੂੰਦਾਂ ਨਿੰਬੂ ਦੀਆਂ ਪਾ ਦਿਓ। ਗੋਭੀ ਖਿੜੀ-ਖਿੜੀ ਬਣੇਗੀ।

• ਫਰਿੱਜ 'ਚੋਂ ਤੁਰੰਤ ਕੱਢੇ ਹੋਏ ਅੰਡੇ ਨਾ ਉਬਾਲੋ, ਅੰਡੇ ਟੁੱਟ ਜਾਣਗੇ। ਉਨ੍ਹਾਂ ਨੂੰ ਦਸ ਮਿੰਟ ਸਾਦੇ ਪਾਣੀ ਵਿਚ ਡੁਬੋ ਕੇ ਰੱਖੋ।

• ਪਕੌੜੇ ਬਣਾਉਣ ਤੋਂ ਪਹਿਲਾਂ ਵੇਸਣ ਵਿਚ ਦਹੀਂ ਫੈਂਟ ਕੇ ਪਾਓ। ਪਕੌੜੇ ਖਸਤਾ ਤੇ ਸੁਆਦ ਬਣਨਗੇ।

• ਕੁਰਕੁਰੇ ਪਕੌੜਿਆਂ ਲਈ ਵੇਸਣ ਵਿਚ ਚਿੜਵਾ ਭਿਉਂ ਕੇ ਪਾਓ। ਪਕੌੜੇ ਕੁਰਕੁਰੇ ਬਣਨਗੇ।

• ਕੱਟੀਆਂ ਸਬਜ਼ੀਆਂ ਤੇ ਕੱਟੇ ਫਲ ਫਰਿੱਜ ਵਿਚ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਕਲਿੰਗ ਫ਼ਿਲਮ ਵਿਚ ਲਪੇਟ ਲਓ। ਇਸ ਨਾਲ ਕੱਟੇ ਫਲ ਅਤੇ ਸਬਜ਼ੀਆਂ ਖਰਾਬ ਨਹੀਂ ਹੋਣਗੀਆਂ, ਨਾ ਹੀ ਉਨ੍ਹਾਂ ਦੀ ਖੁਸ਼ਬੂ ਦੂਜਿਆਂ ਵਿਚ ਜਾਵੇਗੀ।

• ਪਿਆਜ਼ ਅੱਖਾਂ ਵਿਚ ਨਾ ਲੱਗੇ, ਇਸ ਲਈ ਪਿਆਜ਼ ਠੰਢੇ ਪਾਣੀ ਨਾਲ ਧੋ ਕੇ ਕੱਟੋ।

• ਛੋਲੇ, ਦਾਲ, ਸਬਜ਼ੀ, ਪਕੌੜੇ ਪਕਾਉਂਦੇ ਸਮੇਂ ਖਾਣ ਵਾਲੇ ਸੋਡੇ ਦੀ ਵਰਤੋਂ ਨਾ ਕਰੋ। ਇਸ ਨਾਲ ਉਨ੍ਹਾਂ ਦੇ ਵਿਟਾਮਿਨ ਨਸ਼ਟ ਹੋ ਜਾਣਗੇ।

• ਸਰਦੀਆਂ ਵਿਚ ਦਾਲਾਂ ਨੂੰ ਅੰਕੁਰਿਤ ਕਰਨ ਲਈ ਰਾਤ ਭਰ ਭਿੱਜੀ ਹੋਈ ਦਾਲ ਦਾ ਪਾਣੀ ਕੱਢ ਕੇ ਕੈਸਰੋਲ ਵਿਚ ਢੱਕਣ ਬੰਦ ਕਰਕੇ ਰੱਖ ਦਿਓ। ਅਗਲੇ ਦਿਨ ਦਾਲਾਂ ਅੰਕੁਰਿਤ ਹੋ ਜਾਣਗੀਆਂ।

• ਪਾਲਕ ਦੇ ਪਰੌਂਠੇ ਬਣਾਉਣ ਲਈ ਪਾਲਕ ਉਬਾਲ ਕੇ ਪੀਸ ਲਓ ਅਤੇ ਆਟਾ ਗੁੰਨ੍ਹੋ।

• ਭਰਵੀਂ ਮੂਲੀ, ਗੋਭੀ ਦੇ ਪਰੌਂਠੇ ਲਈ ਸਬਜ਼ੀ ਨੂੰ ਕੱਦੂਕਸ਼ ਕਰ ਲਓ, ਫਿਰ ਚੰਗੀ ਤਰ੍ਹਾਂ ਨਿਚੋੜ ਕੇ ਲੂਣ-ਮਿਰਚ ਮਿਲਾ ਕੇ ਸਬਜ਼ੀ ਭਰੋ। ਪਰੌਂਠੇ ਟੁੱਟਣਗੇ ਨਹੀਂ ਅਤੇ ਚਿਪਕਣਗੇ ਵੀ ਨਹੀਂ।

• ਬੈਂਗਣ ਦੀਆਂ ਕਤਲੀਆਂ ਤਲਣ ਤੋਂ ਪਹਿਲਾਂ ਉਨ੍ਹਾਂ 'ਤੇ ਥੋੜ੍ਹਾ ਜਿਹਾ ਲੂਣ ਤੇ ਵੇਸਣ ਛਿੜਕ ਦਿਓ। ਕਤਲੀਆਂ ਕੁਰਕੁਰੀਆਂ ਬਣਨਗੀਆਂ।

• ਬਚੀ ਹੋਈ ਲੌਕੀ ਤੇ ਤੋਰੀ ਦੀ ਸਬਜ਼ੀ ਨੂੰ ਛੋਲਿਆਂ ਦੀ ਦਾਲ ਜਾਂ ਅਰਹਰ ਦੀ ਦਾਲ ਵਿਚ ਮਿਲਾ ਕੇ ਪਕਾਓ। ਦਾਲ ਜ਼ਿਆਦਾ ਸੁਆਦ ਤੇ ਪੌਸ਼ਟਿਕ ਬਣੇਗੀ।

• ਸਾਗ ਤੇ ਹਰੇ ਪੱਤੇ ਦੀਆਂ ਸਬਜ਼ੀਆਂ ਨੂੰ ਲੋਹੇ ਦੀ ਕੜਾਹੀ ਵਿਚ ਬਿਨਾਂ ਪਾਣੀ ਤੋਂ ਹੌਲੀ ਅੱਗ 'ਤੇ ਪਕਾਓ। ਸਾਰੇ ਖਣਿਜ ਅਤੇ ਲੋਹ-ਤੱਤ ਸੁਰੱਖਿਅਤ ਰਹਿਣਗੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 05.01.2012

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms