Wednesday, January 11, 2012

ਆਪਣੇ ਆਪ ਵਿਚ ਲਿਆਓ ਨਵਾਂ ਬਦਲਾਓ - ਯਸ਼ਪਾਲ ਗੁਲਾਟੀ

ਅਜੋਕੇ ਆਧੁਨਿਕ, ਮੁਕਾਬਲੇ ਭਰੇ ਸਮੇਂ ਵਿਚ ਅਕਸਰ ਹਰੇਕ ਵਿਅਕਤੀ ਦੀ ਦਿਲੀ ਇੱਛਾ ਹੈ ਕਿ ਉਸ ਦੀ ਸ਼ਖ਼ਸੀਅਤ ਨਿਖਰੀ-ਨਿਖਰੀ, ਅੱਡਰੀ ਅਤੇ ਉਸ ਦਾ ਸਮਾਜ ਵਿਚ ਸਨਮਾਨਯੋਗ ਸਥਾਨ ਵੀ ਹੋਵੇ। ਭਾਵੇਂ ਇਹ ਮੁਕਾਮ ਹਾਸਲ ਕਰਨਾ ਬਹੁਤੇ ਲੜਕੀਆਂ-ਲੜਕਿਆਂ ਨੂੰ ਅਕਾਸ਼ ਛੂਹਣ ਬਰਾਬਰ ਹੀ ਲਗਦਾ ਹੋਵੇਗਾ ਪਰ ਜੇ ਤੁਹਾਡੇ ਇਰਾਦੇ ਮਜ਼ਬੂਤ ਅਤੇ ਆਤਮਵਿਸ਼ਵਾਸ ਭਰਪੂਰ ਹਨ ਤਾਂ ਤੁਹਾਨੂੰ ਪਿੱਛੇ ਮੁੜ ਦੇਖਣ ਦੀ ਲੋੜ ਨਹੀਂ।

ਦਰਅਸਲ ਹਰ ਲੜਕੇ-ਲੜਕੀ ਵਿਚ ਕੁਝ ਨਾ ਕੁਝ ਖਾਮੀਆਂ-ਕਮੀਆਂ ਜ਼ਰੂਰ ਹੁੰਦੀਆਂ ਹਨ, ਜਿਨ੍ਹਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਬੱਸ ਇਹ ਹੀ ਕਮੀ ਸਾਡੀ ਸ਼ਖ਼ਸੀਅਤ ਦੇ ਨਿਖਾਰ ਨੂੰ ਦਬਾਅ ਕੇ ਰੱਖ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਜੋ ਕਮੀਆਂ ਸਾਡੇ ਵਿਚ ਹਨ, ਉਨ੍ਹਾਂ ਨੂੰ ਸੱਚ ਮੰਨ ਕੇ ਹੀ ਜੀਵਿਆ, ਨਿਭਾਇਆ ਜਾਵੇ। ਮੇਰੀ ਨਿਗੂਣੀ ਜਿਹੀ ਸਮਝ ਮੁਤਾਬਿਕ ਹੇਠ ਲਿਖੇ ਕੁਝ ਸੁਝਾਵਾਂ 'ਤੇ ਅਮਲ ਕਰ ਤਬਦੀਲੀ, ਸੁਧਾਰ ਲਿਆ ਕੇ ਆਪਣੇ-ਆਪ ਨੂੰ ਥੋੜ੍ਹਾ ਬਦਲ ਕੇ, ਕਮੀਆਂ ਤੋਂ ਛੁਟਕਾਰਾ ਪਾ ਕੇ ਆਪਣੀ ਸ਼ਖ਼ਸੀਅਤ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ-

ਸਮੇਂ ਦੇ ਪਾਬੰਦ ਰਹੋ : ਕੀ ਤੁਸੀਂ ਹਰ ਸਮਾਗਮ, ਪਾਰਟੀ ਜਾਂ ਸਥਾਨ 'ਤੇ ਦੇਰ ਨਾਲ ਪਹੁੰਚਣ ਜਾਂ ਕਈ ਕੰਮ ਸਮੇਂ ਸਿਰ ਨਾ ਕਰ ਸਕਣ ਸਦਕਾ ਆਪਣੇ ਉੱਪਰ 'ਲੇਟ ਲਤੀਫ' ਦਾ ਲੇਬਲ ਤਾਂ ਨਹੀਂ ਲਗਵਾਈ ਬੈਠੇ? ਸਵਾਲ ਹੈ ਤੁਸੀਂ ਲੇਟ ਕਿਉਂ ਹੁੰਦੇ ਹੋ? ਕੀ ਤੁਸੀਂ ਬਹੁਤ ਸਾਰੇ ਲੋਕਾਂ ਦਾ ਕੰਮ ਬੇਵਜ੍ਹਾ ਹੀ ਆਪਣੇ ਜ਼ਿੰਮੇ ਤਾਂ ਨਹੀਂ ਲਈ ਬੈਠੇ? ਇਸ ਤੋਂ ਬਚਣ ਲਈ ਕਿਧਰੇ ਵੀ ਜਾਣ ਲੱਗਿਆਂ ਸੁਸਤੀ, ਆਲਸ ਨੂੰ ਤਿਆਗ ਸਮੇਂ ਤੋਂ ਪਹਿਲਾਂ ਚੱਲੋ ਭਾਵ ਕਿ ਸਮੇਂ ਦੀ ਨਜ਼ਾਕਤ ਸਮਝਦਿਆਂ ਸਮੇਂ ਦੇ ਪਾਬੰਦ ਬਣੋ।

ਆਤਮਵਿਸ਼ਵਾਸ : ਕੀ ਤੁਸੀਂ ਆਪਣੇ-ਆਪ ਵਿਚ ਆਤਮਵਿਸ਼ਵਾਸ ਦੀ ਕਮੀ ਨੂੰ ਕਬੂਲਦਿਆਂ ਚਾਰ ਦੋਸਤਾਂ, ਬੰਦਿਆਂ, ਕਿਸੇ ਸਮਾਗਮ, ਇਕੱਤਰਤਾ ਵਿਚ ਗੱਲ ਕਰਨ, ਬੋਲਣ ਤੋਂ ਘਬਰਾਉਂਦੇ ਹੋ? ਲੋਕਾਂ ਦੀਆਂ ਨਜ਼ਰਾਂ ਵਿਚ ਆਉਣ ਤੋਂ ਬਚਦੇ ਹੋ? ਜੇ ਤੁਹਾਡਾ ਜਵਾਬ 'ਹਾਂ' ਵਿਚ ਹੈ ਤਾਂ ਅਜੋਕੀ ਭੀੜ ਭਰੀ ਦੁਨੀਆ ਵਿਚ ਵਿਚਰਦਿਆਂ ਅਜਿਹਾ ਕਦੋਂ ਤੱਕ ਚੱਲੇਗਾ? 'ਖੂਹ ਦੇ ਡੱਡੂ' ਚੱਕਰਵਿਊ ਤੋਂ ਬਾਹਰ ਨਿਕਲੋ। ਕਿਸੇ ਅਜਿਹੇ ਸਮਾਜ ਸੇਵੀ ਕਲੱਬ ਜਾਂ ਸਮੂਹ ਦੇ ਮੈਂਬਰ ਬਣ ਜਾਓ, ਜਿਸ ਦੇ ਲੋਕ, ਮੈਂਬਰ ਡਾਢੀ ਸਰਲਤ ਨਾਲ ਆਪਸ ਵਿਚ ਮਾਣ-ਸਤਿਕਾਰ ਕਰ ਸਹਿਜ ਮਾਹੌਲ 'ਚ ਖੁਲ੍ਹਦੇ ਅਤੇ ਸਮਾਜ ਸੇਵਾ ਦੇ ਕੰਮ ਕਰ ਲੋਕ-ਜੱਸ ਵੀ ਹਾਸਲ ਕਰਦੇ ਹੋਣ। ਬੱਸ ਕੁਝ ਹੀ ਦਿਨਾਂ ਵਿਚ ਤੁਹਾਡੇ ਵਿਚ ਲੋੜੀਂਦਾ ਆਤਮਵਿਸ਼ਵਾਸ ਪੈਦਾ ਹੋ ਜਾਵੇਗਾ।

ਪਹਿਰਾਵਾ : ਹਮੇਸ਼ਾ ਪੁਰਾਣੇ ਦੋਸਤਾਂ-ਮਿੱਤਰਾਂ ਨਾਲ ਹੀ ਬੈਠਣ, ਉੱਠਣ ਨਾਲ ਅਕਸਰ ਹੀ ਸਾਡੀ ਸੋਚ ਦਾ ਦਾਇਰਾ ਤੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਕਰਕੇ ਲੋਕ ਸਾਡੇ ਤੋਂ ਕੰਨੀ ਕਤਰਾਉਣ ਲਗਦੇ ਹਨ। ਇਸ ਤੋਂ ਬਚਣ ਲਈ ਨਵੇਂ-ਨਵੇਂ ਸਹੇਲੀਆਂ-ਦੋਸਤ ਬਣਾਓ ਤਾਂ ਜੋ ਤੁਹਾਡੀ ਸ਼ਖ਼ਸੀਅਤ ਅਜੋਕੇ ਵਿਚਾਰਾਂ, ਸੋਚਾਂ, ਤਬਦੀਲੀ ਨਾਲ ਲੈਸ ਹੋ ਸਕੇ। ਸਮੇਂ ਸਿਰ ਆਪਣੇ ਸੁੰਦਰਤਾ ਪ੍ਰਤੀ ਸੁਚੇਤ ਸਹੇਲੀ/ਦੋਸਤ ਦੀ ਸਲਾਹ ਲੈ ਕੇ ਤੁਸੀਂ ਆਪਣੇ-ਆਪ ਨੂੰ ਬਦਲ ਸਕਦੇ ਹੋ। ਭਾਵਨਾਤਮਿਕ ਜਾਂ ਮਾਨਸਿਕ ਪੱਧਰ 'ਤੇ ਸਭ ਕੁਝ ਸਹਿੰਦੇ ਰਹਿਣਾ ਠੀਕ ਨਹੀਂ। ਜਾਇਜ਼ ਵਿਰੋਧ ਕਰਨ ਵਿਚ ਕੋਈ ਹਰਜ਼ ਨਹੀਂ। ਜੇਕਰ ਸਮਾਜਿਕ ਜਾਂ ਨਿੱਜੀ ਪੱਧਰ 'ਤੇ ਕੋਈ ਗੱਲ ਤੁਹਾਨੂੰ ਗ਼ਲਤ, ਅਟਪਟੀ ਲੱਗੇ ਤਾਂ ਕਿਸੇ ਸਿਆਣੇ, ਬੁੱਧੀਮਾਨ ਸ਼ਖ਼ਸ ਨਾਲ ਗੱਲਬਾਤ ਕਰ ਤੁਸੀਂ ਆਪਣੀ ਸਹੀ ਸੋਚ ਦਾ ਇਜ਼ਹਾਰ ਵੀ ਕਰ ਸਕਦੇ ਹੋ।

ਦੋਸਤੀ : ਕੱਟੜ ਅਲੋਚਕਾਂ ਤੋਂ ਕਿਨਾਰਾ ਕਰਨਾ ਹੀ ਬਿਹਤਰ ਹੁੰਦਾ ਹੈ। ਅਜਿਹੇ ਲੋਕਾਂ ਦੇ ਤੀਖਣ, ਇਕਪਾਸੜ ਨਿੱਜੀ ਪ੍ਰਹਾਰਾਂ ਭਰੇ ਵਾਕ 'ਮੈਥੋਂ ਤਾਂ ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ...', 'ਸੱਚ ਕਹੇ ਬਿਨਾਂ ਰਿਹਾ ਨਹੀਂ ਜਾਂਦਾ...', 'ਮੈਂ ਤਾਂ ਸੱਚ ਮੂੰਹ 'ਤੇ ਹੀ ਮਾਰਨਾ, ਭਾਵੇਂ ਅਗਲੇ ਨੂੰ ਬੁਰਾ ਹੀ ਕਿਉਂ ਨਾ ਲੱਗੇ' ਆਦਿ ਤੁਹਾਡੇ ਬਣੇ-ਬਣਾਏ ਮੂਡ ਦਾ ਸਵਾ ਸਤਿਆਨਾਸ ਕਰ ਜਾਂਦੇ ਹਨ। ਅਜਿਹੇ ਕਿਸੇ ਵੀ ਸਹੇਲੀ, ਦੋਸਤ, ਬੁਆਏ ਜਾਂ ਗਰਲ ਫਰੈਂਡ ਤੋਂ ਹਮੇਸ਼ਾ ਹੀ ਦੂਰੀ ਬਣਾ ਕੇ ਰੱਖੋ।

ਹਰ ਸਮੇਂ ਕੰਮ, ਭੀੜ-ਭਾੜ, ਭੱਜ-ਤਰੁੱਕ 'ਚ ਰਹਿਣ ਕਾਰਨ ਅਕਸਰ ਤੁਹਾਡੀ ਮਾਨਸਿਕ ਸਮਰੱਥਾ, ਊਰਜਾ ਖਤਮ ਹੋਣ ਲਗਦੀ ਹੈ। ਇਸ ਤੋਂ ਬਚਣ ਲਈ ਮਹੀਨੇ ਵਿਚ ਇਕ, ਦੋ ਦਿਨ ਦਾ ਸਮਾਂ ਕੱਢ ਕੇ ਕਿਸੇ ਮਨਪਸੰਦ ਸਥਾਨ 'ਤੇ ਘੁੰਮੋ, ਇਕੱਲੇਪਣ ਦਾ ਮਜ਼ਾ ਲੈਣ ਲਈ ਪਸੰਦੀਦਾ ਸਾਹਿਤ, ਕਿਤਾਬ, ਅਖਬਾਰ, ਮੈਗਜ਼ੀਨ ਪੜ੍ਹੋ, ਜਿਸ ਨਾਲ ਤੁਹਾਡਾ ਮਨ-ਮਸਤਿਕ ਨਿਰੋਗ, ਤਣਾਅ-ਮੁਕਤ ਰਹੇਗਾ। ਸੋ, ਦੇਰ ਕਿਸ ਗੱਲ ਦੀ, ਅੱਜ ਹੀ ਉਪਰੋਕਤ ਨੁਕਤਿਆਂ 'ਤੇ ਅਮਲ ਕਰੋ ਅਤੇ ਆਪਣੀ ਸ਼ਖ਼ਸੀਅਤ ਨੂੰ ਸਜਾ-ਸੰਵਾਰ ਕੇ ਜੀਵਨ ਵਿਚ ਭਰੋ ਨਵੀਆਂ ਖੁਸ਼ੀਆਂ, ਚਾਅ, ਨਵੇਂ ਰੰਗ ਅਤੇ ਨਿਖਾਰ।
-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 01.11.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms